ਪੀੜਤ ਕਰਦਾ ਹੈ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕੁਝ ਲੋਕਾਂ ਦੇ ਪੱਲਿਆਂ ਵਿਚ ਪੀੜਾਂ ਹੁੰਦੀਆਂ। ਉਹ ਪੀੜਾਂ ਦਾ ਵਣਜ ਕਰਦੇ, ਪੀੜਾਂ ਵੰਡਦੇ, ਪੀੜਾਂ ਹੰਢਾਉਂਦੇ, ਪੀੜਾਂ `ਚ ਜਿਉਂਦੇ ਅਤੇ ਪੀੜਾਂ ਨਾਲ ਹੀ ਟੁੱਟੇ ਹੋਏ ਸਾਹਾਂ ਦੀ ਤੰਦ ਸਿਉਂਦੇ।

ਪੀੜਾਂ ਵਿਚੋਂ ਹੋਰ ਬਹੁਤ ਸਾਰੀਆਂ ਪੀੜਾਂ ਜਨਮ ਲੈਂਦੀਆਂ। ਇਹ ਪੀੜਾਂ ਦੀ ਨਗਰੀ ਵਸਾਉਂਦੀਆਂ। ਪੀੜਾਂ ਦਾ ਹੋਕਰਾ ਦਿੰਦੀਆਂ, ਪੀੜਾਂ ਦੇ ਗੀਤ ਗਾਉਂਦੀਆਂ ਅਤੇ ਜੀਵਨ ਦੀ ਝੋਲੀ ਵਿਚ ਪੀੜਾਂ ਦਾ ਪਰਾਗਾ ਪਾਉਂਦੀਆਂ। ਪੀੜਾਂ ਦੀ ਵਹਿੰਗੀ ਢੋਣਾ ਸਭ ਤੋਂ ਔਖਾ ਅਤੇ ਸਭ ਤੋਂ ਆਸਾਨ ਵੀ। ਇਹ ਇਸ `ਤੇ ਨਿਰਭਰ ਕਰਦਾ ਕਿ ਇਹ ਪੀੜਾਂ ਕਿਸ ਨੇ ਦਿੱਤੀਆਂ, ਕਿਉਂ ਦਿੱਤੀਆਂ ਅਤੇ ਇਨ੍ਹਾਂ ਪੀੜਾਂ ਨੂੰ ਮਨਸਣ ਵਾਲੇ ਦੀ ਕੀ ਏ ਮਨਸ਼ਾ?
ਪੀੜਾਂ ਆਪਣੇ ਵੀ ਦਿੰਦੇ ਅਤੇ ਪਰਾਏ ਵੀ। ਕੋਲ ਕੋਲ ਰਹਿੰਦੇ ਵੀ ਅਤੇ ਦੂਰ ਰਹਿੰਦਿਆਂ ਵੀ। ਸਾਹਮਣੇ ਨਜ਼ਰ ਆਉਂਦੇ ਵੀ ਅਤੇ ਅਦਿੱਖ ਵੀ। ਸਪੱਸ਼ਟ ਰੂਪ ਵਿਚ ਵੀ ਅਤੇ ਸੂਖ਼ਮ ਰੂਪ ਵਿਚ ਵੀ। ਸਮਝਦਾਰੀ ਨਾਲ ਵੀ ਤੇ ਸ਼ਰਾਰਤ ਨਾਲ ਵੀ। ਬੇਧਿਆਨੀ ਨਾਲ ਵੀ ਅਤੇ ਜਾਣਬੁੱਝ ਕੇ ਵੀ। ਇਹ ਤਾਂ ਪੀੜਾਂ ਦੀ ਤਾਸੀਰ ਨੇ ਸਾਬਤ ਕਰਨਾ ਹੁੰਦਾ ਕਿ ਇਨ੍ਹਾਂ ਪੀੜਾਂ ਵਿਚ ਪਿੰਝ ਕੇ ਮਨੁੱਖ ਨੇ ਪਿੰਜਰ ਬਣਨਾ ਜਾਂ ਇਨ੍ਹਾਂ ਪੀੜਾਂ ਨੂੰ ਪੜੁੱਲ ਬਣਾ ਕੇ ਨਵੀਆਂ ਸਿਦਕ-ਰਾਹਾਂ ਅਤੇ ਸਾਧਨਾ-ਸੰਗਰਾਮ ਨੂੰ ਪੇਸ਼ਕਦਮੀਆਂ ਦਾ ਨਾਮ ਦੇਣਾ।
ਕਈ ਵਾਰ ਪੀੜਾਂ ਪ੍ਰਾਹੁਣੀਆਂ ਬਣ ਕੇ ਆਉਂਦੀਆਂ ਅਤੇ ਪੱਕੇ ਡੇਰੇ ਲਾ ਲੈਂਦੀਆਂ। ਆਪਣੀ ਹੋਂਦ ਨਾਲ ਵਕਤ ਦੇ ਵਿਹੜੇ ਚੀਸ ਪੈਦਾ ਕਰਦੀਆਂ, ਜਿਸ ਵਿਚ ਧੁਖ-ਧੁਖ ਕੇ ਮਰਦੇ ਨੇ ਚਾਅ, ਘੁੱਟਦਾ ਏ ਹਰ ਸਾਹ, ਉਠਦੀ ਹੈ ਹਿੱਕ `ਚੋਂ ਆਹ ਅਤੇ ਜੀਵਨ ਦੀ ਹਰ ਖੁਸ਼ੀ ਬਣ ਜਾਂਦੀ ਇਕ ਸਜ਼ਾ। ਇਸ ਸਜ਼ਾ ਨੂੰ ਕੱਟਦਿਆਂ, ਜੀਵਨ-ਤਰਾਸਦੀਆਂ ਵਿਚੋਂ ਨਵੀਂ ਆਸ/ਉਮੀਦ ਜਗਾਉਣ ਲਈ ਬਹੁਤ ਕੁਝ ਜ਼ੀਰਨਾ ਅਤੇ ਜ਼ਰਨਾ ਪੈਂਦਾ।
ਪੀੜਾਂ ਹਰ ਇਕ ਦੇ ਹਿੱਸੇ ਆਉਂਦੀਆਂ। ਕੁਝ ਦੇ ਥੋੜ੍ਹੀਆਂ ਤੇ ਕੁਝ ਦੇ ਜਿ਼ਆਦਾ। ਕੁਝ ਇਨ੍ਹਾਂ ਪੀੜਾਂ ਨੂੰ ਜੀਵਨ ਦਾ ਪੈਗ਼ਾਮ ਬਣਾਉਂਦੇ ਅਤੇ ਕੁਝ ਇਨ੍ਹਾਂ ਪੀੜਾਂ ਨੂੰ ਨਵੀਂ ਰਾਹਤ ਦਾ ਮਾਰਗ ਦਰਸਾਉਂਦੇ।
ਪੀੜਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ। ਹਾਂ, ਇਹ ਕਈ ਵਾਰ ਪੈਗ਼ੰਬਰੀ ਜ਼ਰੂਰ ਹੁੰਦੀਆਂ ਅਤੇ ਫਿਰ ਇਕ ਨਵਾਂ ਨਿਵੇਕਲਾ ਪੈਗ਼ਾਮ ਬਣ ਕੇ ਮਾਨਵਤਾ ਦੇ ਪੀੜਤ ਹਿਰਦੇ `ਤੇ ਮਰ੍ਹਮ ਲਗਾਉਣ ਅਤੇ ਪੀੜਾਂ ਨੂੰ ਘਟਾਉਣ ਲਈ ਹਰ ਹਰਬਾ ਵਰਤਦੀਆਂ। ਮਹਾਂ ਬਲਿਦਾਨੀ, ਗੁਰੂ, ਪੀਰ-ਪੈਗੰਬਰ ਅਤੇ ਰਿਸ਼ੀ ਦੁਨਿਆਵੀ ਪੀੜਾਂ ਨੂੰ ਦੇਖ ਕੇ ਉਪਰਾਮ ਹੋਏ। ਇਸ ਉਪਰਾਮਤਾ ਵਿਚੋਂ ਹੀ ਨਵੀਂ ਸੋਚ ਦਾ ਸੂਰਜ ਉਗਾਉਣ ਲਈ ਉਹ ਲੋਕ ਉਦਾਸੀਆਂ `ਤੇ ਨਿਕਲੇ। ਉਨ੍ਹਾਂ ਵਿਚ ਸਮੇਂ ਦੇ ਹਾਕਮਾਂ ਅਤੇ ਇਥੋਂ ਤੀਕ ਕਿ ਰੱਬ ਨੂੰ ਵੀ ਉਲਾਹਮਾ ਦੇਣ ਦਾ ਜੇਰਾ ਸੀ।
ਪੀੜਾਂ ਵਿਚੋਂ ਹੀ ਮਹਾਨ ਕਿਰਤਾਂ ਜਨਮ ਲੈਂਦੀਆਂ। ਸ਼ਖਸੀ ਵਿਕਾਸ ਨੂੰ ਨਵੇਂ ਦਿਸਹੱਦਿਆਂ ਦੀ ਸੋਝੀ ਹੁੰਦੀ। ਇਨ੍ਹਾਂ ਪੀੜਾਂ ਦੇ ਰਾਹਾਂ `ਤੇ ਚੱਲਦਿਆਂ ਹੀ ਪਤਾ ਲੱਗਦਾ ਕਿ ਠੇਡਿਆਂ ਦੀ ਸੱਟ ਕੀ ਹੁੰਦੀ ਏ? ਖਾਈਆਂ ਅਤੇ ਖੱਡਿਆਂ ਨੂੰ ਟੱਪਣ ਲੱਗਿਆਂ ਕਿਹੜੀ ਮਾਨਸਿਕਤਾ ਦਾ ਚੀਰ-ਹਰਨ ਹੁੰਦਾ ਏ? ਤਿੱਖੜ ਦੁਪਹਿਰਾਂ ਵਿਚ ਪਿੰਡਾ ਲੂਹਣਾ ਅਤੇ ਯੱਖ਼ ਰਾਤਾਂ ਵਿਚ ਪਾਣੀ ਲਾਉਂਦਿਆਂ, ਸੀਤ ਨੂੰ ਨੰਗੇ ਪਿੰਡੇ `ਤੇ ਜਰਨ ਦੇ ਕੀ ਅਰਥ ਹੁੰਦੇ? ਭੁੱਖੇ ਪੇਟ ਸੌਣ ਦਾ ਅਸਫ਼ਲ ਆਹਰ ਕਰਨਾ ਅਤੇ ਤਾਰਿਆਂ ਦੀਆਂ ਖਿੱਤੀਆਂ ਵਿਚੋਂ ਵੀ ਰੋਟੀ ਦਾ ਟੁੱਕ ਕਿਆਸਣ ਦੇ ਕੀ ਮਾਅਨੇ ਨੇ? ਅਲਾਣੀ ਮੰਜੀ `ਤੇ ਪਈਆਂ ਪਿੰਡੇ `ਤੇ ਪਈਆਂ ਵਾਣ ਦੀਆਂ ਲਾਸਾਂ ਦੀ ਚਸਕ ਕੀ ਹੁੰਦੀ? ਪਾਣੀ ਦੇ ਘੁੱਟ ਲਈ ਤਰਸਦਿਆਂ ਹਾੜੇ ਕੱਢਣੇ ਅਤੇ ਆਪਣਿਆਂ ਦੀ ਬੇਗਾਨਗੀ ਨੂੰ ਝੱਲਣਾ ਅਤੇ ਪਲ-ਪਲ ਜੀਵਨ ਤੋਂ ਦੂਰ ਜਾਣ ਦੀ ਤਰਾਸਦੀ ਕੀ ਹੁੰਦੀ ਏ?
ਬਹੁਤ ਪੀੜਤ ਕਰਦਾ ਹੈ ਕਿਸਾਨ ਨੂੰ ਜਦ ਖੇਤਾਂ ਵਿਚ ਮੌਲਦੀਆਂ ਫ਼ਸਲਾਂ ਕੋਰੇ ਦਾ ਸਿ਼ਕਾਰ ਹੁੰਦੀਆਂ। ਗੜਿਆਂ ਦੀ ਮਾਰ ਪੁੱਤਾਂ ਵਾਗ ਪਾਲੀਆਂ ਫ਼ਸਲਾਂ ਨੂੰ ਜ਼ਮੀਨ `ਤੇ ਵਿਛਾ ਦਿੰਦੀ। ਪਲਦੀਆਂ ਫ਼ਸਲਾਂ ਵਿਚ ਖੁਦਕੁਸ਼ੀ ਦਾ ਆਲਮ ਤਾਰੀ ਹੁੰਦਾ। ਆੜ ਦੇ ਵੱਗਦੇ ਪਾਣੀ ਵਿਚੋਂ ਜ਼ਹਿਰ ਦਾ ਵਣਜ ਦਿਖਾਈ ਦਿੰਦਾ। ਹਰੀਆਂ ਕਚੂਰ ਫਸਲਾਂ `ਤੇ ਛਾਈ ਪਲੱਤਣ ਵਿਚੋਂ ਕਿਸਾਨ ਕਿਹੜੀ ਖ਼ੁਸ਼ਹਾਲੀ ਦੀ ਆਸ ਰੱਖ ਸਕਦਾ? ਕਿਵੇਂ ਉਹ ਆਪਣੇ ਮਨ ਵਿਚ ਪਾਲੇ ਸੁਪਨਿਆਂ, ਰੀਝਾਂ ਅਤੇ ਇਛਾਵਾਂ ਦੀ ਪੂਰਤੀ ਕਰ ਸਕਦਾ?
ਬਹੁਤ ਪੀੜਤ ਕਰਦਾ ਹੈ ਇਕ ਬੱਚੇ ਨੂੰ ਜਦ ਉਸਦੇ ਬਸਤੇ ਵਿਚ ਅੱਖਰ ਗਵਾਚ ਜਾਂਦੇ। ਉਸ ਦੇ ਕਾਇਦਿਆਂ ਵਿਚ ਚੁੱਪ ਦਾ ਵਾਸ ਹੁੰਦਾ ਅਤੇ ਉਸਦੇ ਪੂਰਨਿਆਂ ਵਿਚ ਅੰਦਰ ਦੀ ਕਸਕ ਜਨਮ ਲੈਂਦੀ ਹੈ। ਬਸਤੇ ਦੀ ਪੀੜ ਵਿਚ ਪੀੜ-ਪੀੜ ਹੋ ਜਾਂਦੇ ਨੇ ਕੋਮਲ ਮਨ ਵਿਚ ਪਲ ਰਹੇ ਅਲੂਏਂ ਚਾਅ। ਸ਼ਬਦਾਂ ਦੀ ਗੁਫ਼ਤਗੂ ਕਰਨ ਦੀ ਚਾਹਨਾ ਅਤੇ ਹਰਫ਼ਾਂ ਵਿਚ ਖੁਦ ਨੂੰ ਉਤਾਰਨ ਦਾ ਚਾਅ। ਕੁੱਲੀ ਦੀ ਕੁੱਖ ਵਿਚ ਉਗਮਦਾ ਚੰਨ ਧਾਅ ਮਾਰ ਕੇ ਚੁੱਪ ਦੀ ਆਗੋਸ਼ ਵਿਚ ਸੁਆ ਦਿਤਾ ਜਾਂਦਾ।
ਬਹੁਤ ਪੀੜਤ ਕਰਦਾ ਹੈ ਬਾਪ ਨੂੰ ਜਦ ਉਹ ਆਪਣੀ ਜਵਾਨ ਧੀ ਨੂੰ ਬਿਗਾਨੇ ਦੇਸ਼ ਵਿਚ ਆਪਣਾ ਭਵਿੱਖ ਸੰਵਾਰਨ ਅਤੇ ਨਵੀਂ ਉਡਾਣ ਭਰਨ ਲਈ ਮਹਿਫੂਜ਼ ਘਰ ਦੀ ਚਾਰਦੀਵਾਰੀ ਤੋਂ ਬਾਹਰ ਤੋਰਦਾ ਹੈ। ਉਸਦੇ ਮਨ ਵਿਚ ਦਰਿੰਦਿਆਂ ਦੀ ਦੁਨੀਆਂ ਵਿਚ ਵਿਚਰਦੀ ਧੀ ਦਾ ਚੇਤਾ ਆਉਣਾ ਹੀ ਉਸਨੂੰ ਉਦਾਸ ਕਰ ਦਿੰਦਾ। ਉਹ ਜਾਣਦਾ ਹੈ ਕਿ ਲੀਰਾਂ ਲੀਰਾਂ ਹੋਈ ਪੱਤ ਕਦੇ ਵੀ ਸਿਉਂਤੀ ਨਹੀਂ ਜਾਂਦੀ ਅਤੇ ਚੇਤਨਾ ਵਿਚ ਉਗੇ ਦਰਦ ਨੂੰ ਕਦੇ ਵੀ ਰਾਹਤ ਨਹੀਂ ਮਿਲਦੀ। ਇਹ ਨਾਸੂਰ ਬਣ ਕੇ ਅੰਤਰੀਵ ਵਿਚ ਸਦਾ ਲਈ ਬੈਠ ਜਾਂਦਾ ਹੈ।
ਬਹੁਤ ਦਰਦਮਈ ਹੁੰਦਾ ਏ ਜਦ ਕਿਸੇ ਕਲਮ ਨੂੰ ਰੋਣ ਦਾ ਵਰਦਾਨ ਮਿਲਦਾ ਹੈ। ਉਸਦੀ ਨੋਕ `ਤੇ ਪੀੜਾਂ ਦਾ ਪੁੰਗਾਰਾ ਉਗਦਾ। ਉਹ ਪੀੜ ਦੀ ਬਾਰਸ਼ ਵਿਚ ਭਿੱਜ ਕੇ ਖੁਦ ਨੂੰ ਅਤੇ ਇਸ ਵਿਚ ਉਗਣ ਵਾਲੀ ਕਿਰਤ ਨੂੰ ਸਦਾ ਲਈ ਸਲ਼ਾਬ ਦਿੰਦੀ। ਇਹ ਸਲ਼ਾਬ ਹੀ ਹੁੰਦੀ ਜੋ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਿਰਤਾਂ ਨੂੰ ਜ਼ਰਜ਼ਰੀ ਕਰ, ਵਕਤ ਦੀ ਵੱਖੀ ਵਿਚ ਦਰਦ ਧਰ ਜਾਂਦੀ। ਇਸਦੀ ਵਿਲਕਣੀ ਵਿਚ ਬੰਦੇ ਕੋਲ ਵਿਲਕਣ ਅਤੇ ਆਪਣੇ ਅੰਦਰ ਨੂੰ ਇਸ ਪੀੜਾ ਵਿਚ ਧੋਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਰਹਿੰਦਾ।
ਬਹੁਤ ਦੁੱਖਦਾਈ ਹੁੰਦਾ ਹੈ ਜਦ ਹਾਸਿਆਂ ਦੀ ਬਸਤੀ ਵਿਚ ਹੰਝੂਆਂ ਦੀ ਕਾਂਗ ਚੜ੍ਹਦੀ ਹੈ। ਸੁੱਖਾਂ ਦੇ ਚੁਬਾਰੇ ਵਿਚ ਦੁੱਖਾਂ ਦੀਆਂ ਮੋਰੀਆਂ ਹੁੰਦੀਆਂ। ਤਾਰਿਆਂ ਦੀ ਛੱਤ ਵਿਚ ਕਾਲਖਾਂ ਦੇ ਮਘੋਰੇ ਹੁੰਦੇ। ਰੁਮਕਦੀ ਪੌਣ ਨੂੰ ਹੁਸੜ ਨਸੀਬ ਹੁੰਦਾ ਅਤੇ ਬਹਾਰਾਂ ਦੇ ਮੱਥੇ `ਤੇ ਪੱਤਝੜਾਂ ਦੀ ਕਲਾਕਾਰੀ ਹੁੰਦੀ। ਕਰੁਣਾ ਦੀ ਕਸ਼ੀਦਕਾਰੀ ਕਾਰਨ ਬੰਦੇ ਵਿਚ ਵੱਸਦੀ ਕਲਾ ਨੂੰ ਕੰਗਾਲੀ ਦਾ ਸਾਹਮਣਾ ਕਰਨਾ ਪੈਂਦਾ।
ਬਹੁਤ ਔਖਾ ਹੁੰਦਾ ਏ ਜਦ ਆਵੇਸ਼ ਨੂੰ ਅਣਦੇਖਿਆ ਕੀਤਾ ਜਾਵੇ। ਕਿਸੇ ਦੀ ਮਚਲਦੀ ਤੋਰ ਵਿਚ ਰੋੜਿਆਂ ਦੀ ਵਿਛਾਈ ਕੀਤੀ ਜਾਵੇ। ਕਿਸੇ ਸੁਪਨਈ ਦੇਸ਼ ਦੀ ਯਾਤਰਾ `ਤੇ ਤੁਰਿਆਂ ਨੂੰ ਧਰਤੀ `ਤੇ ਪਟਕਾ ਦਿੱਤਾ ਜਾਵੇ ਜਾਂ ਕਿਸੇ ਦੇ ਹਿੱਸੇ ਦੇ ਅੰਬਰ ਨੂੰ ਬੱਦਲਾਂ ਵਿਚ ਛੁਪਾ ਦਿੱਤਾ ਜਾਵੇ।
ਬਹੁਤ ਹੀ ਕਰੁਣਾਮਈ ਹੁੰਦਾ ਏ ਉਸਲਵਾਟੇ ਲੈਂਦੀ ਰਾਤ ਵਿਚ ਦੋ ਰੂਹਾਂ ਦੇ ਮਿਲਾਪ ਵਿਚ ਖਲਲ ਪਾਇਆ ਜਾਵੇ। ਚਾਨਣੀ ਵਿਚ ਭਿੱਜੇ ਜਿਸਮਾਂ ਨੂੰ ਓਹਲੇ ਦੀ ਆਗੋਸ਼ ਵਿਚ ਜਾਣ ਲਈ ਮਜਬੂਰ ਕਰ ਦਿੱਤਾ ਜਾਵੇ। ਇਕ ਦੂਜੇ ਵਿਚ ਰੂਹ-ਰੇਜ਼ਤਾ ਮਾਣਦੀਆਂ ਰੂਹਾਂ ਵਿਚ ਨਫ਼ਰਤ ਦੀ ਕੰਧ ਉਸਾਰੀ ਜਾਵੇ ਜਾਂ ਪਿਆਰੇ ਦੇ ਦੀਦਿਆਂ ਵਿਚ ਉਤਰੀ ਰੂਹ-ਰੰਗੀ ਨੂੰ ਰਾਖ਼ਰੰਗਤਾ ਦਾ ਨਾਮਕਰਨ ਦਿੱਤਾ ਜਾਵੇ।
ਬਹੁਤ ਦੁਖੀ ਕਰਦਾ ਹੈ ਜਦ ਅੱਧ-ਅਸਮਾਨੇ ਉਡਦੇ ਕਿਸੇ ਪਰਿੰਦੇ ਦੇ ਖੰਭਾਂ ਨੂੰ ਮਰੋੜਿਆ ਜਾਵੇ। ਉਸਦੇ ਅੰਦਾਜ਼ ਤੇ ਪ੍ਰਵਾਜ਼ ਨੂੰ ਅਜ਼ਾਬ ਬਣਾ ਦਿੱਤਾ ਜਾਵੇ। ਉਸਦੇ ਨੈਣਾਂ ਵਿਚ ਉਤਰੀ ਵਿਸ਼ਾਲਤਾ ਅਤੇ ਨੀਲੱਤਣ ਨੂੰ ਗਹਿਰੇ ਧੁੰਧਲਕੇ ਵਿਚ ਡੁੱਬ ਜਾਣ ਲਈ ਮਜਬੂਰ ਕੀਤਾ ਜਾਵੇ ਜਾਂ ਉਸ ਦੀਆਂ ਸਿਸਕੀਆਂ ਨੂੰ ਸਮਝਣ ਤੋਂ ਆਨਾਕਾਨੀ ਕਰਦਿਆਂ, ਹਉਕਿਆਂ ਦਾ ਹਾਸਲ ਹੀ ਬਣਾ ਦਿੱਤਾ ਜਾਵੇ।
ਬਹੁਤ ਪੀੜਤ ਕਰਦਾ ਹੈ ਮਾਂ ਮਾਛੌਰ ਨੂੰ ਜਦ ਰੋਟੀ ਮੰਗਣ `ਤੇ ਝਿੜਕਾਂ ਮਿਲਦੀਆਂ। ਅੱਖਰ-ਜੂਹੇ ਪੈਣ ਦੀ ਰਿਆੜ ਕਰਦਿਆਂ ਦੁਰਕਾਰ ਦਿਤਾ ਜਾਵੇ ਜਾਂ ਮਮਤਾਈ ਲੋਰ ਦੀ ਆਸ ਵਿਚ ਉਸਦੀ ਝੋਲੀ ਵਿਚ ਤੁਹਮਤਾਂ ਅਤੇ ਤਾਅਨਿਆਂ ਦੀ ਤੌਣੀ ਲਾਈ ਜਾਵੇ। ਉਸਦੀ ਬੱਝੀ ਹੋਈ ਘਿੱਗੀ ਵਿਚ ਬੋਲ ਕੁਝ ਵੀ ਕਹਿਣ ਤੋਂ ਆਕੀ ਹੋ ਜਾਣ। ਉਹ ਮਾਤਮੀ ਚੁੱਪ ਦਾ ਲਿਬਾਸ ਪਾ ਕੇ ਰੋਬੋਟ ਦੀ ਤਰ੍ਹਾਂ ਕਿਸੇ ਦੇ ਇਸ਼ਾਰਿਆਂ `ਤੇ ਜੀਵਨ ਦੀ ਮੁਥਾਜ਼ੀ ਨੂੰ ਹੰਢਾਉਣ ਲਈ ਮਜਬੂਰ ਹੋਵੇ।
ਬਹੁਤ ਪੀੜਤ ਕਰਦਾ ਹੈ ਪੈਦਲ ਜਾ ਰਹੇ ਉਸ ਸ਼ਖ਼ਸ ਨੂੰ ਜਦ ਕੋਈ ਕਾਰ ਵਾਲਾ ਜਾਣ ਬੁੱਝ ਕੇ ਉਸ `ਤੇ ਚਿੱਕੜ ਸੁੱਟ ਜਾਂਦਾ ਜਾਂ ਉਸਨੂੰ ਧੁੱਧਲ ਦੇ ਗੁਬਾਰ ਵਿਚ ਲਪੇਟ ਕੇ ਅਗਾਂਹ ਤੁਰ ਜਾਂਦਾ। ਕੀੜੇ ਮਕੌੜਿਆਂ ਵਾਂਗ ਮਨੁੱਖਾਂ ਨੂੰ ਸਮਝਣ ਵਾਲੇ ਇਨ੍ਹਾਂ ਭੋਲੇ-ਭਾਲੇ ਪਰ ਮਿਹਨਤਕਸ਼ ਲੋਕਾਂ ਦੀ ਅਮੀਰ ਮਾਨਸਿਕ ਅਸਵਥਾ ਅਤੇ ਸੋਚ ਕਦੇ ਵੀ ਕਾਰਾਂ ਵਿਚ ਜਾ ਰਹੇ ਬੌਣੀ ਮਾਨਸਿਕਤਾ ਵਾਲੇ ਲੋਕਾਂ ਦੇ ਕਿਵੇਂ ਹਾਣ ਦੀ ਹੋਵੇਗੀ? ਬਹੁਤ ਹੀ ਪੀੜਤ ਹੁੰਦਾ ਏ ਸਭ ਕੁਝ ਹੁੰਦਿਆਂ ਵੀ ਕੰਗਾਲੀ ਦੀ ਜੂਨ ਹੰਢਾਉਣ ਦੀ ਮਜਬੂਰੀ ਹੋਵੇ, ਬੰਗਲਿਆਂ ਵਿਚ ਰਹਿੰਦਿਆਂ ਵੀ ਅੰਬਰ ਨੂੰ ਨਿਹਾਰਨ ਦੀ ਚਾਹਨਾ ਦਾ ਪੂਰੀ ਨਾ ਹੋਣਾ ਅਤੇ ਰੁਮਕਦੀ ਪੌਣ ਦਾ ਸੰਗੀਤ ਸੁਣਨ ਲਈ ਤਰਸ ਜਾਣਾ।
ਬਹੁਤ ਪੀੜਤ ਕਰਦਾ ਹੈ ਅਮੀਰ ਆਦਮੀ ਨੂੰ ਕਿ ਉਸ ਕੋਲ ਨਵੇਂ ਮਾਡਲ ਦੀ ਕਾਰ ਕਿਉਂ ਨਹੀਂ? ਆਲੀਸ਼ਾਨ ਮਹਿਲ ਹੁੰਦਿਆਂ ਵੀ ਨੀਂਦ ਕਿਉਂ ਨਹੀਂ ਆਉਂਦੀ? ਮਹਿੰਗੀ ਤੋਂ ਮਹਿੰਗੀ ਸ਼ਰਾਬ ਪੀਂਦਿਆਂ ਵੀ ਸਰੂਰ ਕਿਊਂ ਨਹੀਂ ਚੜ੍ਹਦਾ? ਬਰਾਂਡਡ ਕੱਪੜੇ ਪਹਿਨਿਆਂ ਵੀ ਕੋਈ ਉਸ ਵੱਲ ਉਚੇਚ ਨਾਲ ਕਿਉਂ ਨਹੀਂ ਦੇਖਦਾ? ਹਵਾਈ ਜਹਾਜ਼ ਵਿਚ ਸਫ਼ਰ ਕਰਨ ਦੇ ਬਾਵਜੂਦ ਸਾਈਕਲ ਦੀ ਸਵਾਰੀ ਕਰਨ ਵਾਲੇ ਉਸਦੀ ਅਹਿਮੀਅਤ ਕਿਉਂ ਨਹੀਂ ਸਮਝਦੇ? ਵੱਡੇ ਰੁੱਤਬੇ `ਤੇ ਹੁੰਦਿਆਂ ਵੀ ਉਸਦੇ ਹੇਠਾਂ ਕੰਮ ਕਰਨ ਵਾਲੇ ਕਰਮਚਾਰੀ ਜਿ਼ਆਦਾ ਖੁਸ਼ ਤੇ ਸੰਤੁਸ਼ਟ ਕਿਉਂ ਹਨ? ਉਹ ਆਪਣੇ ਸਾਥੀਆਂ ਨਾਲ ਖਿੜਖਿੜਾ ਕੇ ਕਿਉਂ ਹੱਸਦੇ ਨੇ? ਉਹ ਤਾਂ ਇਕ ਕੱਪ ਚਾਹ ਦੇ ਚਾਰ ਹਿੱਸੇ ਕਰ ਕੇ ਪੀਂਦਿਆਂ ਲੱਜਤਾ ਵਿਚ ਬਾਦਸ਼ਾਹ ਬਣ ਬਹਿੰਦੇ। ਰੁੱਖੀ-ਮਿੱਸੀ ਖਾ ਕੇ ਵੀ ਡਕਾਰ ਮਾਰਦੇ। ਆਪਣੇ ਜੀਵਨ ਨੂੰ ਪੂਰਨ ਸਮਰਪਿਤਾ, ਸਾਦਗੀ ਅਤੇ ਸੰਪੂਰਨਤਾ ਨਾਲ ਜਿਉਂਦੇ ਨੇ।
ਬਹੁਤ ਦੁਖੀ ਕਰਦਾ ਹੈ ਸ਼ਖਸ ਨੂੰ ਕਾਰ ਵਿਚ ਆਪਣੀ ਜੀਵਨ ਸਾਥਣ ਨਾਲ ਗੁੰਮਸੁੰਮ ਜਾਂਦਿਆਂ ਜਦ ਉਹ ਕਿਸੇ ਜੋੜੇ ਨੂੰ ਸਾਈਕਲ ਦੀ ਸਵਾਰੀ ਕਰਦਿਆਂ ਚੋਹਲ-ਮੋਹਲ ਕਰਦਿਆਂ ਦੇਖਦਾ। ਸੁੱਖ-ਸੁਵਿਧਾਵਾਂ ਵਿਚੋਂ ਸਕੂਨ, ਸਹਿਜ ਅਤੇ ਸੁਖਨ ਤਲਾਸ਼ਣ ਵਾਲਿਆਂ ਦੀ ਪੀੜਾ ਹੋਰ ਦੂਣ ਸਵਾਈ ਹੋ ਜਾਂਦੀ ਜਦ ਉਹ ਸੀਮਤ ਸਾਧਨਾਂ ਨਾਲ ਸੀਮਤ ਜਿਹੀਆਂ ਲੋੜਾਂ ਦੀ ਪੂਰਤੀ ਵਿਚ ਜੀਵਨ ਦੇ ਅਨਹਦੀ ਨਾਦ ਨੂੰ ਮਾਣਦਿਆਂ ਆਮ ਲੋਕਾਂ ਨੂੰ ਦੇਖਦਾ ਹੈ। ਕੱਖਾਂ ਦੀ ਕੁੱਲੀ ਵਿਚ ਰਹਿੰਦੇ ਲੋਕਾਂ ਦੀ ਪਿਆਰ ਭਿੱਜੀ ਘੁਸਰ-ਮੁਸਰ ਅਤੇ ਰਹੱਸਮਈ ਹਿੱਲਜੁੱਲ ਬਹੁਤ ਪੀੜਤ ਕਰਦੀ ਹੈ ਖੁਦ ਨਾਲ ਜਦੋ-ਜਹਿਦ ਕਰ ਰਹੇ ਅਤੇ ਜੀਵਨ ਦਾ ਮਕਸਦ ਭਾਲ ਰਹੇ ਉਸ ਸ਼ਖ਼ਸ ਨੂੰ ਜਿਸ ਲਈ ਸਿਰਫ਼ ਧਨ ਇਕੱਠਾ ਕਰਨਾ ਹੀ ਇਕੋ ਇਕ ਮਕਸਦ ਹੈ। ਉਹ ਇਸ ਮਕਸਦ ਵਿਚ ਉਲਝਿਆ ਹੀ ਜਿ਼ੰਦਗੀ ਦਾ ਸਫ਼ਰ ਪੂਰਾ ਕਰ ਜਾਂਦਾ। ਉਹ ਸਿਰਫ਼ ਸਾਹ ਪੂਰੇ ਕਰਨ ਹੀ ਆਇਆ ਹੁੰਦਾ। ਜਿ਼ੰਦਗੀ ਨੂੰ ਪੂਰਨ ਰੂਪ ਵਿਚ ਦਿਲਦਾਰੀ ਅਤੇ ਮਨਮਰਜ਼ੀ ਨਾਲ ਜਿਊਣ ਦੀ ਤਮੰਨਾ ਮਨ ਵਿਚ ਦਫ਼ਨ ਕਰ ਕੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦਾ ਏ। ਜਿ਼ੰਦਗੀ ਸਿਰਫ਼ ਇਕ ਵਾਰ ਹੀ ਮਿਲਦੀ ਹੈ। ਇਸਨੂੰ ਅਜਿਹਾ ਜੀਵੋ ਕਿ ਮਰਨ ਲੱਗਿਆਂ ਕੋਈ ਪਛਤਾਵਾ ਨਾ ਰਹੇ। ਪ੍ਰਸੰਨ ਚਿੱਤ ਹੋ ਕੇ ਜਿ਼ੰਦਗੀ ਨੂੰ ਅਲਵਿਦਾ ਕਹੋ ਅਤੇ ਦੁਨੀਆ ਵੀ ਕਹੇ ਕਿ ਜਿ਼ੰਦਗੀ ਤੁਸੀਂ ਇੰਝ ਹੀ ਜੀਵੀ ਹੈ ਜਿਸ ਤਰ੍ਹਾਂ ਜੀਣੀ ਚਾਹੀਦੀ ਹੈ।
ਕੁਝ ਲੋਕ ਪੀੜਾਂ ਵਿਹਾਜਦੇ। ਕੁਝ ਪੀੜਾਂ ਦੀ ਤਰਫ਼ਦਾਰੀ ਕਰਦੇ। ਕੁਝ ਪੀੜਾਂ ਵਿਚੋਂ ਜੀਣ ਦੀ ਜਾਚ ਸਿੱਖਦੇ। ਕੁਝ ਪੀੜਾਂ ਵਿਚੋਂ ਅਜਿਹੀ ਪ੍ਰਮੁੱਖਤਾ ਹਾਸਲ ਕਰਦੇ ਕਿ ਪੀੜ ਹੀ ਉਨ੍ਹਾਂ ਦੀ ਜੀਵਨੀ ਪਸੰਦ ਹੋ ਜਾਂਦੀ।
ਪੀੜ-ਅੰਬਰ ਦੀ ਪਾਟੇ ਲੋਈ
ਤਾਂ ਚਾਨਣ ਝੀਤ ਥਿਆਵੇ
ਤੇ ਜਿ਼ੰਦਗੀ ਦੀ ਮੱਸਿਆ ਰਾਤੇ
ਚਾਨਣ ਦੀ ਛਿੱਟ ਆਵੇ
ਪੀੜ-ਸਮੁੰਦਰ ਦੀ ਰਿੜਕਣੀ ਵਿਚੋਂ
ਅੰਮ੍ਰਿਤ ਬੂੰਦ ਪ੍ਰਗਟਾਵੇ
ਜੋ ਜਿੰਦ ਦੇ ਸਿਸਕੇ ਸਾਹੀਂ
ਜੀਵਨ-ਨਾਦ ਬਣ ਜਾਵੇ
ਪੀੜ-ਪੌਣ ਦਾ ਪੀਹੜਾ ਡਾਹਣਾ
ਕੇਹਾ ਜੋਗ ਅਵੱਲਾ
ਕਿ ਪੀੜਾਂ ਦੇ ਵਿਚ ਘਿਰਿਆ ਬੰਦਾ
ਫਿਰ ਵੀ ਕੱਲ-ਮੁਕੱਲਾ
ਪੀੜ-ਧਰਾਤਲ ਵਿਚੋਂ ਉਗੇ
ਜੇ ਆਸਾਂ ਦੀ ਸਰਘੀ
ਤਾਂ ਮਨ ਦੇ ਪੀੜਾਂ ਵਿਹੜੇ
ਜਾਵੇ ਹਾਸੀ ਅਰਘੀ
ਪੀੜ-ਪਾਣੀ ਤੇ ਮਾਰੀਆਂ ਲੀਕਾਂ
ਨਕਸ਼ ਨਜ਼ਰ ਨਾ ਆਵੇ
ਬਹੁੜੇ ਕੋਈ ਪੀਰ ਔਲੀਆ
ਲਹਿਰ ਦਾ ਰੂਪ ਵਟਾਵੇ
ਪੀੜ-ਸ਼ਬਦ ਦੀ ਜੂਨੇ ਪੈ ਕੇ
ਹਰਫ਼ੀਂ ਚਹਿਕੇ ਚਾਅ
ਤਾਂ ਅਰਥਾਂ ਦੀ ਹਿੱਕੜੀ ਵਿਚੋਂ
ਚਮਕੇ ਸੂਹੀ ਭਾਅ
ਪੀੜ-ਸਫ਼ਰ ਦੀਆਂ ਜੂਹਾਂ ਦੇ ਵਿਚ
ਕੋਚਰੀ ਕਦੇ ਨਾ ਬੋਲੇ
ਤਾਂ ਹੀ ਪੈਰੀਂ ਉਗਦੀਆਂ ਪੈੜਾਂ
ਸਿਰਨਾਵਾਂ ਮੰਜ਼ਲ ਫਰੋਲੇ
ਪੀੜ-ਪੈਗੰਬਰੀ ਸਭ ਤੋਂ ਉਚੀ
ਸਭ ਕੋਈ ਮਾਨਣਾ ਚਾਹੇ
ਰੂਹ ਦੀ ਬੀਹੀ ਫੱ਼ਕਰਾਂ ਵਾਂਗੂੰ
ਅਨਹਦੀ ਨਾਦ ਵਜਾਵੇ
ਪੀੜੇ ਨੀ ਤੇਰੀਂ ਪੈਰੀਂ ਝੁਕ ਗਏ
ਦੁਨੀਆਂ ਝੁਕਾਵਣ ਵਾਲੇ
ਤਾਂ ਹੀ ਤੇਰੀ ਸਰਦਲੇ ਢੁੱਕਦੇ
ਜੀਵਨ ਸੰਵਾਰਨ ਵਾਲੇ।
ਬਾਹਰਲੀ ਪੀੜ ਨਾਲੋਂ ਜਿ਼ਆਦਾ ਖ਼ਤਰਨਾਕ ਹੁੰਦੀ ਹੈ ਅੰਦਰ ਬੈਠੀ ਹੋਈ ਪੀੜਾ ਜੋ ਬੰਦਾ ਅਣਦੱਸਦਿਆਂ ਖੁ਼ਦ ਹੰਢਾਉਂਦਾ। ਪੀੜ ਪੀੜ ਹੋ ਕੇ ਜਿਉਂਦਾ ਅਤੇ ਪੀੜ ਵਿਚ ਜਿਊਣ ਦੀ ਅਕਾਰਥਾ ਹੰਢਾਉਂਦਾ ਮਰਨਾ ਚਾਹੁੰਦਾ ਵੀ ਨਾ ਮਰ ਸਕਦਾ। ਇਹ ਪੀੜ ਅਕਸਰ ਹੀ ਸੰਵੇਦਨਸ਼ੀਲ ਲੋਕਾਂ ਦੇ ਹਿੱਸੇ ਆਉਂਦੀ ਕਿਉਂਕਿ ਸੰਵੇਦਨਹੀਣ ਲੋਕਾਂ ਵਿਚ ਘਿਰਿਆ ਕੌਣ ਸਮਝ ਸਕਦਾ ਏ ਸੰਵੇਦਨਾ। ਇਸਦੀ ਸਾਰਥਿਕਤਾ ਵਿਚੋਂ ਹੀ ਜੀਵਨ ਨੂੰ ਨਵੀਆਂ ਧਰਾਤਲਾਂ ਦਾ ਮਾਣ ਬਣਾਉਣ ਦੀ ਤਤਪਰਤਾ।
ਕਦੇ ਵੀ ਆਪਣੀ ਪੀੜ ਨੂੰ ਵੱਡਾ ਨਾ ਸਮਝੋ। ਹੋ ਸਕਦਾ ਹੈ ਕਿ ਦੂਸਰੇ ਦੀ ਪੀੜ ਤੁਹਾਡੇ ਨਾਲੋਂ ਕਈ ਗੁਣਾ ਜਿ਼ਆਦਾ ਕਸ਼ਟਦਾਇਕ ਹੋਵੇ, ਅੰਦਰ ਨੂੰ ਹਰ ਪਲ ਖੋਰਦੀ ਹੋਵੇ ਤੇ ਹਰ ਸਾਹੇ ਅੰਤਰੀਵ ਨੂੰ ਕੋਂਹਦੀ ਹੋਵੇ। ਬੰਦਾ ਹਰਦਮ ਆਪਣਾ ਸਿਵਾ ਸੇਕਦਾ ਹੋਵੇ। ਕਦੇ ਕਬਰ ਦੀ ਖੁਦਾਈ ਕਰਦਾ ਹੋਵੇ ਅਤੇ ਕਦੇ ਆਪਣੀ ਅਰਥੀ ਨੂੰ ਖੁਦ ਹੀ ਮੋਢਾ ਦੇ ਕੇ ਸਿਵਿਆਂ ਵੱਲ ਜਾ ਰਿਹਾ ਹੋਵੇ।
ਅੱਖਾਂ ਥੀਂ ਪੀੜ ਵਹਿਣ ਲੱਗ ਪਵੇ ਤਾਂ ਲੋਕ ਕਾਇਰ ਕਹਿ ਦਿੰਦੇ। ਪਰ ਜਦ ਕੋਈ ਇਸ ਨੂੰ ਸ਼ਬਦਾਂ ਦੇ ਹਵਾਲੇ ਕਰੇ ਤਾਂ ਲੋਕ ਸ਼ਾਇਰ ਕਹਿਣਾ ਸ਼ੁਰੂ ਕਰ ਦਿੰਦੇ। ਦੱਸੋ ਬੰਦਾ ਕਰੇ ਤਾਂ ਕੀ ਕਰੇ? ਕਿੰਝ ਉਹ ਜਿਉਂਦੇ ਜੀਅ ਮਰੇ ਅਤੇ ਹੰਝੂਆਂ ਦਾ ਦਰਿਆ ਤਰੇ?
ਪੀੜ ਵਿਚ ਪਰੁੱਚੇ ਦੀ ਚੀਖ਼ ਹੀ ਸੀ ਕਿ ਉਜੜੇ ਮਨ ਦੇ ਬਗੀਚੇ ਨੂੰ ਹੁਣ ਅਬਾਦ ਕਿੰਜ ਕਰਾਂ? ਬੀਤੇ ਹੋਏ ਪਲਾਂ ਨੂੰ ਭਲਾ ਯਾਦ ਕਿੰਝ ਕਰਾਂ? ਭੁੱਲ ਚੁੱਕਾਂ ਹਾਂ ਮਨ ਦੀ ਪ੍ਰਵਾਜ਼ ਸਦਾ ਲਈ ਹੁਣ ਕੈਦੀ-ਮਨ ਨੂੰ ਆਜ਼ਾਦ ਕਿੰਜ ਕਰਾਂ?
ਪੀੜ ਵਿਚ ਰੱਤੇ ਹੋਇਆਂ ਨੂੰ ਪਿਘਲਣਾ ਚੰਗਾ ਲੱਗਦਾ। ਤਾਂ ਹੀ ਬਲਦੀ ਮੋਮਬੱਤੀ ਨੂੰ ਉਸ ਵਿਚਲੇ ਧਾਗੇ ਨੇ ਕਿਹਾ ਕਿ ਜਦ ਮੈਂ ਜਲਦਾ ਹਾਂ ਤੂੰ ਕਿਉਂ ਪਿਘਲਦੀ ਏਂ? ਤਾਂ ਉਸਦਾ ਜਵਾਬ ਸੀ ਕਿ ਜਦ ਕੋਈ ਅੰਦਰ ਵਿਚ ਵੱਸਿਆ ਦੂਰ ਜਾਂਦਾ ਏ ਤਾਂ ਅੱਥਰੂ ਖੁਦ-ਬ-ਖੁਦ ਆ ਹੀ ਜਾਂਦੇ ਨੇ। ਮੋਮਬੱਤੀਆਂ ਵਰਗੇ ਇਹ ਲੋਕ ਹੀ ਹੁੰਦੇ ਜੋ ਆਪਣੀ ਹੋਂਦ ਗਵਾ ਕੇ ਚਾਨਣ ਦਾ ਨਿਰ-ਸੁਆਰਥ ਵਪਾਰ ਕਰਦੇ।
ਪੀੜ ਆਪੋ ਆਪਣੀ ਹੁੰਦੀ ਅਤੇ ਇਸਦੇ ਅਰਥ ਵੀ ਹਰੇਕ ਲਈ ਵੱਖੋ-ਵੱਖਰੇ। ਇਹ ਕਿਸੇ ਨਾਲ ਵਟਾਈ ਵੀ ਨਹੀਂ ਜਾ ਸਕਦੀ। ਉਧਾਰ ਵੀ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਇਸਨੂੰ ਮੈਲ ਵਾਂਗ ਸਾਬਣ ਨਾਲ ਧੋ ਕੇ ਲਾਹਿਆ ਜਾ ਸਕਦਾ। ਸਿਰਫ਼ ਪੀੜ ਵਿਚ ਜਿਊਣ ਦੀ ਜਾਚ ਸਿਖ ਕੇ ਅਤੇ ਪੀੜ ਵਿਚੋਂ ਹੀ ਆਪਣੀਆਂ ਤਰਜੀਹਾਂ ਅਤੇ ਤਮੰਨਾਵਾਂ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। ਇਸ ਨਾਲ ਅਸੀਂ ਪੀੜ ਦੀ ਪਵਿੱਤਰਤਾ ਨੂੰ ਜੀਵਨ-ਮਾਰਗ ਦਾ ਸੱਚ ਬਣਾ, ਇਸ `ਤੇ ਤੁਰਨ ਦੀ ਆਦਤ ਪਾ ਸਕਦੇ ਹਾਂ। ਇਹ ਆਦਤ ਜਿੰਨੀ ਜਲਦੀ ਪਾ ਲਈ ਜਾਵੇ ਚੰਗਾ ਹੈ ਕਿਉਂਕਿ ਪੀੜ ਨੇ ਤਾਂ ਕਿਸੇ ਨਾ ਕਿਸੇ ਰੂਪ ਵਿਚ ਜੀਵਨ ਬਰੂਹਾਂ `ਤੇ ਮਿਲਦੇ ਹੀ ਰਹਿਣਾ ਹੈ।