ਦਾਸਤਾਂ-ਏ-ਸ਼ਹੀਦ ਨਗਰ

ਹਰਜੀਤ ਦਿਓਲ ਬਰੈਂਪਟਨ
ਪਰਲੋਕ ਵਿਚ ਵੱਸੇ ਸ਼ਹੀਦਨਗਰ ਵਿਚ ਜਦ ਇਹ ਸੰਵਾਦਦਾਤਾ ਉਥੋਂ ਦਾ ਹਾਲ ਚਾਲ ਜਾਨਣ ਲਈ ਅਪੜਿਆ ਤਾਂ ਉਸ ਨੂੰ ਬੜਾ ਹੈਰਾਨੀਜਨਕ ਤਜ਼ਰਬਾ ਹੋਇਆ। ਪਹਿਲਾਂ ਤਾਂ ਉਸ ਦੇਖਿਆ ਕਿ ਸਾਰੀ ਆਬਾਦੀ ਮੁੱਖ ਰੂਪ ‘ਚ ਦੋ ਹਿੱਸਿਆਂ ਵਿਚ ਵੰਡੀ ਹੈ। ਇਕ ਪਾਸੇ ਹਨ ਵਤਨਪਰਸਤ ਸ਼ਹੀਦੇਆਜਮ ਭਗਤ ਸਿੰਘ ਦੇ ਪੈਰੋਕਾਰ ਜੋ ਨਾਸਤਕ ਹੋਣ ਸਦਕਾ ਦੂਜੇ ਗਰੁਪ, ਭਾਵ ਧਰਮੀ ਸ਼ਹੀਦਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਇਨ੍ਹਾਂ ਦਾ ਨਜ਼ਰੀਆ ਆਪਸ ਵਿਚ ਮੇਲ ਨਹੀਂ ਖਾਂਦਾ। ਧਰਮੀ ਸ਼ਹੀਦਾਂ ਵੱਲ ਵੀ ਘੱਟ ਰੇੜਕਾ ਨਹੀਂ ਦੇਖਿਆ ਗਿਆ।

ਗੱਲਬਾਤ ਕਰਨ `ਤੇ ਪਤਾ ਲੱਗਿਆ ਕਿ ਧਰਮਾਂ ਦੀ ਆਪਸੀ ਖਹਿਬਾਜੀ ਮਾਤਲੋਕ ਵਿਚ ਵੀ ਮੌਜੂਦ ਹੈ। ਇੱਕ ਪਾਸੇ ਰਾਮ ਮੰਦਰ ਦੇ ਕਾਰਸੇਵਕ ਜੋ ਮੁਸਲਮ ਧਰਮੀ ਜਨੂੰਨੀਆਂ ਹੱਥੋਂ ਜਿਉਂਦੇ ਸਾੜ ਦਿੱਤੇ ਗਏ ਸਨ, ਹਰ ਹਰ ਮਹਾਦੇਵ ਦੇ ਜੈਕਾਰੇ ਛੱਡ ਰਹੇ ਸਨ, ਤਾਂ ਦੂਜੇ ਪਾਸੇ ਜਨੂੰਨੀ ਹਿੰਦੂਆਂ ਦੁਆਰਾ ਪਰਤਾਵੀਂ ਹਿੰਸਾ ਵਿਚ ਮਾਰੇ ਗਏ ਮੁਸਲਮ ਅੱਲਾ ਹੋ ਅਕਬਰ ਦੇ ਨਾਰੇ ਲਾ ਰਹੇ ਸਨ। ਮਾਹੌਲ ਵਾਹਵਾ ਤਨਾਪੂਰਣ ਸੀ।
ਇੱਕ ਹੋਰ ਇਲਾਕੇ ਦੇ ਦੌਰੇ ਵਿਚ ਬਲੂਸਟਾਰ ਦੌਰਾਨ ਸ਼ਹੀਦ ਹੋਏ ਜੁਝਾਰੂ ਸਨ ਜੋ ਹਾਲੇ ਵੀ ਏ ਕੇ ਸੰਤਾਲੀ ਨਾਲ ਲੈਸ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਦਗੜ ਦਗੜ ਕਰਦੇ ਫਿਰਦੇ ਸਨ। ਸੰਵਾਦਦਾਤਾ ਨੇ ਇਨ੍ਹਾਂ ਤੋਂ ਜਾਨਣਾ ਚਾਹਿਆ ਕਿ ਇੱਥੇ ਹਥਿਆਰਾਂ ਦੀ ਕੀ ਲੋੜ ਹੈ? ਪਰ ਉਨ੍ਹਾਂ ਦੇ ਤੱਤੇ ਤੇਵਰ ਦੇਖ ਇਰਾਦਾ ਬਦਲ ਲਿਆ ਕਿਉਂਕਿ ਬਹਿਸ ਕਰਨ ਨਾਲ ਸੰਵਾਦਦਾਤਾ ਆਪ ਸ਼ਹੀਦ ਹੋ ਜਾਣਾ ਸੀ। ਨਗਰ ਦੇ ਇੱਕ ਹਿੱਸੇ ਵਿਚ ਇਸਤਰੀ ਸ਼ਹੀਦਾਂ ਦਾ ਕਬਜ਼ਾ ਸੀ ਜਿੱਥੇ ਪਤੀ ਨਾਲ ਸਤੀ ਹੋਈਆਂ ਇਸਤਰੀਆਂ ਦਾ ਬੋਲਬਾਲਾ ਸੀ। ਤਾਜ਼ਾ ਬਣੇ ਇੱਕ ਮੁਹੱਲੇ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਜਮਘਟ ਦੇਖਿਆ ਗਿਆ ਜਿਨ੍ਹਾਂ ਨੂੰ ਟਰੈਕਟਰ ਨਾਲ ਬੈਰੀਕੇਡ ਨੂੰ ਟੱਕਰ ਮਾਰ ਸ਼ਹੀਦ ਹੋਇਆ ਨੌਜਵਾਨ ਸੰਬੋਧਨ ਕਰ ਰਿਹਾ ਸੀ। ਇੱਥੇ ਇੱਕ ਹੋਰ ਨੌਜਵਾਨ ਸ਼ਹੀਦ ਅਪੜ ਗਿਆ ਸੀ ਜਿਸ ਦਾ ਕਹਿਣਾ ਸੀ ਕਿ ਉਸ ਨੂੰ ਐਕਸੀਡੈਂਟ ਕਰਵਾ ਕੇ ਮਾਰਿਆ ਗਿਆ ਹੈ ਇਸ ਲਈ ਉਸ ਨੂੰ ਵੀ ਇਸ ਗਰੁਪ ਵਿਚ ਉਚਾ ਰੁਤਬਾ ਮਿਲਣਾ ਚਾਹੀਦਾ ਹੈ। ਇਸ ਉਪਰੰਤ ਸੰਵਾਦਦਾਤਾ ਇੱਕ ਬਿਲਕੁਲ ਸ਼ਾਂਤ ਇਲਾਕੇ ਵਿਚ ਅਪੜਿਆ ਜਿੱਥੇ ਕੁਝ ਵਿਗਿਆਨਕ ਸ਼ਹੀਦ ਸਨ ਜੋ ਮਾਨਵਤਾ ਦੀ ਸੇਵਾ ਲਈ ਖੋਜ ਕਾਰਜ ਕਰਦੇ ਮਾਰੇ ਗਏ ਸਨ। ਇਨ੍ਹਾਂ ਇੱਥੇ ਵੀ ਖੋਜ ਕਾਰਜ ਜਾਰੀ ਰੱਖਿਆ ਹੋਇਆ ਸੀ। ਪੁੱਛਣ `ਤੇ ਇਨ੍ਹਾਂ ਖੁਲਾਸਾ ਕੀਤਾ ਪਈ ਅਸੀਂ ਇੱਕ ਵਿਕਟ ਸਮੱਸਿਆ ਦੇ ਸਮਾਧਾਨ ਲਈ ਕੰਮ ਕਰ ਰਹੇ ਹਾਂ। ਦਰਅਸਲ ਹੁਣ ਪਰਲੋਕ ਵਿਚ ਆਏ ਜਾਨਵਰ ਵੀ ਸ਼ਹੀਦੀ ਦਰਜਾ ਮੰਗ ਰਹੇ ਹਨ। ਜਿਨ੍ਹਾਂ ਜਾਨਵਰਾਂ ਉਪਰ ਤਜਰਬੇ ਕਰ ਅਸੀਂ ਇਨਸਾਨਾਂ ਲਈ ਦਵਾਈਆਂ ਬਣਾਈਆਂ, ਉਸ ਦੌਰਾਨ ਮਾਰੇ ਗਏ ਜਾਨਵਰ ਸ਼ਹੀਦ ਕਿਉਂ ਨਾ ਹੋਏ। ਹੋਰ ਤਾਂ ਹੋਰ ਇਨਸਾਨਾਂ ਦੁਆਰਾ ਖਾਧੇ ਜਾਣ ਵਾਲੇ ਜਾਨਵਰ ਵੀ ਕਹਿ ਰਹੇ ਹਨ ਕਿ ਅਸੀਂ ਧਾਡੇ ਢਿੱਡ ਭਰਨ ਲਈ ਸ਼ਹੀਦ ਹੋਏ ਹਾਂ। ਦੱਸੋ ਹੁਣ ਇਸ ਹਿਸਾਬ ਨਾਲ ਤਾਂ ਇਹ ਸ਼ਹੀਦਨਗਰ ਬਹੁਤ ਛੋਟਾ ਪੈ ਜਾਵੇਗਾ। ਤਾਂ ਅਸੀਂ ਕੋਈ ਵੱਡਾ ਗ੍ਰਹਿ ਲੱਭ ਰਹੇ ਹਾਂ ਜਿੱਥੇ ਸਾਰੇ ਸ਼ਹੀਦਾਂ ਨੂੰ ਅਡਜਸਟ ਕੀਤਾ ਜਾ ਸਕੇ। ਸੰਵਾਦਦਾਤਾ ਪੁੱਛਿਆ ਕਿ ਜੇਕਰ ਉਹ ਗ੍ਰਹਿ ਵੀ ਹਾਊਸਫੁਲ ਹੋ ਗਿਆ ਤਾਂ ਕੀ ਕਰੋਗੇ? ਵਿਗਿਆਨਕ ਮੁਸਕਰਾਉਂਦਿਆਂ ਬੋਲਿਆ ‘ਉਦੋਂ ਤੱਕ ਧਰਤੀ ਬਲੈਕ ਹੋਲ ਵਿਚ ਸਮਾ ਜਾਵੇਗੀ ਅਤੇ ਧਾਡਾ ‘ਸ਼ਹੀਦ’ ਲਫਜ਼ ਵੀ ਸ਼ਹੀਦ ਹੋ ਜਾਵੇਗਾ’।