ਦੇਸ਼ ਵਿਦੇਸ਼ ਦੀਆਂ ਖੇਡ ਕਹਾਣੀਆਂ

ਪ੍ਰਿੰ. ਸਰਵਣ ਸਿੰਘ
ਕਹਾਣੀਕਾਰ ਗੁਰਮੇਲ ਮਡਾਹੜ ਨੇ ਖੇਡ ਕਹਾਣੀਆਂ ਦੀ ਅਨੁਵਾਦਿਤ ਪੁਸਤਕ ‘ਸੰਸਾਰ ਪ੍ਰਸਿੱਧ ਖੇਡ ਕਹਾਣੀਆਂ’ ਪਹਿਲੀ ਵਾਰ 2004 ਵਿਚ ਛਪਵਾਈ ਸੀ। ਉਸ ਦਾ ਸਮਰਪਣ ਸੀ, ਪਿ੍ਰੰ. ਸਰਵਣ ਸਿੰਘ ਜੀ ਨੂੰ, ਜਿਸ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਪਹਿਲੀ ਵਾਰ ਲਿਖ ਕੇ ਪੰਜਾਬੀ ਸਾਹਿਤ ਦੀ ਵਡਮੁੱਲੀ ਸੇਵਾ ਕੀਤੀ ਤੇ ਕਰ ਰਿਹਾ ਹੈ। ਉਹ ਪੁਸਤਕ ਰਾਜਿੰਦਰ ਬਿਮਲ, ਕੁਕਨੁਸ ਪ੍ਰਕਾਸ਼ਨ ਜਲੰਧਰ ਨੇ ਪ੍ਰਕਾਸਿ਼ਤ ਕੀਤੀ ਸੀ।

ਉਸ ਵਿਚ ਇੰਗਲੈਂਡ, ਫਰਾਂਸ, ਅਮਰੀਕਾ, ਕੈਨੇਡਾ, ਪੁਰਤਗਾਲ, ਨਿਊਜ਼ੀਲੈਂਡ, ਰੂਸ ਤੇ ਪਾਕਿਸਤਾਨ ਦੀਆਂ 17 ਕਹਾਣੀਆਂ ਦਾ ਅਨੁਵਾਦ ਹੈ। ਸੰਪਾਦਕੀ ਵਿਚ ਲਿਖਿਆ ਸੀ, ‘ਪੰਜਾਬੀ ਸਾਹਿਤ ਦਾ ਮੁਤਾਲਿਆ ਕਰਨ ਮਗਰੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਹੁਣ ਤੱਕ ਕਿਸੇ ਵੀ ਲੇਖਕ ਵੱਲੋਂ ਖੇਡਾਂ ਨਾਲ ਸਬੰਧਤ ਵਿਸ਼ੇ ਨੂੰ ਲੈ ਕੇ ਨਾ ਕੋਈ ਨਾਵਲ ਲਿਖਿਆ ਗਿਆ ਹੈ ਅਤੇ ਨਾ ਹੀ ਕਿਸੇ ਦਾ ਕੋਈ ਖੇਡ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ; ਜਦਕਿ ਖੇਡਾਂ ਬਾਰੇ, ਖਿਡਾਰੀਆਂ ਬਾਰੇ ਲੇਖਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਛਪ ਚੁੱਕੀਆਂ ਹਨ।’
ਪਾਠਕਾਂ `ਚ ਖੇਡ ਸਾਹਿਤ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਜਿੰਨਾ ਚਿਰ ਪੰਜਾਬੀ ਵਿਚ ਖੇਡ ਗਲਪ ਦੀ ਸਿਰਜਣਾ ਨਹੀਂ ਹੁੰਦੀ, ਓਨਾ ਚਿਰ ਖੇਡ ਜਗਤ ਸਬੰਧੀ ਦੂਸਰੀਆਂ ਭਾਸ਼ਾਵਾਂ ਦੀਆਂ ਮਿਆਰੀ ਤੇ ਦਿਲਚਸਪ ਰਚਨਾਵਾਂ ਦੇ ਅਨੁਵਾਦ ਕਰ ਕੇ ਪੰਜਾਬੀ ਵਿਚ ਪ੍ਰਕਾਸ਼ਿਤ ਕਰਵਾਏ ਜਾਣ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕਾਂ ਨੂੰ ਖੇਡ-ਸਾਹਿਤ ਪੜ੍ਹਨ ਦਾ ਸ਼ੌਕ ਜਾਗੇ ਅਤੇ ਲੇਖਕਾਂ ਨੂੰ ਵੀ ਅਜਿਹੀਆਂ ਮਿਆਰੀ ਤੇ ਦਿਲਚਸਪ ਖੇਡ ਰਚਨਾਵਾਂ ਰਚਣ ਦੀ ਚਿਣਗ ਲੱਗੇ। ਇਸ ਬਾਰੇ ਮੇਰੀ ਸਮਝ ਬਣੀ ਕਿ ਵਿਸ਼ਵ ਦੀਆਂ ਚੋਣਵੀਆਂ ਖੇਡ ਕਹਾਣੀਆਂ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ ਜਾਵੇ ਅਤੇ ਲੇਖਕਾਂ ਲਈ ਇੱਕ ਮਾਰਗ ਖੋਲ੍ਹਿਆ ਜਾਵੇ। ਇਸ ਨਿਸ਼ਾਨੇ ਨੂੰ ਮੁੱਖ ਰੱਖ ਕੇ ਮੈਂ ਕੁਝ ਸੰਸਾਰ ਪ੍ਰਸਿੱਧ ਖੇਡ ਕਹਾਣੀਆਂ ਦਾ ਅਨੁਵਾਦ ਕਰ ਕੇ ਪੰਜਾਬੀ ਸਾਹਿਤ ਦੇ ਇਸ ਹਨੇ੍ਹਰੇ ਪੱਖ ਵਿਚ ਇੱਕ ਚੂੰਗੜਾ ਬਾਲ ਕੇ ਰੋਸ਼ਨੀ ਕਰਨ ਦਾ ਨਿਗੂਣਾ ਜਿਹਾ ਉਪਰਾਲਾ ਕੀਤਾ ਹੈ, ਜਿਸ ਦੀ ਲੋਅ `ਚੋਂ ਅਨੇਕਾਂ ਹੋਰ ਚਿਰਾਗ਼ ਬਾਲੇ਼ ਜਾਣ ਦੀ ਮੈਨੂੰ ਪੂਰਨ ਆਸ ਹੈ।
ਸਤਾਰਾਂ ਕਹਾਣੀਆਂ ਵਿਚੋਂ ਪਹਿਲੀ ਕਹਾਣੀ ਦਾ ਨਾਂ ‘ਖ਼ੂਨੀ ਮੈਚ’ ਹੈ। ਇਹ ਜੇ. ਮਾਈਖੋਲੋਵਾ ਨੇ ਰੂਸੀ ਵਿਚ ਲਿਖੀ ਸੀ। ਕਹਾਣੀ ਯੂਕਰੇਨ ਦੇ ਸ਼ਹਿਰ ਕੀਵ ਵਿਚ ਵਾਪਰੀ ਸੀ ਜੋ ਅੱਜਕੱਲ੍ਹ ਜੰਗੀ ਖ਼ਬਰਾਂ ਵਿਚ ਹੈ। 2005 ਵਿਚ ਮੈਂ ਟੋਰਾਂਟੋ ਤੋਂ ਦਿੱਲੀ ਜਾਂਦਿਆਂ ਕੀਵ ਦਾ ਹਵਾਈ ਅੱਡਾ ਖ਼ੁਦ ਤੁਰ ਫਿਰ ਕੇ ਵੇਖਿਆ ਸੀ। ਇੰਜ ‘ਖੂ਼ਨੀ ਮੈਚ’ ਦੇ ਪਾਤਰਾਂ ਅਤੇ ਦਰਸ਼ਕਾਂ ਨੂੰ ਨੇੜਿਓਂ ਮਹਿਸੂਸ ਕੀਤਾ ਸੀ। ਕੀਵ ਦੇ ਹਵਾਈ ਅੱਡੇ ਵਿਚ ਇਕੋ ਡਿਊਟੀ ਫਰੀ ਸ਼ਾਪ ਸੀ ਜਿੱਥੋਂ ਮੈਂ ਕੀਵ ਦੀ ਨਿਸ਼ਾਨੀ ਵੀ ਖਰੀਦੀ। ਯੂਕਰੇਨ ਦੀਆਂ ਗੋਰੀਆਂ ਮੁਟਿਆਰਾਂ ਚੀਜ਼ਾਂ ਵਸਤਾਂ ਵੇਚ ਰਹੀਆਂ ਸਨ। ਉਨ੍ਹਾਂ ਦੀ ਅੰਗਰੇਜ਼ੀ ਮਸਾਂ ਈ ਡੰਗਸਾਰੂ ਸੀ। ਬੈਂਚਾਂ ਉਤੇ ਬੈਠੀਆਂ ਪੰਜਾਬੀ ਸਵਾਰੀਆਂ ਨੇ ਲੜ ਬੰਨ੍ਹੇ ਪਰੌਂਠੇ ਲੇੜ੍ਹਨੇ ਸ਼ੁਰੂ ਕਰ ਲਏ ਸਨ ਜਿਸ ਨਾਲ ਅਚਾਰ ਦੀਆਂ ਮਹਿਕਾਂ ਖਿੰਡਣ ਲੱਗ ਪਈਆਂ ਸਨ। ਸਾਡੀਆਂ ਸਵਾਰੀਆਂ ਨੇ ਕੀਵ ਦਾ ਹਵਾਈ ਅੱਡਾ ਬਠਿੰਡੇ ਦਾ ਜੰਕਸ਼ਨ ਬਣਾ ਦਿੱਤਾ ਸੀ। ਸ਼ੀਸਿ਼ਆਂ ਵਿਚੋਂ ਦੀ ਬਾਹਰ ਬਰਫ਼ ਜੰਮੀ ਹੋਈ ਵਿਖਾਈ ਦੇ ਰਹੀ ਸੀ। ਰੁੱਖ ਰੁੰਡ-ਮੁੰਡ ਖੜ੍ਹੇ ਸਨ। ਏਅਰ ਪੋਰਟ ਦੇ ਕਾਮੇ ਮੋਟੇ ਜੁੱਲਾਂ ਵਰਗੇ ਓਵਰ ਕੋਟ ਪਾਈ ਆਪਣੀਆਂ ਡਿਊਟੀਆਂ ਦੇ ਰਹੇ ਸਨ। ਦਿੱਲੀ ਨੂੰ ਜਹਾਜ਼ ਉਡਣ ਦੀ ਤਿਆਰੀ ਹੋਈ ਤਾਂ ਮੈਂ ਸਭ ਤੋਂ ਪਿੱਛੋਂ ਉਹਦੇ ਵਿਚ ਸਵਾਰ ਹੋਇਆ। ਤਦ ਤਕ ਹਵਾਈ ਅੱਡੇ ਵਿਚ ਸੁੰਨ ਵਰਤ ਗਈ ਸੀ। ਪੇਸ਼ ਹੈ ਰੂਸੀ ਕਹਾਣੀ ਦਾ ਪੰਜਾਬੀ ਅਨੁਵਾਦ:
ਖ਼ੂਨੀ ਮੈਚ
ਕੀਵ ਨੂੰ ਆਪਣੇ ਕਬਜ਼ੇ ਵਿਚ ਕਰਨ ਤੋਂ ਬਾਅਦ ਜਰਮਨਾਂ ਨੇ ਉਥੋਂ ਦੇ ਜਿਨ੍ਹਾਂ ਵਸਨੀਕਾਂ ਨੂੰ ਬੰਦੀ ਬਣਾਇਆ, ਉਨ੍ਹਾਂ ਵਿਚ ਰੂਸ ਦੀ ਸੰਸਾਰ ਪ੍ਰਸਿੱਧ ਫੁੱਟਬਾਲ ਦੀ ਟੀਮ ‘ਡਾਇਨੇਮੋ’ ਦੇ ਖਿਡਾਰੀ ਵੀ ਸ਼ਾਮਲ ਸਨ। ਇਨ੍ਹਾਂ ਖਿਡਾਰੀਆਂ ਨੂੰ ਇੱਕ ਬੇਕਰੀ ਵਿਚ ਮਾਮੂਲੀ ਮਜ਼ਦੂਰਾਂ ਦੀ ਹੈਸੀਅਤ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਹ ਭਾਵੇਂ ਲਾਚਾਰੀ ਵਿਚ ਮਜ਼ਦੂਰ ਬਣ ਗਏ ਸੀ ਪਰ ਸਨ ਤਾਂ ਮੂਲ ਰੂਪ ਵਿਚ ਫੁੱਟਬਾਲ ਖਿਡਾਰੀ ਹੀ। ਇਸ ਲਈ, ਮਜ਼ਦੂਰੀ ਦੇ ਵਕਤ ਤੋਂ ਮਗਰੋਂ ਉਹ ਬੇਕਰੀ ਦੇ ਨਾਲ ਲੱਗਦੇ ਇੱਕ ਮੈਦਾਨ ਵਿਚ ਜਾ ਕੇ ਆਪਸ ਵਿਚ ਫੁੱਟਬਾਲ ਖੇਡਦੇ। ਪਰ ਖੇਡਦੇ ਸਮੇਂ, ਉਨ੍ਹਾਂ ਦੇ ਮਨ ਵਿਚ ਇਹ ਡਰ ਬਰਾਬਰ ਬਣਿਆ ਰਹਿੰਦਾ, ਕਿਤੇ ਜਰਮਨਾਂ ਨੂੰ ਉਨ੍ਹਾਂ ਦੀ ਖੇਡ ਬਾਰੇ ਪਤਾ ਨਾ ਲੱਗ ਜਾਵੇ। ਪਤਾ ਲੱਗ ਜਾਏਗਾ ਤਾਂ ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਦੀ ਖੇਡ ਤੁਰੰਤ ਬੰਦ ਕਰਵਾ ਦੇਣਗੇ।
ਜਰਮਨ ਅਧਿਕਾਰੀ ਕੀਵ ਦੇ ਸਾਧਾਰਨ ਨਿਵਾਸੀਆਂ ਦਾ ਵਿਸ਼ਵਾਸ ਜਿੱਤਣ ਦੇ ਚਾਹਵਾਨ ਸਨ। ਉਨ੍ਹਾਂ ਨੇ ਸਕੀਮ ਬਣਾਈ ਕਿ ਇਨ੍ਹਾਂ ਖਿਡਾਰੀਆਂ ਰਾਹੀਂ ਇਹ ਵਿਸ਼ਵਾਸ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਦਿਨ ਰੂਸੀ ਖਿਡਾਰੀਆਂ ਨੂੰ ਬੁਲਾ ਕੇ ਕਿਹਾ, “ਤੁਸੀਂ ਲੋਕ ਉਸ ਮੈਦਾਨ ਵਿਚ ਲੁਕ ਕੇ ਫੁੱਟਬਾਲ ਕਿਉਂ ਖੇਡਦੇ ਹੋ?”
“ਊਂਈਂ ਵਕਤ ਪੂਰਾ ਕਰਨ ਲਈ।”
“ਅਸੀਂ ਜਰਮਨ ਵੀ ਫੁੱਟਬਾਲ ਦੇ ਸ਼ੌਕੀਨ ਹਾਂ ਅਤੇ ਤੁਹਾਡੇ ਜਿਹੇ ਨਾਮੀ ਅਤੇ ਅਨੁਭਵੀ ਖਿਡਾਰੀਆਂ ਤੋਂ ਖੇਡ ਦੀਆਂ ਬਾਰੀਕੀਆਂ ਨੂੰ ਜਾਨਣ ਦੇ ਇੱਛੁਕ ਹਾਂ। ਜੇ ਤੁਸੀਂ ਤਿਆਰ ਹੋ ਤਾਂ ਵੱਡੇ ਫੁੱਟਬਾਲ ਸਟੇਡੀਅਮ ਵਿਚ ਕੀਵ ਦੇ ਲੋਕਾਂ ਸਾਹਮਣੇ ਆ ਸਕਦੇ ਹੋ। ਇਸ ਤਰ੍ਹਾਂ, ਅਸੀਂ ਮਹਾਨ ਜਰਮਨ ਤੁਹਾਡੇ ਲੋਕਾਂ ਤੋਂ ਉੱਚੇ ਦਰਜੇ ਦੀ ਫੁੱਟਬਾਲ ਖੇਡਣੀ ਸਿੱਖ ਸਕਾਂਗੇ। ਅਸੀਂ ਤੁਹਾਡੇ ਲੋਕਾਂ ਨੂੰ ਆਪਣਾ ਫੁੱਟਬਾਲ-ਗੁਰੂ ਮੰਨਣ ਨੂੰ ਤਿਆਰ ਹਾਂ।”
ਰੂਸੀ ਖਿਡਾਰੀ ਹੈਰਾਨ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ।
“ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਨਿਡਰ ਹੋ ਕੇ ਖੇਡੋ। ਸਾਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਨੀ, ਅਸੀਂ ਵੀ ਤੁਹਾਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।” ਇੱਕ ਜਰਮਨ ਅਧਿਕਾਰੀ ਨੇ ਉਨ੍ਹਾਂ ਦੇ ਮਨ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕੀਤੀ।
“ਠੀਕ ਹੈ ਤੁਸੀਂ ਪਹਿਲਾਂ ਮੈਚ ਦੀ ਤਾਰੀਖ਼ ਨਿਸ਼ਚਿਤ ਕਰ ਲਵੋ। ਅਸੀਂ ਤੁਹਾਡੇ ਨਾਲ ਮੈਚ ਖੇਡਣ ਲਈ ਤਿਆਰ ਹਾਂ।’’ ਡਾਇਨੇਮੋ ਦੇ ਕਪਤਾਨ ਨੇ ਜਰਮਨ ਅਧਿਕਾਰੀ ਨੂੰ ਕਿਹਾ।
ਉਸੇ ਸ਼ਾਮ ਮੈਦਾਨ ਵਿਚ ਇਕੱਠੇ ਹੋ ਕੇ ਸਾਰੇ ਰੂਸੀ ਖਿਡਾਰੀਆਂ ਨੇ ਫ਼ੈਸਲਾ ਕੀਤਾ ਕਿ ਉਹ ‘ਸਟਾਰਟ’ ਨਾਉਂ ਦੀ ਇੱਕ ਨਵੀਂ ਟੀਮ ਬਣਾ ਕੇ ਜਰਮਨਾਂ ਖ਼ਿਲਾਫ਼ ਖੇਡਣਗੇ ਅਤੇ ਉਨ੍ਹਾਂ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਨਵੀਂ ਟੀਮ ਨੂੰ ‘ਡਾਇਨੇਮੋ’ ਨਾਉਂ ਇਸ ਲਈ ਨਹੀਂ ਦਿੱਤਾ ਕਿਉਂਕਿ ਉਹ ‘ਡਾਇਨੇਮੋ’ ਦੇ ਕਮਾਏ ਨਾਮਣੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਸਨ।
*
ਕੀਵ ਦੇ ਫੁੱਟਬਾਲ ਸਟੇਡੀਅਮ ਵਿਚ ਹਜ਼ਾਰਾਂ ਕੀਵ ਨਿਵਾਸੀਆਂ ਸਾਹਮਣੇ ਪਹਿਲਾ ਮੈਚ ‘ਸਟਾਰਟ’ ਤੇ ਜਰਮਨਾਂ ਵਿਚਕਾਰ ਹੋਇਆ। ਜਰਮਨ ਫੌਜੀਆਂ ਵਿਚੋਂ ਜਿਹੜੇ ਜਰਮਨੀ ਦੀ ਟੀਮ ਵਿਚ ਸ਼ਾਮਲ ਹੋਏ ਸਨ ਉਨ੍ਹਾਂ ਨੂੰ ਦੂਜੇ ਦਰਜੇ ਦੇ ਫੁੱਟਬਾਲ ਮੈਚਾਂ ਵਿਚ ਹੀ ਖੇਡਣ ਦਾ ਕਾਫੀ ਅਨੁਭਵ ਸੀ। ‘ਡਾਇਨੇਮੋ’ ਜਿਹੇ ਪਹਿਲੇ ਦਰਜੇ ਦੇ ਖਿਡਾਰੀਆਂ ਨਾਲ ਭਿੜਨ ਲਈ ਉਹ ਪੂਰੀ ਤਰ੍ਹਾਂ ਤਿਆਰੀ ਕਰ ਕੇ, ਪੂਰੇ ਆਤਮ-ਵਿਸ਼ਵਾਸ ਨਾਲ ਮੈਦਾਨ ਵਿਚ ਉੱਤਰੇ ਸਨ।
ਪਰ ਮੈਚ ਸ਼ੁਰੂ ਹੁੰਦੇ ਹੀ ਰੂਸੀ ਜੇਤੂ ਅਤੇ ਜਰਮਨ ਹਾਰੇ ਹੋਏ ਖਿਡਾਰੀ ਬਣ ਗਏ। ਪਹਿਲਾ ਗੋਲ ਮੈਚ ਦੇ ਪਹਿਲੇ ਹੀ ਮਿੰਟ ਵਿਚ ਹੋ ਗਿਆ। ਜਰਮਨ ਟੀਮ ਅੰਤ ਤਕ ਇੱਕ ਗੋਲ ਵੀ ਨਾ ਕਰ ਸਕੀ ਅਤੇ 0-7 ਗੋਲਾਂ `ਤੇ ਹਾਰ ਗਈ। ਜਰਮਨ ਇਸ ਹਾਰ ਤੋਂ ਬੜੇ ਦੁਖੀ ਹੋਏ ਅਤੇ ਉਨ੍ਹਾਂ ਦਾ ਇਹ ਦੁੱਖ ਤਦ ਹੋਰ ਵੀ ਵਧ ਗਿਆ ਜਦ ਉਨ੍ਹਾਂ ਨੇ ਦੇਖਿਆ ਕਿ ਕੀਵ ਦੇ ਦਰਸ਼ਕ ਆਪਣੇ ਖਿਡਾਰੀਆਂ ਦੀ ਜੈ-ਜੈ ਕਾਰ ਕਰ ਰਹੇ ਸੀ।
ਲਗਪਗ ਇੱਕ ਮਹੀਨੇ ਦੀ ਤਿਆਰੀ ਤੇ ਅਭਿਆਸ ਕਰਨ ਤੋਂ ਮਗਰੋਂ ਜਰਮਨਾਂ ਨੇ ਇੱਕ ਨਵੀਂ ਟੀਮ ਖੜ੍ਹੀ ਕੀਤੀ ਜਿਹੜੀ ਰੂਸੀਆਂ ਤੋਂ ਆਪਣੀ ਪਹਿਲੀ ਹਾਰ ਦਾ ਬਦਲਾ ਲੈਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸੀ। ‘ਸਟਾਰਟ’ ਦੇ ਖਿਡਾਰੀਆਂ ਨੇ ਵੀ ਪੂਰੀ ਤਿਆਰੀ ਕੀਤੀ ਕਿਉਂਕਿ ਉਹ ਜਰਮਨਾਂ ਦੇ ਦ੍ਰਿੜ੍ਹ ਇਰਾਦੇ ਅਤੇ ਫੁੱਟਬਾਲ-ਯੋਗਤਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਸਨ। ਜਦ ਫੁੱਟਬਾਲ ਸਟੇਡੀਅਮ ਵਿਚ ਦੂਜਾ ਮੈਚ ਸ਼ੁਰੂ ਹੋਇਆ ਤਾਂ ਜਰਮਨੀ ਦੀ ਟੀਮ ਦੇ ਕਪਤਾਨ ਨੇ ਆਪਣੇ ਖਿਡਾਰੀਆਂ ਨੂੰ ਕਿਹਾ, “ਤੁਹਾਨੂੰ ਸਭ ਨੂੰ ਆਪਣੇ ਪਿਆਰੇ ਨੇਤਾ ਹਿਟਲਰ ਦੀ ਸਹੁੰ ਹੈ ਸਾਥੀਓ, ਅੱਜ ਇਨ੍ਹਾਂ ਗ਼ੁਲਾਮ ਰੂਸੀਆਂ ਦੇ ਦੰਦ ਖੱਟੇ ਕਰ ਕੇ ਹੀ ਵਾਪਸ ਮੁੜਨਾ ਹੈ, ‘ਹੇਲ ਹਿਟਲਰ’।
ਪਰ ‘ਡਾਇਨੇਮੋ’ ਦੇ ਜੋਸ਼ੀਲੇ ਤੇ ਚੁਸਤ ਖਿਡਾਰੀਆਂ ਦੇ ਸਾਹਮਣੇ ਜਰਮਨ ਖਿਡਾਰੀਆਂ ਦੀ ਇੱਕ ਨਾ ਚੱਲ ਸਕੀ। ਉਹ ਰੂਸੀਆਂ `ਤੇ ਗੋਲ ਕਰਨਾ ਤਾਂ ਦੂਰ, ਉਨ੍ਹਾਂ ਦੇ ਅੱਧ ਮੈਦਾਨ ਵਿਚ ਦਾਖ਼ਲ ਹੋਣ ਤੋਂ ਵੀ ਅਸਫਲ ਰਹੇ। ਇਸ ਵਾਰ ਉਹ 0-6 ਗੋਲਾਂ ਦੇ ਸਕੋਰ ਨਾਲ ਹਾਰੇ।
ਮੈਚ ਖ਼ਤਮ ਹੋਣ `ਤੇ ਜਦ ਜਰਮਨ ਕਪਤਾਨ ਆਪਣੇ ਕੈਂਪ ਵਿਚ ਵਾਪਸ ਆਇਆ ਤਾਂ ਉਸਦਾ ਚਿਹਰਾ ਭਖਿਆ ਹੋਇਆ ਸੀ। ਉਸ ਨੇ ਆਪਣੇ ਖਿਡਾਰੀਆਂ ਨੂੰ ਯਾਦ ਦਿਵਾਇਆ ਕਿ ਉਹ ਮਨੁੱਖਾਂ ਵਿਚੋਂ ਸਭ ਤੋਂ ਉਚੀ ਆਰੀਆ ਨਸਲ ਦੇ ਜੁਝਾਰੂ ਹਨ। ਭਲਾ ਇਹ ਕਿਵੇਂ ਹੋ ਸਕਦਾ ਕਿ ਉਹ ਉਨ੍ਹਾਂ ਲੋਕਾਂ ਤੋਂ ਖੇਡ ਦੇ ਮੈਦਾਨ ਵਿਚ ਹਾਰ ਜਾਣ, ਜਿਨ੍ਹਾਂ ਨੂੰ ਉਨ੍ਹਾਂ ਨੇ ਲੜਾਈ ਦੇ ਮੈਦਾਨ ਵਿਚ ਹਰਾਇਆ ਹੈ।
ਤੀਜਾ ਮੈਚ ਦੂਸਰੇ ਮੈਚ ਦੇ ਦੋ ਦਿਨ ਬਾਅਦ ਹੀ ਰੱਖਿਆ ਗਿਆ। ਇਸ ਵਾਰ ਜਰਮਨ ਟੀਮ ਪੂਰੇ ਦ੍ਰਿੜ੍ਹ ਇਰਾਦੇ ਨਾਲ ਖੇਡਣ ਲਈ ਉੱਤਰੀ। ਪਰ, ਉਨ੍ਹਾਂ ਦੀ ਖੇਡ ਯੋਗਤਾ ਉਨ੍ਹਾਂ ਦੇ ਇਰਾਦਿਆਂ ਦੀ ਬਰਾਬਰੀ ਨਾ ਕਰ ਸਕੀ। ਹਾਂ, ਆਪਣੇ ਇਰਾਦੇ ਦੇ ਬਲ ਉੱਤੇ ਉਨ੍ਹਾਂ ਨੇ ਇਸ ਮੈਚ ਲੜੀ ਵਿਚ ਪਹਿਲੀ ਵਾਰ ਰੂਸੀਆਂ `ਤੇ ਇੱਕ ਗੋਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਪਰ ਉਹ 1-5 ਗੋਲਾਂ `ਤੇ ਹਾਰ ਗਏ।
ਜਦ ਇਸ ਮੈਚ ਦਾ ਵੇਰਵਾ ਜਰਮਨ ਅਖ਼ਬਾਰਾਂ ਵਿਚ ਛਪਿਆ ਤਾਂ ਉਨ੍ਹਾਂ ਨੇ ਲਿਖਿਆ, “ਰੂਸ ਦੇ ਗ਼ੁਲਾਮ ਖਿਡਾਰੀਆਂ ਨੇ ਤੀਜੀ ਵਾਰ ਜੇਤੂ ਜਰਮਨਾਂ ਦੀ ਫੁੱਟਬਾਲ ਟੀਮ ਨੂੰ ਬੁਰੀ ਤਰ੍ਹਾਂ ਹਰਾ ਕੇ ਜਰਮਨ ਟੀਮ ਦਾ ਹੀ ਨਹੀਂ ਸਗੋਂ ਸਾਰੇ ਜਰਮਨ ਰਾਸ਼ਟਰ ਅਤੇ ਬਾਦਸ਼ਾਹ ਹਿਟਲਰ ਦਾ ਅਪਮਾਨ ਕੀਤਾ ਹੈ। ਇਸ ਅਪਮਾਨ ਦਾ ਬਦਲਾ ਲਿਆ ਜਾਵੇਗਾ।”
ਇੱਕ ਹਫ਼ਤੇ ਮਗਰੋਂ ਜਰਮਨਾਂ ਨੇ ਰੂਸੀਆਂ ਨਾਲ ਚੌਥੇ ਫੁੱਟਬਾਲ ਮੈਚ ਦਾ ਐਲਾਨ ਕਰ ਦਿੱਤਾ। ਜਰਮਨਾਂ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਕਿ ਇਸ ਮੈਚ ਵਿਚ ਜਿੱਤ ਜਰਮਨਾਂ ਦੀ ਹੀ ਹੋਵੇਗੀ। ਇਸ ਮੈਚ ਵਿਚ ਜਰਮਨਾਂ ਦਾ ਖੇਡ ਪ੍ਰਦਰਸ਼ਨ ਵਾਕਈ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨਾਂ ਤੋਂ ਵਧੀਆ ਰਿਹਾ। ਫੇਰ ਵੀ ਉਹ 1-0 ਗੋਲ ਨਾਲ ਹਾਰ ਗਏ ਤੇ ਰੂਸੀਆਂ ਨੂੰ ਹਰਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ। ਪਰ, ਜਰਮਨ ਖਿਡਾਰੀਆਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਹ ਛੇਤੀ ਹੀ ਰੂਸੀਆਂ ਨੂੰ ਹਰਾ ਸਕਣਗੇ ਕਿਉਂਕਿ ਹੁਣ ਉਨ੍ਹਾਂ ਦੇ ਅਤੇ ਰੂਸੀਆਂ ਦੇ ਪ੍ਰਦਰਸ਼ਨ ਦਾ ਪੱਧਰ ਲਗਪਗ ਇੱਕ ਜਿਹਾ ਹੋ ਗਿਆ ਸੀ। ਪੰਜਵੇਂ ਮੈਚ ਵਿਚ ਜਰਮਨ ਖਿਡਾਰੀ ਦ੍ਰਿੜ੍ਹ ਇਰਾਦੇ ਨਾਲ ਮੈਦਾਨ ਵਿਚ ਉੱਤਰੇ ਕਿ ਇਸ ਵਾਰ ਜਿੱਤ ਯਕੀਨੀ ਹੈ। ਓਧਰ ‘ਸਟਾਰਟ’ ਦੇ ਖਿਡਾਰੀਆਂ ਦੇ ਮਨ ਵਿਚ ਵੀ ਇਹੀ ਦ੍ਰਿੜ੍ਹ ਵਿਸ਼ਵਾਸ ਕੰਮ ਕਰ ਰਿਹਾ ਸੀ।
ਜਦ ਇਸ ਮੈਚ ਵਿਚ ਵੀ ਜਰਮਨਾਂ ਨੂੰ ਹਾਰ ਦਾ ਕੌੜਾ ਘੁੱਟ ਭਰਨਾ ਪਿਆ ਤਾਂ ਉਨ੍ਹਾਂ ਦੇ ਉੱਚ ਸੈਨਾ ਅਧਿਕਾਰੀਆਂ ਨੇ ਇੱਕ ਲਿਖਤੀ ਹੁਕਮ ਜਾਰੀ ਕੀਤਾ ਕਿ ‘ਸਟਾਰਟ’ ਟੀਮ ਦੇ ਸਾਰੇ ਖਿਡਾਰੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਜਾਵੇ। ਉਨ੍ਹਾਂ ਖ਼ਿਲਾਫ਼ ਇਹ ਜੁਰਮ ਸੀ ਕਿ ਉਨ੍ਹਾਂ ਨੇ ਜੰਗੀ ਜੇਤੂਆਂ ਨੂੰ ਫੁੱਟਬਾਲ ਦੇ ਮੈਚਾਂ ਵਿਚ ਹਰਾ ਕੇ ਉਨ੍ਹਾਂ ਦਾ ਘੋਰ ਅਪਮਾਨ ਕੀਤਾ ਹੈ।
ਪਰ ਮਗਰੋਂ ਆਪਸ ਵਿਚ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ ਕਿ ਚਲੋ ਇਨ੍ਹਾਂ ਖਿਡਾਰੀਆਂ ਨੂੰ ਜਿਉਂਦੇ ਰਹਿਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ। ਹਾਂ, ਜੇ ਅੰਤਮ ਮੈਚ ਵਿਚ ਵੀ ਉਨ੍ਹਾਂ ਨੇ ਆਪਣੇ ਜੰਗੀ ਜੇਤੂਆਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ।
ਇਹ ਗੱਲ ਰੂਸੀ ਖਿਡਾਰੀਆਂ ਨੂੰ ਬੁਲਾ ਕੇ ਸਾਫ ਸ਼ਬਦਾਂ ਵਿਚ ਸਪੱਸ਼ਟ ਵੀ ਕਰ ਦਿੱਤੀ ਗਈ। ਰੂਸੀ ਖਿਡਾਰੀਆਂ ਨੇ ਮੌਤ ਦੀ ਸਜ਼ਾ ਨੂੰ ਸੁਣ ਕੇ ਕੁੱਝ ਨਹੀਂ ਕਿਹਾ ਪਰ ਜਦੋਂ ਉਹ ਆਪਣੀਆਂ ਬੈਰਕਾਂ ਵਿਚ ਵਾਪਸ ਆਏ ਤਾਂ ਸਾਰਿਆਂ ਨੇ ਇਹੀ ਫ਼ੈਸਲਾ ਕੀਤਾ ਕਿ ਮਰ ਜਾਵਾਂਗੇ, ਪਰ ਜਰਮਨਾਂ ਨੂੰ ਮੈਚ ਨਹੀਂ ਜਿੱਤਣ ਦਿਆਂਗੇ। ਹਾਂ, ਵਧੀਆ ਖੇਡ ਯੋਗਤਾ ਦਾ ਪ੍ਰਦਰਸ਼ਨ ਕਰ ਕੇ ਜਰਮਨ ਉਨ੍ਹਾਂ ਨੂੰ ਹਰਾ ਦੇਣ, ਤਾਂ ਗੱਲ ਹੋਰ ਹੈ। ਪਰ, ਡਰ ਦੇ ਮਾਰੇ ਜਾਣ ਬੁੱਝ ਕੇ ਉਨ੍ਹਾਂ ਤੋਂ ਮੈਚ ਵਿਚ ਨਹੀਂ ਹਾਰਾਂਗੇ। ਟੀਮ ਦੇ ਕਿਸੇ ਵੀ ਖਿਡਾਰੀ ਦੇ ਮਨ ਵਿਚ ਇੱਕ ਪਲ ਲਈ ਵੀ ਇਹ ਖ਼ਿਆਲ ਨਾ ਆਇਆ ਕਿ ਜਰਮਨਾਂ ਦੀ ਗੱਲ ਮੰਨ ਕੇ ਪ੍ਰਾਣ ਬਚਾ ਲਏ ਜਾਣ।
ਦੋਵਾਂ ਦੇਸ਼ਾਂ ਦੀਆਂ ਟੀਮਾਂ ਵਿਚਕਾਰ ਆਖ਼ਰੀ ਮੈਚ ਸ਼ੁਰੂ ਹੋਇਆ। ਮੈਚ ਸ਼ੁਰੂ ਹੋਏ ਨੂੰ ਇੱਕ ਮਿੰਟ ਹੀ ਹੋਇਆ ਸੀ ਕਿ ‘ਸਟਾਰਟ’ ਦੇ ਰੂਸੀ ਖਿਡਾਰੀਆਂ ਨੇ ਜਰਮਨ ਗੋਲਕੀਪਰ ਨੂੰ ਝਕਾਨੀ ਦੇ ਕੇ ਜਰਮਨ ਸਿਰ ਗੋਲ ਕਰ ਦਿੱਤਾ। ਅੱਧੇ ਸਮੇਂ ਤੱਕ, ਜਰਮਨਾਂ ਨੇ ਇਸ ਗੋਲ ਨੂੰ ਲਾਹੁਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਹਾਂ, ਉਨ੍ਹਾਂ ਨੇ ਆਪਣੇ ਸਿਰ ਕੋਈ ਹੋਰ ਗੋਲ ਨਹੀਂ ਹੋਣ ਦਿੱਤਾ।
ਅੱਧੇ ਸਮੇਂ ਦੇ ਦਸ ਮਿੰਟਾਂ ਦੇ ਵਕਫ਼ੇ ਦੌਰਾਨ ਇੱਕ ਉੱਚ ਜਰਮਨ ਫੌਜੀ ਅਫ਼ਸਰ ਨੇ ਰੂਸੀ ਖਿਡਾਰੀਆਂ ਕੋਲ ਜਾ ਕੇ ਉਨ੍ਹਾਂ ਨੂੰ ਫੇਰ ਸਮਝਾਇਆ, “ਜੇ ਇਸ ਮੈਚ ਦੇ ਅੰਤ ਵਿਚ ਵੀ ਜਰਮਨਾਂ ਨੂੰ ਹਾਰ ਸਵੀਕਾਰ ਕਰਨੀ ਪਈ ਤਾਂ ਰੂਸੀ ਖਿਡਾਰੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ ਜਾਵੇਗਾ।” ਪਰ ਇਸ ਧਮਕੀ ਦਾ ਰੂਸੀ ਖਿਡਾਰੀਆਂ `ਤੇ ਉਲਟਾ ਹੀ ਅਸਰ ਹੋਇਆ।
ਅੰਪਾਇਰ ਜਰਮਨ ਸੀ। ਉਹ ਆਪਣੇ ਅਧਿਕਾਰੀਆਂ ਦੇ ਹੁਕਮ ਦਾ ਪਾਲਣ ਕਰਦਾ ਆਪਣੀ ਟੀਮ ਦੇ ਖਿਡਾਰੀਆਂ ਦਾ ਹਰ ‘ਫਾਊਲ’ ਅਣਦੇਖਿਆ ਕਰ ਰਿਹਾ ਸੀ। ਰੂਸੀ ਖਿਡਾਰੀ ਇਸ ਗੱਲ `ਤੇ ਨਾਰਾਜ਼ ਸਨ, ਪਰ ਕਰ ਕੁੱਝ ਨਹੀਂ ਸਕਦੇ ਸਨ। ਇਸ ਦੇ ਉਲਟ ਜਦੋਂ ਜੀਅ ਤੋੜ ਹੰਭਲਾ ਮਾਰ ਕੇ ਉਨ੍ਹਾਂ ਨੇ ਜਰਮਨ ਟੀਮ ਸਿਰ ਸਿੱਧਾ ਗੋਲ ਕਰ ਦਿੱਤਾ ਤਾਂ ਅੰਪਾਇਰ ਕੋਲ ਇਸ ਗੋਲ ਨੂੰ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਮੈਚ ਦੇ ਅੰਤ `ਤੇ ਜਰਮਨ 2-0 ਗੋਲਾਂ ਨਾਲ ਹਾਰ ਗਿਆ। ਜਦ ਕੀਵ ਦੇ ਦਰਸ਼ਕਾਂ ਨੇ ਆਪਣੀ ਰੂਸੀ ਟੀਮ ਦੀ ਸ਼ਾਨਦਾਰ ਜਿੱਤ `ਤੇ ਤਾੜੀਆਂ ਮਾਰਨੀਆਂ ਚਾਹੀਆਂ ਤਾਂ ਜਰਮਨ ਫੌਜੀਆਂ ਨੇ ਰਾਈਫਲਾਂ ਦਿਖਾ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਹ ਉਥੋਂ ਚੁੱਪਚਾਪ ਚਲੇ ਗਏ।
ਇੱਕ ਘੰਟੇ ਮਗਰੋਂ, ਸਾਰੇ ਰੂਸੀ ਖਿਡਾਰੀਆਂ ਨੂੰ ਇੱਕ ਟਰੱਕ ਵਿਚ ਬੈਠਣ ਦਾ ਹੁਕਮ ਮਿਲਿਆ। ਟਰੱਕ ਕੁੱਝ ਕਿਲੋਮੀਟਰ ਦੂਰ ਇੱਕ ਜਗ੍ਹਾ ਉੱਤੇ ਪਹੁੰਚਿਆ ਜਿਥੇ ਉਨ੍ਹਾਂ ਸਾਰਿਆਂ ਨੂੰ ਇੱਕ ਕਤਾਰ ਵਿਚ ਖੜ੍ਹੇ ਕਰ ਕੇ, ਗੋਲੀਆਂ ਨਾਲ ਭੁੰਨ ਦਿੱਤਾ ਗਿਆ!
ਨਿਆਜ਼ ਕੁਰੇਸ਼ੀ ਦੀ ਉਰਦੂ ਕਹਾਣੀ
ਸਭ ਤੋਂ ਵੱਡਾ ਪਹਿਲਵਾਨ
ਇਹ ਕਹਾਣੀ ਉਦੋਂ ਦੀ ਹੈ ਜਦੋਂ ਹਿੰਦੁਸਤਾਨ ਉੱਤੇ ਅੰਗਰੇਜ਼ਾਂ ਦੀ ਹਕੂਮਤ ਸੀ। ਦਿੱਲੀ ਵਿਚ ਕੁਸ਼ਤੀ ਦੇ ਸ਼ੌਕੀਨਾਂ ਨੇ ਇੱਕ ਸਰਵ ਭਾਰਤੀ ਕੁਸ਼ਤੀ ਦੰਗਲ ਦਾ ਪ੍ਰਬੰਧ ਕੀਤਾ। ਚੈਂਪੀਅਨ ਭਲਵਾਨ ਨੂੰ 25000 ਰੁਪੈ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਇਹ ਰਕਮ ਅੱਜ ਦੇ ਲੱਖਾਂ ਰੁਪਈਆਂ ਬਰਾਬਰ ਬਣਦੀ ਹੈ।
ਹਿੰਦੁਸਤਾਨ ਵਿਚ ਉਨ੍ਹੀਂ ਦਿਨੀਂ ਦਰਜਨਾਂ ਚੰਗੇ ਪਹਿਲਵਾਨ ਸਨ, ਜਿਹੜੇ ਨਾਮੀ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲੈ ਕੇ ਸ਼ੋਹਰਤ ਕਮਾ ਚੁੱਕੇ ਸਨ। ਫੇਰ ਵੀ ਸਾਰਿਆਂ ਦਾ ਇਹੀ ਖ਼ਿਆਲ ਸੀ ਕਿ 25000 ਰੁਪਏ ਦਾ ਇਨਾਮ ਕਾਲੂ ਖਾਂ ਨੂੰ ਹੀ ਮਿਲੇਗਾ ਕਿਉਂਕਿ ਉਨ੍ਹੀਂ ਦਿਨੀਂ ਉਹ ਪੂਰੀ ‘ਫਾਰਮ’ ਵਿਚ ਸੀ। ਪਿਛਲੇ ਇੱਕ ਸਾਲ ਤੋਂ ਉਹ ਮੁਲਕ ਦੇ ਵੱਡੇ ਤੋਂ ਵੱਡੇ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਿਆ ਸੀ।
ਕਾਲੂ ਖਾਂ ਦਾ ‘ਗਾਡ ਫਾਦਰ’ ਸੀ, ਪੰਜਾਬ ਦੀ ਇੱਕ ਰਿਆਸਤ ਦਾ ਮਹਾਰਾਜਾ, ਜਿਸ ਦੀ ਛਤਰ ਛਾਇਆ ਹੇਠ ਉਹ ਹਰ ਰੋਜ਼ ਕੁਸ਼ਤੀ ਦਾ ਅਭਿਆਸ ਕਰਿਆ ਕਰਦਾ ਸੀ। ਉਹਦਾ ਗੱਠਿਆ ਹੋਇਆ ਫੌਲਾਦੀ ਜੁੱਸਾ ਦੇਖਣ ਵਾਲਾ ਸੀ। ਉਹਦੀ ਛਾਤੀ 54 ਇੰਚ ਦੀ ਤੇ ਡੌਲ਼ੇ 20 ਇੰਚੀ ਸਨ। ਉਹਦੀ ਖੁਰਾਕ ਵੀ ਉਹਦੇ ਪਹਾੜ ਜਿੱਡੇ ਜੁੱਸੇ ਜਿਹੀ ਸੀ। ਉਹ ਹਰ ਰੋਜ਼ ਪੱਚੀ ਸੇਰ ਦੁੱਧ, ਅੱਧਾ ਸੇਰ ਮੱਖਣ, ਦੋ ਸੇਰ ਬਦਾਮ ਅਤੇ ਪੰਜ ਹੋਰ ਫਲ ਪੀਂਦਾ ਖਾਂਦਾ ਸੀ। ਰਿਆਜ਼ ਦੇ ਤੌਰ `ਤੇ ਚਾਰ ਹਜ਼ਾਰ ਡੰਡ ਬੈਠਕਾਂ ਕੱਢਦਾ ਸੀ। ਦਸ ਸੇਰ ਦੀ ਭਾਰੀ ਕਹੀ ਨਾਲ ਖਾੜਾ ਖੋਦਦਾ ਸੀ।
ਦੰਗਲ ਬਾਰੇ ਸੁਣ ਕੇ ਮਹਾਰਾਜੇ ਨੇ ਕਾਲੂ ਖਾਂ ਨੂੰ ਆਪਣੇ ਇੱਕ ਏ. ਡੀ. ਸੀ. ਦੇ ਨਾਲ ਦਿੱਲੀ ਨੂੰ ਤੋਰ ਦਿੱਤਾ। ਏ.ਡੀ.ਸੀ. ਨੂੰ ਖ਼ਾਸ ਹਦਾਇਤ ਸੀ ਕਿ ਕਾਲੂ ਖਾਂ ਨੂੰ ਰਾਹ ਵਿਚ ਅਤੇ ਦਿੱਲੀ ਵਿਚ ਕਿਸੇ ਵੀ ਕਿਸਮ ਦੀ ਤਕਲੀਫ਼ ਨਾ ਹੋਵੇ। ਕਾਲੂ ਖਾਂ ਏ.ਡੀ.ਸੀ. ਦੇ ਨਾਲ ਦਿੱਲੀ ਨੂੰ ਚੱਲ ਪਿਆ। ਪੰਜਾਬ ਅਤੇ ਦਿੱਲੀ ਦੀ ਹੱਦ ਨੇੜੇ ਇੱਕ ਛੋਟੀ ਜਿਹੀ ਰਿਆਸਤ ਸੀ। ਕਾਰ ਜਦ ਰਿਆਸਤ ਵਿਚ ਦਾਖ਼ਲ ਹੋਈ ਤਾਂ ਕਾਲੂ ਖਾਂ ਨੇ ਕਾਰ ਰੁਕਵਾ ਲਈ ਕਿਉਂਕਿ ਉਸ ਨੂੰ ਇਸ ਰਿਆਸਤ ਦੀ ਇੱਕ ਦੁਕਾਨ ਦੀ ਲੱਸੀ ਬਹੁਤ ਪਸੰਦ ਸੀ। ਕਾਰ ਦੁਕਾਨ ਮੂਹਰੇ ਰੁਕਦੇ ਹੀ ਕਾਲੂ ਖ਼ਾਂ ਕਾਰ `ਚੋਂ ਬਾਹਰ ਨਿਕਲਿਆ ਤੇ ਲੱਸੀ ਦੇ ਅੱਧਾ ਦਰਜਨ ਵੱਡੇ ਗਿਲਾਸਾਂ ਦਾ ਆਰਡਰ ਦੇ ਕੇ ਲੱਸੀ ਪੀਣ ਬੈਠ ਗਿਆ।
ਗੱਲਾਂ-ਗੱਲਾਂ ਵਿਚ ਉਸ ਨੇ ਦੁਕਾਨਦਾਰ ਤੋਂ ਰਿਆਸਤ ਦੇ ਰਾਜੇ ਦਾ ਨਾਂ ਪੁੱਛਿਆ। ਨਾਂ ਦਾ ਪਤਾ ਲੱਗਣ ਉੱਤੇ ਉਹ ਉਸ ਰਾਜੇ ਦਾ ਮਖੌਲ ਉਡਾਉਣ ਲੱਗਾ ਅਤੇ ਆਪਣੀ ਰਿਆਸਤ ਦੇ ਰਾਜੇ ਦੀ ਤਾਰੀਫ਼ ਕਰਨ ਲੱਗ ਪਿਆ। ਦੁਕਾਨਦਾਰ ਨੂੰ ਆਪਣੇ ਮਹਾਰਾਜੇ ਦਾ ਮਖੌਲ ਉਡਦਾ ਸੁਣ ਕੇ ਬੁਰਾ ਤਾਂ ਲੱਗਿਆ ਪਰ ਉਸ ਦੀ ਹਿੰਮਤ ਨਾ ਹੋਈ ਕਿ ਮੁਲਕ ਦੇ ਸਭ ਤੋਂ ਵੱਡੇ ਪਹਿਲਵਾਨ ਕਾਲੂ ਖਾਂ ਨੂੰ ਟੋਕੇ।
ਪਰ ਉਸ ਦੇ ਨਾਲ ਬੈਠੇ ਇੱਕ ਆਦਮੀ ਤੋਂ ਨਹੀਂ ਰਿਹਾ ਗਿਆ। ਉਸ ਨੇ ਖ਼ਾਮੋਸ਼ੀ ਅਤੇ ਸੰਜੀਦਗੀ ਨਾਲ ਕਾਲੂ ਖਾਂ ਨੂੰ ਯਾਦ ਕਰਾਇਆ ਕਿ ਇਸ ਵੇਲੇ ਨਾ ਉਹ ਆਪਣੀ ਰਿਆਸਤ ਵਿਚ ਹੈ ਤੇ ਨਾ ਹੀ ਅੰਗਰੇਜ਼ਾਂ ਦੇ ਕਿਸੇ ਇਲਾਕੇ ਵਿਚ। ਉਹ ਭਾਵੇਂ ਕਿੰਨਾ ਵੀ ਵੱਡਾ ਤੇ ਨਾਮੀ ਭਲਵਾਨ ਕਿਉਂ ਨਾ ਹੋਵੇ, ਉਸ ਨੂੰ ਇਸ ਰਿਆਸਤ ਦੀ ਧਰਤੀ ਉੱਤੇ ਖੜ੍ਹੋ ਕੇ, ਉਸ ਦੇ ਰਾਜੇ ਦਾ ਮਖੌਲ ਉਡਾਉਣ ਦਾ ਕੋਈ ਅਧਿਕਾਰ ਨਹੀਂ।
ਕਾਲੂ ਖਾਂ ਉਸ ਆਦਮੀ ਦੀ ਗੱਲ ਸੁਣ ਕੇ ਜ਼ੋਰ ਦੀ ਹੱਸਿਆ ਤੇ ਫੇਰ ਉਸ ਆਦਮੀ ਅਤੇ ਰਿਆਸਤ ਦੇ ਰਾਜੇ ਨੂੰ ਇੱਕ ਗੰਦੀ ਗਾਲ੍ਹ ਦੇ ਦਿੱਤੀ। ਗਾਲ੍ਹ ਸੁਣਦੇ ਹੀ, ਉਸ ਆਦਮੀ ਨੇ ਕਾਲੂ ਖਾਂ ਦਾ ਹੱਥ ਫੜ ਕੇ ਉਸ ਨੂੰ ਹੱਥਕੜੀ ਲਾ ਦਿੱਤੀ। ਫੇਰ ਉਸ ਨੇ ਦੁਕਾਨ ਦੇ ਬਾਹਰ ਬੈਠੇ ਦੋ ਸਿਪਾਹੀਆਂ ਨੂੰ ਕਾਲੂ ਖਾਂ ਨੂੰ ਜੇਲ੍ਹ ਵਿਚ ਲੈ ਜਾਣ ਦਾ ਹੁਕਮ ਦਿੱਤਾ। ਕਾਲੂ ਖਾਂ ਨੇ ਉਸ ਆਦਮੀ ਤੋਂ ਆਪਣਾ ਹੱਥ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਆਦਮੀ ਨੇ ਜੋ ਉਮਰ ਵਿਚ ਕਾਲੂ ਖਾਂ ਤੋਂ ਦੁੱਗਣੀ ਉਮਰ ਦਾ ਸੀ ਪਰ ਸਰੀਰ ਵਿਚ ਅੱਧਾ ਸੀ, ਉਸ ਦਾ ਹੱਥ ਆਪਣੀ ਜਕੜ ਤੋਂ ਮੁਕਤ ਨਾ ਹੋਣ ਦਿੱਤਾ। ਉਹ ਕਾਲੂ ਖਾਂ ਨੂੰ ਖਿਚਦਾ ਹੋਇਆ ਥਾਣੇ ਵੱਲ ਲੈ ਤੁਰਿਆ।
ਏ. ਡੀ. ਸੀ. ਨੇ ਉਸ ਆਦਮੀ ਤੋਂ ਪੁੱਛਿਆ, “ਜਾਣਦਾ ਹੈਂ ਜਿਸ ਆਦਮੀ ਦੇ ਤੂੰ ਹੱਥਕੜੀ ਲਾਉਣ ਦੀ ਜੁਰਅੱਤ ਕੀਤੀ ਹੈ, ਇਹ ਕੌਣ ਹੈ?”
‘‘ਕੋਈ ਵੀ ਹੋਵੇ, ਰਿਆਸਤ ਦਾ ਦਰੋਗਾ ਹੋਣ ਦੇ ਨਾਤੇ ਮੈਨੂੰ ਇਸ ਗੁਨਾਹਗਾਰ ਨੂੰ ਫੜਨ ਦਾ ਪੂਰਾ ਹੱਕ ਹੈ।”
“ਜਾਣਦਾ ਹੈਂ ਇਸ ਦਾ ਨਤੀਜਾ ਕੀ ਹੋਵੇਗਾ?”
“ਕੀ ਤੁਸੀਂ ਮੈਨੂੰ ਧਮਕੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ?’’ ਏ.ਡੀ.ਸੀ. ਨੂੰ ਪਤਾ ਲੱਗ ਗਿਆ ਕਿ ਇਸ ਆਦਮੀ ਨੂੰ ਡਰਾਉਣ-ਧਮਕਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਉਸ ਨੇ ਖ਼ੁਸ਼ਾਮਦ ਕਰਦੇ ਕਿਹਾ, “ਮਾਫ਼ ਕਰਨਾ ਦਰੋਗਾ ਸਾਹਿਬ, ਕਾਲੂ ਖਾਂ ਤੋਂ ਵਾਕਈ ਬੜੀ ਭਾਰੀ ਗ਼ਲਤੀ ਹੋ ਗਈ ਹੈ। ਪਰ ਮਿਹਰਬਾਨੀ ਕਰਕੇ ਹੁਣ ਇਸ ਨੂੰ ਛੱਡ ਦਿਓ। ਇਸ ਨੇ ਦਿੱਲੀ ਜਾ ਕੇ ਇੱਕ ਕੁਸ਼ਤੀ ਮੁਕਾਬਲੇ ਵਿਚ ਭਾਗ ਲੈਣਾ ਹੈ।”
“ਇਸ ਨੂੰ ਛੱਡਣ ਦਾ ਵੱਸ ਮੇਰਾ ਨਹੀਂ ਅਦਾਲਤ ਦਾ ਹੈ।”
“ਇਹ ਤੁਸੀਂ ਕੀ ਗ਼ਜ਼ਬ ਢਾਹ ਰਹੇ ਹੋ, ਦਰੋਗਾ ਸਾਹਿਬ! ਇੱਕ ਮਾਮੂਲੀ ਜਿਹੇ ਜੁਰਮ ਲਈ ਤੁਸੀਂ ਹਿੰਦੁਸਤਾਨ ਦੇ ਸਭ ਤੋਂ ਵੱਡੇ ਭਲਵਾਨ ਨੂੰ 25000 ਰੁਪਏ ਦਾ ਇਨਾਮ ਜਿੱਤਣ ਤੋਂ ਰੋਕ ਰਹੇ ਹੋ ਜੋ ਰੋਕ ਨਹੀਂ ਸਕਦੇ।”
ਦਰੋਗੇ ਨੇ ਹੈਰਾਨੀ ਨਾਲ ਏ.ਡੀ.ਸੀ. ਵੱਲ ਦੇਖਿਆ। ਫੇਰ ਧਰਤੀ ਉੱਤੇ ਝੁਕਦੇ ਹੋਏ ਕਿਹਾ, “ਇਹ ਜੁਰਮ ਤੁਹਾਡੀ ਨਜ਼ਰ ਵਿਚ ਮਾਮੂਲੀ ਹੋ ਸਕਦਾ ਹੈ ਪਰ ਮੇਰੀ ਨਜ਼ਰ ਵਿਚ ਇਹ ਇੱਕ ਭਾਰੀ ਜੁਰਮ ਹੈ।”
“ਤੁਹਾਡੀ ਰਿਆਸਤ ਦੇ ਅੰਗਰੇਜ਼ ਏਜੰਟ ਨੂੰ ਜਦ ਇਸ ਘਟਨਾ ਦਾ ਪਤਾ ਚੱਲੇਗਾ ਤਾਂ ਉਹ ਜ਼ਰੂਰ ਤੁਹਾਡੇ ਨਾਲ ਨਾਰਾਜ਼ ਹੋਣਗੇ। ਮੈਂ ਯਕੀਨ ਨਾਲ ਕਹਿ ਸਕਦਾ ਹਾਂ।”
“ਮੈਂ ਇੰਨੀ ਅੱਗੇ ਦੀ ਨਹੀਂ ਸੋਚਦਾ। ਸੋਚਣ ਦੀ ਜ਼ਰੂਰਤ ਵੀ ਨਹੀਂ। ਇਸ ਲਈ ਨਹੀਂ ਕਿ ਮੈਂ ਕੋਈ ਗ਼ਲਤ ਕੰਮ ਨਹੀਂ ਕਰ ਰਿਹਾ। ਗੁਨਾਹਗਾਰ ਨੂੰ ਗ੍ਰਿਫ਼ਤਾਰ ਕਰਨਾ ਮੇਰਾ ਫਰਜ਼ ਹੈ।”
ਏ. ਡੀ. ਸੀ. ਨੇ ਫੌਰਨ ਆਪਣੇ ਮਹਾਰਾਜੇ ਨੂੰ ਫੋਨ ਕੀਤਾ। ਮਹਾਰਾਜੇ ਨੇ ਫੌਰਨ ਅੰਗਰੇਜ਼ ਏਜੰਟ ਨੂੰ, ਏਜੰਟ ਨੇ ਉਸ ਰਿਆਸਤ ਦੇ ਰਾਜੇ ਨੂੰ, ਰਾਜੇ ਨੇ ਫੌਰਨ ਦਰੋਗੇ ਨੂੰ ਬੁਲਾ ਲਿਆ।
ਰਾਜੇ ਦੇ ਇਹ ਪੁੱਛਣ ਉੱਤੇ ਕਿ ਮਾਮਲਾ ਕੀ ਹੈ? ਦਰੋਗੇ ਨੇ ਸਿਰ ਝੁਕਾ ਕੇ ਅਰਜ਼ ਕੀਤੀ, “ਗੁਸਤਾਖ਼ੀ ਦੀ ਮੁਆਫ਼ੀ ਚਾਹੁੰਦਾ ਹਾਂ ਅੰਨਦਾਤਾ। ਮੈਨੂੰ ਨਹੀਂ ਪਤਾ ਕਿ ਇਹ ਦੋਵੇਂ ਆਦਮੀ, ਇਹ ਪਹਿਲਵਾਨ ਅਤੇ ਇਸ ਦਾ ਹਮਾਇਤੀ ਕੌਣ ਹਨ? ਮੈਂ ਤਾਂ ਸਿਰਫ਼ ਇਹ ਜਾਣਦਾ ਹਾਂ ਕਿ ਮੁਜ਼ਰਮ ਪਹਿਲਵਾਨ ਨੇ ਬਿਨਾਂ ਕਿਸੇ ਕਾਰਨ ਆਪ ਦਾ ਮਜ਼ਾਕ ਉਡਾ ਕੇ ਅਤੇ ਆਪ ਨੂੰ ਗਾਲ੍ਹ ਦੇ ਕੇ ਇੱਕ ਸੰਗੀਨ ਜੁਰਮ ਕੀਤਾ ਹੈ। ਉਹ ਵੀ ਮੇਰੀਆਂ ਅੱਖਾਂ ਦੇ ਸਾਹਮਣੇ। ਇਸੇ ਕਰਕੇ ਮੈਨੂੰ ਮੁਜ਼ਰਮ ਨੂੰ ਗ੍ਰਿਫ਼ਤਾਰ ਕਰਨਾ ਪਿਆ। ਮੈਂ ਹਕੀਕਤ ਆਪ ਜੀ ਦੇ ਸਾਹਮਣੇ ਬਿਆਨ ਕਰ ਦਿੱਤੀ। ਹੁਣ ਆਪ ਜਿਹੜਾ ਹੁਕਮ ਦਿਓ, ਮੈਂ ਤਾਮੀਲ ਕਰਨ ਲਈ ਤਿਆਰ ਹਾਂ।”
ਰਾਜਾ ਦਰੋਗੇ ਦਾ ਬਿਆਨ ਸੁਣ ਕੇ ਮੁਸਕਰਾਇਆ। ਫਿਰ ਸ਼ਾਂਤ ਆਵਾਜ਼ ਵਿਚ ਬੋਲਿਆ, “ਪਰ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਦਰੋਗਾ ਸਾਹਿਬ ਕਿ ਤੁਸੀਂ ਕਾਲੂ ਖਾਂ ਨੂੰ ਫੜ ਕੇ, ਉਸ ਨੂੰ 25000 ਰੁਪਏ ਜਿੱਤਣ ਦੇ ਮੌਕੇ ਤੋਂ ਵਾਂਝਿਆਂ ਕਰ ਰਹੇ ਸੀ। ਕੁਸ਼ਤੀ ਮੁਕਾਬਲੇ ਵਿਚ ਕਾਲੂ ਖਾਂ ਦਾ ਪਹਿਲੇ ਨੰਬਰ ਉੱਤੇ ਆਉਣਾ ਤੈਅ ਜਿਹਾ ਹੀ ਸੀ।”
ਤਦ ਦਰੋਗਾ ਸਾਹਿਬ ਮੁਸਕਰਾਏ ਅਤੇ ਬੋਲੇ, “ਹਜ਼ੂਰ! ਕਾਲੂ ਖਾਂ ਮੇਰੇ ਜਿਹੇ ਬੁੱਢੇ ਅਤੇ ਪਿੱਦੀ ਆਦਮੀ ਤੋਂ ਜਦੋਂ ਆਪਦਾ ਹੱਥ ਨਾ ਛੁਡਾ ਸਕਿਆ ਤਾਂ ਖਾੜੇ ਵਿਚ ਕੀ ਕਮਾਲ ਦਿਖਾਉਂਦਾ? ਕੋਈ ਵੀ ਇਸ ਨੂੰ ਹਰਾ ਦਿੰਦਾ!”