ਉਗਦੇ ਸੂਰਜ ਦਾ ਮੱਠਾ-ਮੱਠਾ ਨਿੱਘ

ਪ੍ਰੋ. ਜਸਵੰਤ ਸਿੰਘ ਗੰਡਮ
ਫੋਨ: 98776-55055
ਅੱਜ-ਕੱਲ੍ਹ ਉਗਦੇ ਸੂਰਜ ਨੂੰ ਦੇਖਣ ਦਾ ਇਕ ਆਪਣਾ ਹੀ ਰੁਮਾਂਸ ਹੈ। ਸੁਭ੍ਹਾ ਸਵੇਰੇ ਮਿੱਠੀ-ਮਿੱਠੀ ਠੰਢ ਹੁੰਦੀ ਹੈ ਅਤੇ ਉਗਦਾ ਸੂਰਜ ਮੱਠਾ-ਮੱਠਾ ਨਿੱਘ ਦਿੰਦਾ ਹੈ! ਸਭ ਤੋਂ ਪਿਆਰੀ ਗੱਲ ਕਿ ਮੈਂ ਸੂਰਜ ਦੀ ਅੱਖ ਵਿਚ ਅੱਖ ਪਾ ਕੇ ਦੇਖ ਸਕਦਾਂ। ਉਸ ਨਾਲ ਅੱਖ ਮਿਲਾ ਸਕਦਾਂ! ਅੱਖ-ਮਟੱਕਾ ਵੀ ਕਰ ਸਕਦਾਂ! ਜਿਉਂ-ਜਿਉਂ ਗਰਮੀ ਵਧੇਗੀ ਤਾਂ ਸਾਹਜਰੇ ਦੀਆਂ ਕਿਰਨਾਂ ਦੀ ਤਪਸ਼ ਵਧ ਜਾਏਗੀ।

ਫਿਰ ਭਲਾ ਕਿਸ ਦੀ ਮਜਾਲ ਕਿ ਸੂਰਜ ਵੱਲ ਅੱਖ ਚੁੱਕ ਕੇ ਵੀ ਦੇਖ ਸਕੇ, ਅੱਖ ਮਿਲਾਉਣਾ ਤਾਂ ਦੂਰ ਦੀ ਗੱਲ। ਫਿਰ ਤਾਂ ਅੱਖਾਂ ਚੁੰਧਿਆ ਜਾਣਗੀਆਂ, ਬਲਕਿ ਚੁੰਨਿਆ ਜਾਣਗੀਆਂ। ਸੂਰਜ ਫਿਰ ਲਾਗੇ ਲੱਗਣ ਦਿੰਦਾ ਕਿਸੇ ਨੂੰ! ਉਹ ਕੋਈ ਚੰਦਾ ਮਾਮਾ ਥੋੜ੍ਹੀ ਐ ਕਿ ਜਦੋਂ ਚਾਹੋ ‘ਝਾਅ’ ਕਹਿ ਲਿਆ। ਉਹ ਤਾਂ ਅੱਗ ਹੈ, ਤਪਦਾ-ਬਲਦਾ ਤੇਜ਼ ਹੈ, ਭਸਮ ਕਰ ਦਊ!
ਖ਼ੈਰ, ਭਾਈਚਾਰਾ ਤਾਂ ਸਾਡਾ ਸੂਰਜ ਨਾਲ ਵੀ ਹੈ, ਭਾਵੇਂ ਉਹ ਧਰਤੀ ਤੋਂ 148.27 ਮਿਲੀਅਨ ਕਿਲੋਮੀਟਰ ਦੂਰ ਹੈ। ਜੇ ਭਾਈਚਾਰਾ ਨਾ ਹੁੰਦਾ ਤਾਂ ਨਿਆਣੇ ਹੁੰਦੇ ‘ਸੂਰਜਾ ਸੂਰਜਾ ਫੱਟੀ ਸੁਕਾ’ ਕਿਉਂ ਕਹਿੰਦੇ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਅੱਧੀ ਛੁੱਟੀ ਵੇਲੇ ਲਾਗਲੇ ਛੱਪੜ ਵੱਲ ਦੁੜੰਗੇ ਲਾ ਦਈਦੇ ਸੀ। ਫੱਟੀ ਪੋਚ ਕੇ ਫਿਰ ਗਾਚਣੀ ਮਲ ਦਈਦੀ ਸੀ ਅਤੇ ਸੂਰਜ ਨੂੰ ਜਲਦੀ ਫੱਟੀ ਸੁਕਾਉਣ ਲਈ ਕਿਹਾ ਜਾਂਦਾ ਸੀ ਤਾਂ ਕਿ ਅੱਧੀ ਛੁੱਟੀ ਖਤਮ ਹੋਣ ‘ਤੇ ਮੁੜ ਫੱਟੀ ਦਾ ਇਸਤੇਮਾਲ ਕੀਤਾ ਜਾ ਸਕੇ। ਮਾਣ ਤਾਂ ਸੂਰਜ ਉਪਰ ਐਨਾ ਹੁੰਦਾ ਸੀ ਕਿ ਅਪਣੱਤ ‘ਚ ਧਮਕੀ ਵੀ ਦੇ ਮਾਰੀ ਦੀ ਸੀ ਕਿ ‘ਜੇ ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ’!
ਉਦੋਂ ਸਕੂਲ ਵਿਚ ਇਕ ਕਹਾਣੀ ਵੀ ਲੱਗੀ ਹੁੰਦੀ ਸੀ, ਇਹ ਸਮਝਾਉਣ ਲਈ ਕਿ ਤਾਕਤਵਰ ਲੋਕਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ (ਖ਼ੈਰ, ਅੱਜ-ਕੱਲ੍ਹ ਤਾਂ ਤਾਕਤਵਰ ਲੋਕ ਹੰਕਾਰ ਤੋਂ ਬਿਨਾਂ ਹੋਰ ਕੁਛ ਕਰਦੇ ਹੀ ਨਹੀਂ!) ਕਹਾਣੀ ਇਸ ਤਰ੍ਹਾਂ ਸੀ, ਸੂਰਜ ਅਤੇ ਹਵਾ ਵਿਚ ਤਣਾ-ਤਣੀ ਹੋ ਗਈ। ਹਵਾ ਕਹਿ ਬੈਠੀ ਕਿ ਉਹ ਸੂਰਜ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਸਬੂਤ ਵਜੋਂ ਇਕ ਮੁਸਾਫਿਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਉਂ-ਜਿਉਂ ਹਵਾ ਤੇਜ਼ ਹੋਈ ਜਾਵੇ ਮੁਸਾਫਿਰ ਕੋਟ ਸਮੇਤ ਆਪਣੇ ਬਸਤਰ ਘੁੱਟ ਕੇ ਪਕੜੀ ਜਾਵੇ। ਹਵਾ ਹਨੇਰੀ ਹੋ ਗਈ ਪਰ ਮੁਸਾਫਿਰ ਨੇ ਆਪਣੇ ਕੱਪੜੇ ਹੋਰ ਵੀ ਘੁੱਟ ਕੇ ਫੜ ਲਏ। ਫਿਰ ਸੂਰਜ ਦੀ ਵਾਰੀ ਆਈ। ਜਿਉਂ ਹੀ ਗਰਮੀ ਵਧੀ ਮੁਸਾਫਿਰ ਨੇ ਆਪਣਾ ਕੋਟ ਤੁਰੰਤ ਲਾਹ ਦਿੱਤਾ। ਤਪਸ਼ ਹੋਰ ਵਧਣ ‘ਤੇ ਉਸ ਨੇ ਕਮੀਜ਼ ਵੀ ਲਾਹ ਦਿੱਤੀ। ਇਸ ਤੋਂ ਪਹਿਲਾਂ ਕਿ ਸੂਰਜ ਹੋਰ ਬਲਦਾ, ਹਵਾ ਨੇ ਹਾਰ ਮੰਨ ਲਈ!
ਸੂਰਜ ਸਾਡੇ ਦੁੱਖ-ਸੁਖ ਦਾ ਸਾਥੀ ਹੈ। ਸਾਡੇ ਵਰਗੇ ਬੁੱਢਿਆਂ ਨੂੰ ਕੜਾਕੇ ਦੀ ਠੰਢ ਤੋਂ ਸੂਰਜ ਹੀ ਬਚਾਉਂਦੈ। ਜੇ ਭਰ ਸਿਆਲ ਧੁੱਪ ਨਾ ਨਿਕਲੇ ਤਾਂ ਬੱਸ ਹੋ ਜਾਂਦੀ ਹੈ। ਤਾਹੀਂ ਤਾਂ ਕਹਿੰਦੇ ਜੇ ਬੁੱਢਾ ਸਿਆਲ ਕੱਢ ਗਿਆ ਤਾਂ ਸਮਝੋ ਸਾਲ ਕੱਢ ਗਿਆ! (ਇਸ ਵਾਰੀ ਜਨਵਰੀ ਵਿਚ ਸੂਰਜ ਬਹੁਤ ਸਮਾਂ ਦਿਸਿਆ ਹੀ ਨਹੀਂ, ਅਤੇ ਠੰਢ ਨੇ ਕੜੱਲ ਕੱਢ ਦਿੱਤੇ! ਇਹ ਤਾਂ ਭਲਾ ਹੋਵੇ ਫਰਵਰੀ ਦਾ ਜਿਸ ਵਿਚ ਸੂਰਜ ਦੇਵਤਾ ਦੇ ਦਰਸ਼ਨ ਹੋਏ!)
ਅੱਜੋਕੇ ਆਪਾ-ਧਾਪੀ ਦੇ ਸਮਿਆਂ ਵਿਚ ਸੂਰਜ ਦੀਆਂ ਰਿਸ਼ਮਾਂ ਸਾਡੇ ਵਰਗੇ ‘ਕੱਲੇ-ਕਹਿਰਿਆਂ ਨੂੰ ਸਵੇਰੇ ਨੀਂਦ ਤੋਂ ਜਗਾਉਂਦੀਆਂ ਹਨ। ਛੋਟੇ ਹੁੰਦਿਆਂ ਮਾਂ ਇਹ ਕਹਿ ਕੇ ਜਗਾਉਂਦੀ ਹੁੰਦੀ ਸੀ, ‘ਉਠ ਜਾ ਹੁਣ, ਸੂਰਜ ਗੋਡੇ ਗੋਡੇ ਚੜ੍ਹ ਆਇਆ।’ ਹੁਣ ਮਾਂ ਤਾਂ ਰਹੀ ਨਹੀਂ, ਜਗਾਉਣ ਵਾਲਾ ਕੋਈ ਹੈ ਨਹੀਂ, ਸਿਵਾਏ ਸੂਰਜ ਦੀਆਂ ਕਿਰਨਾਂ ਤੋਂ-‘ਤਨਹਾਈਓਂ ਕਾ ਯੇ ਆਲਮ ਹੈ ਮੇਰੇ ਮੌਲਾ, ਸੂਰਜ ਅਗਰ ਨਾ ਹੋ ਤੋ ਜਗਾਤਾ ਨਹੀਂ ਕੋਈ।’
ਜਿਉਂ ਹੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਸਾਡੇ ਕਮਰੇ ‘ਚ ਦਸਤਕ ਦਿੰਦੀਆਂ ਹਨ ਜਾਂ ਸਾਡੇ ਚਿਹਰੇ ‘ਤੇ ਪੈਂਦੀਆਂ ਹਨ ਤਾਂ ਸਾਨੂੰ ਇਉਂ ਲਗਦੈ ਕਿ ਮਾਂ ਮੱਥਾ ਚੁੰਮ ਕੇ ਲਾਡ ਨਾਲ ਕਹਿ ਰਹੀ ਹੋਵੇ, ‘ਪੁੱਤ ਉਠ, ਹੁਣ ਤਾਂ ਚਿੱਟਾ ਦਿਨ ਚੜ੍ਹ ਆਇਆ।’
ਸੂਰਜ ਧਰਤੀ ਉਪਰ ਊਰਜਾ, ਰੌਸ਼ਨੀ ਅਤੇ ਤਪਸ਼ ਦੇ ਸਭ ਤੋਂ ਵੱਡੇ ਸਰੋਤਾਂ ਵਿਚੋਂ ਹੈ। ਇਸ ਕਾਰਨ ਹੀ ਜੀਵਨ ਹੈ, ਦਿਨ ਅਤੇ ਰਾਤ ਹਨ, ਵਨਸਪਤੀ ਅਤੇ ਹੋਰ ਜਨ-ਜੀਵਨ ਹੈ। ਇਸ ਕਰਕੇ ਹੀ ਸੂਰਜ ਨੂੰ ਦੇਵਤਾ ਮੰਨਿਆ ਜਾਂਦਾ ਤੇ ਇਸ ਦੀ ਪੂਜਾ ਹੁੰਦੀ ਹੈ।
ਦਰਅਸਲ ਸੂਰਜ ਦਾ ਨਾਂ ਹੀ ਯੂਨਾਨ ਅਤੇ ਰੋਮ ਦੇ ਪ੍ਰਾਚੀਨ ਦੇਵਤਿਆਂ ਦੇ ਨਾਮ ‘ਤੇ ਪਿਆ। ਸੂਰਜ ਨੂੰ ਅੰਗਰੇਜ਼ੀ ਵਿਚ ‘ਸਨ’ ਕਹਿੰਦੇ ਹਨ। ਇਹ ਸ਼ਬਦ ਜਰਮੈਨਿਕ ਮੂਲ ਦੇ ‘ਸੋਨੀ’, ਪੁਰਾਤਨ ਅੰਗਰੇਜ਼ੀ ਦੇ ‘ਸੱਨੀ’, ਲਾਤੀਨੀ ‘ਸੋਲ’ ਅਤੇ ਡੱਚ ‘ਜ਼ੋਨ’ ‘ਤੋਂ ਹੁੰਦਾ ਹੋਇਆ ਆਪਣੇ ਮੌਜੂਦਾ ਰੂਪ ‘ਸਨ’ ਵਿਚ ਪੁੱਜਿਆ ਹੈ। ਯੂਨਾਨ ਵਾਲੇ ਇਸ ਨੂੰ ਹੀਲੀਯਸ ਕਹਿੰਦੇ ਹਨ ਜੋ ਇਕ ਖ਼ੂਬਸੂਰਤ ਸੂਰਜ ਦੇਵਤਾ ਹੈ। ਰੋਮਨ ‘ਸੋਲ’ ਨੂੰ ਸੂਰਜ ਦੇਵਤਾ ਮੰਨਦੇ ਹਨ। ਇਹ ਹੀਲੀਯਸ ਦਾ ਦੈਵੀ ਹਮਰੁਤਬਾ ਹੈ। ਲਾਤੀਨੀ ਸੋਲ ਤੋਂ ਹੀ ਸੋਲਰ ਸਿਸਟਮ (ਸੂਰਜ ਮੰਡਲ) ਸ਼ਬਦ ਹੋਂਦ ਵਿਚ ਆਇਆ।
ਸ਼ੇਕਸਪੀਅਰ ਆਪਣੇ ਨਾਟਕ ‘ਕਾਮੇਡੀ ਆਫ ਐਰਰਜ਼’ ਜੋ 1589-1594 ਦਰਮਿਆਨ ਲਿਖਿਆ ਗਿਆ ਤੇ ਪਹਿਲੀ ਵਾਰ 1623 ‘ਚ ਛਪਿਆ, ਵਿਚ ਸੂਰਜ ਦੇ ਪੁਰਾਣੇ ਸ਼ਬਦ-ਜੋੜ ਸੱਨੀ ਹੀ ਵਰਤਦੈ। ਮੌਜੂਦਾ ਸਪੈਲਿੰਗ 1600ਵਿਆਂ ਦੇ ਮੱਧ ਜਾਂ ਬਾਅਦ ਵਿਚ ਪ੍ਰਚੱਲਿਤ ਹੋਏ। ਸੂਰਜ ਨੂੰ ਸੰਸਕ੍ਰਿਤ ਵਿਚ ‘ਸੂਰਯ’ ਕਹਿੰਦੇ ਹਨ। ਬਤੌਰ ਸੰਗਯਾ ਇਸ ਦੇ ਦਿਵਾਕਰ ਅਤੇ ਦਿਨਮਣਿ ਨਾਮ ਵੀ ਹਨ।
ਯੂਨਾਨੀ ਮਿਥਿਹਾਸ ਅਨੁਸਾਰ ਸੂਰਜ ਦੇਵਤਾ ਹਰ ਰੋਜ਼ ਆਪਣੇ ਰੱਥ ‘ਤੇ ਸਵਾਰ ਹੋ ਕੇ ਆਕਾਸ਼ ਦੇ ਇਕ ਪਾਸੇ ਤੋਂ ਦੂਸਰੇ ਪਾਸੇ ਵੱਲ ਜਾਂਦਾ ਹੈ ਅਤੇ ਰਾਹ ਵਿਚ ਚਾਨਣ ਬਿਖੇਰਦਾ ਰਹਿੰਦਾ ਹੈ। ਵਿਗਿਆਨਕ ਪੱਖ ਆਪਾਂ ਸਾਰੇ ਜਾਣਦੇ ਹਾਂ। ਉੜੀਸਾ ਦੇ ਕੋਨਾਰਕ ਦਾ ਸੂਰਯ ਮੰਦਰ ਵੀ ਸੂਰਜ ਦੇਵਤਾ ਨੂੰ ਸਮਰਪਿਤ ਹੈ। ਇਹ ਵੀ ਸੂਰਜ ਦੇਵਤਾ ਦੇ ਵਿਸ਼ਾਲ ਰੱਥ ਨੂੰ ਦਰਸਾਉਂਦੈ, ਜਿਸ ਦੇ 24 ਪਹੀਏ ਹਨ ਅਤੇ ਜਿਸ ਨੂੰ 6 ਘੋੜਿਆਂ ਦੀ ਟੀਮ ਖਿੱਚਦੀ ਹੈ। ਕੋਨਾਰਕ ਸ਼ਬਦ ਵੀ ਸੰਸਕ੍ਰਿਤ ਦੇ ਸ਼ਬਦਾਂ ‘ਕੋਨਾਂ’ ਤੇ ‘ਆਰਕ’(ਸੂਰਜ) ਦੇ ਮੇਲ ਤੋਂ ਬਣਿਆ ਹੈ।
ਵੈਸੇ ਗੁਰਬਾਣੀ ਅਨੁਸਾਰ ਧਰਤੀਆਂ ਅਤੇ ਸੂਰਜ ਬੇਅੰਤ ਹਨ। ਜਪਜੀ ਸਾਹਿਬ ਵਿਚ ਜ਼ਿਕਰ ਹੈ-‘ਧਰਤੀ ਹੋਰੁ, ਪਰੈ ਹੋਰੁ ਹੋਰ’।…‘ਕੇਤੇ ਇੰਦ ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ’ ਭਾਵ (‘ਅਕਾਲ ਪੁਰਖ ਦੀ ਕੁਦਰਤਿ’ ਵਿਚ ਬੇਅੰਤ ਇੰਦਰ ਦੇਵਤੇ, ਬੇਅੰਤ ਚੰਦਰਮਾ, ਬੇਅੰਤ ਸੂਰਜ ਤੇ ਬੇਅੰਤ ਭਵਨ-ਚੱਕਰ ਹਨ)। ਗੁਰਬਾਣੀ ਵਿਚ ਸੂਰਜ ਦੇ ਹੋਰ ਵੀ ਹਵਾਲੇ ਹਨ, ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ’, ‘ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹੁ’, ‘ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ’॥
ਭਾਈ ਗੁਰਦਾਸ ਵੀ ਕਹਿੰਦੇ ਹਨ, ‘ਸੰਖ ਸਮੰਦਹੁ ਸੱਖਣਾ ਰੋਵੈ ਧਾਹਾਂ ਮਾਰ ਸੁਣਾਈ। ਘੁਘੂ ਸੂਝ ਨ ਸੂਝਈ ਸੂਰਜ ਜੋਤਿ ਨ ਲੁਕੈ ਲੁਕਾਈ’।
ਗੁਰੂ ਗੋਬਿੰਦ ਸਿੰਘ ਜੀ ਵੀ ਸੂਰਜ ਦਾ ਹਵਾਲਾ ਦਿੰਦੇ ਹਨ, ‘ਕੇਤੇ ਸੂਰ ਚੰਦ ਕਹੁ ਮਾਨੈ’ ‘ਕਈ ਸੂਰ ਚੰਦ ਸਰੂਪ’।
ਸੂਰਜਮੁਖੀ ਦੇ ਫੁੱਲ ਦੀ ਸ਼ਕਲ ਸੂਰਜ ਵਰਗੀ ਹੁੰਦੀ ਹੈ ਅਤੇ ਉਹ ਸੂਰਜ ਦੇ ਨਾਲ ਨਾਲ ਆਪਣਾ ਮੂੰਹ ਘੁਮਾਉਂਦਾ ਰਹਿੰਦਾ ਹੈ। ਕਮਲ ਵੀ ਸੂਰਜ ਦੇਖ ਕੇ ਖਿੜਦਾ ਹੈ। ਸੂਰਜਕੁੰਡ ਸੂਰਜ ਦੇਵਤਾ ਦੇ ਨਾਮ ‘ਤੇ ਹਨ। ਸੂਰਜਵੰਸ਼ੀ ਰਾਜੇ ਬੜੇ ਪ੍ਰਤਾਪੀ ਹੋਏ ਹਨ। ਭਗਵਾਨ ਰਾਮ ਵੀ ਸੂਰਜਵੰਸ਼ੀ ਸੀ। ਸੂਰਜ ਨੂੰ ਨਮਸਕਾਰ ਵੀ ਕੀਤਾ ਜਾਂਦੈ।
ਸੂਰਜ ਨੂੰ ਦੀਵਾ ਦਿਖਾਉਣਾ, ਚੜ੍ਹਦੇ ਸੂਰਜ ਨੂੰ ਸਲਾਮ ਕਰਨਾ, ਕਿਸਮਤ ਦਾ ਸੂਰਜ ਡੁੱਬਣਾ, ਸੂਰਜ ਏਧਰ ਦਾ ਉਧਰ ਹੋਣਾ, ਸੂਰਜ ਚੜ੍ਹਨਾ, ਸੂਰਜ ਘਰੋਣਾ/ਡੁੱਬਣਾ, ਸੂਰਜ ਦੇ ਸਾਹਮਣੇ ਟਟਹਿਣਾ, ਸੂਰਜ ਖੇਤੀ ਪਾਲ ਹੈ, ਚੰਨ ਬਣਾਵੇ ਰਸ, ਜੇ ਇਹ ਦੋਵੇਂ ਨਾ ਮਿਲੇ, ਖੇਤੀ ਹੋਵੇ ਭਸ ਆਦਿ ਸੂਰਜ ਨਾਲ ਸਬੰਧਤ ਅਖਾਣ ਹਨ।
ਸੁਰਜੀਤ ਪਾਤਰ ਨੇ ਸੂਰਜ ਨਾਲ ਸਬੰਧਤ ਬੜਾ ਕੁਝ ਲਿਖਿਆ-‘ਮੇਰਾ ਸੂਰਜ ਡੁੱਬਿਆ ਹੈ, ਤੇਰੀ ਸ਼ਾਮ ਨਹੀਂ ਹੈ’, ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ, ਚਾਨਣੀ ਵਿਚ ਹੋਰ ਰਸਤੇ ਚਮਕਦੇ’, ‘ਮੈਂ ਸੂਰਜ ਜੋ ਡੁੱਬਿਆ ਦਿਸ਼ਾਵਾਂ ਤੋਂ ਚੋਰੀ’, ‘ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ…।’
ਬਾਲ ਕਵੀ ਬੈਰਾਗੀ ਦੀ ਸੂਰਜ ਸਬੰਧੀ ਇਕ ਕ੍ਰਾਂਤੀਕਾਰੀ ਕਵਿਤਾ ਹੈ-
‘ਆਜ ਮੈਨੇ ਸੁੂਰਯ ਸੇ ਬਸ ਜ਼ਰਾ ਸਾ ਯੂੰ ਕਹਾ,
ਆਪ ਕੇ ਸਾਮਰਾਜਯ ਮੇਂ ਇਤਨਾ ਅੰਧੇਰਾ ਕਿਯੂੰ ਰਹਾ?’
ਤਮਤਮਾ ਕਰ ਵਹ ਦਹਾੜਾ-
‘ਮੈਂ ਅਕੇਲਾ ਕਯਾ ਕਰੂੰ?
ਤੁਮ ਨਿਕੰਮੋਂ ਕੇ ਲੀਏ ਮੈਂ ਹੀ ਭਲਾ ਕਬ ਤਕ ਮਰੂੰ?
ਆਕਾਸ਼ ਕੀ ਆਰਾਧਨਾ ਕੇ
ਚੱਕਰੋਂ ਮੇਂ ਮਤ ਪੜੋ
ਸੰਗਰਾਮ ਯਹ ਘਨਘੋਰ ਹੈ,
ਕੁਛ ਮੈਂ ਲੜੂੰ ਕੁਛ ਤੁਮ ਲੜੋ।’
ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ ਹਨ:
‘ਡੁੱਬਾ ਸੂਰਜ ਪਿਆ ਹਨੇਰਾ,
ਕੱਲ ਇਸ ਨੇ ਮੁੜ ਪਾਉਣਾ ਫੇਰਾ।’
ਨਵੇਂ ਸਾਲ ਮੌਕੇ ਅਨੇਕਾਂ ਕਵਿਤਾਵਾਂ ਸੂਰਜ ਨੂੰ ਸੰਬੋਧਨ ਹੋ ਕੇ ਲਿਖੀਆਂ ਗਈਆਂ।
ਨਵੇਂ ਸਾਲ ਦਿਆ ਸੂਰਜਾ,
ਚਾਨਣ ਕਰ ਚੁਫੇਰ
ਜਗਮਗ ਹੋਵੇ ਬਾਹਰ ਵੀ,
ਅੰਦਰੋਂ ਮਿਟੇ ਹਨੇਰ।
‘ਐਂਪਾਇਰ ਆਫ ਦਾ ਸਨ’ ਸਮੇਤ ਅਨੇਕਾਂ ਅੰਗਰੇਜ਼ੀ ਫਿਲਮਾਂ ਦੇ ਨਾਮ ਸੂਰਜ ਉਪਰ ਹਨ। 1966 ਦੀ ਹਿੰਦੀ ਫ਼ਿਲਮ ਦਾ ਨਾਮ ‘ਸੂਰਜ’ ਅਤੇ 1999 ਦੀ ਫ਼ਿਲਮ ਦਾ ਨਾਮ ‘ਸੂਰਯਵੰਸ਼ਮ’ ਸੀ।
ਅੰਤ ਵਿਚ ਇਕ ਕਹਾਣੀ ਕਹਿ ਕੇ ਕਲਮ ਨੂੰ ਆਰਾਮ ਦਿੰਦੇ ਹਾਂ। ਕਹਿੰਦੇ ਹਨੇਰੇ ਨੇ ਪਰਮਾਤਮਾ ਦੀ ਕਚਹਿਰੀ ‘ਚ ਪੇਸ਼ ਹੋ ਕੇ ਫ਼ਰਿਆਦ ਕੀਤੀ ਕਿ ਸੂਰਜ ਨੂੰ ਸਮਝਾਇਆ ਜਾਵੇ ਕਿ ਉਹ ਉਸ ਨਾਲ ਦੁਸ਼ਮਣੀ ਛੱਡੇ ਅਤੇ ਉਸ ਨੂੰ ਚਾਰ ਘੜੀਆਂ ਚੈਨ ਨਾਲ ਰਹਿਣ ਦੇਵੇ। ਸੂਰਜ ਦੀ ਪੇਸ਼ੀ ਹੋਈ ਤਾਂ ਸੂਰਜ ਨੇ ਰੱਬ ਨੂੰ ਜਵਾਬ ਦਿੱਤਾ, ‘ਹਜ਼ੂਰ! ਮੇਰੀ ਕਾਹਦੀ ਦੁਸ਼ਮਣੀ? ਮੈਂ ਤਾਂ ਹਨੇਰੇ ਨੂੰ ਜਾਣਦਾ ਤਕ ਨਹੀਂ, ਇਸ ਨੂੰ ਕਦੀ ਦੇਖਿਆ ਹੀ ਨਹੀਂ। ਮੈਂ ਤਾਂ ਪ੍ਰਕਾਸ਼ ਦਾ ਪਰਚਮ ਬਰਦਾਰ ਹਾਂ, ਚਾਰ-ਚੁਫੇਰੇ ਚਾਨਣ ਬਿਖੇਰਦਾਂ, ਹਨੇਰੇ ਦੀ ਤਾਂ ਮੈਂ ਮਕਾਣੇ ਵੀ ਨਾਂ ਜਾਵਾਂ!’