ਰੂਸ-ਯੂਕਰੇਨ ਵਿਵਾਦ…ਜੰਗ ਟਲਤੀ ਰਹੇ ਤੋ ਬਿਹਤਰ ਹੈ!

ਮੁਹੰਮਦ ਅੱਬਾਸ ਧਾਲੀਵਾਲ
ਫੋਨ: 98552-59650
ਉਘੇ ਸ਼ਾਇਰ ਸਾਹਿਰ ਲੁਧਿਆਣਵੀ ਨੇ ਜੰਗ ਦੀਆਂ ਤਬਾਹੀਆਂ ਦੇ ਦ੍ਰਿਸ਼ ਨੂੰ ਆਪਣੀ ਇਕ ਨਜ਼ਮ ‘ਐ ਸ਼ਰੀਫ ਇਨਸਾਨੋਂ’ ਵਿਚ ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਬਹੁਤ ਹੀ ਭਾਵੁਕ ਅੰਦਾਜ਼ ਵਿਚ ਪੇਸ਼ ਕਰਦਿਆਂ ਇਸ ਨੂੰ ਟਾਲਣ ਲਈ ਕਿਹਾ ਸੀ।

ਇਹ ਨਜ਼ਮ ਜਿੰਨੀ ਮਹੱਤਤਾ ਉਸ ਵੇਲੇ ਰੱਖਦੀ ਸੀ, ਉਨੀ ਹੀ ਅੱਜ ਪ੍ਰਭਾਵਸ਼ਾਲੀ ਹੈ, ਕਿਉਂਕਿ ਸੰਸਾਰ ਦੇ ਕੁਝ ਤਾਕਤਵਰ ਦੇਸ਼ਾਂ ਦੇ ਹੁਕਮਰਾਨ ਅਰਥਾਤ ਸ਼ਰੀਫ ਇਨਸਾਨ ਅਜਿਹੇ ਹਨ ਜੋ ਅੱਜ ਵੀ ਸਿਰਫ ਅਤੇ ਸਿਰਫ ਆਪਣੀ ਹਉਮੈ ਅਤੇ ਸੌੜੇ ਹਿਤਾਂ ਦੀ ਪੂਰਤੀ ਲਈ ਦੁਨੀਆ ਦੀ ਸੁੱਖ-ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਰਹਿੰਦੇ ਹਨ।
ਇਨ੍ਹਾਂ ਵਿਚ ਜੇਕਰ ਵਿਸ਼ਵ ਸ਼ਕਤੀਆਂ ਤੇ ਉਨ੍ਹਾਂ ਦੇ ਭਾਈਵਾਲਾਂ ਦੀ ਗੱਲ ਕਰੀਏ ਤਾਂ ਉਹ ਇਸ ਵਿਚ ਪੇਸ਼ ਰਹਿੰਦੇ ਹਨ। ਅਸੀਂ ਭਾਵੇਂ ਅੱਜ ਬਹੁਤ ਤਰੱਕੀ ਕਰ ਲੈਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਚੰਨ ਉਤੇ ਝੰਡੇ ਗੱਡਣ ਤੋਂ ਬਾਅਦ ਮੰਗਲਗ੍ਰਹਿ ‘ਤੇ ਫਤਹਿ ਪਾਉਣ ਦੇ ਸੁਪਨੇ ਵੇਖ ਰਹੇ ਹਾਂ ਪਰ ਜੇ ਮੌਲਿਕ ਅਧਿਕਾਰਾਂ ਤੇ ਕਦਰਾਂ-ਕੀਮਤਾਂ ਦੀ ਗੱਲ ਕਰੀਏ ਤਾਂ ਲਗਾਤਾਰ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ। ਉਰਦੂ ਦੇ ਇੱਕ ਸ਼ਾਇਰ ਨੇ ਕਿੰਨਾ ਵਧੀਆ ਕਿਹਾ ਹੈ ਕਿ…
ਬੜ੍ਹਨੇ ਕੋ ਬਸ਼ਰ ਚਾਂਦ ਸੇ ਭੀ ਆਗੇ ਬੜ੍ਹਾ ਹੈ,
ਯੇ ਸੋਚੀਏ ਕਿਰਦਾਰ ਘਟਾ ਹੈ ਕਿ ਬੜ੍ਹਾ ਹੈ।
ਜੰਗ ਭਾਵੇਂ ਕਿਤੇ ਵੀ ਹੋਵੇ ਉਸਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ ਅਤੇ ਜੰਗ ਦੇ ਫਲਸਰੂਪ ਵਹਿਣ ਵਾਲਾ ਲਹੂ ਪੂਰੀ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਤਾਹੀਓਂ ਤਾਂ ਸਾਹਿਰ ਕਹਿੰਦਾ ਹੈ:
ਖੂਨ ਅਪਨਾ ਹੋ ਯਾ ਪਰਾਇਆ ਹੋ,
ਨਸਲ ਏ-ਆਦਮ ਕਾ ਖੂਨ ਹੈ ਆਖਿਰ।
ਜੰਗ ਮਸ਼ਰਿਕ ਮੇਂ ਹੋ ਕਿ ਮਗਰਿਬ ਮੇਂ,
ਅਮਨ-ਏ-ਆਲਮ ਕਾ ਖੂਨ ਹੈ ਆਖਿਰ।
ਸਾਹਿਰ ਦੀਆਂ ਉਕਤ ਸਤਰਾਂ ਸੱਚਾਈ ਨਾਲ ਭਰਪੂਰ ਹਨ। ਜੰਗ ਭਾਵੇਂ ਕੁਝ ਹੀ ਸਮਾਂ ਚੱਲੇ ਪਰ ਉਸਦੇ ਨਤੀਜੇ ਦੇਰ ਤਕ ਝੇਲਣੇ ਪੈਂਦੇ ਹਨ। ਅਮਰੀਕਾ ਦੀ ਬੰਬਾਰੀ ਦਾ ਸਾਹਮਣਾ ਕਰ ਚੁੱਕੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਸੱਤ ਦਹਾਕਿਆਂ ਤੋਂ ਉਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਅੱਜ ਵੀ ਜੰਗ ਦੀ ਬਰਬਾਦੀ ਦੀ ਦਾਸਤਾਨ ਚੀਕ-ਚੀਕ ਕੇ ਬਿਆਨ ਕਰ ਰਹੇ ਹਨ। ਇਨ੍ਹਾਂ ਬੰਬਾਂ ਕਾਰਨ ਆਏ ਜ਼ਖਮ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਲਈ ਨਾਸੂਰ ਬਣੇ ਹੋਏ ਹਨ। ਕਿੰਨੇ ਦੁਖ ਦੀ ਗੱਲ ਹੈ ਕਿ ਇਨ੍ਹਾਂ ਸ਼ਹਿਰਾਂ ਦੀਆਂ ਜ਼ਮੀਨਾਂ ਬੰਜਰ ਬਣ ਗਈਆਂ ਹਨ ਤੇ ਨਵ-ਜੰਮੇ ਬੱਚੇ ਅੱਜ ਵੀ ਅਪੰਗ ਪੈਦਾ ਹੁੰਦੇ ਹਨ। ਇਸ ਹਾਲਾਤ ਦੀ ਮੰਜ਼ਰ-ਕਸ਼ੀ ਕਰਦੇ ਸਾਹਿਰ ਆਖਦੇ ਹਨ:
ਬੰਬ ਘਰੋਂ ਪੇ ਗਿਰੇਂ ਕਿ ਸਰਹੱਦ ਪਰ,
ਰੂਹ ਏ-ਤਾਅਮੀਰ ਜ਼ਖਮ ਖਾਤੀ ਹੈ।
ਖੇਤ ਅਪਨੇ ਜਲੇਂ ਕਿ ਗੈਰੋਂ ਕੇ,
ਜ਼ੇਸਤ ਫਾਕੋਂ ਸੇ ਤਿਲਮਿਲਾਤੀ ਹੈ।
ਕੁਝ ਪਲਾਂ ਦੀ ਗਲਤੀ ਦੀ ਸਜ਼ਾ ਕਿਵੇਂ ਸਦੀਆਂ ਤੱਕ ਭੁਗਤਣੀ ਪੈਂਦੀ ਹੈ, ਇਸ ਦੀ ਪਰਿਭਾਸ਼ਾ ਮਜ਼ੱਫਰ ਰਜ਼ਮੀ ਨੇ ਇਕ ਸ਼ਿਅਰ ਵਿਚ ਇੰਝ ਬਿਆਨ ਕੀਤੀ ਹੈ:
ਤਾਰੀਖ ਕੀ ਆਂਖੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।
ਯੁੱਧ ਦੇ ਮੈਦਾਨ ਵਿਚ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ, ਮਰਨ ਵਾਲਿਆਂ ਦਾ ਸੋਗ ਅਤੇ ਮਾਤਮ ਦੋਵੇਂ ਪਾਸੇ ਪਸਰਿਆ ਮਿਲਦਾ ਹੈ, ਇਸੇ ਲਈ ਸਾਹਿਰ ਕਹਿੰਦੇ ਹਨ:
ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ,
ਕੋਖ ਧਰਤੀ ਕੀ ਬਾਂਝ ਹੋਤੀ ਹੈ।
ਫਤਹਿ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜ਼ਿੰਦਗੀ ਮਈਯਤੋਂ ਪੇ ਰੋਤੀ ਹੈ।
ਜੰਗ ਦੇ ਪਿਛਲੇ ਤਜਰਬੇ ਦੱਸਦੇ ਹਨ ਕਿ ਜੰਗ ਭਾਵੇਂ ਕਿੰਨੀ ਹੀ ਲੰਮੀ ਕਿਉਂ ਨਾ ਚੱਲੇ, ਪਰ ਉਸਦਾ ਨਿਬੇੜਾ ਅੰਤ ਗੱਲਬਾਤ ਰਾਹੀਂ ਹੀ ਹੁੰਦਾ ਹੈ। ਜਦ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੰਗ ਕਿਸੇ ਸਮੱਸਿਆ ਦਾ ਸਦੀਵੀ ਹੱਲ ਨਹੀਂ ਹੈ ਤਾਂ ਅਸੀਂ ਜੰਗ ਦੇ ਰਸਤੇ ਨੂੰ ਚੁਣ ਕੇ ਮਨੁੱਖੀ ਜਾਨਾਂ ਦਾ ਘਾਣ ਕਿਉਂ ਕਰੀਏ? ਸਾਹਿਰ ਆਖਦੇ ਹਨ:
ਜੰਗ ਤੋ ਖੁ਼ਦ ਹੀ ਏਕ ਮਸਲਾ ਹੈ,
ਜੰਗ ਕਿਯਾ ਮਸਲੋਂ ਕਾ ਹੱਲ ਦੇਗੀ।
ਆਗ ਔਰ ਖੂਨ ਆਜ ਬਖਸ਼ੇਗੀ,
ਭੂਖ ਔਰ ਅਹਿਤਿਆਜ ਕਲ ਦੇਗੀ।
ਆਪਣੀ ਨਜ਼ਮ ਦੇ ਆਖਰੀ ਪਹਿਰੇ ਵਿਚ ਸਾਹਿਰ ਟਰੰਪ ਅਤੇ ਕਿਮ ਜੌਂਗ ਜਿਹੇ ਸ਼ਰੀਫ ਇਨਸਾਨਾਂ ਨੂੰ ਮੁਖਾਤਿਬ ਹੁੰਦਿਆਂ ਆਖਦੇ ਹਨ:
ਇਸ ਲੀਯੇ ਐ ਸ਼ਰੀਫ ਇਨਸਾਨੋਂ,
ਜੰਗ ਟਲਤੀ ਰਹੇ ਤੋ ਬਿਹਤਰ ਹੈ।
ਆਪ ਔਰ ਹਮ ਸਭੀ ਕੇ ਆਂਗਨ ਮੇਂ,
ਸ਼ਮਾਂ ਜਲਤੀ ਰਹੇ ਤੋ ਬਿਹਤਰ ਹੈ।
ਦੁਨੀਆ ਦੇ ਵਧੇਰੇ ਗਰੀਬ ਦੇਸ਼ਾਂ ਦੇ ਲੋਕ ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਅਤੇ ਭੁੱਖਮਰੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਜੇਕਰ ਇਨ੍ਹਾਂ ਸ਼ਰੀਫ ਇਨਸਾਨਾਂ ਨੇ ਜੰਗ ਹੀ ਲੜਨੀ ਹੈ ਤਾਂ ਗਰੀਬਾਂ ਦੀ ਗਰੀਬੀ ਦੂਰ ਕਰਨ ਲਈ ਜੰਗ ਲੜਨੀ ਚਾਹੀਦੀ ਹੈ। ਜੇ ਜੰਗ ਲੜਨਾ ਹੀ ਮਕਸਦ ਹੈ ਤਾਂ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਵਿਰੁਧ ਜੰਗ ਲੜਨੀ ਚਾਹੀਦੀ ਹੈ। ਜੇਕਰ ਜੰਗ ਹੀ ਲੜਨੀ ਹੈ ਤਾਂ ਅੱਜ ਕਿੰਨੇ ਹੀ ਬੱਚੇ ਭੁੱਖਮਰੀ ਅਤੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਨੂੰ ਇਕ ਸਮੇਂ ਦੀ ਰੋਟੀ ਮਿਲਣੀ ਤਾਂ ਦੂਰ ਪੀਣ ਲਈ ਸਾਫ ਪਾਣੀ ਤਕ ਉਪਲੱਬਧ ਨਹੀਂ ਹੈ। ਇਨ੍ਹਾਂ ਦੀ ਭੁੱਖ ਮਿਟਾਉਣ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਜੰਗ ਲੜਨੀ ਚਾਹੀਦੀ ਹੈ।
ਅੱਜ ਸੰਸਾਰ ਨੂੰ ਜਾਨਲੇਵਾ ਹਥਿਆਰਾਂ ਦੀ ਨਹੀਂ ਸਗੋਂ ਜੀਵਨ ਉਪਰ ਛਾਏ ਅੰਧਕਾਰ ਦੇ ਬੱਦਲਾਂ ਨੂੰ ਦੂਰ ਕਰਨ ਲਈ ਸਿੱਖਿਆ ਸੰਸਥਾਵਾਂ ਅਤੇ ਬੀਮਾਰੀ ਨਾਲ ਜੂਝ ਰਹੀ ਮਨੁੱਖਤਾ ਨੂੰ ਨਿਰੋਗ ਬਣਾਉਣ ਵਾਲੇ ਆਧੁਨਿਕ ਕਿਸਮ ਦੇ ਹਸਪਤਾਲਾਂ ਦੀ ਵਧੇਰੇ ਲੋੜ ਹੈ।
ਜੇ ਗੱਲ ਮੌਜੂਦਾ ਰੂਸ ਤੇ ਯੂਕਰੇਨ ਵਿਵਾਦ ਦੀ ਕਰੀਏ ਤਾਂ ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਵਿਚ ਸੋਵੀਅਤ ਯੂਨੀਅਨ ਦੇ ਬਿਖਰਨ ਨਾਲ ਹੀ ਦੁਨੀਆ ਦੇ ਲੋਕ ਇਹ ਸਮਝਣ ਲੱਗ ਪਏ ਸਨ ਕਿ ਜਿਵੇਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਦਹਾਕਿਆਂ ਪੁਰਾਣੇ ਸ਼ੀਤ ਯੁੱਧ ਦਾ ਅੰਤ ਹੋ ਗਿਆ ਹੈ, ਅਮਰੀਕਾ ਖੁਦ ਨੂੰ ਦੁਨੀਆ ਦਾ ਇਕਲੌਤਾ ਮਾਈ-ਬਾਪ ਕਹਾਉਣ ਲੱਗਾ। ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਵਿਚ ਸਿੱਧੇ ਅਸਿੱਧੇ ਤੌਰ `ਤੇ ਦਖਲਅੰਦਾਜ਼ੀ ਕਰ ਉਥੋਂ ਦੀਆਂ ਸਰਕਾਰਾਂ ਦੇ ਤਖਤੇ ਪਲਟੇ ਤੇ ਇਨ੍ਹਾਂ ਦੇਸ਼ਾਂ ਜਿਵੇਂ-ਇਰਾਕ, ਅਫਗਾਨਿਸਤਾਨ ਸਮੇਤ ਵੱਖ ਵੱਖ ਮੁਲਕਾਂ ਵਿਚ ਆਪਣੀਆਂ ਕਠਪੁਤਲੀ ਸਰਕਾਰਾਂ ਕਾਇਮ ਕੀਤੀਆਂ।
ਪਰ ਉਧਰ ਸੋਵੀਅਤ ਯੂਨੀਅਨ ਟੁੱਟਣ ਦੇ ਬਾਅਦ ਰੂਸ ਆਪਣੇ ਆਪ ਨੂੰ ਮਜ਼ਬੂਤ ਕਰਨ ਵਿਚ ਜੁਟਿਆ ਰਿਹਾ। ਅੱਜ ਜੋ ਅਸੀਂ ਯੂਕਰੇਨ `ਤੇ ਹਮਲਾ ਹੁੰਦਾ ਵੇਖ ਰਹੇ ਹਾਂ ਦਰਅਸਲ ਇਹ ਰੂਸ ਦੀ ਪਿਛਲੇ ਤਿੰਨ ਦਹਾਕਿਆਂ ਦੀ ਵੱਟੀ ਚੁੱਪ ਦਾ ਗੰਭੀਰ ਨਤੀਜਾ ਹੈ।
ਜਿ਼ਕਰਯੋਗ ਹੈ ਕਿ ਸੋਵੀਅਤ ਯੂਨੀਅਨ ਦੇ ਬਿਖਰਨ ਤੋਂ ਬਾਅਦ ਉਹ ਖੁਦ ਦੀ ਬਚੀ ਹੋਈ ਤਾਕਤ ਨੂੰ ਹੌਲੀ-ਹੌਲੀ ਸਮੇਟਦਾ ਤੇ ਵਿਕਸਤ ਕਰਦਾ ਰਿਹਾ ਤੇ ਇਸ ਲੁਕਵੀਂ ਤਾਕਤ ਦਾ ਅਸਰ ਯੂਕਰੇਨ `ਤੇ ਹੋ ਰਹੇ ਹਮਲਿਆਂ ਦੇ ਰੂਪ ਵਿਚ ਵੇਖ ਰਹੇ ਹਾਂ।
ਉਕਤ ਸੰਦਰਭ ਵਿਚ ਸੋਵੀਅਤ ਆਰਮੀ ਦੇ ਇੱਕ ਸਾਬਕਾ ਕਮਾਂਡਰ ਅਲੈਕਸੀ ਆਖਦੇ ਹਨ, ‘ਜਦੋਂ ਇੱਕ ਬੱਚਾ ਬਿਮਾਰ ਹੁੰਦਾ ਹੈ ਤਾਂ ਬਿਮਾਰੀ ਨਾਲ ਲੜਨ ਦੀ ਤਾਕਤ ਵਿਕਸਤ ਕਰ ਲੈਂਦਾ ਹੈ। 1990 ਦੌਰਾਨ ਰੂਸ ਇਸ ਬਿਮਾਰੀ ਤੋਂ ਪੀੜਤ ਸੀ। ਹੁਣ ਇਸ ਬਿਮਾਰੀ ਨੇ ਸਾਨੂੰ ਮਜ਼ਬੂਤ ਕਰ ਦਿੱਤਾ ਹੈ। ਸਾਨੂੰ ਨਾਟੋ ਨੂੰ ਦੂਰ ਜਾਣ ਲਈ ਮਨਾਉਣ ਦੀ ਲੋੜ ਨਹੀਂ, ਉਸ ਨੇ ਆਪ ਹੀ ਸਭ ਛੱਡ ਦੇਣਾ ਹੈ।’
ਉਧਰ ਰੂਸ ਦੇ ਰਾਸ਼ਟਰਪਤੀ ਵੱਲੋਂ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਪੱਛਮੀ ਦੇਸ਼ਾਂ ਵਲੋਂ ਜੋ ਪਾਬੰਦੀਆਂ ਰੂਸ ਉਤੇ ਲਗਾਈਆਂ ਗਈਆਂ ਹਨ। ਉਸ ਸੰਦਰਭ ਵਿਚ ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖਾਰੋਵਾ ਨੇ ਬੀਬੀਸੀ ਨੂੰ ਦੱਸਿਆ, ‘ਅਸੀਂ ਇਨ੍ਹਾਂ ਪਾਬੰਦੀਆਂ ਨੂੰ ਗ਼ੈਰ-ਕਾਨੂੰਨੀ ਮੰਨਦੇ ਹਾਂ। ਅਸੀਂ ਲੰਬੇ ਸਮੇਂ ਤੋਂ ਇਹ ਦੇਖ ਰਹੇ ਹਾਂ ਅਤੇ ਪੱਛਮੀ ਦੇਸ਼ ਸਾਡੇ ਵਿਕਾਸ ਨੂੰ ਰੋਕਣ ਲਈ ਇਨ੍ਹਾਂ ਪਾਬੰਦੀਆਂ ਦਾ ਹਥਿਆਰ ਵਜੋਂ ਇਸਤੇਮਾਲ ਕਰਦੇ ਹਨ। ਸਾਨੂੰ ਪਤਾ ਸੀ ਕਿ ਅਜਿਹੀਆਂ ਰੋਕਾਂ ਲੱਗਣੀਆਂ ਹੀ ਹਨ।’
ਇਸ ਸਮੇਂ ਰੂਸ ਨੂੰ ਇੱਕ ਹਮਲਾਵਰ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬਾਰੇ ਮਾਰੀਆ ਦਾ ਕਹਿਣਾ ਹੈ, ‘ਸਾਡੀ ਇਸ ਅਣਖ ਬਾਰੇ ਤਾਂ ਤੁਸੀਂ ਕਹਿ ਰਹੇ ਹੋ ਪਰ ਪੱਛਮ ਦੇ ਦੇਸ਼ਾਂ ਬਾਰੇ ਤੁਸੀਂ ਕੀ ਸੋਚਦੇ ਹੋ ਜੋ ਖ਼ੂਨ ਨਾਲ ਰੰਗੇ ਹੋਏ ਹਨ।’
ਇਹ ਵੀ ਆਖਿਆ ਜਾ ਰਿਹਾ ਹੈ ਕਿ ਮਾਰੀਆ ਨੂੰ ਯੂਰਪੀਅਨ ਯੂਨੀਅਨ ਦੀ ਉਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਰੋਕ ਲੱਗੀ ਹੈ।
ਜਿ਼ਕਰਯੋਗ ਹੈ ਕਿ ਜਿਸ ਤਰ੍ਹਾਂ ਨਾਲ ਸ਼ੀਤ ਯੁੱਧ ਦਾ ਅੰਤ ਸੋਵੀਅਤ ਸੰਘ ਦੇ ਟੁੱਟਣ ਨਾਲ ਹੋਇਆ ਉਸ ਤੋਂ ਪੁਤਿਨ ਕਦਾਚਿਤ ਸੰਤੁਸ਼ਟ ਨਹੀਂ ਸੀ। ਇਸ ਦਾ ਅੰਦਾਜ਼ਾ ਪੁਤਿਨ ਦੇ ਬਿਆਨਾਂ ਤੋਂ ਲਾਇਆ ਜਾ ਸਕਦਾ ਹੈ।
ਨਾਟੋ ਦਾ ਵਿਸਥਾਰ ਪੂਰਬ ਤਕ ਹੋਇਆ ਅਤੇ ਪੁਤਿਨ ਦੀ ਕੜਵਾਹਟ ਵਧਦੀ ਗਈ ਤੇ ਉਹ ਪੂਰੀ ਤਨਦੇਹੀ ਨਾਲ ਯੂਕਰੇਨ ਨੂੰ ਰੂਸ ਨਾਲ ਮਿਲਾਉਣ ਵਿਚ ਜੁਟ ਗਿਆ ਹੈ।
ਲੰਡਨ ਦੇ ਯੂਨੀਵਰਸਿਟੀ ਕਾਲਜ ਵਿਚ ਸੀਨੀਅਰ ਰਿਸਰਚ ਐਸੋਸੀਏਟ ਵਲਾਦੀਮੀਰ ਪਸਤੂਖੋਵ ਦਾ ਕਹਿਣਾ ਹੈ, ‘ਪੁਤਿਨ ਨੂੰ ਇਤਿਹਾਸ ਵਿਚ ਆਪਣੀ ਖ਼ਾਸ ਜਗ੍ਹਾ ਬਾਰੇ ਪੂਰਾ ਯਕੀਨ ਹੈ। ਉਹ ਇੱਕ ਇੱਕ ਕਦਮ ‘ਤੇ ਕੰਮ ਕਰਦੇ ਰਹਿਣਗੇ।’
‘ਪਹਿਲਾਂ ਵੱਖਵਾਦੀ ਇਲਾਕਿਆਂ ਨੂੰ ਮਾਨਤਾ ਦਿੱਤੀ। ਹੁਣ ਫਿਰ ਉਥੇ ਫੌਜ ਭੇਜੀ। ਫਿਰ ਦੋਹਾਂ ਇਲਾਕਿਆਂ ਨੂੰ ਆਪਣੇ ਹਿਸਾਬ ਨਾਲ ਰੂਸ ਵਿਚ ਸ਼ਾਮਲ ਕਰਨ ਲਈ ਐਲਾਨ ਕਰਨਗੇ। ਇਸ ਤਰ੍ਹਾਂ ਪੁਤਿਨ 2014 ਤੋਂ ਪਹਿਲਾਂ ਦੀ ਸਰਹੱਦ ਨੂੰ ਵਧਾ ਦੇਣਗੇ।’ ਉਹ ਹੋਰ ਆਖਦੇ ਹਨ, ‘ਜੇ ਪੁਤਿਨ ਨੂੰ ਆਪਣੇ ਤਰੀਕੇ ਨਾਲ ਇਹ ਖੇਡ ਖੇਡਣ ਦੀ ਆਜ਼ਾਦੀ ਮਿਲੀ ਤਾਂ ਜਿੱਥੋਂ ਤਕ ਹੋ ਸਕਿਆ ਉਹ ਇਸ ਨੂੰ ਲੰਬਾ ਲੈ ਕੇ ਜਾਣਗੇ। ਉਹ ਘੱਟ ਸੇਕ ‘ਤੇ ਮਾਸ ਪਕਾਉਣਗੇ। ਪੱਛਮੀ ਦੇਸ਼ਾਂ ਦੇ ਆਗੂਆਂ ਨੂੰ ਲੱਗ ਰਿਹਾ ਹੈ ਕਿ ਨਵੀਂਆਂ ਰੋਕਾਂ ਨਾਲ ਕੁਝ ਬਦਲ ਜਾਵੇਗਾ ਪਰ ਪੁਤਿਨ ਬਹੁਤ ਹੀ ਸਖ਼ਤ ਨਜ਼ਰ ਆ ਰਹੇ ਹਨ।’
ਦੁਨੀਆ ਦੇ ਇਤਿਹਾਸ `ਤੇ ਨਜ਼ਰ ਮਾਰਦਿਆਂ ਦੇਖਿਆ ਜਾਵੇ ਤਾਂ ਮਹਾਂਸ਼ਕਤੀ ਕਹਾਉਣ ਵਾਲਾ ਦੇਸ਼ ਵੀ ਜਦੋਂ ਅਫਗਾਨਿਸਤਾਨ `ਤੇ ਕਾਬਜ਼ ਹੋਣ ਲਈ ਆਇਆ, ਉਸ ਨੂੰ ਨਾ ਸਿਰਫ ਦੇਸ਼ `ਚੋਂ ਬਾਹਰ ਨਿਕਲਣਾ ਪਿਆ ਸਗੋਂ ਆਪਣੇ ਵਿਸ਼ਵ ਸ਼ਕਤੀ ਹੋਣ ਦਾ ਤਮਗਾ ਵੀ ਗੁਆਉਣਾ ਪਿਆ। ਵੀਹਵੀਂ ਸਦੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਬਰਤਾਨੀਆ ਨੂੰ ਜਿੱਥੇ ਮੂੰਹ ਦੀ ਖਾਣੀ ਪਈ, ਉਥੇ ਹੀ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਸੋਵੀਅਤ ਯੂਨੀਅਨ ਨੂੰ ਜਿੱਥੇ ਅਫਗਾਨਿਸਤਾਨ ‘ਚੋਂ ਆਪਣੇ ਹਥਿਆਰਾਂ ਨੂੰ ਉਥੇ ਛੱਡ ਨਿਕਲਣਾ ਪਿਆ, ਉਸੇ ਤਰ੍ਹਾਂ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਨੂੰ ਵੀ ਪਿਛਲੇ ਸਾਲ ਅਗਸਤ ਵਿਚ ਨਿਕਲਣਾ ਪਿਆ ਹੈ।
ਜਿਸ ਤਰ੍ਹਾਂ ਨਾਲ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ‘ਤੇ ਹਮਲਾ ਬੋਲਿਆ ਹੈ ਉਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਇਸ ਹਮਲੇ ਨਾਲ ਦੁਨੀਆ ਦੇ ਦੇਸ਼ਾਂ ਦੀ ਇੱਕ ਨਵੀਂ ਸਫਬੰਦੀ ਬਣ ਸਕਦੀ ਹੈ ਅਤੇ ਇਕ ਵਾਰ ਫਿਰ ਤੋਂ ਸ਼ੀਤ ਯੁੱਧ ਦਾ ਉਹੀਓ ਸਾਢੇ ਤਿੰਨ ਦਹਾਕਿਆਂ ਪਹਿਲਾਂ ਵਾਲਾ ਦੌਰ ਵਾਪਸ ਆ ਸਕਦਾ ਹੈ, ਜਿਸ ਵਿਚ ਕੁਝ ਦੇਸ਼ ਰੂਸ ਨਾਲ ਅਤੇ ਕੁਝ ਅਮਰੀਕੀ ਧੜੇ ਨਾਲ ਖੜ੍ਹੇ ਵਿਖਾਈ ਦੇ ਸਕਦੇ ਹਨ।