ਕਿਸਾਨ ਅੰਦੋਲਨ ਵਿਚ ਪੰਜਾਬੀ ਗਾਇਕੀ ਦੀ ਭੂਮਿਕਾ

ਪ੍ਰੋ. ਬਲਬੀਰ ਸਿੰਘ ਮੁਕੇਰੀਆਂ
ਫੋਨ: 98880-29403
ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਅਨੁਸਾਰ “ਕਿਸਾਨ ਹੁਣ ਨਵੇਂ ਨਾਇਕ ਹਨ। ਉਨ੍ਹਾਂ ਨੇ ਸਮਕਾਲੀ ਇਤਿਹਾਸ ਵਿਚ ਆਪਣੀ ਨਵੀਂ ਛਾਪ ਛੱਡੀ ਹੈ। ਮੋਦੀ ਸਰਕਾਰ ਵੱਲੋਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਅਚਾਨਕ ਵਾਪਸ ਲੈਣ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਪ੍ਰਵਾਨ ਕਰਾਉਣ ਦੇ ਨਾਲ, ਭਾਰਤੀ ਕਿਸਾਨ ਅੰਦੋਲਨ ਨੇ ਅਸਲ ਵਿਚ ਖੁੱਲੇ੍ਹ ਬਾਜ਼ਾਰ ਨੂੰ ਸੱਟ ਮਾਰੀ ਹੈ। ਮੀਡੀਆ ਨੇ ਆਰਥਿਕ ਸੰਜਮ ਦੀ ਆਵਾਜ਼ ਨੂੰ ਦੱਬ ਦਿੱਤਾ ਸੀ ਤੇ ਮਾਈਕ੍ਰੋ-ਇਨਕਲਾਬ ਦੇ ਦਮਗਜ਼ੇ ਮਾਰੇ ਜਾ ਰਹੇ ਸਨ”।

ਕਿਸਾਨ ਅੰਦੋਲਨ ਭਾਰਤ ਦਾ ਜਨ-ਅੰਦੋਲਨ ਬਣ ਚੁੱਕਾ ਸੀ। ਇਸ ਵਿਚ ਮੋਚੀ ਤੋਂ ਦਰਜੀ ਤਕ, ਡਰਾਈਕਲੀਨਰ ਤੋਂ ਉਸਾਰੀ ਮਜ਼ਦੂਰ ਤਕ, ਵਿਦਿਆਰਥੀ, ਇੰਜੀਨੀਅਰ, ਡਾਕਟਰ, ਸਾਹਿਤਕਾਰ, ਪੰਜਾਬੀ-ਹਿੰਦੀ ਕਲਾਕਾਰ, ਐਨ.ਆਰ.ਆਈ ਵੀਰ ਤੇ ਭੈਣਾਂ, ਵਪਾਰੀ, ਉਦਯੋਗਪਤੀ, ਧਾਰਮਿਕ ਤੇ ਸਵੈ-ਸੇਵੀ ਸੰਗਠਨ, ਯੂਨੀਵਰਸਿਟੀ ਪ੍ਰੋਫੈਸਰ ਤੇ ਸਕੂਲ ਅਧਿਆਪਕ, ਮਨੁੱਖੀ ਅਧਿਕਾਰ ਸੰਗਠਨ, ਵਕੀਲ ਤੇ ਖੇਡ ਜਗਤ, ਸਾਬਕਾ ਸੈਨਿਕ ਤੇ ਪੰਜਾਬੀ ਗਾਇਕਾਂ ਨੇ ਭਰਪੂਰ ਹਾਜ਼ਰੀ ਲਵਾਈ। ਇੱਥੋਂ ਤਕ ਕਿ ਪੱਛਮੀ ਮੀਡੀਆ, ਨਿਊਯਾਰਕ ਟਾਈਮਜ਼, ਟਾਈਮ ਮੈਗਜ਼ੀਨ, ਬੀ.ਬੀ.ਸੀ ਲੰਡਨ, ਗਾਰਡੀਅਨ ਆਦਿ ਨੇ ਆਪਣੇ ਕਈ ਅੰਕਾਂ ਵਿਚ ਕਿਸਾਨ ਇਕੱਠਾਂ ਦੀਆਂ ਭਰਪੂਰ ਤਸਵੀਰਾਂ ਤੇ ਟਿੱਪਣੀਆਂ ਲਾਈਆਂ। ਵਿਸ਼ਵ ਦੀਆਂ ਅਸੈਂਬਲੀਆਂ, ਪਾਰਲੀਮੈਂਟਾਂ ਤੇ ਸੰਯੁਕਤ ਰਾਸ਼ਟਰ ਵਿਚ ਭਾਰਤੀ ਕਿਸਾਨ ਅੰਦੋਲਨ `ਤੇ ਸਵਾਲ ਉਠੇ ਤੇ ਬਹਿਸਾਂ ਹੋਈਆਂ। ਪੰਜਾਬੀ ਗਾਇਕਾਂ ਨੇ ਇਸ ਸਥਿਤੀ ਨੂੰ ਬੜੀ ਸ਼ਿੱਦਤ ਨਾਲ ਕਲਮਬੰਦ ਕਰ ਕੇ ਗਾਇਆ। ਜਿੱਤ ਉਪਰੰਤ ਰੇਸ਼ਮ ਸਿੰਘ ਅਨਮੋਲ ਦਾ ਗਾਇਆ ਗੀਤ:
“ਬਾਡਰਾਂ `ਤੇ ਜਿਵੇਂ ਨੀ ਜਵਾਨ ਡਟਿਆ,
ਵਿਹੜੇ ਵਿਚ ਤੇਰੇ ਨੀ ਕਿਸਾਨ ਡਟਿਆ,
ਤੇਰੀ ਹਿੱਕ ਉਤੇ ਲਿਖ ਜ਼ਿੰਦਾਬਾਦ ਚੱਲਿਆ,
ਨੀ ਓ ਦਿੱਲੀਏ,
ਜਿੱਤ ਕੇ ਨੀ ਤੈਨੂੰ ਹੈ ਪੰਜਾਬ ਚੱਲਿਆ……
ਟਰਾਲੀਆਂ-ਟਰੈਕਟਰਾਂ, ਕਾਰਾਂ-ਜੀਪਾਂ, ਟਰੱਕਾਂ, ਬੱਸਾਂ `ਚ ਆਮ ਵੱਜ ਰਿਹਾ ਸੀ। ਲੰਘੇ ਸਾਲ ਦੀ 11 ਦਸੰਬਰ ਨੂੰ ਭੰਗੜੇ ਪਾਏ ਜਾ ਰਹੇ ਸਨ। ਪੰਜਾਬੀ ਗੀਤਾਂ ਦੀ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਇੱਕ ਲੜੀ ਚੱਲ ਰਹੀ ਸੀ। ਹਰਫ ਚੀਮਾ ਦਾ ਲਿਖਿਆ ਤੇ ਕੰਵਰ ਗਰੇਵਾਲ ਵੱਲੋਂ ਗਾਇਆ ਇਹ ਗੀਤ ਵਾਕਈ ਦਿੱਲੀ (ਕੇਂਦਰ ਸਰਕਾਰ) ਨੂੰ ਚਿਤਾਵਨੀ ਸੀ:
“ਦਿੱਲੀਏ ਇਹ `ਕੱਠ ਤੈਨੂੰ ਪਰੇਸ਼ਾਨ ਕਰੂਗਾ।
ਫਸਲਾਂ ਦੇ ਫੈਸਲੇ ਕਿਸਾਨ ਕਰੂਗਾ”।
ਮਨਕੀਰਤ ਔਲਖ, ਜੱਸ ਬਾਜਵਾ ਤੇ ਨਿਸ਼ਾਨ ਦਾ ਇਹ ਗੀਤ ਬੜਾ ਮਕਬੂਲ ਹੋਇਆ:
ਤੂੰ ਸਾਡੇ ਬਾਰੇ ਕੀ ਸੁਣਿਆ
ਨੱਬੇ ਨੱਬੇ ਸਾਲਾਂ ਦੇ ਬਜ਼ੁਰਗ…
ਇਸ ਗੀਤ ਨੂੰ 29 ਲੱਖ ਲੋਕਾਂ ਨੇ ਸੁਣਿਆ ਤੇ ਵੇਖਿਆ। ਕੰਵਰ ਗਰੇਵਾਲ ਦਾ ‘ਪੇਚਾ ਪੈ ਗਿਆ ਸੈਂਟਰ ਨਾਲ’ ਗੀਤ ਨੂੰ ਯੂ-ਟਿਊਬ `ਤੇ ਕਰੀਬ ਇਕ ਕਰੋੜ ਲੋਕਾਂ ਨੇ ਵੇਖਿਆ। ਰਣਜੀਤ ਬਾਵਾ ਦਾ ‘ਪੰਜਾਬ ਬੋਲਦਾ’ ਗੀਤ:
ਇਹ ਦਰਦ ਹਮੇਸ਼ਾਂ ਨਹੀਂ ਰਹਿਣੇ
ਜੰਗ ਛਿੜ ਪਈ ਦਿਲ ਤੇ ਜ਼ਮੀਰ ਦੀ……
43 ਲੱਖ ਲੋਕਾਂ ਨੇ ਵੇਖਿਆ।
“ਪੜ੍ਹੀਂ ਇਤਿਹਾਸ,
ਕਈ ਦਿੱਲੀ ਵਾਲਿਆਂ ਦਾ ਲੱਗਣਾ ਨੀ ਦਿਲ,
ਉਹ ਕਰਨਗੇ ਯਾਦ ਦਿਲਦਾਰ ਆਏ ਸੀ।
ਮੁੜਾਂਗੇ ਪੰਜਾਬ ਜਦੋਂ ਦਿੱਲੀ ਫਤਹਿ ਕਰ,
ਦਿੱਲੀ ਰਾਜਭਾਗ ਦਸੂ ਸਰਦਾਰ ਆਏ ਸੀ।
ਵਿਰਾਸਤ ਸੰਧੂ ਦਾ ‘ਫਤਹਿ ਮੋਰਚਾ’ ਗੀਤ 3.5 ਕਰੋੜ ਲੋਕਾਂ ਨੇ ਵੇਖਿਆ ਤੇ ਅਜੇ ਹੋਰ ਵੇਖੀ ਜਾ ਰਹੇ ਨੇ। ਸੋ ਕਿਸਾਨ ਘੋਲ ਭਾਰਤ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਦਾ ਸਮੂਹ ਹੈ, ਜਿਸ ਨੇ ‘ਸੰਯੁਕਤ ਕਿਸਾਨ ਮੋਰਚਾ’ਦਾ ਰੂਪ ਅਖਤਿਆਰ ਕੀਤਾ।
ਜਿਵੇਂ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਤੇ ਬਾਅਦ ਗੁਰੂੁ ਗੋਬਿੰਦ ਸਿੰਘ ਜੀ ਨੇ ‘ਚੰਡੀ ਦੀ ਵਾਰ’, ‘ਬਚਿੱਤਰ ਨਾਟਕ’ ਤੇ ‘ਜ਼ਫਰਨਾਮਾ’ ਵਰਗੀਆਂ ਸ਼ਾਹਕਾਰ ਕਿਰਤਾਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕੀਤਾ, ਉਸੇ ਤਰ੍ਹਾਂ ਪਾਉਂਟਾ ਸਾਹਿਬ ਦੀ ਧਰਤੀ `ਤੇ 52 ਦਰਬਾਰੀ ਕਵੀ, ਭਾਈ ਨੰਦ ਲਾਲ ਜੀ ਤੇ ਭਾਈ ਸੰਤੋਖ ਸਿੰਘ ਵਰਗੇ ਵਿਦਵਾਨ ਕਵੀਆਂ ਦੀਆਂ ਕਿਰਤਾਂ ਨੇ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ `ਤੇ ਪ੍ਰਭਾਵਿਤ ਕੀਤਾ। ਉਦੋਂ ਦਾ ਬਹੁਤ ਸਾਰਾ ਜੁਝਾਰੂ ਸਾਹਿਤ ਹਮੇਸ਼ਾਂ ਖਾਲਸਾ ਪੰਥ ਤੇ ਅਗਲੀਆਂ ਨਸਲਾਂ ਦੇ ਕੰਮ ਆਇਆ। ਠੀਕ ਇਸੇ ਤਰ੍ਹਾਂ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਸੰਗਠਨ, 1991 ਵਿਚ ਹੋਏ ਵਿਸ਼ਵ ਵਪਾਰ ਤੇ ਗੈਟ ਸਮਝੌਤੇ ਵਿਰੁੱਧ ਘੋਲਾਂ ਤੇ ਕਲਾ ਰਾਹੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਕਿਸਾਨ ਅੰਦੋਲਨ ਦੇ ਸ਼ੁਰੂ ਵਿਚ ਬਹੁਤ ਸਾਰੇ ਫਿਲਮੀ ਕਲਾਕਾਰਾਂ ਤੇ ਗਾਇਕਾਂ ਨੇ ਇਸ ਸੰਘਰਸ਼ ਨਾਲ ਜੁੜ ਕੇ ਇਸ ਨੂੰ ਵਧੇਰੇ ਬਲਵਾਨ ਕੀਤਾ। ਇਨ੍ਹਾਂ ਕਲਾਕਾਰਾਂ ਨੇ ਕਿਸਾਨ ਨੂੰ ਅਮੀਰ ਵਿਰਾਸਤ ਨਾਲ ਜੋੜਿਆ। ਦੇਸ਼ਾਂ-ਵਿਦੇਸ਼ਾਂ ਤੋਂ ਚੰਗਾ ਹੁਲਾਰਾ ਮਿਲਿਆ। ਵਿੱਤੀ ਮਦਦ ਵੀ ਮਿਲੀ। ਡਾ. ਸਵੈਮਾਨ ਸਿੰਘ ਅਮਰੀਕਾ ਤੇ ਸਾਥੀ ਕਰੋੜਾਂ ਰੁਪਏ ਦੇ ਪੈਕੇਜ ਛੱਡ ਕੇ ਲੋਕ ਸੇਵਾ ਵਿਚ ਆਣ ਕੁੱਦੇ।
ਹਰਫ ਚੀਮਾ ਦਾ ਗੀਤ:
ਬਾਡਰਾਂ `ਤੇ ਬੈਠ ਅਸੀਂ ਫਸਲਾਂ ਦੀ ਜੰਗ ਲੜੀ,
ਆ ਜੋ ਹੁਣ ਨਸਲਾਂ ਬਚਾਲੀਏ……
‘ਕਿਸਾਨ ਐਂਥਮ-1’ ਅਤੇ ‘ਕਿਸਾਨ ਐਂਥਮ-2’ ਗਿਆਰਾਂ ਕਲਾਕਾਰਾਂ ਨੇ ਮਿਲ ਕੇ ਗਾਇਆ, ਜਿਸਨੂੰ ਇੱਕੋ ਵਾਰ 5.2 ਕਰੋੜ ਲੋਕਾਂ ਨੇ ਯੂ-ਟਿਊਬ `ਤੇ ਵੇਖਿਆ। ‘ਕਿਸਾਨ ਐਂਥਮ-2’ ਨੂੰ 1.68 ਕਰੋੜ ਲੋਕਾਂ ਨੇ ਵੇਖਿਆ। ਕਿਸਾਨਾਂ ਬਾਰੇ ਕਈ ਮਧੁਰ ਗੀਤ ਬਹੁਤ ਮਕਬੂਲ ਹੋਏ। ਰਣਜੀਤ ਬਾਵਾ ਦੇ ‘ਬੋਲਦਾ ਪੰਜਾਬ’ ਨੂੰ 3.8 ਕਰੋੜ ਲੋਕਾਂ ਨੇ ਵੇਖਿਆ। ਗਾਇਕ ਰਾਜਵੀਰ ਜਵੰਦਾ ਦਾ ਗੀਤ ‘ਸੁਣ ਦਿੱਲੀਏ’ 75 ਲੱਖ ਵਾਰ ਵੇਖਿਆ ਗਿਆ। ਗਿੱਪੀ ਗਰੇਵਾਲ ਦਾ ‘ਜ਼ਾਲਮ ਸਰਕਾਰਾਂ’ ਯੂ-ਟਿਊਬ `ਤੇ 55 ਲੱਖ ਵਾਰ ਵੇਖਿਆ ਗਿਆ। ਜੱਸ ਬਾਜਵਾ ਦਾ ‘ਜੱਟਾ ਤਕੜਾ ਹੋਜਾ’ 63 ਲੱਖ ਵਾਰ ਵੇਖਿਆ ਗਿਆ। ਹਿੰਮਤ ਸੰਧੂ ਦਾ ਗੀਤ ‘ਅਸੀਂ ਵੇਖਾਂਗੇ’ 32 ਲੱਖ ਵਾਰ ਵੇਖਿਆ ਗਿਆ। ਇਸੇ ਤਰ੍ਹਾਂ ਬੱਬੂ ਮਾਨ, ਵਾਰਿਸ ਭਰਾਵਾਂ ਤੇ ਗਾਇਕਾ ਗੁਰਲੇਜ਼ ਅਖਤਰ, ਰੁਪਿੰਦਰ ਹਾਂਡਾ ਆਦਿ ਨੇ ਵੀ ਕਿਸਾਨੀ ਅੰਦੋਲਨ ਨੂੰ ਆਪਣੇ ਵਿਚਾਰਾਂ ਤੇ ਗੀਤਾਂ ਨਾਲ ਸ਼ਿੰਗਾਰਿਆ।
ਫਿਲਮ ਲੇਖਕ ਤੇ ਕਲਾਕਾਰ ਅਮਿਤੋਜ਼ ਮਾਨ ਵੱਲੋਂ ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਰਾਜਨੀਤਕ ਸਰਗਰਮੀ (ਪੰਜਾਬ ਚੋਣਾਂ 2022) ਵਿਚ ਭਾਗ ਲੈਣ ਵਾਲੇ ‘ਸੰਯੁਕਤ ਸਮਾਜ ਮੋਰਚਾ’ ਦੀ ਮਦਦ ਦਾ ਐਲਾਨ ਵੀ ਕੀਤਾ ਹੈ। ਇਸ ਕੰਮ ਲਈ ਉਸਨੇ ਇੱਕ ‘ਵਾਚ ਜਾਂ ਨਿਗਰਾਨ ਗਰੁੱਪ’ ਬਣਾਇਆ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ‘ਸੰਯੁਕਤ ਸਮਾਜ ਮੋਰਚਾ’ ਨੂੰ ਸਮੇਂ ਦੀ ਘਾਟ ਤੇ ਚੋਣ ਦਾ ਮੁੱਢਲਾ ਢਾਂਚਾ ਅਤੇ ਕੇਡਰ ਘੱਟ ਹੋਣ ਕਾਰਨ ਚੋਣਾਂ ਵਿਚ ਸਫਲਤਾ ਬਹੁਤ ਘੱਟ ਮਿਲੇਗੀ। ‘ਸੰਯੁਕਤ ਸਮਾਜ ਮੋਰਚਾ’ ਦਾ ਪੰਜਾਬ ਚੋਣਾਂ ਵਿਚ ਭਾਗ ਲੈਣਾ ਸੰਕੇਤਕ ਹੀ ਹੋ ਸਕਦਾ ਹੈ, ਜੋ ਪੰਜਾਬ `ਚੋਂ ਕਾਰਪੋਰੇਟ ਪੱਖੀ ਮਾਫੀਆ ਰਾਜ ਨੂੰ ਖਤਮ ਕਰਨਾ ਲੋਚਦਾ ਹੈ।
ਕੁੱਝ ਕਿਸਾਨ ਘੋਲ ਗੀਤਾਂ ਦੇ ਟੋਟਕੇ:
‘ਵਿਕ ਗਿਆ ਨੈਸ਼ਨਲ ਮੀਡੀਆ,
ਬੀ.ਬੀ.ਸੀ `ਤੇ ਜੱਟ ਝੋਟੇ ਛਾਏ ਹੋਏ ਨੇ
(ਕਿਸਾਨ ਐਂਥਮ-1, 5.2 ਕਰੋੜ ਦਰਸ਼ਨ)
ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ’
ਕੰਵਰ ਗਰੇਵਾਲ ਦੇ ਕਿਸਾਨੀ ਗੀਤ:
ਨਾਲ ਵਾਲੇ ਟੈਂਟ ਵਿਚ,
ਕਿੰਨੇ ਦਿਨ ਕੱਢ ਤੇ ਸੀ,
ਇੱਕੋ ਮੈਲੀ ਪੈਂਟ ਵਿਚ।
ਟਰਾਲੀ ਦੀ ਰਸੋਈ ਬਣੀ, ਬੇਬੇ ਬਾਪੂ ਨਾਲ ਸੀ,
ਕਿੰਨੀ ਵਾਰੀ ਮੀਂਹ ਦੇ ਵਿਚ ਚੋਈ ਤਰਪਾਲ ਸੀ।
ਰੂਹ ਦੇ ਵਿਚ ਯਾਦਾਂ ਦਾ ਸਵਾਦ ਰੱਖਿਓ,
ਕੱਲੀ ਕੱਲੀ ਗੱਲ ਤੁਸੀਂ ਯਾਦ ਰੱਖਿਓ,
ਜਦੋਂ ਮੁੜਾਂਗੇ ਪੰਜਾਬ ਨੂੰ।
ਦਿੱਲੀਏ ਇਹ `ਕੱਠ ਤੈਨੂੰ ਪਰੇਸ਼ਾਨ ਕਰੂਗਾ।
ਫਸਲਾਂ ਦੇ ਫੈਸਲੇ ਕਿਸਾਨ ਕਰੂਗਾ।
ਸੋ ਜਨ ਅੰਦੋਲਨ ਬਣ ਕੇ ਜਿੱਤਿਆ ਗਿਆ ਕਿਸਾਨੀ ਘੋਲ ਜਬਰ ਤੇ ਸਬਰ ਦੀ ਜੰਗ ਦਾ ਨਮੂਨਾ ਹੈ। ਮਾਇਆ ਨਗਰੀ ਬੰਬਈ ਦੇ ਫਿਲਮੀ ਕਲਾਕਾਰ ਵੀ ਇਸ ਘੋਲ ਪ੍ਰਤੀ ਦੋ ਭਾਗਾਂ ਵਿਚ ਵੰਡ ਗਏ। ਮੀਡੀਆ ਵੀ ਦੋ ਭਾਗਾਂ ਵਿਚ ਵੰਡਿਆ ਗਿਆ। ਆਈ.ਟੀ ਸੈਲ ਵੀ ਦੋ ਪ੍ਰਕਾਰ ਦੇ ਹੋ ਗਏ।
ਪ੍ਰੋ. ਮੋਹਨ ਸਿੰਘ ਦੇ ਕਹਿਣ ਅਨੁਸਾਰ:
ਦੋ ਭਾਗਾਂ ਵਿਚ ਧਰਤੀ ਵੰਡੀ,
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ।
ਦੋ ਧੜਿਆਂ ਵਿਚ ਖਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ।
ਸਹੀ ਗੱਲ ਹੈ ਕਿ ਇਸ ਕਿਸਾਨੀ ਸੰਘਰਸ਼ ਨੇ ਜਮਾਤੀ ਵੰਡ ਹੋਰ ਤੇਜ਼ ਕਰ ਦਿੱਤੀ ਹੈ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਡੇਢ ਸਾਲ ਵਿਚ ਕਿਸਾਨੀ ਸੰਘਰਸ਼ ਬਾਰੇ 200 ਖੂਬਸੂਰਤ ਗੀਤ ਆ ਚੁੱਕੇ ਹਨ। ਅਖਬਾਰਾਂ, ਰਸਾਲਿਆਂ, ਯੂ-ਟਿਊਬ ਚੈਨਲ, ਇੰਸਟਾਗ੍ਰਾਮ, ਟਵਿੱਟਰ ਤੇ ਫੇਸਬੁੱਕ ਵੀਡੀਓਜ਼ ਰਾਹੀਂ ਲੋਕਾਂ ਨੇ ਇਨ੍ਹਾਂ ਗੀਤਾਂ ਦਾ ਖੂਬ ਆਨੰਦ ਲਿਆ। ਇਹ ਗੀਤ ਇੱਕੋ ਸਮੇਂ ਸਿੰਘੂ, ਟਿਕਰੀ, ਕੰੁਡਲੀ, ਪਲਵਲ, ਸ਼ਾਹਜਾਨਪੁਰ ਤੇ ਗਾਜ਼ੀਪੁਰ ਬਾਡਰਾਂ `ਤੇ ਲਾਈਵ ਹੁੰਦੇ ਰਹੇ ਤੇ ਵੀਡੀਓਜ਼ ਰਾਹੀਂ ਲੋਕਾਂ ‘ਚ ਪ੍ਰਵਾਨ ਚੜ੍ਹੇ। ਨੌਜਵਾਨ ਲੇਖਕ ਅਤੇ ਗਾਇਕ ਬੀਰ ਸਿੰਘ ਤੇ ਬੱਬੂ ਮਾਨ ਨੇ 70% ਗੀਤ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਬਾਰੇ ਲਿਖੇ ਤੇ ਗਾਏ ਹਨ। ਜਲਦੀ ਹੀ ਇੱਕ ਫਿਲਮ ‘ਦਾਸਤਾਨੇ ਕਿਸਾਨ’ ਵੀ ਆ ਰਹੀ ਹੈ। ਕਰੋਨਾ ਕਾਲ ਵਿਚ ਪੈਸੇ ਦੀ ਦੌੜ ਘਟ ਗਈ ਤੇ ਉਸਾਰੂ ਕੰਮ ਜ਼ਿਆਦਾ ਹੋਏ ਹਨ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਬਣਾ ਕੇ ਖੇਤੀ ਤੇ ਕਿਰਸਾਨੀ ਨੂੰ ਉਜਾੜ ਕੇ ਜ਼ਮੀਨ ਦੇ ਕਾਰਪੋਰੇਟ ਬਲਾਕ ਬਣਾ ਕੇ ਖੇਤੀ ਅਧਾਰਿਤ ਲੋਕਾਂ ਨੂੰ ਬੇਰੁਜ਼ਗਾਰ ਕਰਨ ਦੀ ਚਾਲ ਕਿਸਾਨ ਅੰਦੋਲਨ ਨੇ ਫੇਲ੍ਹ ਕਰ ਕੇ ਰੱਖ ਦਿੱਤੀ। ਇਹ ਸਾਰੀ ਵਾਰਤਾ ਬੀਰ ਸਿੰਘ ਦੇ ਖੂਬਸੂਰਤ ਗੀਤ ਨਾਲ ਖਤਮ ਕਰਦੇ ਹਾਂ:
ਹੱਕਾਂ ਦੀ ਜੰਗ ਹੈ ਵੀਰੋ
ਸਬਰਾਂ ਨਾਲ ਲੜਣੀ ਪੈਣੀ,
ਚੱਲੀ ਜੋ ਚਾਲ ਸਮੇਂ ਨੇ
ਅਕਲਾਂ ਨਾਲ ਫੜਨੀ ਪੈਣੀ।
ਤੇਗਾਂ ਨੂੰ ਤੇਗਾਂ ਮੋੜਨ,
ਨੀਤੀ ਨੂੰ ਅਕਲਾਂ ਬਈ।
ਹੋਂਦ ਦੀ ਗੱਲ ਹੈ ਸਾਰੀ,
ਸਾਂਭਣ ਲਈ ਨਸਲਾਂ ਬਈ।
ਮਹਿਲਾਂ ਦੀ ਅੱਖ ਜੇ ਮਾੜੀ,
ਫਿਕਰਾਂ ਉਸ ਬਾਗ ਦੀਆਂ।
ਜਾਤੀ ਜਾਂ ਧਰਮ ਦੀਆਂ ਨਹੀਂ,
ਮੰਗਾਂ ਪੰਜਾਬ ਦੀਆਂ।
ਪਾਉਂਦੇ ਨੇ ਉਹ ਵਖਰੇਵੇਂ,
ਇੱਕ ਹੋ ਕੇ ਤੁਸੀਂ ਦਿਖਾਓ।
ਮਿੱਟੀ ਦੇ ਪੁੱਤਰੋ ਜਾਗੋ,
ਅਕਲਾਂ ਨੂੰ ਧਾਰ ਲਗਾਓ।