ਵਾਅਦਾਖਿਲਾਫੀ ਬਣ ਸਕਦੀ ਹੈ ਕਾਂਗਰਸ ਦੇ ਰਾਹ ਵਿਚ ਰੋੜਾ

ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਅਮਲ ਸਿਰੇ ਚੜ੍ਹ ਗਿਆ ਹੈ। ਸਿਆਸੀ ਧਿਰਾਂ ਨੂੰ ਹੁਣ 10 ਮਾਰਚ ਦੀ ਉਡੀਕ ਹੈ, ਜਿਸ ਦਿਨ ਚੋਣ ਨਤੀਜੇ ਐਲਾਨੇ ਜਾਣਗੇ। ਸੱਤਾਧਾਰੀ ਕਾਂਗਰਸ ਲਈ ਇਹ ਦਿਨ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਕਾਂਗਰਸ ਸਰਕਾਰ ਦੀ ਵਾਅਦਾਖਿਲਾਫੀ ਇਨ੍ਹਾਂ ਚੋਣਾਂ ਵਿਚ ਵੱਡਾ ਮੁੱਦਾ ਸੀ।

ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਦੇ 25 ਵਿਧਾਨ ਸਭਾ ਹਲਕਿਆਂ ਵਿਚ ਸੱਤਾਧਾਰੀ ਕਾਂਗਰਸ ਦੇ ਉਮੀਦਵਾਰਾਂ ਲਈ ਆਪਣੀ ਸਥਿਤੀ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੈ। ਵਧੇਰੇ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕਾਰਨ ਤਿਕੋਣੇ ਤੇ ਕਈ ਹਲਕਿਆਂ ਵਿਚ ਚਹੁੰਕੋਣੇ ਮੁਕਾਬਲੇ ਵਾਲੀ ਸਥਿਤੀ ਬਣੀ ਹੋਈ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਮਾਝੇ ਦੇ 25 ਹਲਕਿਆਂ ਵਿੱਚੋਂ 22 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਦੌਰਾਨ 2012 ਦੀ ਜੇਤੂ ਅਕਾਲੀ-ਭਾਜਪਾ ਗੱਠਜੋੜ ਨੂੰ ਸਿਰਫ ਤਿੰਨ ਹਲਕਿਆਂ ਵਿਚ ਹੀ ਜਿੱਤ ਪ੍ਰਾਪਤ ਹੋਈ ਸੀ ਅਤੇ ਆਮ ਆਦਮੀ ਪਾਰਟੀ ਮਾਝੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
ਕਾਂਗਰਸ ਦੀ ਇਹ ਵੱਡੀ ਜਿੱਤ ਵੱਡੇ ਵਾਅਦਿਆਂ ਨਾਲ ਪ੍ਰਾਪਤ ਹੋਈ ਸੀ, ਜਿਸ ਵਿਚ ਨਸ਼ਿਆਂ ਦਾ ਖਾਤਮਾ, ਬਰਗਾੜੀ ਬੇਅਦਬੀ ਕਾਂਡ ਵਿਚ ਮੁਲਜ਼ਮਾਂ ਖਿਲਾਫ ਕਾਰਵਾਈ, ਘਰ-ਘਰ ਨੌਕਰੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਸ਼ਾਮਲ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਇਹ ਵਾਅਦੇ ਪੂਰੇ ਨਾ ਕਰਨ, ਪਾਰਟੀ ਦੀ ਅੰਦਰੂਨੀ ਖਿਚੋਤਾਣ ਤੇ ਫੁੱਟ ਅਤੇ ਵਿਕਾਸ ਦੇ ਨਾਂ ‘ਤੇ ਕੁਝ ਵੀ ਠੋਸ ਨਾ ਕਰਨ ਕਾਰਨ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਵੇਲੇ ਮਾਝੇ ਦੇ ਚਾਰੋਂ ਜ਼ਿਲ੍ਹਿਆਂ ਵਿਚ ਕਾਂਗਰਸੀ ਉਮੀਦਵਾਰਾਂ ਲਈ ਆਪਣੀ ਸਥਿਤੀ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਬਣੀ ਹੋਈ ਹੈ। ਇਥੇ ਕਾਂਗਰਸ ਦੇ ਕਈ ਅਹਿਮ ਉਮੀਦਵਾਰਾਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ, ਜਿਨ੍ਹਾਂ ਵਿਚ ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੰਡਿਆਲਾ ਤੋਂ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅੰਮ੍ਰਿਤਸਰ ਕੇਂਦਰੀ ਤੋਂ ਉਪ ਮੁੱਖ ਮੰਤਰੀ ਓਪੀ ਸੋਨੀ, ਰਾਜਾਸਾਂਸੀ ਤੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਅੰਮ੍ਰਿਤਸਰ ਪੱਛਮੀ ਤੋਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਫਤਹਿਗੜ੍ਹ ਚੂੜੀਆਂ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਦੀਨਾਨਗਰ ਤੋਂ ਕਾਂਗਰਸ ਦੀ ਸੀਨੀਅਰ ਆਗੂ ਅਰੁਣਾ ਚੌਧਰੀ ਅਤੇ ਕਾਦੀਆਂ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ।
ਅੰਮ੍ਰਿਤਸਰ ਦਾ ਪੂਰਬੀ ਹਲਕਾ ਇਸ ਵੇਲੇ ‘ਹੌਟ ਸੀਟ` ਬਣਿਆ ਹੋਇਆ ਹੈ, ਜਿਸ `ਤੇ ਸਮੁੱਚੇ ਪੰਜਾਬ ਦੀ ਨਿਗ੍ਹਾ ਹੈ। ਇਥੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਫਸਵਾਂ ਮੁਕਾਬਲਾ ਹੈ। ਦੋਵੇਂ ਹੀ ਸਿਆਸੀ ਆਗੂ ਹੁਣ ਤੱਕ ਲਗਾਤਾਰ ਚੋਣ ਜਿੱਤਦੇ ਰਹੇ ਹਨ ਪਰ ਇਸ ਵਾਰ ਦੋਵਾਂ ਵਿੱਚੋਂ ਕਿਸੇ ਇੱਕ ਦੀ ਹਾਰ ਤੈਅ ਹੈ। ਦੋਵਾਂ ਵੱਲੋਂ ਹੀ ਜਿੱਤ ਲਈ ਸਿਰ ਧੜ ਦੀ ਬਾਜੀ ਲਾਈ ਗਈ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕਾ ਵੀ ਖਿੱਚ ਦਾ ਕੇਂਦਰ ਹੈ, ਜਿੱਥੋਂ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਦੌਰਾਨ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਦੇ ਜੇਤੂ ਅਨਿਲ ਜੋਸ਼ੀ ਮੈਦਾਨ ਵਿਚ ਹਨ। ਇਥੇ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਅਤੇ ਭਾਜਪਾ ਦੇ ਸੁਖਮਿੰਦਰ ਸਿੰਘ ਪਿੰਟੂ ਮੈਦਾਨ ਵਿੱਚ ਹਨ। ਇਸ ਹਲਕੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਬਾਕੀ ਹਲਕਿਆਂ ਵਿੱਚ ਵੀ ਫਸਵੇਂ ਮੁਕਾਬਲੇ ਹਨ। ਜ਼ਿਲ੍ਹੇ ਦੇ ਦਿਹਾਤੀ ਹਲਕਿਆਂ ਵਿਚ ਇਸ ਵਾਰ ਬਦਲਾਅ ਦੇ ਨਾਂ ਉਤੇ ‘ਆਪ‘ ਦੀ ਵਧੇਰੇ ਚਰਚਾ ਹੈ। ਅਜਨਾਲਾ, ਰਾਜਾਸਾਂਸੀ, ਅਟਾਰੀ, ਬਾਬਾ ਬਕਾਲਾ, ਜੰਡਿਆਲਾ ਅਤੇ ਸ਼ਹਿਰ ਦੇ ਦੱਖਣੀ ਤੇ ਪੱਛਮੀ ਵਿਧਾਨ ਸਭਾ ਹਲਕੇ ਵਿੱਚ ‘ਆਪ‘ ਉਮੀਦਵਾਰ ਸਖਤ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ। ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਸੀਟਾਂ ‘ਤੇ ਵੀ ਕਾਂਗਰਸ ਉਮੀਦਵਾਰਾਂ ਨੂੰ ਸਖਤ ਚੁਣੌਤੀ ਮਿਲ ਰਹੀ ਹੈ। ਇਥੇ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਖਤ ਮੁਕਾਬਲਾ ਦਿੱਤਾ ਗਿਆ ਹੈ। ਕਿਸਾਨ ਮੋਰਚੇ ਦਾ ਇਸ ਇਲਾਕੇ ਵਿਚ ਵੱਡਾ ਪ੍ਰਭਾਵ ਰਿਹਾ ਹੈ। ਕਿਸਾਨ ਮੋਰਚੇ ਵਿਚ ਸ਼ਾਮਲ ਕਈ ਧਿਰਾਂ ਵੱਲੋਂ ਬਦਲਾਅ ਦੇ ਨਾਂ ‘ਤੇ ਵੋਟਾਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਪਾਈਆਂ ਜਾ ਸਕਦੀਆਂ ਹਨ। ਪੱਟੀ ਅਤੇ ਖੇਮਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ‘ ਕਾਂਗਰਸ ਨੂੰ ਸਖਤ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ। ਤਰਨ ਤਾਰਨ ਅਤੇ ਖਡੂਰ ਸਾਹਿਬ ਵਿਚ ਵੀ ਸਖਤ ਮੁਕਾਬਲਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਸੱਤ ਹਲਕਿਆਂ ਵਿਚ ਵੀ ਮੁਕਾਬਲੇ ਵਾਲੀ ਸਥਿਤੀ ਹੈ। ਇਥੇ ਦੀਨਾਨਗਰ ਹਲਕੇ ਵਿਚ ਕਾਂਗਰਸੀ ਉਮੀਦਵਾਰ ਬਿਹਤਰ ਸਥਿਤੀ ਵਿਚ ਦੱਸੇੇ ਜਾ ਰਹੇ ਹਨ, ਜਦੋਂ ਕਿ ਕਾਦੀਆਂ, ਬਟਾਲਾ, ਫਤਹਿਗੜ੍ਹ ਚੂੜੀਆਂ, ਹਰਗੋਬਿੰਦਪੁਰ ਤੇ ਡੇਰਾ ਬਾਬਾ ਨਾਨਕ ਵਿਚ ਹਾਕਮ ਧਿਰ ਦੇ ਉਮੀਦਵਾਰਾਂ ਦੀ ਚੁਣੌਤੀ ਵਾਲੀ ਸਥਿਤੀ ਹੈ। ਇਥੇ ਵੀ ‘ਆਪ` ਅਤੇ ਸ਼੍ਰੋਮਣੀ ਅਕਾਲੀ ਦਲ ਹਾਕਮ ਧਿਰ ਨੂੰ ਸਖਤ ਟੱਕਰ ਦੇ ਰਿਹਾ ਹੈ। ਪਠਾਨਕੋਟ ਦੇ ਤਿੰਨ ਹਲਕਿਆਂ ਸੁਜਾਨਪੁਰ, ਭੋਆ ਅਤੇ ਪਠਾਨਕੋਟ ਵਿੱਚ ਵੀ ਕਾਂਗਰਸੀ ਉਮੀਦਵਾਰਾਂ ਲਈ ਸਖਤ ਟੱਕਰ ਵਾਲੀ ਸਥਿਤੀ ਹੈ। 2017 ਵਿਚ ਦੋ ਹਲਕਿਆਂ ਤੋਂ ਕਾਂਗਰਸ ਅਤੇ ਇਕ ਹਲਕੇ ਤੋਂ ਭਾਜਪਾ ਜੇਤੂ ਰਹੀ ਸੀ।
ਅੰਮ੍ਰਿਤਸਰ ਪੂਰਬੀ ਬਣੀ ਪੰਜਾਬ ਦੀ ਵੱਕਾਰੀ ਸੀਟ
ਅੰਮ੍ਰਿਤਸਰ: ਵਿਧਾਨ ਸਭਾ ਹਲਕਾ (18) ਅੰਮ੍ਰਿਤਸਰ ਪੂਰਬੀ ਪੰਜਾਬ ਦੀ ਵੱਕਾਰੀ ਸੀਟ ਬਣ ਚੁੱਕੀ ਹੈ। ਇਥੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਜਬਰਦਸਤ ਟੱਕਰ ਸੀ। ਬਿਕਰਮ ਮਜੀਠੀਆ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦੇ ਮੌਜੂਦਾ ਵਿਧਾਇਕ ਹਨ, ਜਦਕਿ ਨਵਜੋਤ ਸਿੰਘ ਸਿੱਧੂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਵਿਧਾਇਕ ਹਨ ਤੇ ਸਥਾਨਕ ਸਰਕਾਰਾਂ ਮੰਤਰੀ ਵੀ ਰਹਿ ਚੁੱਕੇ ਹਨ। ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਕਬੂਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਹਲਕਾ ਮਜੀਠਾ ਛੱਡ ਕੇ ਹਲਕਾ ਪੂਰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ, ਜਦਕਿ ਮਜੀਠਾ ਦੀ ਸੀਟ ਤੋਂ ਹੁਣ ਉਨ੍ਹਾਂ ਦੀ ਪਤਨੀ ਗਨੀਵ ਕੌਰ ਚੋਣ ਮੈਦਾਨ ਵਿਚ ਹਨ। 2012 ਤੋਂ ਸਿੱੱਧੂ ਜੋੜਾ ਹਲਕਾ ਪੂਰਬੀ ਦੀ ਨੁਮਾਇੰਦਗੀ ਕਰ ਰਿਹਾ ਹੈ। ਕਾਂਗਰਸ ਲਈ ਇਹ ਸੀਟ ਸਾਂਭਣੀ ਵੱਡੀ ਚੁਣੌਤੀ ਹੈ।