ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ‘ਤੇ ਮੁੜ ਹੱਲਾ ਬੋਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਾਪਸ ਲਏ ਤਿੰਨ ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿਚ ਵਾਪਸ ਨਾ ਵੀ ਲੈ ਕੇ ਆਵੇ ਪਰ ਕੇਂਦਰ ਨਵੇਂ ਰੰਗ-ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਆਉਣ ਮਗਰੋਂ ਕਿਸਾਨੀ ‘ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਚੋਣਾਂ ਵਿਚ ਬਿਨਾਂ ਤਿਆਰੀ ਤੋਂ ਹੀ ਸੰਯੁਕਤ ਸਮਾਜ ਮੋਰਚਾ ਚੋਣਾਂ ਵਿਚ ਉੱਤਰਿਆ ਅਤੇ ਏਕੇ ਦੇ ਮੰਤਰ ਨੂੰ ਲਾਂਭੇ ਰੱਖ ਕੇ ਇਨ੍ਹਾਂ ਕਿਸਾਨ ਧਿਰਾਂ ਨੇ ਚੋਣਾਂ ਲੜੀਆਂ ਹਨ ਜਿਸ ਦੇ ਦੂਰਗਾਮੀ ਨਤੀਜੇ ਸਾਡੇ ਸਾਹਮਣੇ ਆਉਣਗੇ।
ਉਨ੍ਹਾਂ ਕਿਹਾ ਕਿ ਜਿਉਂ ਹੀ ਕੇਂਦਰ ਸਰਕਾਰ ਚੋਣ ਨਤੀਜਿਆਂ ਵਿਚ ਸੰਯੁਕਤ ਸਮਾਜ ਮੋਰਚੇ ਦੀ ਕਾਰਗੁਜ਼ਾਰੀ ਦੇਖੇਗੀ ਤਾਂ ਭਾਜਪਾਈ ਇਸ ਕਾਰਗੁਜ਼ਾਰੀ ਦੇ ਆਧਾਰ ‘ਤੇ ਸਿੱਧੇ ਤੌਰ ‘ਤੇ ਦਿੱਲੀ ਵਿਚ ਚੱਲੇ ਕਿਸਾਨ ਘੋਲ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕਰਨਗੇ। ਜਾਖੜ ਨੇ ਕਿਹਾ ਕਿ ਚੋਣਾਂ ਵਿਚ ਉੱਤਰੀਆਂ ਕਿਸਾਨ ਧਿਰਾਂ ਨੂੰ ਚੋਣਾਂ ਲੜਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸਹਿਯੋਗ ਅਤੇ ਏਕੇ ਨਾਲ ਚੋਣ ਮੈਦਾਨ ਵਿਚ ਉੱਤਰਨਾ ਚਾਹੀਦਾ ਸੀ ਪਰ ਇਨ੍ਹਾਂ ਕਿਸਾਨ ਧਿਰਾਂ ਨੇ ਕਾਹਲੀ ਵਿਚ ਕਦਮ ਚੁੱਕਿਆ ਜਿਸ ਦੇ ਨਤੀਜੇ ਸਾਹਮਣੇ ਆ ਜਾਣਗੇ।