ਰਾਂਚੀ: ਚਾਰਾ ਘੁਟਾਲਾ ਤਹਿਤ ਡੋਰੰਡਾ ਖਜ਼ਾਨੇ ‘ਚ ਹੋਏ 139.35 ਕਰੋੜ ਦੇ ਘਪਲੇ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਪੰਜ ਸਾਲ ਕੈਦ ਅਤੇ 60 ਲੱਖ ਰੁਪਏ ਜਰਮਾਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਇਹ ਸਜ਼ਾ ਵਰਚੁਅਲ ਸੁਣਵਾਈ ਦੌਰਾਨ ਸੁਣਾਈ।
ਭਾਜਪਾ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਸੀ.ਬੀ.ਆਈ. ਦੇ ਵਕੀਲ ਬੀ.ਐਮ.ਪੀ. ਸਿੰਘ ਨੇ ਦੱਸਿਆ, “ਲਾਲੂ ਪ੍ਰਸਾਦ ਨੂੰ ਪੰਜ ਸਾਲ ਕੈਦ ਅਤੇ 60 ਲੱਖ ਰੁਪਏ ਜਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਅਦਾਲਤ ਵੱਲੋਂ ਪੰਜ ਦੋਸ਼ੀਆਂ ਨੂੰ ਪੰਜ-ਪੰਜ ਸਾਲ ਕੈਦ, 32 ਦੋਸ਼ੀਆਂ ਨੂੰ ਚਾਰ-ਚਾਰ ਸਾਲ ਦੀ ਕੈਦ ਅਤੇ ਤਿੰਨ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।” ਦੋਸ਼ੀਆਂ ਨੂੰ ਇਕ ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 2 ਕਰੋੜ ਰੁਪਏ ਜੁਰਮਾਨਾ ਸਲਪਾਇਰ ਤ੍ਰਿਪੁਰਾਰੀ ਮੋਹਨ ਪ੍ਰਸਾਦ ਨੂੰ ਕੀਤਾ ਗਿਆ ਹੈ। 15 ਫਰਵਰੀ ਨੂੰ ਬਹੁ-ਕਰੋੜੀ ਚਾਰਾ ਘੁਟਾਲੇ ਨਾਲ ਸਬੰਧਤ ਡੋਰੰਡਾ ਖਜਾਨੇ ਵਿਚ 139.35 ਕਰੋੜ ਰੁਪਏ ਦੇ ਹੋਏ ਘਪਲੇ ਸਬੰਧੀ ਕੇਸ ‘ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ 73 ਸਾਲਾ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਤੋਂ ਰਾਂਚੀ ਸਥਿਤ ਸਰਕਾਰੀ ਰਾਜਿੰਦਰਾ ਸਿਹਤ ਵਿਗਿਆਨ ਸੰਸਥਾ ਤਬਦੀਲ ਕੀਤਾ ਗਿਆ ਸੀ।