ਦੋ ਧੜ ਅਤੇ ਇਕ ਸਰੀਰ ਵਾਲੇ ਸੋਹਣੇ ਮੋਹਣੇ ਨੇ ਵੀ ਪਾਈ ਵੋਟ

ਜੰਡਿਆਲਾ ਗੁਰੂ: ‘ਦੋ ਧੜ ਤੇ ਇਕ ਸਰੀਰ` ਦੀ ਵੱਖਰੀ ਪਛਾਣ ਵਾਲੇ ਸੋਹਨ ਸਿੰਘ ਤੇ ਮੋਹਨ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਸੋਹਣਾ-ਮੋਹਣਾ ਵੀ ਕਿਹਾ ਜਾਂਦਾ ਹੈ, ਨੇ ਇਥੇ ਮਾਨਾਂਵਾਲਾ ਕਲਾਂ ਦੇ ਚੋਣ ਬੂਥ `ਤੇ ਜਾ ਕੇ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਮਾਨਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਵਿਚਲਾ ਇਹ ਚੋਣ ਬੂਥ ਅਸੈਂਬਲੀ ਹਲਕਾ ਅਟਾਰੀ ਅਧੀਨ ਆਉਂਦਾ ਹੈ। ਸੋਹਣਾ-ਮੋਹਣਾ ਨੂੰ ਪਿੰਗਲਵਾੜਾ ਕੰਪਲੈਕਸ ਤੋਂ ਪੋਲਿੰਗ ਬੂਥ ਤੱਕ ਵਿਸ਼ੇਸ਼ ਗੱਡੀ ਰਾਹੀਂ ਲਿਆਂਦਾ ਗਿਆ। ਇਸ ਪੂਰੇ ਅਮਲ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸੋਹਣਾ-ਮੋਹਣਾ ਨੇ ਇਕ ਦੂਸਰੇ ਕੋਲੋਂ ਓਹਲਾ ਰੱਖ ਕੇ ਵੋਟ ਪਾਈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ.ਕਰੁਣਾ ਰਾਜੂ ਨੇ ਹਾਲ ਹੀ ਵਿਚ ਸੋਹਣਾ ਤੇ ਮੋਹਣਾ ਨੂੰ ਚੋਣ ਫੋਟੋ ਵਾਲੇ ਵੱਖੋ-ਵੱਖਰੇ ਸ਼ਨਾਖਤੀ ਕਾਰਡ ਦਿੱਤੇ ਸਨ। ਦੋਵੇਂ ਪਿਛਲੇ ਸਾਲ ਹੀ 18 ਸਾਲ ਦੇ ਹੋਏ ਹਨ। ਚੋਣ ਅਧਿਕਾਰੀਆਂ ਨੇ ਕਿਹਾ ਕਿ ਦੋ ਧੜ ਤੇ ਇਕ ਸਰੀਰ ਵਾਲੇ ਸੋਹਣਾ-ਮੋਹਣਾ ਨੂੰ ਦੋ ਅੱਡੋ-ਅੱਡਰੇ ਵੋਟਰ ਮੰਨਦਿਆਂ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਤਾਂ ਕਿ ਉਹ ਆਪਣੀ ਵੋਟ ਪਾਉਣ ਦੇ ਅਮਲ ਨੂੰ ਗੁਪਤ ਰੱਖ ਸਕਣ। ਉਨ੍ਹਾਂ ਕਿਹਾ ਕਿ ਸੋਹਣਾ-ਮੋਹਣਾ ਨੂੰ ਵੋਟ ਪਾਉਣ ਮੌਕੇ ਕਾਲੇ ਚਸ਼ਮੇ ਦਿੱਤੇ ਗਏ। ਸੋਹਣਾ ਤੇ ਮੋਹਣਾ ਮਾਨਾਂਵਾਲਾ ਸਥਿਤ ਪਿੰਗਲਵਾੜਾ ਵਿਚ ਰਹਿੰਦੇ ਹਨ। ਉਨ੍ਹਾਂ ਦਾ ਜਨਮ ਜੂਨ 2003 ਵਿਚ ਨਵੀਂ ਦਿੱਲੀ ‘ਚ ਹੋਇਆ ਸੀ ਤੇ ਮਾਪੇ ਉਨ੍ਹਾਂ ਨੂੰ ਛੱਡ ਗਏ ਸਨ। ਮਗਰੋਂ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਨੇ ਉਨ੍ਹਾਂ ਨੂੰ ਅਪਣਾ ਲਿਆ।