ਪੰਜਾਬ ਵਿਚ ਅਮਨ-ਅਮਾਨ ਨਾਲ ਸਿਰੇ ਚੜ੍ਹਿਆ ਚੋਣ ਅਮਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਿੰਗ ਦਾ ਅਮਲ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਹਾਲਾਂਕਿ ਇਕਾ-ਦੁੱਕਾ ਥਾਵਾਂ ‘ਤੇ ਹਿੰਸਕ ਘਟਨਾਵਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ‘ਚ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਹਨ।

ਚੋਣ ਕਮਿਸ਼ਨ ਵੱਲੋਂ 70 ਫੀਸਦ ਤੋਂ ਵੱਧ ਵੋਟਾਂ ਪੈਣ ਦਾ ਦਾਅਵਾ ਕੀਤਾ ਗਿਆ ਹੈ। ਪੰਜ ਸਾਲ ਪਹਿਲਾਂ 77.40 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਸਵੇਰੇ ਅੱਠ ਵਜੇ ਸ਼ੁਰੂ ਹੋਇਆ ਵੋਟਾਂ ਪੈਣ ਦਾ ਅਮਲ ਸ਼ਾਮ 6 ਵਜੇ ਖਤਮ ਹੋਇਆ। ਸੂਬੇ ਦੇ ਦਿਹਾਤੀ ਖੇਤਰਾਂ ਦੇ ਵੋਟਰਾਂ ਨੇ ਪੁਰਾਣੀ ਰਵਾਇਤ ਕਾਇਮ ਰਖਦਿਆਂ ਖੁੱਲ੍ਹ ਕੇ ਵੋਟਾਂ ਪਾਈਆ ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ। ਵੋਟਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ ਕੁੱਲ 700 ਕੰਪਨੀਆਂ ਤੋਂ ਇਲਾਵਾ ਸੂਬਾਈ ਪੁਲੀਸ ਦਾ ਅਮਲਾ ਵੀ ਤਾਇਨਾਤ ਰਿਹਾ।
117 ਅਸੈਂਬਲੀ ਸੀਟਾਂ ਲਈ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਵਿਚ 93 ਔਰਤਾਂ ਤੇ 2 ਟਰਾਂਸਜੈਂਡਰ ਹਨ। ਵੋਟਾਂ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਿਮਰਨਜੀਤ ਸਿੰਘ ਮਾਨ ਆਦਿ ਦੇ ਸਿਆਸੀ ਭਵਿੱਖ ਦਾ ਫੈਸਲਾ ਈ.ਵੀ.ਐਮਜ. ‘ਚ ਬੰਦ ਹੋ ਗਿਆ। ਚੋਣ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਰਨਾਂ ਚਾਰ ਰਾਜਾਂ ਨਾਲ ਹੋਵੇਗਾ।
ਚਰਚਿਤ ਹਲਕਿਆਂ ਵਿਚ ਪਟਿਆਲਾ (ਸ਼ਹਿਰੀ) 59.5 ਫੀਸਦ, ਗਿੱਦੜਬਾਹਾ 77.8, ਧੂਰੀ 68 ਫੀਸਦ, ਚਮਕੌਰ ਸਾਹਿਬ 68 ਫੀਸਦ ਤੇ ਭਦੌੜ 71.3 ਫੀਸਦ, ਲੰਬੀ 72.4 ਫੀਸਦ, ਜਲਾਲਾਬਾਦ 71.5, ਅੰਮ੍ਰਿਤਸਰ ਪੂਰਬੀ 53 ਫੀਸਦ ਤੇ ਅਮਰਗੜ੍ਹ ‘ਚ 72.88 ਫੀਸਦ ਵੋਟਾਂ ਪਈਆਂ ਹਨ। ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿਚ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਇਕ ਚੋਣ ਬੂਥ ਦੀ ਫੇਰੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਕੁਝ ਸਕਿੰਟਾਂ ਲਈ ਇਕ ਦੂਜੇ ਦੇ ਮੱਥੇ ਲੱਗੇ। ਦੋਵਾਂ ਨੇ ਇਕ ਦੂਜੇ ਨਾਲ ਦੁਆ ਸਲਾਮ ਕੀਤੀ ਤੇ ਅੱਗੇ ਵਧ ਗਏ। ਦੋਵੇਂ ਆਗੂ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਇਕ ਦੂਜੇ ਖਿਲਾਫ ਖੜ੍ਹੇ ਹਨ। ਮਜੀਠੀਆ ਐਤਕੀਂ ਆਪਣਾ ਮਜੀਠਾ ਹਲਕਾ ਛੱਡ ਕੇ ਸਿੱਧੂ ਖਿਲਾਫ ਮੈਦਾਨ ਵਿਚ ਨਿੱਤਰੇ ਹਨ। ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਮਜੀਠੀਆ ਉਮੀਦਵਾਰ ਹੈ।
ਚੋਣ ਕਮਿਸ਼ਨ ਨੇ ਬੌਲੀਵੁੱਡ ਅਦਾਕਾਰ ਤੇ ਸਮਾਜ ਸੇਵੀ ਸੋਨੂ ਸੂਦ ਨੂੰ ਮੋਗਾ ਦੇ ਪੋਲਿੰਗ ਬੂਥਾਂ ‘ਤੇ ਜਾਣ ਤੋਂ ਡੱਕਿਆ। ਅਦਾਕਾਰ ਦੀ ਭੈਣ ਮਾਲਵਿਕਾ ਸੂਦ ਸੱਚਰ ਇਥੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਸੋਨੂ ਸੂਦ ਖਿਲਾਫ ਵੋਟਰਾਂ ਨੂੰ ਅਸਰਅੰਦਾਜ ਕੀਤੇ ਜਾਣ ਸਬੰਧੀ ਸ਼ਿਕਾਇਤ ਮਿਲੀ ਸੀ। ਮੋਗਾ ਪੁਲਿਸ ਨੇ ਅਦਾਕਾਰ ਦੇ ਵਾਹਨ ਨੂੰ ਕਬਜ਼ੇ ਵਿਚ ਲੈ ਲਿਆ। ਸੂਦ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਵੋਟਾਂ ਪੈਣ ਦਾ ਅਮਲ ਸ਼ੁਰੂ ਹੋਣ ਸਮੇਂ ਵੋਟਾਂ ਦੇ ਭੁਗਤਾਨ ਦਾ ਕੰਮ ਮੱਠਾ ਰਿਹਾ ਪਰ ਦੁਪਹਿਰ ਤੱਕ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸੂਬੇ ਦੇ ਪ੍ਰਮੁੱਖ ਸਿਆਸੀ ਆਗੂਆਂ ਨੇ ਆਪਣੀ ਜੱਦੀ ਰਿਹਾਇਸ਼ ਦੇ ਨਜ਼ਦੀਕ ਪੈਂਦੇ ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਵੋਟ ਦਾ ਭੁਗਤਾਨ ਕੀਤਾ। ਲੰਬੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (94), ਜੋ ਐਤਕੀਂ ਚੋਣ ਮੈਦਾਨ ਵਿਚ ਸਭ ਤੋਂ ਬਜ਼ੁਰਗ ਉਮੀਦਵਾਰ ਹਨ, ਨੇ ਆਪਣੇ ਪੁੱਤਰ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੋਤਰੀ ਨਾਲ ਵੋਟ ਪਾਈ। ਸੁਖਬੀਰ ਬਾਦਲ ਖੁਦ ਗੱਡੀ ਚਲਾ ਕੇ ਪਰਿਵਾਰ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ। ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾਉਣ ਮਗਰੋਂ ਕਿਹਾ, ”ਮੈਨੂੰ ਖੁਸ਼ੀ ਹੈ ਕਿ ਸਾਡੀ ਜਮਹੂਰੀਅਤ ਬਹੁਤ ਮਜ਼ਬੂਤ ਹੈ। ਮੈਂ ਆਪਣੇ ਆਖਰੀ ਸਾਹਾਂ ਤੱਕ ਲੋਕਾਂ ਦੀ ਸੇਵਾ ਕਰਦਾ ਰਹਾਂਗਾ।“ ਉਧਰ, ਹਰਸਿਮਰਤ ਕੌਰ ਨੇ ਕਿਹਾ ਕਿ ਅਕਾਲੀ ਦਲ ਹੰਢੀ ਵਰਤੀ ਖੇਤਰੀ ਪਾਰਟੀ ਹੈ, ਜੋ ਲੋਕਾਂ ਦੀਆਂ ਇੱਛਾਵਾਂ ਨੂੰ ਸਮਝਦੀ ਹੈ।
ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਮੁਕਤਸਰ ਸਾਹਿਬ ਵਿਚਲੇ ਆਪਣੇ ਜੱਦੀ ਪਿੰਡ ਵਿਚ ਵੋਟ ਪਾਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਤੇ ਧੂਰੀ ਤੋਂ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਮੁਹਾਲੀ ਦੇ 3ਬੀ2 ਵਿਚਲੇ ਚੋਣ ਬੂਥ ‘ਤੇ ਵੋਟ ਪਾਈ। ਵੋਟ ਪਾਉਣ ਵਾਲੇ ਹੋਰਨਾਂ ਸਿਆਸੀ ਦਿੱਗਜਾਂ ਵਿਚ ਪਰਗਟ ਸਿੰਘ, ਵਿਜੈ ਇੰਦਰ ਸਿੰਗਲਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਹਨ। ਇਸ ਦੌਰਾਨ ‘ਆਪ‘ ਆਗੂ ਰਾਘਵ ਚੱਢਾ ਨੇ ਉਪਰੋਥੱਲੀ ਟਵੀਟ ਕਰਕੇ ਗੁਰੂਹਰਸਹਾਏ ਦੇ ਪੋਲਿੰਗ ਬੂਥ ‘ਤੇ ਇਕ ਸਰਪੰਚ ਵੱਲੋਂ ਵੋਟਰਾਂ ਨੂੰ ਕਥਿਤ ਅਸਰਅੰਦਾਜ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਨੌਰ, ਅਟਾਰੀ ਤੇ ਮਜੀਠਾ ਵਿਚ ਕੁਝ ਈ.ਵੀ.ਐਮਜ. ਖਰਾਬ ਹੋਣ ਦਾ ਦਾਅਵਾ ਵੀ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਿੱਤਰੀ ਹਲਕੇ ਚਮਕੌਰ ਸਾਹਿਬ ਵਿਚਲੇ ਧਾਰਮਿਕ ਅਸਥਾਨਾਂ ‘ਤੇ ਮੱਥਾ ਟੇਕਿਆ। ਚੰਨੀ ਨੇ ਦਾਅਵਾ ਕੀਤਾ ਕਿ ਕਾਂਗਰਸ ਚੋਣਾਂ ਵਿਚ ਦੋ-ਤਿਹਾਈ ਬਹੁਮਤ ਨਾਲ ਜਿੱਤੇਗੀ। ਚੰਨੀ ਐਤਕੀਂ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਹਲਕੇ ਤੋਂ ਵੀ ਚੋਣ ਮੈਦਾਨ ਵਿਚ ਹਨ।
ਸਾਬਕਾ ਮੁੱਖ ਮੰਤਰੀ ਤੇ ਪਟਿਆਲਾ (ਸ਼ਹਿਰੀ) ਤੋਂ ਭਾਜਪਾ ਤੇ ਗੱਠਜੋੜ ਪਾਰਟੀਆਂ ਦੇ ਉਮੀਦਵਾਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਿੰਨੀ ਵੀ ਵੱਡੀ ਚੁਣੌਤੀ ਦਰਪੇਸ਼ ਹੋਵੇ, ਉਹ ਹਰ ਹਾਲ ਜਿੱਤਣਗੇ। ਅਮਰਿੰਦਰ ਦੀ ਪਤਨੀ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਹਮੇਸ਼ਾਂ ਕੈਪਟਨ ਸਾਹਿਬ (ਅਮਰਿੰਦਰ) ਦੀ ਹਮਾਇਤ ਕੀਤੀ ਹੈ ਤੇ ਇਹੀ ਉਨ੍ਹਾਂ ਦਾ ਪਰਿਵਾਰ ਹੈ ਤੇ ਪਰਿਵਾਰ ਸਭ ਤੋਂ ਉੱਪਰ ਹੈ। ਵੋਟਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ‘ਚ ਕਾਫੀ ਉਤਸ਼ਾਹ ਨਜ਼ਰ ਆਇਆ। ਇਨ੍ਹਾਂ ਵੋਟਰਾਂ ਦਾ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ। ਪੰਜਾਬ ਅਸੈਂਬਲੀ ਦੀਆਂ 117 ਸੀਟਾਂ ਲਈ ਐਤਕੀਂ 2,14,99,804 ਯੋਗ ਵੋਟਰ ਸਨ, ਤੇ ਇਨ੍ਹਾਂ ਵਿਚ 1,02,00,996 ਮਹਿਲਾ ਵੋਟਰ ਸਨ। ਚੋਣ ਕਮਿਸ਼ਨ ਨੇ ਪੋਲਿੰਗ ਲਈ 24,740 ਪੋਲਿੰਗ ਸਟੇਸ਼ਨਾਂ ਦਾ ਵਿਵਸਥਾ ਕੀਤੀ ਸੀ ਤੇ ਇਨ੍ਹਾਂ ਵਿਚੋਂ 2013 ਦੀ ਨਾਜੁਕ ਤੇ 2952 ਦੀ ਅਤਿ-ਨਾਜ਼ੁਕ ਵਜੋਂ ਸ਼ਨਾਖਤ ਕੀਤੀ ਗਈ ਸੀ। ਪੰਜਾਬ ਵਿਚ ਐਤਕੀਂ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ, ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਫਰੰਟ ਸੰਯੁਕਤ ਸਮਾਜ ਮੋਰਚਾ ਵਿਚਾਲ਼ੇ ਬਹੁਕੋਣੀ ਮੁਕਾਬਲਾ ਸੀ।
ਵੋਟ ਫੀਸਦ ‘ਚ ਮਾਨਸਾ ਜ਼ਿਲ੍ਹਾ ਮੋਹਰੀ
ਮਾਨਸਾ: ਮਾਨਸਾ ਜ਼ਿਲ੍ਹੇ ਵਿਚ ਸਭ ਤੋਂ ਵੱਧ 77.21 ਫੀਸਦ ਵੋਟਿੰਗ ਹੋਈ ਜਦੋਂਕਿ 72.84 ਫੀਸਦ ਨਾਲ ਮਾਲੇਰਕੋਟਲਾ ਦੂਜੀ ਥਾਂ ‘ਤੇ ਰਿਹਾ। ਫਾਜ਼ਿਲਕਾ ਵਿਚ 73.59 ਫੀਸਦ, ਸੰਗਰੂਰ 73.82, ਮੁਕਤਸਰ ਵਿਚ 75.94 ਤੇ ਅੰਮ੍ਰਿਤਸਰ ਵਿਚ 61.95 ਪੋਲਿੰਗ ਰਿਕਾਰਡ ਕੀਤੀ ਗਈ। ਤਰਨਤਾਰਨ ਵਿਚ ਸਭ ਤੋਂ ਘੱਟ 60.47 ਫੀਸਦ ਵੋਟਾਂ ਪਈਆਂ। ਅਸੈਂਬਲੀ ਹਲਕਿਆਂ ਦੀ ਗੱਲ ਕਰੀਏ ਗਿੱਦੜਬਾਹਾ 77.80 ਫੀਸਦ ਪੋਲਿੰਗ ਨਾਲ ਅੱਵਲ ਨੰਬਰ ਤੇ ਅੰਮ੍ਰਿਤਸਰ (ਦੱਖਣੀ) 48.06 ਫੀਸਦ ਪੋਲਿੰਗ ਨਾਲ ਹੇਠਲੇ ਸਥਾਨ ‘ਤੇ ਰਿਹਾ। ਖਿੱਤੇ ਬਾਰੇ ਗੱਲ ਕਰੀਏ ਤਾਂ ਮਾਲਵਾ ਖੇਤਰ, ਜਿਥੇ ਕੁੱਲ 69 ਅਸੈਂਬਲੀ ਹਲਕੇ ਪੈਂਦੇ ਹਨ, ਵਿਚ 65 ਫੀਸਦ ਪੋਲਿੰਗ ਦਰਜ ਕੀਤੀ ਗਈ। ਮਾਝਾ ਖੇਤਰ ‘ਚੋਂ ਗੁਰਦਾਸਪੁਰ ‘ਚ 69.25 ਫੀਸਦ, ਪਠਾਨਕੋਟ 67.72, ਤਰਨ ਤਾਰਨ 60.47 ਤੇ ਅੰਮ੍ਰਿਤਸਰ ਵਿਚ 61.95 ਫੀਸਦ ਵੋਟਾਂ ਪਈਆਂ। ਦੋਆਬੇ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਚ 70.74 ਫੀਸਦ, ਹੁਸ਼ਿਆਰਪੁਰ 64.79, ਜਲੰਧਰ 64.29 ਤੇ ਕਪੂਰਥਲਾ 67.87 ਫੀਸਦ ਪੋਲਿੰਗ ਹੋਈ।
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਵੋਟਰਾਂ ਨੇ ਵਿਖਾਇਆ ਜੋਸ਼
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਵੋਟਾਂ ਦੇ ਭੁਗਤਾਨ ਦਾ ਅਮਲ ਦੇਖਿਆ ਜਾਵੇ ਤਾਂ ਐਤਕੀਂ ਵੋਟਰਾਂ ਦਾ ਰੁਝਾਨ ਪਿਛਲੀਆਂ ਤਿੰਨ ਚੋਣਾਂ ਦੇ ਮੁਕਾਬਲੇ ਮੱਠਾ ਰਿਹਾ। ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ 2002 ਵਿਚ 65 ਫੀਸਦੀ, 2007 ‘ਚ 75.49, 2012 ‘ਚ 78.30 ਅਤੇ 2017 ਵਿੱਚ 77.40 ਫੀਸਦੀ ਵੋਟਾਂ ਪਈਆਂ ਸਨ। ਨਿਰੋਲ ਸ਼ਹਿਰੀ ਖੇਤਰਾਂ ਦੇ ਵਿਧਾਨ ਸਭਾ ਹਲਕਿਆਂ ਵਿਚ ਤਾਂ ਐਤਕੀਂ ਵੋਟ ਪ੍ਰਤੀਸ਼ਤ 60 ਫੀਸਦੀ ਦੇ ਨੇੜੇ ਤੇੜੇ ਰਹੀ ਜਦੋਂ ਕਿ ਦਿਹਾਤੀ ਖੇਤਰ ਵਿਚ ਕਈ ਥਾਈਂ 80 ਫੀਸਦੀ ਦੇ ਨੇੜੇ ਢੁੱਕ ਗਈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਵੋਟਰ ਵੋਟ ਪਾਉਣ ਲਈ ਵਧੇਰੇ ਉਤਸ਼ਾਹ ‘ਚ ਨਜ਼ਰ ਆਏ।
ਅਦਾਕਾਰ ਸੋਨੂ ਸੂਦ ਖਿਲਾਫ ਮੋਗਾ ‘ਚ ਕੇਸ ਦਰਜ
ਮੋਗਾ: ਪੁਲਿਸ ਨੇ ਚੋਣ ਕਮਿਸ਼ਨ ਦੀ ਹਦਾਇਤ ‘ਤੇ ਅਦਾਕਾਰ ਤੇ ਸਮਾਜ ਸੇਵੀ ਸੋਨੂ ਸੂਦ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਐਫ.ਆਈ.ਆਰ. ਵਿਚ ਸੋਨੂ ਉਤੇ ਆਪਣੀ ਭੈਣ ਮਾਲਵਿਕਾ ਸੂਦ, ਜੋ ਕਾਂਗਰਸ ਦੀ ਟਿਕਟ ‘ਤੇ ਮੋਗਾ ਤੋਂ ਚੋਣ ਲੜ ਰਹੇ ਹਨ, ਲਈ ਵੋਟਰਾਂ ਨੂੰ ਅਸਰਅੰਦਾਜ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨੂ ਮੋਗਾ ਅਸੈਂਬਲੀ ਹਲਕੇ ਦਾ ਵੋਟਰ ਨਹੀਂ ਹੈ, ਲਿਹਾਜ਼ਾ ਉਸ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਲਈ ਪ੍ਰਚਾਰ ਕਰਨ ਜਾਂ ਵੋਟਰਾਂ ਨੂੰ ਅਸਰਅੰਦਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਧਰ, ਅਦਾਕਾਰ ਨੇ ਕਿਹਾ ਕਿ ਉਸ ਨੂੰ ਸੂਬੇ ਤੋਂ ਬਾਹਰਲਾ ਦੱਸਣਾ ਸਰਾਸਰ ਗਲਤ ਹੈ ਕਿਉਂਕਿ ਉਨ੍ਹਾਂ ਦਾ ਜਨਮ ਤੇ ਪਰਵਰਿਸ਼ ਮੋਗਾ ਵਿਚ ਹੀ ਹੋਈ ਹੈ।