ਮਾਨਸ ਤੋਂ ਦੇਵਤਾ: ਮੇਰਾ ਗੁਨਾਹ ਮਾਫ਼ ਕਰੀਂ, ਮੇਰੇ ਅੱਲਾ!

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਆਧਾਰ ਦੁੱਧ, ਦਹੀਂ, ਮਖਣੀ ਤੇ ਘਿਓ ਹੀ ਸੀ। ਕੋਲੈਸਟਰੋਲ, ਜੋ ਹੁਣ, ਕੀ ਪੇਂਡੂ ਤੇ ਕੀ ਸ਼ਹਿਰੀ, ਹਰ ਬੰਦੇ ਦੀਆਂ ਲਹੂ-ਨਾੜੀਆਂ ਵਿਚ ਵੜੀ ਬੈਠੀ ਦੱਸੀ ਜਾਂਦੀ ਹੈ, ਸ਼ਹਿਰਾਂ ਵਿਚ ਤਾਂ ਭਾਵੇਂ ਮਾੜਾ-ਮੋਟਾ ਪ੍ਰਵੇਸ਼ ਕਰ ਚੁੱਕੀ ਹੋਵੇ, ਪਿੰਡਾਂ ਦੇ ਲੋਕਾਂ ਦੀ ਸਖ਼ਤ ਸਰੀਰਕ ਮਿਹਨਤ-ਮੁਸ਼ੱਕਤ ਤੇ ਸਰਗਰਮ ਰਹਿਤਲ ਤੋਂ ਡਰਦੀ ਫਿਰਨੀ ਦੇ ਅੰਦਰ ਨਹੀਂ ਸੀ ਆਉਂਦੀ। ਜਿਸ ਉਮਰ ਵਿਚ ਬੰਦੇ ਨੂੰ ਹੁਣ ਡਾਕਟਰ ਅਣਚੋਪੜੀ ਰੋਟੀ ਖਾਣ ਲਾ ਦਿੰਦੇ ਹਨ, ਉਸ ਉਮਰ ਨੂੰ ਪਹੁੰਚਿਆ ਹਰ ਪੇਂਡੂ ਬਜ਼ੁਰਗ ਆਪਣੇ ਪਰਿਵਾਰ ਨੂੰ ਆਖਦਾ, “ਬਈ ਸਿਆਲ ਆ ਗਿਆ। ਮੈਨੂੰ ਤਾਂ ਵੇਲੇ-ਸਿਰ ਪੰਸੇਰੀ ਘਿਓ ਵਿਚ ਅਲਸੀ, ਮੇਥੇ, ਜਮਾਇਣ ਤੇ ਹੋਰ ਸਭ ਸਮਗਰੀ ਪਾ ਕੇ ਪਿੰਨੀਆਂ ਬਣਾ ਦਿਓ।” ਉਹ ਗਰਮ-ਗਰਮ ਅਣਘਾਲੇ ਦੁੱਧ ਨਾਲ ਪਿੰਨੀ ਛਕਦਾ ਤਾਂ ‘ਬਲੌਕੇਜ’ ਹੋਣ ਦੀ ਥਾਂ ਨਾੜਾਂ ਵਿਚ ਲਹੂ ਖੇਤ ਵਾਲੇ ਹਲਟ ਦੇ ਪਾਣੀ ਵਾਂਗ ਬੇਰੋਕ ਵਗ ਤੁਰਦਾ!
ਘਰ-ਘਰ ਮੱਝਾਂ-ਗਊਆਂ ਹੁੰਦੀਆਂ ਸਨ। ਆਮ ਕਰਕੇ ਵੱਗ ਮੱਝਾਂ ਦੇ ਨਹੀਂ, ਗਊਆਂ ਦੇ ਹੀ ਛਿੜਦੇ। ਸ਼ਾਇਦ ਇਹਦਾ ਕਾਰਨ ਤੁਰਨ-ਫਿਰਨ ਦੇ ਪੱਖੋਂ ਗਊਆਂ ਦੇ ਮੁਕਾਬਲੇ ਮੱਝਾਂ ਦਾ ਬਹੁਤ ਸੁਸਤ ਚਾਲ ਵਾਲੀਆਂ ਹੋਣਾ ਸੀ। ਗਊਆਂ ਏਨੀਆਂ ਚੁਸਤ ਹੁੰਦੀਆਂ ਕਿ ਉਨ੍ਹਾਂ ਦੀ ਭੱਜ-ਭਜਾਈ ਨੂੰ ਤਾਂ ਲਲਕਾਰੇ ਮਾਰ ਕੇ ਤੇ ਡਾਂਗ ਦਿਖਾ ਕੇ ਮੱਠੀ ਕਰਨਾ ਪੈਂਦਾ।
ਪਿੰਡ ਦੇ ਬਾਹਰ ਕੋਈ ਖੁੱਲ੍ਹੀ ਥਾਂ ਗਊਆਂ ਇਕੱਠੀਆਂ ਕਰਨ ਲਈ ਮਿਥ ਲਈ ਜਾਂਦੀ। ਸਵੇਰੇ-ਸਵੇਰੇ ਲੋਕ ਆਪਣੀਆਂ ਗਊਆਂ ਉਥੇ ਛੱਡ ਆਉਂਦੇ। ਰੋਜ਼ ਦੀ ਆਦਤ ਪਈ ਹੋਣ ਕਰਕੇ ਉਹ ਬਿਨਾਂ ਕਿਸੇ ਸੰਗਲ-ਰੱਸੇ ਤੋਂ ਆਰਾਮ ਨਾਲ ਖਲੋਤੀਆਂ ਰਹਿੰਦੀਆਂ। ਕੋਈ ਨਾ ਕੋਈ ਬੰਦਾ ਪੁੰਨ ਦਾ ਕੰਮ ਸਮਝ ਕੇ ਪਹਾੜੀ ਲੂਣ, ਜਿਸ ਨੂੰ ਉਹਦੀਆਂ ਸਭ ਖਾਣਾਂ ਪਾਕਿਸਤਾਨ ਦੇ ਇਲਾਕੇ ਵਿਚ ਹੋਣ ਕਾਰਨ ਹੁਣ ਪਾਕਿਸਤਾਨੀ ਲੂਣ ਕਿਹਾ ਜਾਂਦਾ ਹੈ, ਦਾ ਵੱਡਾ ਸਾਰਾ ਡਲਾ ਉਥੇ ਇਕ ਪਾਸੇ ਕਿਸੇ ਪਿੱਪਲ-ਬੋਹੜ ਦੀ ਜੜ੍ਹ ਕੋਲ ਰੱਖ ਦਿੰਦਾ। ਇਸ ਲੂਣ ਦੇ ਬਾਰਾਂ-ਪੰਦਰਾਂ ਸੇਰ ਦੇ ਡਲੇ ਮਿਲਣੇ ਆਮ ਗੱਲ ਸੀ। ਕੋਈ ਗਊ ਆਉਂਦੀ ਤੇ ਡਲੇ ਉੱਤੇ ਲੰਮੀ ਜੀਭ ਮਾਰ ਕੇ ਵਾਪਸ ਜਾ ਖਲੋਂਦੀ। ਕਹਿੰਦੇ ਸਨ, ਇਉਂ ਲੂਣ ਚੱਟਣ ਨਾਲ ਉਨ੍ਹਾਂ ਦਾ ਹਾਜ਼ਮਾ ਠੀਕ ਰਹਿੰਦਾ ਹੈ।
ਜਦੋਂ ਵਾਗੀ ਨੂੰ ਲਗਦਾ, ਗਊਆਂ ਲਗਭਗ ਸਭ ਆ ਗਈਆਂ ਹਨ, ਉਹ ਉਨ੍ਹਾਂ ਨੂੰ ਤੋਰ ਲੈਂਦਾ। ਹੁਣ ਵਾਂਗ ਚੱਪਾ-ਚੱਪਾ ਭੋਇੰ ਓਦੋਂ ਵਾਹੀ ਹੇਠ ਨਹੀਂ ਸੀ ਆਈ। ਹਰੇਕ ਪਿੰਡ ਵਿਚ ਭੋਇੰ ਦੇ ਨਿੱਜੀ ਜਾਂ ਸਾਂਝੇ ਅਨੇਕ ਟੋਟੇ ਕੁਦਰਤ ਦੀ ਕਿਰਪਾ ਨਾਲ਼ ਹਰੇ-ਕਚੂਰ ਘਾਹ-ਬੂਟ ਦੇ ਭਰੇ ਹੋਏ ਹੁੰਦੇ। ਇਹਦੇ ਨਾਲ ਹੀ ਤੁਰਨ-ਫਿਰਨ ਤੇ ਮੂੰਹ ਮਾਰਨ ਵਾਸਤੇ ਅਗਲੀ ਫ਼ਸਲ ਬੀਜਣ ਖ਼ਾਤਰ ਖਾਲੀ ਛੱਡੇ ਹੋਏ ਖੇਤ ਹੁੰਦੇ। ਵਾਗੀ ਅਜਿਹੇ ਥਾਈਂ ਉਨ੍ਹਾਂ ਨੂੰ ਰੋਕਦਾ-ਚਾਰਦਾ ਪਿਛਲੇ ਪਹਿਰ ਤੱਕ ਲਈਂ ਫਿਰਦਾ।
ਮੁੜਨ ਦਾ ਵੇਲਾ ਹੋਇਆ ਦੇਖ ਉਹ ਉਨ੍ਹਾਂ ਨੂੰ ਪਿੰਡ ਦੇ ਰਾਹ ਪਾ ਲੈਂਦਾ ਤੇ ਘਰੋ-ਘਰ ਪਹੁੰਚਦੀਆਂ ਕਰ ਦਿੰਦਾ। ਸਗੋਂ ਵਾਗੀ ਨੇ ਉਨ੍ਹਾਂ ਨੂੰ ਘਰ ਕੀ ਪੁਜਦੀਆਂ ਕਰਨਾ ਸੀ, ਪਿੰਡ ਦੇ ਨੇੜੇ ਆ ਕੇ ਉਹ ਦਿਨ-ਭਰ ਦੀ ਆਗਿਆਪਾਲਤਾ ਛੱਡ ਕੇ ਵਾਗੀ ਤੋਂ ਬਾਗ਼ੀ ਹੋ ਜਾਂਦੀਆਂ ਅਤੇ ਉਹਦੀ ਡਾਂਗ ਤੇ ਲਲਕਾਰ ਭੁੱਲ ਕੇ ਆਪੇ ਹੀ ਘਰਾਂ ਵੱਲ ਭੱਜ ਲੈਂਦੀਆਂ। ਖਾਸ ਕਰਕੇ ਥੱਕਣ ਦੇ ਡਰੋਂ ਜਾਂ ਗਊ ਨਾਲ਼ ਬਾਹਰ ਜਾ ਕੇ ਦੁੱਧ ਚੁੰਘ ਜਾਣ ਦੇ ਡਰੋਂ ਘਰ ਰੱਖੇ ਵੱਛੇ-ਵੱਛੀ ਵਾਲੀ ਗਾਂ ਦਾ ਭੱਜਣਾ ਤਾਂ ਮਸ਼ਹੂਰ ਸੀ। ਜੇ ਕੋਈ ਬੰਦਾ ਕਾਹਲੀ-ਕਾਹਲੀ ਘਰ ਨੂੰ ਜਾ ਰਿਹਾ ਹੁੰਦਾ, ਕੋਈ ਨਾ ਕੋਈ ਟਿੱਚਰ ਕਰਦਾ, “ਕੀ ਗੱਲ? ਖ਼ੈਰ ਹੈ, ਵੱਛਰੂ ਵਾਲੀ ਗਾਂ ਵਾਂਗੂੰ ਘਰ ਨੂੰ ਭੱਜਿਆ ਜਾਨੈਂ?”
ਪਿੰਡਾਂ ਵਿਚ ਘੜੀਆਂ-ਘੰਟੇ ਆਮ ਨਹੀਂ ਸਨ ਹੁੰਦੇ। ਘੜੀ ਜਾਂ ਤਾਂ ਪੈਨਸ਼ਨੀਏ ਫੌਜੀਆਂ ਕੋਲ ਹੁੰਦੀ ਜਾਂ ਫੇਰ ਮੀਰਾਬ ਕੋਲ ਜੋ ਪਿੰਡ ਦਾ ਹੀ ਕੋਈ ਬੰਦਾ ਹੁੰਦਾ ਅਤੇ ਘੱਟ-ਵੱਧ ਜ਼ਮੀਨ ਦੇ ਹਿਸਾਬ ਨਾਲ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੰਡ ਕਰਦਾ। ਮੀਰਾਬ ਅਸਲ ਵਿਚ ਮੀਰ-ਆਬ ਦਾ ਸਰਲ ਬਣਾਇਆ ਰੂਪ ਸੀ, ਭਾਵ ਪਾਣੀ ਦਾ ਅਧਿਕਾਰੀ। ਆਮ ਲੋਕ ਸਮਾਂ ਕਿਸੇ-ਨਾ-ਕਿਸੇ ਘਟਨਾ ਨਾਲ ਜੋੜ ਕੇ ਹੀ ਦਸਦੇ। ਜਿਸ ਵੇਲ਼ੇ ਵੱਗ ਪਿੰਡ ਮੁੜਦਾ, ਉਹਨੂੰ ਵੱਗਾਂ-ਵੇਲ਼ਾ ਆਖਦੇ। ਕੋਈ ਕੁੱਕੜ ਦੀ ਪਹਿਲੀ ਬਾਂਗ, ਦੂਜੀ ਬਾਂਗ ਦਾ ਵੇਲ਼ਾ ਹੁੰਦਾ। ਕੋਈ ਚਿੜੀਆਂ ਦੇ ਚੂਕਣ ਦਾ ਵੇਲ਼ਾ ਹੁੰਦਾ, ਜਿਸ ਦਾ ਜ਼ਿਕਰ ਆਪਣੇ ਵਾਰਿਸ ਸ਼ਾਹ ਨੇ ਕੀਤਾ ਹੈ, “ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ।” ਇਉਂ ਹੀ ਤੌੜੀਆਂ ਵੇਲ਼ਾ, ਭੱਠੀਆਂ ਵੇਲ਼ਾ, ਦੀਵੇ-ਬੱਤੀ ਦਾ ਵੇਲ਼ਾ ਤੇ ਹੋਰ ਵੇਲ਼ੇ ਹੁੰਦੇ।
ਸਮਾਜਿਕ-ਸਭਿਆਚਾਰਕ ਪੱਖੋਂ ਚੇਤੇ ਰੱਖਣ ਵਾਲੀ ਇਕ ਅਹਿਮ ਤੇ ਦਿਲਚਸਪ ਗੱਲ ਇਹ ਹੈ ਕਿ ਵਾਗੀ ਆਮ ਕਰ ਕੇ ਮੁਸਲਮਾਨ ਭਰਾ ਹੀ ਹੁੰਦੇ ਅਤੇ ਉਹ ਵੱਗ ਦੀਆਂ ਗਊਆਂ ਨੂੰ ਬੜੇ ਪਿਆਰ ਨਾਲ ਰੋਹੀਆਂ-ਬੰਨਿਆਂ ਵਿਚ ਫੇਰ-ਚਾਰ ਕੇ ਲਿਆਉਂਦੇ। ਭਾਵੇਂ ਏਨੇ ਡੰਗਰਾਂ ਨੂੰ ਕਾਬੂ ਵਿਚ ਰੱਖਣ ਵਾਸਤੇ ਤੇ ਕਿਸਾਨਾਂ ਦੀਆਂ ਪੈਲ਼ੀਆਂ ਵਿਚ ਵੜਨੋਂ ਰੋਕਣ ਵਾਸਤੇ ਉਨ੍ਹਾਂ ਕੋਲ ਲੰਮੀ ਡਾਂਗ ਹੁੰਦੀ, ਉਹ ਵਾਹ ਲਗਦੀ ਗਊਆਂ ਉੱਤੇ ਇਹਦੀ ਵਰਤੋਂ ਨਹੀਂ ਸਨ ਕਰਦੇ। ਪਸੂ਼ ਵੀ ਉਨ੍ਹਾਂ ਦੀ ਲਲਕਾਰ ਤੇ ਝਾੜ-ਝੰਬ ਨੂੰ ਹੀ ਸਮਝ ਜਾਂਦੇ ਸਨ।
ਸਾਡੇ ਪਿੰਡ ਨਿੱਕਾ ਵਾਗੀ ਵੱਗ ਛੇੜਦਾ ਹੁੰਦਾ ਸੀ। ਧਰਮ ਦੇ ਪੱਖੋਂ ਉਹ ਮੁਸਲਮਾਨ ਸੀ। ਉਹਦਾ ਘਰ ਥੋੜ੍ਹਾ ਜਿਹਾ ਹਟਵਾਂ ਸਾਡੇ ਘਰ ਦੇ ਲਗਭਗ ਸਾਹਮਣੇ ਹੀ ਸੀ। ਉਹਦੀ ਮਾਂ, ਹਾਤੋ ਅੰਮਾ, ਬਹੁਤ ਸਿਆਣੀ ਤੇ ਅਨੁਭਵੀ ਦਾਈ ਸੀ। ਮੈਂ ਤੇ ਮੇਰੇ ਹਾਣੀ ਅਤੇ ਸਾਥੋਂ ਪਹਿਲੇ ਤੇ ਪਿਛਲੇ ਅਨੇਕ ਕੁੜੀਆਂ-ਮੁੰਡੇ ਉਹਦੀ ਦਾਈਗੀਰੀ ਨੇ ਹੀ ਇਸ ਸੰਸਾਰ ਵਿਚ ਲਿਆਂਦੇ ਸਨ।
ਹਰੇਕ ਵਾਗੀ ਨੂੰ ਗਊ ਸੁਆਉਣ ਦਾ ਤਜਰਬਾ ਹੋ ਜਾਣਾ ਕੁਦਰਤੀ ਸੀ। ਦਰਜਨਾਂ ਗਊਆਂ ਵਿਚੋਂ ਕਦੀ ਨਾ ਕਦੀ ਵੱਗ ਵਿਚ ਗਈ ਕਿਸੇ ਗਊ ਦੇ ਵੱਛਰੂ ਪੈਦਾ ਹੋ ਹੀ ਜਾਂਦਾ। ਇਹ ਕਾਰਜ ਵਾਗੀ ਹੀ ਨਿਭਾਉਂਦੇ। ਜਦੋਂ ਵੱਗ ਪਿੰਡ ਮੁੜਦਾ, ਨਵਾਂ ਜਨਮਿਆ ਵੱਛੀ-ਵੱਛਾ ਬੜੇ ਲਾਡ ਨਾਲ ਵਾਗੀ ਨੇ ਮੋਢਿਆਂ ਉੱਤੇ ਚੁੱਕਿਆ ਹੁੰਦਾ ਤੇ ਗਾਂ ਉਹਦੀਆਂ ਅੱਡੀਆਂ ਮਿਧਦੀ ਮਗਰ-ਮਗਰ ਤੁਰੀ ਆਉਂਦੀ। ਘਰ-ਵਾਲੇ ਖ਼ੁਸ਼ ਹੋ ਕੇ ਆਪਣੀ ਇੱਛਾ ਅਨੁਸਾਰ ਉਹਨੂੰ ਗੁੜ, ਆਟਾ, ਖੱਦਰ-ਖੇਸ ਤੇ ਰੁਪਈਆ-ਧੇਲੀ ਦੇ ਦਿੰਦੇ।
ਕਈ ਵਾਰ ਪੈਦਾ ਹੋਣ ਵਾਲ਼ਾ ਵੱਛਰੂ ਆਪਣੇ ਹੀ ਨਾੜੂਏ ਵਿਚ ਉਲਝਿਆ ਹੋਇਆ ਹੁੰਦਾ। ਬਹੁਤੇ ਵਾਗੀ ਪੁਸ਼ਤ-ਦਰ-ਪੁਸ਼ਤ ਦੀ ਸਿਖਲਾਈ ਅਤੇ ਅਭਿਆਸ ਸਦਕਾ ਅਜਿਹੀ ਹਾਲਤ ਨਾਲ ਸਿੱਝਣ ਦੇ ਸਮਰੱਥ ਵੀ ਹੋ ਜਾਂਦੇ। ਉਹ ਗਊ ਦੇ ਸਰੀਰ ਦੇ ਅੰਦਰ ਹੱਥ ਪਾ ਕੇ ਸਹਿਜੇ-ਸਹਿਜੇ ਵੱਛਰੂ ਦੁਆਲਿਉਂ ਨਾੜੂਆ ਲਾਹੁੰਦੇ ਤੇ ਗਾਂ-ਵੱਛਰੂ, ਦੋਵਾਂ ਦੀ ਜਾਨ ਬਚਾ ਲੈਂਦੇ।
ਘਰੇ ਬੈਠੇ ਗੱਲਾਂ ਕਰਦਿਆਂ ਇਕ ਦਿਨ ਨਿੱਕੇ ਵਾਗੀ ਤੋਂ ਤੁਰੀ ਗੱਲ ਇਕ ਅਜਿਹੇ ਵਾਗੀ ਤੱਕ ਪੁੱਜ ਗਈ ਜਿਸ ਬਾਰੇ ਜਾਣ ਕੇ ਮੈਂ ਜਿੰਨਾ ਹੈਰਾਨ ਓਦੋਂ ਹੋਇਆ ਸੀ, ਓਨਾ ਹੀ ਅੱਜ ਵੀ ਹਾਂ। ਤੇ ਉਸ ਸਾਹਮਣੇ ਜਿੰਨਾ ਸਿਰ ਓਦੋਂ ਝੁਕਿਆ ਸੀ, ਅੱਜ ਵੀ ਓਨਾ ਹੀ ਝੁਕਦਾ ਹੈ। ਇਹ ਪਿੰਡ ਬੀਲ੍ਹਾ ਦਾ ਵਾਗੀ ਵਲੀ ਖਾਂ ਸੀ। ਨਹਿਰ ਸਰਹੰਦ ਦੇ ਕਿਨਾਰੇ ਸ਼ਹਿਣੇ ਤੋਂ ਉਤਾਂਹ ਦੇ ਇਸ ਪਿੰਡ ਵਿਚ ਮੇਰਾ ਵੱਡਾ ਭਾਈ ਵਿਆਹਿਆ ਹੋਇਆ ਸੀ ਅਤੇ ਵਲੀ ਖਾਂ ਦੀ ਇਹ ਅਨੋਖੀ ਕਹਾਣੀ ਮੇਰੀ ਭਾਬੀ ਨੇ ਸੁਣਾਈ ਸੀ।
ਵਾਗੀ ਹੋਣ ਕਰਕੇ ਉਹਨੂੰ ਵੱਛੀਆਂ-ਵੱਛੇ ਇਸ ਦੁਨੀਆ ਵਿਚ ਲਿਆਉਣ ਦਾ ਲੰਮਾ ਪੁਸ਼ਤੈਨੀ ਅਨੁਭਵ ਸੀ। ਸੁਭਾਵਿਕ ਸੀ ਕਿ ਇਸ ਵਿਚ ਜਨਮ ਸਮੇਂ ਨਾੜੂਏ ਵਿਚ ਉਲਝੇ ਵੱਛੀਆਂ-ਵੱਛੇ ਵੀ ਸ਼ਾਮਲ ਸਨ। ਮਨੁੱਖ ਅਤੇ ਪਸੂ਼ਆਂ ਦੀ ਸਰੀਰਕ ਬਣਤਰ ਤਾਂ ਆਖ਼ਰ ਇਕੋ ਹੀ ਹੈ। ਜਿਹੋ ਜਿਹੇ ਉਲਝੇਵੇਂ ਦੀ ਗੱਲ ਅਸੀਂ ਗਊਆਂ ਦੀ ਕੀਤੀ ਹੈ, ਕੁਦਰਤੀ ਹੈ, ਇਹੋ ਜਿਹੇ ਉਲਝੇਵੇਂ ਜ਼ੱਚਗੀ ਵੇਲੇ ਕੁਛ ਇਸਤਰੀਆਂ ਨੂੰ ਵੀ ਪੈ ਜਾਂਦੇ ਹਨ। ਹੁਣ ਅਜਿਹੀਆਂ ਮੁਸ਼ਕਿਲਾਂ ਵੇਲੇ ਸਹਾਈ ਹੋਣ ਲਈ ਉੱਚੀ ਤੋਂ ਉੱਚੀ ਸਿਖਲਾਈ ਅਤੇ ਯੋਗਤਾ ਵਾਲੀਆਂ ਗਾਇਨਾਕਾਲੋਜਿਸਟ ਡਾਕਟਰ ਹਨ। ਨੇੜੇ-ਨੇੜੇ ਸਰਕਾਰੀ ਜਾਂ ਨਿੱਜੀ ਹਸਪਤਾਲ ਹਨ। ਪਿੰਡਾਂ ਨੂੰ ਉਨ੍ਹਾਂ ਨਾਲ ਜੋੜਨ ਵਾਸਤੇ ਸੜਕਾਂ ਹਨ ਅਤੇ ਮਰੀਜ਼ ਨੂੰ ਲੈ ਕੇ ਜਾਣ ਲਈ ਕਾਰਾਂ ਤੇ ਐਂਬੂਲੈਂਸਾਂ ਹਨ।
ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਿਆ ਹਾਂ, ਦੂਰ-ਦੂਰ ਤਕ ਗਾਇਨਾਕਾਲੋਜਿਸਟ ਤਾਂ ਕੀ, ਸਾਧਾਰਨ ਡਾਕਟਰ ਵੀ ਨਹੀਂ ਸਨ ਹੁੰਦੇ। ਨਾ ਸੜਕਾਂ ਸਨ ਤੇ ਨਾ ਗੱਡੀਆਂ। ਲਗਭਗ ਹਰੇਕ ਪਿੰਡ ਵਿਚ ਜਾਂ ਗੁਆਂਢੀ ਪਿੰਡ ਵਿਚ ਕੋਈ ਨਾ ਕੋਈ ਵੈਦ-ਹਕੀਮ ਹੁੰਦਾ ਸੀ। ਲੋਕਾਂ ਵਾਸਤੇ ਉਹੋ ਹੀ ਧਨੰਤਰ ਵੈਦ ਹੁੰਦਾ! ਮੈਨੂੰ ਵਿਗੜੀ ਹੋਈ ਬਿਮਾਰੀ ਵਾਲੇ ਸਭ ਪੇਂਡੂ ਮਰੀਜ਼ ਬਲ੍ਹਦ ਜੁੜੇ ਗੱਡਿਆਂ ਵਿਚ ਮੰਜਾ ਰੱਖ ਕੇ ਸ਼ਹਿਰ ਲਿਜਾਏ ਜਾਂਦੇ ਹੀ ਚੇਤੇ ਹਨ। ਪਿੰਡ ਬੀਲ੍ਹੇ ਤੋਂ ਵੀ ਸ਼ਹਿਰ ਬਹੁਤ ਦੁਰ-ਦੂਰ ਸਨ।
ਇਕ ਵਾਰ ਭਾਣਾ ਕੀ ਵਰਤਿਆ, ਵਲੀ ਖਾਂ ਦੇ ਆਪਣਿਆਂ ਵਿਚ ਜ਼ਹਿਮਤ ਡਿੱਗੀ ਇਕ ਇਸਤਰੀ ਉਲਝ ਗਈ। ਨੇੜੇ ਪਹੁੰਚ ਵਿਚ ਨਾ ਕੋਈ ਸ਼ਹਿਰ, ਨਾ ਹਸਪਤਾਲ ਤੇ ਨਾ ਡਾਕਟਰ। ਜ਼ਿੰਦਗੀ ਤੇ ਮੌਤ ਵਿਚਕਾਰ ਝੂਲਦੇ ਮਾਂ ਤੇ ਬੱਚਾ ਕਿਸੇ ਸਮੇਂ ਵੀ ਮੌਤ ਵੱਲ ਤਿਲ੍ਹਕ ਸਕਦੇ ਸਨ। ਬੇਵਸੀ ਤੇ ਬੇਚੈਨੀ ਵਿਚ ਹੱਥ ਮਲ਼ਦੇ ਘਰ-ਵਾਲਿਆਂ ਨੇ ਕਿਹਾ, “ਵਲੀ, ਤੈਨੂੰ ਗਊਆਂ ਦਾ ਪਤਾ ਹੈ। ਤੂੰ ਹੀ ਦੇਖ ਭਾਈ, ਕਰ ਕੋਈ ਹੀਲਾ। ਕੀ ਪਤਾ ਅੱਲ੍ਹਾ ਨੇ ਇਨ੍ਹਾਂ ਦੋਵਾਂ ਦੀ ਜ਼ਿੰਦਗੀ ਤੇਰੇ ਹੱਥੋਂ ਹੀ ਬਚਣੀ ਲਿਖੀ ਹੋਈ ਹੋਵੇ!”
ਪਹਿਲਾਂ ਵਲੀ ਦਾ ਝਿਜਕਣਾ ਸੁਭਾਵਿਕ ਸੀ। ਫੇਰ ਉਹਨੇ ਜੱਚਾ ਦਾ ਕਸ਼ਟ ਦੇਖ ਕੇ ਮਨ ਪੱਕਾ ਕੀਤਾ ਅਤੇ ਅੱਲਾ ਦੀ ਮਿਹਰ ਨਾਲ ਉਹਦੇ ਸਦਕਾ ਮਾਂ ਨੇ ਜਾਨਲੇਵਾ ਸੰਕਟ ਵਿਚੋਂ ਨਿਕਲ ਕੇ ਸੁਖ ਦਾ ਸਾਹ ਲਿਆ ਅਤੇ ਬੱਚੇ ਨੇ ਓਪਰੀ ਦੁਨੀਆ ਵਿਚ ਆ ਕੇ ਪਹਿਲੀ ਚੀਕ ਮਾਰੀ!
ਸਭ ਨੇ ਖ਼ੁਸ਼ ਹੋ ਕੇ ਕਿਹਾ, “ਵਾਹ ਬਈ ਵਲੀ, ਵਾਹ! ਤੇਰੀਆਂ ਉਂਗਲਾਂ ਵਿਚ ਤਾਂ ਅੱਲਾ ਨੇ ਜ਼ਿੰਦਗੀ ਦੇਣ ਵਾਲੀ ਬਰਕਤ ਬਖ਼ਸ਼ੀ ਹੈ!”
ਗੱਲ ਹੀ ਫੈਲਣ ਵਾਲੀ ਸੀ, ਦੂਰ-ਨੇੜੇ ਫੈਲ ਗਈ।
ਜਦੋਂ ਕੋਈ ਬਹੂ-ਬੇਟੀ ਉਲਝ ਜਾਂਦੀ, ਬੇਵੱਸ ਘਰ-ਵਾਲੇ ਬੇਨਤੀ ਕਰਦੇ, “ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! ਬਣ ਜੀਵਨ-ਦਾਤਾ!”
ਅਜਿਹੇ ਵੇਲੇ ਜਣੇਪੇ ਵਾਲ਼ੇ ਘਰ ਪਹੁੰਚ ਕੇ ਉਹ ਅੱਖਾਂ ਉੱਤੇ ਪੱਟੀ ਬੰਨ੍ਹਾਉਂਦਾ ਤੇ ਆਖਦਾ, “ਮੈਨੂੰ ਮੰਜੇ ਕੋਲ ਲੈ ਚੱਲੋ। “ ਫੇਰ ਉਹ ਜ਼ੱਚਾ ਨੂੰ ਆਖਦਾ, “ਧੀਏ, ਮੈਂ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ, ਜੋ ਅੱਜ ਆਪਣੀ ਹੀ ਬੇਟੀ ਦੇ ਸਰੀਰ ਨੂੰ ਛੂਹਣਾ ਪੈ ਰਿਹਾ ਹੈ। ਤੇ ਤੂੰ ਵੀ ਪਿਛਲੇ ਜਨਮ ਕੋਈ ਗੁਨਾਹ ਕੀਤਾ ਹੈ ਜੋ ਤੈਨੂੰ ਆਪਣੇ ਅੱਬਾ ਸਮਾਨ ਵਲੀ ਤੋਂ ਸਰੀਰ ਨੂੰ ਹੱਥ ਲੁਆਉਣਾ ਪੈ ਰਿਹਾ ਹੈ। ਰੱਬ ਆਪਣੇ ਦੋਵਾਂ ਦੇ ਗੁਨਾਹ ਬਖ਼ਸ਼ੇ!”
ਉਹ ਮਾਹਿਰ ਗਾਇਨਾਕਾਲੋਜਿਸਟ ਵਾਂਗ ਮਾਂ ਦੇ ਸਰੀਰ ਵਿਚ ਉਂਗਲਾਂ ਪਾ ਕੇ ਬੱਚੇ ਦੁਆਲਿਉਂ ਹੌਲ਼ੀ ਹੌਲ਼ੀ ਨਾੜੂਆ ਉਤਾਰਦਾ ਤੇ ਉਹਨੂੰ ਇਸ ਸੰਸਾਰ ਵਿਚ ਲੈ ਆਉਂਦਾ। ਬੱਚੇ ਨੂੰ ਦਾਈ ਦੇ ਹੱਥ ਸੌਂਪ ਕੇ ਉਹ ਉਥੇ ਹੀ ਗੋਡਣੀਏਂ ਹੁੰਦਾ, ਦੋਵੇਂ ਹੱਥ ਦੁਆ ਵਿਚ ਉੱਚੇ ਚੁਕਦਾ ਅਤੇ ਆਖਦਾ, “ਇਸ ਨਿੱਕੀ ਜਿਹੀ ਜਾਨ ਨੂੰ ਦੁਨੀਆ ਵਿਚ ਸਹੀ-ਸਲਾਮਤ ਲਿਆਉਣ ਦਾ ਸਬਾਬ ਦੇਖਦਿਆਂ ਇਹਦੀ ਮਾਂ ਦੇ ਅੰਗਾਂ ਨੂੰ ਹੱਥ ਲਾਉਣ ਦਾ ਮੇਰਾ ਗੁਨਾਹ ਮਾਫ਼ ਕਰੀਂ, ਮੇਰੇ ਅੱਲਾ!”
ਇਉਂ ਕਿੰਨੀਆਂ ਹੀ ਇਸਤਰੀਆਂ ਦੀਆਂ ਜਾਨਾਂ ਉਸ ਹੱਥੋਂ ਬਚੀਆਂ ਅਤੇ ਕਿੰਨੀਆਂ ਹੀ ਨਵੀਆਂ ਜਾਨਾਂ ਉਸ ਸਦਕਾ ਇਸ ਦੁਨੀਆ ਵਿਚ ਆ ਸਕੀਆਂ! ਦੇਸ਼ ਦੀ ਵੰਡ ਵੇਲੇ ਜਦੋਂ ਪੰਜਾਬੀ ਆਪਣੇ ਹੀ ਕਹਿਰ ਦੇ ਸ਼ਿਕਾਰ ਹੋਏ, ਵਲੀ ਦੀ ਇਹੋ ਜੀਵਨ-ਦਾਤੀ ਸਿਫ਼ਤ ਉਹਦੀ ਤੇ ਉਹਦੇ ਪਰਿਵਾਰ ਦੀ ਢਾਲ ਬਣੀ। ਪਤਾ ਲਗਿਆ ਹੈ, ਉਹ ਸੰਤਾਲੀ ਦੇ ਘੱਲੂਘਾਰੇ ਤੋਂ ਪੰਦਰਾਂ-ਵੀਹ ਸਾਲ ਮਗਰੋਂ ਤੱਕ ਜਿਉਂਦਾ ਰਿਹਾ। ਉਹਦਾ ਪਰਿਵਾਰ ਅੱਜ ਵੀ ਪਿੰਡ ਬੀਲ੍ਹੇ ਹੀ ਰਹਿੰਦਾ ਹੈ।