ਬਲਰਾਜ ਸਾਹਨੀ
ਗੌਰਮਿੰਟ ਕਾਲਜ, ਲਾਹੌਰ ਵਿਚ ਚੇਤਨ ਆਨੰਦ ਤੇ ਮੈਂ ਇਕੱਠੇ ਪੜ੍ਹੇ ਸਾਂ। ਭਾਵੇਂ ਉਹ ਮੈਥੋਂ ਦੋ ਜਮਾਤਾਂ ਪਿੱਛੇ ਸੀ, ਅਸੀਂ ਚੰਗੇ ਦੋਸਤ ਸਾਂ। ਅੰਗਰੇਜ਼ੀ ਵਿਚ ਕਵਿਤਾ ਲਿਖਣ ਅਤੇ ਨਾਟਕ ਖੇਡਣ ਦਾ ਦੋਵਾਂ ਨੂੰ ਸ਼ੌਕ ਸੀ। ਦੋਵਾਂ ਨੂੰ ਕਾਲਜ ਦੀ ਖੁਸ਼ਵੱਜਾ ਅਤੇ ਖੁਸ਼-ਮਿਜ਼ਾਜ ਸ਼ਖਸੀਅਤ ਗਿਣ ਕੇ ਲਡਿਆਇਆ ਤੇ ਵਿਗਾੜਿਆ ਜਾਂਦਾ ਸੀ। ਜਦੋਂ ਮੈਂ ਵਲੈਤ ਰਵਾਨਾ ਹੋਇਆ ਸਾਂ ਤਾਂ ਚੇਤਨ ਡੇਰਾਦੂਨ ਸਕੂਲ ਵਿਚ ਅਧਿਆਪਕ ਸੀ। ਅਚਾਨਕ ਉਹਨੂੰ ਬੰਬਈ ਵਿਚ ਵੇਖ ਕੇ ਹੈਰਾਨੀ ਵੀ ਹੋਈ, ਤੇ ਰੱਜਵੀਂ ਖੁਸ਼ੀ ਵੀ।
ਚੇਤਨ ਨੇ ਦੱਸਿਆ ਕਿ ਪੜ੍ਹਾਉਣਾ ਛਡ ਕੇ ਉਹ ਫਿਲਮਾਂ ਵਿਚ ਆ ਗਿਆ ਹੈ ਤੇ ਏਸ ਵੇਲੇ ਤਿੰਨ-ਚਾਰ ਫਿਲਮਾਂ ਵਿਚ ਹੀਰੋ ਹੈ (ਜੇ ਮੈਂ ਗਲਤੀ ਨਹੀਂ ਕਰਦਾ ਤਾਂ ਨਰਗਿਸ ਸਭ ਤੋਂ ਪਹਿਲਾਂ ਚੇਤਨ ਨਾਲ ਹੀਰੋਇਨ ਆਈ ਸੀ)। ਬੈਂਕ ਵਿਚ ਖੜ੍ਹੇ-ਖੜ੍ਹੇ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕਦੀਆਂ। ਚੇਤਨ ਨੇ ਦੂਜੇ ਦਿਨ ਸਾਨੂੰ ਰੋਟੀ ਉਤੇ ਬੁਲਾ ਲਿਆ। ਓਦੋਂ ਉਸ ਦਾ ਘਰ ਬਾਂਦਰੇ ਵਿਚ ਪਾਲੀ ਹਿੱਲ ਉਤੇ ਸੀ। ਉਸ ਪਹਾੜੀ ਨੂੰ ਵੇਖ ਕੇ ਸਾਡੇ ਦਿਲ ਨੂੰ ਰੌਣਕ ਆ ਗਈ। ਇੰਜ ਲਗਾ, ਜਿਵੇਂ ਕਿਸੇ ਪਹਾੜੀ ਨਗਰ ਵਿਚ ਆ ਗਏ ਹੋਈਏ। ਬੰਬਈ ਸ਼ਹਿਰ ਦੇ ਨੇੜੇ-ਤੇੜੇ ਇਤਨੀਆਂ ਖੂਬਸੂਰਤ ਪਹਾੜੀਆਂ ਹਨ, ਇਹ ਸਾਨੂੰ ਪਹਿਲੀ ਵਾਰੀ ਪਤਾ ਲੱਗਾ, ਤੇ ਮਨ ਵਿਚ ਬੈਠੀ ਬੰਬਈ ਦੀ ਮੁਖਾਲਫਤ ਕੁਝ ਘਟ ਗਈ। ਪਹਾੜ ਦੀ ਢਲਵਾਣ ਉਤੇ ਬਣਿਆ ਚੇਤਨ ਦਾ ਘਰ ਬੇਹੱਦ ਸੁੰਦਰ ਤੇ ਪਹਾੜੀ ਬੰਗਲਿਆਂ ਵਾਂਗ ਹੀ ਸੀ। ਉਪਰ ਵਾਲੀ ਛੱਤ ‘ਤੇ ਉਸ ਦਾ ਐਂਗਲੋ-ਇੰਡੀਅਨ ਮਾਲਕ ਆਪ ਰਹਿੰਦਾ ਸੀ। ਚੇਤਨ ਨੇ ਦੱਸਿਆ- ਬੜਾ ਰੰਗੀਨ-ਮਿਜ਼ਾਜ ਤੇ ਅਲਬੇਲਾ ਨੌਜਵਾਨ ਸੀ ਉਹ। ਸਾਰਾ-ਸਾਰਾ ਦਿਨ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਬੀਅਰ ਪੀਂਦਾ, ਬੈਂਡ ਵਜਾਉਂਦਾ, ਤੇ ਨਾਚ ਕਰਦਾ। ਜਿਤਨਾ ਚਿਰ ਅਸੀਂ ਚੇਤਨ ਕੋਲ ਬੈਠੇ ਰਹੇ, ਉਪਰ ਲੱਕੜ ਵਾਲੀ ਛੱਤ ਉਤੇ ਜੋੜਿਆਂ ਦੇ ਨੱਚਣ ਦਾ ਖੜਾਕ ਹੁੰਦਾ ਰਿਹਾ ਜੋ ਪਹਾੜੀ ਨਗਰ ਦੀ ਤਸਵੀਰ ਨੂੰ ਹੋਰ ਮੁਕੰਮਲ ਕਰਦਾ ਸੀ।
ਉਸ ਐਂਗਲੋ-ਇੰਡੀਅਨ ਦਾ ਨਾਂ ਵਰਨਾਨ ਸੀ। ਤਿੰਨ ਵਰ੍ਹੇ ਪਿਛੋਂ ਦੇਸ਼ ਵਿਚ ਆਜ਼ਾਦੀ ਆਈ ਅਤੇ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਵਿਚ ਉਹ ਉੱਕਾ ਹੀ ਅਸਮਰਥ ਰਿਹਾ। ਘਰ ਵਿਕ ਗਿਆ, ਫਾਕਿਆਂ ਦੀ ਨੌਬਤ ਆ ਗਈ। ਕੁਝ ਸਾਲਾਂ ਪਿਛੋਂ ਮੈਂ ਉਹਨੂੰ ਚੇਤਨ ਦੀ ਡਰਾਇਵਰੀ ਕਰਦੇ ਵੇਖਿਆ। ਹੁਣ ਉਹ ਇਸ ਸੰਸਾਰ ਵਿਚ ਨਹੀਂ ਪਰ ਜਦੋਂ ਵੀ ਉਸ ਨੂੰ ਯਾਦ ਕਰਦਾ ਹਾਂ, ਇਕ ਗੈਰ-ਮਾਮੂਲੀ ਅਤੇ ਹੱਦ ਦਰਜੇ ਦੇ ਅਣਖੀਲੇ ਕਿਰਦਾਰ ਦਾ ਚਿਹਰਾ ਸਾਹਮਣੇ ਆਉਂਦਾ ਹੈ। ਹੁਣ ਉਸ ਦਾ ਪੁੱਤਰ, ਨੋਇਲ ਜਵਾਨ ਹੋ ਗਿਆ ਹੈ। ਚੇਤਨ ਦੀ ਫਿਲਮ ‘ਹਕੀਕਤ’ ਵਿਚ ਉਹ ਅਸਿਸਟੈਂਟ ਕੈਮਰਾਮੈਨ ਸੀ। ਹੋਰ ਇਕ-ਦੋ ਸਾਲਾਂ ਅੰਦਰ ਉਹ ਪੂਰਾ ਕੈਮਰਾਮੈਨ ਬਣ ਜਾਏਗਾ। ਵੇਖਣ ਵਿਚ ਉਹ ਵੀ ਅੰਗਰੇਜ਼ ਹੀ ਲੱਗਦਾ ਹੈ ਪਰ ਪਿਓ ਨੂੰ ਹਿੰਦੁਸਤਾਨੀ ਬਣਨ ਵਿਚ ਜਿਤਨੀ ਤਕਲੀਫ ਹੋਈ, ਉਸ ਨੂੰ ਨਹੀਂ ਹੋਈ। ਮੇਰੇ ਦਿਲ ਵਿਚ ਉਸ ਲਈ ਬੜਾ ਪਿਆਰ ਹੈ।
ਚੇਤਨ ਨਾਲ ਗੱਪਾਂ ਮਾਰਦਿਆਂ ਪਤਾ ਲੱਗਾ ਕਿ ਲੜਾਈ ਦੌਰਾਨ ਫਿਲਮੀ ਸੰਸਾਰ ਵਿਚ ਬੜੀਆਂ ਜ਼ਬਰਦਸਤ ਤਬਦੀਲੀਆਂ ਆਈਆਂ ਹਨ। ਹੁਣ ਕੇਵਲ ਸਟੂਡੀਓ ਦੇ ਮਾਲਕ ਫਿਲਮਾਂ ਨਹੀਂ ਬਣਾਉਂਦੇ, ਤੇ ਨਾ ਹੀ ਐਕਟਰ ਜਾਂ ਡਾਇਰੈਕਟਰ ਤਨਖਾਹ ਲੈ ਕੇ ਕੰਮ ਕਰਦੇ ਹਨ। ਫਿਲਮਾਂ ਦੀ ਮੰਗ ਬਹੁਤ ਵਧ ਗਈ ਹੈ, ਇਸ ਲਈ ਆਪ ਫਿਲਮ ਬਣਾਉਣ ਦੀ ਥਾਂ ਮਾਲਕ ਸਟੂਡੀਓ ਨੂੰ ਕਿਰਾਏ ਉਤੇ ਦੇ ਕੇ ਜ਼ਿਆਦਾ ਪੈਸੇ ਖੱਟ ਸਕਦਾ ਹੈ। ਇਕ-ਇਕ ਸਟੂਡੀਓ ਵਿਚ ਦਿਨੇ-ਰਾਤੀਂ ਲਗਾਤਾਰ ਅੱਠ-ਅੱਠ, ਦਸ-ਦਸ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ। ਪ੍ਰੋਡਿਊਸਰ ਧਨੀਆਂ ਕੋਲੋਂ ਸਰਮਾਇਆ ਲੈਂਦਾ ਹੈ, ਤੇ ਅੱਗੋਂ ਡਾਇਰੈਕਟਰ, ਕਹਾਣੀਕਾਰ, ਕਲਾਕਾਰਾਂ ਤੇ ਟੈਕਨੀਸ਼ਨਾਂ ਆਦਿ ਨਾਲ ਠੇਕਾ ਕਰਦਾ ਹੈ। ਸਭ ਨੂੰ ਖੁੱਲ੍ਹ ਹੈ ਕਿ ਇਕੋ ਵਾਰ ਭਾਵੇਂ ਜਿਤਨੇ ਪ੍ਰੋਡਿਊਸਰਾਂ ਦੀਆਂ ਫਿਲਮਾਂ ਵਿਚ ਕੰਮ ਕਰਨ। ਠੇਕੇ ਉਤੇ ਕੰਮ ਕਰਕੇ ਇਕ ਲੋਕ-ਪ੍ਰਿਯਾ ਕਲਾਕਾਰ ਮਹੀਨੇ ਵਿਚ ਤੀਹ-ਚਾਲੀ ਹਜ਼ਾਰ ਤੱਕ ਕਮਾ ਸਕਦਾ ਹੈ। ਸਹਿਗਲ ਦੀ ਆਮਦਨੀ ਏਸ ਵੇਲੇ ਇਸ ਤੋਂ ਵੀ ਜ਼ਿਆਦਾ ਹੈ, ਹਾਲਾਂਕਿ ਨਿਊ-ਥੀਏਟਰਜ਼ ਵਿਚ ਉਸ ਨੂੰ ਮਸਾਂ ਚਾਰ-ਪੰਜ ਹਜ਼ਾਰ ਮਿਲਦੇ ਸਨ। ਕਲਾਕਾਰਾਂ ਦੀ ਗੁੱਡੀ ਅਸਮਾਨ ਉਤੇ ਚੜ੍ਹ ਗਈ ਹੈ, ਕਿਉਂਕਿ ਉਹਨਾਂ ਦੇ ਨਾਵਾਂ ਨੂੰ ਵੇਖ ਕੇ ਹੀ ਧਨੀ ਪ੍ਰੋਡਿਊਸਰ ਨੂੰ ਸਰਮਾਇਆ ਦੇਂਦੇ ਹਨ, ਤੇ ਅੱਗੋਂ ਫਿਲਮ ਵਿਕਦੀ ਵੀ ‘ਸਟਾਰਾਂ’ ਦੇ ਸਿਰ ‘ਤੇ ਹੀ ਹੈ। ਇਸ ਨੂੰ ‘ਸਟਾਰ ਸਿਸਟਮ’ ਆਖਦੇ ਹਨ।
ਇਹਨਾਂ ਵੇਰਵਿਆਂ ਦਾ ਸਾਡੇ ਪੱਲੇ ਖਾਸ ਕੁਝ ਵੀ ਨਹੀਂ ਸੀ ਪੈ ਰਿਹਾ, ਤੇ ਨਾ ਹੀ ਹੁਣ ਤੀਕਰ ਕਦੇ ਪਿਆ ਹੈ। ਆਪਣੇ ਪਿਤਾ ਜੀ ਦਾ ਵਪਾਰ ਮੈਂ ਇਤਨਾ ਉਕਤਾ ਕੇ ਛੱਡਿਆ ਸੀ ਕਿ ਉਮਰ ਭਰ ਕਦੇ ਉਸ ਦੇ ਨੇੜੇ ਨਾ ਜਾਣ ਦਾ ਪੱਕਾ ਨਿਸਚਾ ਕਰ ਚੁੱਕਾ ਸਾਂ ਪਰ ਇਹ ਸੁਣ ਕੇ ਜ਼ਰੂਰ ਖੁਸ਼ੀ ਹੋਈ ਕਿ ਸ਼ਰੀਫ ਸਮਾਜ ਵਿਚ ਹੁਣ ਫਿਲਮੀ ਧੰਦੇ ਨੂੰ ਉਤਨੀ ਬੁਰੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ, ਜਿਤਨਾ ਲੜਾਈ ਤੋਂ ਪਹਿਲਾਂ ਦੇ ਜ਼ਮਾਨੇ ਵਿਚ ਵੇਖਿਆ ਜਾਂਦਾ ਸੀ। ਚੰਗੇ-ਚੰਗੇ ਘਰਾਂ ਦੇ ਕੁੜੀਆਂ-ਮੁੰਡੇ ਇਸ ਵਿਚ ਆ ਰਹੇ ਸਨ। ਕ੍ਰਿਸ਼ਨ ਚੰਦਰ, ਉਪੇਂਦਰ ਨਾਥ ਅਸ਼ਕ, ਸਆਦਤ ਹਸਨ ਮੰਟੋ, ਭਗਵਤੀ ਚਰਨ ਵਰਮਾ, ਜੋਸ਼ ਮਲੀਹਾਬਾਦੀ, ਸਾਗਰ ਨਿਜ਼ਾਮੀ ਤੇ ਹੋਰ ਕਿਤਨੇ ਹੀ ਚੋਟੀ ਦੇ ਲੇਖਕ ਜੋ ਪਹਿਲਾਂ ਕਦੇ ਲਿਖਣ ਵਿਚੋਂ ਕਮਾਈ ਦੀ ਉਮੀਦ ਨਹੀਂ ਸਨ ਕਰ ਸਕਦੇ, ਹੁਣ ਬੰਬਈ ਵਿਚ ਵੱਸ ਗਏ ਸਨ, ਤੇ ਫਿਲਮਾਂ ਲਈ ਕਹਾਣੀਆਂ, ਗਾਣੇ ਆਦਿ ਲਿਖ ਕੇ ਹਜ਼ਾਰਾਂ ਰੁਪਏ ਕਮਾ ਰਹੇ ਸਨ।
ਕ੍ਰਿਸ਼ਨ ਚੰਦਰ ਵੀ ਸਾਡਾ ਕਾਲਜ ਦੇ ਜ਼ਮਾਨੇ ਦਾ ਹਾਣੀ ਸੀ, ਭਾਵੇਂ ਅਸੀਂ ਗੌਰਮਿੰਟ ਕਾਲਜ ਵਿਚ ਪੜ੍ਹੇ ਸਾਂ, ਤੇ ਉਹ ਐਫ.ਸੀ. ਕਾਲਜ ਵਿਚ। ਇਕ ਵਾਰੀ ਉਹਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੀਆਂ ਕਹਾਣੀਆਂ ਪੜ੍ਹ ਕੇ ਹੀ ਉਹਨੂੰ ਕਹਾਣੀਕਾਰ ਬਣਨ ਦਾ ਖਿਆਲ ਆਇਆ ਸੀ ਪਰ ਇਸ ਵਿਚ ਸ਼ੱਕ ਨਹੀਂ ਕਿ ਮੇਰੇ ਵਲੈਤ ਤੁਰਨ ਤੀਕਰ ਉਹਨੇ ਅਜੇ ਉਰਦੂ ਵਿਚ ਉਤਨਾ ਨਾਮਣਾ ਨਹੀਂ ਸੀ ਖੱਟਿਆ, ਜਿਤਨਾ ਮੈਂ ਹਿੰਦੀ ਵਿਚ ਖੱਟ ਚੁੱਕਾ ਸਾਂ। ‘ਦੋ ਫਰਲਾਂਗ ਲੰਬੀ ਸੜਕ’ ਉਹਦੀ ਪਹਿਲੀ ਕਹਾਣੀ ਸੀ ਜਿਸ ਲਈ ਉਹਨੂੰ ਭਰਪੂਰ ਸ਼ਲਾਘਾ ਮਿਲੀ ਪਰ ਚੇਤਨ ਨੇ ਦੱਸਿਆ, ਲੜਾਈ ਦੇ ਦਿਨਾਂ ਵਿਚ ਉਹਨੇ ਬੇ-ਹਿਸਾਬ ਲਿਖਿਆ ਹੈ, ਤੇ ਉਰਦੂ ਸਾਹਿਤ ਵਿਚ ਪ੍ਰਮੁਖ ਸਥਾਨ ਹਾਸਲ ਕਰ ਲਿਆ ਹੈ। ਉਸ ਦੀ ਬੰਗਾਲ ਦੇ ਕਾਲ ਬਾਰੇ ਲਿਖੀ ਲੰਮੀ ਕਹਾਣੀ ‘ਅੰਨ ਦਾਤਾ’ ਨੇ ਤਹਿਲਕਾ ਮਚਾ ਦਿੱਤਾ ਹੈ।
ਇੰਗਲੈਂਡ ਵਿਚ ਮੈਂ ਪੂਰੇ ਚਾਰ ਸਾਲ ਕੁਝ ਵੀ ਨਹੀਂ ਸੀ ਲਿਖਿਆ ਪਰ ਆਪਣੇ ਆਪ ਨੂੰ ਸਾਹਿਤਕਾਰਾਂ ਵਿਚ ਗਿਣਨ ਦਾ ਮੈਨੂੰ ਅਜੇ ਵੀ ਚਾਅ ਸੀ। ਇਹ ਸੋਚ ਕੇ ਮਨ ਨੂੰ ਹੌਸਲਾ ਹੋਇਆ ਕਿ ਜੇ ਹੋਰ ਕੋਈ ਕੰਮ ਨਾ ਬਣਿਆ ਤਾਂ ਫਿਲਮਾਂ ਲਈ ਕਹਾਣੀਆਂ ਲਿਖ ਕੇ ਸ਼ੈਦ ਮੈਂ ਵੀ ਰੋਜ਼ੀ ਕਮਾਣ ਯੋਗ ਹੋ ਸਕਾਂ। ਐਕਟਰ ਬਣਨ ਦਾ ਮੈਨੂੰ ਉਸ ਵੇਲੇ ਵੀ ਖਿਆਲ ਨਹੀਂ ਆਇਆ। ਮੈਂ ਹਾਲਾਂ ਵੀ ਫਿਲਮਾਂ ਨੂੰ ਦੂਰੋਂ-ਦੂਰੋਂ ਹੀ ਵੇਖ ਰਿਹਾ ਸਾਂ, ਜਿਵੇਂ ਮੇਰੇ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ।
“ਚੇਤਨ ਯਾਰ, ਤੂੰ ਕਹਿੰਦਾ ਏਂ ਫਿਲਮਾਂ ਨੇ ਤਰੱਕੀ ਕੀਤੀ ਏ ਪਰ ਸ਼ਾਂਤਾਰਾਮ ਦੀ ਫਿਲਮ ਵੇਖ ਕੇ ਤਾਂ ਮੈਨੂੰ ਤਰੱਟੀ ਚੌੜ ਦਾ ਅਹਿਸਾਸ ਹੋਇਆ ਸੀ।”
ਚੇਤਨ ਆਨੰਦ ਹੱਸ ਪਿਆ ਤੇ ਬੜੀ ਸਿਆਣਿਆਂ ਵਾਲੀ ਮੁਦਰਾ ਬਣਾ ਕੇ ਕਹਿਣ ਲੱਗਾ, “ਇਹ ਸ਼ਾਂਤਾਰਾਮ ਨੇ ‘ਬਾਕਸ ਆਫਿਸ’ ਫਿਲਮ ਬਣਾਈ ਏ।”
ਦਮੋ ਤੇ ਮੈਂ ਹੈਰਾਨ ਹੋ ਕੇ ਉਸ ਦੇ ਵਲ ਵੇਖਦੇ ਰਹਿ ਗਏ। ਇਹ ਲਫਜ਼ ਫਿਲਮਾਂ ਦੇ ਸਿਲਸਿਲੇ ਵਿਚ ਅਸਾਂ ਪਹਿਲੀ ਵਾਰੀ ਸੁਣਿਆ ਸੀ। ਇਹ ਨਹੀਂ ਸੀ ਪਤਾ ਕਿ ਅੱਗੋਂ ਜਾ ਕੇ ਇਸ ਮਨਹੂਸ ਸ਼ਬਦ ਨਾਲ ਰੋਜ਼ ਦਾ ਵਾਹ ਪਏਗਾ।
“ਕੀ ਮਤਲਬ?” ਮੈਂ ਪੁੱਛਿਆ।
“ਮਤਲਬ ਇਹ ਕਿ ਹੁਣ ਫਿਲਮਾਂ ਦੀ ਕਾਮਯਾਬੀ ਦੀ ਸ਼ਰਤ ਉਹਨਾਂ ਦੀ ਕਲਾਤਮਿਕ ਪੱਧਰ ਨਹੀਂ ਸਗੋਂ ਇਹ ਹੈ ਕਿ ਉਹ ਪੈਸਾ ਕਿਤਨਾ ਖੱਟਦੀਆਂ ਨੇ। ‘ਸ਼ਕੁੰਤਲਾ’ ਕਲਾ ਦੇ ਪੱਖ ਤੋਂ ਭਾਵੇਂ ਘਟੀਆ ਰਹੀ ਹੋਵੇ ਪਰ ਵਪਾਰਕ ਪੱਖ ਤੋਂ ਖੂਬ ਕਾਮਯਾਬ ਏ। ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਰਹੀ ਏ।”
“ਪਰ ਪਹਿਲਾਂ ਵੀ ਤਾਂ ਸ਼ਾਂਤਾਰਾਮ ਦੀਆਂ ਫਿਲਮਾਂ ਚਲਦੀਆਂ ਹੀ ਸਨ।” ਮੈਂ ਕਿਹਾ।
“ਹੁਣ ਉਤਨੀ ਕਾਮਯਾਬੀ ਨਾਲ ਕੁਝ ਨਹੀਂ ਬਣਦਾ। ਫਿਲਮਾਂ ਦੀ ਲਾਗਤ ਜੁ ਬਹੁਤ ਵਧ ਗਈ ਏ। ਨਾਲੇ ਲੋਕਾਂ ਦੀ ਰੁਚੀ ਵੀ ਬਦਲ ਗਈ ਏ। ਉਹ ਸੰਜੀਦਾ, ਦੁਖਾਂਤਕ ਅਤੇ ਆਦਰਸ਼ਵਾਦੀ ਫਿਲਮਾਂ ਨਹੀਂ ਵੇਖਣਾ ਚਾਹੁੰਦੇ। ਉਹ ਚਾਹੁੰਦੇ ਹਨ- ਮਨੋਰੰਜਨ, ਨਾਚ-ਗਾਣੇ, ਹਾਸੇ-ਖੇਡਾਂ, ਤਫਰੀਹ।”
“ਤੇਰਾ ਮਤਲਬ ਏ, ਨਿਊ-ਥੀਏਟਰਜ਼ ਦੀਆਂ ਫਿਲਮਾਂ ਨਾਲ ਮਨੋਰੰਜਨ ਨਹੀਂ ਸੀ ਹੁੰਦਾ?”
“ਮਧਿਅਮ-ਵਰਗੀ ਸਿਖਿਅਤ ਲੋਕਾਂ ਦਾ ਜ਼ਿਆਦਾ ਪਰ ਸਮੂਹ ਜਨਤਾ ਦਾ ਘਟ। ਤੇ ਇਕੋ ਤਰ੍ਹਾਂ ਦੀ ਫਿਲਮ ਵਾਰ-ਵਾਰ ਵੇਖ ਕੇ ਲੋਕੀਂ ਤੰਗ ਵੀ ਆ ਗਏ ਸਨ। ਨਿਊ-ਥੀਏਟਰ ਤੇ ਪ੍ਰਭਾਤ ਨੇ ਕੇਵਲ ਦੁਖਾਂਤ ਦੀ ਲੀਕ ਫੜੀ ਹੋਈ ਸੀ। ਤੇ ਉਹਨਾਂ ਦੀਆਂ ਫਿਲਮਾਂ ਦੀ ਚਾਲ ਵੀ ਸੁਸਤ, ਗਾਣੇ ਵੀ ਸੁਸਤ। ਇਸ ਵਿਚ ਸ਼ੱਕ ਨਹੀਂ ਕਿ ਉਹ ਫਿਲਮਾਂ ਨੂੰ ਪਹਿਲਾਂ ਨਾਲੋਂ ਉਚੇਰੀ ਪੱਧਰ ਤੇ ਲੈ ਆਏ ਸਨ ਪਰ ਇਹ ਵੀ ਮੰਨਣਾ ਪਏਗਾ ਕਿ ਸਮਾਜ ਦੀਆਂ ਬੁਨਿਆਦੀ ਹਕੀਕਤਾਂ ਨੂੰ ਉਹਨਾਂ ਦਲੇਰੀ ਨਾਲ ਕਦੇ ਨਹੀਂ ਸੀ ਛੁਹਿਆ। ਉਹ ਭਾਵਨਾ ਦੀ ਬਹੁਲਤਾ ਲਿਆਉਂਦੇ ਸਨ ਜਿਸ ਤੋਂ ਪਬਲਿਕ ਨੂੰ ਅਕੇਵਾਂ ਹੋਣ ਲਗ ਪਿਆ। ਇਸ ਪਰਿਸਥਿਤੀ ਦਾ ਲਾਹੌਰ ਦੇ ਇਕ ਪ੍ਰੋਡਿਊਸਰ ਨੇ ਲਾਭ ਉਠਾਇਆ। ਲੋਕ-ਗੀਤਾਂ ਦੇ ਆਧਾਰ ‘ਤੇ ਗੀਤਾਂ ਦੀਆਂ ਸਰਲ ਤਰਜ਼ਾਂ ਬਣਵਾਈਆਂ ਜੋ ਲੋਕਾਂ ਦੀ ਜ਼ਬਾਨ ਉਤੇ ਝੱਟ ਚੜ੍ਹ ਜਾਂਦੀਆਂ ਸਨ। ਤੇ ਕਹਾਣੀਆਂ ਵੀ ਐਸੀਆਂ ਲੱਭੀਆਂ ਜੋ ਦਰਸ਼ਕਾਂ ਨੂੰ ਖੁਸ਼ੀਆਂ ਭਰੇ ਮਨੋਰੰਜਕ ਸੰਸਾਰ ਵਿਚ ਲੈ ਜਾਣ। ਸੁਹਣੀਆਂ ਕੁੜੀਆਂ, ਚਟਕ-ਮਟਕ ਨਾਚ, ਰੋਮਾਂਸ, ਸ਼ਰਾਰਤ, ਸਹਿੰਦੀ-ਸਹਿੰਦੀ ਅਸ਼ਲੀਲਤਾ ਅਤੇ ਨਗਨਤਾ। ਇਹ ਨਵਾਂ ਫਾਰਮੂਲਾ ਪਹਿਲਾਂ ਪੰਚੋਲੀ ਸਾਹਬ ਦੀ ‘ਖਜ਼ਾਨਚੀ’ ਨਾਮੀ ਫਿਲਮ ਵਿਚ ਪ੍ਰਗਟ ਹੋਇਆ, ਤੇ ਇਸ ਫਿਲਮ ਨੂੰ ਬੇਪਨਾਹ ਮਕਬੂਲੀਅਤ ਹਾਸਲ ਹੋਈ। ਇਸ ਦੀ ਵੇਖਾ-ਵੇਖੀ, ਏਸੇ ਤਰ੍ਹਾਂ ਦੀਆਂ ਹੋਰ ਫਿਲਮਾਂ ਧੜਾ-ਧੜ ਬਣਨ ਲਗ ਪਈਆਂ, ਨਿਊ-ਥੀਏਟਰਜ਼ ਤੇ ਪ੍ਰਭਾਤ ਦੋਵਾਂ ਕੰਪਨੀਆਂ ਦਾ ਭੱਠਾ ਬਹਿ ਗਿਆ। ਸ਼ਾਂਤਾਰਾਮ ਨੇ ਵਕਤ ਦੀ ਲੋੜ ਨੂੰ ਸਮਝਦਿਆਂ ਪ੍ਰਭਾਤ ਨਾਲੋਂ ਰਿਸ਼ਤਾ ਤੋੜ ਲਿਆ ਤੇ ਬੰਬਈ ਆ ਗਿਆ। ਇਕ ਆਜ਼ਾਦ ਪ੍ਰੋਡਿਊਸਰ ਦੇ ਰੂਪ ਵਿਚ ਉਸ ਲਈ ਕਦਮ ਮਜ਼ਬੂਤ ਕਰਨ ਦਾ ਇਕੋ-ਇਕ ਰਾਹ ਸੀ ਕਿ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਫਿਲਮ ਬਣਾਏ। ਏਸੇ ਲਈ ਉਸ ਨੇ ‘ਸ਼ਕੁੰਤਲਾ’ ਦਾ ਵਿਸ਼ਾ ਚੁਣਿਆ ਕਿਉਂਕਿ ਲੋੜੀਂਦੇ ਮਸਾਲੇ ਉਸ ਵਿਚ ਅਸਾਨੀ ਨਾਲ ਤੇ ਬਿਨਾਂ ਬਦਨਾਮੀ ਸਹੇੜੇ ਭਰੇ ਜਾ ਸਕਦੇ ਸਨ। ਤੇ ਇਹ ਠੀਕ ਹੈ ਕਿ ਕਾਲੀਦਾਸ ਨਾਲ ਅਨਿਆਂ ਹੋਇਆ ਪਰ ਲੋਕਾਂ ਵਿਚੋਂ ਕਿਤਨਿਆਂ ਨੇ ਮੂਲ ਨਾਟਕ ਪੜ੍ਹਿਆ ਹੋਇਐ?”
“ਮੈਨੂੰ ਇਹ ਦਲੀਲ ਵਜ਼ਨੀ ਨਹੀਂ ਜਾਪਦੀ।” ਮੈਂ ਕਿਹਾ।
“ਮੈਂ ਜਾਣਦਾ ਹਾਂ ਤੇ ਬਹੁਤ ਹੱਦ ਤਕ ਤੇਰੇ ਨਾਲ ਸਹਿਮਤ ਵੀ ਹਾਂ”, ਚੇਤਨ ਬੋਲਦਾ ਗਿਆ, “ਪਰ ਏਸ ਲਾਈਨ ਵਿਚ ਬੰਦੇ ਨੂੰ ਕਾਰੋਬਾਰੀ ਹੋਣਾ ਪੈਂਦਾ ਏ। ਹੁਣ ਅਗਲੀ ਫਿਲਮ ਲਈ ਸ਼ਾਂਤਾਰਾਮ ਨੇ ਆਪਣੀ ਮਰਜ਼ੀ ਦਾ, ਯਥਾਰਥ ਤੇ ਪ੍ਰਗਤੀਵਾਦੀ ਮਜ਼ਮੂਨ ਚੁਣਿਆ ਏ- ‘ਡਾਕਟਰ ਕੋਟਨਿਸ ਕੀ ਅਮਰ ਕਹਾਣੀ’। ਮੇਰੇ ਖਿਆਲ ਵਿਚ ਤਾਂ ਸ਼ਾਂਤਾਰਾਮ ਦੀ ਸੂਝ ਦੀ ਦਾਦ ਦੇਣੀ ਚਾਹੀਦੀ ਏ।”
“ਪਰ ਇਕ ਵਾਰੀ ਜ਼ਮੀਰ ਨਾਲ ਧੋਖਾ ਕੀਤਿਆਂ ਜ਼ਮੀਰ ਕਮਜ਼ੋਰ ਨਹੀਂ ਹੋ ਜਾਂਦੀ?”
“ਇਸ ਲਾਈਨ ਵਿਚ ਆਦਰਸ਼ਵਾਦ ਦੀ ਬਹੁਤੀ ਗੁੰਜਾਇਜ਼ ਨਹੀਂ।” ਚੇਤਨ ਨੇ ਹੱਸ ਕੇ ਜਵਾਬ ਦਿਤਾ। (ਚੱਲਦਾ)