ਪੰਜਾਬ ਵਿਚ ਭਾਜਪਾ ਦੀ ਜ਼ੋਰ-ਅਜ਼ਮਾਈ

ਹਿੰਦੂ ਵੋਟ ਬੈਂਕ ਵਾਲੇ ਇਲਾਕਿਆਂ ਵਿਚ ਰਾਸ਼ਟਰਵਾਦ ਰਾਹੀਂ ਸਿਆਸਤ
ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਬਹੁਤ ਜ਼ੋਰ ਲਾਇਆ ਹੈ। ਇਸ ਨੇ ਬਹੁਤੇ ਹਲਕਿਆਂ ਵਿਚ ਹਿੰਦੂਤਵ ਬਿਰਤਾਂਤ ਬਾਰੇ ਹੀ ਗੱਲ ਚਲਾਈ ਅਤੇ ਲੋਕਾਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਲਈ ਪੂਰਾ ਟਿੱਲ ਲਾਇਆ। ਉਘੇ ਪੱਤਰਕਾਰ ਪ੍ਰਭਜੀਤ ਸਿੰਘ ਨੇ ਆਪਣੀ ਇਸ ਵਿਸ਼ੇਸ਼ ਰਿਪੋਰਟ ਵਿਚ ਭਾਜਪਾ ਵੱਲੋਂ ਪੰਜਾਬ ਦੇ ਸਿਆਸੀ ਪਿੜ ਅੰਦਰ ਵਧਾਏ ਆਪਣੇ ਹਿੰਦੂਤਵੀ ਬਿਰਤਾਂਤ ਦੀ ਚਰਚਾ ਵਿਸਥਾਰ ਸਹਿਤ ਕੀਤੀ ਹੈ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਪ੍ਰਭਜੀਤ ਸਿੰਘ
ਅਨੁਵਾਦ: ਬੂਟਾ ਸਿੰਘ
ਸ਼੍ਰੋਮਣੀ ਅਕਾਲੀ ਦਲ ਨਾਲ 23 ਸਾਲ ਪੁਰਾਣਾ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਉਨ੍ਹਾਂ 23 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਬਲਬੂਤੇ ਵੋਟ ਬੈਂਕ ਨੂੰ ਸਾਂਭਣ ਵਿਚ ਜੁੱਟੀ ਹੋਈ ਹੈ ਜਿੱਥੇ ਇਹ ਗੱਠਜੋੜ ਦੌਰਾਨ ਰਵਾਇਤੀ ਤੌਰ ‘ਤੇ ਚੋਣ ਲੜਦੀ ਰਹੀ ਹੈ ਪਰ ਭਗਵਾ ਪਾਰਟੀ ਲਈ ਇਸ ਤੋਂ ਵੀ ਵੱਡਾ ਕੰਮ ਸਿੱਖ ਬਹੁਗਿਣਤੀ ਵਾਲੇ ਪੰਜਾਬ ਵਿਚ ਆਪਣੇ ਹਿੰਦੂਤਵੀ ਬਿਰਤਾਂਤ ਨੂੰ ਚੌਕਸੀ ਨਾਲ ਅੱਗੇ ਵਧਾਉਣਾ ਹੈ ਜਿੱਥੇ 20 ਫਰਵਰੀ ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਚੋਣਾਂ ਹੋਈਆਂ ਹਨ।
ਸਭ ਤੋਂ ਪਹਿਲਾਂ ਇਹ ਹਿੰਦੂ ਰਾਸ਼ਟਰਵਾਦ ਨਾਲ ਸੰਬੰਧਿਤ ਨਾਅਰੇ ਉਭਾਰ ਕੇ ਸਥਿਤੀ ਨੂੰ ਤਾੜ ਰਹੀ ਹੈ, ਖਾਸਕਰ ਪਠਾਨਕੋਟ, ਭੋਆ, ਦੀਨਾਨਗਰ, ਮੁਕੇਰੀਆਂ, ਦਸੂਹਾ, ਹੁਸ਼ਿਆਰਪੁਰ, ਫਗਵਾੜਾ, ਲੁਧਿਆਣਾ ਉੱਤਰੀ, ਲੁਧਿਆਣਾ ਕੇਂਦਰੀ, ਅੰਮ੍ਰਿਤਸਰ ਕੇਂਦਰੀ, ਜਲੰਧਰ ਕੇਂਦਰੀ, ਫਿਰੋਜ਼ਪੁਰ ਸ਼ਹਿਰ, ਅਬੋਹਰ, ਫਾਜ਼ਿਲਕਾ ਅਤੇ ਰਾਜਪੁਰਾ ਵਰਗੇ ਹਲਕਿਆਂ ਵਿਚ।
“ਜੋ ਰਾਮ ਕੋ ਲਾਏ ਹੈਂ ਹਮ ਉਨਕੋ ਲਾਏਂਗੇ, ਪੰਜਾਬ ਮੇਂ ਹਮ ਫਿਰ ਸੇ ਭਗਵਾ ਫਹਿਰਾਏਂਗੇ”, ਇਹ ਨਾਅਰਾ ਫਗਵਾੜਾ ਦੇ ਓਂਕਾਰ ਨਗਰ ਵਿਚ ਭਾਜਪਾ ਦੇ ਚੋਣ ਪ੍ਰਚਾਰ ਵਿਚ ਗੂੰਜਦਾ ਰਿਹਾ। ਇਹ ਹਜੂਮ ਪੂਰੀ ਤਰ੍ਹਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਨਿਵਾਸੀਆਂ ਦਾ ਸੀ ਅਤੇ ਇਨ੍ਹਾਂ ਲੋਕਾਂ ਨੂੰ ਭਾਜਪਾ ਵੱਲੋਂ ਭਗਵੇਂ ਰਾਸ਼ਟਰਵਾਦ ਨੂੰ ਉਭਾਰਨ ਲਈ ਸਪਸ਼ਟ ਤੌਰ ‘ਤੇ ਨਿਸ਼ਾਨਾ ‘ਤੇ ਰੱਖਿਆ ਗਿਆ ਸੀ।
ਬੱਚਿਆਂ ਅਤੇ ਪਹਿਲੀ ਵਾਰ ਬਣੇ ਵੋਟਰਾਂ ਨੇ ਭਾਜਪਾ ਦੇ ਝੰਡੇ ਦੇ ਨਾਲ ‘ਜੈ ਸ੍ਰੀ ਰਾਮ’ ਵਾਲੇ ਭਗਵੇਂ ਝੰਡੇ ਚੁੱਕੇ ਹੋਏ ਸਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸਨ ਦਾ ਚੇਅਰਮੈਨ ਅਤੇ ਪਿਛਲੀ ਨਰਿੰਦਰ ਮੋਦੀ ਸਰਕਾਰ ਵਿਚ ਸਾਬਕਾ ਮੰਤਰੀ ਵਿਜੇ ਸਾਂਪਲਾ ਫਗਵਾੜਾ ਸੀਟ ਤੋਂ ਚੋਣ ਲੜ ਰਿਹਾ ਹੈ ਅਤੇ ਇਸ ਮੌਕੇ ਮੁੱਖ ਮਹਿਮਾਨ ਬਿਹਾਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਭੋਜਪੁਰੀ ਸਟਾਰ ਮਨੋਜ ਤਿਵਾੜੀ ਅਤੇ ਮਸਹੂਰ ਪਹਿਲਵਾਨ ਦਲੀਪ ਸਿੰਘ ਰਾਣਾ ਸਨ ਜੋ ਗ੍ਰੇਟ ਖਲੀ ਦੇ ਨਾਂ ਨਾਲ ਮਸ਼ਹੂਰ ਹੈ।
ਮਨੋਜ ਤਿਵਾੜੀ ਨੇ ਆਪਣੇ ਭਾਸ਼ਣ ਦਾ ਆਗਾਜ਼ ਬੜੇ ਕਾਵਿਕ ਲਹਿਜੇ ਵਿਚ ਕੀਤਾ, “ਭਗਵਾ ਅਬ ਖਿਲਨੇ ਲਗਾ ਹੈ, ਪੰਜਾਬ ਭੀ ਸਜਨੇ ਲਗਾ ਹੈ।” ਨੀਮ-ਸ਼ਹਿਰੀ ਹਜੂਮ ਇਸ ਉੱਪਰ ਤਾੜੀਆਂ ਵਜਾ ਰਿਹਾ ਸੀ। ਤਿਵਾੜੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਜਿਸ ਨੇ ‘ਰਾਸ਼ਟਰ ਨੂੰ ਸੁਰੱਖਿਆ ਦਿੱਤੀ ਹੈ’; ਉਸ ਨੇ ਕਿਹਾ, “(ਅਯੁੱਧਿਆ ਵਿਚ) ਮੰਦਰ ਦਾ ਨਿਰਮਾਣ ਹੋ ਰਿਹਾ ਹੈ ਅਤੇ ਕਾਸ਼ੀ ਹੁਣ ਉਡੀਕ ਰਿਹਾ ਹੈ।”
ਉਸ ਨੇ ਅੱਗੇ ਕਿਹਾ, “ਮੋਦੀ ਨੂੰ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿਚ ਵੀ ਜਿਤਾਉਣਾ ਹੋਵੇਗਾ। ਅਸੀਂ ਦੇਖ ਸਕਦੇ ਹਾਂ ਕਿ ਮੋਦੀ ਵੱਲੋਂ ਪੰਜਾਬ ਨੂੰ ਜੋ ਰਾਸ਼ਨ ਦਿੱਤਾ ਜਾ ਰਿਹਾ ਹੈ, ਉਹ ਇੱਥੋਂ ਦੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਹੈ।” ਤਿਵਾੜੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਗੁਰਦੁਆਰਿਆਂ ਦੇ ‘ਲੰਗਰ’ ਲਈ ਰਸਦ ਉੱਪਰ ਟੈਕਸ ਛੋਟ ਵੀ ਮੋਦੀ ਦੇ ਖਾਤੇ ਪਾਈ। ਉਸ ਨੇ ਆਪਣੇ ਭਾਸ਼ਣ ਦੀ ਸਮਾਪਤੀ ‘ਹਰ ਹਰ ਮਹਾਦੇਵ’ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਅਰੇ ਲਗਾ ਕੇ ਕੀਤੀ। ਤਿਵਾੜੀ ਦੇ ਭਾਸ਼ਣ ਨੂੰ ਹੁਲਾਰਾ ਦੇਣ ਲਈ ਖਲੀ ਵਾਰ-ਵਾਰ ਮਾਈਕ ਉਪਰ ‘ਹਰ ਹਰ ਮੋਦੀ, ਘਰ ਘਰ ਮੋਦੀ’ ਦੇ ਨਾਅਰੇ ਲਗਾ ਰਿਹਾ ਸੀ।
ਫਗਵਾੜੇ ਦੇ ਨੀਮ-ਸ਼ਹਿਰੀ ਇਲਾਕਿਆਂ ਵਿਚ ਰੈਲੀ ਉਸ ਹਿੰਦੂਤਵ ਬਿਰਤਾਂਤ ਦੀ ਝਲਕ ਪੇਸ਼ ਕਰਦੀ ਸੀ ਜੋ ਭਾਜਪਾ ਦੇ ਵਰਕਰ ਰਾਜ ਭਰ ਦੇ ਹਿੰਦੂ ਇਲਾਕਿਆਂ ਵਿਚ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਲੁਧਿਆਣਾ ਉੱਤਰੀ ਹਲਕੇ ਵਿਚ ਜੋ ਭਾਜਪਾ ਲਈ ਇਕ ਹੋਰ ਜਿੱਤ ਦੀ ਆਸ ਵਾਲੀ ਸੀਟ ਹੈ, ਅਯੁੱਧਿਆ ਵਿਚ ਬਣਾਏ ਜਾ ਰਹੇ ਰਾਮ ਮੰਦਰ ਦਾ ਹੋਰਡਿੰਗ ਲਗਾਇਆ ਗਿਆ ਹੈ। ਇਸ ਵਿਚ ਤਸਵੀਰ ਦੇ ਨਾਲ ‘ਰਾਮ ਮੰਦਰ’ ਅਤੇ ‘ਜੈ ਸ੍ਰੀ ਰਾਮ’ ਸ਼ਬਦ ਹਨ। ਇਕ ਭਾਜਪਾ ਵਰਕਰ ਸਿੰਗਲਾ ਨੇ ਕਿਹਾ, “ਕਿਸਾਨ ਅੰਦੋਲਨ ਦੌਰਾਨ ਭਾਜਪਾ ਵਰਕਰਾਂ ਨੂੰ ਖਦੇੜ ਦਿੱਤਾ ਗਿਆ ਸੀ, ਹੁਣ ਤੁਸੀਂ ਬਦਲਾਓ ਨੂੰ ਦੇਖ ਸਕਦੇ ਹੋ ਕਿ ਅਸੀਂ ਪੰਜਾਬ ਵਿਚ ਰਾਮ ਮੰਦਰ ਵਰਗੇ ਮਹੱਤਵਪੂਰਨ ਮੁੱਦੇ ਕਿਵੇਂ ਉਠਾ ਰਹੇ ਹਾਂ।” ਉਸ ਨੇ 10% ਤੱਕ ਵੋਟ ਸ਼ੇਅਰ ਹਾਸਲ ਕਰਨ ਦਾ ਦਾਅਵਾ ਕਰਦਿਆਂ ਕਿਹਾ, “ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਹੈਰਾਨ ਕਰਨ ਵਾਲੀ ਹੋਵੇਗੀ।” ਸਿੰਗਲਾ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਲੁਧਿਆਣਾ ਵਿਚ ਭਾਜਪਾ ਲਈ ਕੰਮ ਕਰ ਰਿਹਾ ਹੈ।
ਉਤਰੀ ਮੁਕੇਰੀਆਂ ਹਲਕੇ ਵਿਚ ਜਿੱਥੇ ਹਿੰਦੂ ਰਾਜਪੂਤ ਕਿਸਾਨ ਭਾਈਚਾਰਿਆਂ ਦਾ ਦਬਦਬਾ ਹੈ, ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਦਾ ਮੰਨਣਾ ਹੈ ਕਿ ਭਾਰਤ ‘ਮੋਦੀ ਰਾਜ ਹੇਠ ਮਜ਼ਬੂਤ ਮੁਲਕ’ ਹੈ। ਇਹ ਸ਼ਬਦ ਉਸ ਨੇ 12 ਫਰਵਰੀ ਨੂੰ ਸ਼ਹਿਰ ਦੇ ਬਾਹਰਵਾਰ ਨੌਸ਼ਹਿਰਾ ਚੌਕ ਵਿਚ ਨਿੱਕੇ ਜਿਹੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ, “ਪਹਿਲਾਂ ਕਸ਼ਮੀਰ ਵਿਚ ਫੌਜ ਉਪਰ ਪਥਰਾਓ ਹੁੰਦਾ ਰਹਿੰਦਾ ਸੀ ਪਰ ਹੁਣ 24 ਘੰਟੇ ਗੋਲੀਬਾਰੀ ਦਾ ਹੁਕਮ ਹੈ ਜਿਸ ਲਈ ਕਿਸੇ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਹੈ।” ਜੰਗੀ ਲਾਲ ਮਹਾਜਨ ਨੂੰ ਇਸ ਹਲਕੇ ਦੀ ਅਕਤੂਬਰ 2019 ਵਿਚ ਹੋਈ ਜ਼ਿਮਨੀਂ ਚੋਣ ਵਿਚ ਕਾਂਗਰਸ ਦੀ ਮੌਜੂਦਾ ਵਿਧਾਇਕਾ ਇੰਦੂ ਬਾਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੁਕੇਰੀਆਂ ਵਿਚ ਭਾਜਪਾ ਨੇ ਨਿਵੇਕਲਾ ਪੱਤਾ ਖੇਡਿਆ ਹੈ। ਇੱਥੇ ਇਸ ਨੇ ਕਿਸਾਨ ਲਹਿਰ ਦੇ ਸਰਗਰਮ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਅੰਮ੍ਰਿਤਧਾਰੀ ਸਿੱਖ ਇੰਦਰਜੀਤ ਸਿੰਘ ਖਾਲਸਾ ਨੂੰ ਆਪਣੇ ਨਾਲ ਜੋੜਿਆ ਹੈ। ਇੰਦਰਜੀਤ ਸਿੰਘ ਖਾਲਸਾ ਜੋ ਭਾਜਪਾ ਦੇ ਜੰਗੀ ਲਾਲ ਮਹਾਜਨ ਲਈ ਚੋਣ ਪ੍ਰਚਾਰ ਕਰ ਰਿਹਾ ਸੀ, ਨੇ ਉਸ ਦੀ ਜਨਤਕ ਮੀਟਿੰਗ ‘ਚ ਆਪਣਾ ਭਾਸ਼ਣ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਦੇ ਬੋਲੇ ਨਾਲ ਸ਼ੁਰੂ ਕੀਤਾ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਨਾਲ ਸਮਾਪਤੀ ਕਰਦਿਆਂ ਕਿਹਾ, “ਪੰਜਾਬ ਵਿਚ ਫਿਰਕੂ ਦੰਗੇ ਕਦੇ ਨਹੀਂ ਹੋ ਸਕਦੇ।”
ਇੰਦਰਜੀਤ ਸਿੰਘ ਖਾਲਸਾ ਨੇ ਕਿਹਾ, “ਤੁਹਾਡਾ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਵਿਸ਼ਵ ਪੱਧਰ ‘ਤੇ ਸਾਰੇ ਨੇਤਾਵਾਂ ਵਿਚੋਂ ਸਿਖਰ ‘ਤੇ ਹੈ”, ਤੇ ਫਿਰ ਉਸ ਨੇ ਚੇਤੇ ਕਰਾਇਆ ਕਿ ਮੋਦੀ ਨੇ “ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਕੇ ਮੁਆਫੀ ਮੰਗ ਲਈ ਸੀ।”
ਪੰਜਾਬ ਵਿਚ 5 ਫਰਵਰੀ ਨੂੰ ਮੋਦੀ ਨੂੰ ਫਿਰੋਜ਼ਪੁਰ ਵਿਚ ਜੋ ‘ਸੁਰੱਖਿਆ ਵਿਚ ਸੰਨ੍ਹ’ ਦਾ ਸਾਹਮਣਾ ਕਰਨਾ ਪਿਆ, ਉਸ ਦਾ ਹਵਾਲਾ ਦਿੰਦਿਆਂ ਇੰਦਰਜੀਤ ਸਿੰਘ ਖਾਲਸਾ ਨੇ ਦਾਅਵਾ ਕੀਤਾ ਕਿ ਜੇ ਇੰਦਰਾ ਗਾਂਧੀ ਨੂੰ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਹੁੰਦਾ ਤਾਂ ਉਸ ਨੇ ‘ਪੰਜਾਬ ਵਿਚ ਐਮਰਜੈਂਸੀ’ ਲਗਾ ਦੇਣੀ ਸੀ।
ਪੰਜਾਬ ਵਿਚ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਖਾੜਕੂਵਾਦ ਰਹਿਣ ਤੋਂ ਬਾਅਦ ਅਕਾਲੀ ਦਲ ਨੇ ‘ਹਿੰਦੂ-ਸਿੱਖ ਏਕਤਾ’ ਦੇ ਆਧਾਰ ‘ਤੇ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਸਾਂਝ ਪਾਈ ਸੀ ਅਤੇ ਨਾਲ ਹੀ ਬਾਦਲ ਨੇ ਖਾਲਿਸਤਾਨੀ ਲਹਿਰ ਦੌਰਾਨ ਕਥਿਤ ਪੁਲਿਸ ਵਧੀਕੀਆਂ ਦੀ ਜਾਂਚ ਲਈ ‘ਸੱਚ ਕਮਿਸ਼ਨ’ ਬਣਾਉਣ ਦਾ ਵਾਅਦਾ ਕੀਤਾ ਸੀ। 2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਰਾਜ ਦੀ ਜਨਸੰਖਿਆ 57.69% ਸਿੱਖ, 38.49% ਹਿੰਦੂ, 1.93% ਮੁਸਲਮਾਨ ਅਤੇ 1.26% ਈਸਾਈ ਹੈ।
ਉਧਰ, ਆਰ.ਐਸ.ਐਸ. ਦੇ ਸਥਾਨਕ ਆਗੂ ਅਤੇ ਭਾਜਪਾ ਦੀ ਪਠਾਨਕੋਟ ਜ਼ਿਲ੍ਹਾ ਇਕਾਈ ਦੇ ਸੀਨੀਅਰ ਅਹੁਦੇਦਾਰ ਵਿਜੇ ਸ਼ਰਮਾ ਨੇ ਕਿਹਾ, “ਸਾਡਾ (ਭਾਜਪਾ ਦਾ) ਸਾਥ ਅਕਾਲੀ ਦਲ ਨੇ ਛੱਡਿਆ ਹੈ। ਉਨ੍ਹਾਂ ਨੇ ਰਿਸ਼ਤਾ ਤੋੜ ਲਿਆ, ਅਸੀਂ ਨਹੀਂ ਤੋੜਿਆ।” ਉਸ ਨੇ ਅੱਗੇ ਕਿਹਾ ਕਿ ਗੱਠਜੋੜ ਹਿੰਦੂ-ਸਿੱਖ ਭਾਈਚਾਰੇ ਦੀ ਖਾਤਰ ਸੀ।
ਯਾਦ ਰਹੇ ਕਿ ਪਠਾਨਕੋਟ ਭਾਜਪਾ ਲਈ ਸਭ ਤੋਂ ਕੀਮਤੀ ਸੀਟਾਂ ਵਿਚੋਂ ਇਕ ਹੈ ਜਿੱਥੇ ਇਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਆਮ ਆਦਮੀ ਪਾਰਟੀ ਦੇ ਵਿਭੂਤੀ ਸ਼ਰਮਾ ਅਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਅਮਿਤ ਵਿਜ ਦੇ ਮੁਕਾਬਲੇ ਚੋਣ ਲੜ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਭਾਜਪਾ ਦੇ ਹਿੰਦੂਤਵ ਬਿਰਤਾਂਤ ਦਾ ਵਿਰੋਧ ਨਾ ਤਾਂ ‘ਆਪ’ ਨੇ ਕੀਤਾ ਹੈ ਅਤੇ ਨਾ ਹੀ ਕਾਂਗਰਸ ਨੇ। ਇਹ ਪੁੱਛੇ ਜਾਣ ‘ਤੇ ਕਿ ਵਿਰੋਧੀ ਧਿਰ ਇਸ ਬਾਰੇ ਕਿਉਂ ਨਹੀਂ ਬੋਲ ਰਹੀ, ‘ਆਪ’ ਦੇ ਵਿਭੂਤੀ ਸ਼ਰਮਾ ਨੇ ਪਠਾਨਕੋਟ ਵਾਲੇ ਪਾਰਟੀ ਦਫਤਰ ‘ਚ ਗੱਲ ਕਰਦਿਆਂ ਕਿਹਾ, “ਪੰਜਾਬ ਦਾ ਅਜਿਹੇ ਮੁੱਦਿਆਂ ਨਾਲ ਕੋਈ ਲੈਣਾ-ਦੇਣਾ ਨਹੀਂ; ਖਾਸ ਤੌਰ ‘ਤੇ ਸਾਡੇ ਇਲਾਕੇ ‘ਚ ਬੇਰੁਜ਼ਗਾਰੀ ਅਤੇ ਨਸ਼ਾ ਬਹੁਤ ਜ਼ਿਆਦਾ ਹੈ। ਇਹੀ ਅਸਲ ਮੁੱਦੇ ਹਨ।”
ਫਿਰੋਜ਼ਪੁਰ ਸ਼ਹਿਰ ਵਿਚ ਭਾਜਪਾ ਨੇ ਸਾਬਕਾ ਕਾਂਗਰਸੀ ਆਗੂ ਰਾਣਾ ਸੋਢੀ ਜੋ ਸਿੱਖ ਹੈ, ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਸ ਨੇ ਮੇਰੀ ਨੋਟਬੁੱਕ ਵਿਚ ਇਹ ਸ਼ਬਦ ਲਿਖੇ ਜਦੋਂ ਸ਼ਹਿਰ ਦੇ ਇਕ ਪੁਰਾਣੇ ਮੁਹੱਲੇ ਵਿਚ ਮੰਚ ਤੋਂ ‘ਜੈ ਸ੍ਰੀ ਰਾਮ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਦਾ ਸ਼ੋਰ ਮਚਿਆ ਹੋਇਆ ਸੀ: “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਕੋਲ ਮੁਲਕ ਦੀ ਤਰੱਕੀ ਅਤੇ ਮੁਲਕ ਦੀ ਸੁਰੱਖਿਆ ਲਈ ਦ੍ਰਿਸ਼ਟੀ ਹੈ।” ਉਸ ਨੂੰ ਪੁੱਛਿਆ ਗਿਆ ਸੀ ਕਿ ਉਹ ਦਹਾਕਿਆਂ ਤੱਕ ਕਾਂਗਰਸ ਨਾਲ ਰਹਿਣ ਤੋਂ ਬਾਅਦ ਭਗਵਾ ਪਾਰਟੀ ਵਿਚ ਸ਼ਾਮਲ ਕਿਉਂ ਹੋਇਆ। ਉਸ ਨੇ ਸਾਫ ਕਿਹਾ, “ਕਾਂਗਰਸ ਹੁਣ ਧਰਮ ਨਿਰਪੱਖ ਪਾਰਟੀ ਨਹੀਂ ਰਹੀ।”
ਬਹੁਤ ਚੌਕਸੀ ਨਾਲ ਪੇਸ਼ ਕੀਤਾ ਜਾ ਰਿਹਾ ਹੈ ਹਿੰਦੂਤਵ ਬਿਰਤਾਂਤ
ਭਾਜਪਾ ਦਾ ਗੱਠਜੋੜ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਏ ਅਕਾਲੀ ਦਲ (ਯੂਨਾਈਟਿਡ) ਨਾਲ ਹੈ। ਭਗਵਾ ਪਾਰਟੀ ਨੇ 65 ਸੀਟਾਂ ‘ਤੇ ਚੋਣ ਲੜੀ ਹੈ, ਜਦੋਂ ਕਿ ਅਮਰਿੰਦਰ ਸਿੰਘ ਦੀ ਪਾਰਟੀ ਨੇ 37 ਸੀਟਾਂ ‘ਤੇ ਚੋਣ ਲੜੀ ਹੈ। ਬਾਕੀ ਸੀਟਾਂ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਲਈ ਛੱਡੀਆਂ ਗਈਆਂ ਹਨ।
ਗੌਰ ਨਾਲ ਦੇਖਣ ‘ਤੇ ਇਹ ਵੀ ਪਤਾ ਲੱਗਦਾ ਹੈ ਕਿ ‘ਆਪ’ ਅਤੇ ਭਾਜਪਾ ਦੋਵੇਂ ਹੀ ਜ਼ਿਆਦਾਤਰ ਹਲਕਿਆਂ ‘ਚ ਇਕ ਦੂਜੇ ਦੀ ਆਲੋਚਨਾ ਨਹੀਂ ਕਰ ਰਹੀਆਂ। ਜਿੱਥੇ ਵੀ ਉਨ੍ਹਾਂ ਦੇ ਆਪਣੇ ਉਮੀਦਵਾਰ ਮਜ਼ਬੂਤ ਹਨ, ਉਨ੍ਹਾਂ ਦਾ ਹਮਲਾ ਸੱਤਾਧਾਰੀ ਕਾਂਗਰਸ ਉੱਪਰ ਹੈ; ਹਾਲਾਂਕਿ ਭਾਜਪਾ ਨੇ ਪਿਛਲੇ ਹਫਤੇ ਪੰਜਾਬ ‘ਚ ਚੋਣ ਪ੍ਰਚਾਰ ਕਰਨ ਲਈ ਦਿੱਲੀ ਤੋਂ ਕਪਿਲ ਮਿਸ਼ਰਾ ਨੂੰ ਲਿਆਂਦਾ ਅਤੇ ਉਸ ਨੇ ਸਿੱਧੇ ਤੌਰ ‘ਤੇ ‘ਆਪ’ ਉਪਰ “ਫਰਵਰੀ 2020 ‘ਚ ਦਿੱਲੀ ਦੇ ਫਿਰਕੂ ਦੰਗਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਪਨਾਹ ਦੇਣ” ਦਾ ਇਲਜ਼ਾਮ ਲਗਾਇਆ।
ਨਰਿੰਦਰ ਮੋਦੀ ਜਲੰਧਰ ‘ਚ ਚੋਣ ਰੈਲੀ ਵਿਚ ਕੇਸਰੀ ਪੱਗ ਬੰਨ੍ਹੀ ਨਜ਼ਰ ਆਇਆ। ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਜੈਕਾਰਾ ਬਜਰੰਗ ਬਲੀ ਕਾ’, ‘ਜੈ ਭੀਮ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਨਾਲ ਕੀਤੀ, ਉਹ ‘ਵਾਹਿਗੁਰੂ ਜੀ ਕਾ ਖਾਲਸਾ’ ਨਾਲ ਭੀੜ ਨੂੰ ਸੰਬੋਧਨ ਕਰਨਾ ਵੀ ਨਹੀਂ ਭੁੱਲਿਆ। ਕੈਪਟਨ ਅਮਰਿੰਦਰ ਸਿੰਘ ਅਤੇ ਆਪਣੇ ਕੈਬਨਿਟ ਸਾਥੀ ਹਰਦੀਪ ਪੁਰੀ ਦੀ ਮੰਚ ਉਪਰ ਮੌਜੂਦਗੀ ‘ਚ ਉਸ ਨੇ ਕਿਹਾ ਕਿ ਮੈਂ ਪੰਜਾਬ ਨਾਲ ਭਾਵਨਾਤਮਕ ਤੌਰ ‘ਤੇ ਜੁੜਿਆ ਹੋਇਆ ਹਾਂ।
ਉਸ ਨੇ ਕਿਹਾ, “ਮੈਂ ਪੰਜਾਬ ਦਾ ਰਿਣੀ ਹਾਂ ਅਤੇ ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹਾਂ, ਕਿਉਂਕਿ ਇਸ ਰਾਜ ਨੇ ਮੈਨੂੰ ਉਦੋਂ ਖਵਾਇਆ ਜਦੋਂ ਮੈਂ ਸਾਧਾਰਨ ਭਾਜਪਾ ਵਰਕਰ ਸੀ ਅਤੇ ਪਿੰਡਾਂ ਵਿਚ ਘੁੰਮਦਾ ਹੁੰਦਾ ਸੀ।” ਚੋਣਾਂ ਲਈ ਉਸ ਨੇ ਨਵਾਂ ਨਾਅਰਾ ਦਿੱਤਾ, “ਨਵਾਂ ਪੰਜਾਬ ਭਾਜਪਾ ਦੇ ਨਾਲ।”
ਭਾਜਪਾ ਦੇ ਅਕਾਲੀ ਦਲ ਨਾਲ ਪਿਛਲੇ ਗੱਠਜੋੜ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ, “ਜਦੋਂ ਅਸੀਂ ਅਕਾਲੀ ਦਲ ਦੇ ਨਾਲ ਸੀ, ਅਸੀਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਭਰਾ ਸਮਝ ਕੇ ਆਪਣੀ ਛੋਟੀ ਭੂਮਿਕਾ ਸਵੀਕਾਰ ਕਰਦੇ ਰਹੇ, ਫਿਰ ਵੀ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੀ ਅਤੇ ਬਾਦਲ ਸਾਹਿਬ ਨੇ ਆਪਣੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ। ਸਾਡੇ ਕੋਲ ਵਧੇਰੇ ਵਿਧਾਇਕ ਸਨ, ਸਰਕਾਰ ਡੇਗੀ ਜਾ ਸਕਦੀ ਸੀ, ਫਿਰ ਵੀ ਅਸੀਂ ਪੰਜਾਬ ਦੇ ਭਲੇ ਲਈ ਇਹ ਪਾਪ ਨਹੀਂ ਕੀਤਾ।”
ਉਸ ਨੇ ਕਿਹਾ ਕਿ ਭਾਜਪਾ ਆਪਣੇ ਆਗੂ ਮਨੋਰੰਜਨ ਕਾਲੀਆ ਨੂੰ ਬਾਦਲ ਦੀ ਸਰਕਾਰ ਦੌਰਾਨ ਉੱਪ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ, ਫਿਰ ਵੀ ਅਸੀਂ ਪੰਜਾਬ ਦੇ ਹਿਤ ‘ਚ ਬਾਦਲ ਸਰਕਾਰ ਤੋਂ ਹਮਾਇਤ ਵਾਪਸ ਨਹੀਂ ਲਈ।
ਉਸ ਨੇ ਕਰਤਾਰਪੁਰ ਲਾਂਘੇ ਦੇ ਮੁੜ ਖੁੱਲ੍ਹਣ ਨੂੰ ਆਪਣੀ ਪ੍ਰਾਪਤੀ ਵਜੋਂ ਗਿਣਦਿਆਂ ਕਿਹਾ, “ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਦੌਰਾਨ ਕਾਸ਼ੀ ਦੇ ਵਿਸ਼ਵਨਾਥ ਮੰਦਰ ਵਿਚ ਸੋਨਾ ਚੜ੍ਹਾਇਆ ਸੀ ਜਿਸ ਨਾਲ ਉਸ ਦੀ ਗੁਆਚੀ ਸ਼ਾਨ ਮੁੜ ਸੁਰਜੀਤ ਹੋਈ ਸੀ। ਅਸੀਂ ਕਾਸ਼ੀ ਵਿਚ ਉਸੇ ਭਾਵਨਾ ਨੂੰ ਅੱਗੇ ਵਧਾ ਰਹੇ ਹਾਂ, ਤੇ ਜਿਸ ਅਯੁੱਧਿਆ ਨੂੰ ਮਹਾਰਿਸ਼ੀ ਵਾਲਮੀਕਿ (ਰਾਮਾਇਣ ਦੇ ਲੇਖਕ) ਨੇ ਚਾਰ-ਚੰਨ ਲਗਾਏ ਸਨ, ਉਹ ਵੀ ਹੁਣ ਵਿਕਸਿਤ ਹੋ ਰਿਹਾ ਹੈ।