ਰੁਜ਼ਗਾਰ ਦਾ ਮਸਲਾ ਅਤੇ ਕੌਮਾਂਤਰੀ ਵਿਦਿਆਰਥੀ

ਮਨਦੀਪ
ਫੋਨ: +438-924-2052
ਅੱਜ ਦੀ ਗਲੋਬਲ ਆਰਥਿਕਤਾ ਤੇਜ਼ੀ ਨਾਲ ਬਦਲ ਰਹੀ ਹੈ। ਰੁਜ਼ਗਾਰਦਾਤਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਹੁਨਰ ਦੀ ਭਾਲ ਕਰ ਰਹੇ ਹਨ। ਸੰਸਾਰੀਕਰਨ ਦੇ ਤੇਜ਼-ਤਰਾਰ ਦੌਰ ਵਿਚ ਸੰਸਾਰ ਲਗਾਤਾਰ ਡਿਜੀਟਲ ਪਿੰਡ ਅਤੇ ਮੰਡੀ ਬਣ ਕੇ ਉਭਰ ਰਿਹਾ ਹੈ।

ਸੰਸਾਰ ਮੰਡੀ ਕੁਦਰਤੀ ਸਾਧਨਾਂ ਸਮੇਤ ਮਨੁੱਖੀ ਕਿਰਤ ਦੀ ਬਰਾਮਦ ਦਰਾਮਦ ਤੋਂ ਲੈ ਕੇ ਸਿਹਤ ਅਤੇ ਸਿੱਖਿਆ ਦੀਆਂ ਬੁਨਿਆਦੀ ਲੋੜਾਂ ਦੇ ਵਪਾਰ ਤੱਕ ਫੈਲੀ ਹੋਈ ਹੈ। ਕਲਿਆਣ ਦੇ ਪ੍ਰਵਚਨ ਉਹਲੇ ਨਿੱਜੀਕਰਨ ਕਰਨਾ ਇਸ ਦਾ ਮੁੱਖ ਉਦੇਸ਼ ਹੈ। ਸੰਸਾਰ ਪੱਧਰ ਤੇ ਸਨਅਤੀ ਖੇਤਰਾਂ ਵਾਂਗ ਸਿੱਖਿਆ ਵੱਡਾ ਵਪਾਰਕ ਖੇਤਰ ਬਣ ਕੇ ਉਭਰੀ ਹੈ। ਕੌਮਾਂਤਰੀ ਸਿੱਖਿਆ ਖੇਤਰ ਵਿਚ ਭਾਰਤ ਕੌਮਾਂਤਰੀ ਵਿਦਿਆਰਥੀ ‘ਬਰਾਮਦ` ਕਰਨ ਵਾਲਾ ਵੱਡਾ ਕੇਂਦਰ ਹੈ ਅਤੇ ਪੰਜਾਬ ਇਸ ਮਾਮਲੇ ਵਿਚ ਅਵਲ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚੋਂ ਸੰਸਾਰ ਦੇ ਵਿਕਸਿਤ ਮੁਲਕਾਂ ਵੱਲ ਨੌਜਵਾਨ ਕਿਰਤ ਅਤੇ ਬੌਧਿਕ ਸ਼ਕਤੀ ਦੇ ਪਰਵਾਸ ਲਈ ਟਰੈਵਲ ਏਜੰਟਾਂ ਦੇ ਰੂਪ ਵਿਚ ‘ਪਰਵਾਸ ਮਾਫੀਆ` ਹੋਂਦ ਵਿਚ ਆ ਚੁੱਕਾ ਹੈ।
ਕੌਮਾਂਤਰੀ ਸਿੱਖਿਆ ਨੀਤੀਆਂ ਗਿਆਨ, ਭਾਸ਼ਾ, ਵਿਚਾਰਾਂ ਅਤੇ ਸੱਭਿਆਚਾਰ ਦਾ ਅਦਾਨ-ਪ੍ਰਦਾਨ ਕਰਨ ਬਹਾਨੇ ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਸਿੱਖਿਆ ਨੂੰ ਵਪਾਰ ਦੇ ਸਾਧਨ ਵਜੋਂ ਅੱਗੇ ਵਧਾਉਣ ਦੀਆਂ ਵਾਹਕ ਹਨ। ਸਿੱਖਿਆ ਦੇ ਇਸ ਵਪਾਰ ਉਤੇ ਸੰਸਾਰ ਦੇ ਵਿਕਸਿਤ ਮੁਲਕਾਂ (ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਆਦਿ) ਦੀ ਇਜਾਰੇਦਾਰੀ ਹੈ। ਦੁਨੀਆ ਭਰ ਦੇ ਗਰੀਬ ਮੁਲਕਾਂ ਦੇ ਵਿਦਿਆਰਥੀ ਮੋਟੀਆਂ ਫੀਸਾਂ ਭਰ ਕੇ ਇਨ੍ਹਾਂ ਮੁਲਕਾਂ ਲਈ ਨਰਸਾਂ, ਡਾਕਟਰ, ਇੰਜਨੀਅਰ, ਬਿਜ਼ਨਸ ਮੈਨੇਜਮੈਂਟ, ਅਕਾਊਂਟੈਂਟ, ਰਿਸਰਚ ਸਕਾਲਰ ਪੈਦਾ ਕਰਨ ਦੀ ਮੰਡੀ ਬਣ ਰਹੇ ਹਨ। ਜਿੱਥੇ ਇਨ੍ਹਾਂ ਮੁਲਕਾਂ ਵਿਚੋਂ ਨੌਜਵਾਨ ਕਿਰਤ ਸ਼ਕਤੀ ਅਤੇ ਪੈਸਾ ਬਾਹਰ ਜਾ ਰਿਹਾ ਹੈ, ਉਥੇ ਬੌਧਿਕ ਹੂੰਝਾ (ਬਰੇਨ ਡਰੇਨ) ਵੀ ਫਿਰ ਰਿਹਾ ਹੈ। ਦੁਨੀਆ ਦੇ ਵਿਕਸਿਤ ਮੁਲਕ ਆਪਣੇ ਉਦਯੋਗਿਕ ਅਤੇ ਹੋਰ ਵਪਾਰਕ ਖੇਤਰਾਂ ਲਈ ਮੰਗ ਆਧਾਰਿਤ ਹੁਨਰਮੰਦ ਕਾਮੇ ਅਤੇ ਪੜ੍ਹੇ-ਲਿਖੇ ਸਿਖਲਾਈਯਾਫ਼ਤਾ ਤੇ ਤਜਰਬਾ ਪ੍ਰਾਪਤ ਨੌਜਵਾਨ ਕਾਮਿਆਂ ਨੂੰ ਖਿੱਚ ਰਹੇ ਹਨ। ਇਸ ਲਈ ਪਿਛਲੇ ਦੋ ਦਹਾਕੇ ਤੋਂ ਇਨ੍ਹਾਂ ਮੁਲਕਾਂ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀਆਂ ਕਰਦਿਆਂ ਸਿੱਖਿਆ ਦੇ ਆਧਾਰ ਤੇ ਇਮੀਗ੍ਰੇਸ਼ਨ ਦੇਣ ਦੀ ਨੀਤੀ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ। ਮਿਸਾਲ ਵਜੋਂ ਕੈਨੇਡਾ ਵਿਚ ਸਾਲ 2000 ਵਿਚ 50 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹਦੇ ਸਨ ਪਰ 2019 ਤੱਕ ਇਹ ਗਿਣਤੀ ਵਧ ਕੇ 2,50,000 ਹੋ ਗਈ ਅਤੇ 2019-24 ਦੀ ਪੰਜ ਸਾਲਾ ਯੋਜਨਾ ‘ਨਵੀਂ ਕੌਮਾਂਤਰੀ ਸਿੱਖਿਆ ਨੀਤੀ` ਤਹਿਤ 2024 ਤੱਕ ਹਰ ਸਾਲ ਇਹ ਇਹ ਗਿਣਤੀ 4,50,000 ਤੱਕ ਲੈ ਕੇ ਜਾਣ ਦਾ ਟੀਚਾ ਹੈ।
ਇਸ ਦੇ ਕਈ ਪਹਿਲੂ ਹਨ। ਪਹਿਲਾ, ਕੌਮਾਂਤਰੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਹਾਸਲ ਕਰਕੇ ਆਪਣੇ ਦੇਸ਼ਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ; ਮਸਲਨ, 2018 ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਪੜ੍ਹਦੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਕੁੱਲ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਵਿਚ 21.6 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ। ਹੁਣ ਇਹ ਯੋਗਦਾਨ 30 ਬਿਲੀਅਨ ਡਾਲਰ ਹੈ ਅਤੇ 2024 ਤੱਕ ਸਰਕਾਰ ਦਾ ਟੀਚਾ ਇਸ ਨੂੰ 80 ਬਿਲੀਅਨ ਡਾਲਰ ਤੱਕ ਲਿਜਾਣ ਦਾ ਹੈ। ਦੂਸਰਾ, ਇਨ੍ਹਾਂ ਦੇਸ਼ਾਂ ਵਿਚ ਬਜ਼ੁਰਗ ਹੋ ਰਹੀ ਵਸੋਂ ਦੇ ਅਨੁਪਾਤ ਅਨੁਸਾਰ ਨੌਜਵਾਨ ਕਿਰਤ ਸ਼ਕਤੀ ਦੀ ਦਰਾਮਦ ਕਰਨੀ। ਤੀਸਰਾ, ਖੁੱਲ੍ਹੀ ਮੰਡੀ ਦੇ ਨੇਮ ਲਾਗੂ ਕਰਦਿਆਂ ਮੂਲ ਨਿਵਾਸੀਆਂ ਦੇ ਮੁਕਾਬਲੇ ਸਸਤੀ ਲੇਬਰ ਹਾਸਲ ਕਰਨੀ। ਚੌਥਾ, ਮੁਕਾਬਲੇ ਦੇ ਦੌਰ ਅੰਦਰ ਹੁਨਰਮੰਦ ਕਾਮਿਆਂ ਰਾਹੀਂ ਸੰਸਾਰ ਮੰਡੀ ਵਿਚ ਸਫਲਤਾ ਹਾਸਲ ਕਰਨੀ। ਇਉਂ ਕੌਮਾਂਤਰੀ ਸਿੱਖਿਆ ਮਹਿਜ਼ ‘ਸਿੱਖਿਆ ਪ੍ਰੋਗਰਾਮ` ਨਹੀਂ ਬਲਕਿ ਇਮੀਗ੍ਰੇਸ਼ਨ ਪ੍ਰੋਗਰਾਮ ਬਣ ਗਈ ਹੈ। ਸੰਸਾਰ ਮੰਡੀ ਵਿਚ ਸਿੱਖਿਆ ਵਪਾਰ, ਕਾਲਜ ਵਿਕਰੇਤਾ ਅਤੇ ਵਿਦਿਆਰਥੀ ਗ੍ਰਾਹਕ ਹਨ। ਇਸ ਦਾ ਉਦੇਸ਼ ‘ਸਿੱਖਣ ਲਈ ਆਓ, ਸੇਵਾ ਲਈ ਜਾਓ`, ਦੀ ਥਾਂ ‘ਸਿੱਖਿਆ ਬਹਾਨੇ ਆਓ, ਰੁਜ਼ਗਾਰ ਪਾਓ` ਬਣ ਗਿਆ ਹੈ।
ਸੁਪਨਿਆਂ ਦੇ ਦੇਸ਼ ਜਾਣ ਅਤੇ ਸਫਲਤਾ ਲਈ ਸਭ ਕੁਝ ਵੇਚ-ਛੱਡ ਕੇ ਵਿਦੇਸ਼ ਜਾਣ ਦੀ ਦੌੜ ਵਿਚ ਭਾਰਤ ਸਭ ਮੁਲਕਾਂ ਨਾਲੋਂ ਮੋਹਰੀ ਹੈ। ਜਿੱਥੇ ਵਿਕਸਿਤ ਮੁਲਕਾਂ ਦੇ ਉਚੇਰੀਆਂ ਸਹੂਲਤਾਂ ਦੇ ਸੁਪਨੇ, ਪੱਛਮੀ ਸੱਭਿਆਚਾਰ ਦੀ ਚਕਾਚੌਂਧ, ਚੰਗੀ ਜ਼ਿੰਦਗੀ ਤੇ ਰੁਜ਼ਗਾਰ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦੇ ਹਨ, ਉਥੇ ਦੇਸ਼ ਅੰਦਰਲੀ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟ ਪ੍ਰਬੰਧ, ਮਾੜਾ ਸਿੱਖਿਆ ਪ੍ਰਬੰਧ, ਜਗੀਰੂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਰਹਿੰਦ-ਖੂੰਹਦ ਆਦਿ ਵੀ ਉਨ੍ਹਾਂ ਨੂੰ ‘ਸਵੈ-ਇੱਛਤ ਦੇਸ਼ ਨਿਕਾਲੇ` ਲਈ ਮਜਬੂਰ ਕਰਦਾ ਹੈ। ਅੱਗੇ ਸੁਪਨਮਈ ਦੇਸ਼ਾਂ ਵਿਚ ਜਾ ਕੇ ਉਨ੍ਹਾਂ ਦਾ ਹਕੀਕਤ ਨਾਲ ਵਾਹ ਪੈਂਦਾ ਹੈ। ਜਿੱਥੇ ਉਨ੍ਹਾਂ ਨੂੰ ਏਜੰਟਾਂ ਦੀਆਂ ਧੋਖਾਧੜੀਆਂ, ਨੀਰਸ ਆਨਲਾਈਨ ਪੜ੍ਹਾਈ, ਫਰਜ਼ੀ ਕਾਲਜਾਂ, ਮਹਿੰਗੇ ਰਿਹਾਇਸ਼ੀ ਮਕਾਨਾਂ, ਕੱਚੇ ਹੋਣ ਦਾ ਡਰ, ਪੱਕੇ ਹੋਣ ਤੇ ਨਾਗਰਿਕਤਾ ਪਾਉਣ ਦਾ ਫਿਕਰ, ਘੱਟ ਉਜਰਤਾਂ ਤੇ ਵੱਧ ਘੰਟੇ ਕੰਮ, ਡਿਪੋਰਟ ਹੋਣ ਦਾ ਡਰ, ਇਕਲਾਪਾ, ਮਾਨਸਿਕ ਤਣਾਅ, ਖੁਦਕਸ਼ੀਆਂ ਆਦਿ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਜ਼ਾ ਉਦਾਹਰਨ ਵਜੋਂ ਇਹ ਸੰਤਾਪ ਇਸ ਸਮੇਂ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਬੰਦ ਹੋਏ ਤਿੰਨ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਹੰਢਾਅ ਰਹੇ ਹਨ। ਕਾਨੂੰਨੀ ਘਾਟਾਂ/ਕਮਜ਼ੋਰੀਆਂ ਆਸਰੇ ਧੋਖਾਧੜੀ ਕਰਨ ਵਾਲੇ ਕਾਲਜ ਬੰਦ ਹੋਣ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਵਿਦਿਆਰਥੀਆਂ ਦਾ ਸਮਾਂ, ਪੈਸਾ, ਇਮੀਗ੍ਰੇਸ਼ਨ ਸਟੇਟਸ, ਵਰਕ ਪਰਮਿਟ ਅਤੇ ਪੱਕੇ ਹੋਣ ਦੀ ਆਸ ਲੰਮੇਰੀ ਹੋ ਰਹੀ ਹੈ। ਇਸ ਦੇ ਨਾਲ ਭਾਰਤ ਵਿਚ ਬੈਠੇ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਰੱਦ, ਆਨਲਾਈਨ ਕਲਾਸਾਂ ਬੰਦ ਤੇ ਫੀਸਾਂ ਦੇ ਲਗਭਗ 64 ਲੱਖ ਡਾਲਰ ਡੁੱਬ ਚੁੱਕੇ ਹਨ। ਵਿਦੇਸ਼ ਪੜ੍ਹਨ ਗਏ ਅਤੇ ਭਾਰਤ ਵਿਚ ਵਿਦੇਸ਼ ਜਾਣ ਦੀ ਆਸ ਵਿਚ ਬੈਠੇ ਵਿਦਿਆਰਥੀ ਪੜ੍ਹਨ ਦੀ ਥਾਂ ਸੰਘਰਸ਼ ਕਰਨ ਲਈ ਮਜਬੂਰ ਹਨ।
ਇਸ ਤੋਂ ਬਿਨਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਖਿੱਚਣ ਦਾ ਇਕ ਹੋਰ ਅਹਿਮ ਪਹਿਲੂ ਵੀ ਹੈ। ਕੈਨੇਡਾ ਮੂਲ ਦੇ ਵਿਦਿਆਰਥੀ ਕੌਮਾਂਤਰੀ ਵਿਦਿਆਰਥੀਆਂ ਦੇ ਮੁਕਾਬਲੇ ਸਿੱਖਿਆ ਸੰਸਥਾਵਾਂ ਵਿਚ ਘੱਟ ਦਾਖਲ ਹੋ ਰਹੇ ਹਨ। ਕੈਨੇਡਾ ਦੇ ਉਂਟਾਰੀਓ ਸੂਬੇ ਦੇ ਪਬਲਿਕ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਰਵੇਖਣ ਮੁਤਾਬਕ 2018 ਵਿਚ 89% ਕੌਮਾਂਤਰੀ ਵਿਦਿਆਰਥੀ ਗਰੈਜੂਏਟ ਹੋਏ ਅਤੇ ਇਸ ਦੇ ਮੁਕਾਬਲੇ ਕੈਨੇਡਾ ਮੂਲ ਦੇ 69% ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੀਤੀ। ਕੈਨੇਡੀਅਨ ਬਿਊਰੋ ਦੇ 2016 ਦੇ ਸਰਵੇਖਣ ਮੁਤਾਬਕ ਉਂਟਾਰੀਓ ਵਿਚ 50% ਕੌਮਾਂਤਰੀ ਅਤੇ 18% ਸਥਾਨਕ ਵਿਦਿਆਰਥੀਆਂ ਦੇ ਯੂਨੀਵਰਸਿਟੀ ਡਿਗਰੀ ਹਾਸਲ ਕੀਤੀ। ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਉਚ ਸਿੱਖਿਆ ਹਾਸਲ ਕਰਕੇ ਵੀ ਕੌਮਾਂਤਰੀ ਵਿਦਿਆਰਥੀ ਘੱਟ ਉਜਰਤ ਤੇ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਪੜ੍ਹਾਈ ਦੌਰਾਨ ਵੀ ਉਹ ਸਥਾਨਕ ਵਿਦਿਆਰਥੀਆਂ ਦੇ ਮੁਕਾਬਲੇ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਫੀਸ ਅਦਾ ਕਰਦੇ ਹਨ। ਪੜ੍ਹਾਈ ਦੌਰਾਨ ਜਿੱਥੇ ਮੂਲ ਵਿਦਿਆਰਥੀ ਪੂਰਾ ਸਮਾਂ ਕੰਮ ਕਰਨ ਲਈ ਆਜ਼ਾਦ ਹਨ, ਉਥੇ ਕੌਮਾਂਤਰੀ ਵਿਦਿਆਰਥੀ ਇਕ ਹਫਤੇ ਵਿਚ ਕੇਵਲ 20 ਘੰਟੇ ਹੀ ਕੰਮ ਕਰ ਸਕਦੇ ਹਨ। ਅੰਗਰੇਜ਼ੀ ਉਨ੍ਹਾਂ ਦੀ ਪਹਿਲੀ ਭਾਸ਼ਾ ਨਾ ਹੋਣ ਕਾਰਨ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਨੌਕਰੀ ਦੌਰਾਨ ਅਨੇਕਾਂ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਸੈਂਕੜੇ ਵਿਦਿਆਰਥੀਆਂ ਨੂੰ ਕਲਾਸ ਵਿਚ ਅੰਗਰੇਜ਼ੀ ਭਾਸ਼ਾ ਮੁਹਾਰਤ ਲਈ ਵੱਖਰੀਆਂ ਮਹਿੰਗੀਆਂ ਫੀਸਾਂ ਭਰ ਕੇ ਦੁਬਾਰਾ ਆਇਲੈੱਟਸ ਪਾਸ ਕਰਨਾ ਪੈਂਦਾ ਹੈ।
ਕੁਝ ਕਾਲਜਾਂ ਦੇ ਅਧਿਕਾਰੀਆਂ ਦੇ ਇਕਬਾਲ ਮੁਤਾਬਕ 2018-19 ਵਿਚ ਕੈਨੇਡਾ ਦੇ ਬਹੁਤ ਸਾਰੇ ਕਾਲਜ ਸਰਕਾਰੀ ਫੰਡਾਂ ਦੀ ਘਾਟ ਕਰਕੇ ਬੰਦ ਹੋਣ ਕਿਨਾਰੇ ਸਨ ਪਰ ਕੌਮਾਂਤਰੀ ਵਿਦਿਆਰਥੀਆਂ ਕੋਲੋਂ ਆਏ ਪੈਸੇ ਨੇ ਕੈਨੇਡੀਅਨ ਬੱਚਿਆਂ ਦੀ ਪੜ੍ਹਾਈ, ਨਵੇਂ ਕੈਂਪਸ, ਨਵੀਆਂ ਭਰਤੀਆਂ ਤੇ ਨਵੇਂ ਕੋਰਸਾਂ ਲਈ ਯੋਗਦਾਨ ਪਾਇਆ।
ਇਸ ਤੋਂ ਇਲਾਵਾ 2019-2024 ਦੀ ‘ਨਵੀਂ ਕੌਮਾਂਤਰੀ ਸਿੱਖਿਆ ਰਣਨੀਤੀ` ਦਾ ਟੀਚਾ ਕੈਨੇਡੀਅਨ ਵਿਦਿਆਰਥੀਆਂ ਨੂੰ ਮੁੱਖ ਗਲੋਬਲ ਬਾਜ਼ਾਰਾਂ, ਖਾਸ ਤੌਰ ਤੇ ਏਸ਼ੀਆ ਵਿਚ ਅਧਿਐਨ ਅਤੇ ਵਿਦੇਸ਼ਾਂ ਵਿਚ ਕੰਮ ਕਰਨ ਦੇ ਮੌਕਿਆਂ ਰਾਹੀਂ ਨਵੇਂ ਹੁਨਰ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਰਣਨੀਤੀ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿਚ ਸਿੱਖਿਆ ਖੇਤਰ ਵਿਚ ਵੰਨ-ਸਵੰਨਤਾ ਲਿਆਉਣਾ, ਕੈਨੇਡਾ ਦੀ ਨਵੀਨਤਾ ਸਮਰੱਥਾ ਨੂੰ ਵਧਾਉਣਾ, ਸੰਸਾਰ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ ਅਤੇ ਜੀਵੰਤ ਕੈਨੇਡੀਅਨ ਆਰਥਿਕਤਾ ਨੂੰ ਉਤਸ਼ਾਹਿਤ ਕਰਨਾ ਹੈ। ਕੈਨੇਡਾ ਦੀ ਲੇਬਰ ਫੋਰਸ ਕੋਲ ਲੋੜੀਂਦੇ ਹੁਨਰ ਅਤੇ ਪ੍ਰਤਿਭਾ ਦਿਖਾ ਕੇ ਕੈਨੇਡਾ ਨੂੰ ਸੰਸਾਰ ਬਾਜ਼ਾਰਾਂ ਵਿਚ ਸਫਲਤਾਪੂਰਵਕ ਮੁਕਾਬਲਾ ਕਰ ਸਕਣ ਦੇ ਯੋਗ ਬਣਾਉਣਾ ਹੈ। ਰਣਨੀਤੀ ਦਾ ਉਦੇਸ਼ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਕੈਨੇਡਾ ਭਰ ਦੇ ਭਾਈਚਾਰਿਆਂ ਵੱਲ ਖਿੱਚਣਾ ਹੈ।
ਵਪਾਰਕ ਰਾਸ਼ਟਰ ਵਜੋਂ ਕੈਨੇਡਾ ਦੀ ਸਫਲਤਾ ਨੂੰ ਅੱਗੇ ਵਧਾਉਣ ਲਈ ਲੋੜੀਂਦੀਆਂ ਗਲੋਬਲ ਯੋਗਤਾਵਾਂ, ਹੁਨਰਾਂ ਅਤੇ ਨੈੱਟਵਰਕਾਂ ਨਾਲ ਵਿਦੇਸ਼ਾਂ ਵਿਚ ਕੰਮ ਕਰਨ ਵਿਚ ਮਦਦ ਕਰਨਾ ਹੈ। ਕੈਨੇਡੀਅਨ ਸਕੂਲਾਂ ਅਤੇ ਕਾਰੋਬਾਰਾਂ ਨੂੰ ਕੌਮਾਂਤਰੀ ਬਾਜ਼ਾਰਾਂ ਦੀ ਵਧਦੀ ਗਿਣਤੀ ਅਤੇ ਵੰਨ-ਸਵੰਨਤਾ ਲਈ ਅਤਿ ਆਧੁਨਿਕ ਵਿੱਦਿਅਕ ਸੇਵਾਵਾਂ ਅਤੇ ਉਤਪਾਦਾਂ ਨੂੰ ਡਿਜ਼ਾਈਨ ਕਰਨ ਅਤੇ ਬਰਾਮਦ ਕਰਨ ਵਿਚ ਸਹਾਇਤਾ ਕਰਨਾ ਵੀ ਇਸ ਦਾ ਮੰਤਵ ਹੈ। ਇਸ ਤਰ੍ਹਾਂ ਸਿੱਖਿਆ ਦੇ ਸੰਸਾਰ ਬਾਜ਼ਾਰ ਵਿਚ ਕੌਮਾਂਤਰੀ ਵਿਦਿਆਰਥੀ ਮਹਿਜ਼ ਨਵੀਂ ਵ੍ਹਾਈਟ ਕਾਲਰ ਲੇਬਰ ਵਜੋਂ ਹੀ ਤਿਆਰ ਕੀਤੇ ਜਾ ਰਹੇ ਹਨ। ਵਿਦਿਆਰਥੀ ਜੋ ਦੇਸ਼ ਦਾ ਭਵਿੱਖ ਅਤੇ ਕੀਮਤੀ ਸਰਮਾਇਆ ਹੁੰਦੇ ਹਨ, ਉਹ ਹੁਣ ਸੰਸਾਰ ਮੰਡੀ ਦੇ ਪੁਰਜੇ ਬਣ ਰਹੇ ਹਨ। ਗਿਆਨ ਜਾਂ ਸਿੱਖਿਆ ਸਮਾਜਿਕ ਜਾਇਦਾਦ ਹੁੰਦੀ ਹੈ, ਨਾ ਕਿ ਕਿਸੇ ਬੰਦੇ ਜਾਂ ਜਮਾਤ ਦੀ ਨਿੱਜੀ ਜਾਇਦਾਦ ਪਰ ਸਿੱਖਿਆ ਨੂੰ ਮੁਨਾਫੇ ਦਾ ਧੰਦਾ ਬਣਾ ਦਿੱਤਾ ਗਿਆ ਹੈ।
ਪਰਵਾਸ ਦੇ ਸੰਤਾਪ ਦਾ ਇੱਕ ਪਹਿਲੂ ਇਹ ਵੀ ਹੈ ਕਿ ਕੌਮਾਂਤਰੀ ਵਿਦਿਆਰਥੀ ਜਿੱਥੇ ਪਹਿਲਾਂ ਆਪਣੇ ਦੇਸ਼ ਅੰਦਰ ਮੁਸ਼ਕਿਲਾਂ ਨਾਲ ਮਹਿੰਗੀ ਮੁੱਢਲੀ ਪੜ੍ਹਾਈ, ਆਇਲੈੱਟਸ, ਵੱਖ ਵੱਖ ਵਿਦੇਸ਼ੀ ਕੋਰਸਾਂ ਦੀਆਂ ਫੀਸਾਂ ਅਤੇ ਵੀਜ਼ੇ ਹਾਸਲ ਕਰਦੇ ਹਨ, ਉਥੇ ਵਿਦੇਸ਼ਾਂ ਵਿਚ ਵੀ ਅਨੇਕਾਂ ਮੁਸ਼ਕਿਲਾਂ ਅਤੇ ਧੋਖਾਧੜੀਆਂ ਦਾ ਸਾਹਮਣਾ ਕਰਦੇ ਹਨ। ਅਜਿਹੀ ਹਾਲਤ ਵਿਚ ਜੇ ਵਿਦਿਆਰਥੀ ਵੱਡੇ ਧੋਖੇਬਾਜ਼ ਵਿਦਿਅਕ ਅਦਾਰਿਆਂ ਨਾਲ ਕਾਨੂੰਨੀ ਲੜਾਈ ਲਈ ਲਮਕਵੇਂ ਅਦਾਲਤੀ ਝਮੇਲਿਆਂ ਵਿਚ ਪੈਂਦੇ ਹਨ ਤਾਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਸ ਹਾਲਤ ਵਿਚ ਉਨ੍ਹਾਂ ਕੋਲ ਜਥੇਬੰਦਕ ਵਿਦਿਆਰਥੀ ਸੰਘਰਸ਼ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ ਪਰ ਨਵੇਂ ਮੁਲਕ, ਨਵੀਂ ਧਰਤੀ ਅਤੇ ਨਵੀਂ ਉਮਰ ਵਿਚ ਇਨ੍ਹਾਂ ਮੁਲਕਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਜਥੇਬੰਦੀ ਦੀ ਅਣਹੋਂਦ, ਕੱਚੇ ਪਰਵਾਸੀਆਂ ਜਾਂ ਵਿਦਿਆਰਥੀਆਂ ਲਈ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀਆਂ ਸੀਮਤਾਈਆਂ, ਡਰ ਤੇ ਮਜਬੂਰੀਆਂ ਹਾਲਤ ਨੂੰ ਹੋਰ ਵੱਧ ਮੁਸ਼ਕਿਲ ਬਣਾ ਦਿੰਦੀਆਂ ਹਨ।