ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅਕਾਲੀਆਂ ਦੀ ਚੋਣ ਰਣਨੀਤੀ ਅੱਗੇ ਲਗਾਤਾਰ ਚਿੱਤ ਹੋਣ ਮਗਰੋਂ ਪੰਜਾਬ ਕਾਂਗਰਸ ਨੇ ਹੁਣ ਹਮਲਾਵਰ ਰੁਖ ਅਪਨਾਇਆ ਹੈ। ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਜਿੱਥੇ ਬਾਦਲਾਂ ਦੇ ਸ਼ਰੀਕ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਸਣੇ ਹੋਰ ਧੜਿਆਂ ਨਾਲ ਚੋਣ ਸਮਝੌਤੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਲੋਕਾਂ ਦੀ ਕਚਹਿਰੀ ਵਿਚ ਸੱਤਾਧਾਰੀ ਅਕਾਲੀ-ਭਾਜਪਾ ਮੰਤਰੀਆਂ ਨੂੰ ਘੇਰਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਪਸੀ ਖਹਿਬਾਜ਼ੀ ਅਤੇ ਪਾਏਦਾਰ ਰਣਨੀਤੀ ਦੀ ਘਾਟ ਕਰ ਕੇ ਕਾਂਗਰਸ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਈ ਕਮਾਂਡ ਨੇ ਪਾਰਟੀ ਅੰਦਰਲੇ ਕਲੇਸ਼ ਨੂੰ ਸ਼ਾਂਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸ਼ ਪ੍ਰਤਾਪ ਸਿੰਘ ਬਾਜਵਾ ਨੂੰ ਕਮਾਨ ਸੌਂਪੀ ਸੀ ਪਰ ਉਹ ਵੀ ਹੁਣ ਤੱਕ ਕੋਈ ਤਸੱਲੀਬਖਸ਼ ਕਾਰਗੁਜ਼ਾਰੀ ਨਹੀਂ ਦਿਖਾ ਸਕੇ। ਹਾਈ ਕਮਾਨ ਦੀਆਂ ਝਿੜਕਾਂ ਤੋਂ ਬਾਅਦ ਹੁਣ ਸ਼ ਬਾਜਵਾ ਵੱਲੋਂ ਸੂਬੇ ਵਿਚ ਜਨ ਸੰਪਰਕ ਮੁਹਿੰਮ ਵਿੱਢੀ ਗਈ ਹੈ ਜਿਸ ਦੌਰਾਨ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਸਰਕਾਰ ਖਿਲਾਫ ਡਟਣ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਕਾਂਗਰਸ ਨੇ ਹੁਣ ਅਕਾਲੀ-ਭਾਜਪਾ ਸਰਕਾਰ ਨੂੰ ਹਰ ਫਰੰਟ ‘ਤੇ ਘੇਰਨ ਦੀ ਵਿਉਂਤ ਬਣਾਈ ਹੈ। ਇਸੇ ਰਣਨੀਤੀ ਤਹਿਤ ਪਿਛਲੇ ਦਿਨੀਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਆਡਾ ਲਾਇਆ ਗਿਆ। ਇਸ ਘਟਨਾ ਮਗਰੋਂ ਮੀਡੀਆ ਵਿਚ ਵੀ ਇਸ ਗੱਲ ਦੀ ਚਰਚਾ ਹੋਈ ਹੈ ਕਿ ਸੰਗਤ ਦਰਸ਼ਨਾਂ ਦੌਰਾਨ ਹਲਕੇ ਦੇ ਨੁਮਾਇੰਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਹੁਣ ਤੱਕ ਸਰਕਾਰੀ ਸਮਾਗਮਾਂ ਵਿਚ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੁਲਾਇਆ ਹੀ ਨਹੀਂ ਜਾਂਦਾ ਰਿਹਾ, ਜਦੋਂਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ।
ਉਧਰ, ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਹੋਰ ਵਿਧਾਇਕਾਂ ਨੂੰ ਵੀ ਅਜਿਹਾ ਕਰਨ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਜਿਸ ਨਾਲ ਦੋਵਾਂ ਸਿਆਸੀ ਪਾਰਟੀਆਂ ਵਿਚ ਟਕਰਾਅ ਵਧਣ ਦੇ ਆਸਾਰ ਬਣ ਗਏ ਹਨ। ਸ਼ ਬਾਜਵਾ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਦੋਵਾਂ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਸ਼ੱਰੇਆਮ ਵੰਗਰ ਰਹੇ ਹਨ। ਸ਼ ਬਾਜਵਾ ਦਾ ਕਹਿਣਾ ਹੈ ਕਿ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਲੋਕਮਾਰੂ ਤੇ ਬਦਲਾ-ਲਊ ਨੀਤੀਆਂ ਦਾ ਮੁਕਾਬਲਾ ਹਮਲਾਵਰ ਢੰਗ ਨਾਲ ਹੀ ਕੀਤਾ ਜਾ ਸਕਦਾ ਹੈ।
ਉਧਰ, ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵਿਰੁਧ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਹੈ ਕਿ ਯੂਥ ਅਕਾਲੀ ਦਲ ਨੇ ਦੇਸ਼ ਤੇ ਪੰਜਾਬ ਦੇ ਹਿੱਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਥਾਂ ਹਮੇਸ਼ਾ ਪੰਜਾਬ ਵਿਚ ਕਾਨੂੰਨ ਤੋੜਨ ਦੀਆਂ ਕਾਰਵਾਈਆਂ ਹੀ ਕੀਤੀਆਂ ਹਨ। ਅਸਲ ਵਿਚ ਕਾਂਗਰਸ, ਬਾਦਲ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਮੰਤਰੀਆਂ ਨੂੰ ਘੇਰ ਕੇ ਆਪਣੇ ਵਰਕਰਾਂ ਦੇ ਮਨਾਂ ਅੰਦਰੋਂ ਦਹਿਸ਼ਤ ਕੱਢਣਾ ਚਾਹੁੰਦੀ ਹੈ।
ਦੂਜੇ ਪਾਸੇ ਸ਼ ਬਾਜਵਾ ਚੁੱਪ-ਚੁਪੀਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ), ਸੀæਪੀæਆਈæ ਤੇ ਸੀæਪੀæਆਈæ (ਐਮ) ਨਾਲ ਲੋਕ ਸਭਾ ਚੋਣਾਂ ਲਈ ਗੱਠਜੋੜ ਕਰਨ ਲਈ ਵੀ ਸਰਗਰਮ ਹਨ। ਸੂਤਰਾਂ ਮੁਤਾਬਕ ਉਹ ਇਸ ਬਾਰੇ ਪਾਰਟੀ ਹਾਈ ਕਮਾਂਡ ਨਾਲ ਪੀæਪੀæਪੀæ ਆਗੂਆਂ ਦੀ ਇਕ ਮੀਟਿੰਗ ਵੀ ਕਰਵਾ ਚੁੱਕੇ ਹਨ ਜਿਸ ਤਹਿਤ ਖਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਨੂੰ ਸਾਂਝੀ ਟੱਕਰ ਦੇਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਮਨਪ੍ਰੀਤ ਬਾਦਲ ਦੀ ਵੀ ਹੁਣ ਕਾਂਗਰਸ ਪ੍ਰਤੀ ਸੁਰ ਨਰਮ ਹੈ।
ਇਸ ਗੱਲ ਦੀ ਵੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸਿਆਸੀ ਸਰਗਰਮੀ ਵਧਾਉਣ ਦੀ ਤਿਆਰੀ ਕਰ ਰਹੇ ਹਨ। ਪਾਰਟੀ ਅੰਦਰ ਇਹ ਆਮ ਪ੍ਰਭਾਵ ਹੈ ਕਿ ਕਾਂਗਰਸ ਵਿਧਾਇਕ ਦਲ ਦਾ ਵੱਡਾ ਹਿੱਸਾ ਅਜੇ ਵੀ ਕੈਪਟਨ ਦੀ ਹਮਾਇਤ ‘ਤੇ ਹੈ ਅਤੇ ਪਾਰਟੀ ਅੰਦਰ ਉਸ ਦਾ ਸਤਿਕਾਰ ਵੀ ਕਾਇਮ ਹੈ। ਕੈਪਟਨ ਵੱਲੋਂ ਸਤੰਬਰ ਦੇ ਅਖਰੀਲੇ ਦਿਨਾਂ ਵਿਚ ਪੰਜਾਬ ਅੰਦਰ ਸੰਪਰਕ ਮੁਹਿੰਮ ਅਰੰਭ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਉਹ ਸਭ ਜ਼ਿਲ੍ਹਿਆਂ ਵਿਚ ਪਾਰਟੀ ਆਗੂਆਂ ਨੂੰ ਉਨ੍ਹਾਂ ਦੇ ਘਰੀਂ ਜਾ ਕੇ ਮਿਲਣ ਦੇ ਚਾਹਵਾਨ ਹਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਅਣਕਿਆਸੀ ਹਾਰ ਤੋਂ ਬਾਅਦ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਹੋ ਗਈ ਸੀ। ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਲਗਾਤਾਰ ਯਤਨਾਂ ਤੇ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਵਿਚ ਤਬਦੀਲੀ ਦੇ ਬਾਵਜੂਦ ਹਾਲਤ ਵਿਚ ਕੋਈ ਖਾਸ ਸੁਧਾਰ ਨਹੀਂ ਸੀ ਹੋਇਆ। ਪਾਰਟੀ ਦੀ ਹਾਈ ਕਮਾਂਡ ਇਸ ਗੱਲੋਂ ਫਿਕਰਮੰਦ ਹੈ ਕਿ ਪਾਰਟੀ ਆਗੂ ਅਜੇ ਵੀ ਇਕਜੁੱਟ ਹੋ ਕੇ ਸਰਕਾਰ ਦੀਆਂ ਅਸਫਲਤਾਵਾਂ ਵਿਰੁਧ ਆਵਾਜ਼ ਉਠਾਉਣ ਦੀ ਬਜਾਏ ਆਪਸੀ ਰੰਜ਼ਿਸ਼ਾਂ ਵਿਚ ਹੀ ਰੁੱਝੇ ਹੋਏ ਹਨ।
ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਲਈ ਰਾਹੁਲ ਗਾਂਧੀ ਤਿੰਨ ਵਾਰ ਪੰਜਾਬ ਆਏ ਤੇ ਕਈ ਵਾਰ ਸੀਨੀਅਰ ਆਗੂਆਂ ਨੂੰ ਦਿੱਲੀ ਸੱਦ ਕੇ ਮੀਟਿੰਗਾਂ ਕੀਤੀਆਂ। ਪਾਰਟੀ ਅੰਦਰੋਂ ਉਠ ਰਹੀਆਂ ਆਵਾਜ਼ਾਂ ਮੁਤਾਬਕ ਕੇਂਦਰੀ ਲੀਡਰਸ਼ਿਪ ਨੇ ਸ਼ ਪ੍ਰਤਾਪ ਸਿੰਘ ਬਾਜਵਾ ਨੂੰ ਨਵਾਂ ਪ੍ਰਧਾਨ ਥਾਪਿਆ। ਨਵਾਂ ਤਜਰਬਾ ਕਰਦਿਆਂ ਪੰਜਾਬ ਦੇ ਚਾਰ ਜ਼ੋਨ ਬਣਾ ਕੇ ਪ੍ਰਦੇਸ਼ ਉਪ ਪ੍ਰਧਾਨ ਤੇ ਇੰਚਾਰਜ ਵੀ ਥਾਪ ਦਿੱਤੇ ਪਰ ਹੁਣ ਜਦ ਪ੍ਰਦੇਸ਼ ਪ੍ਰਧਾਨ ਸ਼ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਹਲਕਾਵਾਰ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਤਾਂ ਪਾਰਟੀ ਆਗੂਆਂ ਦੀ ਆਪਸੀ ਖਹਿਬਾਜ਼ੀ ਮੁੜ ਉਭਰ ਕੇ ਸਾਹਮਣੇ ਆ ਰਹੀ ਹੈ।
Leave a Reply