ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਨਾਮਧਾਰੀ ਸੰਪਰਦਾ ਦੇ ਮੌਜੂਦਾ ਗੱਦੀਨਸ਼ੀਨ ਠਾਕੁਰ ਉਦੈ ਸਿੰਘ ‘ਤੇ ਇੰਗਲੈਂਡ ਵਿਚ ਇਕ ਧਾਰਮਿਕ ਸਮਾਗਮ ਦੌਰਾਨ ਹੋਏ ਹਮਲੇ ਬਾਰੇ ਭੇਤ ਬਰਕਰਾਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਮਲਾ ਕਰਨ ਵਾਲੇ 40 ਸਾਲਾ ਨੌਜਵਾਨ ਦੀ ਪਛਾਣ ਨਾਮਧਾਰੀ ਸ਼ਰਧਾਲੂ ਵਜੋਂ ਹੀ ਹੋਈ ਹੈ।
ਜ਼ਿਕਰਯੋਗ ਹੈ ਕਿ ਨਾਮਧਾਰੀ ਸੰਪਰਦਾ ਦੇ ਦੋ ਧੜਿਆਂ ਵਿਚਾਲੇ ਗੱਦੀ ਨੂੰ ਲੈ ਕੇ ਵਿਵਾਦ ਵੀ ਛਿੜਿਆ ਹੋਇਆ ਹੈ ਪਰ ਇਸ ਹਮਲੇ ਪਿੱਛੇ ਗਰਮ-ਖਿਆਲੀਆਂ ਦਾ ਹੱਥ ਹੋਣ ਬਾਰੇ ਵੀ ਸ਼ੱਕ ਕੀਤਾ ਜਾ ਰਿਹਾ ਹੈ। ਕੁਝ ਮਾਹਿਰ ਇਸ ਹਮਲੇ ਨੂੰ ਕੁਝ ਸਮਾਂ ਪਹਿਲਾਂ ਆਸਟਰੀਆ ਵਿਚ ਡੇਰਾ ਬੱਲਾਂ ਦੇ ਸੰਤ ਰਾਮਾਨੰਦ ਉਤੇ ਹੋਏ ਹਮਲੇ ਦੀ ਲੋਅ ਵਿਚ ਵੀ ਦੇਖ ਰਹੇ ਹਨ। ਇਨ੍ਹਾਂ ਮਾਹਿਰਾਂ ਮੁਤਾਬਕ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਇੰਨਾ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ ਕਿ ਨੌਜਵਾਨ ਭੜਕ ਕੇ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ।
ਠਾਕੁਰ ਉਦੈ ਸਿੰਘ ਲੈਸਟਰ ਵਿਚ ਸਵੇਰ ਸਮੇਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਜਦੋਂ ਸੰਗਤ ਵਿਚੋਂ ਕੰਬਲ ਦੀ ਬੁੱਕਲ ਮਾਰੀ ਬੈਠੇ ਇਕ ਬੰਦੇ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਆਰਾਮ ਨਾਲ ਸੰਗਤ ਵਿਚੋਂ ਸ਼ਰਧਾਲੂ ਵਾਂਗ ਉਠਿਆ ਤੇ ਠਾਕੁਰ ਉਦੈ ਸਿੰਘ ਦੇ ਨੇੜੇ ਪੁੱਜਦਿਆਂ ਹੀ ਉਸ ਨੇ ਬੁੱਕਲ ਵਿਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਉਨ੍ਹਾਂ ਦੇ ਸਿਰ, ਬਾਂਹ ਤੇ ਨੱਕ ਉਤੇ ਸੱਟਾਂ ਲੱਗੀਆਂ। ਇਸ ਦੌਰਾਨ ਕੁਝ ਸ਼ਰਧਾਲੂ ਵੀ ਜ਼ਖਮੀ ਹੋ ਗਏ। ਹਮਲੇ ਵੇਲੇ ਸਵਰਗੀ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ, ਸੰਤ ਬਲਦੇਵ ਸਿੰਘ, ਜੈ ਸਿੰਘ ਤੇ ਨਾਮਧਾਰੀ ਸੰਪਰਦਾ ਦੇ ਹੋਰ ਮੁੱਖ ਆਗੂ ਵੀ ਉਥੇ ਮੌਜੂਦ ਸਨ। ਹਮਲਾ ਹੋਣ ਤੋਂ ਤੁਰੰਤ ਬਾਅਦ ਠਾਕੁਰ ਉਦੈ ਸਿੰਘ ਨੇ ਨਾਮਧਾਰੀ ਸਵਰਨ ਸਿੰਘ ਲੈਸਟਰ ਦੇ ਘਰੋਂ ਆਪਣੀ ਰਿਹਾਇਸ਼ ਬਦਲ ਲਈ ਹੈ। ਸ਼ੱਕੀ ਹਮਲਾਵਰ ਹਰਜੀਤ ਸਿੰਘ ਤੂਰ (40) ਸਵਰਨ ਸਿੰਘ ਦਾ ਭਤੀਜਾ ਹੀ ਦੱਸਿਆ ਜਾ ਰਿਹਾ ਹੈ। ਸਵਰਨ ਸਿੰਘ ਠਾਕੁਰ ਉਦੈ ਸਿੰਘ ਦਾ ਵਿਸ਼ਵਾਸਪਾਤਰ ਹੈ ਤੇ ਹਮਲੇ ਵਾਲੇ ਸਥਾਨ ਨਾਮਧਾਰੀ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੈ। ਪਤਾ ਲੱਗਿਆ ਹੈ ਕਿ ਸਵਰਨ ਸਿੰਘ ਨੇ ਠਾਕੁਰ ਉਦੈ ਸਿੰਘ ਨੂੰ ਰਹਿਣ ਲਈ ਆਪਣਾ ਘਰ ਦੇਣ ਦੇ ਨਾਲ ਆਪਣੀ ਰਾਇਲ ਰੋਇਸ ਕਾਰ ਵੀ ਦਿੱਤੀ ਹੋਈ ਹੈ।
ਠਾਕੁਰ ਉਦੈ ਸਿੰਘ ਅਤੇ ਉਨ੍ਹਾਂ ਨਾਲ ਗਏ ਡੇਰੇ ਦੇ ਸੇਵਕਾਂ ਨੇ ਇੰਗਲੈਂਡ ਤੋਂ ਬਾਅਦ ਰੂਸ ਤੇ ਕੁਝ ਹੋਰ ਮੁਲਕਾਂ ਦੀ ਧਾਰਮਿਕ ਯਾਤਰਾ ‘ਤੇ ਵੀ ਜਾਣਾ ਸੀ। ਇਸ ਗੱਲ ਦੀ ਵੀ ਚਰਚਾ ਹੈ ਕਿ ਪੁਲਿਸ ਹਿਰਾਸਤ ਵਿਚ ਲਏ ਗਏ 40 ਸਾਲਾ ਹਮਲਾਵਰ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਹੋ ਸਕਦਾ ਹੈ। ਇਸ ਘਟਨਾ ਦਾ ਕਾਰਨ ਨਾਮਧਾਰੀ ਸੰਪਰਦਾ ਦਾ ਅੰਦਰੂਨੀ ਕਲੇਸ਼ ਵੀ ਹੋ ਸਕਦਾ ਹੈ। ਸਤਿਗੁਰੂ ਜਗਜੀਤ ਸਿੰਘ ਤੋਂ ਬਾਅਦ ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੈ ਸਿੰਘ ਦੇ ਸਮਰਥਕ ਗੱਦੀਨਸ਼ੀਨੀ ਨੂੰ ਲੈ ਕੇ ਦੋ ਧੜਿਆਂ ਵਿਚ ਵੰਡੇ ਗਏ ਹਨ। ਦੋਹਾਂ ਦੇ ਸਮਰਥਕਾਂ ਦੀਆਂ ਅੰਮ੍ਰਿਤਸਰ, ਅਮਰਗੜ੍ਹ ਅਤੇ ਹੋਰ ਥਾਂਵਾਂ ਉਤੇ ਝੜਪਾਂ ਹੋ ਚੁੱਕੀਆਂ ਹਨ। ਦਲੀਪ ਸਿੰਘ ਦੇ ਸਮਰਥਕ ਨਾਮਧਾਰੀ, ਉਦੈ ਸਿੰਘ ਨੂੰ ਗੁਰੂ ਮੰਨਣ ਲਈ ਤਿਆਰ ਨਹੀਂ। ਸੂਤਰਾਂ ਅਨੁਸਾਰ ਠਾਕੁਰ ਦਲੀਪ ਸਿੰਘ ਵੀ ਇਨ੍ਹੀਂ ਦਿਨੀਂ ਇੰਗਲੈਂਡ ਗਏ ਹੋਏ ਸਨ ਤੇ ਅਗਾਂਹ ਸਪੇਨ ਚਲੇ ਗਏ ਹਨ।
ਜ਼ਿਕਰਯੋਗ ਹੈ ਕਿ ਨਾਮਧਾਰੀ ਡੇਰੇ ਵਿਚ ਇਸ ਵੇਲੇ ਮਾਤਾ ਚੰਦ ਕੌਰ, ਉਨ੍ਹਾਂ ਦੇ ਜਵਾਈ ਜਗਤਾਰ ਸਿੰਘ, ਉਨ੍ਹਾਂ ਦੀ ਲੜਕੀ ਸਾਹਿਬ ਕੌਰ, ਦੋਹਤਾ ਜੈ ਸਿੰਘ ਰਹਿ ਰਹੇ ਹਨ। ਇਨ੍ਹਾਂ ਸਭਨਾਂ ਦਾ ਠਾਕੁਰ ਉਦੈ ਸਿੰਘ ਨੂੰ ਥਾਪੜਾ ਹੈ। ਡੇਰੇ ਵਿਚ ਪੱਕੇ ਤੌਰ ‘ਤੇ ਪੁਲਿਸ ਚੌਕੀ ਬਣੀ ਹੋਈ ਹੈ।
ਇਸੇ ਦੌਰਾਨ ਠਾਕੁਰ ਉਦੈ ਸਿੰਘ ਦੇ ਵਿਰੋਧ ਵਿਚ ਖੜ੍ਹੀ ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੰਗਤ ਨੇ ਕਿਹਾ ਹੈ ਕਿ ਠਾਕੁਰ ਦਲੀਪ ਸਿੰਘ ਦੀ ਜਾਨ ਨੂੰ ਵੀ ਖ਼ਤਰਾ ਹੈ। ਸਰਕਾਰ ਉਨ੍ਹਾਂ ਲਈ ਢੁੱਕਵੀਂ ਸੁਰੱਖਿਆ ਦਾ ਪ੍ਰਬੰਧ ਕਰੇ। ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ ਤੇ ਪ੍ਰਧਾਨ ਨਵਤੇਜ ਸਿੰਘ ਨੇ ਲੰਡਨ ਪੁਲਿਸ ਤੋਂ ਘਟਨਾ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ। ਨਵਤੇਜ ਸਿੰਘ ਨੇ ਕਿਹਾ ਕਿ ਹਮਲਾਵਰ ਹਰਜੀਤ ਸਿੰਘ ਤੂਰ ਪੇਸ਼ੇਵਰ ਅਪਰਾਧੀ ਹੈ। ਇਸ ਤੋਂ ਪਹਿਲਾਂ ਵੀ ਉਹ ਲੁੱਟ-ਖੋਹ ਤੇ ਹੋਰ ਅਜਿਹੀਆਂ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ।
Leave a Reply