ਪਿ੍ਰੰ. ਸਰਵਣ ਸਿੰਘ
ਦਿਲਬਾਗ ਸਿੰਘ ਘਰਿਆਲਾ ਚੜ੍ਹਦੀ ਜੁਆਨੀ `ਚ ਖਿਡਾਰੀ ਰਿਹਾ, ਢਲਦੀ `ਚ ਖੇਡ ਲੇਖਕ ਬਣ ਗਿਆ। ਰਾਂਝੇ ਨੇ ਬਾਰਾਂ ਸਾਲ ਮੱਝਾਂ ਚਰਾਈਆਂ, ਦਿਲਬਾਗ ਨੂੰ ਖਿਡਾਰੀਆਂ ਬਾਰੇ ਲਿਖਦਿਆਂ ਬਾਰਾਂ ਸਾਲ ਹੋ ਗਏ। ਐਨਾ ਜ਼ਫਰ ਜਾਲ ਕੇ ਨਾ ਰਾਂਝੇ ਨੂੰ ਹੀਰ ਸਲੇਟੀ ਮਿਲੀ, ਨਾ ਦਿਲਬਾਗ ਨੂੰ ਕਿਤਾਬਾਂ ਦੀ ਰਾਇਲਟੀ। ਉਲਟਾ ਕਿਤਾਬਾਂ ਛਪਵਾਉਣ ਲਈ ਪੱਲਿਓਂ ਪੈਸੇ ਦੇਣੇ ਪਏ।
ਪਰ ਇਸ਼ਕ, ਇਸ਼ਕ ਹੀ ਹੁੰਦੈ! ਜਿਵੇਂ ਰਾਂਝੇ ਨੂੰ ਮੱਝਾਂ ਚਾਰਦਿਆਂ ਵੰਝਲੀ ਵਜਾਉਣ ਦਾ ਸੁਆਦ ਆਇਆ ਉਵੇਂ ਦਿਲਬਾਗ ਨੂੰ ਖਿਡਾਰੀਆਂ ਬਾਰੇ ਲਿਖਦਿਆਂ ਖੇਡ ਮੇਲਿਆਂ `ਚ ਕੁਮੈਂਟਰੀ ਕਰਨ ਦਾ ਆਨੰਦ ਆ ਰਿਹੈ। ਉਹ ਹੁੱਬ ਕੇ ਦੱਸਦੈ ਕਿ ਉਸਨੂੰ ਮਾਣ-ਸਨਮਾਨ ਵਿਚ ਚਾਂਦੀ ਦੇ ਕੜੇ ਨਾਲ 100 ਰੁਪਏ, 2 ਸੋਨੇ ਦੀਆਂ ਮੁੰਦਰੀਆਂ, 11000 ਹਜ਼ਾਰ ਦੀ ਨਕਦ ਰਾਸ਼ੀ ਅਤੇ ਟਰਾਫੀਆਂ ਮਿਲੀਆਂ ਹਨ। ਮੇਰੀ ਮੰਨੇ ਤਾਂ ਉਹ ਇੰਜ ਹੀ ਕੁਮੈਂਟਰੀ ਕਰਦਾ ਰਹੇ। ਜਿਵੇਂ ਰਾਂਝੇ ਨੂੰ ਅਖ਼ੀਰ `ਚ ਹੀਰ ਮਿਲ ਗਈ ਸੀ ਉਵੇਂ ਉਸ ਨੂੰ ਵੀ ਕਿਸੇ ਦਿਨ ਕੁਮੈਂਟਰੀ ਕਰਨ `ਚ ਕਾਰ ਮਿਲ ਜਾਵੇਗੀ। ਜੇ ਕਬੱਡੀ ਦੇ ਹੋਰਨਾਂ ਕੁਮੈਂਟੇਟਰਾਂ ਨੂੰ ਕਾਰਾਂ ਮਿਲੀ ਜਾਂਦੀਆਂ ਤਾਂ ਉਸ ਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ?
ਉਸ ਦੀਆਂ ਛੇ ਪੁਸਤਕਾਂ `ਚੋਂ ਚਾਰ ਖੇਡਾਂ ਖਿਡਾਰੀਆਂ ਬਾਰੇ ਹਨ। ਪਹਿਲੀ ਪੁਸਤਕ ਦਾ ਨਾਂ ‘ਪੰਜਾਬ ਦੇ ਸ਼ੇਰ ਪੁੱਤ’ ਹੈ, ਜਿਸ ਵਿਚ 36 ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਇਹ ਪੁਸਤਕ ਪਹਿਲੀ ਵਾਰ 2008 ਵਿਚ ਛਪੀ ਸੀ, ਜਿਸ ਨੂੰ ਪ੍ਰੇਮ ਸਹਿਤ ਭੇਟ ਕਰਦਿਆਂ ਛਾਪਿਆ ਗਿਆ: ਪ੍ਰਿੰਸੀਪਲ ਸਰਵਣ ਸਿੰਘ ਜੀ ਢੁੱਡੀਕੇ ਨੂੰ ਜਿਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਮੈਂ ਲਿਖਣ ਲਈ ਪ੍ਰੇਰਿਤ ਹੋਇਆ। ਉਨ੍ਹਾਂ ਖਿਡਾਰੀਆਂ ਨੂੰ ਜਿਹੜੇ ਦੇਸ਼ ਵਾਸਤੇ ਜੂਝਦੇ ਹਨ। ਉਨ੍ਹਾਂ ਕੋਚਾਂ ਨੂੰ ਜਿਹੜੇ ਖਿਡਾਰੀਆਂ ਨੂੰ ਸੱਚੇ ਦਿਲੋਂ ਤਿਆਰ ਕਰਦੇ ਹਨ। ਉਨ੍ਹਾਂ ਦਰਸ਼ਕਾਂ ਨੂੰ ਜਿਹੜੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹਨ। ਉਨ੍ਹਾਂ ਪਾਠਕਾਂ ਨੂੰ ਜੋ ਖੇਡ ਸਾਹਿਤ ਪੜ੍ਹਦੇ ਹਨ।
ਉਸ ਦੀ ਦੂਜੀ ਪੁਸਤਕ ਹੈ ‘ਖੇਡ ਮੈਦਾਨ ਦੇ ਹੀਰੇ’ ਜਿਸ ਦਾ ਮੁਖਬੰਦ ਡਾ. ਬਿਕਰਮ ਸਿੰਘ ਘੁੰਮਣ, ਸਾਬਕਾ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਲਿਖਿਆ: ਪੰਜਾਬੀ ਇਤਿਹਾਸ ਸਿਰਜਣਾ ਜਾਣਦੇ ਹਨ ਪਰ ਇਤਿਹਾਸ ਸਾਂਭਣ ਵਾਲੇ ਪਾਸਿਓਂ ਮੁੱਢ ਤੋਂ ਹੀ ਅਵੇਸਲੇ ਰਹੇ ਹਨ। ਪੰਜਾਬੀਆਂ ਵੱਲੋਂ ਹਰ ਖੇਤਰ ਵਿਚ ਪਾਏ ਯੋਗਦਾਨ ਦਾ ਇਤਿਹਾਸ ਵਿਚ ਜਿ਼ਕਰ ਨਾਂ-ਮਾਤਰ ਹੈ। ਸਾਡੇ ਸੰਤਾਂ ਮਹਾਂਪੁਰਸ਼ਾਂ, ਰਾਜਿਆਂ ਮਹਾਰਾਜਿਆਂ, ਦੇਸ਼ ਭਗਤਾਂ, ਸ਼ਹੀਦਾਂ, ਜਰਨੈਲਾਂ, ਸਾਹਿਤਕਾਰਾਂ, ਕਲਾਕਾਰਾਂ, ਸਮਾਜ ਸੁਧਾਰਕਾਂ, ਗਿਆਨੀਆਂ, ਵਿਗਿਆਨੀਆਂ, ਖਿਡਾਰੀਆਂ, ਹੋਰ ਤਾਂ ਹੋਰ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਸਮਾਚਾਰਾਂ ਦਾ ਵੀ ਪ੍ਰਮਾਣਿਕ ਇਤਿਹਾਸ ਉਪਲੱਭਧ ਨਹੀਂ… ਮੈਨੂੰ ਪੂਰੀ ਉਮੀਦ ਹੈ ਕਿ ਇਸ ਪੁਸਤਕ ਨਾਲ ਪੰਜਾਬੀ ਦੇ ਖੇਡ ਸਾਹਿਤ ਵਿਚ ਭਰਪੂਰ ਵਾਧਾ ਹੋਵੇਗਾ। ਮੇਰੀ ਖੇਡ ਪ੍ਰੇਮੀਆਂ, ਖੇਡ ਪ੍ਰਮੋਟਰਾਂ, ਖੇਡ ਅਕਾਦਮੀਆਂ, ਖੇਡ ਵਿਭਾਗਾਂ, ਸੂਬਾਈ ਤੇ ਰਾਸ਼ਟਰੀ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੇ ਸਾਲਾਨਾ ਖੇਡ ਬਜਟ ਵਿਚੋਂ ਕੁਝ ਹਿੱਸਾ ਖੇਡ ਸਾਹਿਤ ਦੇ ਵਿਕਾਸ, ਖੇਡ ਸਾਹਿਤ ਦੀਆਂ ਲਾਇਬ੍ਰੇਰੀਆਂ ਸਥਾਪਿਤ ਕਰਨ ਅਤੇ ਖੇਡ-ਵਾਈਜ਼ ਖਿਡਾਰੀਆਂ ਦੇ ਜੀਵਨ ਸਮਾਚਾਰਾਂ, ਪ੍ਰਾਪਤੀਆਂ ਅਤੇ ਇਤਿਹਾਸ ਨੂੰ ਇਕੱਤਰ ਕਰ ਕੇ ਪ੍ਰਕਾਸਿ਼ਤ ਕਰਵਾਉਣ ਅਤੇ ਖਿਡਾਰੀਆਂ ਦੀਆਂ ਡਾਕੂਮੈਂਟਰੀ ਫਿ਼ਲਮਾਂ ਤਿਆਰ ਕਰਵਾਉਣ ਉਤੇ ਖ਼ਰਚ ਕਰਨ।
ਦਿਲਬਾਗ ਸਿੰਘ ਦੀ ਤੀਜੀ ਖੇਡ ਪੁਸਤਕ ਦਾ ਨਾਂ ‘ਪੰਜਾਬ ਦੇ ਓਲੰਪੀਅਨ ਖਿਡਾਰੀ’ ਹੈ, ਜਿਸ ਵਿਚ 22 ਓਲੰਪੀਅਨਾਂ ਦੇ ਰੇਖਾ ਚਿੱਤਰ ਹਨ। ਉਸ ਦੇ ਮੁੱਖ ਸ਼ਬਦ ਵੀ ਡਾ. ਘੁੰਮਣ ਨੇ ਹੀ ਲਿਖੇ ਹਨ: ਦਿਲਬਾਗ ਸਿੰਘ ਘਰਿਆਲਾ ਨੇ ਇਸ ਤੋਂ ਪਹਿਲਾਂ ਖਿਡਾਰੀਆਂ ਦੇ ਰੇਖਾ ਚਿੱਤਰਾਂ ਦੀਆਂ ਦੋ ਪੁਸਤਕਾਂ, ਇਕ ਖੇਡ ਮੈਗਜ਼ੀਨ ‘ਖੇਡਾਂ ਦੀ ਫੁਲਵਾੜੀ’ ਅਤੇ ਦੋ ਬਾਲ-ਸਾਹਿਤ ਦੀਆਂ ਪੁਸਤਕਾਂ ‘ਟਾਹਲੀ ਮੇਰੇ ਬੱਚੇ’ ਤੇ ‘ਮਾਂ ਦੀ ਮਮਤਾ’ ਲਿਖੀਆਂ। ਦਿਲਬਾਗ ਸਿੰਘ ਦਾ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਅਤੇ ਉਸ ਨੂੰ ਪਾਠਕਾਂ ਨਾਲ ਸਾਂਝੀ ਕਰਨ ਦਾ ਇਹ ਸ਼ੌਕ, ਹੁਣ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਹ ਆਰਥਿਕ ਤੰਗੀਆਂ ਦੇ ਬਾਵਜੂਦ ਦੂਰ-ਦੁਰਾਡੇ ਖੇਡ ਮੇਲਿਆਂ ਵਿਚ ਸ਼ਾਮਲ ਹੋਣ ਅਤੇ ਖਿਡਾਰੀਆਂ ਨਾਲ ਮੁਲਾਕਾਤਾਂ ਕਰਨ ਤੋਂ ਕਦੇ ਘੌਲ ਨਹੀਂ ਕਰਦਾ। ਉਸ ਦੀਆਂ ਇਹ ਖੇਡ ਰਚਨਾਵਾਂ ਖੇਡਾਂ ਤੇ ਖਿਡਾਰੀਆਂ ਸੰਬੰਧੀ ਕੇਵਲ ਸਾਧਾਰਨ ਜਾਣਕਾਰੀ ਹੀ ਨਹੀਂ ਦੇਂਦੀਆਂ ਸਗੋਂ ਗੰਭੀਰ ਚਿੰਤਨ ਤੇ ਵਿਸ਼ਲੇਸ਼ਣ ਵੀ ਪੇਸ਼ ਕਰਦੀਆਂ ਹਨ।
ਉਸ ਦੀ ਚੌਥੀ ਖੇਡ ਪੁਸਤਕ ‘ਪੰਜਾਬ ਦੇ ਮੱਲ’ ਹੈ, ਜੋ 2018 ਵਿਚ ਛਪੀ। ਉਸ ਵਿਚ ਪੁਰਾਣੇ ਪਹਿਲਵਾਨ ਮਹਾਂਬਲੀ ਕਿੱਕਰ ਸਿੰਘ ਤੋਂ ਲੈ ਕੇ ਨਵੇਂ ਹੋਣਹਾਰ ਪਹਿਲਵਾਨ ‘ਜੱਸਾ ਪੱਟੀ ਵਾਲਾ’ ਤਕ ਮਾਝੇ ਤੇ ਮਸ਼ਹੂਰ ਪਹਿਲਵਾਨਾਂ ਅਤੇ ਕਬੱਡੀ ਖਿਡਾਰੀਆਂ ਬਾਰੇ 25 ਰੇਖਾ ਚਿੱਤਰ ਹਨ। ਪੁਸਤਕ ਦੇ ਮੁੱਢਲੇ ਸ਼ਬਦਾਂ ਵਿਚ ਪ੍ਰੋ. ਦਰਸ਼ਨ ਸਿੰਘ ਭੁੱਲਰ ਨੇ ਲਿਖਿਆ ਹੈ: ਦਿਲਬਾਗ ਸਿੰਘ ਆਪ ਵੀ ਜਵਾਨੀ ਸਮੇਂ ਕਬੱਡੀ ਤੇ ਫੁੱਟਬਾਲ ਖੇਡਿਆ। ਉਹ ਵੱਖ-ਵੱਖ ਖੇਡਾਂ ਦੇ ਨਵੇਂ ਤੇ ਪੁਰਾਣੇ ਖਿਡਾਰੀਆਂ ਦੇ ਰੇਖਾ ਚਿੱਤਰ ਲਿਖ ਕੇ ਪਾਠਕਾਂ ਤਕ ਪਹੁੰਚਾਉਣ ਦਾ ਯਤਨ ਕਰਦਾ ਰਹਿੰਦਾ ਹੈ। ਉਸ ਦੁਆਰਾ ਹਰ ਖਿਡਾਰੀ ਨੂੰ ਦਿੱਤੇ ਗਏ ਸਿਰਲੇਖ ਬੜੇ ਦਿਲ ਟੁੰਬਵੇਂ ਹੁੰਦੇ ਹਨ। ਸਿਰਲੇਖ ਪੜ੍ਹ ਕੇ ਹੀ ਪਾਠਕ ਦੇ ਮਨ ਵਿਚ ਉਸ ਖਿਡਾਰੀ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਹੁਣ ਉਹ ਪੁਸਤਕਾਂ ਲਿਖਣ ਦੇ ਨਾਲ-ਨਾਲ ਅਖ਼ਬਾਰਾਂ ਵਿਚ ਹਫ਼ਤਾਵਾਰੀ ਕਾਲਮ ਵੀ ਲਿਖਣ ਲੱਗ ਪਿਆ ਹੈ।
ਪੰਜਾਬ ਦੇ ਮੱਲਾਂ ਦੀ ਭੂਮਿਕਾ ਦਿਲਬਾਗ ਸਿੰਘ ਨੇ ਇੰਜ ਬੰਨ੍ਹੀ ਹੈ: `ਦੁਨੀਆ ਵਿਚ ਸਭ ਤੋਂ ਜਿ਼ਆਦਾ ਖੇਡੀ ਜਾਣ ਵਾਲੀ ਖੇਡ ਹੈ ਫੁੱਟਬਾਲ। ਫੁੱਟਬਾਲ ਦੀ ਮਕਬੂਲੀਅਤ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਦੀ ਤਾਰੀਖ਼ ਵਿਚ ਸੰਯੁਕਤ ਰਾਸ਼ਟਰ ਸੰਘ ਦੇ 193 ਦੇਸ਼ ਮੈਂਬਰ ਹਨ ਪਰ ਫੁੱਟਬਾਲ ਦੀ ਵਿਸ਼ਵ ਫੈਡਰੇਸ਼ਨ ‘ਫੀਫਾ’ ਦੇ 214 ਦੇਸ਼ ਐਸੋਸੀਏਟ ਮੈਂਬਰ ਹਨ… ਸਰਕਲ ਸਟਾਈਲ ਕਬੱਡੀ ਹੁਣ ਵਾਹਣਾਂ ਤੇ ਰੌੜਾਂ ਦੀ ਖੇਡ ਨਹੀਂ ਰਹੀ, ਇਹ ਸਕਾਈਡੋਮ ਵਰਗੇ ਮਹਿੰਗੇ ਤੇ ਵੱਡੇ ਇਨਡੋਰ ਸਟੇਡੀਅਮਾਂ ਦੀ ਖੇਡ ਬਣ ਗਈ ਹੈ। ਇਸ ਦੇ ਵਰਲਡ ਕੱਪਾਂ ਤੇ ਵਰਲਡ ਲੀਗਾਂ ਨੇ ਕਬੱਡੀ ਦੇ ਸੁੱਤੇ ਭਾਗ ਜਗਾ ਦਿੱਤੇ ਹਨ। ਹੁਣ ਕਈ ਖਿਡਾਰੀ ਕਰੋੜਾਂ ਵਿਚ ਖੇਡਣ ਲੱਗੇ ਹਨ, ਮਹਿੰਗੀਆਂ ਗੱਡੀਆਂ ਤੇ ਹਵਾਈ ਜਹਾਜ਼ਾਂ ਵਿਚ ਝੂਟੇ ਲੈਂਦੇ ਹਨ। ਪੰਜਾਬ ਵਿਚ ਕਰੋੜਾਂ ਦੇ ਵਰਲਡ ਕਬੱਡੀ ਕੱਪ ਹੋ ਰਹੇ ਹਨ ਤੇ ਦਸ-ਦਸ ਲੱਖ ਰੁਪਏ ਦੀ ਕੁਸ਼ਤੀ ਹੋ ਰਹੀ ਹੈ। ਫੋਰਡ ਟਰੈਕਟਰ, ਆਲਟੋ ਕਾਰਾਂ ਤੇ ਨੁਕਰੇ ਘੋੜੇ, ਕਬੱਡੀ ਤੇ ਕੁਸ਼ਤੀਆਂ ਦੇ ਜੇਤੂਆਂ ਨੂੰ ਦਿੱਤੇ ਜਾ ਰਹੇ ਹਨ। ਮੈਂ ਇਸ ਪੁਸਤਕ ਵਿਚ 23 ਖਿਡਾਰੀਆਂ ਬਾਰੇ ਜਾਣਕਾਰੀ ਦੇ ਰਿਹਾਂ। ਇਸ ਵਿਚ 11 ਚੋਟੀ ਦੇ ਮੱਲ ਤੇ 11 ਕਬੱਡੀ ਦੇ ਧਨੰਤਰ ਖਿਡਾਰੀ ਹਨ। ਇਕ ਲੇਖ ਪੰਜਾਬ ਦੇ ਮਸ਼ਹੂਰ ਖੇਡ ਮੇਲਿਆਂ ਬਾਰੇ, ਇਕ ਰੇਖਾ ਚਿੱਤਰ ਹਾਕੀ ਦੇ ਬਾਦਸ਼ਾਹ ਪ੍ਰਿਥੀਪਾਲ ਸਿੰਘ ਦਾ ਤੇ ਇਕ ਲੇਖ ਵਿਚ ਸਰਕਲ ਸਟਾਈਲ ਕਬੱਡੀ ਲਈ ਸੁਝਾਅ ਦਿੱਤੇ ਹਨ।`
ਦਿਲਬਾਗ ਸਿੰਘ ਦੀਆਂ ਖਿਡਾਰੀਆਂ ਬਾਰੇ ਲਿਖੀਆਂ ਰਚਨਾਵਾਂ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਖੁ਼ਦ ਖੇਡ ਰਿਹਾ ਹੋਵੇ ਜਾਂ ਖੇਡ ਸਟੇਡੀਅਮ ਵਿਚ ਬੈਠਾ ਆਪਣੀਆਂ ਅੱਖਾਂ ਨਾਲ ਪ੍ਰਤੱਖ ਨਜ਼ਾਰੇ ਤੱਕ ਰਿਹਾ ਹੋਵੇ। ਜਿਹੜਾ ਵੀ ਇਕ ਵਾਰ ਉਸ ਦੀ ਪੁਸਤਕ ਪੜ੍ਹਨ ਲੱਗ ਪਵੇ ਮਜ਼ਾਲ ਕਿ ਉਹ ਅੱਧ ਵਿਚਾਲੇ ਛੱਡ ਦੇਵੇ। ਉਸ ਦੀ ਠੇਠ ਮਝੈਲੀ ਬੋਲੀ ਮੱਲੋ-ਮੱਲੀ ਪਾਠਕ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਉਹ ਸਰਲ ਪੇਂਡੂ ਭਾਸ਼ਾ ਵਿਚ ਲਿਖਦਾ ਹੈ ਜਿਸ ਕਰਕੇ ਪਾਠਕ ਸੌਖੀ ਤਰ੍ਹਾਂ ਸਮਝਦੇ ਤੇ ਪਸੰਦ ਕਰਦੇ ਹਨ। ਖਿਡਾਰੀਆਂ ਬਾਰੇ ਲਿਖਣ ਦੇ ਨਾਲ-ਨਾਲ ਉਸ ਵੱਲੋਂ ਬਤੌਰ ਆਫੀਸ਼ਲ ਖੇਡ ਮੈਦਾਨਾਂ ਵਿਚ ਦਿੱਤੇ ਜਾਂਦੇ ਨਿਰਪੱਖ ਫੈਸਲਿਆਂ ਕਰਕੇ ਵੀ ਖਿਡਾਰੀ ਤੇ ਖੇਡ ਪ੍ਰੇਮੀ ਉਸ ਦੀ ਦਿਲੋਂ ਇੱਜ਼ਤ ਕਰਦੇ ਹਨ।
ਉਹਦਾ ਜਨਮ ਸ.ਹਰਬੰਸ ਸਿੰਘ ਭੁੱਲਰ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ 10 ਮਾਰਚ, 1975 ਨੂੰ ਪਿੰਡ ਘਰਿਆਲਾ, ਪੱਟੀ, ਜਿ਼ਲ੍ਹਾ ਤਰਨਤਾਰਨ ਵਿਚ ਹੋਇਆ। ਉਸ ਦੀ ਵਿਦਿਅਕ ਯੋਗਤਾ ਬੀ.ਏ. ਬੀ ਲਿਬ. ਹੈ। ਰਿਹਾਇਸ਼ ਹੁਣ ਅੰਮ੍ਰਿਤਸਰ ਵਿਚ ਹੈ। ਉਥੋਂ ਹੀ ਉਹ ਰੋਜ਼ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਦੇ ਸਕੂਲ ਵਿਚ ਪੜ੍ਹਾਉਣ ਜਾਂਦਾ ਹੈ ਜਿੱਥੇ ਕਦੇ ਲੰਮੀਆਂ ਕਹਾਣੀਆਂ ਦਾ ਚੈਂਪੀਅਨ ਵਰਿਆਮ ਸਿੰਘ ਸੰਧੂ ਪੜ੍ਹਦਾ ਤੇ ਪੜ੍ਹਾਉਂਦਾ ਰਿਹਾ ਸੀ। ਉਸ ਦੇ ਦੋਵੇਂ ਪੁੱਤਰ ਕੈਨੇਡਾ ਵਿਚ ਪੜ੍ਹਦੇ ਤੇ ਕੰਮ ਕਰਦੇ ਹਨ। ਲੱਗਦੈ ਕਿਸੇ ਦਿਨ ਉਹ ਵੀ ਕੈਨੇਡਾ ਤੁਰ ਜਾਵੇਗਾ।
ਉਹ ਤੋਰੇ ਫੇਰੇ ਵਾਲਾ ਖੇਡ ਲੇਖਕ ਹੈ। ਖੇਡ ਮੈਦਾਨ ਉਸ ਦੀ ਇਬਾਦਤਗਾਹ ਹੈ। ਦਿਨ ਦੇ ਕਾਰਜ ਆਰੰਭ ਕਰਨ ਤੋਂ ਪਹਿਲਾਂ ਗੁਰਸ਼ਬਦਾਂ ਨਾਲ ਆਰਾਧਨਾ ਕਰਨੀ ਅਤੇ ਅਰਦਾਸ ਵਿਚੋਂ ਬਰਕਤਾਂ ਦੀ ਪ੍ਰਾਪਤੀ ਉਸ ਦਾ ਨਿੱਤਨੇਮ ਹੈ। ਉਹ ਬੀਰ ਰਸੀ ਕਿਤਾਬਾਂ ਪੜ੍ਹਨੀਆਂ ਪਸੰਦ ਕਰਦਾ ਹੈ। ਸਪੋਰਟਸ ਨੂੰ ਉਤਸ਼ਾਹਿਤ ਕਰਨ ਵਾਲਾ ਸਾਹਿਤ ਪੜ੍ਹਨਾ ਲਿਖਣਾ ਉਸ ਦੀ ਤਰਜੀਹ ਹੈ। ਮਿੱਤਰਾਂ ਦੀ ਰੌਣਕ ਉਸ ਦੇ ਹਿਰਦੇ ਦਾ ਸਕੂਨ ਹੈ। ਮਝੈਲ ਮਿੱਤਰ ਮੰਡਲੀ `ਚ ਬੈਠ ਕੇ ਹੱਸਣਾ ਅਤੇ ਜ਼ਿੰਦਗੀ ਦੀਆਂ ਉਸਾਰ ੂਲੀਹਾਂ ਸੰਬੰਧੀ ਵਿਚਾਰਾਂ ਕਰਨ ਵਿਚ ਉਸ ਦੀ ਦਿਲਚਸਪੀ ਹੈ। ਬਾਲ ਜਗਤ ਨੂੰ ਸਿੱਖਿਆਦਾਇਕ ਕਹਾਣੀਆਂ ਰਾਹੀਂ ਜੀਵਨ ਸੇਧਾਂ ਦੇਣੀਆਂ ਉਸ ਦੀ ਰੂਹ ਦਾ ਸਕੂਨ ਹੈ। ਲਓ ਪੜ੍ਹੋ ਉਹਦਾ ਉਲੀਕਿਆ ਇਕ ਰੇਖਾ ਚਿੱਤਰ:
ਪਹਿਲਵਾਨ ਜੱਸਾ ਪੱਟੀ ਵਾਲਾ
ਕੁਸ਼ਤੀ ਦੀ ਦੁਨੀਆ ਵਿਚ ਇਕ ਨਵਾਂ ਸੂਰਜ ਚੜ੍ਹਿਆ ਹੈ ਜੋ ਦਿਨ-ਬ-ਦਿਨ ਉਚਾਈਆਂ ਛੂੰਹਦਾ ਜਾ ਰਿਹਾ ਹੈ। ਤਕੜੇ ਤੋਂ ਤਕੜੇ ਪਹਿਲਵਾਨਾਂ ਨੂੰ ਚਿੱਤ ਕਰਦਿਆਂ ਕੁਸ਼ਤੀ ਅਖਾੜੇ ਵਿਚ ਆਪਣਾ ਕੱਦ ਹੋਰ ਉੱਚਾ ਕਰਦਾ ਉਹ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਵਿਚ ਬਹੁਤ ਸ਼ੁਮਾਰ ਹੋ ਗਿਆ ਹੈ। ਉਸ ਦੀ ਮੰਗ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਦੇਸ਼ ਦੇ ਕੋਨੇ-ਕੋਨੇ `ਚੋਂ ਸੱਦੇ ਆਉਣੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਨੌਜਵਾਨ ਦਾ ਸਿੱਕਾ ਬਹੁਤ ਜਲਦੀ ਪੂਰੇ ਭਾਰਤ ਵਿਚ ਚੱਲਣ ਵਾਲਾ ਹੈ। ਜਦੋਂ ਇਹ ਸਾਬਤ ਸੂਰਤ ਨੌਜਵਾਨ ਸਿਰ `ਤੇ ਪਟਕਾ ਬੰਨ੍ਹੀ ਅਖਾੜੇ ਵਿਚ ਉੱਤਰਦਾ ਹੈ ਤਾਂ ਕੁਸ਼ਤੀ ਪ੍ਰੇਮੀਆਂ ਦਾ ਲਗਾਅ ਮੱਲੋ-ਮੱਲੀ ਇਸ ਗੁਰਸਿੱਖ ਮੱਲ ਨਾਲ ਜੁੜ ਜਾਂਦਾ ਹੈ।
6 ਫੁੱਟ ਕੱਦ, 275 ਪੌਂਡ ਭਾਰ, 46 ਇੰਚ ਛਾਤੀ, 18 ਇੰਚ ਡੌਲੇ ਤੇ 30 ਇੰਚੀ ਪੱਟਾਂ ਵਾਲਾ ਇਹ ਦਰਸ਼ਨੀ ਚੋਬਰ ਕਿਸੇ ਦਰਸ਼ਨੀ ਮਾਡਲ ਤੋਂ ਘੱਟ ਨਹੀਂ। ਇਸ ਦੇ ਸਰੀਰ ਦੀ ਸੁਡੌਲਤਾ ਵੇਖਿਆਂ ਲੱਗਦਾ ਹੈ ਕਿ ਰੱਬ ਪੂਰੀ ਤਰ੍ਹਾਂ ਮਿਹਰਬਾਨ ਹੈ ਇਸ `ਤੇ। ਇਉਂ ਲੱਗਦੈ ਜਿਵੇਂ ਰੱਬ ਨੇ ਵਿਹਲੇ ਬਹਿ ਕੇ ਅਜਿਹਾ ਜੁੱਸਾ ਘੜਿਆ ਹੋਵੇ। ਥੱਬੇ-ਥੱਬੇ ਦੇ ਪੱਟ ਤੇ ਗੁੰਦਵਾਂ ਸਰੀਰ ਵੇਖਿਆਂ ਭੁੱਖ ਲੱਥਦੀ ਹੈ।ਸੱਜੇ ਪੱਟ `ਤੇ ਥਾਪੀ ਮਾਰ ਜਦੋਂ ਇਹ ਗੱਭਰੂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਲਾਉਂਦਾ ਅਖਾੜੇ `ਚ ਉਤਰਦਾ ਹੈ ਤਾਂ ਦਰਸ਼ਕਾਂ ਦੀਆਂ ਨਜ਼ਰਾਂ ਉਸ ਦੇ ਮਿਹਨਤ ਨਾਲ ਕਮਾਏ ਦਰਸ਼ਨੀ ਜੁੱਸੇ ਤੋਂ ਤਿਲ੍ਹਕ-ਤਿਲ੍ਹਕ ਜਾਂਦੀਆਂ ਹਨ। ਉਸਦੇ ਸੁਡੋਲ ਪੱਟਾਂ `ਤੇ ਪੈਂਦੀਆਂ ਛੱਲੀਆਂ ਤੇ ਡੌਲਿਆਂ `ਤੇ ਨੱਚਦੇ ਮੋਰਾਂ ਦੀ ਚਰਚਾ ਲੋਕ-ਬੁੱਲ੍ਹਾਂ `ਤੇ ਉਦੋਂ ਹੀ ਹੋਣ ਲੱਗ ਪੈਂਦੀ ਹੈ। ਦਰਸ਼ਕ ਸ਼ਰਤਾਂ ਲਾਉਂਦੇ ਹਨ ਉਸ ਦੀਆਂ ਕੁਸ਼ਤੀਆਂ `ਤੇ।
ਉਸ ਦਾ ਪੂਰਾ ਨਾਂ ਹੈ ਜਸਕੰਵਰ ਸਿੰਘ ਉਰਫ ਜੱਸਾ ਪੱਟੀ ਵਾਲਾ। ਉਹਦਾ ਜਨਮ 15 ਜੁਲਾਈ, 1993 ਨੂੰ ਆਪਣੇ ਸਮੇਂ ਦੇ ਪ੍ਰਸਿੱਧ ਪਹਿਲਵਾਨ ਸਲਵਿੰਦਰ ਸਿੰਘ ਉਰਫ਼ ਛਿੰਦਾ ਪੱਟੀ ਵਾਲਾ ਅਤੇ ਮਾਤਾ ਪਰਮਿੰਦਰ ਕੌਰ ਦੇ ਘਰ ਪਿੰਡ ਚੂਸਲੇਵੜ ਤਹਿਸੀਲ ਪੱਟੀ ਵਿਚ ਹੋਇਆ। ਜੱਸੇ ਨੂੰ ਗੁੜ੍ਹਤੀ ਹੀ ਕੁਸ਼ਤੀ ਦੀ ਮਿਲੀ ਸੀ। ਜੱਸੇ ਦੀ ਮਾਤਾ ਜੀ ਦੱਸਦੇ ਹਨ ਕਿ ਜਦੋਂ ਇਸ ਦਾ ਜਨਮ ਹੋਇਆ ਤਾਂ ਇਹਦੇ ਪਿਤਾ ਜੀ ਨੇ ਅਖਾੜੇ ਦੀ ਮਿੱਟੀ ਲਿਆ ਕੇ ਇਸ ਦੇ ਮੱਥੇ ਨੂੰ ਲਾਈ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੋ ਕਮੀ ਮੇਰੇ ਤੋਂ ਕੁਸ਼ਤੀ ਵਿਚ ਰਹਿ ਗਈ ਉਹ ਮੇਰਾ ਪੁੱਤਰ ਪੂਰੀ ਕਰੇ। ਪੂਰੇ 21 ਸਾਲਾਂ ਬਾਅਦ ਉਹ ਸਮਾਂ ਆ ਗਿਆ ਜੋ ਉਸ ਦੇ ਪਿਤਾ ਨੇ ਸੁਪਨਾ ਦੇਖਿਆ ਸੀ। ਉਸ ਦੀ ਦਿਲੀ ਤਮੰਨਾ ਸੀ ਕਿ ਮੇਰਾ ਪੁੱਤ ਦੁਨੀਆ ਦਾ ਰੁਸਤਮ ਬਣੇ। ਉਸ ਦਾ ਕਹਿਣਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਮੇਰਾ ਪੁੱਤ ਭਾਰਤ ਦੇਸ਼ ਲਈ ਨਾਮਣਾ ਖੱਟੇਗਾ। ਦੁਨੀਆ ਵਿਚ ਭਾਰਤੀ ਕੁਸ਼ਤੀ ਦਾ ਝੰਡਾ ਬੁਲੰਦ ਕਰੇਗਾ।
ਜੱਸੇ ਨੇ ਦਸ ਸਾਲ ਦੀ ਉਮਰੇ ਕੁਸ਼ਤੀ ਲੜਨੀ ਸ਼ੁਰੂ ਕਰ ਲਈ। ਉਹ ਬਾਬਾ ਕਾਹਨ ਸਿੰਘ ਪਿੱਦੀ ਅਖਾੜੇ ਵਿੱਚ ਜ਼ੋਰ ਅਜਮਾਈ ਕਰਨ ਲੱਗਾ। ਨਿੱਕੀਆਂ ਨਿੱਕੀਆਂ ਕਸਰਤਾਂ ਕਰਦਾ ਅੱਗੇ ਵਧਣ ਲੱਗਾ। ਉਹ ਉਸਤਾਦ ਵੱਲੋਂ ਦੱਸੇ ਦਾਅ ਪੇਚਾਂ ਨੂੰ ਪੂਰੀ ਤਰ੍ਹਾਂ ਸਮਝਦਾ ਤੇ ਵਰਤੋਂ ਵਿਚ ਲਿਆਉਂਦਾ। ਬਹੁਤ ਜਲਦੀ ਜੱਸੇ ਦੀ ਕੀਤੀ ਮਿਹਨਤ ਮੂੰਹੋਂ ਬੋਲਣ ਲੱਗੀ। ਉਸ ਦਾ ਕਹਿਣਾ ਹੈ ਕਿ ਮੈਂ ਅੱਜ ਜਿਸ ਮੁਕਾਮ `ਤੇ ਪੁੱਜਾ ਹਾਂ ਇਹ ਆਪਣੇ ਉਸਤਾਦ ਗੁਰੂ ਭਾਨ ਸਿੰਘ ਦੀ ਬਦੌਲਤ ਹਾਂ। ਉਹ ਅੱਜ ਪੰਜਾਬ ਹੀ ਨਹੀਂ ਭਾਰਤ ਦੇ ਚੋਟੀ ਦੇ ਮੱਲਾਂ ਵਿਚ ਗਿਣਿਆ ਜਾਣ ਲੱਗਾ ਹੈ। ਉਹ ਆਪਣੇ ਉਸਤਾਦ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਹੈ। ਪਿਛਲੇ ਸਾਲ ਉਸ ਨੇ ਆਪਣੇ ਗੁਰੂ ਨੂੰ ਆਉਣ ਜਾਣ ਲਈ ਇੱਕ ਬੁਲਟ ਮੋਟਰਸਾਈਕਲ ਭੇਟ ਕੀਤਾ।
ਜੱਸੇ ਦੇ ਘਰ ਦਾ ਮਾਹੌਲ ਹੀ ਕੁਸ਼ਤੀ ਵਾਲਾ ਸੀ। ਉੱਠਦਿਆਂ ਬਹਿੰਦਿਆਂ, ਖਾਂਦਿਆਂ ਪੀਂਦਿਆਂ ਗੱਲਾਂ ਹੀ ਕੁਸ਼ਤੀ ਦੇ ਦਾਅ ਪੇਚਾਂ ਦੀਆਂ ਹੁੰਦੀਆਂ ਸਨ। ਵੱਡੇ-ਵੱਡੇ ਮੱਲਾਂ ਦਾ ਘਰ ਆਉਣਾ-ਜਾਣਾ ਸੀ ਜਿਨ੍ਹਾਂ ਦਾ ਅਸਰ ਉਸ `ਤੇ ਪੈਣਾ ਸੁਭਾਵਿਕ ਸੀ। ਜੱਸੇ ਦਾ ਵੱਡਾ ਭਰਾ ਜਸਕਰਨ ਸਿੰਘ ਵੀ ਪਹਿਲਾਂ ਜ਼ੋਰ ਕਰਦਾ ਸੀ ਪਰ ਬਾਅਦ `ਚ ਉਹ ਪੱਕੇ ਤੌਰ `ਤੇ ਕੈਨੇਡਾ ਜਾ ਵੱਸਿਆ। ਉਸ ਤੋਂ ਬਾਅਦ ਜੱਸੇ ਨੇ ਪਿਤਾ ਜੀ ਦੇ ਸੁਪਨੇ ਨੂੰ ਪੂਰਾ ਕਰਨ ਦੀ ਜਿ਼ੰਮੇਵਾਰੀ ਆਪਣੇ ਮੋਢਿਆਂ `ਤੇ ਚੁੱਕ ਲਈ। ਛੋਟੀ ਉਮਰ ਵਿਚ ਹੀ ਆਪਣੇ ਤੋਂ ਵੱਧ ਭਾਰ ਵਾਲੇ ਮੁੰਡਿਆਂ ਨਾਲ ਜੋ਼ਰ ਕਰਦਾ ਸੀ। ਨਿੱਤ ਸਵੇਰੇ ਸ਼ਾਮ ਅਭਿਆਸ ਕਰਨਾ ਉਸ ਦਾ ਨਿੱਤਨੇਮ ਸੀ।
ਉਸ ਨੇ 2006 ਵਿਚ 13 ਸਾਲ ਦੀ ਉਮਰੇ ਪਹਿਲੀ ਕੁਸ਼ਤੀ ਲੜੀ। ਉਹਦੇ ਮੁਕਾਬਲੇ ਵਾਲਾ ਪਹਿਲਵਾਨ 16-17 ਸਾਲ ਦਾ ਸੀ। ਜੱਸੇ ਦੀ ਕੁਸ਼ਤੀ ਵੇਖ ਸਾਰੇ ਹੈਰਾਨ ਰਹਿ ਗਏ! ਪੰਜ ਮਿੰਟਾਂ ਵਿਚ ਹੀ ਜੱਸੇ ਨੇ ਐਸਾ ਦਾਅ ਮਾਰਿਆ ਕਿ ਵੱਡੇ ਪਹਿਲਵਾਨ ਨੂੰ ਅਸਮਾਨ ਵਿਖਾ ਦਿੱਤਾ। ਪਹਿਲਵਾਨ ਸਲਵਿੰਦਰ ਸਿੰਘ ਦੱਸਦੇ ਹਨ ਕਿ ਉਹ ਉਸ ਕੁਸ਼ਤੀ ਸਮੇਂ ਉੱਥੇ ਮੌਜੂਦ ਸੀ ਤੇ ਉਹ ਸੀਨ ਆਪਣੀਆਂ ਅੱਖਾਂ ਨਾਲ ਤੱਕਿਆ। ਪੁੱਤ ਦੀ ਜਿੱਤ ਵੇਖ ਕੇ ਮੇਰਾ ਸੇਰ ਲਹੂ ਵਧ ਗਿਆ ਤੇ ਛਾਤੀ ਦੋ ਇੰਚ ਚੌੜੀ ਹੋ ਗਈ। ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਰੱਬਾ ਬੂਟੇ `ਤੇ ਬੂਟਾ ਲਾ ਦਿੱਤਾ ਈ, ਹੁਣ ਇਸ ਦੀ ਪਾਲਣਾ ਵੀ ਤੰੂ ਕਰੀਂ।
ਜੱਸਾ ਆਪਣੀ ਤਿਆਰੀ ਬਾਰੇ ਦੱਸਦਾ ਹੈ: `ਮੈਂ ਰੋਜ਼ਾਨਾ ਢਾਈ ਘੰਟੇ ਸਵੇਰੇ ਜਿੰਮ `ਚ ਕਸਰਤ ਕਰਦਾ ਹਾਂ। ਜਿਸ ਦਿਨ ਕੁਸ਼ਤੀ ਨਾ ਹੋਵੇ ਸ਼ਾਮ ਨੂੰ ਦੋ ਘੰਟੇ ਅਖਾੜੇ `ਚ ਜ਼ੋਰ ਕਰਦਾ ਹਾਂ। ਜਦੋਂ ਮੁਕਾਬਲਿਆਂ ਦਾ ਸਮਾਂ ਨੇੜੇ ਹੋਵੇ ਤਾਂ ਦਿਨ `ਚ ਤਿੰਨ ਟਾਈਮ ਮਿਹਨਤ ਕਰਨੀ ਪੈਂਦੀ ਹੈ।` ਉਸ ਦੀ ਖ਼ੁਰਾਕ ਵਿਚ ਦੁੱਧ, ਘਿਉ, ਬਦਾਮ, ਸ਼ਰਦਾਈ, ਜੂਸ, ਫਲ ਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਖ਼ੁਰਾਕ ਦੀ ਜ਼ਿੰਮੇਵਾਰੀ ਉਸ ਦੇ ਮਾਤਾ ਜੀ ਦੀ ਹੈ। ਉਨ੍ਹਾਂ ਚਾਰਟ ਤਿਆਰ ਕੀਤਾ ਹੈ, ਉਸ ਅਨੁਸਾਰ ਹੀ ਉਹ ਖ਼ੁਰਾਕ ਲੈਂਦਾ ਹੈ।
ਜੱਸੇ ਦੀ ਚੜ੍ਹਤ ਦਾ ਅੰਦਾਜ਼ਾ ਇਸ ਤੋਂ ਹੀ ਹੋ ਗਿਆ ਜਦ ਉਸਨੇ ਪਹਿਲੀ ਇਨਾਮੀ ਕੁਸ਼ਤੀ ਸਾਢੇ ਸੱਤ ਮਿੰਟ ਵਿਚ ਹੀ ਬਾਈ ਫਾਲ ਜਿੱਤ ਲਈ। ਉਸਨੇ ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿਚੋਂ ਮੈਡਲ ਜਿੱਤਣ ਬਾਅਦ 2015 ਵਿਚ ਆਲ ਇੰਡੀਆ ਇੰਟਰਵਰਸਿਟੀ ਤੋਂ ਬਰਾਂਜ਼ ਮੈਡਲ ਤੇ 2016 ਵਿਚ ਗੋਲਡ ਮੈਡਲ ਜਿੱਤਿਆ। ਉਸਨੇ 2015 ਦੀਆਂ ਸੀਨੀਅਰ ਨੈਸ਼ਨਲ ਗੇਮਜ਼ ਵਿਚ ਵੀ ਭਾਗ ਲਿਆ। ਇਸੇ ਸਾਲ ਜੂਨੀਅਰ ਨੈਸ਼ਨਲ ਗੇਮਜ਼ ਕੇਰਲਾ ਵਿਚ 97 ਕਿਲੋ ਪਲੱਸ ਭਾਰ `ਚੋਂ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ। ਉਸਨੇ ਪੰਜਾਬ ਦੀਆਂ ਮਸ਼ਹੂਰ ਛਿੰਝਾਂ ਰੂਪੋਵਾਲ, ਨੂਰਮਹਿਲ, ਕੋਟ ਬਾਦਲ ਖਾਂ, ਕਿਰਲਗੜ੍ਹ, ਭਾਗੋਵਾਲ, ਗੰਗਤ, ਦਿਲਾਵਰਪੁਰ, ਬੈਂਸਾਂ, ਖਿਜਰਾਬਾਦ, ਕੁਰਾਲੀ, ਰੱਖੜਾ, ਮਰੌੜ ਨੇੜੇ ਨਾਭਾ, ਰੋਣੀ ਖੰਨਾ, ਸਮਰਾਲਾ, ਜੱਬੋਮਾਜਰਾ, ਘਰਿਆਲਾ, ਸੁਲਤਾਨਵਿੰਡ, ਝਬਾਲ, ਬੱਚੀਵਿੰਡ ਆਦਿ ਵਿਚ ਕੁਸ਼ਤੀ ਲੜੀ।
ਉਹ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ ਕਸ਼ਮੀਰ, ਮਹਾਰਾਸ਼ਟਰ, ਦਿੱਲੀ ਤੇ ਹੋਰ ਕਈ ਸ਼ਹਿਰਾਂ ਵਿਚ ਕੁਸ਼ਤੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰ ਚੁੱਕਾ ਹੈ। ਜੱਸਾ ਦੱਸਦਾ ਹੈ, `ਮੈਨੂੰ ਪਹਿਲੀ ਵਾਰ ਪਿੰਡ ਭੋਡੇ ਸਪਰਾਏ ਜਲੰਧਰ ਵਿਚ ਗੁਰਜ `ਤੇ ਕੁਸ਼ਤੀ ਲੜਨ ਦਾ ਮੌਕਾ ਮਿਲਿਆ। ਮੈਨੂੰ ਬਹੁਤ ਖੁਸ਼ੀ ਹੋਈ ਉਸ ਗੁਰਜ ਨੂੰ ਜਿੱਤਣ ਨਾਲ। ਮੈਂ ਅਨੇਕਾਂ ਵੱਡੇ ਤੋਂ ਵੱਡੇ ਇਨਾਮ ਜਿੱਤੇ ਤੇ ਸੈਂਕੜੇ ਗੁਰਜਾਂ ਵੀ ਜਿੱਤ ਲਈਆਂ ਪਰ ਮੈਨੂੰ ਉਹ ਪਹਿਲੀ ਗੁਰਜ ਬੜੀ ਪਿਆਰੀ ਤੇ ਖ਼ਾਸ ਲੱਗਦੀ ਹੈ।` ਉਹ ਆਪਣੀਆਂ ਕੁਸ਼ਤੀਆਂ ਬਾਰੇ ਗੱਲ ਕਰਦਿਆਂ ਅੱਖਾਂ ਵਿਚ ਚਮਕ ਲਿਆਉਂਦਿਆਂ ਕਹਿੰਦਾ ਹੈ ਕਿ ਮੈਂ ਉਮਰ ਵਿਚ ਭਾਵੇਂ ਦੂਸਰੇ ਪਹਿਲਵਾਨਾਂ ਤੋਂ ਛੋਟਾ ਹਾਂ ਪਰ ਮੇਰੀ ਕੁਸ਼ਤੀਆਂ ਦੀ ਲਿਸਟ ਬਹੁਤ ਲੰਮੇਰੀ ਹੈ। ਮੈਂ ਕੁਸ਼ਤੀ ਦੇ ਪਿੜ ਵਿਚ ਅਜੇ ਹਜ਼ਾਰਾਂ ਮੀਲਾਂ ਦਾ ਪੰਧ ਤੈਅ ਕਰਨਾ ਹੈ।
ਉਸ ਦੀਆਂ ਕੰਵਲਜੀਤ ਡੂਮਛੇੜੀ ਨਾਲ ਦਸ ਕੁਸ਼ਤੀਆਂ ਬਰਾਬਰ ਰਹੀਆਂ ਹਨ ਤੇ ਇੱਕ ਚਿੱਤ ਕੀਤੀ ਹੈ। ਲੱਡੂ ਡੂਮਛੇੜੀ ਨਾਲ ਪੰਜ ਬਰਾਬਰ ਤੇ ਸਾਬਾ ਕੋਹਾਲੀ ਦੋ ਕੁਸ਼ਤੀਆਂ ਚਿੱਤ ਤੇ ਅੱਠ ਬਰਾਬਰ ਰਹੀਆਂ। ਰੂਬਲ ਖੰਨਾ ਨਾਲ ਤਿੰਨ ਕੁਸ਼ਤੀਆਂ `ਚੋਂ ਦੋ ਵਿਚ ਜਿੱਤ ਤੇ ਇੱਕ ਵਿਚ ਹਾਰ ਖਾਧੀ। ਮੌਸਮ ਖੱਤਰੀ ਨਾਲ ਦੋ ਕੁਸ਼ਤੀਆਂ ਦੋਵੇਂ ਬਰਾਬਰ। ਕਿਸ਼ਨ ਸੋਨੀਪਤ ਨਾਲ ਤਿੰਨ ਕੁਸ਼ਤੀਆਂ ਬਰਾਬਰ ਤੇ ਇੱਕ ਵਿਚ ਜਿੱਤ ਹਾਸਲ ਕੀਤੀ। ਹਤੇਸ਼ ਬਹਾਦਰਗੜ੍ਹ ਹਰਿਆਣੇ ਨਾਲ ਇੱਕ ਕੁਸ਼ਤੀ ਹੋਈ, ਜੋ ਚਿੱਤ ਕਰ ਕੇ ਜਿੱਤੀ। ਪਰਵੇਸ਼ ਬਹਾਦਰਗੜ੍ਹ ਨਾਲ ਮੈਂ ਅੱਠ ਕੁਸ਼ਤੀਆਂ ਲੜੀਆਂ ਅੱਠੇ ਹੀ ਚਿੱਤ ਕੀਤੀਆਂ। ਛਿੰਦਾ ਨਾਰੰਗਵਾਲ ਨਾਲ ਪੰਦਰਾਂ ਕੁਸ਼ਤੀਆਂ ਹੋਈਆਂ ਸਾਰੀਆਂ ਵਿਚ ਉਹਦੀ ਹਾਰ ਬੁਲਾਈ। ਪੰਮਾ ਡੇਰਾ ਬਾਬਾ ਨਾਨਕ ਨਾਲ ਤਿੰਨ ਕੁਸ਼ਤੀਆਂ ਬਰਾਬਰ ਹੋਈਆਂ। ਗੌਰਵ ਮਾਛੀਵਾੜਾ ਨਾਲ ਅੱਠ ਬਰਾਬਰ ਹੋਈਆਂ ਤੇ ਦੋਂਹ `ਚ ਹਾਰ ਖਾਧੀ। ਅਨੇਕਾਂ ਹੋਰ ਭਲਵਾਨ ਹਨ, ਜਿਨ੍ਹਾਂ ਨੂੰ ਹਰਾਇਆ ਵੀ ਤੇ ਕਈਆਂ ਨਾਲ ਬਰਾਬਰ ਹੋਇਆ। ਵਿਦੇਸ਼ੀ ਮੂਲ ਦੇ ਪਹਿਲਵਾਨਾਂ `ਚ ਜੋਰਜੀਆ ਦੇਸ਼ ਦਾ ਨਾਂ ਪਹਿਲਵਾਨੀ ਖੇਤਰ `ਚ ਬਹੁਤ ਵੱਡਾ ਹੈ। ਉੱਥੋਂ ਦੇ ਸੁਪਰ ਹੈਵੀਵੇਟ ਵਜ਼ਨ ਦੇ ਪਹਿਲਵਾਨ ਗੋਰਕੀ ਨੂੰ ਮੈਂ ਦਿਲਾਵਰਪੁਰ ਹਰਾ ਕੇ ਮੈਸੀ ਟਰੈਕਟਰ ਜਿੱਤਿਆ। ਇੱਕ ਹੋਰ ਜੋਰਜੀਆ ਦੇ ਸੁਪਰ ਹੈਵੀਵੇਟ ਪਹਿਲਵਾਨ ਨੂੰ ਪੰਜੈਲਾ ਨੂੰ ਰੋਪੜ ਵਿਚ ਚਿੱਤ ਕਰਕੇ ਬੁਲਟ ਮੋਟਰਸਾਈਕਲ ਜਿੱਤਿਆ। ਉਹ 2015 ਵਿਚ ਚੰਡੀਗੜ੍ਹ ਕੇਸਰੀ ਦਾ ਖਿ਼ਤਾਬ ਵੀ ਜਿੱਤ ਚੁੱਕਾ ਹੈ। ਉਸਦੀ ਵਰਲਡ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਚੋਣ ਹੋ ਗਈ ਸੀ ਪਰ ਐਨ ਵਕਤ `ਤੇ ਟੀਮ ਦਾ ਤੁਰਕੀ ਜਾਣਾ ਕੈਂਸਲ ਹੋ ਗਿਆ, ਨਹੀਂ ਤਾਂ ਉਹ ਜ਼ਰੂਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਦਾ।
ਉਹ ਮਿੱਟੀ ਦੇ ਅਖਾੜੇ ਤੇ ਗੱਦੇ ਦੀ ਫ੍ਰੀ ਕੁਸ਼ਤੀ ਸਟਾਈਲ ਵਿਚ ਜਿੱਥੇ ਪੂਰਾ ਮਾਹਰ ਹੋ ਚੁੱਕਾ ਹੈ ਉੱਥੇ ਉਹ ਸੁਮੋ ਕੁਸ਼ਤੀ ਜੋ ਜਾਪਾਨ ਵਿਚ ਬਹੁਤ ਮਕਬੂਲ ਹੈ, ਵਿਚੋਂ ਏਸ਼ੀਆ `ਚੋਂ ਸੈਕਿੰਡ ਤੇ ਵਿਸ਼ਵ ਸੂਮੋ ਕੁਸ਼ਤੀ `ਚੋਂ ਚੌਥੇ ਸਥਾਨ `ਤੇ ਰਿਹਾ। ਉਹ ਯੂਐਸਏ ਵਿਚ ਭਾਰਤੀ ਸੁਮੋ ਕੁਸ਼ਤੀ ਟੀਮ ਨਾਲ ਅਭਿਆਸ ਕਰਨ ਗਿਆ ਜਿੱਥੇ 15 ਜੂਨ ਤੋਂ 25 ਜੂਨ 2017 ਤਕ ਕੈਂਪ ਵਿਚ ਸਖ਼ਤ ਮਿਹਨਤ ਕਰ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜੱਸੇ ਨੇ ਕੁਸ਼ਤੀਆਂ `ਚੋਂ ਹੁਣ ਤਕ ਦੋ ਟਰੈਕਟਰ, ਚਾਰ ਆਲਟੋ ਕਾਰਾਂ, ਤੇਈ ਬੁਲਟ ਮੋਟਰਸਾਈਕਲ, ਪੈਂਤੀ ਹੀਰੋ ਹਾਂਡਾ ਤੇ ਹੋਰ ਮੋਟਰ ਸਾਈਕਲ, ਪੰਝੀ ਸੱਜਰ ਸੂਈਆਂ ਝੋਟੀਆਂ ਦੇ ਇਨਾਮ ਜਿੱਤੇ ਹਨ। ਇਕ ਵਾਰ ਮਹਾਰਾਸ਼ਟਰ ਵਿਚ ਸਾਢੇ ਤਿੰਨ ਲੱਖ ਦੀ ਕੁਸ਼ਤੀ ਲੜ ਚੁੱਕਾ ਹੈ। ਇਸ ਤੋਂ ਇਲਾਵਾ ਅਨੇਕਾਂ ਥਾਵਾਂ `ਤੇ ਲੱਖ-ਲੱਖ ਰੁਪਏ ਦੀਆਂ ਝੰਡੀ ਵਾਲੀਆਂ ਕੁਸ਼ਤੀਆਂ ਵੀ ਲੜ ਚੁੱਕਾ ਹੈ। ਸੋਨੇ ਦੇ ਕਈ ਕੜੇ ਤੇ ਕਈ ਮੁੰਦਰੀਆਂ ਦਾ ਜੇਤੂ ਹੈ। ਗੱਲ ਕੀ ਉਸਨੇ ਕੁਸ਼ਤੀ ਅਖਾੜੇ `ਚੋਂ ਕੀਤੀ ਹੋਈ ਮਿਹਨਤ ਨਾਲ ਸੋਨਾ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਮਹੱਲ ਵਰਗੀ ਕੋਠੀ ਕੱਪਾਂ ਤੇ ਗੁਰਜਾਂ ਨਾਲ ਭਰ ਦਿੱਤੀ ਹੈ।
ਉਹ ਅੱਜ ਦੇ ਸਮੇਂ ਵਿਚ ਸਾਬਾ ਕੋਹਾਲੀ, ਰੂਬਲ ਖੰਨਾ, ਗੌਰਵ ਮਾਛੀਵਾੜਾ, ਕੰਵਲਜੀਤ ਡੂਮਛੇੜੀ, ਕਿਸ਼ਨ ਸੋਨੀਪਤ, ਜੋਗਿੰਦਰ ਦਿੱਲੀ, ਲੱਡੂ ਡੂਮਛੇੜੀ, ਮੌਸਮ ਖੱਤਰੀ, ਭੁਪਿੰਦਰ ਦਿੱਲੀ ਤੇ ਪੰਮਾ ਡੇਰਾ ਬਾਬਾ ਨਾਨਕ ਨੂੰ ਦੇਸ਼ ਦੇ ਤਕੜੇ ਪਹਿਲਵਾਨ ਦੱਸਦਾ ਹੈ। ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਗਰੈਜੂਏਸ਼ਨ ਪਾਸ ਜੱਸਾ 2016 ਦੇ ਦਸੰਬਰ ਮਹੀਨੇ ਵਿਚ ਸਪੋਰਟਸ ਕੋਟੇ ਰਾਹੀਂ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਹੈ। ਉਹ ਵਿਹਲੇ ਸਮੇਂ ਡਬਲਿਯੂ.ਡਬਲਿਯੂ.ਈ. ਦੀਆਂ ਕੁਸ਼ਤੀਆਂ ਵੇਖਣ ਤੇ ਵਾਲੀਬਾਲ ਦਾ ਸ਼ੌਕੀਨ ਹੈ। ਉਹ ਕੁਸ਼ਤੀ ਦਾ ਡੂੰਘਾ ਅਧਿਐਨ ਕਰਦਾ ਹੈ। ਇਹਦੇ ਨਾਲ ਦੇਸ਼ ਦੀ ਰਾਜਨੀਤੀ ਬਾਰੇ ਵੀ ਪਲ-ਪਲ ਦੀ ਜਾਣਕਾਰੀ ਰੱਖਦਾ ਹੈ।
ਉਸ ਦਾ ਨਿਸ਼ਾਨਾ ਹੈ ਪੌੜੀ ਦਰ ਪੌੜੀ ਚੜ੍ਹ ਕੇ ਸੀਨੀਅਰ ਨੈਸ਼ਨਲ `ਚ ਚੰਗਾ ਪ੍ਰਦਰਸ਼ਨ ਕਰਨਾ। ਭਾਰਤੀ ਕੈਂਪ ਵਿਚ ਆ ਕੇ ਏਸ਼ੀਆ ਜਿੱਤਣਾ ਤੇ ਅਗਲਾ ਨਿਸ਼ਾਨਾ ਉਲੰਪਿਕ ਦਾ ਕਿਲ੍ਹਾ ਫਤਹਿ ਕਰਨ ਦਾ ਹੈ। ਜੱਸੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖੇਡਾਂ ਪ੍ਰਤੀ ਬਹੁਤੀ ਗੰਭੀਰ ਨਹੀਂ ਜਦਕਿ ਸਾਡੇ ਗੁਆਂਢੀ ਸੂਬੇ ਹਰਿਆਣੇ ਵਿਚ ਸਰਕਾਰ ਖਿਡਾਰੀਆਂ ਨੂੰ ਪਹਿਲ ਦੇ ਆਧਾਰ `ਤੇ ਨੌਕਰੀਆਂ ਦੇਂਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਦੇਵੇ। ਪ੍ਰੈਕਟਿਸ ਲਈ ਅਖਾੜੇ ਤਿਆਰ ਕੀਤੇ ਜਾਣ ਤੇ ਬਾਕਾਇਦਾ ਵਧੀਆ ਕੋਚ ਲਾਏ ਜਾਣ। ਵਧੀਆ ਨਤੀਜੇ ਦੇਣ ਵਾਲੇ ਕੋਚਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ। ਜਿਨ੍ਹਾਂ ਦਾ ਪ੍ਰਦਰਸ਼ਨ ਔਸਤ ਦਰਜੇ ਤੋਂ ਘੱਟ ਹੋਵੇ ਉਨ੍ਹਾਂ `ਤੇ ਸਖ਼ਤੀ ਕੀਤੀ ਜਾਵੇ। ਭਾਰਤੀ ਪਹਿਲਵਾਨੀ ਦੇ ਮੁਕਾਬਲੇ ਵਿਦੇਸ਼ੀ ਪਹਿਲਵਾਨਾਂ ਨਾਲ ਕਰਵਾਏ ਜਾਣ। ਆਸ ਹੈ ‘ਕੁਸ਼ਤੀ ਦਾ ਸਰਦਾਰ’ ਜੱਸਾ ਪੱਟੀ ਵਾਲਾ ਆਪਣੇ ਬਾਪ ਦੇ ਸੁਪਨੇ ਜ਼ਰੂਰ ਸਾਕਾਰ ਕਰੇਗਾ।