ਇਹ ਸਹੀ ਹੈ ਕਿ ਜਿਤਨਾ ਕੋਈ ਕੰਮ ਕਰਨਾ ਜ਼ਰੂਰੀ ਹੈ, ਕੀਤੇ ਨੂੰ ਸੰਭਾਲਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਜੇ ਕੀਤਾ ਸਾਂਭਿਆ ਨਹੀਂ ਤਾਂ ਜਿਹੋ ਜਿਹਾ ਕੀਤਾ, ਜਿਹੋ ਜਿਹਾ ਨਾ ਕੀਤਾ। ਕੰਪਿਊਟਰ ਦੀ ਤਾਂ ਇਹ ਵੱਡੀ ਕਮਜੋ਼ਰੀ ਹੈ ਕਿ ਜੇ ਕੀਤਾ ਕੰਮ ਸਮੇਂ ਸਿਰ ਸਾਂਭਿਆ ਨਹੀਂ ਤਾਂ ਉਹ ਮੁੜ ਕੇ ਹੱਥ ਨਹੀਂ ਆਉਂਦਾ ਭਾਵੇਂ ਲੱਖ ਹੱਥ ਪੱਲਾ ਮਾਰ ਲਵੋ।
ਪ੍ਰੋਗਰਾਮਰਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੇ ਪੂਰੇ ਯਤਨ ਕੀਤੇ ਹਨ ਅਤੇ ਕਿਸੇ ਹੱਦ ਤੀਕਰ ਉਹ ਸਫਲ ਵੀ ਹੋਏ ਹਨ ਪਰ ਪੂਰੇ ਨਹੀਂ। ਜੇ ਕੇਵਲ ‘ਸੇਵ’ ਦੀ ਕਮਾਂਡ ਵੀ ਦੇ ਦਿੱਤੀ ਜਾਵੇ ਤਾਂ ਬਾਕੀ ਦੀਆਂ ਲੋੜਾਂ ਕੰਪਿਊਟਰ ਆਪੇ ਹੀ ਪੂਰੀਆਂ ਕਰ ਲੈਂਦਾ ਹੈ। ਸੇਵ ਕਰਨ ਲਈ ਫੋਲਡਰ (ਬਸਤਾ) ਅਤੇ ਫਾਈਲ (ਮਿਸਲ) ਦੀ ਲੋੜ ਪੈਂਦੀ ਹੈ। ਸੋ ਚੰਗਾ ਹੈ ਕਿ ਪਹਿਲੋਂ ਇਨ੍ਹਾਂ ਦੋਹਾਂ ਦੀ ਜਾਣਕਾਰੀ ਸਾਂਝੀ ਕਰ ਲਈ ਜਾਵੇ।
ਫੋਲਡਰ: ਇਸ ਦਾ ਆਈਕੋਨ ਆਮ ਪੇਪਰ ਫਾਈਲ ਵਰਗਾ ਅਤੇ ਪੀਲ਼ੇ ਰੰਗ ਦਾ ਹੁੰਦਾ ਹੈ। ਨਾਲ਼ ਇਸ ਦਾ ਨਾਮ ਵੀ ਲਿਖਿਆ ਹੁੰਦਾ ਹੈ। ਚਾਹੇ ਫੋਲਡਰ ਹੋਵੇ ਤੇ ਚਾਹੇ ਫਾਈਲ ਉਸਦਾ ਨਾਂ ਇਸ ਪ੍ਰਕਾਰ ਦਾ ਰੱਖਿਆ ਜਾਵੇ ਕਿ ਨਾਂ ਪੜ੍ਹਦਿਆਂ ਹੀ ਉਸ ਵਿਚ ਲਿਖੇ ਦਾ ਸਾਰ ਸਾਹਮਣੇ ਆ ਜਾਵੇ। ਇਕੋ ਪ੍ਰਕਾਰ ਦੇ ਵਿਸ਼ਿਆਂ ਵਾਲ਼ੀਆਂ ਫਾਈਲਾਂ ਇੱਕ ਫੋਲਡਰ ਵਿਚ ਰੱਖੀਆਂ ਜਾਂਦੀਆਂ ਹਨ। ਫੋਲਡਰ ਦੀ ਸਮਰੱਥਾ: (ਕ) ਫੋਲਡਰ ਵਿਚ ਅਨੇਕ ਫਾਈਲਾਂ ਰੱਖੀਆਂ ਜਾ ਸਕਦੀਆਂ ਹਨ। ਪਰ ਇੱਕ ਫੋਲਡਰ ਵਿਚ ਦਸ ਕੁ ਫਾਈਲਾਂ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। (ਖ) ਫੋਲਡਰ ਵਿਚ ਅਨੇਕ ਫੋਲਡ ਰੱਖੇ ਜਾ ਸਕਦੇ ਹਨ। ਇਹ ਵੀ ਇੱਕ ਫੋਲਡਰ ਵਿਚ ਦਸ ਕੁ ਫੋਲਡਰ ਹੀ ਠੀਕ ਰਹਿੰਦੇ ਹਨ। ਫੋਲਡਰ ਦੀ ਸੀਮਾ: (ਕ) ਫੋਲਡਰ ਨੂੰ ਈਮੇਲ ਨਹੀਂ ਕੀਤਾ ਜਾ ਸਕਦਾ। ਜੇ ਕਰਨਾ ਹੀ ਹੋਵੇ ਤਾਂ ਪਹਿਲਾਂ ਇਸ ਨੂੰ ਜ਼ਿੱਪ ਕਰਨਾ ਹੁੰਦਾ ਹੈ। (ਖ) ਫੋਲਡਰ ਦਾ ਕੇਵਲ ਨਾਂ ਹੀ ਲਿਖ ਸਕਦੇ ਹਾਂ ਇਸ ਵਿਚ ਦਸਤਾਵੇਜ਼ ਨਹੀਂ ਲਿਖਿਆ ਜਾ ਸਕਦਾ। ਲਿਖਣ ਵਾਸਤੇ ਫਾਈਲ ਹੈ।
ਫਾਈਲ: ਇਸ ਦਾ ਆਈਕੋਨ ਆਮ ਪੇਪਰ ਵਰਗਾ ਅਤੇ ਨੀਲੇ ਰੰਗ ਦਾ ਹੁੰਦਾ ਹੈ ਅਤੇ ਨਾਲ਼ ਇਸ ਦਾ ਨਾਂ ਲਿਖਿਆ ਹੁੰਦਾ ਹੈ। ਸਮਰੱਥਾ: (ਕ) ਫਾਈਲ ਇੱਕ ਪੰਨੇ ਤੋਂ ਲੈ ਕੇ ਅਨੇਕ ਪੰਨਿਆਂ ਦੀ ਲਿਖੀ ਹੋਈ ਹੋ ਸਕਦੀ ਹੈ। (ਖ) ਇਸ ਨੂੰ ਸਿੱਧਾ ਹੀ ਈ-ਮੇਲ ਕੀਤਾ ਜਾ ਸਕਦਾ ਹੈ। ਸੀਮਾ: (ਕ) ਇੱਕ ਫਾਈਲ ਵਿਚ ਦੂਜੀ ਫਾਈਲ ਜਾਂ ਫੋਲਡਰ ਨਹੀਂ ਪਾਇਆ ਜਾ ਸਕਦਾ।
ਲੋੜ ਪੈਣ ਉੱਤੇ ਫੋਲਡਰ ਜਾਂ ਫਾਈਲ ਬਣਾਉਣੀ ਕਿਵੇਂ ਹੈ? ਜਿੱਥੇ ਨਵਾਂ ਫੋਲਡਰ ਬਣਾਉਣਾ ਹੋਵੇ, ਉਸ ਦੇ ਉੱਪਰਲੇ ਤੁਹਾਡੇ ਖੱਬੇ ਭਾਗ ਵਿਚ ਦੇਖੋ। ਕਿਤੇ ਨਾ ਕਿਤੇ ਨਵਾਂ ਫੋਲਡਰ ਬਣਾਉਣ ਦੀ ਕਮਾਂਡ ਹੋਵੇਗੀ। ਜਿਵੇਂ ਕਿ ਜੇ ਤੁਸੀਂ ਕੋਈ ਫੋਲਡਰ ਖੋਲ੍ਹਿਆ ਹੋਵੇਗਾ ਤਾਂ ਉਸ ਦੇ ਨਿਊ ਕਮਾਂਡ ਸੈੱਟ ਵਿਚ ਨਿਊ ਫੋਲਡਰ ਦਾ ਆਈਕੋਨ ਹੋਵੇਗਾ (ਦੇਖੋ ਖੱਬੀ ਤਸਵੀਰ)। ਜੇ ਤੁਸੀਂ ਸੇਵ ਐਜ਼ ਦੀ ਕਮਾਂਡ ਦਿੱਤੀ ਹੋਵੇਗੀ ਤਾਂ ਉਸਦੇ ਡਾਇਲੌਗ ਬੌਕਸ ਵਿਚ ਔਰਗੇਨਾਈਜ਼ ਨੇੜੇ ‘ਨਿਊ ਫੋਲਡਰ’ ਦਾ ਕਮਾਂਡ ਬਟਨ ਹੋਵੇਗਾ। (ਦੇਖੋ ਸੱਜੀ ਤਸਵੀਰ) ਉਸਨੂੰ ਕਲਿੱਕ ਕਰਨ ਨਾਲ਼ ਠੀਕ ਥਾਂ ਉੱਤੇ ਨਵਾਂ ਫੋਲਡਰ ਬਣ ਜਾਏਗਾ। ਜੇ ‘ਨਿਊ ਫੋਲਡਰ’ ਦੀ ਕਮਾਂਡ ਕਿਧਰੇ ਵੀ ਨਾ ਹੋਵੇ ਤਾਂ ਇਹ ਕਰੋ:
ਜਿੱਥੇ ਨਵਾਂ ਫੋਲਡ ਬਣਾਉਣਾ ਹੋਵੇ ਉੱਥੇ ਖਾਲੀ ਥਾਂ ਵਿਚ ਰਾਈਟ ਕਲਿੱਕ ਕਰੋ। ਇੱਕ ਨਵੀਂ ਵਿੰਡੋ ਖੁੱਲ੍ਹ ਜਾਏਗੀ। ਮਾਊਸ ਨੂੰ ‘ਨਿਊ’ ਕਮਾਂਡ ਉੱਤੇ ਲੈ ਜਾਓ। ਸੱਜੇ ਜਾਂ ਖੱਬੇ ਇੱਕ ਹੋਰ ਵਿੰਡੋ ਖੁੱਲ੍ਹ ਜਾਏਗੀ। ਉਸ ਵਿਚ ਮਾਊਸ ਲਿਜਾ ਕੇ ਪੀਲ਼ੇ ਰੰਗ ਦੀ ਫੋਲਡਰ ਵਾਲ਼ੀ ਕਮਾਂਡ ਨੂੰ ਕਲਿੱਕ ਕਰੋ। ਖਾਲੀ ਥਾਂ ਉੱਤੇ ਇੱਕ ਨਿਊ ਫੋਲਡਰ ਬਣ ਜਾਏਗਾ। ਕਰਸਰ ਵੀ ਸਹੀ ਥਾਂ ਉੱਤੇ ਹੋਵੇਗਾ। ਉਸਦਾ ਨਾਂ ਟਾਈਪ ਕਰ ਕੇ, ਨਾਂ ਤੋਂ ਬਾਹਰ ਕਲਿੱਕ ਕਰ ਦਿਓ। ਨਾਂ ਪੱਕਾ ਹੋ ਜਾਏਗਾ। ਚਿਤਾਵਨੀ; ਕਿ ਫੋਲਡਰ ਆਈਕੋਨ ਕਲਿੱਕ ਕਰਨ ਤੋਂ ਲੈ ਕੇ ਨਾਂ ਟਾਈਪ ਕਰਨ ਤੱਕ ਮਾਊਸ ਨੂੰ ਨਹੀਂ ਛੇੜਨਾ। ਨਹੀਂ ਤਾਂ ਤੁਹਾਡਾ ਕੰਮ ਵਧ ਜਾਏਗਾ। ਨਵੀਂ ਫਾਈਲ ਬਣਾਉਣ ਲਈ ਵੀ ਫੋਲਡਰ ਵਾਲ਼ੀ ਹੀ ਵਿਧੀ ਅਪਣਾਉਣੀ ਹੈ। ਇਸ ਵਿਚ ਕੇਵਲ ਫੋਲਡਰ ਦੇ ਆਈਕੋਨ ਦੀ ਥਾਂ ਨੀਲੇ ਰੰਗ ਦੀ ‘ਮਾਈਕਰੋਸੌਫਟ ਵਰਡ ਡਾਕੂਮੈੰਟ’ ਦੀ ਕਮਾਂਡ ਨੂੰ ਕਲਿੱਕ ਕਰਨਾ ਹੈ। ਸੂਚਨਾ 1; ਫੋਲਡਰ ਜਾਂ ਫਾਈਲ ਨੂੰ ਕਲਿੱਕ ਕਰਨ ਵੇਲ਼ੇ ਜ਼ਰੂਰੀ ਨਹੀਂ ਕਿ ਉਸਨੂੰ ਐਨ੍ਹ ਉਸਦੇ ਉੱਪਰ ਲੈ ਕੇ ਜਾਣਾਹੈ। ਸਗੋਂ ਉਸਦੇ ਨੇੜੇ ਮਾਊਸ ਲੈ ਜਾਣ ਉੱਤੇ ਜੋ ਇੱਕ ਚਿੱਟੇ ਰੰਗ ਦੀ ਚੌਬਾਹੀ (ਰਕਟੈਂਗਲ) ਬਣਦੀ ਹੈ, ਉਸ ਵਿਚ ਕਿਸੇ ਥਾਂ `ਤੇ ਵੀ ਕਲਿੱਕ ਕਰ ਦੇਣ ਨਾਲ਼ ਕਮਾਂਡ ਪੂਰੀ ਹੋ ਜਾਇਗੀ। ਸੂਚਨਾ 2; ਨਿਊ ਵਾਲ਼ੇ ਬੌਕਸ ਤੋਂ ਸੱਜੇ ਬੌਕਸ ਵਿਚ ਜਾਣ ਲਈ ਜੇ ਆਰਾਮ ਨਾਲ਼ ਭਾਵ ਧੀਰੇ ਜਾਣਾ ਹੈ ਤਾਂ ਤੀਰਾਂ ਦੇ ਨਾਲ਼-ਨਾਲ਼ ਰਾਸਤਾ ਅਪਣਾਓ। ਦੂਜੀ ਵਿਧੀ ਹੈ ਕਿ ਨਿਊ ਤੋਂ ਇੱਕਦਮ ਮਾਊਸ ਤੀਰ ਨੂੰ ਸੱਜੇ ਬੌਕਸ ਦੇ ਬੰਦ ਹੋਣ ਤੋਂ ਪਹਿਲੋਂ ਉਸ ਵਿਚ ਲੈ ਜਾਓ। ਸਿੱਖੇ ਹੋਏ ਇਹੋ ਵਿਧੀ ਅਪਨਾਉਂਦੇ ਹਨ।
ਫੋਲਡਰ ਫਾਈਲ ਨੂੰ ਡੀਲੀਟ ਕਰਨਾ: ਜਿਸ ਫੋਲਡਰ ਜਾਂ ਫਾਈਲ ਨੂੰ ਡੀਲੀਟ ਕਰਨਾ ਹੋਵੇ ਉਸਨੂੰ ਕਲਿੱਕ ਕਰੋ ਅਤੇ ਕੀਅਬੋਰਡ ਤੋਂ ਡੀਲੀਟ ਦੀ ਕਮਾਂਡ ਦੇਵੋ ਉਹ ਡੀਲੀਟ ਹੋ ਜਾਇਗਾ। ਡੀਲੀਟ ਕੀਤਾ ਮਸੌਦਾ ਰੀਸਾਈਕਲ ਬਿਨ ਵਿਚ ਚਲਿਆ ਜਾਂਦਾ ਹੈ ਅਤੇ ਜੇ ਲੋੜ ਪਵੇ ਤਾਂ ਉਸਨੂੰ ਵਾਪਸ ਵੀ ਲਿਆਂਦਾ ਜਾ ਸਕਦਾ ਹੈ।
ਚੰਗਾ ਤਾਂ ਇਹ ਹੈ ਕਿ ਕੋਈ ਵੀ ਕੰਪਿਊਟਰੀ ਕਾਰਜ ਆਰੰਭ ਕਰਨੇ ਵੇਲ਼ੇ ਖਾਲੀ ਪੰਨੇ ਨੂੰ ਹੀ ਸੰਭਾਲ਼ ਲਿਆ ਜਾਵੇ। ਫਿਰ ਹਰ ਪੰਜ ਸੱਤ ਮਿੰਟ ਪਿੱਛੋਂ ਸੰਖੇਪ ਕੀਅ ‘ਕੰਟਰੋਲ + ਐੱਸ’ ਨਾਲ਼ ਉਸਨੂੰ ‘ਸੇਵ’ ਕਰਦੇ ਰਹਿਣਾ ਚਾਹੀਦਾ ਹੈ। ਸੇਵ ਨਾ ਕੀਤਾ ਹੋਇਆ ਗੁਆਚਿਆ ਕਾਰਜ ਬੜਾ ਦੁੱਖ ਦਿੰਦਾ ਹੈ ਅਤੇ ਲੱਖ ਯਤਨ ਕਰਨ ਉੱਤੇ ਵੀ ਮੁੜ ਉਸੇ ਮੌਲਕ ਰੂਪ ਵਿਚ ਚੇਤੇ ਦੇ ਵਿਹੜੇ ਨਹੀਂ ਵੜਦਾ।
ਕੰਪਿਊਟਰ ਵਿਚ ‘ਸੇਵ’ ਕਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਹ ਦੋ ਤਰ੍ਹਾਂ ਨਾਲ਼ ਕੀਤਾ ਜਾਂਦਾ ਹੈ। ਪਹਿਲਾ ‘ਸੇਵ ਐਜ’ ਕਮਾਂਡ ਨਾਲ਼। ਜਦੋਂ ਵੀ ਡਾਕੂਮੈੰਟ ਪਹਿਲੀ ਵੇਰ ਸੇਵ ਕੀਤਾ ਜਾਂਦਾ ਹੈ ਉਹ ‘ਸੇਵ ਐਜ਼’ ਕਮਾਂਡ ਨਾਲ਼ ਹੀ ਹੁੰਦਾ ਹੈ। ਕਮਾਂਡ ਭਾਵੇਂ ਸੇਵ ਦੀ ਦਿੱਤੀ ਜਾਵੇ ਜਾਂ ਸੇਵ ਐਜ਼ ਦੀ। ਇਹ ਕਮਾਂਡ ਪੂਰੀ ਕਰਨ ਤੋਂ ਪਹਿਲੋਂ ਕੰਪਿਊਟਰ ਤਿੰਨ ਮੱਦਾਂ ਮੰਗਦਾ ਹੈ। ੳ) ਇਸ ਡਾਕੂਮੈੰਟ ਨੂੰ ਕਿਸ ਫੋਲਡਰ ਵਿਚ ਰੱਖਣਾ ਹੈ? ਇਸ ਹਾਲਤ ਵਿਚ ਪ੍ਰੋਜੈਕਟ ਕਮ (ਪਿਊਟਰ) ਜੋ ਲਾਲ ਰੰਗ ਵਿਚ 2 ਨੰਬਰ ਲਕੀਰ ਤੋਂ ਉੱਪਰ ਹੈ। ਅ) ਇਸ ਫਈਲ ਦਾ ਨਾਂ ਕੀ ਰੱਖਣਾ ਹੈ? ਜੋ ਲਾਲ ਰੰਗ ਵਿਚ 4 ਦੀ ਲਕੀਰ ਦੇ ਉੱਪਰ ਹੈ। ੲ) ਇਹ ਡਾਕੂਮੈੰਟ ਕਿਸ ਪ੍ਰਕਾਰ (ਟਾਈਪ) ਦਾ ਹੈ? ਜੋ ਲਾਲ ਰੰਗ ਵਿਚ 5 ਦੀ ਲਕੀਰ ਦੇ ਉੱਪਰ ਹੈ। ਇਨ੍ਹਾਂ ਵਿਚੋਂ ਵੀ ਬਹੁਤੀ ਵੇਰ ੳ ਅਤੇ ਅ ਮੱਦ ਦੀ ਹੀ ਲੋੜ ਪੈਂਦੀ ਹੈ। ੲ ਮੱਦ ਦੀ ਤਾਂ ਹੀ ਲੋੜ ਪੈਂਦੀ ਹੈ ਜੇ ਡਾਕੂਮੈੰਟ ਦੀ ਪ੍ਰਕਾਰ (ਟਾਈਪ) ਬਦਲੀ ਕਰਨੀ ਹੋਵੇ। ਇਨ੍ਹਾਂ ਦੀ ਤਸਵੀਰ ਦੇਖੋ ਅਤੇ ਸਮਝੋ। ਕੇਸਰੀ ਰੰਗ ਵਿਚ 1. ‘ਸੇਵ ਐਜ਼’ ਇਸ ਡਾਇਲੌਗ ਬੌਕਸ ਦਾ ਨਾਮ ਹੈ। 3. ਨਵਾਂ ਫੋਲਡਰ ਬਣਾਉਣ ਦੀ ਕਮਾਂਡ ਹੈ ਅਤੇ 6. ਵਿੰਡੋ ਦੇ ਕਾਰਵਾਈ ਪੂਰੀ ਕਰਨ ਲਈ ਇਸ ਕਮਾਂਡ ਨੂੰ ਕਲਿੱਕ ਕੀਤਾ ਜਾਂਦਾ ਹੈ। ਜਦੋਂ ‘ਸੇਵ ਐਜ਼’ ਵਿਚ ਫਾਈਲ ਦਾ ਨਾਮਕਰਨ ਪੂਰਾ ਹੋ ਜਾਵੇ ਫਿਰ ਉਸ ਵਿਚ ਕਿਸੇ ਵੀ ਵਾਧੇ ਘਾਟੇ ਪਿੱਛੋਂ ‘ਕੰਟਰੋਲ + ਐੱਸ’ ਦੀ ਸੰਖੇਪ-ਰਾਹੀ ਕੀਅ ਦੱਬ ਕੇ ਕੇਵਲ ‘ਸੇਵ’ ਕੀਤਾ ਜਾਂਦਾ ਹੈ। ‘ਸੇਵ’ ਕਮਾਂਡ ਵਿਚ ਫਾਈਲ ਦਾ ਨਾਮਕਰਨ ਪਹਿਲਾਂ ਹੀ ਕੀਤਾ ਹੁੰਦਾ ਹੈ ਅਤੇ ‘ਸੇਵ ਐਜ਼’ ਵਿਚ ਪਹਿਲਾਂ ਨਾਮਕਰਨ ਕੀਤਾ ਜਾਂਦਾ ਹੈ ਫਿਰ ‘ਸੇਵ’ ਕੀਤਾ ਜਾਂਦਾ ਹੈ। ਜੇ ਫਾਈਲ ਨੂੰ ਕਿਸੇ ਹੋਰ ਫੋਲਡਰ ਵਿਚ ਜਾਂ ਕਿਸੇ ਹੋਰ ਨਾਂ ਥੱਲੇ ਸੇਵ ਕਰਨਾ ਹੋਵੇ ਤਾਂ ਵੀ `ਸੇਵ ਐਜ਼’ ਦੀ ਕਮਾਂਡ ਦਿੱਤੀ ਜਾਂਦੀ ਹੈ। ਯਾਦ ਰਹੇ ਵਿੰਡੋ ਦੀਆਂ ਕਮਾਂਡਾਂ ਉੱਤੇ ਅੱਗੇ-ਪਿੱਛੇ ਜਾਣ ਲਈ ‘ਟੈਬ ਕੀਅ’ ਦੀ ਵਰਤੋਂ ਕੀਤੀ ਜਾਂਦੀ ਹੈ।
ਸੂਚਨਾ: ਕਈ ਵੇਰ ਇਹ ਵੀ ਦੇਖਿਆ ਗਿਆ ਹੈ ਕਿ ਸੇਵ ਕੀਤੀ ਫਾਈਲ ਨਹੀਂ ਲੱਭਦੀ। ਉਸ ਵੇਲ਼ੇ ਡਾਕੂਮੈੰਟ ਜਾਂ ਮਾਈ ਡਾਕੀਮੈੰਟ ਫੋਲਡਰ ਵਿਚ ਜਾ ਕੇ ਢੂੰਡੋ। ਉੱਥੇ ਤੁਹਾਡੀ ਰਚਨਾ ਦੇ ਪਹਿਲੇ ਸ਼ਬਦਾਂ ਦੇ ਨਾਂ ਥੱਲੇ ਸੇਵ ਕੀਤੀ ਹੋਈ ਮਿਲ਼ ਜਾਇਗੀ। ਕੰਪਿਊਟਰ ਵਿਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਜੇ ਵਰਤੋਂਕਾਰ ਸੇਵ ਕਮਾਂਡ ਨੂੰ ਫੋਲਡਰ ਤੇ ਫਾਈਲ ਨਾ ਦੱਸਿਆ ਜਾਏ ਤਾਂ ਉਹ ‘ਬਾਈ ਡੀਫਾਲਟ’ ਡਾਕੂਮੈੰਟ ਫੋਲਡਰ ਵਿਚ ਪਹਿਲੇ ਅੱਖਰਾਂ ਨਾਲ਼ ਸੇਵ ਕਰ ਦਿੱਤੀ ਜਾਂਦੀ ਹੈ। (ਚਲਦਾ …)