ਇੰਝ ਨਾ ਕਰਿਓ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਜਿ਼ੰਦਗੀ, ਜੀਵਨ ਨੂੰ ਨਵੀਆਂ ਤਸ਼ਬੀਹਾਂ, ਤਕਦੀਰਾਂ ਅਤੇ ਤਰਜੀਹਾਂ ਨਾਲ ਵਣਜਨ ਦਾ ਨਾਮ ਅਤੇ ਇਸ ਦੀ ਤਲੀ `ਤੇ ਸੁਰਖ ਸਮਿਆਂ ਦੀ ਮਹਿੰਦੀ ਉਘਾੜਨ ਦਾ ਸ਼ੁਭ-ਕਰਮਨ।
ਜਿ਼ੰਦਗੀ ਨੂੰ ਆਪਣੇ ਰੰਗ ਵਿਚ ਰੰਗਦਿਆਂ ਅਤੇ ਇਸ ਦੀਆਂ ਤਹਿਆਂ ਵਿਚੋਂ ਸੂਰਜਈ ਕਿਰਨਾਂ ਦਾ ਜਲੌਅ ਪ੍ਰਗਟਦਾ ਰਹੇ ਤਾਂ ਜੀਵਨ ਨੂੰ ਸਾਹਾਂ ਦੀ ਸੁਗਾਤ ਕਿਹਾ ਜਾ ਸਕਦਾ ਹੈ ਵਰਨਾ ਇਹ ਸਾਹਾਂ ਨੂੰ ਮਿਲੇ ਸੰਤਾਪ ਦਾ ਹਰਖ਼ਨਾਮਾ ਹੁੰਦਾ ਹੈ।

ਜਿ਼ੰਦਗੀ ਵਿਚ ਅਸੀਂ ਬਹੁਤ ਕੁਝ ਅਜਿਹਾ ਕਰਨਾ ਲੋਚਦੇ ਹਾਂ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਪਰ ਵਕਤ ਦੇ ਮਾਰੇ ਜਾਂ ਹਾਲਾਤ ਦੇ ਝੰਭੇ ਹੋਣ ਕਰਕੇ ਅਜਿਹਾ ਕਰਨ ਤੋਂ ਨਾਕਾਮ ਰਹਿ ਜਾਂਦੇ ਹਾਂ। ਇਕ ਹਸਰਤ ਸਾਡੇ ਮਨ ਦੇ ਬੂਹੇ ਬੈਠੀ ਸਦਾ ਸਿਸਕਦੀ ਰਹਿੰਦੀ ਹੈ।
ਜੀਵਨ ਵਿਚ ਕੁਝ ਅਜਿਹੇ ਕੁ-ਕਾਰਜ ਹੁੰਦੇ ਹਨ ਜਿਹੜੇ ਅਸੀਂ ਇਸ ਲਈ ਕਰਦੇ ਹਾਂ ਤਾਂ ਕਿ ਕਿਸੇ ਦੇ ਹਾਸਿਆਂ ਵਿਚ ਹਉਕੇ ਉਗਾ ਸਕੀਏ, ਕਿਸੇ ਦੀਆਂ ਥੁੜ੍ਹਾਂ `ਤੇ ਆਪਣੇ ਮਹਿਲ ਦੀਆਂ ਨੀਹਾਂ ਦੀ ਤਾਮੀਰਦਾਰੀ ਕਰ ਸਕੀਏ ਜਾਂ ਕਿਸੇ ਦੀਆਂ ਇਛਾਵਾਂ ਦੀ ਰਾਖ਼ ਵਿਚੋਂ ਆਪਣੀ ਲਾਲਸਾ ਨੂੰ ਪਨਪਣ ਲਾਈਏ। ਇਨ੍ਹਾਂ ਕੁਕਰਮਾਂ ਤੋਂ ਆਨਾਕਾਨੀ, ਜੀਵਨ ਦਾ ਸੁੱਚਮ ਅਤੇ ਕੁਕਰਮਾਂ ਵਿਚ ਖੁਦ ਨੂੰ ਲਬੇੜ ਲੈਣਾ, ਜੀਵਨ ਦੇ ਨਾਵੇਂ ਧੁਆਂਖੇ ਪਲਾਂ ਨੂੰ ਕਰਨਾ ਹੁੰਦਾ ਹੈ।
ਕਦੇ ਕੁਝ ਅਜਿਹਾ ਨਾ ਕਰੀਏ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰੇ। ਕਿਸੇ ਦੇ ਪੈਰਾਂ ਵਿਚ ਉਗੇ ਸਫ਼ਰ ਲਈ ਖਾਈ-ਖੱਡਾ ਬਣੇ ਜਾਂ ਕਿਸੇ ਦੀ ਗਲਵੱਕੜੀ ਦੇ ਨਿੱਘ ਵਿਚ ਸੀਤ-ਲਹਿਰ ਪੈਦਾ ਕਰੇ।
ਕਾਨਿਆਂ ਦੀ ਛੱਤ ਹੇਠ ਅੰਬਰ ਵੰਨੀਂ ਝਾਕਦਿਆਂ ਅਤੇ ਤਾਰਿਆਂ ਨਾਲ ਗੱਲਾਂ ਕਰਦਿਆਂ ਵਿਚ ਕਦੇ ਖਲਲ ਨਾ ਪਾਓ ਕਿਉਂਕਿ ਇਹ ਝੁੱਗੀ ਵਿਚ ਰਹਿੰਦਿਆਂ ਲਈ ਵਰਦਾਨ ਹੁੰਦਾ ਹੈ ਕਿ ਉਹ ਅੰਬਰ ਜੇਡਾ ਸੁਪਨਾ ਲੈ ਸਕਦੇ ਹਨ। ਸੂਰਜ ਨੂੰ ਹਾਣੀ ਬਣਾ ਅਤੇ ਤਾਰਿਆਂ ਦੇ ਆੜੀ ਬਣ ਕੇ ਜਿੰ਼ਦਗੀ ਲਈ ਨਵੇਂ ਰਾਹਾਂ ਦੀ ਨਿਸ਼ਾਨਦੇਹੀ ਕਰ ਸਕਦੇ ਹਨ। ਵਰਨਾ ਮਹਿਲਾਂ ਵਿਚ ਰਹਿਣ ਵਾਲਿਆਂ ਨੂੰ ਤਾਂ ਕਦੇ ਟਿੱਕੀ ਰਾਤ ਵਿਚ ਤਾਰਿਆਂ ਦੇ ਝੁਰਮਟ ਨੂੰ ਦੇਖਣ ਅਤੇ ਤਾਰਿਆਂ ਦੀਆਂ ਬਾਤਾਂ ਪਾਉਣ ਦੀ ਵਹਿਲ ਹੀ ਨਹੀਂ ਹੁੰਦੀ।
ਕਿਸੇ ਬੱਚੇ ਦੇ ਮੋਢੇ `ਤੇ ਪਾਏ ਪਾਟੇ ਝੋਲੇ ਵਿਚ ਪਈਆਂ ਕਿਤਾਬਾਂ ਅਤੇ ਕਲਮਾਂ ਨੂੰ ਦੇਖ ਕੇ ਕਦੇ ਨੱਕ-ਬੁੱਲ੍ਹ ਨਾ ਵੱਟੋ ਅਤੇ ਨਾ ਹੀ ਉਸਦੇ ਸਕੂਲ ਵੱਲ ਜਾਂਦੇ ਕਦਮਾਂ ਨੂੰ ਅਟਕਾਓ ਕਿਉਂਕਿ ਇਹ ਪਾਟੇ ਝੋਲਿਆਂ ਵਾਲੇ ਅਤੇ ਬੋਰੀਆਂ/ਟਾਟ `ਤੇ ਬੈਠ ਕੇ ਅੱਖਰਾਂ ਨਾਲ ਸੰਵਾਦ ਰਚਾਉਣ ਵਾਲੇ ਹੀ ਨਵੇਂ ਰਾਹਾਂ ਦੇ ਢੰੁਢਾਊ ਹੁੰਦੇ ਹਨ। ਇਹ ਲੋਕ ਹੀ ਮੱਥਿਆਂ ਵਿਚ ਗਿਆਨ ਜੋਤ ਨੂੰ ਜਗਦੀ ਰੱਖਣ ਦਾ ਹੱਠ ਤੇ ਹੀਆ ਪਾਲਣ ਵਾਲੇ ਹਨ ਜਿਨ੍ਹਾਂ ਦੇ ਦੀਦਿਆਂ ਵਿਚ ਸੁਪਨੇ ਹੰਭਲਾ ਬਣਦੇ। ਇਨ੍ਹਾਂ ਸੁਪਨਿਆਂ ਦੀ ਪੂਰਤੀ ਵਿਚੋਂ ਆਪਣੇ ਹਿੱਸੇ ਦੀ ਗਿਆਨ ਧਾਰਨਾ ਪ੍ਰਾਪਤ ਕਰਦੇ ਅਤੇ ਪਹਿਲ-ਪਾਕੀਜ਼ਗੀ ਵਿਚੋਂ ਨਵੇਂ ਸਿਰਲੇਖਾਂ ਤੇ ਸਿਰਨਾਵਿਆਂ ਦੇ ਸਿਰਜਣਹਾਰੇ ਬਣਦੇ।
ਕਦੇ ਵੀ ਕਾਰ ਵਿਚ ਜਾਂਦਿਆਂ, ਨੰਗੇ ਪੈਰੀਂ ਤੁਰੇ ਜਾਂਦੇ ਅਤੇ ਪਰਨੇ ਦੀ ਕੰਨੀਂ ਨਾਲ ਆਪਣੇ ਬੱਚੇ ਨੂੰ ਛਾਂ ਕਰਦੇ ਬਾਪ ਨੂੰ ਹਰਾਕਤ ਨਾਲ ਨਾ ਦੇਖੋ। ਨਾ ਹੀ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਦੇ ਦੱਗਦੇ ਚਿਹਰਿਆਂ `ਤੇ ਘੱਟਾ ਉਡਾਓ ਅਤੇ ਨਾ ਹੀ ਚਿੱਕੜ ਦੇ ਛੱਟੇ ਪਾਓ। ਇਹ ਦਾਗ ਉਨ੍ਹਾਂ ਲਈ ਸਿਰੜ ਦਾ ਸਿਰਨਾਵਾਂ ਬਣਨ ਵਿਚ ਸਹਾਈ ਹੋਣਗੇ। ਅਜਿਹੇ ਲੋਕ ਬਹੁਤ ਜਲਦੀ ਨੰਗੇ ਪੈਰੀਂ ਤੁਰਨ ਤੋਂ ਹਵਾਈ ਜਹਾਜ਼ ਦੇ ਯਾਤਰੀ ਬਣ ਜਾਂਦੇ ਨੇ ਅਤੇ ਕਿਸੇ `ਤੇ ਚਿੱਕੜ ਉਛਾਲਣ ਵਾਲੇ ਰਾਹਾਂ ਦੀ ਰੋੜੀ ਬਣ ਕੇ ਠੇਡੇ ਖਾਣ ਜੋਗੇ ਹੀ ਰਹਿ ਜਾਂਦੇ ਹਨ।
ਕਦੇ ਵੀ ਬਿਨ ਬਾਹਾਂ ਜਾਂ ਪੈਰ, ਜਿੰ਼ਦਗੀ ਨੂੰ ਜਿਊਣਜੋਗਾ ਕਰਨ ਵਾਲੇ ਵਿਅਕਤੀ ਨੂੰ ਮੁਥਾਜ਼ ਨਾ ਸਮਝੋ। ਉਸਨੂੰ ਤਰਸ ਦਾ ਪਾਤਰ ਨਾ ਬਣਾਓ ਕਿਉਂਕਿ ਅਜਿਹੇ ਲੋਕਾਂ ਦੀਆਂ ਅਜਿਹੀਆਂ ਇੰਦਰੀਆਂ ਉਜਾਗਰ ਹੁੰਦੀਆਂ ਜਿਨ੍ਹਾਂ ਨਾਲ ਉਹ ਸਮਿਆਂ ਦਾ ਇਤਿਹਾਸ ਬਦਲਣ ਦੇ ਸਮਰੱਥ ਹੁੰਦੇ। ਇਹ ਲੋਕ ਸਰੀਰਕ ਅਪਾਹਜਤਾ ਨੂੰ ਔਗੁਣ ਨਹੀਂ ਸਗੋਂ ਆਪਣੀ ਤਾਕਤ ਬਣਾ ਕੇ ਖੁਦ ਨੂੰ ਸੰਪੂਰਨ ਸਮਝਣ ਵਾਲਿਆਂ ਨੂੰ ਨਿਤਾਣਾ ਬਣਾ ਦਿੰਦੇ। ਨਵੀਆਂ ਸਫ਼਼ਲਤਾਵਾਂ ਦਾ ਸਿ਼ਲਾਲੇਖ ਹੁੰਦੇ ਨੇ ਇਹ ਲੋਕ। ਅਪਾਹਜ ਲੋਕ ਹੀ ਹੱਥਾਂ ਦੀ ਬਜਾਏ ਆਪਣੇ ਪੈਰਾਂ ਨਾਲ ਹੁਨਰ ਪ੍ਰਗਟਾਉਂਦੇ ਹਨ। ਨੇਤਰਹੀਣ ਹੋ ਕੇ ਆਪਣੇ ਕਰਮ-ਧਰਮ ਨਾਲ ਲੋਕਾਂ ਦੇ ਰਾਹਾਂ ਵਿਚ ਚਾਨਣ ਤਰੌਂਕਦੇ ਹਨ।
ਕਿਸੇ ਮਾਂ ਮਹਿਟਰ ਨੂੰ ਕਦੇ ਵੀ ਤਾਅਨਾ ਨਾ ਮਾਰੋ। ਤੁਹਾਨੂੰ ਪਤਾ ਨਹੀਂ ਕਿ ਮਾਂ ਤੋਂ ਬਗੈਰ ਉਸਨੇ ਜਿ਼ੰਦਗੀ ਨੂੰ ਜਿਉਣਜੋਗਾ ਕਰਨਾ ਹੈ, ਜਿਊਂਦੇ ਜੀਅ ਤਿਲ-ਤਿਲ ਮਰਨਾ ਹੈ, ਮਮਤਾ ਦੀ ਅਣਹੋਂਦ ਨੂੰ ਹਰ ਸਾਹੇ ਜਰਨਾ ਅਤੇ ਮਾਂ ਦੇ ਖ਼ੁਆਬ ਨਾਲ ਆਪਣੀ ਚੁੱਪ ਨੂੰ ਭਰਨਾ ਹੈ। ਮਾਂ ਤੋਂ ਬਿਨਾਂ ਰੁੱਸ ਜਾਂਦੇ ਨੇ ਬਹੁਤ ਸਾਰੇ ਰਿਸ਼ਤੇ। ਗਵਾਚ ਜਾਂਦੇ ਨੇ ਚਾਅ ਤੇ ਲਾਡ। ਮਾਤਮ ਦਾ ਲਿਬਾਸ ਪਾਉਂਦਾ ਹੈ ਮਾਂ ਤੇ ਦਾਈਆ। ਗ੍ਰਸੀ ਜਾਂਦੀ ਏ ਰਿਆੜ। ਜਿ਼ੰਦਗੀ ਦੇ ਚੜ੍ਹਦੇ ਸੂਰਜ ਦੇ ਮੱਥੇ `ਤੇ ਜਦ ਸ਼ਾਮ ਖੁਣੀ ਜਾਂਦੀ ਤਾਂ ਸਿਖਰ ਦੁਪਹਿਰਾਂ ਦਾ ਪ੍ਰਤਾਪ ਅਤੇ ਸੰਦਲੀ ਸਮਿਆਂ ਦੀ ਰਾਂਗਲੀ ਤਸਵੀਰ ਸਿਰਫ਼ ਕੰਧ `ਤੇ ਲਟਕਣ ਜੋਗੀ ਹੀ ਰਹਿ ਜਾਂਦੀ।
ਕਦੇ ਨਫ਼ਰਤ ਨਾ ਕਰਿਓ ਬਾਪ ਦੀ ਛਾਂ ਤੋਂ ਵਿਰਵੇ ਹੋਏ ਉਸ ਅਲੂਏਂ ਜਿਹੇ ਜਵਾਕ ਨੂੰ ਜਿਸ ਦੇ ਸੜਦੇ ਪੈਰਾਂ ਅਤੇ ਲੂੰਹਦੀਆਂ ਧੁੱਪਾਂ ਲਈ ਕਿਸੇ ਨਹੀਂ ਛਾਂ ਬਣਨਾ। ਕੋਈ ਨਹੀਂ ਦਿਲ ਦੀਆਂ ਖੈ਼ਰਾਂ ਨਾਲ ਉਸਦੇ ਹਿੱਸੇ ਦਾ ਅੰਬਰ ਅਤੇ ਧਰਤ ਬਣਨ ਦਾ ਧਰਮ ਪਾਲੇਗਾ? ਪਰ ਇਹ ਬੱਚਾ ਵੱਡਾ ਹੋ ਕੇ ਬਾਪ ਦੇ ਦਰਦ ਨੂੰ ਬਾਖ਼ੂਬੀ ਜਾਣਦਾ ਹੈ। ਕਦੇ ਵੀ ਅਜਿਹੇ ਲੋਕਾਂ ਤੋਂ ਨਮੋਸ਼ੀ ਨਾ ਮੰਨੋ। ਉਨ੍ਹਾਂ ਨੂੰ ਗਲੇ ਲਗਾਓ। ਉਨ੍ਹਾਂ ਦੀ ਇਸ ਘਾਟ ਨੂੰ ਜੇਕਰ ਪੂਰੀ ਨਹੀਂ ਵੀ ਕਰ ਸਕਦੇ ਤਾਂ ਵੀ ਇਸ ਘਾਟ ਨੂੰ ਹਰ ਪਲ ਰੜਕਾਉਂਦੇ ਨਾ ਰਹੋ। ਉਸ ਦੀਆਂ ਰੀਝਾਂ ਨੂੰ ਤਪਾਉਂਦੇ ਨਾ ਰਹੋ। ਕਦੇ ਅਹਿਸਾਸ ਕਰਿਓ ਕਿ ਅਜਿਹੇ ਬੱਚੇ ਕਿੰਨਾ ਕੁਝ ਗਵਾ ਕੇ ਵੀ ਜਿਊਣ ਦਾ ਹੱਠ ਕਰਦੇ ਨੇ। ਉਨ੍ਹਾਂ ਦਾ ਖੁਦ ਨਾਲ ਕੀਤਾ ਇਹ ਪ੍ਰਣ ਹੀ ਹੁੰਦਾ ਕਿ ਉਹ ਅਜਿਹੇ ਜਿਉਣ ਵਿਚੋਂ ਵੀ ਯੁੱਗ ਜਿਊਣ ਦਾ ਵਰਦਾਨ ਹੁੰਦੇ। ਅਜਿਹੇ ਲੋਕ ਸਿਰਫ਼ ਖੁਦ ਹੀ ਨਹੀਂ ਜਿਉਂਦੇ, ਸਗੋਂ ਹੋਰਨਾਂ ਨੂੰ ਅਜਿਹੀਆਂ ਸਥਿਤੀਆਂ ਵਿਚੋਂ ਉਭਰਨ ਅਤੇ ਨਵਾਂ ਮੁਕਾਮ ਸਿਰਜਣ ਲਈ ਰੋਲ ਮਾਡਲ ਬਣਦੇ ਅਤੇ ਸਮਾਜ ਵਿਚ ਨਵੀਆਂ ਤਕਦੀਰਾਂ ਦੇ ਸਿਰਜਣਹਾਰੇ ਬਣਦੇ। ਉਹ ਆਪਣੇ ਪਿੱਤਰੀ ਊਣੇਪਣ ਨੂੰ ਭਰਪੂਰਤਾ ਦਾ ਨਾਮ ਦੇ ਕੇ ਨਵੀਂਆਂ ਪਹਿਲ-ਕਦਮੀਆਂ ਦਾ ਸ਼ੁਭ-ਆਰੰਭ ਹੁੰਦੇ।
ਭੈਣਾਂ ਭਰਾਂਵਾਂ ਤੋਂ ਵਿਛੜੇ ਜਾਂ ਉਨ੍ਹਾਂ ਦੀ ਅਣਹੋਂਦ ਵਿਚ ਖੁ਼ਦ ਨਾਲ ਹੀ ਚੁੱਪ-ਗੁਫ਼ਤਗੂ ਰਚਾਉਂਦੇ ਬੱਚਿਆਂ ਨੂੰ ਕਦੇ ਵੀ ਨਾ ਹਰਖ਼ੋ। ਖੁ਼ਦ ਹੀ ਖ਼ੁਦ ਨਾਲ ਲੜਦੇ, ਝਗੜਦੇ, ਰੁੱਸਦੇ ਤੇ ਫਿਰ ਆਪ ਹੀ ਮੰਨ ਕੇ ਇਸ ਘਾਟ ਨੂੰ ਵਰਾਉਣ ਦੇ ਆਹਰ ਵਿਚ ਹੀ ਜਿ਼ੰਦਗੀ ਨੂੰ ਖੋਟਾ ਕਰਨ ਦਾ ਹਰ ਯਤਨ ਕਰਦੇ। ਅਜਿਹੇ ਬੱਚਿਆਂ ਤੋਂ ਸਦਾ ਲਈ ਗਵਾਚ ਜਾਂਦੇ ਨੇ ਬਹੁਤ ਸਾਰੇ ਸੰਬੰਧ, ਸਾਂਝਾਂ ਅਤੇ ਸਾਥ। ਇਨ੍ਹਾਂ ਨੂੰ ਇਨ੍ਹਾਂ ਦੀ ਤੋਟ ਵੰਨੀਂ ਕਦੇ ਜਾਣ ਬੁੱਝ ਕੇ ਨਾ ਉਲਝਾਓ ਕਿਉਂਕਿ ਇਨ੍ਹਾਂ ਬੱਚਿਆਂ ਲਈ ਆਪਣੇ ਵੀਰੇ ਦਾ ਮੋਢਾ ਨਹੀਂ ਹੁੰਦੇ ਜਿੱਥੇ ਸਿਰ ਰੱਖ ਕੇ ਰੋ ਸਕਣ। ਨਾ ਹੀ ਵਖਤ ਵਿਚ ਆਪਣੇ ਅੰਮੀ ਜਾਏ ਨੂੰ ਮਦਦ ਲਈ ਹਾਕ ਮਾਰ ਸਕਦੇ। ਇਨ੍ਹਾਂ ਦੇ ਗੁੱਟ ਤੋਂ ਰੁੱਸ ਜਾਂਦੀ ਹੈ ਰੱਖੜੀ ਅਤੇ ਨਾ ਹੀ ਭੈਣ ਫੜਦੀ ਹੈ ਵਾਗ ਅਤੇ ਵੀਰੇ ਦੇ ਸ਼ਗਨ ਮਨਾਉਂਦੀ। ਸ਼ਗਨਾਂ ਦੀ ਰੋਂਦੀ ਰੁੱਤ ਵਿਚ ਕੌਣ ਗਾਵੇਗਾ ਵੀਰੇ ਦੀਆਂ ਘੋੜੀਆਂ ਤੇ ਸੁਹਾਗ। ਫਿਰ ਉਹ ਖੁਦ ਵਿਚੋਂ ਮਨਫ਼ੀ ਹੋਏ ਹਿੱਸੇ ਨੂੰ ਆਪਣੇ ਗਲ ਲਾਉਣ ਦਾ ਬਹੁਤ ਵਿਰਦ ਕਰਦਾ ਪਰ ਇਹ ਵਿਰਦ ਸਿਰਫ਼ ਹਿੱਕ ਵਿਚ ਜੰਮ ਕੇ ਹਰ ਸਾਹ ਵਿਚ ਇਕ ਪੀੜਾ ਧਰ ਦਿੰਦਾ। ਪੀੜਾ ਦੀ ਪੁਰਵਾਈ ਵਿਚ ਭਲਾ ਕੌਣ ਜਿ਼ੰਦਗੀ ਦੇ ਗੀਤ ਗਾ ਸਕਦਾ? ਕਦੇ ਉਨ੍ਹਾਂ ਦੇ ਕੋਇਆਂ ਵਿਚ ਉਗੇ ਹੋਏ ਹੰਝੂਆਂ ਵਿਚੋਂ ਉਗਦੀ ਸਤਰੰਗੀ ਨੂੰ ਜ਼ਰੂਰ ਨਮਸਕਾਰਨਾ ਜਿਹੜੀ ਹੰਝੁਆਂ ਵਿਚੋਂ ਵੀ ਜਿਊਣ ਦੇ ਰੰਗਾਂ ਨਾਲ ਜੀਵਨ ਨੂੰ ਮੁਖ਼ਾਤਬ ਹੁੰਦੀ ਹੈ।
ਚੌਰਾਹੇ ਵਿਚ ਜਿਸਮ ਦੀ ਨਿਲਾਮੀ ਲਈ ਮਜਬੂਰ ਕੀਤੇ ਗਏ ਉਸ ਹੱਡ-ਮਾਸ ਦੇ ਪਿੰਜਰ ਨੂੰ ਨਫ਼ਰਤ ਨਾ ਕਰੋ ਸਗੋਂ ਉਸਦੀ ਤਰਾਸਦੀ ਦੇ ਕਾਰਨਾਂ ਨੂੰ ਘੋਖੋ। ਇਨ੍ਹਾਂ ਦੀ ਪਛਾਣ ਕਰੋ ਅਤੇ ਇਨ੍ਹਾਂ ਨੂੰ ਦੂਰ ਕਰ ਕੇ, ਇਕ ਮਾਣਮੱਤੀ ਜਿ਼ੰਦਗੀ ਜਿਊਣ ਦਾ ਨਿਉਂਦਾ ਉਸਦੀ ਕਰਮਰੇਖਾ ਦੇ ਨਾਮ ਕਰੋ ਤਾਂ ਕਿ ਉਸਦੇ ਜਿਸਮ ਦੀਆਂ ਬੋਟੀਆਂ ਦਾ ਸਵਾਦ ਚੱਖਣ ਵਾਲਿਆਂ ਨੂੰ ਕੁਝ ਸ਼ਰਮ ਤਾਂ ਆਵੇ। ਉਹ ਸਿਰ `ਤੇ ਚੁੰਨੀ ਲੈ ਕੇ ਰੂਹ-ਰੱਤੀਆਂ ਰਾਹਾਂ ਦੀ ਨਿਸ਼ਾਨਦੇਹੀ ਕਰ ਸਕੇ ਜਿਹੜੇ ਉਸ ਲਈ ਰੋਟੀ ਅਤੇ ਸਿਰ ਦੀ ਛੱਤ ਬਣਨ ਵਿਚ ਸਹਾਈ ਹੋਵੇ। ਉਹ ਵੀ ਆਪਣੇ ਘਰ ਦੇ ਦਰੀਂ ਖੜ੍ਹ ਕੇ ਸਰਘੀ ਦੀ ਸਵੇਰ ਨੂੰ ਨਿਹਾਰੇ। ਉਤਰਦੀ ਸ਼ਾਮ ਵਿਚ ਸਿਰ ਦੇ ਸਾਈਂ ਦੀ ਉਡੀਕ ਕਰੇ। ਘਰ ਦੇ ਬੰਨੇਰੇ `ਤੇ ਚਾਵਾਂ ਦੇ ਚਿਰਾਗ ਡੰਗੇ, ਜਿਨ੍ਹਾਂ ਦੀ ਰੌਸ਼ਨੀ ਵਿਚ ਉਸਦਾ ਘਰ ਭਰ ਜਾਵੇ। ਉਸਦੇ ਵਿਹੜੇ ਨੂੰ ਸੁਬਕ ਸੁਬਕ ਠੁਮਕਦੇ ਪੈਰਾਂ ਦੀ ਤੋਰ ਵਿਚ ਖੁਦ ਨੂੰ ਥਰਕਾਉਣ ਦਾ ਹੁਸਨ ਹਾਸਲ ਹੋਵੇ। ਉਹ ਆਪਣੇ ਬੱਚਿਆਂ ਨੂੰ ਸੁਪਨੇ ਦੇਣ ਦੇ ਯੋਗ ਹੋਵੇ। ਇਨ੍ਹਾਂ ਸੁਪਨਿਆਂ ਦੀ ਤਾਮੀਰਦਾਰੀ ਵਿਚ ਉਹ ਨਵੇਂ ਸਮਾਜ ਦੀ ਸਿਰਜਣਹਾਰੀ ਬਣ ਕੇ ਨਵੀਆਂ ਪੇਸ਼ਬੰਦੀਆਂ ਦਾ ਪੈਗ਼ਾਮ ਬਣਨ ਦੇ ਸਮਰੱਥ ਹੋਵੇ।
ਕਦੇ ਕਿਤਾਬਾਂ ਨੂੰ ਨਫਰਤ ਨਾ ਕਰੋ ਤਾਂ ਕਿ ਕਿਤਾਬਾਂ ਹੀ ਤੁਹਾਡੇ ਘਰ ਨੂੰ ਬੇਦਾਵਾ ਦੇ ਜਾਣ ਅਤੇ ਘਰ ਨੂੰ ਬੇਕਿਤਾਬੇ ਹੋ ਕੇ ਜਿਊਣ ਦਾ ਸਰਾਪ ਮਿਲ ਜਾਵੇ। ਬੇਕਿਤਾਬੇ ਘਰ ਵਿਚ ਕਿਵੇਂ ਪਨਾਹ ਲਵੇਗੀ ਅੱਖਰ ਜੋਤ? ਕਿਵੇਂ ਇਸ ਦੇ ਚੌਗਿਰਦੇ ਵਿਚ ਗਿਆਨ-ਦੀਪਕ ਨੇ ਚਾਨਣ-ਚੌਗਿਰਦਾ ਸਿਰਜਣਾ? ਕਿਤਾਬਾਂ ਦੇ ਸਾਥ ਵਿਚ ਰਹਿਣ ਵਾਲੇ ਲੋਕ ਜੀਵਨੀ ਸੂਤਰਧਾਰਾ ਦੇ ਪੈਗੰਬਰ ਜਿਨ੍ਹਾਂ ਨੇ ਜੀਵਨ ਦੇ ਸੁਹਜ, ਸੰਵੇਦਨਾ ਅਤੇ ਸਾਰਥਿਕਤਾ ਨੂੰ ਪਹਿਚਾਨਣ ਅਤੇ ਇਨ੍ਹਾਂ ਨੂੰ ਜੀਵਨ ਜਾਚ ਦਾ ਹਿੱਸਾ ਬਣਾਉਣ ਵਿਚ ਅਹਿਮ ਯੋਗਦਾਨ ਪਾਉਣਾ ਹੁੰਦਾ। ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਸਮਾਜਿਕ ਵਰਤਾਰਿਆਂ ਦਾ ਚਿੱਤਰਪੱਟ ਨੇ ਇਹ ਕਿਤਾਬਾਂ। ਇਨ੍ਹਾਂ ਦੇ ਅੱਖਰਾਂ ਵਿਚ ਉਨ੍ਹਾਂ ਅਰਥਾਂ ਦੇ ਦੀਵੇ ਜਗਦੇ ਨੇ ਜਿਨ੍ਹਾਂ ਨੇ ਪਰਿਵਾਰਕ ਰਿਸ਼ਤਿਆਂ ਲਈ ਪਾਕੀਜ਼ਗੀ ਅਤੇ ਪਕਿਆਈ ਬਣਨਾ ਹੁੰਦਾ। ਜਿਨ੍ਹਾਂ ਨੇ ਸੰਬੰਧਾਂ ਦੀ ਸਿਰਜਣਾ ਕਰਨੀ ਹੁੰਦੀ ਅਤੇ ਇਨ੍ਹਾਂ ਦੀ ਸਥਿਰਤਾ ਨੂੰ ਸਾਬਤ ਅਤੇ ਸਬੂਤਾ ਰੱਖਣਾ ਹੁੰਦਾ। ਇਹ ਤਾਂ ਤੁਹਾਡੀ ਜ਼ਮੀਰ ਦੀ ਜਿ਼ਆਰਤ ਵੀ ਕਰਦੀਆਂ। ਸੁੱਤੀਆਂ ਜ਼ਮੀਰਾਂ ਜਗਾਉਂਦੀਆਂ। ਮਰੀਆਂ ਜ਼ਮੀਰਾਂ ਨੂੰ ਜੀਵਨ-ਦਾਨ ਬਖਸ਼ਦੀਆਂ ਅਤੇ ਜ਼ਮੀਰ-ਹੀਣਾਂ ਨੂੰ ਜ਼ਮੀਰ ਦਾ ਵਰਦਾਨ ਦਿੰਦੀਆਂ। ਜ਼ਮੀਰ ਵਿਚੋਂ ਜਜ਼ਬਾਤ, ਜਜ਼ਬਾ ਅਤੇ ਜਨੂੰਨ ਨੂੰ ਜਗਾਉਣ ਵਿਚ ਬਹੁਤ ਅਹਿਮ ਨੇ ਇਹ ਕਿਤਾਬਾਂ। ਕਿਤਾਬਾਂ ਨੂੰ ਆਪਣੇ ਘਰ ਦਾ ਸਭਿਆਚਾਰ ਬਣਾਓ। ਕਿਤਾਬਾਂ ਦੇ ਖਾਮੋਸ਼ ਹੋਏ ਅੱਖਰਾਂ ਵਿਚ ਸਿਰਫ਼ ਹਉਕਿਆਂ ਅਤੇ ਵੈਰਾਗ ਦੀ ਧੁਖਧੁਖੀ ਘਰ ਨੂੰ ਵੀ ਧੁਖਣ ਲਾ ਦੇਵੇਗੀ। ਕਿਤਾਬਾਂ ਤੋਂ ਕਦੇ ਵੀ ਬੇਮੁਖ ਨਾ ਹੋਣਾ।
ਟੁੱਟੇ ਜਿਹੇ ਘਰ ਵਿਚ ਰਹਿੰਦੇ ਅਤੇ ਸਮਾਜ ਦੇ ਕਰੂਰ ਸੱਚ ਨੂੰ ਆਪਣੀਆਂ ਕਵਿਤਾਵਾਂ ਤੇ ਕਹਾਣੀਆਂ ਵਿਚ ਪ੍ਰਗਟਾਉਂਦੇ ਕਿਸੇ ਕਲਮਕਾਰ ਕੋਲੋਂ ਉਸਦੀ ਕਲਮ ਨਾ ਖੋਹੋ। ਕਲਮ ਨੂੰ ਸਾਹ ਲੈਣ ਦਿਓ। ਗਰੀਬ ਦੇ ਘਰ ਵਿਚ ਅਮੀਰਾਨਾ ਠਾਠ ਨਹੀਂ ਹੋਣਗੇ ਅਤੇ ਨਾ ਹੀ ਉਹ ਆਲੀਸ਼ਾਨ ਸਹੂਲਤਾਂ ਨਾਲ ਜਿਊਣ ਦਾ ਅਡੰਬਰ ਕਰ ਸਕਦਾ। ਉਹ ਆਪਣੀ ਜਿ਼ੰਦਗੀ ਨੂੰ ਆਪਣੇ ਮੂਲ ਰੰਗ ਵਿਚ ਜਿਊਂਦਿਆਂ, ਜੀਵਨ ਦੀ ਕਰੂਪਤਾ ਅਤੇ ਸਰੂਪਤਾ ਦੇ ਦਰਸ਼ ਕਰਵਾਉਣ ਦੇ ਕਰਮ ਵਿਚ ਆਪਣੀ ਕਲਮੀ ਸਾਧਨਾ ਨੂੰ ਜਾਰੀ ਰੱਖਦਾ ਹੈ। ਇਸ ਸਾਧਨਾ ਵਿਚੋਂ ਹੀ ਉਸਦੀ ਕਲਮ-ਕਿਰਤ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਮਾਣ ਹੁੰਦਾ। ਉਸਨੂੰ ਉਸਦੀ ਆਰਥਿਕ ਗਰੀਬੀ ਦਾ ਮਿਹਣਾ ਨਾ ਦਿਓ ਕਿਉਂਕਿ ਅਜਿਹੇ ਲੋਕ ਗਿਆਨ ਦਾ ਜਿ਼ਆਰਤਖਾਨਾ ਹੁੰਦੇ। ਉਨ੍ਹਾਂ ਦੀ ਅੱਖਰਾਂ ਦੀ ਜੋਤ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਗਦੇ ਰਹਿਣਾ। ਕਲਮਕਾਰ ਤਾਂ ਮਰਨ ਤੋਂ ਬਾਅਦ ਵੀ ਜਿਊਂਦੇ ਰਹਿੰਦੇ ਨੇ ਕਿਤਾਬਾਂ ਵਿਚ, ਅੱਖਰਾਂ ਵਿਚ, ਕਵਿਤਾਵਾਂ ਵਿਚ ਅਤੇ ਕਹਾਣੀਆਂ ਵਿਚ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਮਿਲਦੀ ਹੈ ਨਵੀਆਂ ਪਹਿਲਕਦਮੀਆਂ ਕਰਨ ਦੀ। ਯਾਦ ਰੱਖਣਾ! ਤੁਸੀਂ ਸਿਰਫ਼ ਨਫ਼ਰਤ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਅਲਵਿਦਾ ਕਹਿ ਜਾਵੋਗੇ। ਕਿਸੇ ਨੇ ਤੁਹਾਨੂੰ ਕਦੇ ਵੀ ਯਾਦ ਨਹੀਂ ਕਰਨਾ। ਤੁਹਾਡੇ ਪਿਆਰਿਆਂ ਨੇ ਵੀ ਤੁਹਾਥੋਂ ਪੱਲਾ ਝਾੜ ਲੈਣਾ। ਇਹ ਤਾਂ ਕਲਮ-ਕਿਰਤੀਆਂ ਦੇ ਹਿੱਸੇ ਆਇਆ ਹੈ ਮਰਨ ਤੋਂ ਬਾਅਦ ਜਿਉਂਦੇ ਰਹਿਣ ਦਾ ਹੁਨਰ ਤੇ ਹਾਸਲ ਕਿਉਂਕਿ ਅੱਖਰ ਕਦੇ ਮਰਦੇ ਨਹੀਂ। ਇਨ੍ਹਾਂ ਨੂੰ ਮਾਰਨ ਵਾਲੇ ਖੁ਼ਦ ਬੜੀ ਜਲਦੀ ਆਪਣਾ ਨਾਮੋ-ਨਿਸ਼ਾਨ ਮਿਟਾ ਬਹਿੰਦੇ ਨੇ।
ਕਦੇ ਵੀ ਕਿਸੇ ਲਾਚਾਰ, ਲੂਲ੍ਹੇ/ਲੰਗੜੇ ਮੰਗਤੇ ਨੂੰ ਨਹੋਰਾ ਨਾ ਮਾਰੋ। ਉਸਦੀ ਔਕਾਤ ਨੂੰ ਕਦੇ ਨਾ ਨਿੰਦੋ ਕਿਉਂਕਿ ਮੰਗਤਾ ਹੋਣਾ ਸਭ ਤੋਂ ਵੱਡੀ ਨਮੋਸ਼ੀ। ਇਹ ਲੋਕ ਨਮੋਸ਼ੀ ਨੂੰ ਅੰਦਰ ਪੀ ਕੇ ਦੋ ਡੰਗ ਦੀ ਰੋਟੀ ਲਈ ਮੰਗਣ ਦੀ ਨੌਬਤ ਹੰਢਾਉਣ ਲਈ ਮਜਬੂਰ ਹਨ। ਨਾ ਹੀ ਇਨ੍ਹਾਂ ਨੂੰ ਖੈ਼ਰਾਤ ਦਿੰਦਿਆਂ ਇਨ੍ਹਾਂ ਦੇ ਝੁਕੇ ਹੋਏ ਨੈਣਾਂ ਵੰਨੀਂ ਝਾਕੋ ਕਿਉਂਕਿ ਤੁਹਾਡੀ ਦਰਿਆਦਿਲੀ ਨੇ ਉਨ੍ਹਾਂ ਵੱਲ ਦੇਖ ਕੇ ਬਰੇਤਾ ਬਣ ਜਾਣਾ। ਫਿਰ ਤੁਹਾਡੇ ਮਾਨਵੀ ਕਰਮ ਦੇ ਕੋਈ ਅਰਥ ਨਹੀਂ ਰਹਿਣੇ। ਇਨ੍ਹਾਂ ਦੀ ਮਦਦ ਕਰਨ ਲਈ ਖੁਦ ਦੀ ਖੁਦਦਾਰੀ ਨੂੰ ਆਪਣੇ ਵਿਚੋਂ ਅਲੋਪ ਕਰ ਕੇ ਕੁਝ ਮਦਦ ਕਰੋਗੇ ਤਾਂ ਤੁਸੀਂ ਖੁਦ ਸਾਹਵੇਂ ਕਦੇ ਵੀ ਸ਼ਰਮਸ਼ਾਰ ਨਹੀਂ ਹੋਵੇਗੇ।
ਮਾਪੇ ਬੜੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਜਨਮਦੇ, ਪਾਲਦੇ। ਨਵੇਂ ਅੰਬਰ ਨੂੰ ਗਾਹੁਣ ਲਈ ਖੰਭ ਵੀ ਦਿੰਦੇ ਅਤੇ ਨਵੀਆਂ ਉਡਾਣਾਂ ਦਾ ਸਿਰਨਾਵਾਂ ਹੀ ਉਨ੍ਹਾਂ ਦੇ ਸੁਪਨੇ ਦੇ ਨਾਵੇਂ ਵੀ ਕਰਦੇ। ਪਰ ਜਦ ਮਾਂ ਬਾਪ ਬੁੱਢੇ ਹੋਣ ਜਾਣ ਤਾਂ ਕਦੇ ਵੀ ਉਨ੍ਹਾਂ ਨੂੰ ਘਰ ਦੇ ਬੰਦ ਦਰਵਾਜਿ਼ਆਂ ਦੇ ਚੌਕੀਦਾਰ ਨਾ ਬਣਾਓ। ਨਾ ਹੀ ਮਾਪੇ ਨੂੰ ਬਜੁ਼ਰਗ-ਘਰ ਦੀ ਮੁਥਾਜ਼ੀ ਵਿਚ ਜਿਊਣ ਲਈ ਮਜਬੂਰ ਕਰੋ। ਬਹੁਤ ਔਖਾ ਹੁੰਦਾ ਹੈ ਮਾਪਿਆਂ ਦਾ ਆਪਣੀ ਸਲਤਨਤ ਵਿਚੋਂ ਦੇਸ਼-ਨਿਕਾਲਾ ਅਤੇ ਕਿਸੇ ਦੀ ਮੁਥਾਜ਼ੀ ਤੇ ਰਹਿਮਦਿਲੀ ਵਿਚ ਜੀਵਨ ਦੇ ਆਖਰੀ ਪਲਾਂ ਨੂੰ ਜਿਊਣ ਦੀ ਜ਼ਹਾਲਤ। ਇਹ ਮਜਬੂਰੀ ਕਈ ਵਾਰ ਆਪਣੀ ਅਰਥੀ ਨੂੰ ਮੋਢੇ `ਤੇ ਰੱਖ ਕਬਰਾਂ ਵੱਲ ਨੂੰ ਵੀ ਤੁਰ ਪੈਂਦੀ। ਮਾਂ ਬਾਪ ਦੇ ਸਿਵੇ ਨੂੰ ਅਗਨੀ ਦਿਖਾਉਣ ਤੋਂ ਵੀ ਪਾਸਾ ਨਾ ਵੱਟਿਓ ਵਰਨਾ ਤੁਸੀਂ ਔਲਾਦ ਕਹਾਉਣ ਦਾ ਹੱਕ ਗਵਾ ਬੈਠੋਗੇ। ਫਿਰ ਸਾਰੀ ਉਮਰ ਸਿਵੇ ਦੇ ਸੇਕ ਵਿਚ ਆਪਣੇ ਆਪ ਨੂੰ ਲੂੰਹਦੇ, ਆਪਣੀ ਅਰਥੀ ਨੂੰ ਵੀ ਕਬਰਾਂ ਵਿਚ ਦਫ਼ਨਾਉਣ ਲਈ ਆਪ ਹੀ ਢੋਣਾ ਪੈਣਾ।
ਰੱਬ ਦਾ ਵਾਸਤਾ ਈ! ਕਦੇ ਵੀ ਕੁਝ ਅਜਿਹਾ ਨਾ ਕਰੋ ਕਿ ਜਿਊਣ ਤੋਂ ਵੀ ਨਮੋਸ਼ੀ ਆਉਣ ਲੱਗ ਪਵੇ ਅਤੇ ਅਸੀਂ ਆਪਣੇ ਸਾਹਾਂ ਨੂੰ ਸਿਉਂਕਦੇ ਜ਼ਰਜ਼ਰੀ ਜਿ਼ੰਦਗੀ ਦਾ ਕਬਰਸਤਾਨ ਬਣ ਜਾਈਏ। ਸਗੋਂ ਕੁਝ ਅਜਿਹਾ ਕਰੀਏ ਕਿ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਾਡੀਆਂ ਕਥਨੀਆਂ, ਕਰਨੀਆਂ ਤੇ ਕੀਰਤੀਆਂ ਵਿਚਲੀਆਂ ਕਹਾਣੀਆਂ, ਕਥਾਵਾਂ ਅਤੇ ਕਾਰਨਾਮਿਆਂ ਦੀ ਕਰਮ-ਧਾਰਨਾ ਨੂੰ ਆਪਣੀ ਜੀਵਨ-ਜਾਚ ਦਾ ਮੂਲ-ਮੰਤਰ ਬਣਾਉਣ।