ਭਲੇ ਵੇਲਿਆਂ ਦੀਆਂ ਗੱਲਾਂ

ਕੋਈ ਪਚਵੰਜਾ-ਸੱਠ ਵਰ੍ਹੇ ਪਹਿਲਾਂ ਦਾ ਵੇਲਾ। ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਸ਼ਹਿਰ ਰਾਮਪੁਰ। ਰਜਾ ਇੰਟਰ ਕਾਲਜ ਵਿਚ ਇੰਟਰਮੀਡੀਏਟ ਪੜ੍ਹਦਿਆਂ ਬਹੁਤੇ ਮੁਸਲਿਮ ਦੋਸਤ ਸਨ, ਕੋ ਐਜੂਕੇਸ਼ਨ ਸੀ। ਕਈ ਵਾਰ ਦੋਸਤਾਂ ਨਾਲ ਖੜ੍ਹੇ ਹੋਏ ਮੁਸਲਿਮ ਕੁੜੀਆਂ ਨੂੰ ਬੁਰਕੇ ਵਿਚ ਦੇਖ ਬੰਦ ਗੋਭੀ ਕਹਿ ਦੇਣਾ ਤਾਂ ਬਗੈਰ ਬੁਰਕੇ ਵਾਲੀਆਂ ਨੂੰ ਫੁਲ ਗੋਭੀ ਪਰ ਨਾ ਕੋਈ ਭੜਕਦਾ ਸੀ ਨਾ ਗੁੱਸਾ ਕਰਦਾ ਸੀ। ਮੁਸਲਮਾਨ ਦੋਸਤ ਰੋਸ਼ਨ ਖਿਆਲ ਹੋਣ ਵਿਚ ਫਖ਼ਰ ਮਹਿਸੂਸ ਕਰਦੇ ਅਤੇ ਬੁਰਕੇ ਨੂੰ ਦਕਿਆਨੂਸੀ ਕਰਾਰ ਦਿੰਦੇ। ਸੱਚਾਈ ਵੀ ਇਹੀ ਸੀ ਕਿ ਬਹੁਤੇ ਗਰੀਬ ਘੱਟ-ਪੜ੍ਹੇ ਲਿਖੇ ਮੁਸਲਮਾਨਾਂ ਵਿਚ ਹੀ ਬੁਰਕਾ ਵਰਿਤਆ ਜਾਂਦਾ ਸੀ ਅਮੀਰਾਂ ਵਿਚ ਨਹੀਂ।

ਇੱਕ ਹੋਰ ਦਿਲਚਸਪ ਵਤੀਰਾ ਦੇਖਣ ਨੂੰ ਆਉਂਦਾ। ਨਿਮਨ ਵਰਗ ਦੀਆਂ ਮੁਸਲਿਮ ਔਰਤਾਂ ਬਾਜ਼ਾਰ ਵਿਚ ਮੂੰਹ ਤੋਂ ਪਰਦਾ ਲਾਹ ਫਿਰਦੀਆਂ ਰਹਿੰਦੀਆਂ ਪਰ ਘਰ ਦੇ ਨੇੜੇ ਆਉਂਦਿਆਂ ਹੀ ਮੂੰਹ `ਤੇ ਪਰਦਾ ਕਰ ਲੈਂਦੀਆਂ। ਇਹ ਸ਼ਾਿੲਦ ਘੁੰਡ ਕੱਢਣ ਵਰਗਾ ਸਮਾਜਿਕ ਚਲਨ ਹੋਵੇਗਾ ਪਰ ਧਾਰਮਿਕ ਕੱਟੜਤਾ ਦਾ ਪ੍ਰਤੀਕ ਬਿਲਕੁਲ ਨਹੀਂ ਸਮਿਝਆ ਜਾਂਦਾ ਸੀ। ਸੋ ਇਸ ਨੂੰ ਬਹੁਤ ਹੀ ਪਛਿੜਆ ਹੋਇਆ ਅਮਲ ਕਿਹਾ ਜਾਂਦਾ। ਜਿਵੇਂ ਅੱਜ ਘੁੰਡ ਕੱਢਣ ਨੂੰ ਵੀ ਅਨਪੜ੍ਹਤਾ ਅਤੇ ਪਿਛੜੇਪਨ ਦੀ ਨਿਸ਼ਾਨੀ ਸਮਿਝਆ ਜਾਂਦਾ ਹੈ। ਹਿੰਦੂ ਦੋਸਤ ਵੀ ਜਨੇਊ ਜਾਂ ਬੋਦੀ ਰੱਖਣ ਨੂੰ ਧਾਰਮਿਕ ਨਹੀਂ ਪਿਛੜੇਪਨ ਦੀ ਨਿਸ਼ਾਨੀ ਸਮਝਦੇ। ਸਾਡੀ ਜੁੰਡਲੀ ਵਿਚ ਮੈਂ ਹੀ ਇਕੱਲਾ ਸਿੱਖ ਸਾਂ ਬਾਕੀ ਮੁਸਲਮਾਨ ਅਤੇ ਹਿੰਦੂ। “ਸਿੱਖ ਧਰਮ ਨੂੰ ਖਤਰਾ” ਇਸ ਦੀ ਚਿੰਤਾ ਕਰਨ ਵਾਲੀ ਸਿੱਖੀ ਦੀ ਪਹਿਰੇਦਾਰ ਫੌਜ ਹਾਲੇ ਹੋਂਦ ਵਿਚ ਨਹੀਂ ਆਈ ਸੀ। ਇਸ ਸਹਿਣਸ਼ੀਲ ਭਾਈਚਾਰਕ ਸਾਂਝ ਦਾ ਕਾਰਨ ਇਹ ਸੀ ਕਿ ਅਸੀਂ ਦੂਜੇ ਧਰਮ ਨੂੰ ਭੰਡਣ ਦੀ ਥਾਂ ਪਹਿਲਾਂ ਆਪਣੇ ਧਰਮ ਨੂੰ ਨਿਸ਼ਾਨਾ ਬਣਾਉਂਦੇ ਸਾਂ। ਅੱਜ ਵਾਂਗ ਨਹੀਂ ਜਦ ਸਾਰੇ ਦੂਜੇ ਧਰਮ ਦੀ ਬਦਖੋਈ ਕਰਨ ਦਾ ਬਹਾਨਾ ਲੱਭਦੇ ਰਹਿੰਦੇ ਹਨ ਪਰ ਆਪਣੇ ਧਰਮ ਨੂੰ ਦੁੱਧ ਧੋਤਾ ਗਰਦਾਨਦੇ ਹਨ। ਅਕਸਰ ਦੇਖਿਆ ਜਾਂਦਾ ਕਿ ਜੋ ਮੁਸਲਮਾਨ ਆਪਣੀ ਰਿਸ਼ਤੇਦਾਰੀ ਵਿਚ ਪਾਕਿਸਤਾਨ ਹੋ ਕੇ ਆਉਂਦੇ ਧਾਰਮਿਕ ਕੱਟੜਤਾ ਦੇ ਮਾਮਲੇ ਵਿਚ ਭਾਰਤ ਨੂੰ ਪਾਕਿਸਤਾਨ ਨਾਲੋਂ ਕਿਤੇ ਬੇਹਤਰ ਦੱਸਦੇ, ਜਿਸ ਲਈ ਭਾਰਤ ਵਿਚ ਰਹਿਣ ਦੇ ਆਪਣੇ ਫੈਸਲੇ `ਤੇ ਖੁਸ਼ੀ ਪ੍ਰਗਟ ਕਰਦੇ। ਭਲੇ ਵੇਲੇ ਸਨ ਉਹ ਜਦ ਅੱਜ ਵਾਂਗ ਧਾਰਮਿਕ ਕੱਟੜਤਾ ਦਾ ਜ਼ਹਿਰ ਲੋਕਾਂ ਦੇ ਸਿਰ ਨੂੰ ਨਹੀਂ ਚੜ੍ਹਿਆ ਸੀ। ਦੁਖ ਹੁੰਦਾ ਹੈ ਜਦ ਦੇਖਦੇ ਹਾਂ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮੇਰੀ ਸਮਝ ਮੁਤਾਬਕ ਇਸ ਦਾ ਕਾਰਨ ਸਿਰਫ ਇਹੀ ਨਜ਼ਰ ਆਉਂਦਾ ਹੈ ਕਿ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਬਜਾਏ ਦੂਜਿਆਂ ਵਿਚ ਦੋਸ਼ ਕੱਢਣ ਵਿਚ ਬਹੁਤੀ ਤਤਪਰਤਾ ਵਿਖਾਉਂਦੇ ਹਾਂ। ਬਾਣੀ ਦੀ ਤੋਤਾ ਰਟੰਤ ਦੀ ਬਜਾਏ ਜਦ ‘ਹਮ ਨਹੀਂ ਚੰਗੇ ਬੁਰਾ ਨਹੀਂ ਕੋਈ’ ਦੀ ਸਮਝ ਆ ਗਈ, ਸ਼ਾਇਦ ਭਲੇ ਵੇਲਿਆਂ ਵੱਲ ਪਰਤਣਾ ਮੁਮਕਿਨ ਹੋ ਜਾਏ।
ਹਰਜੀਤ ਦਿਉਲ, ਬਰੈਂਪਟਨ