ਪੰਡਤ ਨਹਿਰੂ ਦੀ ਕਾਂਗਰਸ ਤੇ ਮੇਰੇ ਨਾਨਕੇ ਦਾਦਕੇ

ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ ਸਵੈ-ਜੀਵਨੀ ‘ਬਿਨ ਮਾਂਗੇ ਮੋਤੀ ਮਿਲੇ’ ਵਿਚ ਲਿਖ ਚੁੱਕਾ ਹਾਂ ਕਿ ਮੇਰੇ ਜੀਵਨ ਉੱਤੇ ਮੇਰੇ ਮਾਪਿਆਂ ਤੇ ਨਾਨਕਿਆਂ ਤੋਂ ਬਿਨਾਂ ਤਿੰਨ ਹਸਤੀਆਂ ਦਾ ਬਹੁਤ ਪ੍ਰਭਾਵ ਰਿਹਾ ਹੈ। ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀ ਜੀਵਨ-ਜਾਚ, ਜਵਾਹਰ ਲਾਲ ਨਹਿਰੂ ਦੀ ਦਿੱਬ ਦਿ੍ਰਸ਼ਟੀ ਅਤੇ ਈ ਐਮ ਐਸ ਨੰਬੂਦਰੀਪਦ ਦੀ ਖੱਬੇ ਪੱਖੀ ਧਾਰਨਾ। ਪੰਜਾਬ ਚੋਣਾਂ 2022 ਦੇ ਰੋਲੇ-ਘਚੋਲੇ ਨੇ ਮੈਨੂੰ ਸੱਤ-ਅੱਠ ਦਹਾਕੇ ਦੀ ਕਾਂਗਰਸੀ ਪਹੰੁਚ ਤੇ ਮੇਰੇ ਆਪਣੇ ਪਰਿਵਾਰਾਂ ਦੀ ਇਸ ਲਈ ਭਾਵੁਕਤਾ ਚੇਤੇ ਕਰਵਾ ਦਿੱਤੀ ਹੈ, ਜਿਹੜੀ ਕਿਸੇ ਹੱਦ ਤਕ ਅੱਜ ਵੀ ਕਾਇਮ ਹੈ।

ਚੋਣ ਹਲਕਾ ਗੜ੍ਹਸ਼ੰਕਰ ਤੋਂ ਮੇਰਾ ਭਾਣਜਾ ਅਮਰਪ੍ਰੀਤ ਸਿੰਘ ਲਾਲੀ ਤੇ ਚੋਣ ਹਲਕਾ ਖੰਨਾ ਤੋਂ ਮੇਰਾ ਜਾਣੂ ਗੁਰਕੀਰਤ ਸਿੰਘ ਕੋਟਲੀ ਪੰਡਤ ਨਹਿਰੂ ਵਾਲੀ ਸੋਚ ਨੂੰ ਪ੍ਰਨਾਏ ਹੋਏ ਹਨ। ਜੇ ਇਨ੍ਹਾਂ ਵਿਚ ਮੈਂ ਆਪਣੇ ਸਾਹਿਤਕ ਗੁਰੂ ਸੰਤ ਸਿੰਘ ਸੇਖੋਂ ਦੇ ਦਾਖਾ ਹਲਕੇ ਦੇ ਸੰਦੀਪ ਸੰਧੂ ਨੂੰ ਵੀ ਸ਼ਾਮਲ ਕਰ ਲਵਾਂ ਤਾਂ ਇਹ ਤਿੱਕੜੀ ਪੰਜਾਬ ਦੇ ਮਾਲਵਾ ਤੇ ਦੁਆਬਾ ਖੇਤਰ ਵਿਚ 70-80 ਸਾਲ ਪਹਿਲਾਂ ਹਾਂ-ਪੱਖੀ ਕਾਂਗਰਸੀ ਧਾਰਨਾ ਦੀ ਪ੍ਰਤੀਨਿਧਤਾ ਕਰਦੀ ਹੈ। ਨਿਸ਼ਚੇ ਹੀ ਮੈਂ ਇਨ੍ਹਾਂ ਦੀ ਸਫਲਤਾ ਦਾ ਇੱਛੁਕ ਹਾਂ ਤਾਂ ਕਿ ਵਰਤਮਾਨ ਕੇਂਦਰ ਸਰਕਾਰ ਵਲੋਂ ਨਹਿਰੂ ਸਮੇਂ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਉੱਤੇ ਫੇਰੇ ਜਾ ਰਹੇ ਪੋਚੇ ਨੂੰ ਝੁਠਲਾਇਆ ਜਾ ਸਕੇ।
ਪੰਡਤ ਨਹਿਰੂ ਦੇ ਉਲਟ ਸਮੁੱਚੇ ਭਾਰਤ ਨੂੰ ਪੂੰਜੀਪਤੀ ਕਾਰਪੋਰੇਟਾਂ ਅਤੇ ਫਿਰਕੂ ਧਾਰਨਾ ਵਿਚ ਧੱਕਣ ਵਾਲੀ ਕੇਂਦਰ ਦੀ ਵਰਤਮਾਨ ਸਰਕਾਰ ਦੀਆਂ ਫੜਾਂ ਨਹਿਰੂਵਾਦੀ ਪਹੰੁਚ ਨੂੰ ਨਹੀਂ ਮਿਟਾ ਸਕਦੀਆਂ। ਇਤਿਹਾਸਕਾਰ ਜਾਣਦੇ ਹਨ ਕਿ ਪੰਜਾਬੀ ਸੂਬੇ ਦੇ ਮੁਦੱਈਆਂ ਦੀ ਇਕੋ ਇਕ ਪ੍ਰਾਪਤੀ ਸਦਾ ਏਥੋਂ ਦੇ ਸਿੱਧ ਚਿਹਰੇ ਨੂੰ ਮੁੱਖ ਮੰਤਰੀ ਬਣਦੇ ਦੇਖਣਾ ਸੀ ਪਰ ਸਾਰੇ ਜਾਣਦੇ ਹਨ ਕਿ ਖਾਲਿਸਤਾਨੀ ਸੋਚ ਨੂੰ ਜਨਮ ਦੇਣ ਵਾਲੀ ਵੀ ਇਹੀਓ ਧਾਰਨਾ ਸੀ। ਕੇਂਦਰ ਸਰਕਾਰ ਵਲੋਂ ਆਏ ਦਿਨ ਸਿੱਖ ਪੰਥ ਨੂੰ 1984 ਦੇ ਦੰਗੇ ਯਾਦ ਕਰਵਾਉਣਾ ਭਾਜਪਾ ਨੂੰ ਵੋਟਾਂ ਤਾਂ ਦਿਵਾ ਸਕਦਾ ਹੈ ਪਰ ਪੰਜਾਬ ਦੇ ਬੱਚੇ ਬੱਚੇ ਦੇ ਮਨ ਵਿਚ ਸਮਾਈ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਦਿਨ ਰਾਤ ਇਕ ਕਰ ਕੇ ਦਿੱਤੀ ਉਸ ਕੁਰਬਾਨੀ ਉੱਤੇ ਪੋਚਾ ਨਹੀਂ ਫੇਰ ਸਕਦਾ, ਜਿਸ ਵਿਚ 700 ਕਿਸਾਨਾਂ ਨੇ ਜਾਨਾਂ ਵਾਰੀਆਂ। ਇਹ ਕਰਜ਼ਾ ਕੌਣ ਚੁਕਾਏਗਾ?
2022 ਦੀਆਂ ਚੋਣਾਂ ਲੜ ਰਹੇ ਜਿਹੜੇ ਉਮੀਦਵਾਰਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਨ੍ਹਾਂ ਵਿਚੋਂ ਹਲਕਾ ਖੰਨਾ ਵਾਲਾ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਦਾ ਬੇਟਾ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਉਹ ਖੰਨਾ ਤੋਂ ਦੋ ਵਾਰ ਜੇਤੂ ਰਹਿ ਚੁੱਕਿਆ ਹੈ ਤੇ ਅੱਜ ਦੇ ਮੰਤਰੀ ਮੰਡਲ ਵਿਚ ਉਦਯੋਗ ਤੇ ਵਪਾਰ ਦਾ ਇੰਚਾਰਜ ਹੈ। ਹਲਕਾ ਦਾਖਾ ਵਾਲਾ ਸੰਦੀਪ ਸੰਧੂ ਕੈਪਟਨ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਓ ਐਸ ਡੀ ਹੰੁਦਿਆਂ ਦਾਖਾ ਵਿਚ ਕੀਤੇ ਕੰਮਾਂ ਦੇ ਸਿਰ ’ਤੇ ਅਕਾਲੀਆਂ ਦੇ ਗੜ੍ਹ ਵਿਚ ਸੰਨ੍ਹ ਲਾਉਣ ਦੇ ਯੋਗ ਹੈ। ਹਲਕਾ ਗੜ੍ਹਸ਼ੰਕਰ ਵਾਲਾ ਅਮਰਪ੍ਰੀਤ ਸਿੰਘ ਲਾਲੀ ਇਨ੍ਹਾਂ ਤਿੰਨਾਂ ਵਿਚੋਂ ਉਮਰ ਵਿਚ ਛੋਟਾ ਹੈ ਪਰ ਹੁਸ਼ਿਆਰਪੁਰ ਯੂਥ ਕਾਂਗਰਸ ਤੇ ਫੇਰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਹਿਣ ਉਪਰੰਤ ਹੁਣ ਕੁੱਲ ਹਿੰਦ ਯੂਥ ਕਾਂਗਰਸ ਦਾ ਜਨਰਲ ਸਕੱਤਰ ਹੋਣ ਸਦਕਾ ਕੇਂਦਰ ਦੇ ਪ੍ਰਮੁੱਖ ਆਗੂਆਂ ਵਿਚ ਵਿਚਰ ਰਿਹਾ ਹੈ। ਉਸ ਦੀ ਸੋਚ ਤੇ ਪਹੰੁਚ ਨੂੰ ਵਡਿਆਉਣ ਲਈ ਪੰਜਾਬ ਦਾ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਹਾਈ ਕਮਾਂਡ ਦਾ ਪ੍ਰਤੀਨਿਧ ਰਾਹੁਲ ਗਾਂਧੀ ਪੰਜਾਬ ਦੇ ਪ੍ਰਮੁੱਖ ਹਲਕਿਆਂ, ਖਾਸ ਕਰਕੇ ਗੜ੍ਹਸ਼ੰਕਰ ਦਾ ਗੇੜਾ ਮਾਰ ਚੁੱਕੇ ਹਨ। ਸਾਡੇ ਪਰਿਵਾਰ ਵਿਚੋਂ ਰਾਜਨੀਤੀ ਅਪਨਾਉਣ ਵਾਲਾ ਪਹਿਲਾ ਵਿਅਕਤੀ ਹੋਣ ਦੇ ਨਾਤੇ ਮੈਂ ਲੰਘੇ ਬੁੱਧਵਾਰ ਉਸਦੀ ਰਿਹਾਇਸ਼ ਉੱਤੇ ਉਸਦੇ ਸਮਰਥਕਾਂ ਦੇ ਰੰਗ-ਢੰਗ ਵੇਖ ਕੇ ਆਇਆ ਹਾਂ। ਇਨ੍ਹਾਂ ਵਿਚ ਹਿਮਾਚਲ ਤੇ ਰਾਜਸਥਾਨ ਤੋਂ ਬਿਨਾਂ ਤਿਲੰਗਾਨਾ ਤਕ ਦੇ ਜਥੇ ਸ਼ਾਮਲ ਸਨ।
ਮੈਂ ਜਾਣਦਾ ਹਾਂ ਕਿ ਕੁੱਲ ਹਿੰਦ ਕਾਂਗਰਸ ਪਾਰਟੀ ਵਿਚ ਮੇਰੀ ਜਵਾਨੀ ਸਮੇਂ ਦਾ ਦਮ-ਖਮ ਤਾਂ ਨਹੀਂ ਪਰ ਇਹ ਨੌਜਵਾਨ ਚਿਹਰੇ ਕੇਂਦਰ ਦੀ ਫਿਰਕੂ ਤੇ ਕਾਰਪੋਰੇਟ ਭਾਵਨਾ ਵਾਲੀ ਸਰਕਾਰ ਨੂੰ ਨੱਥ ਪਾਉਣ ਦੇ ਯੋਗ ਹਨ। ਇਕੱਲੇ ਪੰਜਾਬ ਵਿਚ ਹੀ ਨਹੀਂ ਮਨੀਪੁਰ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਗੋਆ ਵਿਚ ਵੀ। ਮੇਰੀ ਉਮਰ ਦੇ ਖੱਬੇ ਪੱਖੀਆਂ ਕੋਲ ਕਾਂਗਰਸ ਪਾਰਟੀ ਤੋਂ ਬਿਨਾਂ ਹੋਰ ਕੋਈ ਬਦਲ ਵੀ ਨਹੀਂ। ਵੇਖੋ ਕੀ ਬਣਦਾ ਹੈ।
ਹਰਚਰਨ ਬੈਂਸ ਦੀ ਵਡੇਰੀ ਜ਼ਿੰਮੇਵਾਰੀ
ਮੈਂ ਅਕਾਲੀ ਦਲ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਹਰਚਰਨ ਬੈਂਸ ਨੂੰ ਬੜੇ ਰੰਗਾਂ ਵਿਚ ਤੱਕਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ, ਵਿਚ ਆਪਣੇ ਕੁਲੀਗ ਤੇ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ਵਾਸ ਪਾਤਰ ਵਜੋਂ ਅਤੇ ਫੇਰ ਕੌਮੀ ਤੇ ਕੌਮਾਂਤਰੀ ਮੀਡੀਆ ਵਿਚ ਉਸਦੀਆਂ ਲਿਖਤਾਂ ਸਦਕਾ। ਮੇਰਾ ਨਿਸ਼ਚਾ ਹੈ ਕਿ ਉਹ ਅਕਾਲੀ ਦਲ ਦੀਆਂ ਰਵਾਇਤੀ ਤੇ ਪ੍ਰਮੁੱਖ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਲਈ ਦਿਨ-ਰਾਤ ਇਕ ਕਰੇਗਾ। ਆਸ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਬਜ਼ੁਰਗੀ ਕਾਰਨ ਪਾਰਟੀ ਵਿਚ ਆਏ ਪਾੜੇ ਨੂੰ ਬਹਾਲ ਕਰਨ ਦਾ ਪੂਰਾ ਯਤਨ ਕਰੇਗਾ। ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਵਾਂਗ ਔਖੇ ਸਮੇਂ ਵਿਚੋਂ ਲੰਘ ਰਿਹਾ ਹੈ। ਮੇਰੇ ਮਿੱਤਰ ਹਰਚਰਨ ਬੈਂਸ ਦੇ ਸਿਰ ਵਡੇਰੀ ਜ਼ਿੰਮੇਵਾਰੀ ਆ ਪਈ ਹੈ। ਨਿਸ਼ਚੇ ਹੀ ਮੈਂ ਉਸਨੂੰ ਇਸ ਉੱਤੇ ਪੂਰਾ ਉਤਰਦਾ ਵੇਖਣਾ ਚਾਹਾਂਗਾ। ਸਵਾਗਤ ਹੈ।

ਅੰਤਿਕਾ
ਆਦੇਸ਼ ਅੰਕੁਸ਼
ਟੁਕੜੇ ਟੁਕੜੇ ਮੱਟੀਆਂ ਸ਼ਾਪਿੰਗ ਮਾਲਾਂ ਵਿਚ,
ਮਾਣ ਭਲਾ ਹੁਣ ਕਾਹਦਾ ਸਾਬਤ ਗੰਨੇ ’ਤੇ।
ਟੁੱਟ ਕੇ ਪੈ ਜਾਂਦੇ ਸਾਂ ਦਾਣੇ ਚੱਬਦਿਆਂ,
ਅੰਮੜੀ ਵਲੋਂ ਗੁੜ ਦੀ ਰੋੜੀ ਭੰਨੇ ’ਤੇ।