ਭਾਸ਼ਾ ਇਕ ਸਾਧਨ ਹੈ, ਜਿਸ ਰਾਹੀਂ ਅਸੀਂ ਆਪਣੇ ਵਿਚਾਰ ਦੂਜਿਆਂ ਅੱਗੇ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਕਿਸੇ ਵੀ ਕੌਮ ਦੀ ਪਛਾਣ ਉਸ ਦੇ ਇਤਿਹਾਸ, ਸਭਿਆਚਾਰ ਅਤੇ ਮਾਂ ਬੋਲੀ ਤੋਂ ਹੀ ਹੁੰਦੀ ਹੈ। ਭਾਰਤ ਦੀਆਂ 22 ਮੁੱਖ ਬੋਲੀਆਂ ਵਿਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੈ। ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਪੰਜਾਬੀ ਨੂੰ ਸਾਡੇ ਆਪਣੇ ਘਰ ਪੰਜਾਬ ਵਿਚ ਉਹ ਮਾਣ-ਸਨਮਾਨ ਨਹੀਂ ਮਿਲਿਆ, ਜਿਸ ਦੀ ਸਾਡੀ ਮਾਤ ਭਾਸ਼ਾ ਹੱਕਦਾਰ ਹੈ।
ਸਾਡੇ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਨੂੰ ਵਿਸਾਰਿਆ ਜਾ ਰਿਹਾ ਹੈ। ਪੰਜਾਬ ਰਾਜ ਦੀਆਂ ਸੜਕਾਂ `ਤੇ ਲੱਗੇ ਸੰਕੇਤਕ ਬੋਰਡਾਂ `ਤੇ ਵੀ ਪੰਜਾਬੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ। ਇੱਥੋਂ ਤਕ ਕਿ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਏ ਗਏ ਚੰਡੀਗੜ੍ਹ, ਜੋ ਕਿ ਪੰਜਾਬ ਦੀ ਰਾਜਧਾਨੀ ਵੀ ਹੈ, ਵਿਚ ਪੰਜਾਬੀ ਮਾਂ ਬੋਲੀ ਲਾਗੂ ਨਹੀਂ ਹੋ ਸਕੀ। ਸਾਡੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੇ ਪੰਜਾਬੀ ਬੋਲਣ `ਤੇ ਪਾਬੰਦੀ ਲਗਾਈ ਜਾਂਦੀ ਹੈ। ਆਪਣੀ ਮਾਂ ਬੋਲੀ ਵਿਚ ਗੱਲਬਾਤ ਕਰਨ ਵਾਲਿਆਂ ਨੂੰ ਅਨਪੜ੍ਹ ਜਾਂ ਗਵਾਰ ਸਮਝਿਆ ਜਾਂਦਾ ਹੈ। ਮਾਤਾ-ਪਿਤਾ ਬੜੇ ਫ਼ਖ਼ਰ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ।
ਇਕ ਪਾਸੇ ਸਰਕਾਰੀ ਸਕੂਲਾਂ ਵਿਚ ਪਰਵਾਸੀ ਮਜ਼ਦੂਰਾਂ (ਪੰਜਾਬ ਵਿਚ ਮਜ਼ਦੂਰੀ ਕਰਨ ਆਏ) ਦੇ ਬੱਚੇ ਪੰਜਾਬੀ ਨੂੰ ਮਾਤ ਭਾਸ਼ਾ/ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ ਅਤੇ ਦੂਸਰੇ ਪਾਸੇ ਪੰਜਾਬ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ। ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੇ ਆਮ ਬੋਲ-ਚਾਲ ਸਮੇਂ ਪੰਜਾਬੀ ਬੋਲਣ ਦੀ ਪਾਬੰਦੀ ਹੁੰਦੀ ਹੈ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬੇਹੱਦ ਚਿੰਤਤ ਹਨ, ਕਿਉਂਕਿ ਮਾਂ ਬੋਲੀ ਤੋਂ ਬੱਚੇ ਨੂੰ ਦੂਰ ਕਰਨ ਦਾ ਸਿੱਧਾ ਅਰਥ ਨਸਲਾਂ ਨੂੰ ਉਨ੍ਹਾਂ ਦੇ ਸਭਿਆਚਾਰ, ਵਿਰਸੇ ਤੋਂ ਦੂਰ ਕਰਨਾ ਹੈ। ਪਰ ਆਮ ਲੋਕਾਂ ਨੂੰ ਇਸ ਗੰਭੀਰ ਮਸਲੇ ਬਾਰੇ ਬਹੁਤੀ ਪ੍ਰਵਾਹ ਨਹੀਂ ਹੈ, ਜਦਕਿ ਮਾਂ ਬੋਲੀ ਨੂੰ ਸਾਂਭਣਾ, ਆਮ ਬੰਦੇ ਦਾ ਮੁਢਲਾ ਫਰਜ਼ ਹੈ।
`ਮੇਰਾ ਦਾਗ਼ਿਸਤਾਨ` ਕਿਤਾਬ ਵਿਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ, `ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।’
ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਦੁਨੀਆ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦੀ ਜਗ੍ਹਾ ਨਹੀਂ ਦੇ ਸਕਦੇ। ਇਹ ਹੈ ਮਾਂ ਬੋਲੀ ਦੀ ਮਹਾਨਤਾ। ਪਰ ਪੰਜਾਬੀਆਂ ਨੇ ਮਾਂ ਬੋਲੀ ਨਾਲ ਜੋ ਵਿਤਕਰਾ ਕੀਤਾ, ਉਹ ਅੱਜ ਦੀ ਗੱਲ ਨਹੀਂ, ਉਹ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਆਲੇ-ਦੁਆਲੇ ਝਾਤ ਮਾਰੀਏ ਤਾਂ ਸਾਨੂੰ ਪਤਾ ਲੱਗ ਹੀ ਜਾਵੇਗਾ ਕਿ ਸਾਡੇ ਰਿਸ਼ਤੇਦਾਰਾਂ, ਜਾਣਕਾਰਾਂ ਵਿਚੋਂ ਕਿੰਨੇ ਲੋਕ ਨੇ ਜੋ ਚਾਹੁੰਦੇ ਨੇ ਕਿ ਉਨ੍ਹਾਂ ਦੇ ਬੱਚੇ ਠੇਠ ਪੰਜਾਬੀ ਬੋਲਣ, ਉਹ ਪੰਜਾਬੀ ਨੂੰ ਗਵਾਰਾਂ ਦੀ ਬੋਲੀ ਮੰਨਦਿਆਂ ਬੱਚਿਆਂ ਨੂੰ ਹਿੰਦੀ, ਅੰਗਰੇਜ਼ੀ ਬੋਲਣ ਲਈ ਮਜਬੂਰ ਕਰਦੇ ਨੇ। ਅਸੀਂ ਲੋਕਾਂ ਨੇ ਤਾਂ ਰਿਸ਼ਤੇ ਵੀ ਅੰਗਰੇਜ਼ੀ ਵਾਲੇ ਬਣਾ ਲਏ, ਬੀਬੀ, ਬਾਪੂ ਦੀ ਥਾਂ ਮੌਮ, ਡੈਡ, ਵੀਰ ਜੀ, ਭੈਣ ਜੀ ਦੀ ਥਾਂ ਬਰੋ, ਸਿਸ ਬਣ ਗਏ, ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ, ਮਾਸੀ-ਮਾਸੜ, ਮਾਮਾ-ਮਾਮੀ ਸਭ ਇਕ ਰਿਸ਼ਤੇ `ਚ ਵਲੇਟ ਲਏ ਆਂਟੀ-ਅੰਕਲ..। ਸਰ, ਮੈਡਮ ਨੇ ਤਾਂ ਸਭ ਕੁਝ ਨਿਗਲ ਲਿਆ ਹੈ। ਹੁਣ ਲਾਰੀ ਤਾਂ ਚੜ੍ਹਦੇ ਨੀ, ਬੱਸ ਚੜ੍ਹਦੇ ਹਾਂ, ਅਸੀਂ ਹੁਣ ਮਾਝੇ, ਮਾਲਵੇ, ਦੁਆਬੇ ਵੱਲ ਦੇ ਆਂ .. ਇਹ ਨਹੀਂ ਕਹਿੰਦੇ, ਅਸੀਂ ਕਿਸੇ ਨਾ ਕਿਸੇ ਥਾਂ ਨੂੰ ਬਿਲੌਂਗ ਕਰਦੇ ਆਖਦੇ ਆਂ..ਅਸੀਂ ਖੁਦ ਆਪਣੀ ਮਾਂ ਬੋਲੀ ਨੂੰ ਬੇਗਾਨੇ ਬੋਲਾਂ ਹੇਠ ਦਰੜ ਕੇ ਮਾਰਨ ਦਾ ਯਤਨ ਕਰਦੇ ਹਾਂ।
ਅੱਜ ਬਹਿਸ, ਚਰਚੇ ਕਰਨ ਦੇ ਨਾਲ-ਨਾਲ ਲੋੜ ਇਸ ਗੱਲ ਦੀ ਹੈ ਕਿ ਉਚੇਰੀ ਪੜ੍ਹਾਈ, ਡਾਕਟਰੀ, ਵਕਾਲਤ ਅਤੇ ਹੋਰ ਕਿੱਤਾਮੁਖੀ ਕੋਰਸ ਪੰਜਾਬੀ ਭਾਸ਼ਾ ਵਿਚ ਹੋਣ, ਹਰੇਕ ਨੌਕਰੀ ਲਈ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ ਤੇ ਸਭ ਤੋਂ ਜ਼ਰੂਰੀ ਸਾਰੇ ਸਰਕਾਰੀ ਕੰਮਕਾਜ, ਪੰਜਾਬ ਨਾਲ ਸੰਬੰਧਤ ਨਿਆਂਪਾਲਿਕਾ ਦੇ ਕੰਮਕਾਜ ਪੰਜਾਬੀ ਭਾਸ਼ਾ `ਚ ਹੋਣ, ਲੋੜ ਹੋਵੇ ਤਾਂ ਹਿੰਦੀ, ਅੰਗਰੇਜ਼ੀ ਵਾਧੂ ਕਾਰਜ ਵਜੋਂ ਹੋਵੇ। ਸਾਰੇ ਸਰਕਾਰੀ, ਨਿੱਜੀ ਸਕੂਲਾਂ ਲਈ ਪੰਜਾਬੀ ਬੋਲਣਾ, ਪੜ੍ਹਾਉਣਾ ਲਾਜ਼ਮੀ ਹੋਵੇ। ਅਜਿਹਾ ਨਾ ਕਰਨਾ ਕਾਨੂੰਨੀ ਜੁਰਮ ਹੋਵੇ।
ਇਹ ਵੀ ਸੋਚਣ, ਵਿਚਾਰਨ ਵਾਲੀ ਗੱਲ ਹੈ ਕਿ ਅੱਜ ਮਾਂ ਬੋਲੀ ਲਈ ਫਿਕਰਮੰਦੀ ਵਾਲੀ ਸਭ ਤੋਂ ਵੱਧ ਆਵਾਜ਼ ਕਿੱਥੋਂ ਉਠ ਰਹੀ ਹੈ, ਪਰਵਾਸੀ ਪੰਜਾਬੀਆਂ ਵਿਚੋਂ, ਪੰਜਾਬ `ਚ ਰਹਿੰਦੇ ਵਸਦੇ ਲੋਕਾਂ ਦੀ ਵੱਡੀ ਗਿਣਤੀ ਲਈ ਇਹ ਕੋਈ ਖਾਸ ਮੁੱਦਾ ਹੀ ਨਹੀਂ ਹੈ ਸ਼ਾਇਦ।
ਅੱਜ ਅਸੀਂ ਨੌਜਵਾਨ ਪੀੜ੍ਹੀ `ਤੇ ਬੇਗਾਨਗੀ ਦਾ ਦੋਸ਼ ਲਾ ਰਹੇ ਹਾਂ ਪਰ ਇਹ ਵਿਸਰ ਰਹੇ ਹਾਂ ਕਿ ਇਹ ਬੇਗਾਨਗੀ ਅਸੀਂ ਆਪ ਹੀ ਤਾਂ ਦਿੱਤੀ ਹੈ। ਬੱਚੇ ਨੂੰ ਬਚਪਨ ਤੱਕ ਉਸੇ ਅਪਣੱਤ ਵਿਚ ਰੱਖਣ ਦੀ ਜ਼ਰੂਰਤ ਹੈ, ਜਿਸ ਵਿਚ ਉਹ ਆਪਣੇ-ਆਪ ਨਾਲ ਜੁੜਿਆ ਰਹਿ ਸਕੇ। ਉਸ ਨੂੰ ਆਪਣੇ ਆਲੇ-ਦੁਆਲੇ ਦੀ ਪਛਾਣ ਦੀ ਬੇਹੱਦ ਲੋੜ ਹੈ। ਆਪਣੀ ਮਾਤ ਭਾਸ਼ਾ ਰਾਹੀਂ ਬੱਚਾ ਆਪਣੇ ਵਿਰਸੇ ਨਾਲ ਜੁੜਦਾ ਹੈ ਅਤੇ ਆਪਣਾ ਵਿਰਸਾ ਹੀ ਬੱਚੇ ਵਿਚ ਅਪਣੱਤ ਦੇ ਅਹਿਸਾਸ ਵਿਕਸਿਤ ਕਰਦਾ ਹੈ। ਦੂਸਰੀਆਂ ਭਾਸ਼ਾਵਾਂ ਦਾ ਗਿਆਨ ਵੱਡਾ ਹੋ ਕੇ ਬੱਚਾ ਆਪਣੇ ਆਪ ਹੀ ਸਿੱਖਦਾ ਰਹਿੰਦਾ ਹੈ। ਸਾਡਿਆਂ ਸਮਿਆਂ ਵਿਚ ਹਿੰਦੀ ਤੀਸਰੀ ਜਮਾਤ ਤੋਂ ਅਤੇ ਅੰਗਰੇਜ਼ੀ ਛੇਵੀਂ ਜਮਾਤ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਸੀ। ਅਸੀਂ ਹਿੰਦੀ ਵੀ ਸਿੱਖ ਜਾਂਦੇ ਸਾਂ ਅਤੇ ਅੰਗਰੇਜ਼ੀ ਵੀ ਸਾਨੂੰ ਆਉਂਦੀ ਸੀ। ਉਸ ਸਮੇਂ ਇਨ੍ਹਾਂ ਭਾਸ਼ਾਵਾਂ ਵਿਚ ਵੱਡੀਆਂ ਡਿਗਰੀਆਂ ਸਮੇਤ ਇਨ੍ਹਾਂ ਭਾਸ਼ਾਵਾਂ ਦੇ ਮਾਧਿਅਮ ਵਾਲੀ ਪੜ੍ਹਾਈ ਵੀ ਅੱਜ ਵਾਂਗ ਹੀ ਹੋ ਜਾਂਦੀ ਸੀ। ਬੱਚੇ ਦੇ ਸਹੀ ਵਿਕਾਸ ਲਈ ਬੱਚੇ ਨੂੰ ਮਾਤ ਭਾਸ਼ਾ ਤੋਂ ਦੂਰ ਨਹੀਂ ਕਰਨਾ ਚਾਹੀਦਾ। ਉਸ ਨੂੰ ਆਪਣੇ ਵਿਰਸੇ ਨਾਲੋਂ ਤੋੜਨਾ ਕਿਸੇ ਤਰ੍ਹਾਂ ਵੀ ਨਾ ਤਾਂ ਬੱਚੇ ਦੇ ਹਿੱਤ ਵਿਚ ਹੈ ਅਤੇ ਨਾ ਹੀ ਸਮਾਜ ਦੇ ਹਿੱਤ ਵਿਚ ਹੋ ਸਕਦਾ ਹੈ।
ਪੱਛਮੀ ਦੇਸ਼ਾਂ ਨੂੰ ਜਾਣ ਦੀ ਹੋੜ ਨੇ ਸਾਡੇ ਬੱਚਿਆਂ ਦਾ ਅੰਗਰੇਜ਼ੀ ਭਾਸ਼ਾ ਵੱਲ ਝੁਕਾਅ ਵਧਾਇਆ ਹੈ। ਮਾਪਿਆਂ ਨੂੰ ਭਾਰਤ ਵਿਚ ਵਧ ਰਹੀ ਬੇਰੁਜ਼ਗਾਰੀ ਕਾਰਨ ਆਪਣੇ ਬੱਚਿਆਂ ਦਾ ਭਵਿੱਖ ਵਿਦੇਸ਼ ਵਿਚ ਸੁਰੱਖਿਅਤ ਲੱਗਦਾ ਹੈ। ਇਸ ਲਈ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਸਿਖਾਉਣ ਨੂੰ ਪਹਿਲ ਦਿੰਦੇ ਹਨ। ਪੰਜਾਬੀ ਭਾਸ਼ਾ ਸਰਕਾਰੀ ਬੇਰੁਖ਼ੀ ਦਾ ਵੀ ਸ਼ਿਕਾਰ ਹੋਈ ਹੈ ਕਿਉਂਕਿ ਸਰਕਾਰੀ ਭਾਸ਼ਾ ਹੁੰਦੇ ਹੋਏ ਵੀ ਬਹੁਤੇ ਵਿਭਾਗਾਂ ਵਿਚ ਬਹੁਤਾ ਕੰਮ ਮਾਂ-ਬੋਲੀ ਪੰਜਾਬੀ ਵਿਚ ਨਹੀਂ ਹੁੰਦਾ, ਉਦਾਹਰਨ ਵਜੋਂ ਅਦਾਲਤੀ ਕੰਮ ਜ਼ਿਆਦਾਤਰ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਸਭ ਤੋਂ ਵੱਡਾ ਕਾਰਨ ਸਾਡੀ ਆਪਣੀ ਮਾਨਸਿਕਤਾ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਪੰਜਾਬੀ ਅੱਜ ਦੇ ਮੁਕਾਬਲੇ ਵਾਲੇ ਦੌਰ ਦੀ ਭਾਸ਼ਾ ਨਹੀਂ ਹੈ।
ਸੋ ਅੱਜ ਲੋੜ ਹੈ ਉਹ ਹਰ ਸੰਭਵ ਕੋਸ਼ਿਸ਼ ਕਰਨ ਦੀ ਜਿਸ ਨਾਲ ਸਾਡੀ ਮਾਂ-ਬੋਲੀ ਉਚਾਈਆਂ ਦੇ ਸਿਖਰ `ਤੇ ਪਹੁੰਚ ਸਕੇ। ਸਭ ਤੋਂ ਪਹਿਲਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰੇਕ ਭਾਸ਼ਾ ਦਾ ਆਪਣਾ ਮਹੱਤਵ ਅਤੇ ਇਤਿਹਾਸ ਹੈ। ਇਸ ਲਈ ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ-ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾਉਣ ਵਾਲ਼ੇ ਲੋਕ ਆਪਣਾ ਵਿਰਸਾ ਗਵਾ ਬੈਠਦੇ ਹਨ। ਅੱਜ ਲੋੜ ਹੈ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਏ ਤਾਂ ਜੋ ਵਿਦਿਆਰਥੀਆਂ ਦਾ ਰੁਝਾਨ ਪੰਜਾਬੀ ਭਾਸ਼ਾ ਦੀ ਪੜ੍ਹਾਈ ਵੱਲ ਮੁੜ ਕੇਂਦਰਿਤ ਹੋਵੇ।
ਪੰਜਾਬੀ ਭਾਸ਼ਾ ਦੇ ਨਾਮ `ਤੇ ਬਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਿਸ ਦਾ ਮਕਸਦ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਹੈ, ਨੇ ਸਮੇਂ ਦੀ ਮੰਗ ਅਨੁਸਾਰ ਪੰਜਾਬੀ ਭਾਸ਼ਾ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ, ਤਾਂ ਜੋ ਇਸ ਦੀ ਵਰਤੋਂ ਕੰਪਿਊਟਰ ਦੀ ਦੁਨੀਆ ਵਿਚ ਆਸਾਨੀ ਨਾਲ ਹੋ ਸਕੇ ਜੋ ਸ਼ਲਾਘਾਯੋਗ ਕਾਰਜ ਹੈ ਪਰ ਲੋੜ ਹੈ ਇਨ੍ਹਾਂ ਕਾਰਜਾਂ ਨੂੰ ਘਰ-ਘਰ ਤਕ ਲੈ ਕੇ ਜਾਣ ਦੀ ਤਾਂ ਜੋ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਨ ਅਤੇ ਪੰਜਾਬੀ ਪੜ੍ਹਨ-ਲਿਖਣ ਅਤੇ ਬੋਲਣ ਵਿਚ ਮਾਣ ਮਹਿਸੂਸ ਕਰਨ, ਅਜਿਹੀਆਂ ਕੋਸ਼ਿਸ਼ਾਂ ਪੰਜਾਬ ਵਿਚ ਸਿੱਖਿਆ ਦੇ ਰਹੀਆਂ ਹੋਰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਵੀ ਕਰਨੀਆਂ ਚਾਹੀਦੀਆਂ ਹਨ।
ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਨਿੱਜੀ ਮੋਬਾਈਲ ਅਤੇ ਸੂਚਨਾ ਤਕਨੀਕੀ ਕੰਪਨੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਵੇਂ ਕਿ ਐਪਲ, ਗੂਗਲ ਅਤੇ ਹੋਰ ਐਂਡਰਾਇਡ ਕੰਪਨੀਆਂ ਨੇ ਵੀ ਆਪਣੇ ਸਾਫ਼ਟਵੇਅਰ ਤਿਆਰ ਕੀਤੇ ਹਨ, ਜਿਸ ਨਾਲ ਕੰਪਿਊਟਰ ਅਤੇ ਮੋਬਾਈਲ ਉੱਤੇ ਪੰਜਾਬੀ ਦੀ ਵਰਤੋਂ ਕਰਨ ਵਾਲੇ ਯੂਜ਼ਰ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸਾਨੂੰ ਵੀ ਆਪਣੀ ਮਾਂ-ਬੋਲੀ ਪ੍ਰਤੀ ਸੋਚ ਬਦਲਣ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਵੱਧ ਤੋਂ ਵੱਧ ਪੰਜਾਬੀ ਬੋਲੀ ਦੀ ਵਰਤੋਂ ਕਰਨ ਦੀ ਲੋੜ ਹੈ। ਉਦਾਹਰਨ ਵਜੋਂ ਸਾਡੇ ਖ਼ੁਸ਼ੀ ਅਤੇ ਗ਼ਮੀ ਦੇ ਸਮਾਗਮਾਂ ਦੇ ਸੱਦੇ ਪੱਤਰ ਪੰਜਾਬੀ ਵਿਚ ਛਪਵਾਈਏ। ਆਪਣੀਆਂ ਦੁਕਾਨਾਂ ਦੇ ਨਾਮ ਦੇ ਫਲੈਕਸ ਬੋਰਡ ਆਪਣੀ ਮਾਤ-ਭਾਸ਼ਾ ਵਿਚ ਲਿਖਵਾਉਣੇ ਚਾਹੀਦੇ ਹਨ, ਆਪਣੇ ਘਰਾਂ ਦੇ ਅੱਗੇ ਲੱਗੀਆਂ ਤਖ਼ਤੀਆਂ ਆਪਣੀ ਮਾਂ-ਬੋਲੀ ਵਿਚ ਹੋਣੀਆਂ ਚਾਹੀਦੀਆਂ ਹਨ। ਅਸੀਂ ਆਪਣੇ ਦਸਤਖ਼ਤ ਕਰਨ ਸਮੇਂ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਾਂ। ਜਦੋਂ ਤਕ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ `ਤੇ ਅੰਗਰੇਜ਼ੀ ਭਾਸ਼ਾ ਤੋਂ ਆਜ਼ਾਦ ਨਹੀਂ ਕਰਦੇ, ੳਦੋਂ ਤੱਕ ਪੰਜਾਬੀ ਦੀ ਹੋਂਦ ਨੂੰ ਖ਼ਤਰਾ ਬਣਿਆ ਰਹੇਗਾ।
ਹਰ ਭਾਸ਼ਾ ਦੇ ਸਾਹਿਤਕਾਰ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਪਾਉਂਦੇ ਹਨ। ਪੰਜਾਬੀ ਦੇ ਅਨੇਕਾਂ ਸਾਹਿਤਕਾਰਾਂ ਨੇ ਇਸ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਰਾਮ ਸਰੂਪ ਅਣਖੀ, ਗੁਰਸ਼ਰਨ ਸਿੰਘ, ਪਾਸ਼, ਨਰਿੰਦਰ ਕਪੂਰ, ਸੁਰਜੀਤ ਪਾਤਰ ਆਦਿ ਨੇ ਆਪਣੀਆਂ ਲਿਖਤਾਂ ਰਾਹੀਂ ਮਾਂ ਬੋਲੀ ਨੂੰ ਖਾਸ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ।
ਹਰ ਵਿਅਕਤੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿਚ ਆਪਣੀ ਸਕਾਰਾਤਮਿਕ ਭੂਮਿਕਾ ਨਿਭਾਉਂਦਾ ਰਹੇ। ਆਓ ਉਨ੍ਹਾਂ ਸ਼ੰਕਿਆਂ ਨੂੰ ਮਨਾਂ ਵਿਚੋਂ ਕੱਢੀਏ ਕਿ ਪੰਜਾਬੀ ਆਉਣ ਵਾਲੇ 50 ਸਾਲਾਂ ਵਿਚ ਖ਼ਤਮ ਹੋ ਜਾਵੇਗੀ। ਆਓ, ਅਸੀਂ ਆਪਣੀ ਮਾਂ ਬੋਲੀ ਨੂੰ ਦਿਲ ਤੋਂ ਅਪਣਾਈਏ, ਦਿਲੋਂ ਪਿਆਰ ਕਰੀਏ। ਫੇਰ ਇਸ ਨੂੰ ਕੋਈ ਵੀ ਸ਼ੈਅ ਖਤਮ ਨਹੀਂ ਕਰ ਸਕੇਗੀ।
ਮੇਰੀ ਆਨ ਤੇ ਸ਼ਾਨ ਪੰਜਾਬੀ,
ਹੈ ਮੇਰੀ ਜਿੰਦ ਜਾਨ ਪੰਜਾਬੀ।
ਮਾਸਟਰ ਪ੍ਰੇਮ ਸਰੂਪ ਛਾਜਲੀ
ਫੋਨ: 94171-34982