ਸੁਰਿੰਦਰ ਗੀਤ
ਸੁਰਿੰਦਰ ਗੀਤ ਦੀ ਕਹਾਣੀ ‘ਕੈਨੇਡਾ ਦੀ ਟਿਕਟ’ ਜਾਤੀ ਹੀ ਨਹੀਂ, ਜਮਾਤੀ ਪਾੜਿਆਂ ਦੀ ਬਾਤ ਵੀ ਪਾਉਂਦੀ ਹੈ। ਕੈਨੇਡਾ ਲਈ ਪਾਗਲ ਹੋਏ ਵੱਖ-ਵੱਖ ਪਾਤਰ ਵੱਖ-ਵੱਖ ਤਰ੍ਹਾਂ ਦਾ ਪਾਗਲਪਨ ਹੰਢਾਉਂਦੇ ਹਨ। ਇਨ੍ਹਾਂ ਪਾਤਰਾਂ ਦੇ ਮਨਾਂ ਅੰਦਰ ਸਵਾਰਥ ਦੀਆਂ ਗੰਢਾਂ ਬਹੁਤ ਪੀਢੀਆਂ ਬੱਝੀਆਂ ਹੋਈਆਂ ਹਨ।
ਰਾਖੀ ਨੂੰ ਹੋਸ਼ ਆ ਗਈ ਤੇ ਸਭ ਨੇ ਸੁੱਖ ਦਾ ਸਾਹ ਲਿਆ।
ਉਹ ਇਸ ਪਿੰਡ ਦੀ ਨੂੰਹ ਸੀ। ਜਦੋਂ ਵਿਆਹੀ ਆਈ ਸੀ ਤਾਂ ਸਾਰੇ ਪਿੰਡ ਵਿਚ ਉਸ ਦੇ ਸੁਹੱਪਣ ਦੀ ਚਰਚਾ ਸੀ। ਜਿਵੇਂ-ਜਿਵੇਂ ਉਸ ਬਾਰੇ ਪਤਾ ਲੱਗਿਆ, ਪਿੰਡ ਦੀਆਂ ਜ਼ਿੰਮੀਦਾਰ ਔਰਤਾਂ ਨੇ ਵੀ ਕਿਸੇ ਨਾ ਕਿਸੇ ਬਹਾਨੇ ਵਿਹੜੇ ਜਾ ਕੇ ਉਸ ਨੂੰ ਦੇਖਿਆ।
ਅੰਮਾ ਭਾਗੋ ਕਹਿਣ ਲੱਗੀ, ‘ਅੜਿਆ ਬਲਾਂ ਸੋਹਣੀ ਐ। ਲੱਗਦੀ ਨੀ ਉਹ ਏਸ ਜਾਤ ਦੀ। ਉਹ ਤਾਂ ਜੱਟੀਆਂ ਤੋਂ ਵੀ ਸੋਹਣੀ ਹੈ। ਨੀ ਗੋਰਾ ਚਿੱਟਾ ਰੰਗ, ਉਚੀ-ਲੰਮੀ, ਚਿੱਤ ਕਰਦਾ ਦੇਖੀ ਜਾਈਏ। ਮੈਂ ਤਾਂ ਪੂਰੇ ਦਸ ਰੁਪਏ ਸ਼ਗਨ ਦਿੱਤਾ।’
ਚਾਚੀ ਮਿੰਦਰ ਕੁਰ ਵਿਚੋਂ ਹੀ ਬੋਲ ਪਈ, ‘ਇਕੱਲੀ ਸ਼ਕਲ ਦੀ ਹੀ ਸੋਹਣੀ ਨੀ। ਤੁਸੀਂ ਤਾਂ ਭੈਣੇ ਜਾਣ ਲੱਗੀਆਂ ਨੇ ਮੈਨੂੰ ਦੱਸਿਆ ਨਹੀਂ। ਹਾਰ ਕੇ ਮੈਂ ਇਕੱਲੀ ਹੀ ਸ਼ਗਨ ਦੇਣ ਚਲੀ ਗਈ। ਨੀ ਉਹਨੇ ਤਾਂ ਮਿੰਟਾਂ ’ਚ ਭਾਂਡੇ ਮਾਂਜ ਕੇ ਰੱਖ’ਤੇ। ਚੁੰਨੀ ਦੀ ਬੁੱਕਲ ਇਉਂ ਮਾਰਦੀ ਆ ਜਿਵੇਂ ਮਹਾਰਾਣੀ ਹੋਵੇ। ਹਾਂਜੀ-ਹਾਂਜੀ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਐਂ।’
‘ਭਾਬੀ ਆਪਣੇ ਪਿੰਡ ’ਚ ਉਹਦੇ ਵਰਗੇ ਦੰਦ ਨੀ ਕਿਸੇ ਦੇ। ਜਿਵੇਂ ਚਿੱਟੇ ਮੋਤੀਆਂ ਦੀ ਲੜੀ ਹੋਵੇ।’ ਕਾਲਜ ਤੋਂ ਆਈ ਕਮਲ ਨੇ ਸਾਈਕਲ ਖੜ੍ਹਾ ਕਰਦਿਆਂ ਕਿਹਾ।
‘ਹਾਂ ਅੰਮਾ ਜੀ! ਚਰਨੇ ਚਮਿਆਰ ਦੀ ਤਾਂ ਕਿਸਮਤ ਹੀ ਨਰਾਲੀ ਐ। ਆਪ ਤਾਂ ਨਜ਼ਰ ਵਟੂ ਹੀ ਲਗਦੈ! ਵਹੁਟੀ ਹੀਰ ਵਰਗੀ ਲੈ ਆਇਆ!’
ਵਿਚੋਂ ਹੀ ਕਮਲ ਨਾਲ ਆਈ ਪਾੜ੍ਹੀ ਕੁੜੀ ਬਿੰਦਰ ਬੋਲ ਪਈ, ‘ਤਾਈ! ਉਹ ਹੀਰ ਵਰਗੀ ਨਹੀਂ, ਹੀਰ ਹੀ ਹੈ ਪਰ ਚਰਨਾ ਰਾਂਝਾ ਨਹੀਂ।’
‘ਆਹੋ ਪੁੱਤ! ਉਹਨੂੰ ਤਾਂ ਪੋਸਤ ਭੁੱਕੀ ਤੋਂ ਵਿਹਲ ਨਹੀਂ। ਕਮਾਈ ਘੱਟ ਕਰਦਾ ਆ ਤੇ ਖਰਚ ਵੱਧ ਕਰਦਾ ਹੈ। ਇਹਨੂੰ ਵਿਚਾਰੀ ਨੂੰ ਹੀ ਪਸ਼ੂਆਂ ਦੀਆਂ ਖੱਲਾਂ ਲਾਹੁਣੀਆਂ ਪੈਣੀਆਂ ਜਾਂ ਜੱਟਾਂ ਦਾ ਗੋਹਾ ਕੂੜਾ ਕਰਨਾ ਪੈਣਾ ਹੈ।’ ਅੰਮਾ ਨੇ ਖਿਚਵਾਂ ਸਾਹ ਲੈਂਦਿਆਂ ਕਿਹਾ।
ਮੱਥਾ ਟੇਕਦੀ ਅੰਮਾ ਜੀ ਕਹਿ ਕੇ ਸਿਰ ਤੋਂ ਖਾਲੀ ਟੋਕਰਾ ਥੱਲੇ ਕਰਦਿਆਂ ਭਾਬੀ ਕਮਲਜੀਤ ਬੋਲੀ, ‘ਅੰਮਾ ਜੀ, ਏਸ ਪਿੰਡ ’ਚ ਸਾਰੀਆਂ ਹੀ ਸੋਹਣੀਆਂ ਆਉਂਦੀਆਂ। ਤੁਹਾਡੇ ਮੁੰਡੇ ਹੀ ਕਾਣੇ-ਮੀਣੇ ਆ। ਪਤਾ ਨੀ ਕਿਹੜੇ ਮੋਤੀ ਪੁੰਨ ਕੀਤੇ ਆ ਤੁਹਾਡੇ ਪਿੰਡ ਦੇ ਮੁੰਡਿਆਂ ਨੇ ਤੇ ਮੁੰਡਿਆਂ ਦੀਆਂ ਮਾਂਵਾਂ ਨੇ।’
ਅੰਮਾ ਭਾਗੋ ਨੇ ਭਾਬੀ ਕਮਲਜੀਤ ਨੂੰ ਆਸੀਸ ਦਿੱਤੀ ਤੇ ਬੋਲੀ, ‘ਬਹੂ! ਗੱਲ ਤਾਂ ਤੇਰੀ ਸੱਚੀ ਆ। ਮੈਂ ਤਾਂ ਆਪ ਬਲਾਂ ਸੋਹਣੀ ਸੀ ਜਦੋਂ ਵਿਆਹੀ ਆਈ ਸੀ।’
ਸਾਰੀਆਂ ਖਿੜ-ਖਿੜਾ ਕੇ ਹੱਸਣ ਲੱਗ ਪਈਆਂ।
‘ਨੀ! ਉਹਦਾ ਤਾਂ ਨਾਂ ਹੀ ਬਾਹਲਾ ਸੋਹਣਾ ਹੈ।’ ਤਾਈ ਅਮਰੋ ਵਿਚੋਂ ਹੀ ਬੋਲ ਪਈ।
ਪਾੜ੍ਹੀ ਕੁੜੀ ਬੋਲੀ, ‘ਤਾਈ! ਸ਼ਹਿਰਾਂ ‘ਚ ਏਸੇ ਤਰ੍ਹਾਂ ਦੇ ਨਾਂ ਰੱਖਦੇ ਨੇ। ਰਾਖੀ ਨਾਂ ਹੈ ਉਸ ਦਾ। ਐਵੇਂ ਨਾ ਰੱਖੀ ਰੱਖੀ ਕਹਿਣ ਲੱਗ ਜਾਇਓ।’
ਸਾਰੀਆਂ ਨੂੰ ਰਾਖੀ ਨਾਂ ਬਹੁਤ ਹੀ ਸੋਹਣਾ ਲੱਗਦਾ ਸੀ।
ਚਰਨਾ ਆਪਣੀ ਵਹੁਟੀ ਨੂੰ ਲੁਕੋ-ਲੁਕੋ ਕੇ ਰੱਖਦਾ। ਉਸ ਨੂੰ ਪਤਾ ਸੀ ਕਿ ਰਾਖੀ ਦੇ ਹੁਸਨ ਦੇ ਚਰਚੇ ਸਾਰੇ ਪਿੰਡ ਵਿਚ ਹਨ। ਉਹ ਗੁਜ਼ਾਰੇ ਲਈ ਕੁਝ ਕੰਮ ਵੀ ਜ਼ਿਆਦਾ ਕਰਨ ਲੱਗ ਪਿਆ। ਆਪਣੀ ਬੇਬੇ ਨੂੰ ਇਕ ਦਿਨ ਚਰਨੇ ਨੇ ਆਖ ਹੀ ਦਿੱਤਾ, ‘ਬੇਬੇ, ਤੂੰ ਆਪ ਹੀ ਔਖੀ-ਸੌਖੀ ਹੋ ਕੇ ਹੱਟੀ ਤੋਂ ਸੌਦਾ-ਪੱਤਾ ਲੈ ਆਇਆ ਕਰ, ਰਾਖੀ ਨੂੰ ਨਾ ਭੇਜਿਆ ਕਰ। ਪਿੰਡ ਦੀ ਮੰਡੀਰ ਨੇ ਤਾਂ ਦੇਖਣਾ ਹੀ ਹੈ, ਸਾਲੇ ਬੁੱਢੇ ਵੀ ਅੱਖਾਂ ਪਾੜ-ਪਾੜ ਵਿੰਹਦੇ ਆ। ਹੀਰ-ਹੀਰ ਕਰਦੇ ਰਹਿੰਦੇ ਆ।’
ਰਾਖੀ ਘੱਟ-ਵੱਧ ਹੀ ਘਰੋਂ ਨਿਕਲਦੀ। ਗਰੀਬੀ-ਦਾਵੇ ਦਾ ਚੁੱਲ੍ਹਾ-ਚੌਂਕਾ ਸਾਂਭ ਛੱਡਦੀ, ਵਿਹੜੇ ‘ਚ ਬਹੁਕਰ ਮਾਰ ਲੈਂਦੀ, ਲੀੜੇ ਧੋ ਲੈਂਦੀ ਤੇ ਵਿਹਲੇ ਵੇਲੇ ਪੀੜ੍ਹੀਆਂ ਬੁਣ ਲੈਂਦੀ। ਛੋਟੀਆਂ-ਛੋਟੀਆਂ ਬੈਠਣ ਵਾਲੀਆਂ ਪੀੜ੍ਹੀਆਂ ਚਰਨਾ ਮੋਗੇ ਜਾ ਕੇ ਵੇਚ ਆਉਂਦਾ।
ਤੇ ਫਿਰ ਅਚਾਨਕ ਚਰਨੇ ਦੀ ਬੇਬੇ ਬਿਮਾਰ ਪੈ ਗਈ। ਚਰਨਾ ਆਪਣੀ ਮਾਂ ਨੂੰ ਆਪਣੇ ਮਾਮੇ ਕੋਲ ਲੈ ਗਿਆ। ਚਰਨੇ ਦਾ ਮਾਮਾ ਲੁਧਿਆਣੇ ਰਹਿੰਦਾ ਸੀ। ਉਨ੍ਹਾਂ ਸੋਚਿਆ, ਉਥੇ ਉਸ ਦੀ ਦਵਾ-ਦਾਰੂ ਚੰਗੀ ਹੋ ਜਾਊ। ਸ਼ਹਿਰ ‘ਚ ਚਰਨਾ ਤੇ ਰਾਖੀ ਕਿਸੇ ਫੈਕਟਰੀ ਵਿਚ ਕੰਮ ਕਰ ਲੈਣਗੇ। ਚਰਨੇ ਦਾ ਮਾਮਾ ਆਪ ਵੀ ਤਾਂ ਧਾਗਿਆਂ ਆਲੀ ਫੈਕਟਰੀ ਵਿਚ ਕੰਮ ਕਰਦਾ ਸੀ। ਓਥੇ ਹੀ ਫੋਰਮੈਨ ਨੂੰ ਕਹਿ-ਕਹਾ ਕੇ ਦੋਨਾਂ ਨੂੰ ਲਵਾ ਲਵੇਗਾ।
ਤਿੰਨੇ ਜਣੇ ਲੁਧਿਆਣੇ ਚਲੇ ਗਏ। ਛੋਟਾ ਜਿਹਾ ਕਿਰਾਏ ਦਾ ਕਮਰਾ ਮਿਲ ਗਿਆ। ਬੇਬੇ ਦੀ ਦਵਾ ਦਾਰੂ ਚਲਦੀ ਰਹੀ। ਬੇਬੇ ਚਾਰ ਪੰਜ ਸਾਲਾਂ ਦੀ ਭਿਅੰਕਰ ਬਿਮਾਰੀ ਭੋਗ ਕੇ ਰੱਬ ਨੂੰ ਪਿਆਰੀ ਹੋ ਗਈ। ਉਹ ਬੇਸ਼ਕ ਸ਼ਹਿਰ ’ਚ ਜਾ ਵਸੀ ਸੀ ਪਰ ਉਸ ਦਾ ਓਥੇ ਜੀਅ ਨਹੀਂ ਸੀ ਲੱਗਿਆ। ਉਹ ਹਰ ਵੇਲੇ ਪਿੰਡ ਦੀਆਂ ਰਾਹਾਂ ਵੱਲ ਦੇਖਦੀ ਰਹਿੰਦੀ ਤੇ ਮਰਨ ਤੋਂ ਪਹਿਲਾਂ ਚਰਨੇ ਨੂੰ ਕਹਿ ਗਈ ਕਿ ਮੇਰਾ ਸਸਕਾਰ ਪਿੰਡ ਕਰੀਂ। ਏਥੋਂ ਦੇ ਮੁਰਦਿਆਂ ਨੇ ਮੈਨੂੰ ਆਪਣੇ ਸੰਗ ਨੀ ਰਲਾਉਣਾ।
ਸੋ ਬੇਬੇ ਨਾਲ ਕੀਤੇ ਵਾਅਦੇ ਅਨੁਸਾਰ ਚਰਨਾ ਬੇਬੇ ਦੀ ਲਾਸ਼ ਪਿੰਡ ਲੈ ਆਇਆ। ਭੋਗ ਤੋਂ ਬਾਅਦ ਚਰਨੇ ਦਾ ਵੀ ਜੀਅ ਨਾ ਕੀਤਾ ਪਿੰਡ ਛੱਡ ਕੇ ਜਾਣ ਨੂੰ। ਜਿੰਨਾ ਕੁ ਸ਼ਹਿਰ ‘ਚੋਂ ਕਮਾਇਆ ਸੀ, ਉਹ ਬੇਬੇ ਦੀ ਦਵਾ ਦਾਰੂ ‘ਤੇ ਲੱਗ ਗਿਆ। ਰਾਖੀ ਦੇ ਕੁੜੀ ਹੋਈ ਅਤੇ ਹੋਣ ਸਾਰ ਹੀ ਮੁੱਕ ਗਈ। ਉਸ ਤੋਂ ਬਾਅਦ ਉਸ ਦੀ ਕੁੱਖ ਹਰੀ ਨਾ ਹੋਈ। ਡਾਕਟਰ ਨੇ ਜਵਾਬ ਦੇ ਦਿੱਤਾ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ। ਸ਼ਹਿਰ ਜਾਣਾ ਵੀ ਕਾਹਦੇ ਲਈ ਸੀ।
ਭੋਗ ਤੋਂ ਬਾਅਦ ਇਕ ਦਿਨ ਰਾਖੀ ਪਿੰਡ ਦੀ ਹੱਟੀ ‘ਤੇ ਖੜੀ ਸੀ। ਬਚਿੱਤਰ ਸਿੰਘ ਦੀ ਨਿਗਾਹ ਰਾਖੀ ‘ਤੇ ਪੈ ਗਈ। ਬਚਿੱਤਰ ਸਿਉਂ ਪਿੰਡ ਦਾ ਮੋਟਾ ਜ਼ਿਮੀਦਾਰ ਸੀ। ਜ਼ਮੀਨ ਜਾਇਦਾਦ ਖੁੱਲ੍ਹੀ ਸੀ। ਵੱਡਾ ਮੁੰਡਾ ਕਈ ਸਾਲਾਂ ਤੋਂ ਕੈਨੇਡਾ ਰਹਿੰਦਾ ਸੀ। ਬਚਿੱਤਰ ਸਿਉਂ ਆਪ ਵੀ ਕਈ ਸਾਲਾਂ ਤੋਂ ਕੈਨੇਡਾ ਜਾਣ-ਜਾਣ ਕਰਦਾ ਸੀ। ਬਚਿੱਤਰ ਸਿੰਘ ਦੇ ਕੈਨੇਡਾ ਰਹਿੰਦੇ ਪੁੱਤ ਨੇ ਆਪਣੇ ਪਿਉ ਬਚਿੱਤਰ ਸਿੰਘ, ਮਾਂ, ਛੋਟੇ ਭਰਾ ਤੇ ਇਕ ਭੈਣ ਦਾ ਅਪਲਾਈ ਕੀਤਾ ਹੋਇਆ ਸੀ।
ਰਾਖੀ ਨੂੰ ਦੇਖਦਿਆਂ ਹੀ ਬਚਿੱਤਰ ਸਿੰਘ ਦਾ ਮਨ ਹਰਾਮੀ ਹੋ ਗਿਆ। ਮਨ ’ਚ ਖਿਆਲ ਆਇਆ ਕਿ ਕਿਉਂ ਨਾ ਇਸ ਨੂੰ ਤੇ ਇਹਦੇ ਆਦਮੀ ਨੂੰ ਘਰ ਵਿਚ ਨੌਕਰ ਰੱਖ ਲਿਆ ਜਾਵੇ। ਪਹਿਲਾਂ ਇਨ੍ਹਾਂ ਦੀ ਬੁੜ੍ਹੀ ਅੜਿੱਕਾ ਸੀ। ਹੁਣ ਤਾਂ ਮੈਦਾਨ ਸਾਫ ਹੈ। ਮਰ ਗਈ ਮਗਰੋਂ ਲੱਥੀ। ਸੋ, ਉਸ ਨੇ ਬਿਨਾਂ ਵਕਤ ਗਵਾਏ ਚਰਨੇ ਦੇ ਘਰ ਦਾ ਦਰਵਾਜਾ ਜਾ ਖੜਕਾਇਆ। ਮਨ ਹਰਾਮੀ ਸੀ, ਇਸ ਕਰਕੇ ਆਪ ਹੀ ਕੰਮੀਆਂ ਦੇ ਵਿਹੜੇ ਚਲਾ ਗਿਆ, ਨਹੀਂ ਤਾਂ ਕਿਸੇ ਨੌਕਰ ਨੂੰ ਭੇਜਦਾ ਕਿ ਜਾਉ ਬੁਲਾ ਕੇ ਲਿਆਓ।
ਚਰਨਾ ਤੇ ਰਾਖੀ ਹੁਣ ਬਚਿੱਤਰ ਸਿੰਘ ਦੇ ਘਰ ਪੱਕੇ ਨੌਕਰ ਲੱਗ ਗਏ। ਚਰਨਾ ਖੇਤੀ ਦਾ ਅਤੇ ਰਾਖੀ ਘਰ ਦਾ ਗੂਹਾ-ਕੂੜਾ ਤੇ ਹੋਰ ਸਾਫ ਸਫਾਈ ਦਾ ਕੰਮ ਕਰ ਦਿੰਦੀ। ਹੌਲੀ-ਹੌਲੀ ਉਸ ਤੋਂ ਰੋਟੀ ਟੁੱਕ ਦਾ ਕੰਮ ਵੀ ਲੈਣ ਲੱਗੇ। ਬਚਿੱਤਰ ਸਿਉਂ ਉਨ੍ਹਾਂ ‘ਤੇ ਇੰਨਾ ਮਿਹਰਬਾਨ ਹੋ ਗਿਆ ਕਿ ਮਸ਼ੀਨਰੀ ਰੱਖਣ ਲਈ ਪਾਏ ਬਰਾਂਡੇ ’ਚ ਇਕ ਕਮਰਾ ਚਰਨੇ ਤੇ ਰਾਖੀ ਨੂੰ ਦੇ ਦਿੱਤਾ।
ਦਿਨਾਂ ਵਿਚ ਹੀ ਬਚਿੱਤਰ ਸਿੰਘ ਨੇ ਰਾਖੀ ਨਾਲ ਨੇੜਤਾ ਵਧਾ ਲਈ। ਉਹ ਉਸ ਦਾ ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਕਰਨ ਲੱਗਾ। ਜਦੋਂ ਵੀ ਮੌਕਾ ਮਿਲਦਾ, ਰਾਖੀ ਨੂੰ ਇਕੱਲੀ ਦੇਖ ਆਪਣੀ ਹਵਸ ਪੂਰੀ ਕਰ ਲੈਂਦਾ ਅਤੇ ਚਰਨੇ ਨੂੰ ਖੇਤ ਵਿਚ ਹੀ ਉਲਝਾਈ ਰੱਖਦਾ।
ਰਾਖੀ ਨੂੰ ਬਚਿੱਤਰ ਸਿੰਘ ਨੇ ਏਥੋਂ ਤੱਕ ਕਹਿ ਦਿੱਤਾ ਕਿ ਉਹ ਉਸ ਬਿਨਾਂ ਰਹਿ ਨਹੀਂ ਸਕਦਾ। ਕੈਨੇਡਾ ਜਾ ਕੇ ਉਹ ਉਸ ਦਾ ਅਪਲਾਈ ਕਰ ਦੇਵੇਗਾ। ਨਵਾਂ ਕਾਨੂੰਨ ਬਣਨ ਹੀ ਵਾਲਾ ਹੈ। ਫਿਰ ਉਹ ਵੀ ਓਥੇ ਜਾ ਕੇ ਐਸ਼ ਕਰੇਗੀ ਐਸ਼।
ਇਕ ਦਿਨ ਰਾਖੀ ਨੇ ਪੁੱਛ ਹੀ ਲਿਆ, ‘ਸਰਦਾਰਾ! ਓਥੇ ਜਾ ਕੇ ਮੈਂ ਕੀ ਕਰਾਂਗੀ?’
ਬਚਿੱਤਰ ਸਿਉਂ ਸ਼ਰਾਰਤੀ ਹਾਸਾ ਹੱਸਦਿਆਂ ਕਹਿਣ ਲੱਗਾ, ‘ਓਥੇ ਬਹੁਤ ਕੁਝ ਹੈ ਕਰਨ ਨੂੰ। ਓਥੇ ਪੜ੍ਹਾਈ-ਪੜੂਈ ਨੂੰ ਕੋਈ ਨੀ ਪੁੱਛਦਾ। ਓਥੇ ਸਾਰੇ ਬਰਾਬਰ ਹੀ ਹਨ। ਜੋ ਕੰਮ ਮੈਂ ਕਰਾਂਗਾ, ਉਹ ਹੀ ਤੂੰ ਕਰਨਾ ਹੈ। ਮੈਂ ਜਿਵੇਂ ਕਹਾਂ, ਕਰੀ ਜਾ। ਜ਼ਿੰਦਗੀ ਬਣ ਜੂ ਥੋਡੀ ਤੇ ਫਿਰ ਕਾਰ ਲੈ ਕੇ ਪਿੰਡ ਆਵੀਂ ਟੌਹਰ ਨਾਲ।’
ਰਾਖੀ ਤਾਂ ਕੈਨੇਡਾ ਦੇ ਸੁਪਨੇ ਲੈਣ ਲੱਗੀ ਤੇ ਕਦੇ ਕਦੇ ਚਰਨੇ ਨੂੰ ਆਖ ਦਿੰਦੀ ਕਿ ਧਿਆਨ ਨਾਲ ਕੰਮ ਕਰਿਆ ਕਰ। ਸਰਦਾਰ ਆਪਣੇ ਤੇ ਬਹੁਤ ਮੇਹਰਵਾਨ ਹੈ। ਆਪਾਂ ਨੂੰ ਕੈਨੇਡਾ ਮੰਗਵਾ ਲਊਗਾ। ਕਿਸੇ ਗੱਲੋਂ ਸਰਦਾਰ ਨੂੰ ਨਰਾਜ਼ ਨਾ ਕਰ ਬੈਠੀਂ।
ਡੇਢ ਸਾਲ ਰਾਖੀ ਲਗਾਤਾਰ ਬਚਿੱਤਰ ਸਿੰਘ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ। ਜੇ ਮਨ ਵਿਚ ਸ਼ੱਕ ਪੈਦਾ ਹੁੰਦਾ ਤਾਂ ਝੱਟ ਹੀ ਦੂਸਰੇ ਪਾਸੇ ਸੋਚਣ ਲੱਗ ਪੈਂਦੀ। ਹੁਣ ਤੱਕ ਉਸ ਨੇ ਦੇਖਿਆ ਵੀ ਕੀ ਹੈ, ਸਿਵਾਇ ਗਰੀਬੀ ਤੇ ਸੁੱਕੇ ਟੁੱਕਰਾਂ ਦੇ। ਕੈਨੇਡਾ ਜਾ ਕੇ ਉਹ ਆਪਣੇ ਭੈਣ ਭਰਾਵਾਂ ਨੂੰ ਮੰਗਵਾ ਲਵੇਗੀ ਤੇ ਉਹ ਵੀ ਪਿੰਡ ’ਚ ਕੋਠੀ ਪਾ ਕੇ ਸਰਦਾਰ ਅਖਵਾਇਆ ਕਰਨਗੇ। ਆਪਣੇ ਨਾਲੋਂ ਜਿਆਦਾ ਆਪਣੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਲਈ ਜੀਅ ਰਹੀ ਸੀ।
ਬਚਿੱਤਰ ਸਿੰਘ ਦੇ ਟੱਬਰ ਦਾ ਵੀਜ਼ਾ ਆ ਗਿਆ। ਨਵੇਂ ਲੀੜੇ-ਲੱਤੇ ਤੇ ਨਵੇਂ ਸੂਟ ਕੇਸ ਖਰੀਦੇ ਗਏ। ਬਚਿੱਤਰ ਸਿੰਘ ਦੀ ਘਰਵਾਲੀ ਰੋਜ਼ ਹੀ ਸ਼ਹਿਰ ਜਾਂਦੀ ਤੇ ਨਿੱਕ-ਸੁੱਕ ਨਾਲ ਲੱਦੀ ਆਉਂਦੀ। ਰਾਖੀ ਸੋਚਦੀ ਕਿ ਉਹ ਵੀ ਇਉਂ ਹੀ ਸਮਾਨ ਖਰੀਦੇਗੀ। ਅੱਜ ਤੱਕ ਤਾਂ ਉਸ ਨੇ ਲੋਕਾਂ ਦੇ ਲਾਹੇ ਹੀ ਪਾਏ ਸਨ।
ਸੀਟਾਂ ਬੁੱਕ ਹੋ ਗਈਆਂ। ਬਚਿੱਤਰ ਸਿੰਘ ਨੇ ਰਾਖੀ ਨੂੰ ਹੋਰ ਵੀ ਪੱਕਾ ਕਰ ਦਿੱਤਾ ਕਿ ਉਹ ਬੇਬੇ ਅਤੇ ਘਰ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰੇ। ਵਕੀਲ ਨੇ ਦੱਸਿਆ ਹੈ ਕਿ ਛੇਤੀ ਹੀ ਨਵਾਂ ਕਾਨੂੰਨ ਬਣ ਜਾਣੈ ਤੇ ਫਿਰ ਥੋਡਾ ਦੋਨਾਂ ਜੀਆਂ ਤੇ ਬੇਬੇ ਦਾ ਅਪਲਾਈ ਕਰ ਦੂੰਗਾ।
ਰਾਖੀ ਹੱਸ ਪਈ, ‘ਬੇਬੇ ਕਿਵੇਂ ਜਾਊ। ਉਹ ਤਾਂ ਜਹਾਜ਼ ਵਿਚ ਬੈਠ ਨੀ ਸਕਦੀ।’
‘ਉਹ ਤੂੰ ਫਿਕਰ ਨਾ ਕਰ। ਬੇਬੇ ਨੂੰ ਪੈਣ ਵਾਲੀ ਸੀਟ ਲੈ ਦੇਵਾਂਗੇ।’
ਬਚਿੱਤਰ ਸਿੰਘ, ਉਸ ਦੇ ਘਰ ਵਾਲੀ ਤੇ ਮੁੰਡਾ ਕੈਨੇਡਾ ਚਲੇ ਗਏ। ਹੁਣ ਚਰਨਾ, ਰਾਖੀ ਤੇ ਬਚਿੱਤਰ ਸਿਉਂ ਦੀ ਬੇਬੇ ਰਹਿ ਗਏ ਘਰ ਵਿਚ। ਰਾਖੀ ਬੇਬੇ ਦੀ ਪੂਰੀ ਸਾਂਭ-ਸੰਭਾਲ ਕਰਦੀ। ਸਮੇਂ ਸਿਰ ਦਵਾ-ਦਾਰੂ ਤੇ ਘਰ ਨੂੰ ਸਾਫ ਸੁੱਥਰਾ ਰੱਖਦੀ। ਉਹ ਬਚਿੱਤਰ ਸਿੰਘ ਤੋਂ ਕਿਸੇ ਵੀ ਕਿਸਮ ਦਾ ਉਲਾਂਭਾ ਨਹੀਂ ਸੀ ਲੈਣਾ ਚਾਹੁੰਦੀ।
ਆਂਢ-ਗੁਆਂਢ ਦੀਆਂ ਬੁੜੀਆਂ ਨੂੰ ਰਾਖੀ ਤੇ ਬਚਿੱਤਰ ਸਿਉਂ ਦੇ ਸੰਬੰਧਾਂ ਦੀ ਭਿਣਕ ਪੈ ਗਈ। ਜਦੋਂ ਬਚਿੱਤਰ ਸਿਉਂ ਏਥੇ ਸੀ ਤਾਂ ਆਪਸ ਵਿਚ ਘੁਸਰ-ਮੁਸਰ ਕਰਦੀਆਂ ਰਹਿੰਦੀਆਂ ਪਰ ਉਸ ਦੇ ਕੈਨੇਡਾ ਜਾਣ ਤੋਂ ਬਾਅਦ ਇਕ ਦੂਸਰੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਈਆਂ। ਕਦੇ-ਕਦੇ ਕੋਈ ਔਰਤ ਰਾਖੀ ਨੂੰ ਮਸ਼ਕਰੀ ਜਿਹੀ ’ਚ ਪੁੱਛ ਲੈਂਦੀ ਕਿ ਉਸ ਨੇ ਕਦੋਂ ਜਾਣਾ ਹੈ ਕੈਨੇਡਾ।
ਰਾਖੀ ਬੜੇ ਚਾਅ ਨਾਲ ਦੱਸਦੀ ਕਿ ਨਵਾਂ ਕਾਨੂੰਨ ਬਣਨ ਹੀ ਵਾਲਾ ਹੈ।
ਏਸੇ ਤਰ੍ਹਾਂ ਚਰਨੇ ਨੂੰ ਲੋਕ ਟਿੱਚਰਾਂ ਕਰਦੇ। ਇਕ ਦਿਨ ਅਮਲੀ ਭਜਨਾ ਕਹਿਣ ਲੱਗਾ, ‘ਚਰਨਿਆ! ਕੈਨੇਡਾ ਜਾ ਕੇ ਮੈਨੂੰ ਅੰਗਰੇਜ਼ੀ ਸ਼ਰਾਬ ਦੀ ਬੋਤਲ ਜ਼ਰੂਰ ਭੇਜੀਂ!’ ਤੇ ਦੂਸਰਾ ਵਿਚੋਂ ਹੀ ਬੋਲ ਪਿਆ, ‘ਓਏ! ਇਹ ਨੀ ਆਪਣੇ ਨਾਲ ਰਲਦਾ। ਇਹ ਤਾਂ ਹੁਣ ਉਡੂੰ-ਉਡੂੰ ਕਰਦੈ।’
ਸਾਲ ਬਾਅਦ ਬਚਿੱਤਰ ਸਿਉਂ ਪਿੰਡ ਵਾਪਿਸ ਆ ਗਿਆ। ਉਸ ਦੀ ਘਰ ਵਾਲੀ ਓਥੇ ਹੀ ਰਹੀ। ਪੋਤਾ ਤੇ ਪੋਤੀ ਸਕੂਲ ਜਾਂਦੇ ਸਨ। ਉਨ੍ਹਾਂ ਨੂੰ ਵੀ ਤਾਂ ਕਿਸੇ ਨੇ ਸਾਂਭਣਾ ਸੀ। ਬਚਿੱਤਰ ਸਿਉਂ ਨੇ ਜ਼ਮੀਨ ਦਾ ਠੇਕਾ ਇਕੱਠਾ ਕਰਨਾ ਸੀ। ਇਸ ਲਈ ਆਉਣਾ ਪਿਆ।
ਰਾਖੀ ਵਾਸਤੇ ਉਹ ਚੰਗੇ ਲੀੜੇ-ਕੱਪੜੇ ਲੈ ਆਇਆ। ਕੈਨੇਡਾ ਦੇ ਹਿਸਾਬ ਨਾਲ ਭਾਵੇਂ ਉਹ ਸਟੋਰਾਂ ‘ਤੇ ਪਈ ਰਹਿੰਦ-ਖੂੰਹਦ ਹੀ ਸੀ ਪਰ ਰਾਖੀ ਤੇ ਚਰਨੇ ਵਾਸਤੇ ਬਹੁਤ ਕੀਮਤੀ ਸਨ। ਇਹੋ ਜਿਹੇ ਲੀੜੇ ਤਾਂ ਰਾਖੀ ਨੇ ਦੂਰੋਂ ਹੀ ਦੇਖੇ ਸਨ ਤੇ ਅੱਜ ਉਹ ਖੁਦ ਪਾਈ ਫਿਰਦੀ ਸੀ। ਬਚਿੱਤਰ ਸਿਉਂ ਰਾਖੀ ਨੂੰ ਖੁਸ਼ ਕਰਨ ਲਈ ਰਾਖੀ ਦੀ ਮੁੱਠੀ ਵਿਚ ਦੂਜੇ-ਤੀਜੇ ਦਿਨ ਹਜ਼ਾਰ ਦੋ ਹਜ਼ਾਰ ਰੁਪਏ ਦੇ ਦਿੰਦਾ। ਰਾਖੀ ਸਾਂਭ ਕੇ ਰੱਖ ਲੈਂਦੀ ਕਿ ਕੈਨੇਡਾ ਦੀ ਟਿਕਟ ਅਤੇ ਹੋਰ ਨਿੱਕ-ਸੁੱਕ ਖਰੀਦਣ ਵਾਸਤੇ ਪੈਸਿਆਂ ਦੀ ਲੋੜ ਪੈਣੀ ਹੈ। ਉਸ ਨੂੰ ਭਾਵੇਂ ਯਕੀਨ ਸੀ ਕਿ ਬਚਿੱਤਰ ਸਿਉਂ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ, ਫਿਰ ਵੀ ਆਪਣੇ ਕੋਲ ਕੁਝ ਹੋਣਾ ਚਾਹੀਦਾ ਹੈ।
‘ਬਚਿੱਤਰ ਸਿਆਂ ਘਰੇ ਈ ਹੈਂ?’ ਖੁੱਲ੍ਹੇ ਪਏ ਗੇਟ ਅੰਦਰ ਆਉਂਦੇ ਨਿਰਮਲ ਸਿਉਂ ਨੇ ਆਵਾਜ਼ ਮਾਰੀ।
‘ਹਾਂ ਆ ਜਾ ਨਿਰਮਲ ਸਿਆਂ।’ ਦੋਨੋਂ ਬਚਿੱਤਰ ਦੇ ਕਮਰੇ ਨਾਲ ਲੱਗਦੇ ਬਰਾਂਡੇ ’ਚ ਪਈਆਂ ਕੁਰਸੀਆਂ ‘ਤੇ ਬੈਠ ਗਏ।
ਰਾਖੀ ਬਚਿੱਤਰ ਸਿੰਘ ਦੇ ਕਮਰੇ ਵਿਚ ਉਸ ਦੇ ਲੀੜੇ-ਕੱਪੜੇ ਸੰਭਾਲ ਰਹੀ ਸੀ। ਨਿਰਮਲ ਨੂੰ ਦੇਖ ਕੇ ਉਸ ਨੇ ਪੈਰ ਮਲ ਲਏ ਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਈ।
ਬਚਿੱਤਰ ਸਿੰਘ ਸਮਝ ਰਿਹਾ ਸੀ ਕਿ ਰਾਖੀ ਉਸ ਦੀ ਮਾਂ ਦੀ ਸੇਵਾ ਸੰਭਾਲ ’ਚ ਲੱਗੀ ਹੋਈ ਹੈ। ਉਸ ਨੂੰ ਭੋਰਾ ਵੀ ਕਿਆਸ ਨਹੀਂ ਸੀ ਕਿ ਰਾਖੀ ਸਾਰਾ ਵਾਰਤਾਲਾਪ ਸੁਣ ਰਹੀ ਹੈ।
ਨਿਰਮਲ ਸਿੰਘ ਬਚਿੱਤਰ ਸਿੰਘ ਦਾ ਲੰਗੋਟੀਆ ਯਾਰ ਸੀ। ਇਕ ਦੂਸਰੇ ਦੇ ਭੇਤੀ ਸਨ। ਕਿਸੇ ਵੇਲੇ ਇਕੱਠੇ ਸਕੂਲ ਪੜ੍ਹਦੇ ਰਹੇ ਸਨ। ਓਦੋਂ ਵੀ ਉਨ੍ਹਾਂ ਦੀ ਚੰਗੀ ਬਣਦੀ ਸੀ ਅਤੇ ਅੱਜ ਵੀ ਇਕ-ਦੂਸਰੇ ਦੇ ਵਫਾਦਾਰ ਸਨ।
ਰਸਮੀ ਜਿਹੀ ਗੱਲਬਾਤ ਤੋਂ ਬਾਅਦ ਨਿਰਮਲ ਸਿਉਂ ਨੇ ਕਹਿਣਾ ਸ਼ੁਰੂ ਕੀਤਾ, ‘ਮੈਂ ਸੁਣਿਆ ਤੂੰ ਆਪਣੇ ਨੌਕਰਾਂ ਤੇ ਬੇਬੇ ਦਾ ਅਪਲਾਈ ਕਰਨਾ ਆ। ਬੇਬੇ ਦੀ ਗੱਲ ਤਾਂ ਮੈਂ ਸਮਝਦਾਂ ਪਰ ਨੌਕਰਾਂ ਨੂੰ ਕਿਹੜੇ ਕਾਨੂੰਨ ’ਚ ਲੈ ਕੇ ਜਾਵੇਂਗਾ। ਸੋਚਿਆ, ਪੁੱਛ ਕੇ ਆਉਨਾ ਬਚਿੱਤਰ ਸਿਉਂ ਤੋਂ। ਮੈਂ ਵੀ ਸੋਚਦਾਂ, ਕੋਈ ਬੰਦਾ ਰਿਸ਼ਤੇਦਾਰੀ ‘ਚੋਂ ਏਸ ਤਰ੍ਹਾਂ ਲੰਘਾ ਲਈਏ। ਰਿਸ਼ਤੇਦਾਰਾਂ ਨੂੰ ਝਾਕ ਰਹਿੰਦੀ ਆ ਬਈ ਸਾਡਾ ਵੀ ਕੋਈ ਕੋਈ ਧੀ ਪੁੱਤ ਬਾਹਰ ਕੱਢਣਗੇ।’
ਹੁਣ ਰਾਖੀ ਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ। ਵਰ੍ਹਿਆਂ ਦੀ ਉਡੀਕ ਬਾਅਦ ਅਸਲੀ ਗੱਲ ਉਸ ਦੇ ਕੰਨੀਂ ਪੈਣੀ ਸੀ ਕਿ ਕਦੋਂ ਕਾਨੂੰਨ ਬਣਨਾ ਹੈ।
ਬਚਿੱਤਰ ਸਿਉਂ ਹੱਸਿਆ ਤੇ ਕਹਿਣ ਲੱਗਾ, ‘ਯਾਰ! ਤੂੰ ਵੀ ਭੋਲਾ ਹੀ ਰਿਹਾ। ਕਿਹੜਾ ਕਾਨੂੰਨ ਤੇ ਕੀਹਨੇ ਕਿਸ ਨੂੰ ਮੰਗਵਾਉਣਾ ਹੈ। ਸਾਲੀ ਦਿਲ ਨੂੰ ਚੰਗੀ ਲੱਗ ਗਈ। ਟਾਈਮ ਪਾਸ ਕਰਨਾ ਸ਼ੁਰੂ ਕਰ ਦਿੱਤਾ। ਜੇ ਤੂੰ ਦੇਖੇਂ, ਤੂੰ ਵੀ ਲੱਟੂ ਹੋ ਜਾਵੇਂ। ਜਿੰਨਾ ਚਿਰ ਚੱਲੀ ਜਾਂਦੀ ਆ, ਚੱਲੀ ਜਾਣ ਦਿਉ। ਇਕ ਦਿਨ ਆਪੇ ਏਹਨੂੰ ਪਤਾ ਲੱਗ ਜੂ। ਨਾਲੇ ਯਾਰ, ਬੇਬੇ ਦਾ ਬਹੁਤ ਔਖਾ ਸੀ। ਏਸ ਕਰਕੇ ਮੈਨੂੰ ਇਹ ਲਾਰਾ ਲਾਉਣਾ ਪਿਆ। ਇਨ੍ਹਾਂ ‘ਤੇ ਤਸੱਲੀ ਹੈ, ਹੋਰ ਕਿਸੇ ‘ਤੇ ਯਕੀਨ ਕਰਨਾ ਔਖਾ ਹੈ, ਇਨ੍ਹਾਂ ਦੇ ਸਿਰ ‘ਤੇ ਬੇਬੇ ਦਾ ਫਿਕਰ ਨੀ ਰਹਿੰਦਾ।
‘ਅੱਛਾ! ਮੈਂ ਵੀ ਆਖਿਆ ਮੈਨੂੰ ਤਾਂ ਜਵਾਕਾਂ ਨੇ ਨਵੇਂ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰੋਜ਼ ਫੋਨ ਕਰਕੇ ਪੁੱਛਦਾਂ ਬਈ ਜੇ ਕਿਤੇ ਕਿਸੇ ਰਿਸ਼ਤੇਦਾਰ ਦਾ ਕੰਮ ਬਣ ਜੇ।’
ਦੋਨੋਂ ਜਾਣੇ ਹੱਸਣ ਲੱਗੇ। ਰਾਖੀ ਹੌਲੀ ਜਿਹੀ ਪਰਲੇ ਦਰਵਾਜ਼ੇ ਰਾਹੀਂ ਕਮਰੇ ‘ਚੋਂ ਬਾਹਰ ਨਿਕਲ ਗਈ। ਬਚਿੱਤਰ ਸਿਉਂ ਨੂੰ ਸ਼ੱਕ ਤਾਂ ਪਈ ਬਈ ਰਾਖੀ ਕਮਰੇ ‘ਚੋਂ ਬਾਹਰ ਗਈ ਹੈ ਹੁਣੇ-ਹੁਣੇ।
ਨਿਰਮਲ ਉਠ ਖੜ੍ਹਾ ਹੋਇਆ। ਬਚਿੱਤਰ ਸਿਉਂ ਨੇ ਮਲ੍ਹਵੀ ਜਿਹੀ ਆਵਾਜ਼ ’ਚ ਕਿਹਾ ਕਿ ਚਾਹ ਪੀ ਕੇ ਜਾਵੇ। ਦਰਅਸਲ, ਉਸ ਨੂੰ ਡਰ ਹੋ ਗਿਆ ਸੀ ਕਿ ਕਿਤੇ ਅੱਜ ਹੀ ਨਾ ਪਟਾਕਾ ਪੈ ਜਾਵੇ। ਜਿਉਂ ਹੀ ਨਿਰਮਲ ਸਿੰਘ ਘਰੋਂ ਨਿਕਲਿਆ, ਰਾਖੀ ਆ ਗਰਜੀ।
‘ਕਿਉਂ ਸਰਦਾਰਾ ਅੱਜ ਮੈਨੂੰ ਦੱਸ ਹੀ ਦੇ ਕਿ ਤੇਰਾ ਨਵਾਂ ਕਾਨੂੰਨ ਕਦੋਂ ਬਣਨਾ ਹੈ ਤੇ ਤੂੰ ਸਾਡੀ ਚਿੱਠੀ ਕਦੋਂ ਭਰਨੀ ਹੈ?’
ਬਚਿੱਤਰ ਸਿੰਘ ਸਹਿਮ ਗਿਆ ਸੀ ਕਿ ਕੀ ਜਵਾਬ ਦੇਵੇ।
‘ਨਾ ਬੋਲ ਹੁਣ! ਅੱਜ ਕਰ ਹੀ ਲੈ ਪੱਕੀ ਗੱਲ।’
ਬਚਿੱਤਰ ਸਿਉਂ ਤਾੜ ਗਿਆ ਕਿ ਰਾਖੀ ਨੇ ਸਾਰੀ ਗੱਲ ਸੁਣ ਲਈ ਹੈ। ਉਹ ਫੋਕਾ ਰੋਹਬ ਪਾਉਣ ਦੇ ਲਹਿਜੇ ਵਿਚ ਬੋਲਿਆ, ‘ਜੇ ਏਸ ਤਰ੍ਹਾਂ ਲੋਕ ਜਾਤਾਂ-ਕੁਜਾਤਾਂ ਨੂੰ ਕੈਨੇਡਾ ਮੰਗਵਾਉਣ ਲੱਗੇ ਤਾਂ ਸਰ ਗਿਆ। ਪਾਸਪੋਰਟ ਬਣਵਾ ਕੇ ਰੱਖੀਂ। ਜਹਾਜ਼ ਵੀ ਨਵਾਂ ਬਣਨਾ ਤੇਰੇ ਲਈ। ਝੜੰਮ ਕਿਸੇ ਥਾਂ ਦੀ। ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ।’
ਰਾਖੀ ਨੇ ਬਚਿੱਤਰ ਸਿਉਂ ਦੇ ਗਲਮੇ ਨੂੰ ਹੱਥ ਪਾ ਲਿਆ ਤੇ ਪਤਾ ਹੀ ਨਾ ਲੱਗਿਆ ਜਦੋਂ ਉਸ ਨੇ ਤਾੜ-ਤਾੜ ਕਰਦੀਆਂ ਅਣਗਿਣਤ ਚਪੇੜਾਂ ਉਸ ਦੇ ਮੂੰਹ ‘ਤੇ ਜੜ ਦਿੱਤੀਆਂ।
ਬਚਿੱਤਰ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ‘ਕੁੱਤੀ…ਹਰਾਮਜ਼ਾਦੀ…ਝੜੰਮ…ਤੇਰੀ ਮਾਂ ਨੂੰ…ਤੇਰੀ ਭੈਣ ਨੂੰ…। ਸਾਲੀ ਖਾਂਦੀ ਪੀਂਦੀ ਮੱਛਰ ਗਈ। ਖਾਣ ਦੀ ਕੁੱਤੀ…ਖਾ-ਪੀ ਕੇ ਕਿਵੇਂ ਭੌਂਕਦੀ ਆ?’
ਚਰਨਾ ਵੀ ਮੱਝ ਨੂੰ ਪੱਠੇ ਪਾਉਂਦਾ-ਪਾਉਂਦਾ ਆ ਗਿਆ। ਰਾਖੀ ਨੇ ਰੋਂਦੀ-ਰੋਂਦੀ ਨੇ ਚਰਨੇ ਦੀ ਬਾਂਹ ਫੜ ਕੇ ਕਹਿਣਾ ਸ਼ੁਰੂ ਕੀਤਾ, ‘ਏਸ ਦਰਿੰਦੇ ਨੇ ਏਨੇ ਵਰ੍ਹੇ ਮੇਰੇ ਨਾਲ ਖੇਹ ਖਾਧੀ। ਮੇਰੀ ਗਰੀਬੀ ਦਾ ਫਾਇਦਾ ਉਠਾਇਆ। ਮੈਨੂੰ ਲਾਰਾ ਲਾਉਂਦਾ ਰਿਹਾ ਕੈਨੇਡਾ ਦਾ।’
ਤੇ ਫਿਰ ਬਚਿੱਤਰ ਸਿਉਂ ਵੱਲ ਹੱਥ ਕਰਕੇ ਬੋਲੀ, ‘ਹਰਾਮਜ਼ਾਦਿਆ। ਤੈਨੂੰ ਕਿਤੇ ਢੋਈ ਨੀ ਮਿਲਣੀ। ਦੇਖੀਂ ਕੀੜੇ ਪੈ ਕੇ ਮਰੇਂਗਾ। ਕੁੱਤਾ ਬਦਮਾਸ਼। ਭੈਣ ਦਾ…। ਸਾਡੀ ਗਰੀਬਾਂ ਦੀ ਆਹ ਤੈਨੂੰ ਲੱਗ ਕੇ ਰਹੂਗੀ।’
ਰੌਲਾ ਸੁਣ ਕੇ ਆਂਢ-ਗਆਂਢ ਇਕੱਠਾ ਹੋ ਗਿਆ। ਬੇਇਜ਼ਤੀ ਹੁੰਦੀ ਦੇਖ ਬਚਿੱਤਰ ਸਿੰਘ ਨੇ ਪੂਰੇ ਜ਼ੋਰ ਨਾਲ ਰਾਖੀ ਨੂੰ ਧੱਕਾ ਦਿੱਤਾ ਤੇ ਰਾਖੀ ਦਾ ਸਿਰ ਨੇੜੇ ਪਏ ਪੱਥਰ ਦੇ ਗਮਲੇ ’ਚ ਜਾ ਵੱਜਿਆ। ਚਰਨੇ ਨੇ ਭੱਜ ਕੇ ਰਾਖੀ ਨੂੰ ਚੁੱਕਿਆ। ਉਹ ਬੇਹੋਸ਼ ਹੋ ਗਈ ਸੀ। ਕਿਸੇ ਨੇ ਉਸ ਦੇ ਪੈਰ ਮਲੇ, ਕਿਸੇ ਨੇ ਤਲੀਆਂ, ਕਿਸੇ ਨੇ ਸਿਰ ਟੋਹਿਆ। ਕੋਈ ਦੁੱਧ ’ਚ ਘਿਉ ਪਾ ਕੇ ਲੈ ਆਇਆ ਤੇ ਕੋਈ ਡਾਕਟਰ ਵੱਲ ਭੱਜਿਆ। ਗੱਲ ਕੀ, ਸਾਰਾ ਆਂਢ-ਗੁਆਂਢ ਭੱਜਿਆ ਫਿਰਦਾ ਸੀ।
ਰਾਖੀ ਨੂੰ ਹੋਸ਼ ਤਾਂ ਆ ਗਈ ਪਰ ਉਸ ਦਿਨ ਤੋਂ ਉਹ ਪਿੰਡ ਦੀ ਪਾਗਲ ਔਰਤ ਬਣ ਗਈ। ਉਸ ਦੇ ਵਾਲ ਸਦਾ ਖਿਲਰੇ ਰਹਿੰਦੇ ਤੇ ਲੀੜੇ ਥਾਂ-ਥਾਂ ‘ਤੋਂ ਪਾਟੇ। ਨਾ ਕਦੇ ਨਹਾਉਂਦੀ, ਨਾ ਕਦੇ ਮੂੰਹ ਧੋਂਦੀ। ਜੋ ਮਿਲਦਾ, ਖਾ ਲੈਂਦੀ। ਜਿੱਥੇ ਨੀਂਦ ਆ ਜਾਂਦੀ, ਸੌਂ ਜਾਂਦੀ।
ਮੋਢੇ ’ਤੇ ਪੁਰਾਣਾ ਬੈਗ ਲਟਕਾਈ ਗਲੀਆਂ ‘ਚ ਫਿਰਦੀ ਰਹਿੰਦੀ ਤੇ ਹਰ ਕਿਸੇ ਨੂੰ ਆਖਦੀ ਕਿ ਉਹ ਕੈਨੇਡਾ ਚਲੀ ਹੈ। ਕੈਨੇਡਾ… ਕੈਨੇਡਾ… ਕੈਨੇਡਾ ਕਰਦੀ ਆਉਂਦੀਆਂ-ਜਾਂਦੀਆਂ ਕਾਰਾਂ ਪਿੱਛੇ ਭੱਜਦੀ ਰਹਿੰਦੀ। ਪਿੰਡ ਦੇ ਜਵਾਕ ਉਸ ਨੂੰ ਕੈਨੇਡਾ… ਕੈਨੇਡਾ ਕਰ ਛੇੜਦੇ ਰਹਿੰਦੇ। ਉਹ ਜਵਾਕਾਂ ਨੂੰ ਗਾਲ੍ਹਾਂ ਕੱਢਦੀ ਤੇ ਜਵਾਕ ਉਸ ਦੇ ਰੋੜੇ ਮਾਰਦੇ। ਖਦੇ-ਕਦੇ ਪਿੰਡ ਦਾ ਵੱਡੀ ਉਮਰ ਦਾ ਬੰਦਾ ਕਹਿ ਦਿੰਦਾ… ਨਾ ਤੰਗ ਕਰੋ ਵਿਚਾਰੀ ਨੂੰ… ਕਰਮਾਂ ਮਾਰੀ ਨੂੰ।
ਤੇ ਇਕ ਦਿਨ ਫਿਰਨੀ ‘ਤੇ ਕਾਰ ਆਉਂਦੀ ਦੇਖ ਕੈਨੇਡਾ-ਕੈਨੇਡਾ ਕਰਦੀ ਉਹ ਕਾਰ ਵੱਲ ਭੱਜ ਤੁਰੀ ਤੇ ਕਾਰ ਦੇ ਮੂਹਰੇ ਆ ਗਈ। ਡਰਾਈਵਰ ਨੇ ਬਥੇਰੇ ਬਰੇਕ ਮਾਰੇ ਪਰ ਰਾਖੀ ਕਾਰ ਥੱਲੇ ਆ ਗਈ ਤੇ ਪਤਾ ਨੀ ਕਿਹੜੇ ਦੇਸ਼ ਨੂੰ ਤੁਰ ਗਈ। ਸ਼ਾਇਦ ਕੈਨੇਡਾ ਜਾਣ ਲਈ ਉਸ ਦੀ ਟਿਕਟ ਆ ਗਈ ਸੀ।