ਹਰਪਾਲ ਸਿੰਘ ਪੰਨੂ
ਫੋਨ: 94642-51454
ਬੀਤੇ ਸਾਲ 2021 ਵਿਚ ਚਿਤ੍ਰਾ ਬੈਨਰਜੀ ਦਿਵਾਕਰੂਨੀ ਦੀ ਮਹਾਰਾਣੀ ਜਿੰਦਾਂ ਉਪਰ 360 ਪੰਨਿਆਂ ਦੀ ਕਿਤਾਬ ਼ਅਸਟ ਥੁੲੲਨ ਆਈ ਹੈ, ਜਿਸਨੂੰ ਉਸ ਨੇ ‘ਨਾਵਲ’ ਕਿਹਾ ਹੈ। ਹਾਰਪਰ-ਕੋਲਿਨਜ਼ ਵਲੋਂ ਨੋਇਡਾ ਤੋਂ ਛਾਪੀ, ਇਸ ਕਿਤਾਬ ਦੇ ਵੱਖ ਵੱਖ ਐਡੀਸ਼ਨਾਂ ਦੀ ਕੀਮਤ 220 ਰੁਪਏ ਤੋਂ ਲੈ ਕੇ 599 ਰੁਪਏ ਤਕ ਹੈ। ਦਿਲਚਸਪ ਤੱਥ ਇਹ ਹੈ ਕਿ ਅੰਗਰੇਜ਼ੀ ਕਿਤਾਬ ਛਪਣ ਸਾਰ ਨਾਲ ਦੀ ਨਾਲ ਡਾ. ਤਰਸ਼ਿੰਦਰ ਕੌਰ ਵੱਲੋਂ ਪੰਜਾਬੀ ਅਨੁਵਾਦ ਛਪ ਗਿਆ, ਜਿਸ ਦੇ ਪ੍ਰਕਾਸ਼ਕ ਚੇਤਨਾ ਅਦਾਰਾ ਹਨ।
ਪੰਜਾਬੀ ਅਨੁਵਾਦ ਵਿਚ ਕੁਝ ਗਲਤੀਆਂ ਹਨ, ਜੋ ਨਜ਼ਰੰਦਾਜ਼ ਹੋ ਜਾਣਗੀਆਂ ਪਰ ਮੂਲ ਲੇਖਕ ਨੇ ਕੁੱਝ ਖਤਰਨਾਕ ਕਥਨ ਭੁਲੇਖੇ ਨਾਲ ਨਹੀਂ ਕੀਤੇ ਜਾਣਬੁੱਝ ਕੇ ਕੀਤੇ ਹਨ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਇਹ ਕਿ ਸਭ ਵਰਗਾਂ ਵਲੋਂ ਸਲਾਹੀ ਜਾਂਦੀ ਸਰਕਾਰ ਖਾਲਸਾ ਨੂੰ ਬਦਨਾਮ ਕਰਨਾ ਤੇ ਦੂਜਾ ਕਿਤਾਬ ਦੀ ਵਿਕਰੀ ਵਿਚ ਵਾਧਾ ਕਰਨ ਦੀ ਮਨਸ਼ਾ ਨਾਲ ਸਨਸਨੀ, ਵਿਸਫੋਟ, ਹੈਰਤੰਗੇਜ਼ੀ ਦਾ ਮਾਹੌਲ ਸਿਰਜਣਾ।
ਇਰਵਿਨ ਸਟੋਨ ਦੇ ਦੋ ਨਾਵਲ ਐਗਨੀ ਐਂਡ ਐਕਸਟੈਸੀ (ਮਾਈਕਲੇਂਜਲੋ) ਅਤੇ ਲਸਟ ਫਾਰ ਲਾਈਫ (ਵਾਂ ਗਾਗ) ਦੋ ਮਹਾਨ ਕਲਾਕਾਰਾਂ ਉੱਪਰ ਲਿਖੇ ਸ਼ਾਨਦਾਰ ਨਾਵਲ ਹਨ। ਵਿਲੀਅਮ ਡੇਲਰਿੰਪਲ ਵਲੋਂ ਮੁਗਲ ਬਾਦਸ਼ਾਹਾਂ ਉਪਰ ਲਿਖੇ ਨਾਵਲ ਬੁਹਤ ਪੜ੍ਹੇ ਅਤੇ ਸਲਾਹੇ ਗਏ। ਇਤਿਹਾਸਕਾਰ ਜਿੰਨੀ ਮਰਜ਼ੀ ਮਿਹਨਤ ਕਰ ਕੇ ਤੱਥ ਜੁਟਾਵੇ, ਉਸ ਦੀ ਲਿਖਤ ਵਿਚ ਕੁੱਝ ਖੱਪੇ ਰਹਿ ਜਾਂਦੇ ਹਨ, ਕੁੱਝ ਘਟਨਾਵਾਂ ਦੀ ਵਿਆਖਿਆ ਨਹੀਂ ਹੁੰਦੀ। ਤੱਥ, ਅੰਕੜਿਆਂ ਦੀ ਥਾਂ ਲੇਖਕ ਕਲਪਨਾ ਦਾ ਸਹਾਰਾ ਲੈ ਕੇ ਜਦੋਂ ਰਹਿ ਗਈਆਂ ਖਾਲੀ ਥਾਵਾਂ ਭਰਨ ਦਾ ਯਤਨ ਕਰਦਾ ਹੈ ਤਦ ਇਤਿਹਾਸਕ ਨਾਵਲ ਦਾ ਜਨਮ ਹੁੰਦਾ ਹੈ।
ਇਤਿਹਾਸਕ ਨਾਵਲ ਦੀ ਖੂਬੀ ਇਹ ਹੁੰਦੀ ਹੈ ਕਿ ਇਹ ਅਣਦਿਸਦੇ, ਅਣਬੀਤੇ ਸਮੇਂ ਨੂੰ ਸਾਕਾਰ ਕਰਦਾ ਹੈ, ਉਲਝੀਆਂ ਤੰਦਾਂ ਸੁਲਝਾਉਂਦਾ ਹੈ। ਇੱਕ ਉਦਾਹਰਨ ਦੇਣੀ ਵਾਜਬ ਹੋਏਗੀ। ਬਾਬਾ ਬੰਦਾ ਸਿੰਘ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਲੰਮਾ ਸਮਾਂ ਘੇਰਾ ਪਿਆ ਰਿਹਾ ਤੇ ਆਖਰ ਫੜੇ ਗਏ, ਸ਼ਹੀਦ ਹੋ ਗਏ। ਉਹ ਗੜ੍ਹੀ ਦੁਆਲੇ ਪਿਆ ਘੇਰਾ ਤੋੜ ਕੇ ਨਿਕਲ ਕਿਉਂ ਨਹੀਂ ਗਏ? ਪਿਆ ਹੋਇਆ ਘੇਰਾ ਤੋੜ ਕੇ ਗੁਰੂ ਗੋਬਿੰਦ ਸਿੰਘ ਵੀ ਨਿਕਲਦੇ ਰਹੇ ਸਨ। ਕੀ ਬਾਬਾ ਜੀ ਨੂੰ ਇਹ ਲੱਗਾ ਕਿ ਸਾਥ ਛੱਡ ਕੇ ਗਏ ਸਿੰਘ ਹੋਰ ਸੈਨਾ ਲਿਆ ਕੇ ਘੇਰਾਬੰਦੀ ਤੋੜ ਦੇਣਗੇ? ਜਾਂ ਕੀ ਉਨ੍ਹਾਂ ਦਾ ਖਿਆਲ ਸੀ ਦਿੱਲੀ ਬੈਠੇ ਮਾਤਾ ਸੁੰਦਰੀ ਜੀ ਅਪਣਾ ਰਸੂਖ ਵਰਤ ਕੇ ਘੇਰਾਬੰਦੀ ਚੁਕਵਾ ਦੇਣਗੇ? ਖੁਦ ਘੇਰਾ ਤੋੜ ਕੇ ਬਾਹਰ ਨਿਕਲ ਜਾਂਦੇ ਤਦ ਅਜਿਹਾ ਕਰਦਿਆਂ ਵੱਧ ਤੋਂ ਵੱਧ ਨੁਕਸਾਨ ਇਹ ਹੋਣਾ ਸੀ ਕਿ ਸਾਰੇ ਕਤਲ ਹੋ ਜਾਂਦੇ, ਹੋ ਸਕਦੈ ਕੁੱਝ ਬਚ ਕੇ ਵੀ ਨਿਕਲ ਜਾਂਦੇ। ਫੜੇ ਜਾਣ ਪਿੱਛੋ ਤਾਂ ਸਾਰੇ ਕਤਲ ਕਰ ਦਿੱਤੇ ਗਏ। ਇਤਿਹਾਸ ਇਸ ਦਾ ਜਵਾਬ ਨਹੀਂ ਦਿੰਦਾ। ਕੋਈ ਦਿੱਬਦ੍ਰਿਸ਼ਟੀ ਵਾਲਾ ਗਲਪਕਾਰ ਇਸਦਾ ਉਤਰ ਲੱਭ ਸਕਦਾ ਹੈ।
ਚਿਤ੍ਰਾ ਬੈਨਰਜੀ ਨੂੰ ਵਧੀਕ ਕਲਪਨਾ ਕਰਨ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਜਿੰਦਾਂ ਬਾਰੇ ਬਹੁਤ ਸਾਰੇ ਸਰੋਤ ਮੌਜੂਦ ਹਨ। ਸਬੂਤ ਹੋਣ ਦੇ ਬਾਵਜੂਦ ਅਜਿਹੇ ਤੱਥ ਘੜਨੇ ਜਿਹੜੇ ਨਾਇਕ ਨੂੰ ਬਦਨਾਮ ਕਰਨ ਅਤੇ ਅਣਜਾਣ ਲੋਕਾਂ ਨੂੰ ਵੀ ਝੂਠੇ ਲੱਗਣ, ਸਸਤੀ ਸ਼ੁਹਰਤ ਤਾਂ ਦਿਵਾ ਸਕਦੇ ਹਨ, ਗੰਭੀਰ ਪਾਠਕਾਂ ਅੱਗੇ ਥਿਰ ਨਹੀਂ ਰਹਿੰਦੇ।
ਅੰਗਰੇਜ਼ਾਂ ਦਾ ਪੰਜਾਬ ਉਪਰ 1849 ਵਿਚ ਜਦੋਂ ਮੁਕੰਮਲ ਕਬਜ਼ਾ ਹੋ ਗਿਆ ਉਦੋਂ ਤਕ ਮਹਾਰਾਜਾ ਦਲੀਪ ਸਿੰਘ ਨੂੰ ਛੱਡ ਕੇ ਰਣਜੀਤ ਸਿੰਘ ਦੇ ਬਾਕੀ ਸਾਰੇ ਸ਼ਹਿਜ਼ਾਦੇ ਖਾਨਾਜੰਗੀ ਵਿਚ ਕਤਲ ਹੋ ਚੁੱਕੇ ਸਨ। ਸਰਕਾਰ ਖਾਲਸੇ ਦਾ ਇੱਕੋ ਇੱਕ ਵਾਰਿਸ ਕਿਤੇ ਪੰਥ ਵਿਚ ਆਦਰਯੋਗ ਥਾਂ ਨਾ ਬਣਾ ਲਵੇ, ਅੰਗਰੇਜ਼ਾਂ ਨੇ ਉਸ ਵਿਰੁੱਧ ਅਫਵਾਹਾਂ ਫੈਲਾਈਆਂ ਕਿ ਜਿੰਦਾਂ ਨਾਲ ਵਿਆਹ ਕਰਨ ਵੇਲੇ ਤਕ ਮਹਾਰਾਜਾ ਰਣਜੀਤ ਸਿੰਘ ਵਿਚ ਮਰਦਾਨਗੀ ਨਹੀਂ ਰਹੀ ਸੀ। ਦਲੀਪ ਸਿੰਘ, ਮਹਿਲ ਦੇ ਮਾਸ਼ਕੀ ਗੁੱਲੂ ਦੀ ਨਾਜਾਇਜ਼ ਔਲਾਦ ਸੀ। ਪਰ ਇਹ ਅਫਵਾਹ ਕਾਮਯਾਬ ਹੋਈ ਨਹੀਂ। ਜੇ ਹੋ ਜਾਂਦੀ ਤਦ ਦਲੀਪ ਸਿੰਘ ਨੂੰ ਸਾਰੀ ਉਮਰ ਬੰਦੀ ਬਣਾ ਕੇ, ਵਜ਼ੀਫਾ ਦੇ ਕੇ ਇੰਗਲੈਂਡ ਵਿਚ ਰੱਖਣ ਦੀ ਲੋੜ ਈ ਨਾ ਪੈਂਦੀ। ਹਰਾਮੀਆਂ ਦੀ ਕੌਣ ਇੱਜ਼ਤ ਕਰਦਾ ਹੈ?
ਹਥਲੀ ਕਿਤਾਬ ਵਿਚ ਚਿਤ੍ਰਾ ਦਾਅਵਾ ਕਰਦੀ ਹੈ ਇੱਕ ਵੀ ਸ਼ਹਿਜ਼ਾਦਾ ਰਣਜੀਤ ਸਿੰਘ ਦਾ ਤੁਖਮ ਨਹੀਂ ਸੀ, ਸਾਰੇ ਹਰਾਮੀ ਸਨ ਤੇ ਰਣਜੀਤ ਸਿੰਘ ਇਸ ਤੱਥ ਤੋਂ ਵਾਕਫ ਸੀ। ਲਿਖਿਆ ਹੈ, “ਸਰਕਾਰ (ਯਾਨਿ ਕਿ ਰਣਜੀਤ ਸਿੰਘ) ਦੇ ਆਪਣੇ ਪਰਿਵਾਰ ਨਾਲ ਸਬੰਧ ਗੁੰਝਲਦਾਰ ਹਨ। ਉਨ੍ਹਾਂ ਦੀਆਂ ਕਈ ਪਤਨੀਆਂ ਤੇ ਕਿੰਨੇ ਹੀ ਪੁੱਤਰ ਹਨ। ਉਹ ਉਨ੍ਹਾਂ ਵਿਚੋਂ ਕੁੱਝ ਨੂੰ ਹੀ ਅਪਣੇ ਮੰਨਦੇ ਹਨ।” ਕੰਵਰ ਸ਼ੇਰ ਸਿੰਘ ਬਾਰੇ ਫਕੀਰ ਅਜ਼ੀਜ਼ੁਦੀਨ ਤੋਂ ਅਖਵਾਇਆ, “ਉਸ ਦੀ ਸ਼ਕਲ ਰਣਜੀਤ ਸਿੰਘ ਨਾਲ ਨਹੀਂ ਮਿਲਦੀ। ਕੁੱਝ ਵੀ ਹੋਵੇ ਹੁਣ ਪੰਜਾਬ ਖਾਤਰ ਸਰਕਾਰ ਨੇ ਉਸ ਨੂੰ ਆਪਣਾ ਪੁੱਤਰ ਮੰਨ ਲਿਆ।’
ਜੇ ਇਸ ਕਿਤਾਬ ਦੇ ਨੁਕਸ ਛਾਂਟਦੇ ਹਾਂ ਤਦ ਲੇਖਿਕਾ ਕਹੇਗੀ, ‘ਇਹ ਤਾਂ ਨਾਵਲ ਹੈ, ਮੈਂ ਕਿਹੜਾ ਇਤਿਹਾਸ ਲਿਖਿਆ ਹੈ?’ ਰਣਜੀਤ ਸਿੰਘ ਨੂੰ ਬਦਨਾਮ ਕਰਨ ਵਾਲੀ ਇਹੋ ਜਿਹੀ ਭਾਸ਼ਾ ਪਹਿਲਾਂ ਬਲਦੇਵ ਸਿੰਘ ਸੜਕਨਾਮਾ ਨੇ ਸੂਰਜ ਦੀ ਅੱਖ ਵਿਚ ਵਰਤੀ ਸੀ, ਹੁਣ ਚਿਤ੍ਰਾ ਨੇ। ਸੂਰਜ ਦੀ ਅੱਖ ਵਿਚਲਾ ਰਣਜੀਤ ਸਿੰਘ ਆਪਣੇ ਸਰਦਾਰਾਂ ਸਮੇਤ ਹਾਥੀਆਂ ਘੋੜਿਆਂ `ਤੇ ਸਵਾਰ ਹੋ ਕੇ ਲਾਹੌਰ ਦੀਆਂ ਗਲੀਆਂ ਵਿਚ ਹੋਲੀ ਖੇਡਦਾ ਹੈ, ਰੰਗ ਮੁੱਕ ਜਾਣ `ਤੇ ਸਾਰੇ ਜਣੇ ਲੋਕਾਂ `ਤੇ ਚਿੱਕੜ ਸੁੱਟਣ ਲਗਦੇ ਹਨ।
ਜਿੰਦਾਂ ਅਤੇ ਜਵਾਹਰ ਸਿੰਘ ਦਾ ਪਿਤਾ ਮੰਨਾ ਸਿੰਘ ਔਲਖ ਮਹਿਲ ਦੇ ਸ਼ਿਕਾਰੀ ਕੁੱਤੇਖਾਨੇ ਅਤੇ ਸ਼ਾਹੀ ਅਸਤਬਲ ਦਾ ਓਵਰਸੀਅਰ ਹੈ ਪਰ ਲੇਖਿਕਾ ਉਸ ਦਾ ਹੁਲੀਆ ਇਸ ਤਰ੍ਹਾਂ ਬਿਆਨ ਕਰਦੀ ਹੈ ਜਿਵੇਂ ਉਹ ਗੋਹੇ ਦੀ ਟੋਕਰੀ ਢੋਂਦਾ ਸਫਾਈ ਸੇਵਕ ਹੋਵੇ। ਆਪਣੇ ਪਿਤਾ ਨੂੰ ਦੋਵੇਂ ਬੱਚੇ ਨਾਮ ਲੈ ਕੇ, ਮੰਨਾ ਕਹਿ ਕੇ ਬੁਲਾਉਂਦੇ ਹਨ। ਜਿਸ ਸ਼ਾਮ ਵਿਆਹੀ ਹੋਈ ਜਿੰਦਾਂ ਲਾਹੌਰ ਮਹਿਲ ਵਿਚ ਪਹਿਲੀ ਰਾਤ ਕਟਦੀ ਹੈ ਉਹ ਕਮਰਾ ਬਦਬੂਦਾਰ ਹੈ। ਸਵੇਰੇ ਸਫਾਈ ਕਰਨ ਵੇਲੇ ਨੌਕਰਾਣੀ ਨੇ ਮਰੀ ਹੋਈ ਚੂਹੀ ਕੱਢੀ। ਜਿੰਦਾਂ ਅਤੇ ਜਵਾਹਰ ਸਿੰਘ ਸਕੂਲ ਵਿਚ ਪੜ੍ਹਦੇ ਦਿਖਾਏ ਹਨ, ਜਦਕਿ ਸਕੂਲ ਅੰਗਰੇਜ਼ਾਂ ਨੇ ਸ਼ੁਰੂ ਕੀਤੇ ਸਨ। ਜੁੱਤੀ ਨਹੀਂ, ਜਿੰਦਾਂ ਅਤੇ ਜਵਾਹਰ ਚੱਪਲਾਂ ਪਹਿਨਦੇ ਹਨ। ਪਿਉ ਆਪਣੀ ਧੀ ਬਾਰੇ ਗੱਲ ਕਰਦਿਆਂ ਫੂਹੜ ਸ਼ਬਦਾਵਲੀ ਵਰਤਦਾ ਹੈ, ਉਸ ਨੂੰ ਅੱਖ ਮਾਰਦਾ ਹੈ, ਪੇਟ `ਤੇ ਠੁੱਡਾ ਮਾਰਨ ਲਗਦਾ ਹੈ ਤਾਂ ਮਾਂ ਇਹ ਕਹਿ ਕੇ ਹਟਾਉਂਦੀ ਹੈ, “ਰੁਕ ਜਾ। ਇਹ ਹੁਣ ਪੂਰੀ ਜਨਾਨੀ ਐ, ਇਹਦੇ ਜਣਨ ਅੰਗਾਂ `ਤੇ ਸੱਟ ਵੱਜ ਜਾਊ।” ਪੰਜਵੇਂ ਅਧਿਆਇ ਦੇ ਪਹਿਲੇ ਅੱਧ ਤਕ ਲੈਲਾ ਘੋੜਾ ਹੈ, ਪਿਛਲੇ ਅੱਧ ਵਿਚ ਘੋੜੀ ਬਣ ਗਈ ਹੈ। ਮੰਨਾ ਸਿੰਘ ਨੂੰ ਵੀ ਨਹੀਂ ਪਤਾ ਇਹ ਘੋੜਾ ਹੈ ਕਿ ਘੋੜੀ। ਹਾਲਾਂ ਕਿ ਪਹਿਲੀ ਤੱਕਣੀ ਵਿਚ ਹੀ ਜਿੰਦਾਂ ਮਹਾਰਾਜੇ ਨੂੰ ਚੰਗੀ ਲੱਗੀ ਪਰ ਮੰਨਾ ਸਿੰਘ ਮਹਾਰਾਜੇ ਨਾਲ ਇਸ ਲਹਿਜੇ਼ ਛੇਵੇਂ ਅਧਿਆਇ ਵਿਚ ਜਿੰਦਾਂ ਬਾਰੇ ਗੱਲਾਂ ਕਰਦਾ ਹੈ ਜਿਵੇਂ ਕੋਠੇ ਵਾਲੀ ਦਾ ਦੱਲਾ।
ਰਣਜੀਤ ਸਿੰਘ ਨਾਲ ਜਿੰਦਾਂ ਦਾ ਮਿਲਾਪ ਦਿਖਾਉਂਦਿਆਂ ਹਲਕੇ ਕਾਮੁਕ ਇਸ਼ਾਰੇ ਕੀਤੇ ਹਨ ਅਤੇ ਅਸ਼ਲੀਲ ਭਾਸ਼ਾ ਵਰਤੀ ਹੈ। ਮਹਾਰਾਜੇ ਦੀ ਮੌਤ ਬਾਅਦ ਜਿੰਦਾਂ ਲਾਲ ਸਿੰਘ ਨਾਲ ਸ਼ਰੇ੍ਹਆਮ ਇਸ਼ਕ ਕਰਦੀ ਹੈ, ਗਰਭਵਤੀ ਹੁੰਦੀ ਹੈ ਤੇ ਗਰਭਪਾਤ ਕਰਾਉਂਦੀ ਹੈ।
ਲੇਖਕ ਨੂੰ ਪੰਜਾਬੀ ਕਲਚਰ ਦੀ ਭੋਰਾ ਜਾਣਕਾਰੀ ਨਹੀਂ ਹੈ। ਰਣਜੀਤ ਸਿੰਘ ਨਾ ਫਕੀਰ ਸੀ, ਨਾ ਫਰਿਸ਼ਤਾ। ਉਸ ਬਾਰੇ ਤਾਂ ਸੱਚੀਆਂ ਗੱਲਾਂ ਕਰੀ ਜਾਉ ਤਦ ਬਥੇਰੀ ਬਦਨਾਮੀ ਹੋ ਸਕਦੀ ਹੈ, ਉਸ ਨੂੰ ਬਦਨਾਮ ਕਰਨ ਲਈ ਮਨਘੜਤ ਕਹਾਣੀਆਂ ਪਾਉਣ ਦੀ ਕੀ ਲੋੜ? ਬਕੌਲ ਸੱਯਦ ਵਾਰਿਸ ਸ਼ਾਹ:
ਮਾਫ ਕਰਨਾ ਜੀ ਅਸਾਂ ਨਿਮਾਣਿਆਂ ਨੂੰ,
ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ॥