ਕਰੋਨਾ ਕਾਰਨ 4355 ਪਰਵਾਸੀ ਭਾਰਤੀਆਂ ਦੀ ਮੌਤ ਹੋਈ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੰਸਦ ‘ਚ ਦੱਸਿਆ ਕਿ ਕੋਵਿਡ-19 ਕਾਰਨ 88 ਮੁਲਕਾਂ ‘ਚ 4355 ਪਰਵਾਸੀ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ‘ਚੋਂ ਸਭ ਤੋਂ ਵੱਧ 1237 ਮੌਤਾਂ ਸਾਊਦੀ ਅਰਬ ‘ਚ ਤੇ ਇਸ ਤੋਂ ਬਾਅਦ 894 ਮੌਤਾਂ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਹੋਈਆਂ।

ਇਹ ਵੇਰਵੇ ਰਾਜ ਸਭਾ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਕੁਵੈਤ ‘ਚ 668, ਓਮਾਨ ‘ਚ 555 ਅਤੇ ਬਹਿਰੀਨ ‘ਚ 203 ਪਰਵਾਸੀ ਭਾਰਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਮਰੀਕਾ ‘ਚ 5 ਪਰਵਾਸੀ ਭਾਰਤੀਆਂ, ਰੂਸ ‘ਚ 15, ਕਤਰ ‘ਚ 113 ਅਤੇ ਮਲੇਸ਼ੀਆ ‘ਚ 186 ਪਰਵਾਸੀ ਭਾਰਤੀਆਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ।
ਮੁਰਲੀਧਰਨ ਨੇ ਦੱਸਿਆ, ‘ਭਾਰਤੀ ਮਿਸ਼ਨਾਂ ਤੇ ਸਫ਼ਾਰਤਖ਼ਾਨਿਆਂ ਤੋਂ ਮਿਲੇ ਅੰਕੜਿਆਂ ਅਨੁਸਾਰ ਵੱਖ-ਵੱਖ ਮੁਲਕਾਂ `ਚ ਕੋਵਿਡ-19 ਕਾਰਨ 4355 ਜਣਿਆਂ ਦੀ ਮੌਤ ਹੋਈ ਹੈ। ਇਨ੍ਹਾਂ `ਚੋਂ 127 ਲਾਸ਼ਾਂ ਸਸਕਾਰ ਲਈ ਭਾਰਤ ਲਿਆਂਦੀਆਂ ਗਈਆਂ ਹਨ।` ਇੱਕ ਵੱਖਰੇ ਸਵਾਲ ਦੇ ਜਵਾਬ ਵਿਚ ਮੁਰਲੀਧਰਨ ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਮੁਲਕਾਂ ਦੀਆਂ ਜੇਲ੍ਹਾਂ `ਚ 7925 ਭਾਰਤੀ ਕੈਦੀ ਹਨ। ਉਨ੍ਹਾਂ ਦੱਸਿਆ ਕਿ ਯੂਏਈ ਦੀਆਂ ਜੇਲ੍ਹਾਂ `ਚ ਸਭ ਤੋਂ ਵੱਧ 1663 ਭਾਰਤੀ ਕੈਦੀ, ਸਾਊਦੀ ਅਰਬ `ਚ 1363 ਅਤੇ ਨੇਪਾਲ `ਚ 1039 ਭਾਰਤੀ ਬੰਦ ਹਨ।