ਮੋਦੀ ਨਾਲ ਮੇਰੀ ਪੁਰਾਣੀ ਅਤੇ ਗੂੜ੍ਹੀ ਸਾਂਝ: ਕੈਪਟਨ

ਪਟਿਆਲਾ: ਹਲਕਾ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਪੁਰਾਣੀ ਅਤੇ ਗੂੜ੍ਹੀ ਸਾਂਝ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬਹੁਤ ਨੇੜਿਓਂ ਵਾਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਜੋ ਨਿਸ਼ਚੈ ਕਰ ਲੈਂਦੇ ਹਨ, ਉਹ ਕਰ ਕੇ ਵਿਖਾਉਂਦੇ ਹਨ। ਉਨ੍ਹਾਂ ਦਾ ਅਗਲਾ ਨਿਸ਼ਾਨਾ ਪੰਜਾਬ ਵਿਚ ਭਾਜਪਾ, ਪੀ.ਐਲ.ਸੀ. ਅਤੇ ਅਕਾਲੀ ਦਲ ਸੰਯੁਕਤ ਦੀ ਸਾਂਝੀ ਸਰਕਾਰ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਸੂਬੇ ਦਾ ਵਿਕਾਸ ਸੰਭਵ ਨਹੀਂ ਹੈ। ਸੂਬਿਆਂ ਦੇ ਵਿਕਾਸ ਲਈ ਵਧੇਰੇ ਫੰਡ ਕੇਂਦਰ ‘ਤੇ ਹੀ ਨਿਰਭਰ ਹੁੰਦੇ ਹਨ। ਇਸ ਵੇਲੇ ਕੇਂਦਰੀ ਹਕੂਮਤ ਭਾਜਪਾ ਦੇ ਹੱਥ ਹੈ, ਇਸ ਲਈ ਪੰਜਾਬ ਦੀ ਬਿਹਤਰੀ ਅਤੇ ਵਡੇਰੇ ਹਿੱਤਾਂ ਲਈ ਭਾਜਪਾ ਨਾਲ ਸਾਂਝ ਜਰੂਰੀ ਸੀ। ਉਨ੍ਹਾਂ ਦੱਸਿਆ ਕਿ ਭਾਜਪਾ, ਪੀ.ਐਲ.ਸੀ. ਅਤੇ ਅਕਾਲੀ ਦਲ (ਸੰਯੁਕਤ) ਦਾ ਸਾਂਝਾ ਚੋਣ ਮੈਨੀਫੈਸਟੋ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਉਸਾਰੂ ਸੋਚ ਅਤੇ ਵਿਸ਼ਾਲ ਹਿਰਦੇ ਵਾਲੇ ਆਗੂ ਹਨ। ਬਤੌਰ ਮੁੱਖ ਮੰਤਰੀ ਉਨ੍ਹਾਂ ਨਾਲ ਬਿਤਾਏ ਸਮੇਂ ਦੇ ਹਵਾਲੇ ਨਾਲ ਅਮਰਿੰਦਰ ਸਿੰਘ ਨੇ ਆਖਿਆ ਕਿ ਰਾਜਸੀ ਵਖਰੇਵਿਆਂ ਦੇ ਬਾਵਜੂਦ ਮੋਦੀ ਨੇ ਪੰਜਾਬ ਨਾਲ ਕਦੇ ਵਿਤਕਰਾ ਨਹੀਂ ਕੀਤਾ। ਬਲਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਨੂੰ ਜਦੋਂ ਵੀ ਕਦੇ ਸੂਬੇ ਦੇ ਹਿੱਤਾਂ ਲਈ ਕਿਸੇ ਫੰਡ ਜਾਂ ਹੋਰ ਕੰਮ ਦੀ ਲੋੜ ਪਈ ਤਾਂ ਮੋਦੀ ਨੇ ਪੰਜਾਬ ਲਈ ਹਮੇਸ਼ਾ ਆਪਣੇ ਦਰ ਖੁੱਲ੍ਹੇ ਰੱਖੇ।