ਅਮਿਤ ਸ਼ਾਹ ਵੱਲੋਂ ਜਥੇਦਾਰ ਨਾਲ ਮੀਟਿੰਗ, ਸਿੱਖ ਮਸਲਿਆਂ ਦੇ ਹੱਲ ਦਾ ਭਰੋਸਾ

ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਥੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਇਕ ਬੰਦ ਕਮਰਾ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਥੇਦਾਰ ਵੱਲੋਂ ਸਿੱਖਾਂ ਦੇ ਕਈ ਮੁੱਦੇ ਹੱਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖੇ ਗਏ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸ੍ਰੀ ਅਕਾਲ ਤਖਤ ਦੇ ਸਕੱਤਰੇਤ ਪੁੱਜੇ ਜਿੱਥੇ ਉਨ੍ਹਾਂ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕਰੀਬ 45 ਮਿੰਟ ਲੰਬੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਦੋਵੇਂ ਆਗੂ ਹੀ ਕਮਰੇ ਵਿਚ ਹਾਜਰ ਸਨ। ਹਾਲਾਂਕਿ, ਸ੍ਰੀ ਸ਼ਾਹ ਦੇ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਤਰੁਣ ਚੁੱਘ ਵੀ ਆਏ ਸਨ ਪਰ ਉਹ ਸਾਰੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ।
ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਜਥੇਦਾਰ ਵੱਲੋਂ ਸਿੱਖਾਂ ਦੇ ਕਈ ਮਾਮਲੇ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖੇ ਗਏ, ਜਿਨ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਸ਼ਾਮਲ ਹੈ। ਉਨ੍ਹਾਂ ਨੀਮ ਫੌਜੀ ਬਲਾਂ ਵਿਚ ਗ੍ਰੰਥੀ ਦੀ ਇਕ ਪੱਕੀ ਆਸਾਮੀ ਸਥਾਪਤ ਕਰਨ ਲਈ ਵੀ ਕਿਹਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਨੀਮ ਫੌਜੀ ਬਲਾਂ ਵਿਚ ਮੌਲਵੀ ਦੀ ਪੱਕੀ ਆਸਾਮੀ ਤਾਂ ਹੈ ਪਰ ਗ੍ਰੰਥੀ ਦੀ ਆਸਾਮੀ ਨਹੀਂ ਹੈ, ਜਿਸ ਕਾਰਨ ਨੀਮ ਫੌਜੀ ਬਲਾਂ ਦੇ ਸਿੱਖ ਜਵਾਨ ਹੀ ਆਪਣੇ ਤੌਰ ‘ਤੇ ਸਾਰੇ ਪ੍ਰਬੰਧ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੌਲਵੀ ਵਾਂਗ ਗ੍ਰੰਥੀ ਦੀ ਆਸਾਮੀ ਵੀ ਪੱਕੀ ਕੀਤੀ ਜਾਵੇ। ਜਥੇਦਾਰ ਨੇ ਉੱਤਰਾਖੰਡ ਸਥਿਤ ਗੁਰਦੁਆਰਾ ਗਿਆਨ ਗੋਦੜੀ ਦਾ ਮੁੜ ਨਿਰਮਾਣ ਕਰਨ ਅਤੇ ਸਿੱਕਮ ਵਿੱਚ ਗੁਰਦੁਆਰਾ ਚੁੰਗ ਥਾਮ ਦਾ ਕਬਜ਼ਾ ਸਿੱਖ ਭਾਈਚਾਰੇ ਨੂੰ ਸੌਂਪਣ, ਸਿੱਖ ਗੁਰਦੁਆਰਾ ਐਕਟ 1925 ਤਹਿਤ ਧਾਰਾ 87 ਹੇਠ ਆਉਂਦੇ ਗੁਰਦੁਆਰਿਆਂ ਦੇ ਨੋਟੀਫਿਕੇਸ਼ਨ ਦੇ ਲਟਕ ਰਹੇ ਕੰਮ ਨੂੰ ਤੁਰਤ ਪੂਰਾ ਕਰਨ ਦਾ ਮਾਮਲਾ ਵੀ ਕੇਂਦਰੀ ਗ੍ਰਹਿ ਮੰਤਰੀ ਕੋਲ ਰੱਖਿਆ। ਜਸਪਾਲ ਸਿੰਘ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨਾਲ ਚੰਗੇ ਮਾਹੌਲ ‘ਚ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਨੇ ਸਿੱਖ ਮਾਮਲਿਆਂ ਨੂੰ ਵਿਚਾਰਨ ਅਤੇ ਇਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਪ੍ਰਧਾਨ ਮੰਤਰੀ ਵੱਲੋਂ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਦੇ ਦੌਰੇ ‘ਤੇ ਆਉਣ ਤੋਂ ਇਕ ਦਿਨ ਪਹਿਲਾਂ ਇਥੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡੇਰੇ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,”ਮੈਨੂੰ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕਰਨ ਦਾ ਮਾਣ ਹਾਸਲ ਹੋਇਆ ਹੈ। ਡੇਰੇ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ।“ ਉਨ੍ਹਾਂ ਇਸ ਸਬੰਧੀ ਟਵਿੱਟਰ ‘ਤੇ ਤਸਵੀਰ ਵੀ ਸਾਂਝੀ ਕੀਤੀ ਹੈ।