ਮੇਲਾ ਲੁੱਟਣ ਲਈ ਸਿਆਸੀ ਧਿਰਾਂ ਦਾ ਲੱਗਿਆ ਜ਼ੋਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਗਿਆ ਹੈ। 20 ਫਰਵਰੀ ਨੂੰ ਵੋਟਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੇ ਸੱਤਾ ਪ੍ਰਾਪਤੀ ਲਈ ਟਿੱਲ ਲਾਇਆ ਹੋਇਆ ਹੈ। ਸਿਆਸੀ ਧਿਰਾਂ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿਚ ਗੇੜੇ ਉਤੇ ਗੇੜਾ ਬੰਨ੍ਹਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਇਕ ਹਫਤਾ ਪੰਜਾਬ ਵਿਚ ਰਹੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਕੇਂਦਰੀ ਆਗੂਆਂ ਨੇ ਆਖਰੀ ਬਚੇ ਦਿਨਾਂ ਵਿਚ ਪੂਰੀ ਲਾਹ ਲਾ ਦਿੱਤੀ ਹੈ। ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਣੇ ਵੱਡੇ ਕਾਂਗਰਸੀ ਆਗੂਆਂ ਨੇ ਪੰਜਾਬ ਡੇਰੇ ਲਾਏ ਹਨ। ਪੰਜਾਬੀਆਂ ਨਾਲ-ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਅਸਲ ਮੁੱਦਿਆਂ ਤੋਂ ਪਾਸਾ ਵੱਟਿਆ ਹੋਇਆ ਹੈ। ਪੰਜਾਬ ਦੇ ਖਜ਼ਾਨੇ ਦੀ ਹਾਲਤ, ਸੂਬੇ ਦਾ ਵਾਤਾਵਰਨ, ਰੁਜ਼ਗਾਰ, ਪਰਵਾਸ, ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ ਸਿਆਸੀ ਧਿਰਾਂ ਦੇ ਏਜੰਡੇ ਦੇ ਨੇੜੇ-ਤੇੜੇ ਵੀ ਨਹੀਂ ਜਾਪਦੇ। ਭਾਸ਼ਣਾਂ ਦੀ ਧਾਰ ਇਕ ਦੂਸਰੇ ਨੂੰ ਮੰਦਾ ਬੋਲਣ ਅਤੇ ਸਿਆਸੀ ਦੂਸ਼ਣਬਾਜ਼ੀ ਤੱਕ ਸੀਮਤ ਹੈ। ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣ ਰਹੇ ਸੰਘੀ (ਫੈਡਰਲ) ਢਾਂਚੇ ਦੀ ਰਾਖੀ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ।
ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਨੌਜਵਾਨ ਦਸਵੀਂ ਜਮਾਤ ਟੱਪਦੇ ਹੀ ਅੱਗੇ ਪੜ੍ਹਨ ਦੀ ਥਾਂ ਵਿਦੇਸ਼ ਵਿਚ ਜਾ ਕੇ ਰੋਜ਼ੀ ਰੋਟੀ ਦੇ ਜੁਗਾੜ ਬਾਰੇ ਸੋਚਣ ਨੂੰ ਪਹਿਲ ਦੇ ਰਹੇ ਹਨ। ਇਹ ਮੁੱਦਾ ਸਿਆਸੀ ਧਿਰਾਂ ਦੇ ਏਜੰਡੇ ਵਿਚ ਹੀ ਨਹੀਂ ਹੈ। ਕੇਂਦਰ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2018 ਤੋਂ 2020 ਤੱਕ ਤਿੰਨ ਸਾਲਾਂ ਦੇ ਅਰਸੇ ਦੌਰਾਨ 9140 ਵਿਅਕਤੀਆਂ ਨੇ ਬੇਰੁਜ਼ਗਾਰੀ ਕਰਕੇ ਮੌਤ ਨੂੰ ਗਲ ਲਾ ਲਿਆ ਜਦੋਂਕਿ ਦੀਵਾਲੀਆ ਹੋਣ ਕਰਕੇ 16000 ਤੋਂ ਵੱਧ ਵਿਅਕਤੀ ਖੁਦਕੁਸ਼ੀਆਂ ਕਰ ਗਏ। ਸਾਲ 2020 ਵਿੱਚ 3548 ਵਿਅਕਤੀਆਂ ਜਦੋਂਕਿ 2019 ਤੇ 2018 ਵਿਚ ਕ੍ਰਮਵਾਰ 2851 ਤੇ 2741 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ।
ਅਸਲ ਵਿਚ, ਤਕਰੀਬਨ ਸਾਰੀਆਂ ਸਿਆਸੀ ਧਿਰਾਂ ਇਸ ਵਾਰ ਮੁਫਤਖੋਰੀ ਦੇ ਐਲਾਨਾਂ ਨਾਲ ਬਾਜ਼ੀ ਮਾਰਨ ਉਤੇ ਟਿੱਲ ਲਾ ਰਹੀਆਂ ਹਨ। ਭਾਜਪਾ ਵੱਲੋਂ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਸੱਤਾ ‘ਮਜ਼ਬੂਤ ਹੱਥਾਂ` ਵਿਚ ਦੇਣ ਤੇ ਰਾਸ਼ਟਰਵਾਦ ਦਾ ਵਾਸਤਾ ਪਾਇਆ ਜਾ ਰਿਹਾ ਹੈ। ਕਾਂਗਰਸ ਸਰਕਾਰ ਵਿਚ ਸਾਢੇ ਚਾਰ ਸਾਲ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਵੱਖਰੀ ਪਾਰਟੀ ਬਣਾ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਬਚਾਉਣ ਦਾ ਹੋਕਾ ਦੇ ਰਹੇ ਹਨ। ਸੂਬੇ ਦੀ ਵਿੱਤੀ ਕੰਗਾਲੀ ਤੇ ਸਰਹੱਦੀ ਸੁਰੱਖਿਆ ਦਾ ਵਾਸਤਾ ਪਾ ਰਹੇ ਹਨ। ਕੁੱਲ ਮਿਲਾ ਕੇ ਇਸ ਸਮੇਂ ਪੰਜਾਬ ਵਿਚ ਸਿਆਸੀ ਧਿਰਾਂ ਨੇ ਵਾਅਦਿਆਂ ਦੀ ਝੜੀ ਲਾਈ ਹੋਈ ਹੈ।
ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਵਰਗੀਆਂ ਸਿਆਸੀ ਧਿਰਾਂ ਨੇ ਇਸ ਵਾਰ ਨਾਂ ਬਦਲ-ਬਦਲ ਕੇ ਦੂਹਰੇ ਤੀਹਰੇ ਚੋਣ ਮੈਨੀਫੈਸਟੋ ਜਾਰੀ ਕੀਤੇ ਹਨ। ਉਤੋਂ ਕੇਂਦਰੀ ਆਗੂ ਵੱਖਰੇ ਐਲਾਨ ਕਰ ਰਹੇ ਹਨ। ਕਾਂਗਰਸ ਪਿਛਲੇ 5 ਸਾਲਾਂ ਤੋਂ ਸੱਤਾ ਵਿਚ ਹੈ ਤੇ ਹੁਣ ਨਾਲਾਇਕੀਆਂ ਦੀ ਸਾਰੀ ਪੰਡ ਕੈਪਟਨ ਅਮਰਿੰਦਰ ਸਿਰ ਸੁੱਟ ਕੇ ਮੁੜ ਪਿਛਲੇ ਸਾਲ ਵਾਲੇ ਵਾਅਦੇ ਦੁਹਰਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਮੁੜ ਸਰਕਾਰ ਬਣਨ ਉਤੇ ਸਰਕਾਰੀ ਸਕੂਲਾਂ ਵਿਚ ਮੁਫਤ ਸਿੱਖਿਆ, ਪਹਿਲੇ ਸਾਲ ਵਿਚ ਹੀ ਇਕ ਲੱਖ ਨੌਜਵਾਨਾਂ ਨੂੰ ਨੌਕਰੀ ਦਾ ਵਾਅਦਾ ਕਰ ਰਹੇ ਹਨ।
ਉਧਰ, ਅਕਾਲੀ ਦਲ ਬਾਦਲ ਨੇ ਚੋਣ ਮਨੋਰਥ ਪੱਤਰ ਵਿਚ 3,100 ਰੁਪਏ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ 75,000 ਰੁਪਏ ਦੇਣ, ਗਰੀਬਾਂ ਲਈ 400 ਯੂਨਿਟ ਮੁਫਤ ਬਿਜਲੀ, ਪੰਜ ਸਾਲਾਂ ਵਿਚ ਇਕ ਲੱਖ ਸਰਕਾਰੀ ਨੌਕਰੀਆਂ, ਇਕ ਲੱਖ ਸਾਲਾਨਾ ਆਮਦਨ ਵਾਲੇ ਗਰੀਬਾਂ ਲਈ 5 ਲੱਖ ਘਰ ਉਸਾਰਨ ਤੇ 10 ਲੱਖ ਰੁਪਏ ਦੇ ਬੀਮੇ ਨਾਲ ਭਾਈ ਕਨ੍ਹਈਆ ਸਕੀਮ ਮੁੜ ਸ਼ੁਰੂ ਕਰਨ ਤੇ 10 ਲੱਖ ਰੁਪਏ ਦਾ ਵਿਸ਼ੇਸ਼ ਸਟੂਡੈਂਟ ਕਾਰਡ ਜਾਰੀ ਕਰਨ ਦਾ ਵਾਅਦਾ ਕੀਤਾ ਹੈ। ਆਮ ਆਦਮੀ ਪਾਰਟੀ ਤੇ ਭਾਜਪਾ ਵੀ ਅਜਿਹੇ ਹੀ ਐਲਾਨ ਕਰ ਚੁੱਕੀਆਂ ਹਨ। ਹਾਲਾਂਕਿ ਜਿੱਤ ਪਿੱਛੋਂ ਲੋਕਾਂ ਵਾਸਤੇ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹਣ ਦੇ ਵਾਅਦੇ ਕਰਨ ਵਾਲੀਆਂ ਸਿਆਸੀ ਧਿਰਾਂ ਸੂਬੇ ਦੇ ਵਿੱਤੀ ਸੰਕਟ ਬਾਰੇ ਗੱਲ ਕਰਨ ਤੋਂ ਪਾਸਾ ਵੱਟ ਰਹੀਆਂ ਹਨ।
ਵਿੱਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਚੋਣ ਲੜ ਰਹੀਆਂ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੁਗਾਉਣ ਲਈ ਸਾਲਾਨਾ 5 ਤੋਂ 7 ਹਜ਼ਾਰ ਕਰੋੜ ਰੁਪਏ ਤੱਕ ਦੀ ਪੂੰਜੀ ਲੋੜੀਂਦੀ ਹੈ ਤੇ ਸੂਬੇ ਦੀ ਵਿੱਤੀ ਹਾਲਤ ਇਸ ਕਦਰ ਨਿੱਘਰ ਚੁੱਕੀ ਹੈ ਕਿ ਸਿਆਸੀ ਵਾਅਦੇ ਪੁਗਾਉਣ ਦੇ ਸਮਰੱਥ ਨਹੀਂ। ਇਸ ਸਮੇਂ ਸਮੁੱਚੇ ਸਰੋਤਾਂ ਤੋਂ ਸੂਬੇ ਦੀ ਆਮਦਨ ਕਰੀਬ ਇਕ ਲੱਖ ਕਰੋੜ ਰੁਪਏ ਸਾਲਾਨਾ ਹੈ ਤੇ ਸਾਲਾਨਾ ਖਰਚ ਲਗਭਗ ਸਵਾ ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਇਸ ਤਰ੍ਹਾਂ 25 ਹਜ਼ਾਰ ਕਰੋੜ ਰੁਪਏ ਦਾ ਖੱਪਾ ਪੂਰਾ ਕਰਨ ਲਈ ਸਰਕਾਰ ਕਰਜ਼ੇ ਲੈਂਦੀ ਹੈ।
ਇੱਥੋਂ ਤੱਕ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿਚ ਵੀ ਰਾਜ ਸਰਕਾਰ ਦੇ ਹਿੱਸੇ ਦੀ ਰਕਮ ਪਾਉਣ ਦਾ ਜੁਗਾੜ ਨਾ ਹੋਣ ਕਾਰਨ ਲੰਘੇ ਸਾਲ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਵਰਗੀਆਂ ਕੇਂਦਰੀ ਯੋਜਨਾਵਾਂ ਦਾ ਸੂਬਾ ਲਾਭ ਨਹੀਂ ਉਠਾ ਸਕਿਆ। ਪੰਜਾਬ ਸਰਕਾਰ ਸਿਰ ਕਰਜ਼ੇ ਦਾ ਬੋਝ 2 ਲੱਖ 85 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਇਸ ਕਰਜ਼ੇ ਦੇ ਸਿਰਫ ਵਿਆਜ ਦੀ ਅਦਾਇਗੀ ਹੀ 20 ਹਜ਼ਾਰ ਕਰੋੜ ਰੁਪਏ ਸਾਲਾਨਾ ਕੀਤੀ ਜਾਂਦੀ ਹੈ ਤੇ 15 ਹਜ਼ਾਰ ਕਰੋੜ ਰੁਪਏ ਦੇ ਕਰੀਬ ਮੂਲ ਦੀ ਰਾਸ਼ੀ ਅਦਾ ਕੀਤੀ ਜਾਂਦੀ ਹੈ।
ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਿਸ ਦਾ ਸਰਕਾਰੀ ਖਜ਼ਾਨੇ ‘ਤੇ 5 ਤੋਂ 7 ਹਜ਼ਾਰ ਕਰੋੜ ਰੁਪਏ ਦਾ ਬੋਝ ਪਿਆ ਮੰਨਿਆ ਜਾ ਰਿਹਾ ਹੈ। ਇਕ ਜਾਣਕਾਰੀ ਮੁਤਾਬਕ ਚਲੰਤ ਮਾਲੀ ਸਾਲ ਦੌਰਾਨ ਸਰਕਾਰ ਨੇ ਸਬਸਿਡੀਆਂ ਦੇ ਰੂਪ ਵਿਚ ਪਾਵਰਕੌਮ ਨੂੰ 20,525 ਕਰੋੜ ਰੁਪਏ ਦੇਣੇ ਸਨ। ਇਸ ‘ਚੋਂ ਹੁਣ ਤੱਕ 9,500 ਕਰੋੜ ਰੁਪਏ ਹੀ ਦਿੱਤੇ ਗਏ। ਇਸ ਤਰ੍ਹਾਂ ਨਵੀਂ ਬਣਨ ਵਾਲੀ ਸਰਕਾਰ ਲਈ 11,025 ਕਰੋੜ ਰੁਪਏ ਸਮੇਤ ਹੋਰ ਬਕਾਇਆਂ ਦੀ ਰਾਸ਼ੀ ਸਣੇ ਤਕਰੀਬਨ 15,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹੈ ਤੇ ਅਗਲੇ ਮਾਲੀ ਸਾਲ ਦੀ ਵੀ 15 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਾ ਬੋਝ ਹੋਵੇਗਾ ਤੇ ਸਰਕਾਰ ਲਈ ਇਕੋ ਸਾਲ ਵਿੱਚ 30 ਹਜ਼ਾਰ ਕਰੋੜ ਰੁਪਏ ਦਾ ਮਾਲੀ ਭਾਰ ਝੱਲਣਾ ਕਿਸੇ ਵੀ ਤਰ੍ਹਾਂ ਸਮਰੱਥ ਦਿਖਾਈ ਨਹੀਂ ਦੇ ਰਹੀ। ਅਜਿਹੇ ਹਾਲਾਤ ਵਿਚ ਕੋਈ ਸਿਆਸੀ ਧਿਰ ਸਰਕਾਰ ਬਣਾ ਕੇ ਕਿੰਨੇ ਕੁ ਵਾਅਦੇ ਵਫਾ ਕਰੇਗੀ, ਸ਼ਾਇਦ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ।
ਨਰਿੰਦਰ ਮੋਦੀ ਦਾ ਬਾਦਲਾਂ ਨਾਲ ਗਿਲਾ
ਚੰਡੀਗੜ੍ਹ: ਪੰਜਾਬ ਫੇਰੀ ਉਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗਿਲਾ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਕਿ ਪੰਜਾਬ ਵਿਚ ਜਦੋਂ ਅਕਾਲੀ ਦਲ ਨਾਲ ਗੱਠਜੋੜ ਸੀ ਤਾਂ ਭਾਜਪਾ ਨੇ ਹਮੇਸ਼ਾ ਹੀ ਛੋਟੇ ਭਰਾ ਵਾਲੀ ਭੂਮਿਕਾ ਨਿਭਾਈ ਸੀ। ਇਕ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਭਾਜਪਾ ਤੋਂ ਬਿਨਾਂ ਪੰਜਾਬ ਵਿਚ ਸਰਕਾਰ ਨਹੀਂ ਸੀ ਬਣ ਸਕਦੀ, ਉਦੋਂ ਭਾਜਪਾ ਦਾ ਉਪ ਮੁੱਖ ਮੰਤਰੀ ਬਣਨਾ ਚਾਹੀਦਾ ਸੀ ਪਰ ਭਾਜਪਾ ਨਾਲ ਅਨਿਆਂ ਹੋਇਆ। ਉਨ੍ਹਾਂ (ਬਾਦਲ) ਆਪਣੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਦਕਿ ਭਾਜਪਾ ਦੇ ਮਨੋਰੰਜਨ ਕਾਲੀਆ ਦਾ ਪੂਰਾ ਹੱਕ ਬਣਦਾ ਸੀ।
ਢੀਂਡਸਾ ਤੇ ਕੈਪਟਨ ਦਾ ਮੋਦੀ ਮੋਹ…
ਚੰਡੀਗੜ੍ਹ: ਪੰਜਾਬ ਵਿਚ ਭਾਜਪਾ ਦੇ ਜੋਟੀਦਾਰ ਬਣੇ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਮੋਦੀ ਪਿਆਰ ਖੁੱਲ੍ਹ ਕੇ ਜ਼ਾਹਿਰ ਕੀਤਾ ਹੈ। ਢੀਂਡਸਾ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਕਰਕੇ ਹਨ ਕਿਉਂਕਿ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ। ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਪਿਆਰ ਹੈ, ਜਿਵੇਂ ਕਾਂਗਰਸ ਵੀ ਕਹਿੰਦੀ ਹੈ ਕਿ ਮੇਰਾ ਭਾਜਪਾ ਨਾਲ ਪਿਆਰ ਹੈ। ਕੈਪਟਨ ਨੇ ਨਰਿੰਦਰ ਮੋਦੀ ਨੂੰ ਇਹ ਗੱਲ ਵੀ ਯਾਦ ਕਰਵਾਈ ਕਿ ਉਹ ਪਹਿਲੀ ਵਾਰ ਉਨ੍ਹਾਂ ਨੂੰ 30 ਸਾਲ ਪਹਿਲਾਂ ਜਲੰਧਰ ਵਿਚ ਹੀ ਇਕ ਸਮਾਗਮ ਦੌਰਾਨ ਮਿਲੇ ਸਨ।