ਹਿਜਾਬ: ਕੱਟੜਤਾ ਬਹੁਗਿਣਤੀ ਦਾ ਨੁਕਸਾਨ ਵੀ ਕਰੇਗੀ

ਰਘੂ ਕੇਸਵਨ
ਅਨੁਵਾਦ: ਬੂਟਾ ਸਿੰਘ
ਕਰਨਾਟਕ ਵਿਚ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਕੁੜੀਆਂ ਲਈ ਸਿੱਖਿਆ ਸੰਸਥਾਵਾਂ ਦੇ ਦਰਵਾਜ਼ੇ ਬੰਦ ਕਰ ਦੇਣ ਨਾਲ ਹਾਲਾਤ ਗੰਭੀਰ ਹੋ ਗਏ ਹਨ। 1938 ‘ਚ ਨਾਜ਼ੀਵਾਦੀਆਂ ਨੇ ਵੀ ਆਸਟਰੀਆ ਦੀ ਵੀਆਨਾ ਯੂਨੀਵਰਸਿਟੀ ‘ਚ ਯਹੂਦੀ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਰੋਕ ਦਿੱਤਾ ਸੀ। ਭਾਰਤ ਅੰਦਰ ਬਣ ਰਹੇ ਇਨ੍ਹਾਂ ਹਾਲਾਤ ਬਾਰੇ ਉੱਘੇ ਸਿਆਸੀ ਚਿੰਤਕ ਰਘੂ ਕੇਸਵਨ ਦੀ ਇਹ ਟਿੱਪਣੀ ਗੌਰਤਲਬ ਹੈ ਜਿਸ ਦਾ ਅਨੁਵਾਦ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇਨ੍ਹਾਂ ਕੁੜੀਆਂ ਦੇ ਮਨਾਂ ਉਪਰ ਵੀ ਉਨ੍ਹਾਂ ਦੇ ਤਲਖ ਅਨੁਭਵਾਂ ਦੀ ਛਾਪ ਰਹੇਗੀ। ਕਾਲਜ ਦਾ ਪ੍ਰਿੰਸੀਪਲ ਵੀ ਸੰਤਾਪ ਝੱਲੇਗਾ ਜਿਸ ਨੇ ਉਨ੍ਹਾਂ ਲਈ ਕਾਲਜ ਦਾ ਗੇਟ ਬੰਦ ਕਰਵਾ ਦਿੱਤਾ, ਉਹ ਅਧਿਆਪਕ ਵੀ ਜੋ ਉਨ੍ਹਾਂ ਕੁੜੀਆਂ ਤੋਂ ਬਿਨਾਂ ਜਮਾਤਾਂ ਨੂੰ ਪੜ੍ਹਾਉਂਦੇ ਰਹੇ ਅਤੇ ਉਨ੍ਹਾਂ ਦੇ ਸਹਿਪਾਠੀ ਵੀ ਜਿਨ੍ਹਾਂ ਨੇ ਭਾਈਚਾਰਕ ਏਕਤਾ ਤੋਂ ਮੂੰਹ ਮੋੜ ਲਿਆ। ਇਸ ਲਿਖਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਇਹ ਮੰਨਣਾ ਗਲਤੀ ਹੈ ਕਿ ਚੁਣੀ ਹੋਈ ਨੁਮਾਇੰਦਾ ਸਰਕਾਰ ਸਿਰਫ ਉਨ੍ਹਾਂ ਨਾਗਰਿਕਾਂ ਦੀਆਂ ਤਰਜੀਹਾਂ ਨੂੰ ਦਰਸਾਉਂਦੀ ਹੈ ਜੋ ਇਸ ਨੂੰ ਚੁਣਦੇ ਹਨ। ਨੁਮਾਇੰਦਗੀ ਵੋਟਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦਰਮਿਆਨ ਇਕ ਸੰਵਾਦ ਹੈ ਜੋ ਵੋਟਰਾਂ ਦੀ ਮਾਨਸਿਕਤਾ ਨੂੰ ਵੀ ਓਨਾ ਹੀ ਘੜਦਾ ਹੈ ਜਿੰਨਾ ਇਹ ਚੁਣੇ ਹੋਏ ਵਿਅਕਤੀਆਂ ਦੀ ਮਾਨਸਿਕਤਾ ਨੂੰ ਘੜਦਾ ਹੈ। ਭਾਰਤ ਵਿਚ ਅਸੀਂ ਇਹ ਸਾਫ-ਸਾਫ ਦੇਖ ਸਕਦੇ ਹਾਂ ਜਿੱਥੇ ਹਫਤੇ-ਦਰ-ਹਫਤੇ ਸਮਾਜ ਵਿਚ ਨਰਿੰਦਰ ਮੋਦੀ ਦੀ ਛਾਪ ਹੋਰ ਵੀ ਡੂੰਘੀ ਮਹਿਸੂਸ ਕੀਤਾ ਜਾ ਰਹੀ ਹੈ। 2019 ‘ਚ ਇਕ ਸਪਸ਼ਟ ਬਹੁਮਤ ਵਾਲੀ ਸਰਕਾਰ ਮੁੜ ਚੁਣੇ ਜਾਣ ਨੇ ਅਸੰਭਵ ਕੱਟੜਤਾ ਨੂੰ ਲੋਕਾਂ ਨੂੰ ਲੁਭਾਉਣ ਵਾਲੀ ਆਮ ਸੂਝ ਵਿਚ ਬਦਲ ਦਿੱਤਾ ਹੈ।
ਪਿਛਲੇ ਕੁਝ ਦਿਨਾਂ ‘ਚ ਅਸੀਂ ਨਵੀਆਂ ਨੀਵਾਣਾਂ ‘ਚ ਜਾ ਡਿੱਗੇ ਹਾਂ ਜਦੋਂ ਕਰਨਾਟਕ ਦੇ ਕਾਲਜਾਂ ਨੇ ਮੁਸਲਿਮ ਕੁੜੀਆਂ ਨੂੰ ਹਿਜਾਬ ਪਹਿਨ ਕੇ ਆਪਣੇ ਕਲਾਸ ਰੂਮ ਵਿਚ ਜਾਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਇਮਤਿਹਾਨ ਸਿਰ ‘ਤੇ ਹੋਣ ਕਾਰਨ ਕੁੜੀਆਂ ਦੀ ਚਿੰਤਾ ਦੇ ਮੱਦੇਨਜ਼ਰ ਸਾਡਾ ਧਿਆਨ ਇਸ ਬੇਦਖਲੀ ਦੀ ਕਾਰਵਾਈ ਦੇ ਇਤਿਹਾਸਕ ਮਹੱਤਵ ਤੋਂ ਨਹੀਂ ਭਟਕਣਾ ਚਾਹੀਦਾ।
ਇਸ ਤੋਂ ਪਿੱਛੋਂ ਦੀਆਂ ਘਟਨਾਵਾਂ ਤੋਂ ਦੋ ਪ੍ਰਮੁੱਖ ਤਸਵੀਰਾਂ ਸਾਹਮਣੇ ਆਈਆਂ। ਪਹਿਲੀ ਤਸਵੀਰ ਕੁੰਡਾਪੁਰ ਦੇ ਇਕ ਕਾਲਜ ਦੇ ਗੇਟ ਨੂੰ ਕੁੜੀਆਂ ਦੀ ਇਕ ਟੋਲੀ ਲਈ ਬੰਦ ਕੀਤੇ ਜਾਣ ਦੀ ਹੈ ਜੋ ਅੰਦਰ ਜਾਣ ਦੇਣ ਲਈ ਕਹਿ ਰਹੀਆਂ ਹਨ। ਦੂਜੀ ਤਸਵੀਰ ਹਿੰਦੂ ਵਿਦਿਆਰਥੀਆਂ ਦੇ ਹਜੂਮ ਦੀ ਹੈ ਜੋ ਆਪਣੇ ਸੰਵਿਧਾਨਕ ਹੱਕਾਂ ਦੀ ਮੰਗ ਕਰ ਰਹੀਆਂ ਮੁਸਲਿਮ ਕੁੜੀਆਂ ਦੀ ਹੱਕ ਜਤਾਈ ਤੋਂ ਭੜਕ ਕੇ ਅਗਲੇ ਦਿਨ ਸਕੂਲ ‘ਚ ਭਗਵੇਂ ਪਰਨੇ ਪਾ ਕੇ ਆ ਗਏ। ਜਿਵੇਂ ਉਹ ਬਦਲਾ ਲੈ ਰਹੇ ਹੋਣ।
ਇਕ ਹੋਰ ਜ਼ਮਾਨਾ, ਇਕ ਹੋਰ ਸਥਾਨ
ਕਰਨਾਟਕ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਮੈਂ ਜੋ ਵੀਡੀਓ ਕਲਿੱਪ ਦੇਖੇ, ਉਨ੍ਹਾਂ ਨੇ ਮੈਨੂੰ ਅਮਰੀਕਾ ਵਿਚ 60 ਸਾਲ ਪਹਿਲਾਂ ਲਈਆਂ ਗਈਆਂ ਤਸਵੀਰਾਂ ਚੇਤੇ ਕਰਾ ਦਿੱਤੀਆਂ। 1954 ਵਿਚ ਅਮਰੀਕਨ ਸੁਪਰੀਮ ਕੋਰਟ ਵੱਲੋਂ ਸਰਕਾਰੀ ਸਕੂਲਾਂ ਵਿਚ ਨਸਲੀ ਵਿਤਕਰੇ ਨੂੰ ਰਸਮੀ ਤੌਰ ‘ਤੇ ਖਤਮ ਕਰ ਦਿੱਤਾ ਗਿਆ। ਜਦੋਂ ਨਸਲਾਂ ਦਾ ਏਕੀਕਰਨ ਹੋਇਆ ਤਾਂ ਇਸ ਦੇ ਨਾਲ ਹੀ ਸਿਵਲ ਰਾਈਟਸ ਅੰਦੋਲਨ ਦੀਆਂ ਕੁਝ ਸਭ ਤੋਂ ਪ੍ਰਭਾਵਸਾਲੀ ਤਸਵੀਰਾਂ ਵੀ ਸਾਹਮਣੇ ਆਈਆਂ। ਮੈਂ ਖਾਸ ਤੌਰ ‘ਤੇ ਸਕੂਲ ਜਾ ਰਹੀਆਂ ਤਿੰਨ ਕਾਲੀਆਂ ਕੁੜੀਆਂ ਦੀਆਂ ਤਸਵੀਰਾਂ ਬਾਰੇ ਸੋਚ ਰਿਹਾ ਹਾਂ ਜੋ ਉਦੋਂ ਤੱਕ ਪੂਰੀ ਤਰ੍ਹਾਂ ਗੋਰਿਆਂ ਦੇ ਸਕੂਲ ਸਨ।
ਪਹਿਲੀ ਤਸਵੀਰ ਵਿਚ ਰੂਬੀ ਬ੍ਰਿਜਸ ਜੋ ਉਦੋਂ ਛੇ ਸਾਲ ਦੀ ਸੀ, ਨੂੰ ਤਿੰਨ ਫੈਡਰਲ ਮਾਰਸ਼ਲ (ਸੁਰੱਖਿਆ ਕਰਮਚਾਰੀ) ਸਕੂਲ ਲਿਜਾ ਰਹੇ ਹਨ। ਇਕ ਗੁੱਸੇ ਨਾਲ ਭਰੇ-ਪੀਤੇ ਵੱਖਵਾਦੀ ਨੇ ਉਸ ਨੂੰ ਜ਼ਹਿਰ ਦੇਣ ਦੀ ਧਮਕੀ ਦਿੱਤੀ ਸੀ, ਇਸ ਲਈ ਮਾਰਸ਼ਲਾਂ ਨੇ ਉਸ ਨੂੰ ਸਿਰਫ ਘਰ ਤੋਂ ਲਿਆਂਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਸੀ।
ਦੂਜੀ ਤਸਵੀਰ ਵਿਚ ਡੋਰੋਥੀ ਕਾਊਂਟਸ ਇਕੱਲੀ ਸਕੂਲ ਜਾ ਰਹੀ ਹੈ ਜੋ ਉਦੋਂ ਪੰਦਰਾਂ ਸਾਲ ਦੀ ਸੀ ਅਤੇ ਗੋਰਿਆਂ ਦਾ ਹਜੂਮ ਉਸ ਨੂੰ ਆਪਣੀ ਨਫਰਤ ਦਾ ਨਿਸ਼ਾਨਾ ਬਣਾ ਰਿਹਾ ਹੈ। ਲੇਖਕ ਜੇਮਜ਼ ਬਾਲਡਵਿਨ ਨੇ ਬਾਅਦ ਵਿਚ ਲਿਖਿਆ ਕਿ ਇਹ ਉਹ ਤਸਵੀਰ ਸੀ ਜਿਸ ਨੇ ਉਸ ਨੂੰ ਫਰਾਂਸ ਤੋਂ ਵਾਪਸ ਆਉਣ ਲਈ ਮਜਬੂਰ ਕੀਤਾ ਜਿੱਥੇ ਉਹ ਅਮਰੀਕਾ ਵਿਚ ਝੱਲਣੇ ਪੈ ਰਹੇ ਰੋਜ਼ਮੱਰਾ ਅੱਤਿਆਚਾਰਾਂ ਤੋਂ ਬਚਣ ਲਈ ਜਲਾਵਤਨ ਹੋ ਗਿਆ ਸੀ।
ਤੀਸਰੀ ਤਸਵੀਰ ਵਿਚ ਐਲਿਜਾਬਥ ਐਕਫੋਰਡ ਲਿਟਲ ਰੌਕ ਸੈਂਟਰਲ ਹਾਈ ਸਕੂਲ (ਉੱਥੇ ਜਾਣ ਵਾਲੇ ਅਫਰੀਕਨ ਮੂਲ ਦੇ ਅਮਰੀਕਨ ਬੱਚਿਆਂ ਦਾ ਪਹਿਲਾ ਸਮੂਹ ਲਿਟਲ ਰੌਕ ਨਾਈਨ ਵਜੋਂ ਮਸ਼ਹੂਰ ਹੋਇਆ) ਨੂੰ ਜਾ ਰਹੀ ਹੈ, ਉਸ ਦੇ ਪਿੱਛੇ-ਪਿੱਛੇ ਉਸ ਦਾ ਮਜ਼ਾਕ ਉਡਾਉਂਦੇ ਗੋਰਿਆਂ ਦਾ ਇਸੇ ਤਰ੍ਹਾਂ ਦਾ ਹਜੂਮ ਚੱਲ ਰਿਹਾ ਹੈ। ਉਨ੍ਹਾਂ ਵਿਚ ਉਸੇ ਸਕੂਲ ਦੀ ਇਕ ਕੁੜੀ ਹੇਜ਼ਲ ਬ੍ਰਾਇਨ ਵੀ ਹੈ ਜੋ ਉਦੋਂ 15 ਸਾਲ ਦੀ ਸੀ। ਉਹ ਗੁੱਸੇ ਨਾਲ ਬੇਚੈਨ ਹੈ, ਗੁੱਸੇ ਦੇ ਹਾਵ-ਭਾਵ ਉਸ ਦੇ ਚਿਹਰੇ ਤੋਂ ਸਪਸ਼ਟ ਹਨ।
ਅਮਰੀਕਾ ਦੇ ਦੱਖਣ ਅਤੇ ਕਰਨਾਟਕ ਦਰਮਿਆਨ ਤੁਲਨਾ ਅਸੰਭਵ ਹੈ ਜੋ ਸਾਨੂੰ ਕੁਝ ਗੱਲਾਂ ਦੱਸਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਇਤਿਹਾਸਕ ਤੌਰ ‘ਤੇ ਦੇਖੀਏ ਤਾਂ ਨੌਜਵਾਨਾਂ ‘ਚ ਵੀ ਸਖਤ ਕੱਟੜਤਾ ਹੁੰਦੀ ਹੈ। ਹੇਜ਼ਲ ਬ੍ਰਾਇਨ ਜੋ ਬਾਅਦ ‘ਚ ਹੇਜ਼ਲ ਮੈਸਰੀ ਬਣੀ, ਨੇ ਬਚਪਨ ਵਿਚ ਜੋ ਕੁਝ ਕੀਤਾ ਸੀ, ਉਸ ਦਾ ਪਛਤਾਵਾ ਕਰਨ ਦੀ ਕੋਸ਼ਿਸ਼ ‘ਚ ਉਸ ਦੀ ਜ਼ਿੰਦਗੀ ਗੁਜ਼ਰ ਗਈ। ਹਾਲਾਂਕਿ ਐਕਫੋਰਡ ਨੇ ਉਸ ਨੂੰ ਮੁਆਫ ਕਰ ਦਿੱਤਾ – ਦੋਹਾਂ ਦਾ ਥੋੜ੍ਹੇ ਸਮੇਂ ਲਈ ਸਹੇਲਪੁਣਾ ਵੀ ਰਿਹਾ – ਲਿਟਲ ਰੌਕ ਨਾਇਨ ਟੋਲੀ ਦੀਆਂ ਬਾਕੀ ਕੁੜੀਆਂ ਨੇ ਉਸ ਨੂੰ ਮੁਆਫ ਨਹੀਂ ਕੀਤਾ। ਜਦੋਂ ਤੱਕ ਤੁਸੀਂ ਵਿਸਤਾਰ ‘ਚ ਜਾ ਕੇ ਜਾਣਕਾਰੀ ਦੇ ਰੂਬਰੂ ਨਹੀਂ ਹੁੰਦੇ, ਇਤਿਹਾਸ ਵਿਚ ਉਸ ਦਾ ਸਥਾਨ ਉਸ ਤਸਵੀਰ ਦੁਆਰਾ ਹੀ ਨਿਸ਼ਚਿਤ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਉਹ ਵਿਕੀਪੀਡੀਆ ਦੇ ‘ਨਫਰਤ’ ਦੇ ਇੰਦਰਾਜ ‘ਚ ਵੀ ਉਹ ਨਮੂਨੇ ਦੀ ਮਿਸਾਲ ਵਜੋਂ ਦਰਜ ਹੈ।
ਤੁਲਨਾ ਸਾਨੂੰ ਚੇਤੇ ਕਰਾਉਂਦੀ ਹੈ ਕਿ ਪੱਖਪਾਤ ਦੀ ਤਿੱਖੀ ਧਾਰ ਹਮੇਸ਼ਾ ਪਦਾਰਥਕ ਵਾਂਝਾਪਣ ਹੀ ਹੁੰਦੀ ਹੈ: ਘਰ, ਪੜ੍ਹਾਈ ਅਤੇ ਸਿਹਤ ਸੰਭਾਲ ਤੋਂ ਬੇਦਖਲੀ। ਬੁਰਕੇ ਨੂੰ ਲੈ ਕੇ ਫਰਾਂਸੀਸੀ ਬਹਿਸ ਦਾ ਇਹ ਦਰਾਮਦ ਕੀਤਾ ਸੰਸਕਰਨ ਇਸ ਗੱਲ ਨੂੰ ਨਹੀਂ ਦਰਸਾਉਦਾ ਕਿ ਤੱਟਵਰਤੀ ਕਰਨਾਟਕਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਅਕਾਦਮਿਕ ਗਾਹਕਾਂ ਉੱਪਰ ਅਚਾਨਕ ਫਰਾਂਸ ਮਾਰਕਾ ਧਰਮਨਿਰਪੱਖਤਾ ਵਾਲਾ ਭੂਤ ਸਵਾਰ ਹੈ; ਇਹ ਦਰਸਾਉਂਦਾ ਹੈ ਕਿ ਧਰਮ ਦੇ ਆਧਾਰ ‘ਤੇ ਵੱਖਰੇ ਮੁਹੱਲਿਆਂ ਦੀ ਘਿਨਾਉਣੀ ਭਾਰਤੀ ਹਕੀਕਤ ਦਾ ਵਧਾਰਾ-ਪਸਾਰਾ ਹੁਣ ਪੜ੍ਹਾਈ ਦੇ ਖੇਤਰ ਤੱਕ ਹੋ ਗਿਆ ਹੈ।
ਇਸ ਤੋਂ ਇਹ ਨਿਰਾਸ਼ਾਜਨਕ ਤੱਥ ਸਮਝ ਪੈ ਜਾਂਦਾ ਹੈ ਕਿ ਜਿਹੜੇ ਲੋਕ ਬਿਮਾਰ ਸਮਾਜਾਂ ਦੇ ਮੁਤੱਸਬਾਂ ਦਾ ਸ਼ਿਕਾਰ ਹੁੰਦੇ ਹਨ, ਉਹ ਉਨ੍ਹਾਂ ਸਮਾਜ ਦੇ ਸਭ ਤੋਂ ਕਮਜ਼ੋਰ ਨਾਗਰਿਕ ਹੁੰਦੇ ਹਨ। ਉਨ੍ਹਾਂ ਮੁਟਿਆਰਾਂ – ਦਰਅਸਲ ਕੁੜੀਆਂ ਨੂੰ – ‘ਅਕਹਿ ਘੁਮੰਡ, ਤਣਾਓ ਤੇ ਪੀੜਾ’ ਦਾ ਸੰਤਾਪ ਝੱਲਣਾ ਪਿਆ, ਜਿਵੇਂ ਬਾਲਡਵਿਨ ਨੇ ਕਾਊਂਟਸ ਬਾਰੇ ਲਿਖਿਆ ਸੀ। ਇਹ ਉਨ੍ਹਾਂ ਦੇ ਸਵੈਮਾਣ ਅਤੇ ਉਨ੍ਹਾਂ ਨੂੰ ਚਿੜਾਉਣ ਵਾਲਿਆਂ ਦੇ ਗੁੱਸੇ ਦੇ ਅੰਤਰ ਨੂੰ ਵਧਾਉਂਦਾ ਹੈ।
ਆਸ਼ਾਵਾਦੀ ਹੋਣ ਦੀ ਕੋਈ ਵਜ੍ਹਾ ਨਹੀਂ
ਹੇਜ਼ਲ ਮੈਸਰੀ ਦਾ ਪਛਤਾਵਾ ਕੋਈ ਆਦਰਸ਼ ਮਿਸਾਲ ਨਹੀਂ ਹੈ; ਇਹ ਵਿਸ਼ਵਾਸ ਕਰਨ ਦੀ ਕੋਈ ਵਜ੍ਹਾ ਨਹੀਂ ਹੈ ਕਿ ਭਗਵੇਂ ਪਰਨਿਆਂ ਵਾਲੇ ਉਹ ਹਿੰਦੂ ਵਿਦਿਆਰਥੀ ਮੈਸਰੀ ਵਾਂਗ ਆਪਣੇ ਕੀਤੇ ‘ਤੇ ਪਛਤਾਵਾ ਕਰਨਗੇ। ਇਕ ਕਾਰਨ ਤਾਂ ਇਹ ਹੈ ਕਿ ਅਮਰੀਕਾ ਵਿਚ ਰਸਮੀਂ ਅਲਹਿਦਗੀ ਖਤਮ ਹੋ ਰਹੀ ਸੀ। ਮੈਸਰੀ ਦੀ ਸੋਚ ‘ਚ ਬਦਲਾਓ ਇਕ ਹੱਦ ਤੱਕ ਉਸ ਤਸਵੀਰ ਦੇ ਛਪਣ ਦੇ ਜਵਾਬ ‘ਚ ਉੱਤਰੀ ਅਮਰੀਕੀ ਰਾਜਾਂ ਤੋਂ ਉਸ ਨੂੰ ਲਿਖੀਆਂ ਗਈਆਂ ਨਫਰਤ ਭਰੀਆਂ ਚਿੱਠੀਆਂ ਨਾਲ ਆਇਆ ਸੀ।
ਜਿਸ ਨਿਰਾਸ਼ਾ ਕਾਰਨ ਉਨ੍ਹਾਂ ਗੋਰੇ ਦੱਖਣੀ ਲੋਕਾਂ ਨੇ ਛੇ ਸਾਲ ਦੀ ਉਮਰ ਦੀਆਂ ਕੁੜੀਆਂ ‘ਤੇ ਪੱਥਰ ਸੁੱਟੇ, ਉਨ੍ਹਾਂ ‘ਤੇ ਥੁੱਕਿਆ, ਇਹ ਇਕ ਹੱਦ ਤੱਕ ਹਾਰ ਦਾ ਨਤੀਜਾ ਸੀ। ਉਹ ਹਾਰ ਗਏ ਸਨ ਅਤੇ ਉਹ ਇਸ ਹਕੀਕਤ ਨੂੰ ਜਾਣਦੇ ਸਨ। ਦੂਜੇ ਪਾਸੇ ਹਿੰਦੂਤਵ ਚੜ੍ਹਤ ਦੀ ਹਾਲਤ ਹੈ। ਭਾਰਤੀ ਅਦਾਰੇ ਜਾਂ ਤਾਂ ਬੇਵੱਸ ਹਨ ਜਾਂ ਇਹ ਉਨ੍ਹਾਂ ਨਾਲ ਮਿਲੇ ਹੋਏ ਹਨ। ਮੋਦੀ ਦਾ ਸਿਆਸੀ ਵਿਰੋਧ ਪਾਟੋਧਾੜ ਦਾ ਸ਼ਿਕਾਰ ਹੈ।
ਇਸ ਅੰਤਰ ਦੇ ਮੱਦੇਨਜ਼ਰ ਕੀ ਇਹ ਤੁਲਨਾ ਸਾਨੂੰ ਕੁਝ ਹੋਰ ਦੱਸ ਸਕਦੀ ਹੈ? ਇੱਥੇ, ਬਾਲਡਵਿਨ ਦੀ ਗੋਰੇ ਦੱਖਣੀ ਲੋਕਾਂ ਦੇ ਮਨਾਂ ਦੀ ਡੂੰਘੀ ਸਮਝ ਸਾਡੇ ਲਈ ਲਾਭਦਾਇਕ ਹੈ। 1965 ਵਿਚ ਕੈਂਬ੍ਰਿਜ ਯੂਨੀਅਨ ਵਿਚ ਦਿੱਤੇ ਭਾਸ਼ਣ ਵਿਚ ਉਸ ਨੇ ਕਿਹਾ, “ਉਨ੍ਹਾਂ ਦੀ ਪਰਵਰਿਸ਼ ਇਸ ਵਿਸ਼ਵਾਸ ਨਾਲ ਹੋਈ ਹੈ ਅਤੇ ਹੁਣ ਤੱਕ ਉਹ ਬੇਵੱਸ ਹੋ ਕੇ ਇਹ ਵਿਸ਼ਵਾਸ ਕਰਦੇ ਹਨ ਕਿ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਵੀ ਭਿਆਨਕ ਕਿਉਂ ਨਾ ਹੋਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਬਹੁਤ ਭਿਆਨਕ ਰਹੀ ਹੈ ਅਤੇ ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨਾ ਵੀ ਡਿਗ ਜਾਂਦੇ ਹਨ, ਭਾਵੇਂ ਕੋਈ ਵੀ ਆਫਤ ਉਨ੍ਹਾਂ ਨੂੰ ਦੱਬ ਲਵੇ, ਉਨ੍ਹਾਂ ਕੋਲ ਖੁਦ ਨੂੰ ਤਸੱਲੀ ਦੇਣ ਲਈ ਇਕ ਬਹੁਤ ਵੱਡਾ ਗਿਆਨ ਹੈ ਜੋ ਇਕ ਦੈਵੀ ਇਲਹਾਮ ਦੀ ਤਰ੍ਹਾਂ ਹੈ: ਘੱਟੋ-ਘੱਟ, ਉਹ ਕਾਲੇ ਤਾਂ ਨਹੀਂ।”
ਇਹ ਤਸੱਲੀ ਦੂਸਰਿਆਂ ਦੇ ਪਦਾਰਥਕ ਵਾਂਝੇਪਣ ਨਾਲ ਮਿਲ ਕੇ, ਬਹੁਗਿਣਤੀਵਾਦੀ ਸਿਆਸਤ ਦੀ ਪੇਸ਼ਕਸ਼ ਦਾ ਜੋੜ ਹੈ: ਭਾਵੇਂ ਤੁਸੀਂ ਕਿੰਨਾ ਵੀ ਡਿਗ ਜਾਵੋ, ਭਾਵੇਂ ਕੋਈ ਵੀ ਆਫਤ ਤੁਹਾਨੂੰ ਦੱਸ ਲਵੇ, ਘੱਟੋ ਘੱਟ ਤੁਸੀਂ ਮੁਸਲਮਾਨ ਨਹੀਂ ਹੋ।
ਮੈਂ ਰਤਾ ਕੁ ਉਨ੍ਹਾਂ ਕੁੜੀਆਂ ਵੱਲ ਪਰਤਣਾ ਚਾਹੁੰਦਾ ਹਾਂ ਜੋ ਆਪਣੇ ਕਾਲਜਾਂ ਦੇ ਬਾਹਰ ਬੈਠੀਆਂ ਹਨ ਜਿਨ੍ਹਾਂ ਨੂੰ ਜ਼ਾਹਰਾ ਤੌਰ ‘ਤੇ ਮੁਸਲਮਾਨ ਨਜ਼ਰ ਆਉਂਦੀਆਂ ਹੋਣ ਦੇ ਅਪਰਾਧ ਬਦਲੇ ਪੜ੍ਹਾਈ ਦੇ ਹੱਕ ਤੋਂ ਨਾਂਹ ਕਰ ਦਿੱਤੀ ਗਈ। ਇਹ ਸਹੀ ਹੈ ਕਿ ਅਸੀਂ ਉਸ ਨੁਕਸਾਨ ਤੋਂ ਡਰਦੇ ਹਾਂ ਜੋ ਬਹੁਗਿਣਤੀਵਾਦੀ ਕੱਟੜਤਾ ਉਨ੍ਹਾਂ ਦਾ ਕਰ ਸਕਦੀ ਹੈ। ਐਲਿਜਾਬਥ ਐਕਫੋਰਡ ਕਦੇ ਵੀ ਉਸ ਸੰਤਾਪੇ ਹਾਲਾਤ ‘ਚੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ ਜੋ ਵਕਤ ਉਸ ਨੇ ਉਸ ਸਕੂਲ ਵਿਚ ਗੁਜ਼ਾਰਿਆ ਸੀ। ਬਾਅਦ ‘ਚ ਸਾਹਮਣੇ ਆਇਆ ਕਿ ਉਹ ਉਸ ਸਦਮੇ ਨਾਲ ਬਣੇ ਤਣਾਓ ਦੀ ਮਰੀਜ਼ ਸੀ ਅਤੇ ਇਸ ਨਾਲ ਪੈਦਾ ਹੋਏ ਮਾਨਸਿਕ ਵਿਗਾੜ ਨੇ ਬਾਕੀ ਜ਼ਿੰਦਗੀ ਉਸ ਦਾ ਖਹਿੜਾ ਨਹੀਂ ਛੱਡਿਆ।
ਇਨ੍ਹਾਂ ਕੁੜੀਆਂ ਦੇ ਮਨਾਂ ਉੱਪਰ ਵੀ ਉਨ੍ਹਾਂ ਦੇ ਤਲਖ ਅਨੁਭਵਾਂ ਦੀ ਛਾਪ ਰਹੇਗੀ। ਕਾਲਜ ਦਾ ਪ੍ਰਿੰਸੀਪਲ ਵੀ ਸੰਤਾਪ ਝੱਲੇਗਾ ਜਿਸ ਨੇ ਉਨ੍ਹਾਂ ਲਈ ਕਾਲਜ ਦਾ ਗੇਟ ਬੰਦ ਕਰਵਾ ਦਿੱਤਾ, ਉਹ ਅਧਿਆਪਕ ਵੀ ਜੋ ਉਨ੍ਹਾਂ ਕੁੜੀਆਂ ਤੋਂ ਬਿਨਾਂ ਜਮਾਤਾਂ ਨੂੰ ਪੜ੍ਹਾਉਂਦੇ ਰਹੇ ਅਤੇ ਉਨ੍ਹਾਂ ਦੇ ਸਹਿਪਾਠੀ ਵੀ ਜਿਨ੍ਹਾਂ ਨੇ ਭਾਈਚਾਰਕ ਏਕਤਾ ਤੋਂ ਮੂੰਹ ਮੋੜ ਲਿਆ। ਬਹੁਗਿਣਤੀਵਾਦ ਤੋਂ ਬਹੁਗਿਣਤੀ ਵੀ ਅਛੋਹ ਨਹੀਂ ਰਹਿੰਦੀ। ਬਾਲਡਵਿਨ ਦੇ ਕਥਨ ਨੂੰ ਸਾਡੇ ਹਾਲਾਤ ਅਨੁਸਾਰ ਕਹਿਣਾ ਹੋਵੇ ਤਾਂ ਉਨ੍ਹਾਂ ਦੀਆਂ ਨੈਤਿਕ ਜ਼ਿੰਦਗੀਆਂ ਹਿੰਦੂਤਵ ਨਾਮ ਦੀ ਪਲੇਗ ਨੇ ਤਬਾਹ ਕਰ ਦਿੱਤੀਆਂ ਹਨ।
ਉਨ੍ਹਾਂ ਦੀਆਂ ਅਤੇ ਸਾਡੀਆਂ ਵੀ, ਜ਼ਿੰਦਗੀਆਂ ਉੱਪਰ ਐਸਾ ਕਲੰਕ ਲੱਗ ਚੁੱਕਾ ਹੈ ਜੋ ਕਦੇ ਨਹੀਂ ਲੱਥੇਗਾ।