ਖਰਾ ਸਮਾਜ-ਸੁਧਾਰ ਨਾਅਰੇ ਅਤੇ ਭਾਸ਼ਨ ਨਹੀਂ ਲੋੜਦਾ

ਗੁਰਬਚਨ ਸਿੰਘ ਭੁੱਲਰ
ਫੋਨ: +807-636-3058
ਦਿੱਲੀ ਵੱਸਦੇ ਲਿਖਾਰੀ ਗੁਰਬਚਨ ਸਿੰਘ ਭੁੱਲਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਆਪਣੀਆਂ ਕਹਾਣੀਆਂ ਨਾਲ ਪੰਜਾਬੀ ਸਾਹਿਤ ਜਗਤ ਵਿਚ ਵੱਖਰੀ ਪਛਾਣ ਬਣਾਈ ਹੈ। ਕੁਝ ਸਾਲ ਪਹਿਲਾਂ ਆਏ ਉਨ੍ਹਾਂ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਜੋ ਪ੍ਰਸਿੱਧ ਲਿਖਾਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ `ਤੇ ਆਧਾਰਿਤ ਸੀ, ਨਾਲ ਵੀ ਉਨ੍ਹਾਂ ਸਾਹਤਿਕ ਹਲਕਿਆਂ ਵਿਚ ਵਾਹਵਾ ਹਲਚਲ ਮਚਾਈ ਸੀ। ਅੱਜ ਕੱਲ੍ਹ ਉਹ ਬਹੁਤਾ ਧਿਆਨ ਵਾਰਤਕ ਵੱਲ ਲਾ ਰਹੇ ਹਨ। ਅਸੀਂ ਉਨ੍ਹਾਂ ਦੀ ਵਾਰਤਕ ਦੀ ਇਕ ਵੰਨਗੀ ‘ਮਾਨਸ ਤੋਂ ਦੇਵਤਾ’ ਦੇ ਰੂਪ ਵਿਚ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ ਜਿਸ ਵਿਚ ਉਨ੍ਹਾਂ ਕੁਝ ਅਸਾਧਾਰਨ ਸ਼ਖਸੀਅਤਾਂ ਦੇ ਦਿਲਚਸਪ ਅਤੇ ਨਿਆਰੇ ਸ਼ਬਦ ਚਿੱਤਰ ਉਲੀਕੇ ਹਨ।

ਭਾਰਤੀ ਸਮਾਜ ਵਿਚ ਹਜ਼ਾਰਾਂ ਸਾਲਾਂ ਤੋਂ ਤੁਰੀਆਂ ਆਈਆਂ ਬਦੀਆਂ ਵਿਚੋਂ ਇਕ ਮੁੱਖ ਬਦੀ ਜਾਤਪਾਤ ਹੈ। ਇਹਨੇ ਮਨੁੱਖੀ ਸਮਾਜ ਨੂੰ ਟੁਕੜਿਆਂ ਵਿਚ ਵੰਡ ਦਿੱਤਾ ਅਤੇ ਕਿਸੇ ਨੂੰ ਉਚਾ ਐਲਾਨ ਦਿੱਤਾ ਗਿਆ, ਕਿਸੇ ਨੂੰ ਨੀਵਾਂ। ਸਮੇਂ-ਸਮੇਂ ਸਮਾਜ-ਸੁਧਾਰਕ ਇਸ ਭੈੜ ਨੂੰ ਖ਼ਤਮ ਕਰਨ ਵਾਸਤੇ ਜਤਨ ਕਰਦੇ ਰਹੇ। ਇਸ ਮਾਨਵ-ਵਿਰੋਧੀ ਰੀਤ ਨੂੰ ਗੁਰੂ ਸਾਹਿਬਾਨ ਨੇ ਕਿਸੇ ਵੀ ਵਿਤਕਰੇ ਤੋਂ ਬਿਨਾਂ ਮਨੁੱਖ ਨੂੰ ਮਨੁੱਖ ਸਮਝਣ ਦਾ ਪਰਚਾਰ ਕਰ ਕੇ ਪੰਜਾਬ ਵਿਚ ਵੱਡੀ ਸੱਟ ਮਾਰੀ। ਤਾਂ ਵੀ ਇਹ ਰੀਤ ਵਾਰ-ਵਾਰ ਸਿਰ ਚੁਕਦੀ ਰਹੀ।
ਆਜ਼ਾਦ ਭਾਰਤ ਵਿਚ ਜਾਤਪਾਤ-ਵਿਰੋਧੀ ਕਾਨੂੰਨ ਬਣ ਜਾਣ ਦੇ ਬਾਵਜੂਦ ਇਸ ਨੂੰ ਅਜੇ ਵੀ ਖ਼ਤਮ ਨਹੀਂ ਕੀਤਾ ਜਾ ਸਕਿਆ। ਸਾਡੇ ਬਚਪਨ ਸਮੇਂ ਤਾਂ ਜਾਤਪਾਤ ਸਮਾਜ ਦਾ ਇਕ ਪ੍ਰਵਾਨਿਤ ਸੱਚ ਸੀ। ਕਥਿਤ ਉਚੀਆਂ ਜਾਤਾਂ ਵੱਲੋਂ ਹੀ ਨਹੀਂ, ਸਮਾਜ ਦੇ ਪੀੜੇ-ਨਿਰਾਦਰੇ ਹਿੱਸਿਆਂ ਵੱਲੋਂ ਆਪ ਵੀ ਇਹਨੂੰ ਸਮਾਜਕ ਜੀਵਨ ਦਾ ਇਕ ਸਾਧਾਰਨ ਵਰਤਾਰਾ ਸਮਝਿਆ ਜਾਂਦਾ ਸੀ। ਅਸਲ ਵਿਚ ਜਾਤਪਾਤ ਭਾਰਤੀ ਸਮਾਜ ਦੀ ਪ੍ਰਫੁੱਲਤਾ ਵਿਚ ਬਾਧਕ ਬਣਿਆ ਹੋਇਆ ਡੂੰਘੀਆਂ ਜੜਾਂ ਵਾਲ਼ਾ ਖੱਬਲ ਹੈ, ਜਿਸ ਨੂੰ ਉਤੋਂ-ਉਤੋਂ ਜਿੰਨੀ ਵਾਰ ਮਰਜ਼ੀ ਵੱਢ ਦਿਉ, ਧਰਤੀ ਵਿਚੋਂ ਫੇਰ ਨਿੱਕਲ ਆਵੇਗਾ। ਜਿੰਨਾ ਚਿਰ ਇਹਦੀਆਂ ਜੜਾਂ ਨਹੀਂ ਪੁੱਟੀਆਂ ਜਾਂਦੀਆਂ, ਇਹਦਾ ਖ਼ਾਤਮਾ ਸੰਭਵ ਨਹੀਂ।
ਅੱਜ ਤੋਂ ਕੋਈ ਇਕ ਸਦੀ ਪਹਿਲਾਂ ਦੇ ਗੂੜ੍ਹੇ ਜਾਤਪਾਤੀ ਮਾਹੌਲ ਵਿਚ ਸਾਡੇ ਪਿੰਡ ਵਿਚ ਇਕ ਘਟਨਾ ਅਜਿਹੀ ਵਾਪਰੀ ਜੋ ਵੱਡਿਆਂ ਤੋਂ ਸੁਣ ਕੇ ਮੈਨੂੰ ਛੋਟੀ ਉਮਰੇ ਵੀ ਅਲੋਕਾਰ ਤਾਂ ਲੱਗੀ ਪਰ ਜਿਸਦਾ ਅਸਲ ਮਹੱਤਵ ਅੱਗੇ ਚੱਲ ਕੇ ਸਮਾਜਕ-ਰਾਜਨੀਤਕ ਸੋਝੀ ਆਈ ਤੋਂ ਸਮਝ ਆਇਆ। ਇਹ ਘਟਨਾ ਇਸ ਕਰਕੇ ਹੋਰ ਵੀ ਵੱਡੀ ਹੈ ਕਿ ਇਸਦਾ ਕਰਤਾ ਕੋਈ ਸਮਾਜ-ਸੁਧਾਰਕ, ਸੰਤ-ਮਹਾਤਮਾ ਜਾਂ ਰਾਜਨੀਤਕ ਆਗੂ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਨਹੀਂ ਸੀ, ਸਗੋਂ ਇਹ ਸਾਡੇ-ਤੁਹਾਡੇ ਵਰਗੇ ਇਕ ਸਾਧਾਰਨ ਵਿਅਕਤੀ ਦਾ ਸਹਿਜ ਕਾਰਨਾਮਾ ਸੀ। ਇਸ ਘਟਨਾ ਦਾ ਇਕ ਮਹੱਤਵ ਇਹ ਵੀ ਹੈ ਕਿ ਇਸ ਤੋਂ ਜਾਤਪਾਤ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦੇ ਵਿਚਾਰਾਂ ਦਾ ਵੀ ਪਤਾ ਲਗਦਾ ਹੈ। ਇਥੇ ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਭਾਵੇਂ ਮਸ਼ਹੂਰ ਨਾਭਾ ਦੇ ਨਾਂ ਨਾਲ ਹੋਏ, ਪੁਰਖਿਆਂ ਤੋਂ ਮੂਲ ਵਾਸੀ ਉਹ ਸਾਡੇ ਪਿੰਡ ਪਿੱਥੋ ਦੇ ਸਨ।
ਸਾਡੇ ਪਿੰਡ ਇੰਦਰ ਸਿੰਘ ਢਿੱਲੋਂ ਨਾਂ ਦੇ ਇਕ ਸੱਜਨ ਸਨ। ਉਹ ਭਾਈ ਕਾਨ੍ਹ ਸਿੰਘ ਦੇ ਵਡੇਰੇ ਪਰਿਵਾਰ ਵਿਚੋਂ, ਭਾਵ ਸਕਿਆਂ ਵਿਚੋਂ ਹੀ ਸਨ। ਉਹ ਉਮਰ ਵਿਚ ਕਾਨ੍ਹ ਸਿੰਘ ਨਾਲੋਂ ਕਾਫ਼ੀ ਛੋਟੇ ਵੀ ਸਨ ਅਤੇ ਉਨ੍ਹਾਂ ਨੇ ਆਯੂ ਵੀ ਲੰਮੀ ਭੋਗੀ। ਭਾਈ ਸਾਹਿਬ ਤਾਂ 1938 ਵਿਚ ਪੂਰੇ ਹੋ ਗਏ ਸਨ, ਉਹ 35-40 ਸਾਲ ਮਗਰੋਂ ਜਾ ਕੇ ਪੂਰੇ ਹੋਏ। ਸਾਡੇ ਪਰਿਵਾਰ ਨਾਲ ਉਨ੍ਹਾਂ ਦਾ ਨੇੜਲਾ ਵਾਸਤਾ ਰਿਹਾ ਅਤੇ ਇਕ ਵਾਰ ਉਹ ਮੇਰੇ ਕੋਲ ਦਿੱਲੀ ਵੀ ਆਏ। ਮੈਂ ਉਨ੍ਹਾਂ ਨੂੰ ਤਾਇਆ ਜੀ ਕਿਹਾ ਕਰਦਾ ਸੀ। ਇਸ ਲੰਮੇ ਵਾਹ ਵਿਚੋਂ ਹੀ ਮੇਰੀ ਕਹਾਣੀ ‘ਕਸਤੂਰੀ ਵਾਲਾ ਮਿਰਗ’ ਦਾ ਜਨਮ ਹੋਇਆ। ਇਹ ਮੇਰੀਆਂ ਉਨ੍ਹਾਂ ਇੱਕਾ-ਦੁੱਕਾ ਕਹਾਣੀਆਂ ਵਿਚੋਂ ਹੈ ਜਿਨ੍ਹਾਂ ਵਿਚ ਮੈਨੂੰ ਕਲਪਨਾ ਦਾ ਰਲ਼ਾ ਪਾਉਣਾ ਹੀ ਨਹੀਂ ਪਿਆ, ਭਾਵ ਜੀਵਨ ਵਿਚੋਂ ਉਹ ਮੈਨੂੰ ਪੱਕੀਆਂ-ਪਕਾਈਆਂ ਮਿਲ ਗਈਆਂ ਅਤੇ ਮੈਂ ਕਾਗ਼ਜ਼ ‘ਤੇ ਉਤਾਰ ਦਿੱਤੀਆਂ।
ਇਸ ਕਹਾਣੀ ਦੇ ਸਰਦਾਰ ਉੱਤਮ ਸਿੰਘ ਸੰਧੂ ਅਸਲੀ ਜੀਵਨ ਵਿਚ ਤਾਇਆ ਇੰਦਰ ਸਿੰਘ ਢਿੱਲੋਂ ਹੀ ਸਨ। ਉਹ ਉਰਦੂ ਦੇ ਬੋਲਬਾਲੇ ਦੇ ਵੇਲ਼ੇ ਦੀਆਂ ਪੰਜ-ਚਾਰ ਜਮਾਤਾਂ ਪੜ੍ਹੇ ਹੋਏ ਸਨ। ਉਨ੍ਹਾਂ ਦਾ ਬਾਣਾ ਕਾਫ਼ੀ ਨਵੇਕਲਾ ਸੀ। ਉਹ ਕਫ਼ਾਂ ਵਾਲੇ ਬੰਦ ਗਲ਼ੇ ਦੇ ਕੁਛ-ਕੁਛ ਲੰਮੇ ਕਮੀਜ਼ ਨਾਲ ਸਫ਼ੈਦ ਪੋਠੋਹਾਰੀ ਸਲਵਾਰ ਪਹਿਣਦੇ, ਜਿਸ ਦਾ ਸਾਡੇ ਇਲਾਕੇ ਵਿਚ ਬਿਲਕੁਲ ਰਿਵਾਜ ਨਹੀਂ ਸੀ। ਹੱਥ ਵਿਚ ਉਹ ਖ਼ੂਬਸੂਰਤ ਖੂੰਡੀ ਰਖਦੇ ਜੋ ਉਨ੍ਹਾਂ ਦੀ ਲੋੜ ਨਾਲੋਂ ਬਹੁਤੀ ਆਦਤ ਜਾਂ ਸ਼ੁਕੀਨੀ ਜਾਂ ਸਤਿਕਾਰਤ ਬਜ਼ੁਰਗੀ ਦਾ ਚਿੰਨ੍ਹ ਸੀ।
ਪਿੰਡ ਵਾਲੀ ਜ਼ਮੀਨ ਤੋਂ ਇਲਾਵਾ ਸੰਤਾਲੀ ਤੋਂ ਪਹਿਲਾਂ ਬਹਾਵਲਪੁਰ ਵਿਚ ਵੀ ਉਨ੍ਹਾਂ ਦੇ ਮੁਰੱਬੇ ਸਨ। ਉਥੇ ਉਨ੍ਹਾਂ ਦੇ ਮੁਰੱਬਿਆਂ ਦੇ ਗੁਆਂਢੀ ਚੰਗੇ ਵੱਡੇ ਮੁਸਲਮਾਨ ਜ਼ਿੰਮੀਦਾਰ ਸਨ ਜਿਨ੍ਹਾਂ ਨਾਲ ਉਨ੍ਹਾਂ ਦਾ ਵਧੀਆ ਸਨੇਹ ਤੇ ਵਰਤ-ਵਰਤਾਵਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਨ੍ਹਾਂ ਦੀ ਸੂਖ਼ਮ ਜਿਹੀ ਉਰਦੂਨੁਮਾ ਬੋਲ-ਬਾਣੀ ਅਤੇ ਉਦਾਰ ਵਰਤੋਂ-ਵਿਹਾਰ ਵਿਚ ਇਕ ਖਾਸ ਸਲੀਕਾ ਅਤੇ ਸੁਚੱਜ ਸੀ।
ਉਨ੍ਹਾਂ ਦੇ ਨਾਂ ਨਾਲ ਇਕ ਗੱਲ ਅਜਿਹੀ ਜੁੜੀ ਹੋਈ ਸੀ ਜੋ ਪਿੰਡਵਾਸੀਆਂ ਦੀ ਨਜ਼ਰ ਵਿਚ ਉਨ੍ਹਾਂ ਨੂੰ ਸਾਧਾਰਨ ਮਨੁੱਖ ਦੀ ਥਾਂ ਅਜੀਬ ਪ੍ਰਾਣੀ ਬਣਾਉਂਦੀ ਸੀ। ਲੋਕ ਹੈਰਾਨ ਹੋ ਕੇ ਦਸਦੇ ਸਨ ਕਿ ਉਨ੍ਹਾਂ ਨੇ “ਰਵਿਦਾਸੀਆਂ ਦੇ ਘਰੋਂ ਦੁੱਧ ਪੀਤਾ ਹੋਇਆ ਹੈ!”
ਮਗਰੋਂ ਮੇਰੀ ਕਹਾਣੀ ਵਿਚ ਹੋਏ ਜ਼ਿਕਰ ਵਾਂਗ ਜਦੋਂ ਤਾਇਆ ਜੀ ਇੰਦਰ ਸਿੰਘ ਮੇਰੇ ਕੋਲ ਦਿੱਲੀ ਠਹਿਰੇ, ਮੈਂ ਉਨ੍ਹਾਂਂ ਨੂੰ ਜਾਤਪਾਤ ਦੀ ਕਥਿਤ ਭਿੱਟ ਤੋੜਨ ਦੀ ਹਿੰਮਤ ਕਰਨ ਬਾਰੇ ਪੁੱਛ ਹੀ ਲਿਆ, “ਤਾਇਆ ਜੀ, ਲੋਕ ਆਖਦੇ ਹਨ ਕਿ ਤੁਸੀਂ ਵਿਹੜੇ ਵਾਲ਼ਿਆਂ ਦਾ ਭਿੱਟਿਆ ਹੋਇਆ ਦੁੱਧ ਪੀਤਾ ਸੀ?”
ਉਹ ਨਿਝੱਕ ਬੋਲੇ, “ਹਾਂ ਬੇਟਾ, ਮੈਂ ਰਵਿਦਾਸੀਏ ਸੀਰੀ ਦੇ ਘਰ ਜਾ ਕੇ ਦੁੱਧ ਪੀਤਾ ਸੀ!” ਤੇ ਉਨ੍ਹਾਂ ਨੇ ਉਹ ਘਟਨਾ ਪੂਰੇ ਵਿਸਤਾਰ ਵਿਚ ਸੁਣਾ ਦਿੱਤੀ।
ਸਾਡੀ ਨਾਭਾ ਰਿਆਸਤ ਵਿਚ ਮਜ਼੍ਹਬੀਆਂ ਅਤੇ ਰਵਿਦਾਸੀਆਂ ਦੇ ‘ਵਿਹੜੇ’ ਭਾਵ ਉਨ੍ਹਾਂ ਦੇ ਘਰਾਂ ਦੇ ਸਮੂਹ ਫਿਰਨੀ ਤੋਂ ਬਾਹਰ ਹੁੰਦੇ ਸਨ। ਉਨ੍ਹਾਂ ਨੂੰ ਜ਼ਮੀਨ ਖ਼ਰੀਦ ਕੇ ਵੀ ਫਿਰਨੀ ਦੇ ਅੰਦਰ ਪਿੰਡ ਵਿਚ ਵਸਣ ਦੀ ਆਗਿਆ ਨਹੀਂ ਸੀ ਹੁੰਦੀ। ਜੇ ਕਿਸੇ ਜੱਟ-ਜ਼ਿੰਮੀਦਾਰ ਨੇ ਜਾਂ ਪਿੰਡ ਵਾਲੇ ਹੋਰ ਕਿਸੇ ਨੇ ਕਿਸੇ ਮਜ਼੍ਹਬੀ-ਰਵਿਦਾਸੀਏ ਨੂੰ ਬੁਲਾਉਣਾ ਹੁੰਦਾ, ਉਹ ‘ਵਿਹੜੇ’ ਦੇ ਅੰਦਰ ਉਹਦੇ ਘਰ ਨਹੀਂ ਸੀ ਜਾਂਦਾ। ਉਹ ‘ਵਿਹੜੇ’ ਦੇ ਬਾਹਰ ਖਲੋ ਜਾਂਦਾ ਅਤੇ ਕਿਸੇ ਅੰਦਰ ਜਾਣ ਵਾਲੇ ਨੂੰ ਆਖਦਾ, “ਓ ਬਈ ਫਲਾਣਿਆ, ਅਮਕੇ ਨੂੰ ਭੇਜੀਂ। ਕਹੀਂ, ਮੈਂ ਇਥੇ ਬਾਹਰ ਖੜ੍ਹਾ ਉਹਦੀ ਉਡੀਕ ਕਰ ਰਿਹਾ ਹਾਂ।” ਜਾਤਪਾਤੀ ਭਿੱਟ ਤੋਂ ਇਲਾਵਾ ਮਜ਼੍ਹਬੀਆਂ-ਰਵਿਦਾਸੀਆਂ ਦੇ ਵਿਹੜਿਆਂ ਦੀ ਸਫ਼ਾਈ ਦੀ ਘਾਟ ਵੀ ਇਕ ਕਾਰਨ ਸੀ।
ਇਕ ਦਿਨ ਤਾਇਆ ਇੰਦਰ ਸਿੰਘ ਦਾ ਰਵਿਦਾਸੀਆ ਸੀਰੀ ਪਹਿਲਾਂ ਦੱਸੇ ਬਿਨਾਂ ਕੰਮ ‘ਤੇ ਨਾ ਆਇਆ। ਉਹ ਵਿਹੜੇ ਵੱਲ ਗਏ ਅਤੇ ਰੀਤ ਅਨੁਸਾਰ ਬਾਹਰ ਖਲੋ ਕੇ ਕਿਸੇ ਅੰਦਰ ਜਾਣ ਵਾਲੇ ਦੇ ਆਉਣ ਦੀ ਉਡੀਕ ਕੀਤੇ ਬਿਨਾਂ ਪੁਛਦੇ-ਪੁਛਾਉਂਦੇ ਆਪ ਹੀ ਸੀਰੀ ਦੇ ਘਰ ਜਾ ਪਹੁੰਚੇ। ਸੀਰੀ ਕਿਸੇ ਕੰਮ ਕਾਰਨ ਕੁਛ ਸਮੇਂ ਲਈ ਕਿਤੇ ਨੇੜੇ-ਤੇੜੇ ਹੀ ਗਿਆ ਹੋਇਆ ਸੀ। ਬਿਚਾਰੀ ਸੀਰਨ ਦਾ, ਅਚਾਨਕ ਆ ਬਣੀ ਇਸ ਅਜੀਬ ਹਾਲਤ ਕਾਰਨ, ਘਬਰਾਉਣਾ ਅਤੇ ਹੜਬੜਾਉਣਾ ਸੁਭਾਵਿਕ ਸੀ। ਉਹਨੇ ਹੱਥਾਂ ਵਿਚ ਚੁੁੰਨੀ ਦਾ ਲੜ ਫੜ ਕੇ ਤਾਇਆ ਜੀ ਦੇ ਪੈਰਾਂ ਨੂੰ ਭਿੱਟ ਤੋਂ ਬਚਾਉਂਦਿਆਂ ਉਨ੍ਹਾਂ ਤੋਂ ਦੋ ਕੁ ਗਿੱਠਾਂ ਦੂਰ ਧਰਤੀ ਛੂਹ ਕੇ ਪੈਰੀਂ-ਪੈਣਾ ਕੀਤਾ। ਫੇਰ ਕਦੇ ਉਹ ਪੀੜ੍ਹੀ ਨੂੰ ਹੱਥ ਪਾ ਲਵੇ, ਕਦੇ ਛੱਡ ਦੇਵੇ। ਕਦੇ ਮੰਜੇ ਵੱਲ ਅਹੁਲੇ, ਫੇਰ ਝਿਜਕ ਜਾਵੇ। ਉਹਨੂੰ ਸਮਝ ਨਹੀਂ ਸੀ ਆ ਰਹੀ, ਉਹ ਸਰਦਾਰ ਨੂੰ ਬੈਠਣ ਲਈ ਕਹੇ ਜਾਂ ਨਾ ਕਹੇ! ਜੇ ਬਿਠਾਵੇ ਤਾਂ ਕਿਥੇ ਬਿਠਾਵੇ! ਏਨੇ ਚਿਰ ਨੂੰ ਕੰਧ ਨਾਲ ਖੜ੍ਹਾ ਮੰਜਾ ਸਿੱਧਾ ਕਰ ਕੇ ਤਾਇਆ ਜੀ ਆਪੇ ਹੀ ਬਿਰਾਜਮਾਨ ਹੋ ਗਏ।
ਉਹ ਬੋਲੀ, “ਬਾਬਾ ਜੀ, ਤੁਸੀਂ ਬੈਠੋ, ਮੈਂ ਜੱਟਾਂ ਦੇ ਕਿਸੇ ਘਰ ਆਖ ਕੇ ਦੇਖਦੀ ਆਂ, ਜੇ ਉਨ੍ਹਾਂ ਦਾ ਕੋਈ ਮੁੰਡਾ ਦੁੱਧ ਲਿਆਉਣਾ ਮੰਨ ਜਾਵੇ।”
ਇਕ ਪਾਸੇ ਸਰਕੜਿਆਂ ਦੇ ਛਤੜੇ ਹੇਠ ਵੱਛੇ ਵਾਲ਼ੀ ਇਕ ਗਾਂ ਖਲੋਤੀ ਹੋਈ ਸੀ। ਉਹ ਹੱਸ ਕੇ ਬੋਲੇ, “ਇਹ ਦਰਸ਼ਨ ਦੇਣ ਨੂੰ ਰੱਖੀ ਐ ਕਿ ਚਾਰ ਧਾਰਾਂ ਦੁੱਧ ਵੀ ਦਿੰਦੀ ਐ?”
ਉਹਨੇ ਦੱਸਿਆ, “ਬਾਬਾ ਜੀ, ਇਹ ਤਾਂ ਦੁੱਧ ਦਿੰਦੀ ਐ। ਪਰ…“
ਤਾਇਆ ਜੀ ਉਹਦੀ ਗੱਲ ਕੱਟ ਕੇ ਕਹਿੰਦੇ, “ਫੇਰ ਦੁੱਧ ਕਿਸੇ ਜੱਟ ਦੇ ਘਰੋਂ ਕਿਉਂ ਚੁਕਵਾ ਕੇ ਲਿਆਉਣਾ ਹੈ! ਪਰ-ਪੁਰ ਛੱਡ। ਪਾ ਦੇ ਇਹਦਾ ਦੁੱਧ ਕਿਸੇ ਭਾਂਡੇ ਵਿਚ!”
ਉਹਨੇ ਸੰਗਦੀ-ਝਿਜਕਦੀ ਨੇ ਗਰਮ ਕਰ ਕੇ ਦੁੱਧ ਛੰਨੇ ਵਿਚ ਪਾ ਦਿੱਤਾ। ਤਾਇਆ ਇੰਦਰ ਸਿੰਘ ਨੇ ਦੁੱਧ ਛਕ ਕੇ ਤੁਰਨ ਵਾਸਤੇ ਖੜ੍ਹੇ ਹੁੰਦਿਆਂ ਉਹਨੂੰ ਅਸੀਸਾਂ ਦਿੱਤੀਆਂ ਅਤੇ ਬੋਲੇ, “ਜਦੋਂ ਤੇਰਾ ਚੌਧਰੀ ਆਵੇ, ਕਹੀਂ, ਇਧਰੋਂ ਛੇਤੀ ਵਿਹਲਾ ਹੋ ਕੇ ਕੰਮ ਉਤੇ ਆ ਜਾਵੇ।”
ਸੀਰਨ ਦੰਗ ਰਹਿ ਗਈ! ਉਨ੍ਹਾਂ ਵੇਲ਼ਿਆਂ ਵਿਚ ਜੱਟਾਂ ਤੇ ਮਜ਼੍ਹਬੀਆਂ-ਰਵਿਦਾਸੀਆਂ ਦੇ ਰਿਸ਼ਤਿਆਂ ਵਿਚਕਾਰ ਭਿੱਟ ਦੀ ਡੂੰਘੀ ਤੇ ਚੌੜੀ ਖਾਈ ਸੀ। ਇਹ ਖਾਈ ਜੱਟ ਤੇ ਸੀਰੀ ਦੇ ਚੌਵੀ ਘੰਟੇ ਦੇ ਸਾਲਾਂ-ਬੱਧੀ ਚਲਦੇ ਵਾਹ ਨਾਲ਼ ਵੀ ਸੂਤ-ਭਰ ਘੱਟ ਡੂੰਘੀ ਜਾਂ ਘੱਟ ਭੀੜੀ ਨਹੀਂ ਸੀ ਹੁੰਦੀ। ਸੀਰੀ ਨੇ ਜੱਟ ਦੇ ਘਰ ਕਿਸੇ ਆਲ਼ੇ ਵਿਚ ਪਿੱਤਲ ਦੀ ਇਕ ਬਾਟੀ ਮੂਧੀ ਮਾਰੀ ਹੋਈ ਹੁੰਦੀ ਸੀ। ਭਿੱਟ ਤੋਂ ਡਰਦਿਆਂ ਰੋਟੀ ਵੇਲ਼ੇ ਤੱਤੀ ਦਾਲ ਵੀ ਉਹਦੀ ਬਾਟੀ ਵਿਚ ਉਚਿਉਂ ਧਾਰ ਬੰਨ੍ਹ ਕੇ ਪਾਈ ਜਾਂਦੀ ਸੀ ਜਿਸ ਦੇ ਛਿੱਟੇ ਉਹਦੇ ਪੈਰਾਂ ‘ਤੇ ਪੈ ਜਾਂਦੇ ਸਨ ਤੇ ਰੋਟੀ ਵੀ ਅੱਗੇ ਨੂੰ ਪਸਾਰੇ ਹੋਏ ਉਹਦੇ ਹੱਥਾਂ ਵਿਚ ਇਉਂ ਹੀ ਉਚਿਉਂ ਸੁੱਟੀ ਜਾਂਦੀ ਸੀ। ਰੋਟੀ ਖਾ ਕੇ ਉਹ ਦਾਲ਼ ਵਾਲ਼ੀ ਉਸੇ ਬਾਟੀ ਵਿਚ ਲੱਸੀ-ਪਾਣੀ ਪੁਆ ਕੇ ਪੀ ਲੈਂਦਾ ਤੇ ਉਹਨੂੰ ਰੇਤੇ ਨਾਲ਼ ਮਾਂਜ ਕੇ ਆਲ਼ੇ ਵਿਚ ਮੂਧੀ ਮਾਰ ਦਿੰਦਾ। ਚਾਹ ਵੀ ਉਹਨੂੰ ਉਸੇ ਬਾਟੀ ਵਿਚ ਉਸੇ ਦੂਰੀ ਤੋਂ ਦਿੱਤੀ ਜਾਂਦੀ। ਜੇ ਕਿਸੇ ਕਾਰਨ ਸੀਰੀ ਦਾ ਹੱਥ ਜੱਟਾਂ ਦੇ ਕਿਸੇ ਭਾਂਡੇ ਨੂੰ ਲੱਗ ਜਾਂਦਾ, ਪਹਿਲਾਂ ਉਹ ਭਾਂਡਾ ਚੁੱਲ੍ਹੇ ਦੀ ਲਟਲਟ ਬਲ਼ਦੀ ਅੱਗ ਵਿਚ ਸੁੱਟ ਕੇ ਸੁੱਚਾ, ਭਾਵ ਅਣਭਿੱਟਿਆ ਕੀਤਾ ਜਾਂਦਾ ਸੀ ਤੇ ਉਸ ਪਿੱਛੋਂ ਹੀ ਵਰਤੋਂ ਵਿਚ ਲਿਆਂਦਾ ਜਾਂਦਾ ਸੀ।
ਇਸ ਸਮਾਜਕ ਮਾਹੌਲ ਵਿਚ ਤਾਇਆ ਇੰਦਰ ਸਿੰਘ ਰਵਿਦਾਸੀਏ ਸੀਰੀ ਦੇ ਘਰ ਜਾ ਕੇ ਉਨ੍ਹਾਂ ਦੀ ਗਊ ਦਾ ਦੁੱਧ, ਉਨ੍ਹਾਂ ਦੇ ਹੀ ਭਾਂਡੇ ਵਿਚ ਬਿਨਾਂ ਕਿਸੇ ਝਿਜਕ ਤੋਂ ਪੀ ਆਇਆ ਸੀ!
ਇਹ ਅਲੋਕਾਰ ਘਟਨਾ ਸੀਰਨ ਦੇ ਪਚਣ ਵਾਲ਼ੀ ਕਿਥੇ ਸੀ! ਉਹਨੇ ਝੱਟ ਆਂਢਣਾਂ=ਗੁਆਂਢਣਾਂ ਨੂੰ ਜਾ ਸੁਣਾਈ ਜੋ ਸਰਦਾਰ ਘਰ ਆਇਆ ਦੇਖ ਕੇ ਹੈਰਾਨ ਹੋਈਆਂ ਪਹਿਲਾਂ ਹੀ ਬਿੜਕਾਂ ਲੈਂਦੀਆਂ ਫਿਰਦੀਆਂ ਸਨ। ਅੱਗੇ ਦੀ ਅੱਗੇ ਹੁੰਦੀ ਗੱਲ ਘੜੀਆਂ-ਪਲਾਂ ਵਿਚ ਪੂਰੇ ਪਿੰਡ ਵਿਚ ਅੱਗ ਦੇ ਭਬੂਕੇ ਵਾਂਗ ਫ਼ੈਲ ਗਈ।
ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਪਿੰਡ ਦੀ ਆਪਣੀ ਖੇਤ ਵਾਲੀ ਕੋਠੀ ਵਿਚ ਆਏ ਹੋਏ ਸਨ। ਪਿੰਡ ਦੇ ਪੈਂਚ-ਖੜਪੈਂਚ ਇਕੱਠੇ ਹੋ ਕੇ ਉਨ੍ਹਾਂ ਕੋਲ ਜਾ ਪਹੁੰਚੇ। ਭਾਈ ਸਾਹਿਬ ਨੇ ਕੁਰਸੀਆਂ-ਮੰਜੇ ਰਖਵਾ ਦਿੱਤੇ ਅਤੇ ਸਮਝਿਆ, ਉਹ ਪਿੰਡ ਦੇ ਕਿਸੇ ਸਾਂਝੇ ਕੰਮ ਵਾਸਤੇ ਸਲਾਹ ਲੈਣ ਆਏ ਹਨ। ਪਰ ਉਨ੍ਹਾਂ ਨੇ ਆਪਣੀ ਪਰੇਸ਼ਾਨੀ ਦੱਸੀ, “ਭਾਈ ਸਾਹਿਬ, ਇੰਦਰ ਸਿੰਘ ਨੇ ਭਾਰੀ ਅਨਰਥ ਕਰ ਦਿੱਤਾ ਹੈ!” ਤੇ ਉਨ੍ਹਾਂ ਨੇ ਸਾਰਾ ਕਿੱਸਾ ਕਹਿ ਸੁਣਾਇਆ।
ਭਾਈ ਸਾਹਿਬ ਕੁਛ ਪਲ ਚੁੱਪ ਰਹੇ, ਫੇਰ ਨਾਪੇ-ਤੋਲੇ ਸ਼ਬਦਾਂ ਵਿਚ ਅਤੇ ਆਪਣੇ ਵਿਸ਼ੇਸ਼ ਭਾਸ਼ਾਈ ਅੰਦਾਜ਼ ਵਿਚ ਬੋਲੇ, “ਇੰਦਰ ਸਿੰਘ ਦੀ ਅਣਗਹਿਲੀ ਹੈ, ਆਪ ਲੋਕਾਂ ਦੀ ਅਗਿਆਨਤਾ ਹੈ!”
ਲੋਕ ਹੈਰਾਨ-ਪਰੇਸ਼ਾਨ ਜਿਹੇ ਹੋ ਕੇ ਬੋਲੇ, “ਭਾਈ ਸਾਹਿਬ, ਤੁਹਾਡੀ ਗੱਲ ਸਾਨੂੰ ਸਮਝ ਨਹੀਂ ਆਈ!”
ਉਹ ਕਹਿਣ ਲੱਗੇ, “ਤੁਹਾਡੇ ਦੱਸਣ ਤੋਂ ਲਗਦਾ ਹੈ, ਇੰਦਰ ਸਿੰਘ ਨੇ ਸਫ਼ਾਈ ਦਾ ਖ਼ਿਆਲ ਨਹੀਂ ਰੱਖਿਆ, ਬਹੁਤ ਵੱਡੀ ਅਣਗਹਿਲੀ ਦਿਖਾਈ। ਤੁਹਾਨੂੰ ਰਵਿਦਾਸੀਆਂ ਦੇ ਘਰੋਂ ਉਹਦੇ ਦੁੱਧ ਪੀਣ ਦਾ ਇਤਰਾਜ ਹੈ। ਇਹ ਅਗਿਆਨਤਾ ਹੈ। ਉਹੋ ਇਸਤਰੀ ਲਿਆਉ, ਉਹੋ ਗਊ ਲਿਆਉ, ਉਹੋ ਬਰਤਨ ਲਿਆਉ; ਮੈਂ ਇਸਤਰੀ ਦੇ ਹੱਥ, ਬਰਤਨ ਤੇ ਗਊ ਦੇ ਥਨ ਚੰਗੀ ਤਰ੍ਹਾਂ ਸਾਫ਼ ਕਰਵਾ ਲਵਾਂਗਾ ਤੇ ਤੁਹਾਡੇ ਸਾਹਮਣੇ ਉਸ ਦੇ ਹੱਥੋਂ ਉਸ ਦੀ ਗਊ ਦਾ ਦੁੱਧ ਉਸੇ ਦੇ ਬਰਤਨ ਵਿਚ ਪੀ ਲਵਾਂਗਾ!” ਉਨ੍ਹਾਂ ਨੇ ਸਾਰੇ ਮਾਮਲੇ ਦਾ ਸਾਰ ਸਮਝਾਇਆ, “ਭਿੱਟ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਅਸਲ ਚੀਜ਼ ਸਫ਼ਾਈ ਹੈ। ਮਨੁੱਖ ਤਾਂ ਰੱਬ ਨੇ ਸਭ ਇਕੋ ਬਣਾਏ ਹਨ, ਕੀ ਜੱਟ, ਕੀ ਮਜ਼੍ਹਬੀ-ਰਵਿਦਾਸੀਏ ਤੇ ਕੀ ਕੋਈ ਹੋਰ!”
ਲੋਕ ਇਸ ਮਾਮਲੇ ਬਾਰੇ ਸਪੱਸ਼ਟ ਹੋ ਕੇ ਆਉਣ ਦੀ ਥਾਂ ਭਾਈ ਕਾਨ੍ਹ ਸਿੰਘ ਕੋਲ਼ੋਂ ਦੁਬਿਧਾ ਜਿਹੀ ਵਿਚ ਮੁੜ ਆਏ।
ਤਾਇਆ ਇੰਦਰ ਸਿੰਘ ਦੇ ਇਸ ਕਾਰਨਾਮੇ ਨੇ ਪਿੰਡ ਵਿਚੋਂ ਜਾਤਪਾਤ ਭਾਵੇਂ ਖ਼ਤਮ ਨਾ ਕੀਤੀ ਹੋਵੇ, ਘਟਾਈ ਵੀ ਨਾ ਹੋਵੇ, ਪਰ ਇਕ ਵਾਰ ਲੋਕਾਂ ਨੂੰ ਇਹ ਜ਼ਰੂਰ ਦਿਖਾ ਦਿੱਤਾ ਕਿ ਉਚਾ-ਨੀਵਾਂ ਕੋਈ ਨਹੀਂ ਹੁੰਦਾ, ਭਿੱਟ-ਸੁੱਚ ਵੀ ਕੋਈ ਨਹੀਂ ਹੁੰਦੀ, ਮਨੁੱਖ ਸਭ ਮਨੁੱਖ ਹੀ ਹੁੰਦੇ ਹਨ!