ਨਿਜ਼ਾਮ ਹੈਦਰਾਬਾਦ: ਮਹਾਂ ਅਮੀਰ, ਮਹਾਂ ਕੰਜੂਸ, ਮਹਾਂ ਦਾਨੀ

ਪ੍ਰੋ. ਬਸੰਤ ਸਿੰਘ ਬਰਾੜ
ਫੋਨ: +91-98149-41214
ਆਜ਼ਾਦੀ ਮਿਲਣ ਵੇਲੇ ਭਾਰਤ ਦੀਆਂ ਰਿਆਸਤਾਂ ਵਿਚੋਂ ਹੈਦਰਾਬਾਦ ਸਭ ਤੋਂ ਵੱਡੀ ਰਿਆਸਤ ਸੀ ਅਤੇ ਇੱਥੋਂ ਦਾ ਨਿਜ਼ਾਮ ਉਸਮਾਨ ਅਲੀ ਖਾਨ ਬਹਾਦਰ ਫਤਿਹ ਜੰਗ ਆਸਫ ਜਾਹ (1886-1967) ਦੇਸ਼ ਵਿਚ ਸਭ ਤੋਂ ਅਮੀਰ ਸੀ। ਫਰਵਰੀ 1937 ਦੇ ‘ਟਾਈਮ’ ਮੈਗਜ਼ੀਨ ਦੇ ਅੰਕ ਵਿਚ ਉਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਐਲਾਨਿਆ ਗਿਆ ਸੀ ਪਰ ਉਹ ਅਤਿਅੰਤ ਕੰਜੂਸ ਸੀ। ਉਸ ਨੇ ਇਕ ਟੋਪੀ ਅਤੇ ਕੰਬਲ ਨਾਲ ਸਾਰੀ ਉਮਰ ਲੰਘਾ ਦਿੱਤੀ ਸੀ। ਉਸ ਨੇ ਕਦੇ ਛੁਰੀ ਕਾਂਟੇ ਜਾਂ ਚਮਚੇ ਵੀ ਨਹੀਂ ਵਰਤੇ ਸਨ। ਹਰ ਚੀਜ਼ ਹੱਥਾਂ ਨਾਲ ਖਾਂਦਾ ਸੀ। ਸ਼ੋਰਬਾ ਵੀ ਉਂਗਲਾਂ ਨਾਲ ਚੱਟਦਾ ਸੀ। ਉਸ ਦੇ ਪੂਰਵਜ ਮੁਗਲ ਖਾਨਦਾਨ ਨਾਲ ਸੰਬੰਧ ਰਖਦੇ ਸਨ ਅਤੇ ਉਸ ਨੇ 1911 ਤੋਂ 1948 ਤੱਕ ਸਖਤੀ ਨਾਲ ਰਾਜ ਕੀਤਾ। ਉਹ ਪ੍ਰਭਾਤ ਹੋਣ ਤੋਂ ਪਹਿਲਾਂ ਉੱਠ ਪੈਂਦਾ ਸੀ। ਉਸ ਨੂੰ ਸਾਜ਼ਾਂ ਦੀ ਮਧੁਰ ਆਵਾਜ਼ ਨਾਲ ਗੀਤ ਗਾ ਕੇ ਜਗਾਇਆ ਜਾਂਦਾ ਸੀ। ਆਪਣੇ ਧਰਮ ਦਾ ਪੱਕਾ ਸ਼ਰਧਾਵਾਨ ਹੋਣ ਕਰਕੇ ਉਹ ਫਰਸ਼ ਉੱਤੇ ਆਪਣੀ ਚਟਾਈ ਵਿਛਾਉਂਦਾ, ਮੱਕੇ ਵੱਲ ਮੂੰਹ ਕਰਦਾ ਅਤੇ ਨਮਾਜ਼ ਪੜ੍ਹਦਾ। ਉਸ ਦੀ 80 ਫੀਸਦੀ ਪਰਜਾ ਹਿੰਦੂ ਸੀ ਪਰ ਉਹ ਉਨ੍ਹਾਂ ਦੇ ਧਰਮ ਵਿਚ ਦਖਲ ਨਹੀਂ ਦਿੰਦਾ ਸੀ। ਵੈਸੇ ਫੌਜ ਅਤੇ ਸਰਕਾਰੀ ਨੌਕਰੀਆਂ ਵਿਚ ਜ਼ਿਆਦਾਤਰ ਮੁਸਲਮਾਨ ਹੀ ਭਰਤੀ ਕੀਤੇ ਜਾਂਦੇ ਸਨ।

ਉਸ ਦੇ ਮਹਿਲ ਵਿਚ ਬਹੁਤ ਸਾਰੇ ਨੌਕਰ-ਚਾਕਰ ਸਨ। ਚਾਰ ਨੌਕਰ ਉਸ ਨੂੰ ਸਿਰਫ ਪੁਸ਼ਾਕ ਪਹਿਨਾਉਣ ਲਈ ਰੱਖੇ ਹੋਏ ਸਨ। ਹਰ ਇਕ ਦਾ ਕੰਮ ਉਸ ਨੂੰ ਵੱਖ-ਵੱਖ ਕੱਪੜੇ ਪਹਿਨਾਉਣਾ ਹੁੰਦਾ ਸੀ। ਜਿਹੜਾ ਉਸ ਨੂੰ ਪਤਲੂਣ ਪਹਿਨਾਉਂਦਾ ਸੀ, ਉਹ ਹੋਰ ਕੋਈ ਕੰਮ ਨਹੀਂ ਕਰਦਾ ਸੀ। ਜੇ ਉਸ ਨੂੰ ਕਮੀਜ਼ ਪਹਿਨਾਉਣ ਲਈ ਕਿਹਾ ਜਾਂਦਾ ਤਾਂ ਉਹ ਆਪਣੀ ਹਤਕ ਸਮਝਦਾ। ਹਰ ਇਕ ‘ਸਪੈਸ਼ਲਿਸਟ’ ਆਪਣਾ ਕੰਮ ਕਰ ਕੇ ਅਗਲੇ ਦਿਨ ਤੱਕ ਵਿਹਲਾ ਰਹਿੰਦਾ।
ਹੋਰ ਮਹਾਰਾਜਿਆਂ ਵਾਂਗ ਨਿਜ਼ਾਮ ਕੋਲ ਬੇਹੱਦ ਤਾਕਤ ਸੀ। ਆਪਣੀ ਡੇਢ ਕਰੋੜ ਪਰਜਾ ਵਿਚੋਂ ਉਹ ਕਿਸੇ ਦੀ ਵੀ ਜ਼ਿੰਦਗੀ ਜਾਂ ਮੌਤ ਦਾ ਫੈਸਲਾ ਕਰ ਸਕਦਾ ਸੀ। ਇਸ ਲਈ ਜਦੋਂ ਉਸ ਦੀ ਸਵਾਰੀ ਲੰਘਦੀ ਸੀ ਤਾਂ ਸਾਰੇ ਲੋਕ ਲੰਮੇ ਪੈ ਜਾਂਦੇ ਸਨ।
ਇਸ ਨੂੰ ਕੰਜੂਸੀ ਕਹੀਏ ਜਾਂ ਮਨਮਰਜ਼ੀ ਪਰ ਨਹਾਉਣ ਲਈ ਉਹ ਕਦੇ ਸਾਬਣ ਨਹੀਂ ਵਰਤਦਾ ਸੀ। ਇਸ ਦੀ ਥਾਂ ਉਹ ਇਕ ਦਰਖਤ ਦਾ ਪੀਸਿਆ ਹੋਇਆ ਛਿਲਕਾ ਵਰਤਦਾ ਸੀ। ਜਾਗਣ ਤੋਂ ਕੋਈ ਚਾਰ ਘੰਟੇ ਬਾਅਦ ਉਹ ਨਾਸ਼ਤਾ ਕਰਦਾ ਸੀ ਅਤੇ ਫਿਰ ਦੁਪਹਿਰ ਦਾ ਖਾਣਾ ਨਹੀਂ ਖਾਂਦਾ ਸੀ। ਉਹ ਚਾਹ ਜਾਂ ਕਾਫੀ ਬਿਲਕੁਲ ਨਹੀਂ ਪੀਂਦਾ ਸੀ। ਸੋਨੇ ਦੀਆਂ ਪਲੇਟਾਂ ਵਿਚ ਖਾਣਾ ਖਾਂਦਾ ਸੀ ਪਰ ਖਾਣਾ ਸਾਧਾਰਨ ਹੁੰਦਾ ਸੀ: ਦਰਜਨ ਭਰ ਮਸਾਲੇਦਾਰ ਸੂਪ, ਵੱਖ-ਵੱਖ ਤਰ੍ਹਾਂ ਤਿਆਰ ਕੀਤੇ ਆਂਡੇ ਅਤੇ ਜੰਗਲੀ ਜਾਨਵਰਾਂ ਦੇ ਮਾਸ ਦੇ ਪਕਵਾਨ।
ਆਮ ਤੌਰ ‘ਤੇ ਉਹ ਸੋਨੇ ਦੀ ਕਢਾਈ ਵਾਲਾ ਰੇਸ਼ਮੀ ਕੋਟ ਪਹਿਨਦਾ ਸੀ ਅਤੇ ਉਸ ਦੇ ਗਲ ਵਿਚ ਹੀਰੇ-ਜਵਾਹਰਾਤ ਦੀਆਂ ਲੜੀਆਂ ਹੁੰਦੀਆਂ ਸਨ ਪਰ ਕਈ ਵਾਰ ਉਹ ਕਾਲਾ, ਤੇਲ ਨਾਲ ਥਿੰਦਾ ਹੋਇਆ ਕੋਟ ਪਹਿਨ ਕੇ ਵੀ ਲੋਕਾਂ ਵਿਚਕਾਰ ਘੁੰਮਦਾ ਰਹਿੰਦਾ ਸੀ। ਇਕ ਮਸ਼ਹੂਰ ਹੱਜਾਮ ਦਾ ਕੰਮ ਨਿਜ਼ਾਮ ਦੇ ਵਾਲ ਸੰਵਾਰਨਾ ਹੁੰਦਾ ਸੀ। ਫਿਰ ਵੀ ਕਈ ਵਾਰ ਉਹ ਵਾਲ ਵਾਹੇ ਬਗੈਰ ਅਤੇ ਹਜਾਮਤ ਕਰਾਏ ਬਗੈਰ ਹੀ ਬਾਹਰ ਖਿਸਕ ਜਾਂਦਾ ਸੀ।
ਨਿਜ਼ਾਮ ਦੇ ਮੇਜ਼, ਕੁਰਸੀਆਂ, ਪਲੰਘ, ਬੱਘੀਆਂ ਆਦਿ ਸ਼ੁੱਧ ਸੋਨੇ ਦੇ ਬਣੇ ਹੋਏ ਸਨ ਪਰ ਉਹ ਆਪ ਸਾਧਾਰਨ ਚਾਰਪਾਈ ‘ਤੇ ਸੌਂਦਾ ਸੀ। ਕੁਝ ਤੋਪਾਂ ਵੀ ਨਿਰੋਲ ਸੋਨੇ ਦੀਆਂ ਬਣੀਆਂ ਹੋਈਆਂ ਸਨ ਅਤੇ ਉਨ੍ਹਾਂ ਉੱਤੇ ਹੀਰੇ ਤੇ ਲਾਲ ਜੁੜੇ ਹੋਏ ਸਨ। ਬਹੁਤ ਨਰਮ ਹੋਣ ਕਰਕੇ ਸੋਨੇ ਦੀਆਂ ਤੋਪਾਂ ਚਲਾਈਆਂ ਨਹੀਂ ਜਾ ਸਕਦੀਆਂ ਸਨ ਪਰ ਦੇਖਣ ਵਾਲਿਆਂ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਸਨ। ਨਿਜ਼ਾਮ ਕੋਲ ਹੀਰੇ-ਜਵਾਹਰਾਤ ਦਾ ਬਹੁਤ ਵੱਡਾ ਭੰਡਾਰ ਸੀ। 1995 ਵਿਚ ਭਾਰਤ ਸਰਕਾਰ ਨੇ ਇਹ ਆਪਣੇ ਕਬਜ਼ੇ ਵਿਚ ਲੈ ਲਏ ਅਤੇ 2001 ਵਿਚ ਆਮ ਜਨਤਾ ਨੂੰ ਦਿਖਾਉਣ ਲਈ ਪ੍ਰਦਰਸ਼ਨੀ ਲਗਾਈ ਗਈ। ਉਸ ਤੋਂ ਬਾਅਦ ਇਹ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.)ਦੇ ਤਹਿਖਾਨਿਆਂ ਵਿਚ ਸੰਭਾਲ ਦਿੱਤੇ ਗਏ।
ਉਸ ਨੇ ਇੰਨੀ ਦੌਲਤ ਆਖਰ ਕਿਥੋਂ ਪ੍ਰਾਪਤ ਕੀਤੀ? ਇਸ ਦਾ ਬਹੁਤ ਵੱਡਾ ਹਿੱਸਾ ਗੋਲਕੁੰਡਾ ਦੀ ਵਾਦੀ ਵਿਚੋਂ ਆਇਆ ਸੀ। ਇਹ ਸੰਸਾਰ ਦਾ ਸਭ ਤੋਂ ਵੱਧ ਹੀਰਿਆਂ ਨਾਲ ਭਰਿਆ ਇਲਾਕਾ ਹੈ। ਦੁਨੀਆ ਦੇ ਸਭ ਤੋਂ ਮਸ਼ਹੂਰ ਹੀਰੇ ਇੱਥੋਂ ਹੀ ਮਿਲੇ ਹਨ। ਕੋਹਿਨੂਰ, ਜਿਹੜਾ ਹੁਣ ਇੰਗਲੈਂਡ ਦੇ ਸ਼ਾਹੀ ਤਾਜ ਵਿਚ ਜੁੜਿਆ ਹੋਇਆ ਹੈ, ਇਥੋਂ ਹੀ ਮਿਲਿਆ ਸੀ। ਮੰਦਭਾਗਾ ‘ਹੋਪ’ ਹੀਰਾ ਜਿਸ ਬਾਰੇ ਵਹਿਮ ਹੈ ਕਿ ਉਸ ਦਾ ਮਾਲਕ ਮਰ ਜਾਂਦਾ ਹੈ, ਵੀ ਇਥੋਂ ਮਿਲਿਆ ਸੀ। ਇਸੇ ਤਰ੍ਹਾਂ ਬਹੁਤ ਵੱਡਾ ‘ਉਰਲੇਵਾ’ ਹੀਰਾ ਜੋ ਰੂਸ ਦੀ ਮਲਿਕਾ ਕੈਥਰੀਨ ਨੇ ਆਪਣੇ ਸ਼ਾਹੀ ਡੰਡੇ ਵਿਚ ਜੁੜਵਾਇਆ ਹੋਇਆ ਸੀ, ਇਥੋਂ ਹੀ ਲੱਭਿਆ ਸੀ। ਨਿਜ਼ਾਮ ਖੁਦ ਵੱਡਾ ਹੀਰਾ ਪੇਪਰਵੇਟ ਦੇ ਤੌਰ ‘ਤੇ ਵਰਤਦਾ ਸੀ।
ਆਪਣੀ ਚਕਾਚੌਂਧ ਕਰ ਦੇਣ ਵਾਲੀ ਦੌਲਤ ਦੇ ਬਾਵਜੂਦ ਨਿਜ਼ਾਮ ਨੂੰ ਹੋਰ ਧਨ ਇਕੱਠਾ ਕਰਨ ਦੀ ਲਾਲਸਾ ਸੀ। ਉਹ ਬਹੁਤ ਸਾਰੀਆਂ ਦਾਅਵਤਾਂ ਦਿੰਦਾ ਅਤੇ ਬੁਲਾਏ ਗਏ ਮਹਿਮਾਨਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਕੁਝ ਰਕਮ ਤੋਹਫੇ ਵਜੋਂ ਦੇਣ। ਕਈ ਵਾਰ 500 ਤੱਕ ਮਹਿਮਾਨ ਹੁੰਦੇ ਸਨ ਅਤੇ ਕਾਫੀ ਪੈਸੇ ਇਕੱਠੇ ਹੋ ਜਾਂਦੇ ਸਨ। ਬਹੁਤ ਵਾਰ ਉਹ ਬਾਜ਼ਾਰ ਵਿਚੋਂ ਸਾਮਾਨ ‘ਖਰੀਦਣ’ ਜਾਂਦਾ। ਹਲਵਾਈਆਂ ਦੀਆਂ ਦੁਕਾਨਾਂ ਤੇ ਮਠਿਆਈਆਂ ਚੱਖ ਕੇ ਦੇਖਦਾ। ਬਹੁਤ ਸਾਰੀਆਂ ਪਸੰਦ ਆ ਜਾਂਦੀਆਂ। ਰਿਵਾਜ ਇਹ ਸੀ ਕਿ ਜਦੋਂ ਉਸ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਤਾਂ ਉਹ ਉਸ ਨੂੰ ਮੁਫਤ ਭੇਜ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਜਦੋਂ ਉਹ ਵਾਪਸ ਜਾਂਦਾ ਸੀ ਤਾਂ ਨੌਕਰਾਂ ਦੀ ਫੌਜ ਨੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਭਰੀਆਂ ਟੋਕਰੀਆਂ ਚੁੱਕੀਆਂ ਹੁੰਦੀਆਂ ਸਨ। ਕਈ ਵਾਰ ਉਹ ਇਹ ਟੋਕਰੀਆਂ ਵੱਡੀ ਕੀਮਤ ਦੀ ਪਰਚੀ ਲਾ ਕੇ ਆਪਣੇ ਦੋਸਤਾਂ ਨੂੰ ਭੇਜ ਦਿੰਦਾ ਸੀ। ਨਿਜ਼ਾਮ ਤੋਂ ਤੋਹਫਾ ਲੈਣ ਲਈ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਸੀ।
ਇਕ ਵਾਰ ਨਿਜ਼ਾਮ ਨੇ ਐਲਾਨ ਕਰ ਦਿੱਤਾ ਕਿ ਉਹ ਆਪਣੀ ਸ਼ਾਇਰੀ ਦੀ ਕਿਤਾਬ ਛਪਵਾ ਰਿਹਾ ਹੈ। ਸਾਧਾਰਨ ਐਡੀਸ਼ਨ ਦੀ ਕੀਮਤ 80 ਰੁਪਏ ਅਤੇ ਸ਼ਾਹੀ ਐਡੀਸ਼ਨ ਦੀ ਕੀਮਤ 400 ਰੁਪਏ ਰੱਖੀ ਗਈ। ਇਸ ਕਿਤਾਬ ਦੀ ਧੜਾਧੜ ਬੁਕਿੰਗ ਹੋ ਗਈ, ਕਿਉਂਕਿ ਉਸ ਦੀ ਰਿਆਸਤ ਦੇ ਅਮੀਰ ਪਰਿਵਾਰਾਂ ਵਿਚੋਂ ਕਿਸੇ ਦੀ ਹਿੰਮਤ ਨਹੀਂ ਸੀ ਕਿ ‘ਸ਼ਾਹੀ ਕਵੀ’ ਦੀ ਕਿਤਾਬ ਨਾ ਖਰੀਦੇ। ਬਹੁਤ ਧਨ ਇਕੱਠਾ ਹੋ ਗਿਆ ਪਰ ਉਹ ਕਿਤਾਬ ਨਾ ਤਾਂ ਛਪ ਕੇ ਆਈ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਇਹ ਅਜੀਬ ਗੱਲ ਹੈ ਕਿ ਇਹ ਲਾਲਚੀ ਅਤੇ ਕੰਜੂਸ ਨਿਜ਼ਾਮ ਦਿਲ ਖੋਲ੍ਹ ਕੇ ਦਾਨ ਕਰਦਾ ਸੀ। ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਉਸ ਨੇ ਇਕ ਲੱਖ ਰੁਪਏ ਦਾਨ ਦਿੱਤੇ ਸਨ ਅਤੇ ਉਸਮਾਨੀਆ ਯੂਨੀਵਰਸਿਟੀ ਉੱਤੇ ਬਹੁਤ ਦਿਲ ਖੋਲ੍ਹ ਕੇ ਖਰਚ ਕੀਤਾ ਸੀ। ਆਜ਼ਾਦੀ ਮਿਲਣ ਤੋਂ ਬਾਅਦ ਨਿਜ਼ਾਮ ਨੇ ਪਹਿਲਾਂ ਆਜ਼ਾਦ ਰਹਿਣ ਅਤੇ ਫਿਰ ਪਾਕਿਸਤਾਨ ਨਾਲ ਰਲਣ ਦਾ ਮਨ ਬਣਾ ਲਿਆ ਸੀ। ਪਾਕਿਸਤਾਨ ਕੋਲ ਉਸ ਸਮੇਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਸਨ। ਇਸ ਲਈ ਨਿਜ਼ਾਮ ਨੇ ਇੰਗਲੈਂਡ ਦੇ ਇਕ ਬੈਂਕ ਵਿਚ ਜਮ੍ਹਾਂ ਆਪਣੇ ਪੈਸਿਆਂ ਵਿਚੋਂ 1,07,940 ਪੌਂਡ ਅਤੇ 9 ਸ਼ਿਲਿੰਗ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਦੇਣ ਦੀ ਹਦਾਇਤ ਭੇਜ ਦਿੱਤੀ। ਭਾਰਤ ਦੇ ਇਤਰਾਜ਼ ਕਰਨ ‘ਤੇ ਇਹ ਅਦਾਇਗੀ ਰੋਕ ਦਿੱਤੀ ਗਈ। 2019 ਤੱਕ ਇਹ ਰਕਮ ਵਿਆਜ ਸਹਿਤ 3 ਕਰੋੜ 50 ਲੱਖ ਪੌਂਡ ਹੋ ਗਈ ਸੀ। ਬਹੁਤ ਦੇਰ ਤੱਕ ਇਸ ਰਕਮ ਉੱਤੇ ਭਾਰਤ, ਪਾਕਿਸਤਾਨ ਅਤੇ ਨਿਜ਼ਾਮ ਦੇ ਵਾਰਿਸਾਂ ਵੱਲੋਂ ਹੱਕ ਜਤਾਉਣ ਕਰਕੇ ਬਰਤਾਨਵੀ ਅਦਾਲਤਾਂ ਵਿਚ ਮੁਕੱਦਮੇ ਚਲਦੇ ਰਹੇ। ਆਖਰ ਅਕਤੂਬਰ 2019 ਵਿਚ ਇਸ ਝਗੜੇ ਬਾਰੇ ਅਦਾਲਤੀ ਫੈਸਲਾ ਹੋ ਗਿਆ। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਦਾਅਵੇ ਰੱਦ ਹੋ ਗਏ ਅਤੇ ਸਾਰੀ ਰਕਮ ਨਿਜ਼ਾਮ ਦੇ 149 ਬੱਚਿਆਂ ਵਿਚੋਂ 120 ਵਾਰਿਸਾਂ ਵਿਚ ਵੰਡਣ ਦਾ ਹੁਕਮ ਹੋ ਗਿਆ।
‘ਓਪਰੇਸ਼ਨ ਪੋਲੋ’ (ਪੁਲਿਸ ਐਕਸ਼ਨ) ਕਰ ਕੇ ਜਦ ਹੈਦਰਾਬਾਦ ਰਿਆਸਤ ਭਾਰਤ ਵਿਚ ਮਿਲਾ ਲਈ ਗਈ ਤਾਂ ਨਿਜ਼ਾਮ ਪੱਕਾ ਦੇਸਭਗਤ ਸਿੱਧ ਹੋਇਆ। ਉਸ ਨੇ ਹਰ ਖੇਤਰ ਵਿਚ ਦਿਲ ਖੋਲ੍ਹ ਕੇ ਦਾਨ ਦਿੱਤਾ। ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਵਿਚ ਉਸ ਨੇ ਆਪਣੀ ਜਾਇਦਾਦ ਵਿਚੋਂ 14,000 ਏਕੜ ਜ਼ਮੀਨ ਦਾਨ ਕੀਤੀ। 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਜਦ ਚੀਨ ਵੱਲੋਂ ਹਮਲੇ ਦਾ ਖਤਰਾ ਪੈਦਾ ਹੋ ਗਿਆ ਤਾਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆ ਲੋਕਾਂ ਤੋਂ ਇਲਾਵਾ ਭੂਤਪੂਰਵ ਰਾਜਿਆਂ ਮਹਾਰਾਜਿਆਂ ਤੋਂ ਵੀ ਆਰਥਿਕ ਯੋਗਦਾਨ ਪਾਉਣ ਦੀ ਮੰਗ ਕੀਤੀ। ਜਦੋਂ ਸ਼ਾਸਤਰੀ ਜੀ ਹੈਦਰਾਬਾਦ ਗਏ ਤਾਂ ਨਿਜ਼ਾਮ ਨੇ ਉਨ੍ਹਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਅਤੇ 5 ਟਨ ਸੋਨੇ ਦੇ ਭਰੇ ਟਰੰਕ ਉਨ੍ਹਾਂ ਦੇ ਹਵਾਈ ਜਹਾਜ਼ ਵਿਚ ਰਖਵਾ ਦਿੱਤੇ। ਦੇਸ਼ ਦੀ ਰੱਖਿਆ ਲਈ ਉਸ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਪਰ ਆਪਣੀਆਂ ਖਾਨਦਾਨੀ ਨਿਸ਼ਾਨੀਆਂ ਸੰਭਾਲ ਕੇ ਰੱਖਣ ਲਈ ਆਪਣੇ ਪੁਸ਼ਤੈਨੀ ਲੋਹੇ ਦੇ ਟਰੰਕ ਵਾਪਸ ਮੰਗਵਾ ਲਏ।
24 ਫਰਵਰੀ 1967 ਨੂੰ 81 ਸਾਲ ਦੀ ਉਮਰ ਵਿਚ ਉਸ ਦਾ ਦੇਹਾਂਤ ਹੋ ਗਿਆ। ਉਹ ਆਖਰੀ ਦਮ ਤੱਕ ਹਰਮਨਪਿਆਰਾ ਰਿਹਾ। ਸਸਕਾਰ ਸਮੇਂ ਮਾਤਮੀ ਜਲੂਸ ਵਿਚ ਸਭ ਧਰਮਾਂ ਦੇ ਦਸ ਲੱਖ ਲੋਕ ਸ਼ਾਮਲ ਹੋਏ ਜੋ ਰਿਕਾਰਡ ਹੈ। ਔਰਤਾਂ ਵੱਲੋਂ ਸਤਿਕਾਰ ਵਜੋਂ ਭੰਨੀਆਂ ਚੂੜੀਆਂ ਦੇ ਟੋਟਿਆਂ ਨਾਲ ਹੈਦਰਾਬਾਦ ਦੀਆਂ ਸੜਕਾਂ ਭਰ ਗਈਆਂ ਸਨ।