ਹਿੰਦੂ-ਸਿੱਖ ਤੇ ਸਾਰੇ ਧਰਮਾਂ ਦੀ ਏਕਤਾ ਦਾ ਮਸਲਾ

ਗੁਰਬਚਨ ਸਿੰਘ
ਫੋਨ: +91-98156-98451
ਸਿਆਸੀ ਆਗੂ ਧਰਮਾਂ ਦੀ ਏਕਤਾ ਦਾ ਨਾਅਰਾ ਸਿਰਫ ਸਿਆਸਤ ਵਿਚੋਂ ਲਾਹਾ ਖੱਟਣ ਲਈ ਹੀ ਦਿੰਦੇ ਹਨ। ਉਘੇ ਵਿਦਵਾਨ ਗੁਰਬਚਨ ਸਿੰਘ ਨੇ ਇਸ ਲੇਖ ਵਿਚ ਧਰਮਾਂ ਦੀ ਏਕਤਾ ਦੇ ਬਹੁ-ਪਸਾਰੀ ਮਸਲੇ ਦੇ ਧਾਰਮਿਕ-ਅਧਿਆਤਮਿਕ ਪੱਖਾਂ ਦੀ ਗੱਲ ਕੀਤੀ ਹੈ।

ਹਰ ਵਾਰ ਚੋਣਾਂ ਨੇੜੇ ਆ ਕੇ ਪੰਜਾਬ ਅੰਦਰ ਹਿੰਦੂ ਸਿੱਖ ਏਕਤਾ ਦੇ ਨਾਹਰੇ ਲੱਗਣੇ ਆਮ ਜਿਹੀ ਗੱਲ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਦੀ ਚੋਣ ਮੁਹਿੰਮ ਦਾ ਆਰੰਭ ਕਰਦਿਆਂ ਕਿਹਾ ਕਿ ਕੁਝ ਲੋਕ ਹਿੰਦੂ-ਸਿੱਖ ਏਕਤਾ ਦੇ ਵਿਰੋਧੀ ਹਨ, ਇਸ ਲਈ ਉਹ ਸਿੱਖਾਂ ਅਤੇ ਭਾਜਪਾ ਵਿਚ ਸਾਂਝ ਨਹੀਂ ਬਣਨ ਦੇਣਾ ਚਾਹੁੰਦੇ। ਜਦੋਂ ਕਿ ਭਾਜਪਾ ਅਤੇ ਸਿੱਖਾਂ ਵਿਚਲੀ ਦੂਰੀ ਦਾ ਕਾਰਨ ਧਰਮ ਨਹੀਂ ਬਲਕਿ ਮਨੂਵਾਦੀ ਮਨ-ਕਲਪਿਤ ਵਿਚਾਰਧਾਰਾ ਹੈ।
ਯਕੀਨਨ, ਕਰੀਬ ਪੰਜ ਸਦੀਆਂ ਪਹਿਲਾਂ ਨਾ ਸਿਰਫ ਹਿੰਦੂ-ਸਿੱਖ ਏਕਤਾ ਬਲਕਿ ਸਾਰੇ ਧਰਮਾਂ ਦੀ ਏਕਤਾ ਬਾਰੇ ਗੁਰੂ ਨਾਨਕ ਜੀ ਸਪਸ਼ਟ ਕਰ ਗਏ ਹਨ। ਇਸ ਦੇ ਬਾਵਜੂਦ ਕੁਝ ਸੁਆਰਥੀ ਰਾਜਨੀਤਕ ਧਿਰਾਂ ਹੁਣ ਤਕ ਇਸ ਮਸਲੇ ਬਾਰੇ ਬਹਿਸ ਕਰ ਰਹੀਆਂ ਹਨ। ਗੁਰੂ ਨਾਨਕ ਜੀ ਦੇ ਆਗਮਨ ਨਾਲ ਪਹਿਲਾਂ ਤੋਂ ਚੱਲ ਰਹੀ ਧਰਮ ਦੀ ਵਿਆਖਿਆ ਬਦਲ ਗਈ। ਗੁਰੂ ਜੀ ਨੇ ਸਪਸ਼ਟ ਅਤੇ ਸਰਲ ਸ਼ਬਦਾਂ ਵਿਚ ਧਰਮ ਦੀ ਵਿਆਖਿਆ ਕੀਤੀ ਹੈ:
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)
ਇਹ ਧਾਰਨਾ ਕਿ ਧਰਤੀ ਕਿਸੇ ਧੌਲੇ ਬੌਲਦ ਦੇ ਸਿੰਙਾਂ ਉਤੇ ਖੜ੍ਹੀ ਹੈ, ਦਾ ਪੂਰਨ ਰੂਪ ਵਿਚ ਖੰਡਨ ਕਰਦੇ ਹੋਏ ਗੁਰੂ ਜੀ ਬੁਲੰਦ ਐਲਾਨ ਕਰਦੇ ਹਨ ਕਿ ਧਰਤੀ ਭਾਵ ਧਰਤੀ ਉਤਲਾ ਮਨੁੱਖੀ ਸਮਾਜ ਕਿਸੇ ਧੌਲੇ ਬਲਦ ਦੇ ਸਿੰਙਾਂ ਉਤੇ ਨਹੀਂ ਬਲਕਿ ਧਰਮ ਦੀ ਬੁਨਿਆਦ ਉਤੇ ਖੜ੍ਹਾ ਹੈ। ਧਰਮ ਜਿਹੜਾ ਦਇਆ ਦਾ ਪੁੱਤਰ ਹੈ ਅਤੇ ਜਿਸ ਨੂੰ ਸੰਤੋਖ ਨੇ ਬੰਨ੍ਹ ਕੇ ਰੱਖਿਆ ਹੋਇਆ ਹੈ; ਭਾਵ ਧਰਮ ਕੋਈ ਕਰਮਕਾਂਡ ਜਾਂ ਭੇਖ ਨਹੀਂ ਬਲਕਿ ਦਇਆ ਅਤੇ ਸੰਤੋਖ ਦੇ ਜਜ਼ਬਿਆਂ ਨੂੰ ਆਪਣੇ ਆਤਮ ਵਿਚ ਵਸਾ ਕੇ, ਭਾਵ ਪਰਉਪਕਾਰੀ ਬਣ ਕੇ ਜ਼ਿੰਦਗੀ ਜਿਊਣਾ ਹੈ। ਦਇਆ ਅਤੇ ਸੰਤੋਖ ਦੋ ਮਨੁੱਖੀ ਜਜ਼ਬੇ ਸਾਰੇ ਧਰਮਾਂ ਦਾ ਮੂਲ ਆਧਾਰ ਹਨ। ਇਹੀ ਦੋ ਜਜ਼ਬੇ ਸਾਰੇ ਧਰਮਾਂ ਦੀ ਏਕਤਾ ਦੀ ਬੁਨਿਆਦ ਹਨ। ਧਾਰਮਿਕ ਹੋਣ ਦਾ ਭਾਵ ਭੇਖੀ ਜਾਂ ਕਰਮਕਾਂਡੀ ਹੋਣਾ ਨਹੀਂ ਬਲਕਿ ਪਰਉਪਕਾਰੀ ਹੋਣਾ ਹੈ।
ਕਰਤਾਰਪੁਰ ਵਿਚ ਇਕ ਦਿਨ ਪਿਤਾ ਮਹਿਤਾ ਕਾਲੂ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕਿ “ਪੁੱਤਰ ਤੂੰ ਜਿਸ ਮੰਤਰ ਨਾਲ ਰੱਬ ਦਾ ਧਿਆਨ ਧਰਦਾ ਹੈ, ਉਹ ਠੀਕ ਨਹੀਂ। ਵੈਸ਼ਨਵ ਲੋਕ ਤੀਰਥ ਯਾਤਰਾ ਲਈ ਜਾਂਦੇ ਹਨ। ਕੇਸਰ ਅਤੇ ਸੰਦਲ ਦੀਆਂ ਸੁਗੰਧੀਆਂ ਦਾ ਆਨੰਦ ਮਾਣਦੇ ਹਨ। ਕੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਹੈ?
… ਫਿਰ ਤੂੰ ਤਿਲਕ ਨਹੀਂ ਲਾਉਂਦਾ। ਧੋਤੀ ਨਹੀਂ ਪਹਿਨਦਾ। ਚੌਕੇ ਦੀ ਕਾਰ ਵੀ ਨਹੀਂ ਕੱਢਦਾ। ਤੇਰੀ ਜਿ਼ੰਦਗੀ ਨਾ ਵੈਸ਼ਨਵਾਂ ਅਤੇ ਨਾ ਦੁਨਿਆਵੀ ਲੋਕਾਂ ਨਾਲ ਮਿਲਦੀ ਹੈ। ਨਾ ਤੂੰ ਤਿਆਗੀ ਹੈ। ਨਾ ਤੂੰ ਬੈਰਾਗੀ ਹੈ। ਨਾ ਤੂੰ ਤਾਂਤਰਿਕ ਹੈ।
… ਫਿਰ ਤੇਰੀ ਰੱਬ ਬਾਰੇ ਕੀ ਸਮਝ ਹੈ।”
ਗੁਰੂ ਨਾਨਕ ਜੀ ਦਾ ਉਤਰ ਹੈ:
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ॥ ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥ ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ॥੧॥ ਬਾਬਾ ਹੋਰ ਮਤਿ ਹੋਰ ਹੋਰ॥ ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ॥ ੧॥ (ਪੰਨਾ 17)
ਯਥਾ ਸਾਡਾ ਇਹ ਸਰੀਰ ਕੇਸਰ ਦੀ ਨਿਆਈਂ ਹੈ। ਸਰੀਰ ਵਿਚਲੀ ਜ਼ਬਾਨ ਹੀਰੇ ਦੀ ਨਿਆਈਂ ਹੈ। ਇਸ ਸਰੀਰ ਵਿਚੋਂ ਸਾਹ ਦਾ ਚਲਣਾ ਅਗਰ ਦੀਆਂ ਸੁਗੰਧੀਆ ਬਿਖੇਰਨ ਵਾਂਗ ਹੈ। ਅਠਾਹਠ ਤੀਰਥਾਂ ਦੀ ਯਾਤਰਾ ਟਿਕੇ ਵਾਂਗ ਚਿਹਰੇ ਉਤੇ ਭਾਹ ਮਾਰ ਰਹੀ ਹੈ। ਸਿਰ ਦੇ ਅੰਦਰ ਮਤਿ ਭਾਵ ਸਿਆਣਪ ਖਿੜ ਰਹੀ ਹੈ। ਇਸ ਸਿਆਣਪ ਨਾਲ ਗੁਣਾਂ ਦੇ ਖਜ਼ਾਨੇ ਸਿਰਜਣਹਾਰ ਦੇ ਗੁਣ ਗਾਉਣੇ ਹੀ ਰੱਬ ਦਾ ਧਿਆਨ ਧਰਨਾ ਹੈ। ਬਾਬਾ! ਭਾਵ ਹੇ ਸਿਆਣੇ ਦਾਨੇ ਮਨੁੱਖ! ਇਸ ਤੋਂ ਬਿਨਾਂ ਹੋਰ ਸਾਰੇ ਮਤਿ ਝੂਠੇ ਹਨ। ਝੂਠ ਨੂੰ ਭਾਵੇਂ ਸੌ ਵਾਰ ਦੁਹਰਾਈ ਜਾਈਏ ਪਰ ਉਸ ਨੇ ਝੂਠ ਹੀ ਰਹਿਣਾ ਹੈ।
ਗੁਰਮਤਿ ਅਨੁਸਾਰ ਮਨੁੱਖੀ ਸਰੀਰ ਸਿਰਜਣਹਾਰ ਕਰਤਾ ਪੁਰਖ ਦੀ ਦਿਤੀ ਅਨਮੋਲ ਨਿਆਮਤ ਹੈ:
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥ (ਪੰਨਾ 754)
ਮਹਿਤਾ ਕਾਲੂ ਫਿਰ ਪੁੱਛਦੇ ਹਨ, “ਜਿਹੜੇ ਲੋਕ ਆਪਣੇ ਆਪ ਨੂੰ ਸੰਸਾਰ ਦੇ ਪੀਰ ਸਦਵਾਉਂਦੇ ਹਨ ਅਤੇ ਸਾਰੇ ਉਨ੍ਹਾਂ ਦੀ ਪੂਜਾ ਕਰਦੇ ਹਨ, ਕੀ ਉਨ੍ਹਾਂ ਦੀ ਸਿਆਣਪ ਅਮਰ ਹੈ?”
ਗੁਰੂ ਸਾਹਿਬ ਦਾ ਫਰਮਾਨ ਹੈ:
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ॥ ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ॥ ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ॥ ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ॥ ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ॥ ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ॥ (ਪੰਨਾ 17)
ਜੇ ਕਿਸੇ ਦੀ ਪੂਜਾ ਹੋਣ ਲੱਗ ਪਵੇ, ਉਹ ਖੁਦ ਨੂੰ ਪੀਰ ਸਦਵਾਉਣ ਲੱਗ ਪਵੇ, ਸੰਸਾਰ ਵਿਚ ਉਸ ਦੀ ਮਾਨਤਾ ਹੋ ਜਾਏ, ਉਹ ਆਪਣਾ ਕੋਈ ਖਾਸ ਨਾਂ ਰੱਖ ਲਏੇ, ਆਪਣੇ ਕੋਲ ਰਿਧੀਆਂ ਸਿਧੀਆਂ ਭਾਵ ਕਰਾਮਾਤੀ ਸ਼ਕਤੀਆਂ ਹੋਣ ਦਾ ਦਾਅਵਾ ਵੀ ਕਰੇ ਪਰ ਜੇ ਉਹ ਸਤਿਕਾਰ ਦਾ ਪਾਤਰ ਨਹੀਂ ਬਣਦਾ ਤਾਂ ਇਹ ਸਾਰੀ ਪੂਜਾ ਫਜ਼ੂਲ ਹੈ। ਨਿਰੋਲ ਖੱਜਲ ਖੁਆਰੀ ਹੈ। ਜਿਨ੍ਹਾਂ ਨੂੰ ਸਤਿਗੁਰੂ ਦੀ ਥਾਪਣਾ ਮਿਲੀ ਹੈ, ਉਨ੍ਹਾਂ ਨੂੰ ਕੋਈ ਮੇਟ ਨਹੀਂ ਕਰ ਸਕਦਾ। ਉਨ੍ਹਾਂ ਦੇ ਆਤਮ ਅੰਦਰ ਨਾਮ ਦਾ ਖਜ਼ਾਨਾ ਹੈ ਜਿਹੜਾ ਨਾਮ ਨਾਲ ਹੀ ਪ੍ਰਗਟ ਹੁੰਦਾ ਹੈ। ਉਸ ਨਾਮ ਨੂੰ ਪੂਜਣਾ ਅਤੇ ਮੰਨਣਾ ਚਾਹੀਦਾ ਹੈ। ਇਹ ਨਾਮ ਅਖੰਡ ਅਤੇ ਸਦੀਵੀ ਰਹਿਣ ਵਾਲਾ ਹੈ।
ਹਵਾਲਾ ਜਨਮਸਾਖੀ: ਏਕ ਦਿਨਿ ਗੁਰੂ ਬਾਬਾ ਨਾਨਕੁ ਜੀ ਕਰਤਾਰਪੁਰ ਬੈਠਾ ਥਾ। ਅਰੁ ਅੰਗਦ ਬੇਨਤੀ ਕਰੀ ਜੀ, “ਜਿ ਮਿਹਰਵਾਨ ਇਕ ਬੇਨਤੀ ਹੈ ਜੇ ਤੁਧ ਭਾਵੇ।” ਤਬ ਗੁਰੂ ਬਾਬੇ ਨਾਨਕ ਜੀ ਕਹਿਆ, “ਆਖੁ ਪੁਰਖਾ ਅੰਗਦਾ ਜਿ ਕਿਛੁ ਤੇਰੇ ਜੀ ਹੈ ਸੁ ਤੂ ਅਰਦਾਸ ਕਰਿ।”
ਤਬ ਗੁਰੂ ਅੰਗਦ ਕਹਿਆ ਜਿ “ਜੀ ਪਾਤਿਸਾਹ ਮੇਰੀ ਏਹ ਅਰਦਾਸ ਹੈ ਜਿ ਸੰਸਾਰੁ ਕੋਈ ਤੀਰਥੀ ਗੈਆ। ਕਿੰਨੇ ਵੇਦ ਕੀ ਵਿਦਿਆ ਪੜ੍ਹੀ। ਕਿਨੈ ਸੰਨਿਆਸੁ ਮਾਰਗੁ ਕਮਾਇ। ਕੋਈ ਜਤੀ ਹੋਇ ਕਰਿ ਜੋਗੁ ਲਾਗਾ ਕਮਾਵਣ। ਕਿਨੈ ਦੇਹ ਸਾਧੀ ਨਗਨੁ ਹੋਇ ਕਰਿ ਦਿਗੰਬਰ ਦੇ ਰੂਪਿ ਹੋ ਫਿਰਿਆ। ਦਿਖਾ ਜੀ ਪਾਤਸ਼ਾਹ! ਅਸਾਡੀ ਕਵਨ ਗਤਿ। ਅਸਾਂ ਤਾਂ ਇਨਾਂ ਗਲਾਂ ਵਿਚਹੁ ਕਾਈ ਗਲ ਨਾ ਹੋਇ ਆਈਆ ਜੀ। ਅਸੀ ਕਿਛੁ ਨਾਹੀ ਜਾਣਦੇ ਜਿ ਪਰਮੇਸੁਰੁ ਕਿਨੀ ਗੁਣੀ ਪਾਈਦਾ ਹੈ। ਪਰਮੇਸੁਰ ਨੂੰ ਕਵਣ ਸੇਵਾ ਭਾਵਦੀ ਹੈ। ਅਤੇ ਕਿਤੁ ਸੰਜਮਿ ਪਰਮੇਸੁਰ ਖੁਸੀ ਹੁੰਦਾ ਹੈ ਜੀ। ਜਿਤੁ ਕਿਤੇ ਗਲ ਪਰਮੇਸੁਰੁ ਸੁ ਪ੍ਰਸੰਨੁ ਹੋਂਦਾ ਹੈ ਜੀ। ਅਸਾ ਨੋ ਮਿਹਰ ਕਰਿ ਕਰਿ ਓਹ ਗਲ ਸਮਝਾਈਐ ਜੀ। ਜਿਤੁ ਕਰਿ ਕਰਿ ਅਸਾਡੇ ਜੀ ਦੀ ਗਤਿ ਹੋਇ ਜੀ। ਇਸੁ ਜੀਅ ਨੂ ਜਮੁ ਪੋਹਿ ਨਾ ਸਕੈ ਜੀ। ਜਮ ਕੀ ਸਾਸਨਾ ਤੇ ਜਿਤੁ ਏਹੁ ਜੀਉ ਉਬਰੈ ਸਾ ਵਿਧਿ ਸਮਝਾਈਐ।”
ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜਿ, “ਪੁਰਖਾ ਅੰਗਦਾ ਨਾ ਪਰਮੇਸੁਰ ਖੁਸੀ ਹੋਂਦਾ ਹੈ ਵੇਦ ਕੀ ਵਿਦਿਆ ਪੜਿਆਂ ਅਰੁ ਬੀਚਾਰਿਆਂ। ਅਤੈ ਨਾ ਪਰਮੇਸੁਰ ਖੁਸੀ ਹੋਂਦਾ ਹੈ ਸੰਨਿਆਸ ਰੂਪ ਕੀਤੇ। ਨਾ ਪਰਮੇਸੁਰ ਖੁਸੀ ਹੋਂਦਾ ਹੈ ਤੀਰਥੁ ਵਾਸੁ ਕੀਤਿਆਂ। ਨਾ ਪਰਮੇਸਰੁ ਖੁਸੀ ਹੋਦਾ ਹੈ ਜਤਿ ਜੋਗ ਕਮਾਇਐ। ਨਾ ਪਰਮੇਸੁਰ ਖੁਸੀ ਹੋਂਦਾ ਹੈ ਦਿਗੰਬਰ ਰੂਪ ਫਿਰਿਆਂ।”
ਤਬ ਗੁਰੂ ਅੰਗਦ ਕਹਿਆ ਜਿ, “ਗਰੀਬ ਨਿਵਾਜ! ਮਿਹਰਵਾਨੁ ਹੋਇ ਕੈ ਕਹੀਐ ਜਿਤੁ ਗਲੈ ਪਰਮੇਸੁਰੁ ਖੁਸੀ ਹੋਂਦਾ ਹੈ।”
ਤਬ ਗੁਰੂ ਬਾਬਾ ਨਾਨਕ ਜੀ ਆਸਾ ਰਾਗ ਮਹਿ ਬਾਨੀ ਓਪਦੇਸੀ। ਬੋਲਿ ਉਠਿਆ ਜਿ ਂ
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ ਜਾ ਪੰਚ ਰਾਸੀ ਤਾਂ ਤੀਰਥ ਵਾਸੀ॥ ੧॥
ਘੁੰਘਰੂ ਵਾਜੈ ਜੇ ਮਨੁ ਲਾਗੈ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ॥ ੧॥ ਰਹਾਉ ॥
ਆਸ ਨਿਰਾਸੀ ਤਉ ਸੰਨਿਆਸੀ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ॥ ੨॥
ਦਇਆ ਦਿਗੰਬਰੁ ਦੇਹ ਬੀਚਾਰੀ॥ ਆਪਿ ਮਰੈ ਅਵਰਾ ਨਹ ਮਾਰੀ॥ ੩॥
ਏਕੁ ਤੂ ਹੋਰਿ ਵੇਸ ਬਹੁਤੇਰੇ॥ ਨਾਨਕੁ ਜਾਣੈ ਚੋਜ ਨ ਤੇਰੇ॥ (ਆਸਾ ਮਹਲਾ ੧ ਘਰ ੨ ਚਉਪਦੇ। ੨੫। (੩੫੬)॥)
ਯਥਾ ਉਸ ਵਿਦਿਆ ਦਾ ਵੀਚਾਰ ਕੀਤਾ ਜਾਏ, ਜਿਹੜੀ ਬੰਦੇ ਨੂੰ ਪਰਉਪਕਾਰੀ ਬਣਾਵੇ। ਗਿਆਨ ਨੂੰ ਅਪਣੇ ਆਤਮ ਵਿਚ ਵਸਾ ਕੇ ਹੀ ਪੰਜਾਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਤੇ ਕਾਬੂ ਪਾਇਆ ਜਾ ਸਕਦਾ ਹੈ। ਆਪਣੇ ਵਿਕਾਰਾਂ ਉਤੇ ਕਾਬੂ ਪਾ ਕੇ ਹੀ ਤੀਰਥ ਵਾਸੀ ਹੋਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਅਤੇ ਸਦੀਵੀ ਅਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਤੀਰਥਾਂ ਉਤੇ ਜਾ ਕੇ ਵਸਣ ਦਾ ਇਹੀ ਮੰਤਵ ਹੈ। ਵਿਦਿਆ ਰਾਹੀਂ ਪ੍ਰਾਪਤ ਹੋਇਆ ਗਿਆਨ ਜੇ ਮਨ ਨੂੰ ਆਪਣੇ ਨਾਲ ਸਹਿਮਤ ਕਰ ਲਵੇ ਤੇ ਮਨ ਸਹਿਜ ਅਵਸਥਾ ਵਿਚ ਆ ਜਾਵੇ ਤਾਂ ਘੁੰਗਰੂ ਵਜਣ ਭਾਵ ਅਨਹਦ ਨਾਦ ਦੇ ਅਹਿਸਾਸ ਨਾਲ ਮਨ ਵਿਸਮਾਦ ਦੀ ਅਵਸਥਾ ਵਿਚ ਆ ਜਾਂਦਾ ਹੈ। ਜਦੋਂ ਮਨੁਖ ਨੂੰ ਆਪਣੇ ਆਲੇ-ਦੁਆਲੇ ਦੀ ਕੁਦਰਤ ਨਾਲ ਆਪਣੇ ਅਟੁਟ ਰਿਸ਼ਤੇ ਦਾ ਅਹਿਸਾਸ ਹੋ ਜਾਏ ਤਾਂ ਜਮਾਂ ਦਾ ਡਰ ਉਂਝ ਹੀ ਖਤਮ ਹੋ ਜਾਂਦਾ ਹੈ। ਕਿਉਂਕਿ ਮਨੁਖ ਨੂੰ ਸੋਝੀ ਹੋ ਜਾਂਦੀ ਹੈ ਕਿ ਨਰਕ-ਸੁਰਗ-ਜਮ ਪੁਨਰ ਜਨਮ ਆਦਿ ਸਭ ਐਵੇਂ ਭਰਮ ਹਨ। ਇਹ ਸਾਰਾ ਬ੍ਰਾਹਮਣਵਾਦ ਦਾ ਪੈਦਾ ਕੀਤਾ ਹੋਇਆ ਭਰਮਜਾਲ ਹੈ। ਇਸ ਗਿਆਨ ਨਾਲ ਜਦੋਂ ਜਮਾਂ ਦੀ ਹੋਂਦ ਹੀ ਮਨੁਖੀ ਚੇਤਨਾ ਵਿਚੋਂ ਨਿਕਲ ਜਾਂਦੀ ਹੈ ਤਾਂ ਇਨ੍ਹਾਂ ਦੇ ਡਰ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਇਸੇ ਲਈ ਗੁਰੂ ਜੀ ਕਹਿੰਦੇ ਹਨ ਕਿ ਜਮ ਮੇਰਾ ਕੀ ਵਿਗਾੜ ਸਕਦੇ ਹਨ। ਜੇ ਮਨ ਤ੍ਰਿਸਨਾ ਭਾਵ ਬੇਲੋੜੀਆਂ ਇਛਾਵਾਂ ਤੋਂ ਸੁਰਖਰੂ ਹੋ ਜਾਏ ਤਾਂ ਬੰਦਾ ਸੰਨਿਆਸੀਆਂ ਵਾਲਾ ਅਹਿਸਾਸ ਘਰ ਬੈਠਿਆ ਹੀ ਕਰ ਸਕਦਾ ਹੈ। ਜਤੀ ਭਾਵ ਵਿਕਾਰ ਰਹਿਤ ਮਨੁਖ ਹੀ ਜੋਗੀ ਹੈ। ਜੋਗੀ ਭਾਵ ਜਤੀ ਬਣ ਕੇ ਹੀ ਕਾਇਆ ਨੂੰ ਭੋਗਿਆ ਜਾ ਸਕਦਾ ਹੈ। ਭਾਵ ਸਰੀਰ ਦੇ ਸਾਰੇ ਅਸਲੀ (ਕੁਦਰਤੀ) ਰਸ ਮਾਣੇ ਜਾ ਸਕਦੇ ਹਨ। ਦਿਆਲੂ ਹੋਣਾ ਹੀ ਦਿਗੰਬਰ ਭਾਵ ਤਰਕਸ਼ੀਲ ਹੋਣਾ ਹੈ। ਆਪਣੇ ਮਨ ਨੂੰ ਮਾਰ (ਭਾਵ ਸਵੈਕਾਬੂ ਵਿਚ ਰਖ) ਕੇ ਹੋਰਨਾਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਗੁਰੂ ਨਾਨਕ ਜੀ ਦੇ ਬਚਨ ਹਨ: ਸਿਰਜਣਹਾਰ ਤੂੰ ਇਕ ਹੈ ਬਾਕੀ ਸਾਰੇ ਤੇਰੇੇ ਅਡ ਅਡ ਵੇਸ ਹਨ। ਤੇਰੇ ਸਾਰੇ ਕੌਤਕਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ।
ਪੁਰਖਾ ਬੋਲਣੇ ਕਾ ਏਹੋ ਫਲੁ ਹੈ ਜਿ ਕਿਛੁ ਬੋਲੀਐ। ਸੁ ਪਰਮੇਸੁਰ ਕਾ ਨਾਮ ਹੀ ਬੋਲੀਐ ਬਿਚਾਰੀਐ ਗਾਈਐ ਸੁਣੀਐ ਸਿੱਖੀਐ ਸਮਝੀਐ। ਤਿਤੁ ਕਰਿ ਕਰਿ ਇਸ ਨੂੰ ਲਾਹਾ ਹੈ। ਪੁਰਖਾ ਅੰਗਦਾ ਤੈਂ ਬਹੁਤੁ ਭਲਾ ਕੀਆ ਜਿ ਪਰਮੇਸੁਰ ਦੀ ਗਲ ਚਿਤਿ ਅਣਾਈ। ਏਤੁ ਗਲ ਕਿਛੁ ਅਸਾਨੋ ਲਾਹਾ ਹੈ। ਪੁਰਖਾ ਮੈ ਭਾਂਵਦੀ ਹੈ ਏਹ ਗਲ।”
ਗੁਰਮਤਿ ਅਨੁਸਾਰ ਉਹ ਪੜ੍ਹਿਆ ਮਨੁਖ ਮੂਰਖ ਹੈ ਜਿਸ ਨੂੰ ਲੋਭ, ਲਾਲਚ, ਹਿਰਸ ਅਤੇ ਹੰਕਾਰ ਨੇ ਗ੍ਰਸਿਆ ਹੋਇਆ ਹੈ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ (ਪੰਨਾ 140)
“ਰਾਜ (ਸਰਕਾਰ) ਖੁਦ ਲੋਕਾਂ ਨੂੰ ਆਪਣਾ ਅੰਗ ਬਣਾ ਕੇ, ਵਿਅਕਤੀ ਦੇ ਉਦੇਸ਼ਾਂ ਨੂੰ ਸਮੂਹ ਦੇ ਨਿਸ਼ਾਨਿਆਂ ਵਿਚ ਢਾਲ ਕੇ, ਮਨੁਖ ਦੀਆਂ ਉਜਡ ਬਿਰਤੀਆਂ (ਸਾਮਰਾਜੀ ਖਪਤਕਾਰੀ ਦੀ ਹਵਸ) ਨੂੰ ਸਦਾਚਾਰਕ ਬਿਰਤੀਆਂ (ਤਰਕਸੰਗਤ ਮਨੁਖੀ ਲੋੜਾਂ ਦੀਆਂ ਇਛਾਵਾਂ) ਵਿਚ ਬਦਲ ਕੇ, ਕੁਦਰਤੀ ਆਜ਼ਾਦੀ ਨੂੰ ਆਤਮਿਕ ਆਜ਼ਾਦੀ ਵਿਚ ਬਦਲ ਕੇ, ਇਸ ਤਰ੍ਹਾਂ ਸਿਖਿਅਤ ਕਰੇ, ਕਿ ਹਰ ਵਿਅਕਤੀ ਆਪਣਾ ਭਲਾ ਸਰਬਤ ਦੇ ਭਲੇ ਵਿਚ ਲੋਚੇ ਅਤੇ ਸਰਬਤ ਨੂੰ ਆਪਣੇ ਨਿਜੀ ਮਨ ਦੇ ਚੌਖਟੇ ਵਿਚੋਂ ਪਛਾਣੇ।” (ਮਾਰਕਸ)
ਭਾਈ ਗੁਰਦਾਸ ਜੀ ਨੇ ਲਿਖਿਆ ਹੈ: ਮਾਰਿਆ ਸਿੱਖਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ।
ਯਥਾ ਗੁਰੂ ਸਾਹਿਬ ਨੇ ਨਵੀਂ ਪਿਰਤ ਪਾਈ। ਉਨ੍ਹਾਂ ਨੇ ਪੈਸੇ (ਮੁੱਲ) ਦਾ ਸਿੱਖਾ ਮਾਰਨ ਦੀ ਥਾਂ ‘ਪੰਥ` ਭਾਵ ਮਨੁਖੀ ਜੀਵਨ ਜਿਊਣ ਦਾ ਨਵਾਂ ਰਾਹ ਦਸਿਆ। ਇਉਂ ਗੁਰੂ ਨਾਨਕ ਜੀ ਨੇ ਮਨੁਖਤਾ ਦੇ ਇਤਿਹਾਸ ਵਿਚ ਨਵੇਂ ਯੁਗ ਦਾ ਆਰੰਭ ਕੀਤਾ। ਉਨ੍ਹਾਂ ਨੇ ਮਨੁਖਤਾ ਦੇ ਅਨੁਭਵੀ ਗਿਆਨ ਨੂੰ ਨਵੀਂ ਦਿਸ਼ਾ ਦਿਤੀ। ਕੁਦਰਤ ਦੇ ਭਾਣੇ ਅਤੇ ਹੁਕਮ ਵਿਚ ਰਹਿੰਦਿਆ ਹੋਇਆਂ ਕੁਦਰਤ ਦੀ ਅਨਮੋਲ ਦਾਤ ਆਪਣੇ ਮਨ ਨੂੰ ਵਿਕਸਿਤ ਕਰਕੇ ਸਰਲ, ਸਾਦੀ, ਸਹਿਜ ਅਤੇ ਸੰਤੁਸ਼ਟ ਜਿੰਦਗੀ ਜਿਊਣ ਦੀ ਚੇਤਨਾ ਦਿਤੀ।
ਇਸ ਚੇਤਨਾ ਦਾ ਆਰੰਭ ਹੇਠ ਲਿਖੀ ਧਾਰਨਾ ਤੋਂ ਹੁੰਦਾ ਹੈ:
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ 292)
ਯਥਾ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਪਸਰਿਆ ਪਸਾਰਾ ਇਕ (ਏਕੋ) ਹੈ। ਹੋਰ ਦੂਜਾ ਕਿਤੇ ਕੋਈ ਨਜ਼ਰ ਨਹੀਂ ਆਉਂਦਾ।
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ 350)
ਇਹ ਏਕੋ ਹੀ ਮੇਰਾ ਮਾਲਕ ਹੈ। ਇਸ ਦੀ ਪੁਸ਼ਟੀ ਕਰਨ ਲਈ ਇਕ ਵਾਰ ਫਿਰ ਦੁਹਰਾਇਆ ਗਿਆ ਹੈ ਕਿ ਇਹ ਏਕੋ ਹੀ ਮੇਰਾ ਮਾਲਕ ਹੈ। ਮੇਰੇ ਇਸ ਮਾਲਕ ਤੋਂ ਬਿਨਾਂ ਹੋਰ ਕਿਸੇ ਦੂਜੇ ‘ਰਬ` ਦੀ ਕੋਈ ਹੋਂਦ ਨਹੀਂ ਅਤੇ ਮੇਰੇ ਇਸ ਮਾਲਕ ਦਾਤਾਰ ਭਾਵ ਮੈਨੂੰ ਸਾਰੀਆਂ ਦਾਤਾਂ ਦੇਣ ਵਾਲੇ ‘ਰਬ` ਦੀ ਪਛਾਣ ਕੁਦਰਤ ਵਿਚੋਂ ਹੁੰਦੀ ਹੈ। ਨਾਨਕ ਸਚੁ ਦਾਤਾਰੁ ਸਿਨਾਖਤ ਕੁਦਰਤੀ॥ (ਪੰਨਾ 141)
ਮਨੁਖੀ ਆਤਮਿਕ ਗਿਆਨ ਦੇ ਖੇਤਰ ਵਿਚ ਆਇਆ ਇਹ ਨਵਾਂ ਇਨਕਲਾਬ ਹੈ। ਇਸ ਆਤਮਿਕ ਗਿਆਨ ਨੇ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਰਚਨਾ ਬਾਰੇ ਆਪਣੇ ਤੋਂ ਪਹਿਲੀਆਂ ਧਾਰਨਾਵਾਂ ਦਾ ਪੂਰਨ ਰੂਪ ਵਿਚ ਖੰਡਨ ਕਰ ਕੇ ਮਨੁਖਤਾ ਨੂੰ ਨਵੀਂ ਚੇਤਨਾ ਦਿਤੀ ਹੈ। ਗੁਰੂ ਨਾਨਕ ਜੀ ਤੋਂ ਪਹਿਲਾਂ ਸ੍ਰਿਸ਼ਟੀ ਅਤੇ ਸ੍ਰਿਸ਼ਟੀ ਰਚਨਾ ਬਾਰੇ ਮਨੂਵਾਦੀ ਸ਼ੰਕਰਾਚਾਰੀਆ ਦੀ ਇਹ ਮਾਨਤਾ ਭਾਰੂ ਸੀ ਕਿ ਅਦ੍ਰਿਸ਼ਟ ‘ਬ੍ਰਹਮ` ਸਚ ਹੈ ਪਰ ਦ੍ਰਿਸ਼ਟਮਾਨ ਸੰਸਾਰ ਮਿਥਿਆ ਹੈ। ਆਪਣੀ ਸੀਮਤ ਉਮਰ ਭੋਗ ਕੇ ਜਦੋਂ ਬੰਦੇ ਦੀ ਮੌਤ ਅਟਲ ਹੈ ਤਾਂ ਫਿਰ ਇਹ ਦ੍ਰਿਸ਼ਟਮਾਨ ਸੰਸਾਰ ਮਾਇਆ ਭਾਵ ਛਲਾਵਾ ਹੈ। ਮਨੁਖੀ ਮਨ ਦੀ ਕੋਰੀ ਕਲਪਨਾ ਹੈ ਅਤੇ ਸ੍ਰਿਸ਼ਟੀ ਦੀ ਰਚਨਾ ਮਨੂ ਮਨ-ਕਲਪਿਤ ਬ੍ਰਹਮਾ ਨੇ ਕੀਤੀ ਹੈ ਜਿਸ ਨੇ ਮਨੁਖਤਾ ਨੂੰ ਚਾਰ ਵਰਣਾਂ ਵਿਚ ਵੰਡਿਆ ਹੈ। ਗੁਰੂ ਜੀ ਨੇ ਸ਼ੰਕਰਾਚਾਰੀਆ ਦੀ ਇਸ ਧਾਰਨਾ ਦਾ ਪੂਰਨ ਰੂਪ ਵਿਚ ਖੰਡਨ ਕੀਤਾ। ਗੁਰੂ ਸਾਹਿਬ ਨੇ ਬੁਲੰਦ ਐਲਾਨ ਕੀਤਾ ਕਿ ਇਹ ਦ੍ਰਿਸ਼ਟਗੋਚਰ ਹੁੰਦਾ ‘ਸੰਸਾਰ` ਅਤੇ ਅੰਤਹੀਣ ਅਦ੍ਰਿਸ਼ਟ ‘ਬ੍ਰਹਮ` ਭਾਵ ਇਹ ਅਸੀਮ ਬ੍ਰਹਿਮੰਡੀ ਵਿਸਥਾਰ ਇਕ ਹੈ। ਇਹ ਮਨੁਖੀ ਮਨ ਦੀ ਕੋਰੀ ਕਲਪਨਾ ਨਹੀਂ ਬਲਕਿ ਹਕੀਕਤ ਹੈ।
ਕੁਦਰਤਿ ਕਰਨੈਹਾਰ ਅਪਾਰਾ॥ ਕੀਤੇ ਕਾ ਨਾਹੀ ਕਿਹੁ ਚਾਰਾ॥ ਜੀਅ ਉਪਾਇ ਰਿਜਕ ਦੇ ਆਪੇ ਸਿਰਿ ਸਿਰਿ ਹੁਕਮ ਚਲਾਇਆ॥ (ਪੰਨਾ 1042)
ਯਥਾ ਇਹ ਅਸੀਮ ਕੁਦਰਤ ਹੀ ਕਰਨ ਕਰਾਵਣਹਾਰ ਹੈ। ਇਸ ਦਾ ਪਾਰਾਵਾਰ ਨਹੀਂ। ਤਥਾ ਇਸ ਬ੍ਰਹਿਮੰਡੀ ਕੁਦਰਤ ਦੇ ਉਰਵਾਰ-ਪਾਰ ਮਨੁਖੀ ਮਨ ਦੀ ਪਕੜ ਵਿਚ ਨਹੀਂ ਆ ਸਕਦੇ। ਕੁਦਰਤ ਦੇ ਕੀਤੇ ਦਾ ਕੋਈ ਚਾਰਾ ਨਹੀਂ। ਕੁਦਰਤ ਦੇ ਕੰਮਾਂ ਵਿਚ ਕੋਈ ਮਨੁਖ ਦਖਲ ਨਹੀਂ ਦੇ ਸਕਦਾ। ਕੁਦਰਤ ਆਪ ਹੀ ਜੀਆ ਜੰਤ ਪੈਦਾ ਕਰਦੀ ਹੈ ਅਤੇ ਆਪ ਹੀ ਸਾਰਿਆਂ ਨੂੰ ਰਿਜਕ ਦਿੰਦੀ ਹੈ। ਇਹ ਅਸੀਮ ਬ੍ਰਹਿਮੰਡੀ ਹੋਂਦ ਆਪਣੇ ਆਪ ਹੀ ਹੁਕਮ ਭਾਵ ਕੁਦਰਤੀ ਨੇਮਾਂ ਅਨੁਸਾਰ ਗਤੀਸ਼ੀਲ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ 695)
ਨਿਕਟਿ ਜੀਅ ਕੈ ਸਦ ਹੀ ਸੰਗਾ ਕੁਦਰਤਿ ਵਰਤੈ ਰੂਪ ਅਰੁ ਰੰਗਾ॥ (ਪੰਨਾ 376)
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ॥ (ਪੰਨਾ 792)
ਯਥਾ ਜੋ ਬ੍ਰਹਮੰਡ ਵਿਚ ਹੈ, ਉਹੀ ਸਾਡੇ ਪਿੰਡੇ ਭਾਵ ਸਰੀਰ ਵਿਚ ਹੈ। ਸਾਡੇ ਚਾਰ-ਚੁਫੇਰੇ ਫੈਲਿਆ ਇਹ ਸਾਰਾ ਪਸਾਰਾ ਬ੍ਰਹਮ ਹੈ। ਸਭ ਥਾਂ ਬ੍ਰਹਮ ਹੀ ਪਸਰਿਆ ਹੋਇਆ ਹੈ। ਬ੍ਰਹਮ ਹੀ ਸਗਲ ਦ੍ਰਿਸ਼ਟੀ ਵਿਚ ਆਉਂਦਾ ਹੈ। ਇਸ ਬ੍ਰਹਮ ਤੋਂ ਬਿਨਾਂ ਕਿਸੇ ਬ੍ਰਹਮਾ ਬਿਸਨੁ ਮਹੇਸ ਦੀ ਹੋਰ ਕੋਈ ਹੋਂਦ ਨਹੀਂ।
ਇਹੀ ਚੇਤਨਾ ਧਰਮਾਂ ਦੀ ਏਕਤਾ ਦਾ ਆਧਾਰ ਹੈ। ਹਿੰਦੂ-ਸਿੱਖ ਏਕਤਾ ਦਾ ਸੁਆਲ ਰਾਜਨਾਥ ਸਿੰਘ ਵਰਗੇ ਮਨੂਵਾਦੀ ਆਗੂਆਂ ਦਾ ਪੈਦਾ ਕੀਤਾ ਹੋਇਆ ਹੈ। ਧਰਮਾਂ ਦੇ ਵਖਰੇਵੇਂ ਮਨੂਵਾਦੀ ਵਰਤਾਰਾ ਹੈ। ਇਸ ਵਰਤਾਰੇ ਦਾ ਗੁਰਮਤਿ ਨੇ ਪੂਰਨ ਰੂਪ ਵਿਚ ਖੰਡਨ ਕੀਤਾ ਹੈ। ਗੁਰੂ ਜੀ ਨੇ ਹਿੰਦੂ ਮਤਿ ਅਤੇ ਇਸਲਾਮ ਵਿਚਲੀ ‘ਰਬੀ ਹਸਤੀ` ਬਾਰੇ ਆਮ ਵਰਤੇ ਜਾਂਦੇ ਸਾਰੇ ਸ਼ਬਦਾਂ ਰਾਹੀਂ ਕੁਦਰਤ ਵਿਚੋਂ ਸ਼ਨਾਖਤ ਕੀਤੇ ਜਾਣ ਵਾਲੇ ਦਾਤਾਰ (‘ਏਕੋ`) ਦੀ ਵਿਆਖਿਆ ਕੀਤੀ ਹੈ। ਇਹ ਏਕੋ ਹੀ ਅਲਹ ਖੁਦਾ ਮਉਲਾ ਪੈਗੰਬਰ ਅਤੇ ਕੁਰਾਨ ਕਤੇਬ ਵਿਚਲਾ ਪਵਿਤਰ ਰਬ ਹੈ। ਇਹ ਏਕੋ ਹੀ ਹਿੰਦੂ ਮਤਿ ਵਿਚਲਾ ਭਗਵੰਤ ਗੁਸਾਈਂ ਨਾਰਾਇਣ ਨਰਹਰਿ ਓਮ ਨਮੋ ਬਾਸੁਦੇਵ ਰਿਖੀਕੇਸ਼ ਗੋਪਾਲ ਗੋਬਿੰਦ ਮੁਕੰਦ ਕ੍ਰਿਸ਼ਨ ਜਗੰਨਾਥ ਮਾਧੋ ਜਗਜੀਵਨ ਹੈ। ਮਨੁਖੀ ਸਰੀਰ ਇਸ ਏਕੋ ਦੀ ਅਨਮੋਲ ਦੇਣ ਹੈ।
ਗੁਰੂ ਨਾਨਕ ਜੀ ਦੇ ਆਤਮਿਕ ਗਿਆਨ ਦਾ ਦੂਜਾ ਅਹਿਮ ਪਖ ਇਹ ਹੈ ਕਿ ਮਨੁਖ ਦਾ ਆਪਣਾ ਮਨ ਹੀ ਸਿਰਮੌਰ ਹੈ। ਮਨੁਖ ਦਾ ਆਪਣਾ ਮਨ ਹੀ ਉਸ ਦੀ ਸ਼ਕਤੀ ਅਤੇ ਉਸ ਦੀ ਸੀਮਾ ਹੈ। ਜਿੰਨਾ ਕਿਸੇ ਮਨੁਖ ਦਾ ਆਪਣਾ ਮਨ ਵਿਕਸਿਤ ਹੋਵੇਗਾ, ਓਨਾ ਹੀ ਉਹ ਆਪਣੀ ਜਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਅ ਸਕੇਗਾ।
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ (ਪੰਨਾ 61)
ਮਨ ਸਰੀਰ ਦਾ ਰਾਜਾ ਹੈ, ਸੁਲਤਾਨ ਹੈ। ਸਰੀਰ ‘ਤੇ ਮਨੁਖੀ ਮਨ ਦਾ ਹੁਕਮ ਚਲਦਾ ਹੈ। ਮਨ ਜਿਵੇਂ ਚਾਹੁੰਦਾ ਹੈ, ਸਰੀਰ ਨੂੰ ਚਲਾਉਂਦਾ ਹੈ; ਜੇ ਆਪਣੇ ਮਨ ਨੂੰ ਜਿਤ ਲਿਆ ਜਾਏ ਤਾਂ ਸਾਰਾ ਜਗ ਜਿਤਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਮਨ ਸਾਧੇ ਸਿਧਿ ਹੋਇ। ਗਿਆਨ ਕਾ ਬਧਾ ਮਨ ਰਹੈ ਗੁਰ ਬਿਨੁ ਗਿਆਨੁ ਨ ਹੋਇ। (ਪੰਨਾ 469)
ਗੁਰੂ ਨਾਨਕ ਜੀ ਦੇ ਆਤਮਿਕ ਗਿਆਨ ਦਾ ਤੀਜਾ ਪਖ ਸਤਿਗੁਰ ਹੈ। ਇਸ ਰਬੀ ਹਸਤੀ ਭਾਵ ਏਕੋ ਕਰਤਾ ਦਾ ਮਨੁਖੀ ਮਨ ਵਿਚ ਅਹਿਸਾਸ ਕਰਵਾਉਣ ਵਾਲਾ ਗੁਰੂ ਹੀ ਸਤਿਗੁਰ ਹੈ। ਜਿਹੜਾ ਬ੍ਰਹਿਮੰਡੀ ਨੇਮਾਂ (ਹੁਕਮੁ) ਤੇ ਇਨ੍ਹਾਂ ਨੇਮਾਂ ਅਨੁਸਾਰ ਬਣੇ ਸਮਾਜੀ ਨੇਮਾਂ ਦਾ ਗਿਆਨ ਦੇ ਰਿਹਾ ਹੈ। ਇਨ੍ਹਾਂ ਅਨੁਸਾਰ ਮਨ ਨੂੰ ਸਾਧਣ ਤੇ ਸਹਿਜ ਜਿ਼ੰਦਗੀ ਜਿਊਣ ਦੀ ਜੁਗਤ ਦੱਸ ਰਿਹਾ ਹੈ। ਮਨ ਨੂੰ ਜਿਤ ਕੇ ਹੀ ਜੱਗ ਜਿਤਣ ਦਾ ਅਹਿਸਾਸ ਕੀਤਾ ਜਾ ਸਕਦਾ ਹੈ।
ਕੁਦਰਤੀ ਅਤੇ ਸਮਾਜੀ ਯਥਾਰਥ ਨੂੰ ਸਮਝਣ ਵਿਚ ਵਡਾ ਅੜਿਕਾ ਮਨੁਖ ਦੀ ਭਰਮਾਊ ਸੋਚ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਦੁਹਰਾਉਣ ਨਾਲ ਸਦੀਵੀ ਸਚ ਹੋਣ ਦੇ ਭਰਮ ਕਾਰਨ ਮਨੁਖੀ ਆਤਮ ਦਾ ਅੰਗ ਬਣ ਗਈ ਹੈ। ਇਸ ਭ੍ਰਿਸ਼ਟ ਆਤਮ ਨੇ ਮਨੁਖੀ ਲੋੜਾਂ ਨੂੰ ਬੇਪਛਾਣ ਕਰ ਦਿਤਾ ਹੈ। ਸਾਮਰਾਜੀ ਕੂੜ ਪ੍ਰਚਾਰ ਵਲੋਂ ਇਨ੍ਹਾਂ ਬੇਪਛਾਣ ਲੋੜਾਂ ਨੂੰ ਇਛਾਵਾਂ ਦਾ ਰੂਪ ਦੇਣ ਅਤੇ ਇਨ੍ਹਾਂ ਇਛਾਵਾਂ ਨੂੰ ਮਨੁਖ ਦੀਆਂ ਬੁਨਿਆਦੀ ਲੋੜਾਂ ਵਜੋਂ ਪੇਸ਼ ਕਰਨ ਨਾਲ ਸਮੁਚਾ ਕੁਦਰਤੀ ਅਤੇ ਸਮਾਜੀ ਯਥਾਰਥ ਹੀ ਬੇਪਛਾਣ ਹੋ ਗਿਆ ਹੈ। ਇਸ ਬੇਪਛਾਣ ਯਥਾਰਥ ਨੇ ਮਨੁਖੀ, ਪਰਿਵਾਰਕ ਅਤੇ ਸਮਾਜੀ ਰਿਸ਼ਤਿਆਂ ਦਾ ਘਾਣ ਕਰ ਦਿਤਾ ਹੈ। ਸਾਮਰਾਜੀ ਦੌਰ ਦਾ ਮਨੁਖ ਨਿਰੋਲ ਖਿਆਲੀ ਕਲਪਨਾ ਵਿਚ ਜਿਊਣ ਦਾ ਆਦੀ ਹੋ ਗਿਆ ਹੈ। ਇਸ ਸਾਮਰਾਜੀ ਕਲਪਨਾ ਨੂੰ ਤਿਆਗਣ ਅਤੇ ਗੁਰਮਤਿ ਚੇਤਨਾ ਨੂੰ ਅਪਨਾਉਣ ਦੀ ਲੋੜ ਹੈ।