ਫਿਲਮਸਾਜ਼ ਵੀ. ਸ਼ਾਂਤਾਰਾਮ ਦੀ ਦੁਨੀਆ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਅਪਰੈਲ 1944 ਅਸੀਂ ਜਹਾਜ਼ ਤੋਂ ਬੰਬਈ ਉਤਰੇ। ਏਥੇ ਸਾਡੇ ਲਈ ਸਭ ਕੁਝ ਓਪਰਾ-ਓਪਰਾ ਸੀ – ਲੋਕ, ਆਬੋ-ਹਵਾ, ਪਹਿਰਾਵਾ। ਜੇ ਉਸ ਵੇਲੇ ਮੈਥੋਂ ਕੋਈ ਪੁੱਛਦਾ, “ਕੀ ਤੂੰ ਬੰਬਈ ਵਿਚ ਹਮੇਸ਼ਾ ਲਈ ਵਸ ਜਾਣਾ ਪਸੰਦ ਕਰੇਂਗਾ?” ਤਾਂ ਮੈਂ ਨਾਂਹ ਵਿਚ ਸਿਰ ਹਲਾਂਦਿਆਂ ਜ਼ਰਾ ਢਿੱਲ ਨਹੀਂ ਸੀ ਕਰਨੀ ਪਰ ਫੇਰ ਵੀ, ਦੇਸ ਮੁੜ ਆਣ ਦੀ ਮੈਨੂੰ ਭਰਪੂਰ ਖੁਸ਼ੀ ਸੀ। ਮੈਂ ਓਸੇ ਦਿਨ ਬੜੇ ਸ਼ੌਕ ਨਾਲ ਪਤਲੂਨ ਲਾਹ ਕੇ ਧੋਤੀ ਬੰਨ੍ਹ ਲਈ, ਜਿਵੇਂ ਸ਼ਾਂਤੀ ਨਿਕੇਤਨ ਤੇ ਸੇਵਾਗਰਾਮ ਵਿਚ ਬੰਨ੍ਹਦਾ ਸਾਂ। ਪਾਨ ਮੂੰਹ ਵਿਚ ਰੱਖਿਆ, ਤੇ ਜਦ ਬਿਜਲੀ ਦੇ ਖੰਭੇ ਕੋਲ ਥੁੱਕਣ ਲਗਿਆਂ ਕੰਧ ਉਤੇ ਸ਼ਾਂਤਾਰਾਮ ਦੀ ਨਵੀਂ ਫਿਲਮ ‘ਸ਼ਕੁੰਤਲਾ’ ਦਾ ਇਸ਼ਤਿਹਾਰ ਪੜ੍ਹਿਆ ਤਾਂ ਸਰੀਰ ਵਿਚ ਖੁਸ਼ੀ ਦੀਆਂ ਝਰਨਾਟਾਂ ਛਿੜ ਪਈਆਂ।
ਚਾਰ ਸਾਲ ਹੋ ਗਏ ਸਨ ਪ੍ਰਭਾਤ ਫਿਲਮ ਕੰਪਨੀ ਅਤੇ ਸ਼ਾਂਤਾਰਾਮ ਜੀ ਦੀ ਪਿਛਲੀ ਫਿਲਮ ‘ਆਦਮੀ’ ਵੇਖਿਆਂ। ਉਸ ਦਾ ਵੀ ਮੈਂ ਕੇਵਲ ਮਰਾਠੀ ਰੂਪਾਂਤਰ ਵੇਖਿਆ ਸੀ ‘ਮਾਣਸ’। ਠੇਠ ਮਰਾਠੀ ਸ਼ਹਿਰ, ਪੂਨੇ ਵਿਚ। ਓਥੇ ਮੈਂ ‘ਹਿੰਦੁਸਤਾਨੀ ਤਾਲੀਮੀ ਸੰਘ’ ਦੀ ਪਹਿਲੀ ਕਾਨਫਰੰਸ ਦੇ ਮੌਕੇ ਉਤੇ ਸੇਵਾਗਰਾਮ ਤੋਂ ਗਿਆ ਹੋਇਆ ਸਾਂ। ਏਸੇ ਕਾਨਫਰੰਸ ਵਿਚ ਅੱਪਾ ਸਾਹਿਬ ਪੰਤ ਨਾਲ ਮੇਰੀ ਦੋਸਤੀ ਹੋ ਗਈ ਸੀ ਜੋ ਅੱਜ ਕੱਲ੍ਹ ਸੰਯੁਕਤ ਅਰਬ ਗਣਰਾਜ ਵਿਚ ਹਿੰਦੁਸਤਾਨ ਦੇ ਰਾਜਦੂਤ ਲੱਗੇ ਹੋਏ ਹਨ। ਉਹ ਆਕਸਫੋਰਡ ਦੀ ਤਾਲੀਮ ਖਤਮ ਕਰ ਕੇ ਨਵੇਂ-ਨਵੇਂ ਆਏ ਸਨ ਓਦੋਂ, ਤੇ ਝੱਟ ਆਪਣਾ ਆਪ ਆਜ਼ਾਦੀ ਦੀ ਤਹਿਰੀਕ ਨੂੰ ਅਰਪਣ ਕਰ ਦਿੱਤਾ ਸੀ। ਇਕ ਰਿਆਸਤ ਦਾ ਰਾਜਕੁਮਾਰ ਇਤਨੀ ਵੱਡੀ ਕੁਰਬਾਨੀ ਕਰੇ, ਬੜੀ ਅਚੰਭੇ ਵਾਲੀ ਗੱਲ ਸੀ। ਮੈਂ ਉਹਨਾਂ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਪੂਨੇ ਵਿਚ ਉਹਨਾਂ ਦਾ ਆਪਣਾ ਪੁਰਾਣਾ ਘਰ ਸੀ – ਪੇਸ਼ਵਾਈ ਠਾਠ ਦਾ। ਓਥੇ ਇਕ ਸ਼ਾਮ ਭੋਜਨ ਕਰ ਕੇ ਭਾਰਤੀ ਸਾਰਾਭਾਈ, ਅੱਪਾ ਪੰਤ ਅਤੇ ਮੈਂ ਇਹ ਪਿਕਚਰ ਵੇਖਣ ਗਏ ਸਾਂ ਜੋ ਉਹਨਾਂ ਦੇ ਘਰ ਦੇ ਨੇੜੇ ਹੀ ਚਲ ਰਹੀ ਸੀ। ਕਿਤਨਾ ਡੂੰਘਾ ਅਸਰ ਪਿਆ ਸੀ ਮੇਰੇ ਉੱਪਰ ਉਸ ਪਿਕਚਰ ਦਾ ਕਿ ਕੀ ਦੱਸਾਂ! ਇਤਨਾ ਯਥਾਰਥ ਵਾਤਾਵਰਨ ਬੱਝਦਾ ਮੈਂ ਅੱਜ ਤਕ ਨਿਊ-ਥੀਏਟਰਜ਼ ਦੀ ਕਿਸੇ ਪਿਕਚਰ ਵਿਚ ਵੀ ਨਹੀਂ ਸੀ ਵੇਖਿਆ। ਜਿਵੇਂ ਸਿਨੇਮੇ ਵਿਚ ਬਹਿ ਕੇ ਫੇਰ ਉਸੇ ਪੂਨਾ ਸ਼ਹਿਰ ਵਿਚ ਟੁਰ ਫਿਰ ਰਿਹਾ ਹੋਵਾਂ। ਰਸੋਈ ਅਤੇ ਗੁਸਲਖਾਨੇ ਤੱਕ ਉਹੀ ਸਨ ਜੋ ਮੈਂ ਆਪਣੀ ਠਹਿਰਨ ਵਾਲੀ ਥਾਂ ਉਤੇ ਰੋਜ਼ ਵੇਖਦਾ ਤੇ ਤਰਸਦਾ ਸਾਂ।
ਮੈਥੋਂ ਰਿਹਾ ਨਾ ਗਿਆ। ਉਸੇ ਰਾਤ ਸ੍ਰੀ ਵੀ. ਸ਼ਾਂਤਾਰਾਮ ਨੂੰ ਲੰਮਾ ਸਾਰਾ ਪ੍ਰਸੰਸਾ ਪੱਤਰ ਮੈਂ ਲਿਖ ਭੇਜਿਆ। ਜਵਾਬ ਆਉਣ ਦੀ ਭਲਾ ਮੈਨੂੰ ਕੀ ਆਸ ਉਮੈਦ ਹੋਣੀ ਸੀ? ਪਰ ਮੈਂ ਹੈਰਾਨ ਰਹਿ ਗਿਆ, ਜਦੋਂ ਕੇਵਲ ਜਵਾਬ ਹੀ ਨਹੀਂ ਆਇਆ ਸਗੋਂ ਉਨ੍ਹਾਂ ਮੈਨੂੰ ਸਟੂਡੀਓ ਮਿਲਣ ਆਣ ਦੀ ਦਾਅਵਤ ਵੀ ਦਿੱਤੀ।
ਮੈਂ ਨਿਸਚਿਤ ਸਮੇਂ ‘ਤੇ ਪ੍ਰਭਾਤ ਸਟੂਡੀਓ ਪਹੁੰਚ ਗਿਆ। ਫਾਟਕ ਉਤੇ ਇਕ ਸੱਜਣ ਨੇ ਮੇਰਾ ਸੁਆਗਤ ਕੀਤਾ ਅਤੇ ਬੜੀ ਨਿਮਰਤਾ ਨਾਲ ਮੈਨੂੰ ਉਪਰ ਵਾਲੀ ਮੰਜ਼ਲ ਦੇ ਇਕ ਕਮਰੇ ਵਿਚ ਬਿਠਾ ਕੇ ਚਲਾ ਗਿਆ। ਉਸੇ ਕਮਰੇ ਵਿਚ ਸਾਦੀ ਜਿਹੀ, ਕਾਲੇ ਰੰਗ ਦੀ, ਬਾਬੂਆਂ ਵਾਲੀ ਟੋਪੀ ਪਾਈ ਜਿਸ ਦਾ ਉਸ ਜ਼ਮਾਨੇ ਵਿਚ ਮਹਾਰਾਸ਼ਟਰੀਆਂ ਵਿਚ ਬੜਾ ਰਿਵਾਜ ਸੀ, ਇਕ ਆਦਮੀ ਪਹਿਲਾਂ ਤੋਂ ਚੁੱਪ-ਚਾਪ ਬੈਠਾ ਹੋਇਆ ਸੀ, ਜਿਵੇਂ ਉਹ ਵੀ ਕਿਸੇ ਨੂੰ ਉਡੀਕ ਰਿਹਾ ਹੋਵੇ। ਝਟ ਕੁ ਪਿਛੋਂ ਉਸ ਆਦਮੀ ਨੇ ਮੈਥੋਂ ਅੰਗਰੇਜ਼ੀ ਵਿਚ ਪੁੱਛਿਆ, “ਕੀ ਮਿਸਟਰ ਸਾਹਨੀ ਤੁਸੀਂ ਹੋ?”
“ਜੀ।”
“ਮੇਰਾ ਨਾਂ ਸ਼ਾਂਤਾਰਾਮ ਹੈ।” ਉਹਨੇ ਧੀਮੇ ਜਿਹੇ ਅੰਦਾਜ਼ ਵਿਚ ਕਿਹਾ ਅਤੇ ਹੱਥ ਜੋੜ ਕੇ ਮੈਨੂੰ ਨਮਸਤੇ ਕੀਤੀ।
ਮੈਂ ਅਵਾਕ ਜਿਹਾ ਹੋ ਕੇ ਉਸ ਵਲ ਵੇਖ ਰਿਹਾ ਸਾਂ। ਕੀ ਕੋਈ ਏਸ ਹਦ ਤਕ ਸਾਧਾਰਨ ਆਦਮੀ ਫਿਲਮ ਡਾਇਰੈਕਟਰ ਹੋ ਸਕਦਾ ਹੈ? ਬਰੂਆ (ਅਦਾਕਾਰ-ਫਿਲਮਸਾਜ਼ ਪੀ.ਸੀ. ਬਰੂਆ) ਦੇ ਘਰ ਵੀ ਸਾਦਗੀ ਵੇਖੀ ਸੀ ਪਰ ਆਪਣੇ ਵਰਗਾ ਸੁਸਿਖਸ਼ਤ ਅਤੇ ਨਵੀਂ ਰੌਸ਼ਨੀ ਦਾ ਆਦਮੀ ਦਿਸਿਆ ਸੀ ਉਹ। ਏਸ ਆਦਮੀ ਦਾ ਤਾਂ ਕਿਸੇ ਪ੍ਰਾਇਮਰੀ ਸਕੂਲ ਦਾ ਅਧਿਆਪਕ ਹੋਣਾ ਜ਼ਿਆਦਾ ਸੁਭਾਵਕ ਸੀ।
ਮੈਂ ਆਪਣੀ ਕੁਰਸੀ ਚੁੱਕ ਕੇ ਉਹਨਾਂ ਦੇ ਨੇੜੇ ਲੈ ਗਿਆ, ਤੇ ਦੁਬਾਰਾ ਦੱਸਿਆ ਕਿ ਮੈਂ ਉਹਨਾਂ ਦੀ ਫਿਲਮ ਤੋਂ ਕਿਤਨਾ ਪ੍ਰਭਾਵਿਤ ਹੋਇਆ ਸਾਂ। ਉਹਨਾਂ ਜੁਆਬ ਦਿੱਤਾ ਕਿ ਉਹ ਵੀ ਮੇਰੇ ਨਾਂ ਤੋਂ ਨਾਵਾਕਫ ਨਹੀਂ, ਹਿੰਦੀ ਪਤ੍ਰਿਕਾਵਾਂ ਵਿਚ ਮੇਰੀਆਂ ਕਹਾਣੀਆਂ ਨਜ਼ਰਾਂ ਵਿਚੋਂ ਗੁਜ਼ਰੀਆਂ ਹਨ।
ਮੈਂ ਫੇਰ ਹੱਕਾ-ਬੱਕਾ ਹੋ ਕੇ ਉਹਨਾਂ ਵਲ ਵੇਖਦਾ ਰਹਿ ਗਿਆ। “ਤੁਸੀਂ… ਮੇਰੀਆਂ… ਕਹਾਣੀਆਂ…।” ਮੈਂ ਰੁਕ-ਰੁਕ ਕੇ ਕਿਹਾ।
“ਜੀ ਹਾਂ। ‘ਹੰਸ’, ‘ਵਿਸ਼ਾਲ ਭਾਰਤ’ ਅਤੇ ਹੋਰ ਵੀ ਕਈ ਹਿੰਦੀ ਮਾਸਿਕ ਪਤ੍ਰਿਕਾਵਾਂ ਸਾਡੇ ਕੋਲ ਆਉਂਦੀਆਂ ਨੇ। ਜੇ ਤੁਹਾਨੂੰ ਆਪਣੀ ਕਿਸੇ ਕਹਾਣੀ ਬਾਰੇ ਵਿਸ਼ਵਾਸ ਹੋਵੇ ਕਿ ਉਸ ਦੇ ਆਧਾਰ ਉਤੇ ਚੰਗੀ ਫਿਲਮ ਬਣ ਸਕਦੀ ਹੈ, ਤਾਂ ਸਾਡੇ ਕੋਲ ਅਵੱਸ਼ ਭੇਜਣਾ, ਬਸ਼ਰਤੇ ਉਹ ਛਪ ਚੁੱਕੀ ਹੋਵੇ। ਜੇ ਹੋਰ ਕਿਸੇ ਲੇਖਕ ਦੀ ਰਚਨਾ ਤੁਹਾਨੂੰ ਖਾਸ ਪਸੰਦ ਆਵੇ, ਤਾਂ ਉਹ ਵੀ ਭੇਜਣਾ। ਅਸੀਂ ਉੱਤਮ ਤੋਂ ਉੱਤਮ ਸਾਹਿਤ ਨੂੰ ਫਿਲਮਾਉਣਾ ਚਾਹੁੰਦੇ ਹਾਂ।”
ਬਾਰੀ ਵਿਚੋਂ ਬਾਹਰ, ਸਟੂਡੀਓ ਦੇ ਵਿਸ਼ਾਲ ਹਾਤੇ ਵਿਚ, ਸ਼ੂਟਿੰਗ ਲਈ ਖੜ੍ਹਾ ਕੀਤਾ, ਦੋ-ਦੋ, ਤਿੰਨ-ਤਿੰਨ ਮੰਜ਼ਲੇ ਮਕਾਨਾਂ ਦਾ ਮਹੱਲਾ ਦਿਸ ਰਿਹਾ ਸੀ। ਇਹ ਕੱਪੜੇ ਨਾਲ ਜੜੀਆਂ ਲੱਕੜੀ ਦੀਆਂ ਚੁਖਾਟਾਂ ਨਹੀਂ ਸਨ ਜਿਨ੍ਹਾਂ ਨੂੰ ਫਿਲਮਾਂ ਵਿਚ ਦਾਖਲ ਹੋਣ ਪਿਛੋਂ ਵੇਖ-ਵੇਖ ਕੇ ਮੈਂ ਅੱਕ ਗਿਆ ਹਾਂ। ਇਹ ਇੱਟ-ਗਾਰੇ ਦੇ ਪੱਕੇ ਮਕਾਨ ਸਨ, ਸਿਰਫ ਛੱਤਾਂ ਨਹੀਂ ਸਨ ਪਈਆਂ। ਦੂਰੋਂ ਵੇਖਿਆਂ, ਉਹਨਾਂ ਦੀ ਅਧੂਰੀ ਜਹੀ ਸੰਪੂਰਨਤਾ ਮਨ ਵਿਚ ਅਜੀਬ ਜਿਹੀ ਬੇਚੈਨੀ ਪੈਦਾ ਕਰਦੀ ਸੀ। ਪ੍ਰਭਾਤ ਫਿਲਮ ਕੰਪਨੀ ਦੇ ਨਿਰਮਾਤਾਵਾਂ ਦੇ ਯਥਾਰਥਵਾਦੀ ਦ੍ਰਿਸ਼ਟੀਕੋਣਾਂ ਦਾ ਉਹ ਸ਼ਾਨਦਾਰ ਸਬੂਤ ਪੇਸ਼ ਕਰ ਰਹੀਆਂ ਸਨ।
“ਤੁਸੀਂ ਸਟੂਡੀਓ ਵੇਖਣਾ ਚਾਹੋਗੇ?” ਸ਼ਾਂਤਾਰਾਮ ਨੇ ਪੁੱਛਿਆ।
“ਜੀ ਕਲਕੱਤਾ ਵਿਚ ਨਿਊ-ਥੀਏਟਰਜ਼ ਦਾ ਸਟੂਡੀਓ ਮੈਂ ਵੇਖ ਚੁੱਕਿਆ ਹਾਂ, ਏਸ ਲਈ ਸਟੂਡੀਓ ਵੇਖਣ ਦੀ ਮੈਨੂੰ ਖਾਸ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਤੁਹਾਡੇ ਦਰਸ਼ਨ ਕਰਕੇ ਮੈਨੂੰ ਆਸ ਤੋਂ ਵੱਧ ਮੁਰਾਦ ਮਿਲ ਗਈ ਏ।”
ਮੈਨੂੰ ਇੰਜ ਲਗਾ, ਜਿਵੇਂ ਮੈਂ ਇਕ ਪਵਿੱਤਰ ਤੇ ਸੁੱਚੀ ਥਾਂ ਉਤੇ ਬੈਠਾ ਹੋਇਆ ਸਾਂ। ਜਿਵੇਂ ਉਹ ਵੀ ਸ਼ਾਂਤੀ ਨਿਕੇਤਨ ਜਾਂ ਸੇਵਾਗਰਾਮ ਦਾ ਹੀ ਇਕ ਭਾਗ ਸੀ। ਮੈਨੂੰ ਮਾਣ ਜਿਹਾ ਮਹਿਸੂਸ ਹੋ ਰਿਹਾ ਸੀ। ਇਹੋ ਜਿਹੇ ਮਹਾਨ ਵਿਅਕਤੀ ਦਾ ਵਿਅਰਥ ਗੱਲਾਂ ਵਿਚ ਵਕਤ ਜ਼ਾਇਆ ਕਰਨਾ ਮੈਨੂੰ ਕਸੂਰ ਜਾਪਣ ਲਗ ਪਿਆ ਸੀ।…
ਇਹ ਸੀ ਪ੍ਰਭਾਤ ਸਟੂਡੀਓ ਅਤੇ ਉਸ ਦੇ ਰੂਹੇ-ਰਵਾਂ ਵੀ. ਸ਼ਾਂਤਾਰਾਮ ਨਾਲ ਮੇਰੀ ਪਹਿਲੀ ਪਛਾਣ। ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਚਾਰ ਵਰ੍ਹਿਆਂ ਬਾਅਦ ਮੈਂ ਉਹਨਾਂ ਦੀ ਨਵੀਂ ਫਿਲਮ ਨੂੰ ਕਿਤਨੇ ਚਾਅ ਨਾਲ, ਤੇ ਕਿਤਨੀਆਂ ਉੱਚੀਆਂ ਉਮੀਦਾਂ ਲੈ ਕੇ ਵੇਖਣ ਗਿਆ ਹੋਵਾਂਗਾ। ਕਾਲੀਦਾਸ ਦੀ ਸਰਬ-ਉਤਕ੍ਰਿਸ਼ਟ ਰਚਨਾ, ਤੇ ਸ਼ਾਂਤਾਰਾਮ ਜਿਹੇ ਡਾਇਰੈਕਟਰ ਦਾ ਦਿਗਦਰਸ਼ਨ! ਹੋਰ ਕੀ ਚਾਹੀਦਾ ਸੀ?
ਪਰ ਮੇਰੀਆਂ ਸਾਰੀਆਂ ਉਮੀਦਾਂ ਖਾਕ ਵਿਚ ਮਿਲ ਗਈਆਂ। ਇੰਜ ਜਾਪਿਆ, ਜਿਵੇਂ ਮੈਨੂੰ ਕਿਸੇ ਪਹਾੜ ਦੀ ਚੋਟੀ ਤੋਂ ਹੇਠਾਂ ਪਟਕ ਦਿੱਤਾ ਗਿਆ ਹੋਵੇ, ਕਲਾ ਦੀਆਂ ਸਾਰੀਆਂ ਕਦਰਾਂ-ਕੀਮਤਾਂ ਉਪਰ ਜਿਵੇਂ ਛੁਰੀ ਫੇਰ ਦਿੱਤੀ ਗਈ ਹੋਵੇ। ਸੰਸਕ੍ਰਿਤ ਦਾ ਮੈਨੂੰ ਬਚਪਨ ਤੋਂ ਸ਼ੌਕ ਰਿਹਾ ਹੈ, ਤੇ ‘ਅਭਿਗਿਆਨ ਸ਼ਕੁੰਤਲਮ’ ਨੂੰ ਮੈਂ ਕੋਮਲ ਅਨੁਭੂਤੀਆਂ ਦਾ ਪੁਸ਼ਪ-ਹਾਰ ਮੰਨਦਾ ਹਾਂ। ਸ਼ਾਂਤਾਰਾਮ ਜਿਹਾ ਡਾਇਰੈਕਟਰ ਉਹਨੂੰ ਇਤਨਾ ਕੁਰੱਖਤ ਤੇ ਭੱਦਾ ਬਣਾ ਕੇ ਪੇਸ਼ ਕਰੇਗਾ, ਦਿਲ ਮੰਨਣ ਨੂੰ ਤਿਆਰ ਨਹੀਂ ਸੀ ਹੁੰਦਾ। ਕਿਤੇ ਕੋਈ ਹੋਰ ਸ਼ਾਂਤਾਰਾਮ ਤਾਂ ਨਹੀਂ ਸੀ ਨਿਕਲ ਆਇਆ? ਮੇਰੀ ਆਤਮਾ ਬੜੀ ਵਿਆਕੁਲ ਹੋ ਗਈ। ਗਰਮੀ ਅਤੇ ਗੰਦਗੀ ਨੇ ਪਹਿਲਾਂ ਹੀ ਪਰੇਸ਼ਾਨ ਕੀਤਾ ਹੋਇਆ ਸੀ। ਹੁਣ ਤਾਂ ਸਾਰੀ ਭੁੱਖ-ਤਰੇਹ ਹੀ ਮਰ ਗਈ। ਅਗਲੇ ਦਿਨ ਜਦੋਂ ਮੈਂ ਬੈਂਕ ਵਿਚੋਂ ਪੈਸੇ ਕਢਾ ਰਿਹਾ ਸਾਂ ਤਾਂ ਵੇਖਿਆ ਕਿ ਨਾਲ ਦੀ ਖਿੜਕੀ ਉਤੇ ਖੱਦਰ ਦਾ ਕੁੜਤਾ ਪਾਜਾਮਾ ਪਾਈ ਚੇਤਨ ਆਨੰਦ ਖੜ੍ਹਾ ਹੈ। (ਚੱਲਦਾ)