ਕਿੱਸਾ ਲਤਾ ਮੰਗੇਸ਼ਕਰ: ‘ਸਾਜ਼’ ਦੀ ਆਵਾਜ਼

ਉੱਘੀ ਗਾਇਕਾ ਆਸ਼ਾ ਭੌਸਲੇ (88) ਨੇ ਆਪਣੀ ਵੱਡੀ ਭੈਣ ਅਤੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਯਾਦ ਕਰਦਿਆਂ ਆਪਣੇ ਦੋਵਾਂ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਆਸ਼ਾ ਨੇ ਤਸਵੀਰ ਜ਼ਰੀਏ ਇਕੱਠਿਆਂ ਬਿਤਾਏ ਸਾਲਾਂ ਨੂੰ ਯਾਦ ਕੀਤਾ। ਸੁਰਾਂ ਦੀ ਮਲਿਕਾ ਵਜੋਂ ਜਾਣੀ ਜਾਂਦੀ ਲਤਾ ਮੰਗੇਸ਼ਕਰ ਦਾ ਮੁੰਬਈ ਦੇ ਇਕ ਹਸਪਤਾਲ ਵਿਚ 92 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। ਪੰਜ ਭੈਣ-ਭਰਾਵਾਂ (ਮੀਨਾ, ਆਸ਼ਾ, ਊਸ਼ਾ ਤੇ ਹਰਿਦੈਨਾਥ) ਵਿਚੋਂ ਲਤਾ ਸਭ ਤੋਂ ਵੱਡੀ ਸੀ।

ਯਾਦ ਰਹੇ ਕਿ ਦੋਹਾਂ ਭੈਣਾਂ ਦੌਰਾਨ ਆਪਸੀ ਰਿਸ਼ਤਾ ਬੜਾ ਖੱਟਾ-ਮਿਠਾ ਰਿਹਾ। ਦੋਹਾਂ ਦੇ ਜੀਵਨ ਦੇ ਕੁਝ ਪੱਖਾਂ ਨੂੰ ਆਧਾਰ ਬਣਾ ਕੇ ਸਾਈ ਪਰਾਂਜਪੇ ਨੇ ਫਿਲਮ ‘ਸਾਜ਼’ ਵੀ ਬਣਾਈ ਸੀ। ਇਸ ਫਿਲਮ ਵਿਚ ਉਘੀ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਅਰੁਣਾ ਇਰਾਨੀ ਨੇ ਮੁੱਖ ਕਿਰਦਾਰ ਨਿਭਾਏ ਸਨ। 1998 ਵਿਚ ਬਣੀ ਇਸ ਫਿਲਮ ਦੀ ਉਸ ਵਕਤ ਬਹੁਤ ਚਰਚਾ ਹੋਈ ਸੀ। ਇਸ ਬਾਰੇ ਲਤਾ ਮੰਗੇਸ਼ਕਰ ਨੇ ਤਾਂ ਕੋਈ ਟਿੱਪਣੀ ਨਹੀਂ ਸੀ ਕੀਤੀ ਪਰ ਆਸ਼ਾ ਭੌਸਲੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਜੀਵਨ ਦੀਆਂ ਕੁਝ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਫਿਲਮਸਾਜ਼ ਸਾਈ ਪਰਾਂਜਪੇ ਦਾ ਕਹਿਣਾ ਸੀ ਕਿ ਇਹ ਫਿਲਮ ਅਸਲ ਵਿਚ ਦੋ ਕਲਾਕਾਰ ਭੈਣਾਂ ਵਿਚਕਾਰ ਆਪਸੀ ਰਿਸ਼ਤੇ ਵਿਚ ਆਉਂਦੇ ਉਤਰਾਅ-ਚੜ੍ਹਾਅ ਦੀ ਕਹਾਣੀ ਹੈ।
ਅੱਠ ਦਹਾਕਿਆਂ ਦੇ ਆਪਣੇ ਗਾਇਕੀ ਕਰੀਅਰ ਦੌਰਾਨ ਲਤਾ ਮੰਗੇਸ਼ਕਰ ਨੇ ਆਪਣੀ ਭੈਣ ਆਸ਼ਾ ਭੌਸਲੇ ਨਾਲ 50 ਤੋਂ ਵੱਧ ਦੋਗਾਣੇ ਗਾਏ ਜਿਨ੍ਹਾਂ ਵਿਚ ਫਿਲਮ ‘ਪੜੋਸਨ’ ਦਾ ਗੀਤ ‘ਮੈਂ ਚਲੀ ਮੈਂ ਚਲੀ’, ‘ਉਤਸਵ’ ਦਾ ਗੀਤ ‘ਮਨ ਕਿਉਂ ਬਹਿਕਾ ਰੇ’, ਫਿਲਮ ‘ਧਰਮਵੀਰ’ ਦਾ ਗੀਤ ‘ਬੰਦ ਹੋ ਮੁੱਠੀ ਤੋਂ ਲਾਖ ਕੀ’ ਆਦਿ ਗੀਤ ਸ਼ਾਮਲ ਹਨ।
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲਤਾ ਮੰਗੇਸ਼ਕਰ ਦੀ ਯਾਦ ਵਿਚ ਭੋਪਾਲ ਵਿਚ ਇਕ ਬੂਟਾ ਲਾਇਆ ਅਤੇ ਉਨ੍ਹਾਂ ਦੇ ਜਨਮ ਸਥਾਨ ਇੰਦੌਰ ਵਿਚ ਸੰਗੀਤ ਅਕੈਡਮੀ ਤੇ ਮਿਊਜ਼ੀਅਮ ਖੋਲ੍ਹਣ ਦਾ ਐਲਾਨ ਕੀਤਾ ਹੈ। ਮਿਊਜ਼ੀਅਮ ਵਿਚ ਲਤਾ ਦੇ ਗਾਏ ਸਾਰੇ ਗੀਤ ਦਰਸਾਏ ਜਾਣਗੇ। ਇੰਦੌਰ ਵਿਚ ਹੀ ਸੁਰਾਂ ਦੀ ਮਲਿਕਾ ਦਾ ਬੁੱਤ ਵੀ ਲਾਇਆ ਜਾਵੇਗਾ ਅਤੇ ਹਰ ਸਾਲ ਜਨਮ ਦਿਨ ਮੌਕੇ ਉਨ੍ਹਾਂ ਦੇ ਨਾਂ ‘ਤੇ ਪੁਰਸਕਾਰ ਵੀ ਦਿੱਤਾ ਜਾਵੇਗਾ।