ਸ਼ੀਲਾ ਭਾਟੀਆ ਅਤੇ ਪੰਜਾਬੀ ਓਪੇਰਾ

ਰਵੀ ਤਨੇਜਾ
ਫੋਨ: +91-97112-11096
ਪੰਜਾਬੀ ਓਪੇਰਾ ਵਿਚ ਸ਼ੀਲਾ ਭਾਟੀਆ ਦਾ ਯੋਗਦਾਨ ਅਹਿਮ ਹੈ। ਸ਼ੀਲਾ ਭਾਟੀਆ ਨੇ ਆਪਣੀ ਸਕੂਲੀ ਸਿੱਖਿਆ ਸਿਆਲਕੋਟ (ਹੁਣ ਪਾਕਿਸਤਾਨ) ਤੋਂ ਪੂਰੀ ਕੀਤੀ ਅਤੇ ਮਗਰੋਂ ਕਾਲਜ ਦੀ ਪੜ੍ਹਾਈ ਲਈ ਲਾਹੌਰ ਆ ਗਈ। ਇੱਥੇ ਹੀ ਨਾਟਕਾਂ ਵੱਲ ਰੁਝਾਨ ਹੋਇਆ। ਉਸ ਸਮੇਂ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਜ਼ੋਰਾਂ ‘ਤੇ ਸੀ। ਪੰਜਾਬ ਵਿਚ ਇਸ ਦਾ ਕੇਂਦਰ ਲਾਹੌਰ ਸੀ। ਕਾਲਜ ਦੇ ਵਿਦਿਆਰਥੀ ਇਸ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਸਨ ਜਿਨ੍ਹਾਂ ਵਿਚੋਂ ਸ਼ੀਲਾ ਭਾਟੀਆ ਵੀ ਇਕ ਸੀ। ਇਪਟਾ ਨਾਲ ਮਿਲ ਕੇ ਸ਼ੀਲਾ ਭਾਟੀਆ ਰਾਸ਼ਨ ਦੀਆਂ ਦੁਕਾਨਾਂ ਸਾਹਮਣੇ, ਜਲਸਿਆਂ, ਬਾਜ਼ਾਰਾਂ, ਗਲੀ-ਕੂਚਿਆਂ ਵਿਚ ਨੁੱਕੜ ਨਾਟਕ ਕਰਨ ਲੱਗੀ।

ਕਿਹਾ ਜਾਂਦਾ ਹੈ ਕਿ ਨਾਟਕਾਂ ਦਾ ਜਨਮ ਨ੍ਰਿਤ ਤੋਂ ਹੋਇਆ, ਨ੍ਰਿਤ ਨੇ ਫਿਰ ਨ੍ਰਿਤ-ਨਾਟਿਕਾ ਦਾ ਰੂਪ ਅਖਤਿਆਰ ਕਰ ਲਿਆ। ਜੇਕਰ ਇਹ ਸਹੀ ਹੈ ਤਾਂ ਰੰਗਮੰਚ ਦੀ ਵਿਕਾਸ ਯਾਤਰਾ ਵਿਚ ਓਪੇਰਾ ਸ਼ੈਲੀ ਦਾ ਸਥਾਨ ਨਾਟਕਾਂ ਤੋਂ ਉਤੇ ਹੋਣਾ ਚਾਹੀਦਾ ਹੈ। ਨ੍ਰਿਤ, ਸੰਗੀਤ, ਕਵਿਤਾ, ਗਾਣੇ ਅਦਿ ਦੇ ਮਿਸ਼ਰਨ ਕਾਰਨ ਹੀ ਅਸੀਂ ਓਪੇਰਾ ਨੂੰ ਸਭ ਤੋਂ ਮੁਸ਼ਕਿਲ ਵਿਧਾ ਮੰਨਦੇ ਹਾਂ।
ਹਿੰਦੋਸਤਾਨ ਦਾ ਪਹਿਲਾ ਓਪੇਰਾ ਜੋ ਹਿੰਦੋਸਤਾਨੀ ਭਾਸ਼ਾ ਵਿਚ ਲਿਖਿਆ ਗਿਆ, ਸੀ ਇੰਦਰਸਭਾ। ਓਪੇਰਾ ਸ਼ੈਲੀ ਵਿਚ ਸੰਗੀਤ, ਕਹਾਣੀ ਨੂੰ ਅੱਗੇ ਵਧਾਉਂਦਾ ਹੈ। ਇੰਦਰਸਭਾ ਸੰਗੀਤ ਨਾਟਕ ਦਾ ਅਜਿਹਾ ਕਲਾਤਮਕ ਰੂਪ ਹੈ ਜਿਸ ਵਿਚ ਸੱਯਦ ਆਗਾ ਹਸਨ ਅਮਾਨਤ ਨੇ ਹਿੰਦੋਸਤਾਨ ਵਿਚ ਪ੍ਰਚਲਿਤ ਨਾਟ ਰੂਪਾਂ ਜਿਵੇਂ: ਰਾਮਲੀਲਾ, ਰਾਸਲੀਲਾ, ਭਗਤਬਾਜ਼ੀ, ਦਾਸਤਾਨਗੋਈ ਦੀ ਬੈਠਕ ਤੇ ਮੁਜਰਿਆਂ ਦੇ ਤੱਤ ਵੀ ਸ਼ਾਮਿਲ ਕੀਤੇ। ਰੰਗ-ਮੰਚ ਨਾਲ ਸਬੰਧਿਤ ਵਿਦਵਾਨ ਮਹੇਸ਼ ਆਨੰਦ ਅਨੁਸਾਰ ‘ਮਸਨਵੀ ਸ਼ੈਲੀ ਦੇ ਇਸ ਗੀਤੀ-ਕਾਵਿ ਵਿਚ ਰਾਸਲੀਲਾ ਦੇ ਅਨੇਕ ਰਚਨਾਤਮਕ ਪਹਿਲੂ ਇੰਝ ਰਲ-ਮਿਲ ਗਏ ਕਿ ਇੰਦਰਸਭਾ ਇਕ ਵਿਸ਼ਿਸ਼ਟ ਨਾਟ-ਰੂਪ ਦੇ ਅਰਥਾਂ ਵਿਚ ਸਵੀਕਾਰਿਆ ਗਿਆ ਤੇ ਇਸ ਦਾ ਇਹ ਰੂਪ ਓਪੇਰਾ ਸ਼ੈਲੀ ਨਾਲ ਰਲ-ਮਿਲ ਜਾਂਦਾ ਹੈ।`
ਪੰਜਾਬੀ ਓਪੇਰਾ ਦੀ ਗੱਲ ਕਰਦਿਆਂ ਪ੍ਰਸ਼ਨ ਇਹ ਉਠਦੇ ਹਨ ਕਿ ਪੰਜਾਬੀ ਸਾਹਿਤ ਅਤੇ ਕਲਾ ਵਿਚ ਕੋਈ ਅਜਿਹੀ ਵਿਲੱਖਣ ਵਿਸ਼ੇਸ਼ਤਾ ਹੈ ਜਿਸ ਕਾਰਨ ਇਹ ਸੰਭਵ ਹੋਇਆ? ਕੀ ਪੰਜਾਬੀ ਵਿਚ ਓਪੇਰਾ ਨਾਲ ਸਬੰਧਿਤ ਅਜਿਹੀ ਹੋਰ ਕੋਈ ਪਰੰਪਰਾਗਤ ਸਾਹਿਤ ਵਿਧਾ ਹੈ? ਕੀ ਇਹ ਵਿਧਾ ਅਚਾਨਕ ਸਾਹਮਣੇ ਆਈ ਹੈ? ਪੰਜਾਬੀ ਰੰਗਮੰਚ ਵਿਚ ਓਪੇਰਾ ਸ਼ੈਲੀ ਦਾ ਸਫਰ ਕਿਵੇਂ ਸ਼ੁਰੂ ਹੋਇਆ?
ਪੰਜਾਬੀ ਓਪੇਰਾ ਵਿਚ ਸ਼ੀਲਾ ਭਾਟੀਆ ਦਾ ਯੋਗਦਾਨ ਕਾਫੀ ਅਹਿਮ ਹੈ। ਸ਼ੀਲਾ ਭਾਟੀਆ ਨੇ ਆਪਣੀ ਸਕੂਲੀ ਸਿੱਖਿਆ ਸਿਆਲਕੋਟ (ਹੁਣ ਪਾਕਿਸਤਾਨ) ਤੋਂ ਪੂਰੀ ਕੀਤੀ ਅਤੇ ਮਗਰੋਂ ਕਾਲਜ ਦੀ ਪੜ੍ਹਾਈ ਲਈ ਲਾਹੌਰ ਆ ਗਈ। ਇੱਥੇ ਹੀ ਨਾਟਕਾਂ ਵੱਲ ਰੁਝਾਨ ਹੋਇਆ। ਉਸ ਸਮੇਂ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਜ਼ੋਰਾਂ `ਤੇ ਸੀ। ਪੰਜਾਬ ਵਿਚ ਇਸ ਦਾ ਕੇਂਦਰ ਲਾਹੌਰ ਸੀ। ਕਾਲਜ ਦੇ ਵਿਦਿਆਰਥੀ ਇਸ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਸਨ ਜਿਨ੍ਹਾਂ ਵਿਚੋਂ ਸ਼ੀਲਾ ਭਾਟੀਆ ਵੀ ਇਕ ਸੀ। ਇਪਟਾ ਨਾਲ ਮਿਲ ਕੇ ਸ਼ੀਲਾ ਭਾਟੀਆ ਰਾਸ਼ਨ ਦੀਆਂ ਦੁਕਾਨਾਂ ਸਾਹਮਣੇ, ਜਲਸਿਆਂ, ਬਾਜ਼ਾਰਾਂ, ਗਲੀ-ਕੂਚਿਆਂ `ਚ ਨੁੱਕੜ ਨਾਟਕ ਕਰਨ ਲੱਗੀ। ਸਰ ਗੰਗਾਰਾਮ ਸਕੂਲ ਲਾਹੌਰ ਦੀ ਪ੍ਰਿੰਸੀਪਲ ਮ੍ਰਿਣਾਲਿਨੀ ਚਟੋਪਾਧਿਆਇ ਨਾਲ ਹੋਈ ਮੁਲਾਕਾਤ ਸ਼ੀਲਾ ਦੀ ਜ਼ਿੰਦਗੀ ਵਿਚ ਅਹਿਮ ਮੋੜ ਸਾਬਿਤ ਹੋਈ। ਪ੍ਰਿੰਸੀਪਲ ਮ੍ਰਿਣਾਲਿਨੀ ਚਟੋਪਾਧਿਆਇ ਰਿਸ਼ਤੇ ਵਿਚ ਸਰੋਜਿਨੀ ਨਾਇਡੂ ਦੀ ਭੈਣ ਸੀ। ਇਸੇ ਦੌਰ ਵਿਚ ਸ਼ੀਲਾ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਇਪਟਾ ਨਾਲ ਜੁੜੀ। ਇਧਰੋਂ ਹੀ ਸ਼ੀਲਾ ਨੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਇਨ੍ਹਾਂ ਨਾਟਕਾਂ ਲਈ ਉਹ ਦੇਸ਼ਭਗਤੀ ਦੀ ਭਾਵਨਾ ਨਾਲ ਭਰੇ ਗੀਤ ਵੀ ਲਿਖਦੀ ਸੀ, ਜਿਵੇਂ:
ਉਠ ਕੁੜੀਏ ਮੁਟਿਆਰੇ ਨੀ,
ਤੇਰਾ ਦੇਸ ਤੈਨੂੰ ਲਲਕਾਰੇ ਨੀ,
ਤੂੰ ਆਪੇ ਭੁੱਖ ਮਿਟਾਣੀ ਏ,
ਤੂੰ ਆਪੇ ਨੰਗ ਮਿਟਾਣੀ ਏ
ਇੱਜ਼ਤ ਤੂੰ ਆਪ ਬਚਾਣੀ ਏ,
ਸਾਡੇ ਲੀਡਰ ਸੁਣਨੋਂ ਹਾਰੇ ਨੀ
ਉਠ ਕੁੜੀਏ ਮੁਟਿਆਰੇ ਨੀ…
ਮੁਲਕ ਦੇ ਬਟਵਾਰੇ ਵੇਲੇ ਸ਼ੀਲਾ ਪੰਜਾਬੀ ਕਿੱਸੇ ਕਹਾਣੀਆਂ ਤੇ ਲੋਕ-ਗੀਤਾਂ ਦੀ ਗਠੜੀ ਬੰਨ੍ਹ ਕੇ ਕਸ਼ਮੀਰ ਦੇ ਰਸਤਿਓਂ ਦਿੱਲੀ ਆ ਗਈ। ਕੁਝ ਚਿਰ ਮਗਰੋਂ ਉਸ ਨੇੇ ਆਪਣਾ ਧਿਆਨ ਮੁੜ ਨਾਟਕਾਂ ਵੱਲ ਲਾਇਆ। ਲਾਹੌਰ ਦੇ ਆਪਣੇ ਪੁਰਾਣੇ ਸਾਥੀ ਇਕੱਠੇ ਕੀਤੇ। ਉਨ੍ਹਾਂ ਨੇ ਹਾਲੀ ਵਤਸ, ਸ਼ੰਨੋ ਖੁਰਾਨਾ, ਊਸ਼ਾ ਭਗਤ, ਸਨੇਹ ਲਤਾ, ਰਮੇਸ਼ ਚੰਦ, ਸੁਤੰਤਰ ਪ੍ਰਕਾਸ਼ ਨਾਲ ਮਿਲ ਕੇ ਨਾਟ-ਟੋਲੀ ਬਣਾਈ ਜਿਸ ਦਾ ਨਾਂ ਰੱਖਿਆ ‘ਦਿੱਲੀ ਆਰਟ ਥੀਏਟਰ`। ਸ਼ੀਲਾ ਨੇ ‘ਵਾਦੀ ਦੀ ਗੂੰਜ` ਨਾਲ ਨਾਟਕ ਵਿਧਾ ਵਿਚ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਇਸ ਨਾਟਕ ਨੂੰ ਪੰਜਾਬੀ ਦਾ ਪਹਿਲਾ ਓਪੇਰਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਬ੍ਰਿਜ ਲਾਲ ਸ਼ਾਸਤਰੀ ਅਤੇ ਪ੍ਰੋ. ਮੋਹਨ ਸਿੰਘ ਨੇ ਕਾਵਿ-ਨਾਟਕ ਜ਼ਰੂਰ ਲਿਖੇ ਪਰ ਓਪੇਰਾ ਵਰਗੀ ਕੋਈ ਰਚਨਾ ਪੰਜਾਬੀ ਸਾਹਿਤ ਜਗਤ ਵਿਚ ਉਦੋਂ ਨਹੀਂ ਮਿਲਦੀ ਸੀ। ‘ਵਾਦੀ ਦੀ ਗੂੰਜ` ਤੋਂ ਸ਼ੀਲਾ ਦਾ ਸਫਰ ਦਿੱਲੀ ਦੇ ਪੰਜਾਬੀ ਰੰਗਮੰਚ ਨਾਲ ਸ਼ੁਰੂ ਹੁੰਦਿਆਂ ਹੀ ਦਿੱਲੀ ਪੰਜਾਬੀ ਰੰਗਮੰਚ ਦਾ ਨਵਾਂ ਇਤਿਹਾਸ ਸਿਰਜਿਆ ਜਾਣ ਲੱਗਿਆ। ਇਹ ਨਾਟਕ ਦਿੱਲੀ ਦੇ ਵਾਈ.ਐਮ.ਸੀ.ਏ. ਦੇ ਹਾਲ ਵਿਚ ਖੇਡਿਆ ਗਿਆ। ਦਰਸ਼ਕਾਂ ਮੁਤਾਬਿਕ, ‘ਇਹ ਇਕ ਸਫਲ ਨਾਟਕ ਸੀ ਤੇ ਹਾਲ ਦਰਸ਼ਕਾਂ ਨਾਲ ਭਰਿਆ ਹੋਇਆ ਸੀ।` ਰੰਗ-ਮੰਚ ਦੇ ਮਾਹਿਰ ਰਮੇਸ਼ ਚੰਦ ਨੇ ਦੂਜੇ ਦਿਨ ਇਸ ਨਾਟਕ ਦੀ ਸਮੀਖਿਆ ਕਰਦਿਆਂ ਇਸ ਨੂੰ ‘ਸ਼ਾਬਾਸ਼ ਸ਼ੀਲਾ` ਸਿਰਲੇਖ ਦਿੱਤਾ। ਧਿਆਨ ਨਾਲ ਵੇਖਿਆ ਜਾਵੇ ਤਾਂ ‘ਵਾਦੀ ਦੀ ਗੂੰਜ` ਵੀ ਓਪੇਰਾ ਨਹੀਂ ਸੀ ਪਰ ਗੀਤਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਓਪੇਰਾ ਦਾ ਨਾਂ ਦਿੱਤਾ ਗਿਆ। ਇਸ ਪੇਸ਼ਕਾਰੀ ਵਿਚ ਸ਼ੀਲਾ ਨੇ ਪੰਜਾਬੀ ਲੋਕ-ਗੀਤਾਂ ਨੂੰ ਕ੍ਰਮਵਾਰ ਤੇ ਕਥਾਬੱਧ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਸ ਰਾਹੀਂ 1947 ਵਿਚ ਕਸ਼ਮੀਰ ਉਤੇ ਪਾਕਿਸਤਾਨ ਦੇ ਹਮਲਿਆਂ ਅਤੇ ਕਸ਼ਮੀਰੀ ਅਵਾਮ ਦੇ ਸਾਹਸੀ ਸੰਘਰਸ਼ ਨੂੰ ਦਿਖਾਇਆ ਗਿਆ। ਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਦੇਸ਼ਭਗਤੀ ਨਾਲ ਭਰਿਆ ਮਾਹੌਲ ਸੀ। ਉਸ ਵੇਲੇ ਦੇ ਮਾਹੌਲ ਮੁਤਾਬਿਕ ਕਥਾਨਕ ਹੋਣ ਕਰਕੇ ਲੋਕਾਂ ਨੇ ਇਸ ਨੂੰ ਨਾ ਸਿਰਫ ਸਮਝਿਆ ਸਗੋਂ ਪਸੰਦ ਵੀ ਕੀਤਾ। ਕਿਹਾ ਜਾਂਦਾ ਹੈ ਕਿ ਇਸ ਦਾ ਇਹ ਗੀਤ ਉਸ ਵੇਲੇ ਲੋਕਾਂ ਨੇ ਬਹੁਤ ਪਸੰਦ ਕੀਤਾ:
ਬਣਜਾਰਾ ਮੈਂ ਪਰਦੇਸੀ,
ਹਾਂ ਆਸ਼ਿਕ ਹਿੰਦੋਸਤਾਨ ਦਾ…
ਜੇਕਰ ਉਸ ਵੇਲੇ ਦੇ ਨਾਟਕ ਜਗਤ ਦੇ ਮਾਹਿਰਾਂ/ਦਿੱਗਜਾਂ ਦੀ ਮੰਨੀਏ ਤਾਂ ‘ਵਾਦੀ ਦੀ ਗੂੰਜ` ਦੀ ਪੇਸ਼ਕਾਰੀ ਕਲਾਤਮਕ ਹੋਣ ਦੀ ਬਜਾਏ ਭਾਵਨਾਤਮਕ ਵਧੇਰੇ ਸੀ ਤੇ ਇਹ ਮੰਚ ਦੀ ਦ੍ਰਿਸ਼ਟੀ ਤੋਂ ਕਮਜ਼ੋਰ ਸੀ। ਅਜਿਹਾ ਪ੍ਰਤੀਤ ਹੁੰਦਾ ਸੀ ਕਿ ਗੀਤਾਂ ਦੇ ਭਾਰੀ-ਭਾਰੀ ਮਣਕਿਆਂ ਲਈ ਕਮਜ਼ੋਰ ਤੇ ਬਰੀਕ ਧਾਗੇ ਦਾ ਸਹਾਰਾ ਲਿਆ ਗਿਆ ਜੋ ਕਈ ਵਾਰੀ ਵਿਚਕਾਰੋਂ ਟੁੱਟਵਾਂ ਜਿਹਾ ਜਾਪਦਾ ਸੀ ਪਰ ਦਰਸ਼ਕਾਂ ਨੇ ਇਸ ਨੂੰ ਹੱਥੋ-ਹੱਥ ਲਿਆ। ਇਸ ਦੀ ਪ੍ਰਸਿੱਧੀ ਕਾਰਨ ਹੀ ਪੰਜਾਬੀ ਰੰਗਮੰਚ ਵਿਚ ਪਹਿਲੀ ਵਾਰ ਓਪੇਰਾ ਸ਼ੈਲੀ ਵਿਚ ਖੇਡੇ ਨਾਟਕ ਦਾ ਸਥਾਨ ਦਿੱਲੀ ਮੰਨਿਆ ਗਿਆ। 1951 ਦੀ ਇਹ ਪੇਸ਼ਕਾਰੀ ਪਾਕਿਸਤਾਨ ਤੋਂ ਉਜੜ ਕੇ ਦਿੱਲੀ ਆ ਵਸੇ ਪੰਜਾਬੀਆਂ ਲਈ ਮੱਲ੍ਹਮ ਵਾਂਗ ਸੀ। ਆਪਣੀਆਂ ਜੜ੍ਹਾਂ ਦੀ ਤਲਾਸ਼ ਕਰਨ ਵਰਗੀ ਸੀ ਜੋ ਸਹੀ ਅਰਥਾਂ ਵਿਚ ਸ਼ੀਲਾ ਅਤੇ ਦਰਸ਼ਕਾਂ ਦੋਵਾਂ ਲਈ ਜਿ਼ਆਦਾ ਭਾਵਨਾਤਮਕ ਸੀ।
ਇਸ ਮਗਰੋਂ ਸ਼ੀਲਾ ਨੇ ‘ਰੁੱਖੇ ਖੇਤ` ਨਾਂ ਹੇਠ ਨਵਾਂ ਓਪੇਰਾ ਲਿਖਿਆ ਜੋ ਦਿੱਲੀ `ਚ 1953 ਵਿਚ ਖੇਡਿਆ ਗਿਆ। ‘ਰੁੱਖੇ ਖੇਤ` ਕਾਲ ਪੈਣ `ਤੇ ਕਿਸਾਨਾਂ ਦੇ ਮਾੜੇ ਹਾਲਾਤ ਦਾ ਮਾਰਮਿਕ ਚਿਤਰਨ ਸੀ। ਮੰਨਿਆ ਜਾਂਦਾ ਹੈ ਕਿ ਇਸ ਓਪੇਰਾ ਵਿਚ ਉਦੇਸ਼ ਤੇ ਪ੍ਰਚਾਰ ਭਾਰੂ ਹੋਣ ਕਾਰਨ ਪੇਸ਼ਕਾਰੀ ਦਰਸ਼ਕਾਂ ਦੇ ਮਨ ਵਿਚ ਥਾਂ ਨਾ ਬਣਾ ਸਕੀ। ‘ਰੁੱਖੇ ਖੇਤ` ਵਿਚਲੀ ਪੇਸ਼ਕਾਰੀ ਕਿਸਾਨਾਂ ਦੇ ਹਾਲਾਤ ਦਾ ਸਹੀ ਚਿਤਰਨ ਕਰਨ ਵਿਚ ਵੀ ਸਫਲ ਨਾ ਹੋ ਸਕੀ। ਇਸ ਨਾਕਾਮੀ ਕਾਰਨ ਸ਼ੀਲਾ ਨੇ ਓਪੇਰਾ ਸ਼ੈਲੀ ਦੇ ਗੁਣ-ਦੋਸ਼ਾਂ ਅਤੇ ਪੇਸ਼ਕਾਰੀ ਬਾਰੇ ਮੁੜ ਵਿਚਾਰ ਕੀਤਾ। ਸ਼ੀਲਾ ਨੇ ਇਕ ਵਾਰ ਇਸ ਬਾਰੇ ਕਿਹਾ, “ਇਸ ਸ਼ੈਲੀ ਨੂੰ ਸਮਝਣ ਲਈ ਸ਼ਾਇਦ ਗਲਤੀਆਂ ਤੋਂ ਸਿੱਖਣ ਦਾ ਇਹ ਮੇਰਾ ਪੜਾਅ ਸੀ।”
ਦੁਨੀਆ ਵਿਚ ਓਪੇਰਾ ਨਾਟ-ਸ਼ੈਲੀ ਦਾ ਜਨਮ ਸਥਾਨ ਇਟਲੀ ਮੰਨਿਆ ਜਾਂਦਾ ਹੈ ਜਿੱਥੇ 16ਵੀਂ ਸਦੀ ਦੇ ਅੰਤਲੇ ਵਰ੍ਹਿਆਂ ਵਿਚ ਪਹਿਲੀ ਵਾਰ ਓਪੇਰਾ ਦਾ ਮੰਚਨ ਹੋਇਆ। ਵਿਦਵਾਨਾਂ ਅਨੁਸਾਰ ਓਪੇਰਾ ਸ਼ਬਦ ਦਾ ਆਪਣਾ ਕੋਈ ਵਿਸ਼ੇਸ਼ ਅਰਥ ਨਹੀਂ। ਇਸ ਦਾ ਅਰਥ ਕੇਵਲ ‘ਕਾਰਜ` ਹੁੰਦਾ ਹੈ ਜਿਸ ਵਿਚ ਸੰਗੀਤ ਦਾ ਮੁੱਖ ਰੂਪ ਵਿਚ ਸ਼ਾਮਿਲ ਹੋਣਾ ਜ਼ਰੂਰੀ ਹੈ। ਸ਼ੀਲਾ ਭਾਟੀਆ ਇਸ ਬਾਰੇ ਕਹਿੰਦੀ ਹੈ ਕਿ ਇਹ ਬੈਲੇ (ਨਾਟ-ਨ੍ਰਿਤ) ਵਰਗੇ ਉਚੇ ਦਰਜੇ ਦਾ ਅਜਿਹਾ ਮਾਧਿਅਮ ਹੈ ਜੋ ਗੀਤ ਅਤੇ ਸ਼ਬਦਾਂ ਦਾ ਕੋਮਲ ਤੇ ਸਿਰਜਣਾਤਮਕ ਸੰਗਠਨ ਹੈ। ਇਸ ਵਿਚ ਹਰ ਚੀਜ਼ ਗਾ ਕੇ ਪੇਸ਼ ਕੀਤੀ ਜਾਂਦੀ ਹੈ। ਅਭਿਨੈ, ਹਾਵ-ਭਾਵ, ਨ੍ਰਿਤ, ਸੰਗੀਤ ਦਾ ਸੰਗਮ ਹੀ ਓਪੇਰਾ ਨਾਟ-ਸ਼ੈਲੀ ਹੈ। 18ਵੀਂ ਸਦੀ ਵਿਚ ਪ੍ਰਸਿੱਧ ਓਪੇਰਾ ਮਾਹਿਰ ਬਿਲੀ ਬਾਲਡਵਨ ਗਲੂਕ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ‘ਓਪੇਰਾ ਦੇ ਨਾਟਕੀ ਤੱਤ ਨੂੰ ਸੰਗੀਤ ਤੱਤ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ`।
ਸ਼ੀਲਾ ਭਾਟੀਆ ਨੇ ਗਲੂਕ ਦੀ ਇਸ ਗੱਲ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਕਮੀਆਂ ਬਾਰੇ ਸੋਚਿਆ, ਸਮਝਿਆ ਤੇ ਆਪਣੀਆਂ ਅਗਲੀਆਂ ਪੇਸ਼ਕਾਰੀਆਂ ਅੰਦਰ ਸਕਾਰਾਤਮਕ ਪਰਿਵਰਤਨ ਕਰਨ ਦਾ ਨਿਰਣਾ ਕੀਤਾ।
‘ਹੀਰ-ਰਾਂਝਾ` ਪੰਜਾਬੀ ਦਾ ਸ਼ਾਹਕਾਰ ਮਹਾਂਕਾਵਿ ਹੈ। ਦੋ ਪ੍ਰੇਮੀਆਂ ਦੀ ਤ੍ਰਾਸਦਿਕ ਗਾਥਾ ਨੂੰ ਲਗਭਗ 250 ਸਾਲ ਪਹਿਲਾਂ ਵਾਰਿਸ ਸ਼ਾਹ ਨੇ ਰਚਿਆ ਸੀ। ਦੁਨੀਆ ਦੀਆਂ ਬਾਕੀ ਪ੍ਰੀਤ ਕਹਾਣੀਆਂ ਦੇ ਮੁਕਾਬਲੇ ਕਿੱਸਾ ‘ਹੀਰ-ਰਾਂਝਾ` ਸਰਲ ਹੋਣ ਦੇ ਨਾਲ-ਨਾਲ ਪਿਆਰ, ਵਿਛੋੜੇ ਤੇ ਸੰਘਰਸ਼ ਨਾਲ ਭਰਿਆ ਹੋਇਆ ਹੈ। ਇਸ ਕਹਾਣੀ ਵਿਚ ਖਲਨਾਇਕ ਵੀ ਹੈ ਤੇ ਫਕੀਰੀ ਵੀ। ਕਹਾਣੀ ਮੁਤਾਬਿਕ ਹੀਰ ਦਾ ਵਿਆਹ ਰਾਂਝੇ ਦੀ ਬਜਾਇ ਕਿਸੇ ਹੋਰ ਨਾਲ ਹੁੰਦਾ ਹੈ। ਹੀਰ ਨੂੰ ਲੱਭਦਾ ਰਾਂਝਾ ਜੋਗੀ ਬਣ, ਉਸ ਦੇ ਸਹੁਰੇ ਘਰ ਵੀ ਪਹੁੰਚ ਜਾਂਦਾ ਹੈ। ਮੌਕਾ ਮਿਲਦਿਆਂ ਹੀ ਦੋਵੇਂ ਘਰੋਂ ਨੱਸ ਜਾਂਦੇ ਹਨ ਤੇ ਫੜੇ ਵੀ ਜਾਂਦੇ ਹਨ। ਰਾਂਝਾ ਮਾਰਿਆ ਜਾਂਦਾ ਹੈ। ਵਾਰਿਸ ਦੀ ਕਹਾਣੀ ਦੇ ਅਖੀਰ ਦੀ ਇਸ ਘਟਨਾ ਨੂੰ ਆਪਣੀ ਪੇਸ਼ਕਾਰੀ ਵਿਚ ਸ਼ੀਲਾ ਨੇ ਬਦਲ ਦਿੱਤਾ। ਚਾਚੇ ਦੀ ਬਜਾਇ ਹੀਰ ਦੀ ਮਾਂ ਆਪਣੀ ਧੀ ਨੂੰ ਹੀ ਚਰਿੱਤਰਹੀਣ ਕਹਿ ਜ਼ਹਿਰ ਦੇ ਦਿੰਦੀ ਹੈ। ਇਸ ਕਿਸਮ ਦੇ ਅੰਤ ਬਾਰੇ ਸ਼ੀਲਾ ਦਾ ਆਖਣਾ ਹੈ, “ਇਹ ਔਰਤ ਦੀ ਤ੍ਰਾਸਦੀ ਹੈ। ਸਹੁਰਾ ਘਰ ਹੋਵੇ ਜਾਂ ਬਾਬਲ ਦਾ ਘਰ, ਔਰਤ ਮਰਦਾਂ ਦੀ ਮਰਜ਼ੀ ਬਗ਼ੈਰ ਕੁਝ ਨਹੀਂ ਕਰ ਸਕਦੀ। ਔਰਤ ਸਮਾਜਿਕ ਦਬਾਅ ਤੋਂ ਡਰਦੀ ਹੈ। ਉਹ ਜਾਣਦੀ ਹੈ ਕਿ ਪਿੱਤਰਸੱਤਾ ਵਾਲਾ ਸਮਾਜ ਹੀਰ ਨੂੰ ਟੋਟੇ-ਟੋਟੇ ਕਰ ਦੇਵੇਗਾ।` ਉਸ ਦਾ ਮੰਨਣਾ ਹੈ ਕਿ ਜਦੋਂ ਮਰਦ ਅਜਿਹੇ ਕਾਰੇ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਪਿਓ, ਭਰਾ, ਤਾਇਆ, ਚਾਚਾ ਨਹੀਂ ਸਗੋਂ ਇਕ ਤਰ੍ਹਾਂ ਜੱਲਾਦ ਹੁੰਦਾ ਹੈ। ਮਾਂ ਆਪਣੀ ਧੀ ਨੂੰ ਇਨ੍ਹਾਂ ਜੱਲਾਦਾਂ ਸਪੁਰਦ ਕਰਨ ਦੀ ਬਜਾਇ ਆਪ ਹੀ ਜ਼ਹਿਰ ਦੇਣਾ ਉਚਿਤ ਸਮਝਦੀ ਹੈ।
ਸੰਗੀਤ, ਅਭਿਨੈ ਤੇ ਮੰਚਨ ਦੇ ਪੱਖ ਤੋਂ ਸ਼ੀਲਾ ਦੀ ਇਹ ਪੇਸ਼ਕਾਰੀ ਪੰਜਾਬੀ ਓਪੇਰਾ ਦੀ ਸਭ ਤੋਂ ਵਧੀਆ ਪੇਸ਼ਕਾਰੀ ਮੰਨੀ ਗਈ। ਇਸ ਤੋਂ ਪਹਿਲਾਂ ਖੇਡੇ ਓਪੇਰਾ ਦੀਆਂ ਤਕਨੀਕੀ ਕਮੀਆਂ ਤੋਂ ਸ਼ੀਲਾ ਨੇ ਬਹੁਤ ਕੁਝ ਸਿੱਖਿਆ। ਗੀਤ ਸੰਗੀਤ ਨੂੰ ਘੱਟ ਕਰ ਕੇ ਸੰਵਾਦਾਂ ਵਾਲੇ ਹਿੱਸੇ ਨਾਲ ਪੂਰਾ ਨਿਆਂ ਕੀਤਾ। ਸ਼ੀਲਾ ਭਾਟੀਆ ਦੀ ਨਾਟਕੀ ਸੂਝ-ਬੂਝ, ਸ਼ੰਨੋ ਖੁਰਾਨਾ ਦਾ ਸੰਗੀਤ, ਸਨੇਹ ਲਤਾ ਸਾਨਿਆਲ ਦਾ ਅਭਿਨੈ, ਇਨ੍ਹਾਂ ਤਿੰਨਾਂ ਦੇ ਯੋਗਦਾਨ ਨਾਲ ਓਪੇਰਾ ਪੇਸ਼ਕਾਰੀ ਦਮਦਾਰ ਰਹੀ। ਹੀਰ-ਰਾਂਝਾ ਦਾ ਕਥਾਨਕ ਕਸਿਆ ਹੋਇਆ ਸੀ, ਹੋਰ ਨਾਟਕੀ ਤੱਤਾਂ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਿਆ। ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’ ਸਤਰਾਂ ਸੁਣਦਿਆਂ ਹੀ ਦਰਸ਼ਕਾਂ ਦੇ ਹੰਝੂ ਆਪ-ਮੁਹਾਰੇ ਹੀ ਵਹਿ ਤੁਰਦੇ।
ਸ਼ੀਲਾ ਨੇ ਹੀਰ-ਰਾਂਝਾ ਤੋਂ ਬਾਅਦ ਹਰ ਸਾਲ ਨਵੀਆਂ ਪੇਸ਼ਕਾਰੀਆਂ ਦਿੱਤੀਆਂ ਜਿਵੇਂ ‘ਪ੍ਰਿਥਵੀਰਾਜ ਚੌਹਾਨ`, ‘ਚੰਨ ਬੱਦਲਾਂ ਦਾ`, ‘ਜੁਗਨੀ`, ‘ਸੁਲਗਦੇ ਦਰਿਆ`, ‘ਤੇਰੇ ਮੇਰੇ ਲੇਖ` ਆਦਿ। ‘ਚੰਨ ਬੱਦਲਾਂ ਦਾ` ਵਿਚ ਸ਼ੀਲਾ ਨੇ ਪੰਜਾਬ ਦੇ ਰੀਤੀ-ਰਿਵਾਜਾਂ ਅਤੇ ਜੀਵਨ-ਚੱਕਰ ਨੂੰ ਬਾਖੂਬੀ ਪੇਸ਼ ਕੀਤਾ। ਨਾਟਕ ਵਿਚਲਾ ਇਹ ਗੀਤ ਉਸ ਵੇਲੇ ਬੜਾ ਕਾਮਯਾਬ ਹੋਇਆ:
ਚੰਨਾ ਵੇ ਤੇਰਾ ਚਾਨਣਾ ਵੇ ਹੋ ਚੰਨ ਬੱਦਲਾਂ ਦਾ
ਘਟ ਕਾਲੀ ਬੁੱਟ ਛਾਈ ਵਿਛੋੜਾ ਸੱਜਣਾਂ ਦਾ,
ਵੇ ਚੰਨ ਬੱਦਲਾਂ ਦਾ…
ਸ਼ੀਲਾ ਦੀ ਹਰ ਨਵੀਂ ਪੇਸ਼ਕਾਰੀ ਨਾਲ ਪੰਜਾਬੀ ਓਪੇਰਾ ਵਿਕਾਸ ਦੇ ਨਵੇਂ ਪੜਾਅ ਤੈਅ ਕਰਦਾ ਰਿਹਾ। ਸ਼ੀਲਾ ਤੋਂ ਵੱਖ ਹੋ ਕੇ ਸ਼ੰਨੋ ਖੁਰਾਨਾ ਨੇ ਵੀ ‘ਸੁੰਦਰੀ`, ‘ਸੁਹਣੀ-ਮਹੀਂਵਾਲ`, ‘ਸੱਸੀ ਪੁੰਨੂ` ਕਈ ਓਪੇਰਾ ਖੇਡੇ। ਓਪੇਰਾ ‘ਸੱਸੀ ਪੁੰਨੂ` ਸਪਰੂ ਹਾਊਸ ਦੇ ਨਾਟਕਕਾਰ ਪ੍ਰੇਮ ਜਲੰਧਰੀ ਨੇ ਲਿਖਿਆ ਅਤੇ ਇਸ ਦਾ ਨਿਰਦੇਸ਼ਨ ਪ੍ਰਸਿੱਧ ਰੰਗਕਰਮੀ ਤੇ ਨਿਰਦੇਸ਼ਕ ਆਰ.ਜੀ .ਆਨੰਦ ਨੇ ਕੀਤਾ। ਪ੍ਰੇਮ ਜਲੰਧਰੀ ਨੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੂੰ ਆਧਾਰ ਬਣਾ ਕੇ ਵੀ ਇਕ ਓਪੇਰਾ ਤਿਆਰ ਕੀਤਾ।
ਹੀਰ-ਰਾਂਝਾ ਦੀ ਸਫਲ ਪੇਸ਼ਕਾਰੀ ਨੇ ਪੰਜਾਬੀ ਓਪੇਰਾ ਨੂੰ ਪੇਸ਼ੇਵਾਰ ਰੂਪ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹੁਣ ਇਸ ਸ਼ੈਲੀ ਦੇ ਸ਼ੋਅ ਦਰਸ਼ਕ ਟਿਕਟਾਂ ਲੈ ਕੇ ਦੇਖਦੇ। ਪੰਜਾਬੀ ਸਭਿਆਚਾਰ ਦੀ ਸਹੀ ਸਮਝ ਰੱਖਣ ਵਾਲੀ ਸ਼ੀਲਾ ਨੇ ਲੋਕ-ਕਥਾਵਾਂ ਅਤੇ ਲੋਕ-ਗੀਤਾਂ ਨੂੰ ਸਮਕਾਲ ਨਾਲ ਜੋੜ ਕੇ ਪੇਸ਼ ਕੀਤਾ। ਉਸ ਦੀ ਮੌਲਿਕਤਾ ਤੇ ਪ੍ਰਤਿਭਾ ਦਾ ਪ੍ਰਮਾਣ ਓਪੇਰਾ ਸ਼ੈਲੀ ਨੂੰ ਲੋਕ-ਸ਼ੈਲੀ ਅੰਦਰ ਢਾਲ ਕੇ ਉਸ ਵਿਚ ਕਲਪਨਾ ਦੇ ਨਵੇਂ ਰੰਗ ਭਰਨ ਵਿਚ ਸੀ। ਪੰਜਾਬੀ ਲੋਕ-ਗੀਤ, ਸੰਗੀਤ ਤੇ ਭਾਸ਼ਾ ਦੇ ਖੁੱਲ੍ਹੇਪਣ ਨੂੰ ਉਸ ਨੇ ਆਪਣੇ ਹਰ ਓਪੇਰਾ ਦਾ ਹਿੱਸਾ ਬਣਾਇਆ। ‘ਸੁਲਗਦੇ ਦਰਿਆ` ਦੀ ਪੇਸ਼ਕਾਰੀ ਨਾ ਭੁੱਲਣ ਯੋਗ ਰਹੀ। ਇਹ ਓਪੇਰਾ ਭਾਰਤੀ ਸਮਾਜ ਵਿਚ ਔਰਤ ਦੀ ਤ੍ਰਾਸਦਿਕ ਸਥਿਤੀ ਨੂੰ ਦਰਸਾਉਂਦਾ ਸੀ। ਇਸ ਵਿਚ ਦਰਿਆ ਨੂੰ ਔਰਤ ਦੇ ਚਿਹਨ ਵਜੋਂ ਵਰਤਿਆ ਗਿਆ ਜੋ ਕਹਿਣ ਨੂੰ ਦੇਵੀ ਹੈ, ਪਰ ਉਸ ਦੀ ਹਾਲਤ ਦਾਸੀ ਤੋਂ ਵੀ ਬਦਤਰ ਹੈ। ਉਹ ਹਮੇਸ਼ਾ ਸੁਲਗਦੀ ਰਹਿੰਦੀ ਹੈ। ‘ਸੁਲਗਦੇ ਦਰਿਆ` ਵਿਚ ਬੁੱਲ੍ਹੇ ਸ਼ਾਹ ਜਿਹੀ ਸੂਝ, ਸੁਹਜ, ਬੇਬਾਕੀ ਅਤੇ ਪੰਜਾਬੀ ਜ਼ੁਬਾਨ ਦਾ ਜਾਦੂ ਦਰਸ਼ਕਾਂ ਦੇ ਮਨਾਂ ਵਿਚ ਤੀਰ ਵਾਂਗ ਵੱੱਜਿਆ।
1951 ਤੋਂ ਸ਼ੁਰੂ ਹੋਇਆ ਓਪੇਰਾ ਦਾ ਇਹ ਸਫਰ 1999 ਤਕ ਰਿਹਾ। ਹਰ ਓਪੇਰਾ ਦੇ ਸੈਂਕੜੇ ਸ਼ੋਅ ਹੋਏ। 1951 ਵਿਚ ਜਦੋਂ ਸ਼ੀਲਾ ਨੇ ਓਪੇਰਾ ਸ਼ੈਲੀ ਨੂੰ ਪਹਿਲੀ ਵਾਰੀ ਅਪਣਾਇਆ ਤਾਂ ਉਸ ਵੇਲੇ ਹਿੰਦੋਸਤਾਨ ਅੰਦਰ ਰਵਾਇਤੀ ਥੀਏਟਰ ਅਤੇ ਪੱਛਮੀ ਥੀਏਟਰ ਬਾਰੇ ਬਹਿਸ ਛਿੜੀ ਹੋਈ ਸੀ। ਸੈਮੀਨਾਰ ਤੇ ਗੋਸ਼ਟੀਆਂ ਹੋ ਰਹੀਆਂ ਸਨ। ਇਹ ਪ੍ਰਸ਼ਨ ਵਾਰ-ਵਾਰ ਉਠ ਰਿਹਾ ਸੀ ਕਿ ਹਿੰਦੋਸਤਾਨੀ ਨਾਟਕ-ਕਲਾ ਨੂੰ ਰਵਾਇਤੀ ਸ਼ੈਲੀ ਅਤੇ ਆਧੁਨਿਕ ਪੱਛਮੀ ਸ਼ੈਲੀ – ਦੋਵਾਂ ਵਿਚੋਂ ਕਿਹੜੇ ਰਾਹ ਤੁਰਨਾ ਚਾਹੀਦਾ ਹੈ? ਅਜਿਹੇ ਸਮੇਂ ਸ਼ੀਲਾ ਦੇ ਓਪੇਰਾ ਦਾ ਰਾਹ ਵੱਖਰਾ ਸੀ। ਉਸ ਨੇ ਪੰਜਾਬੀ ਲੋਕ-ਕਹਾਣੀਆਂ ਤੇ ਗੀਤਾਂ ਨੂੰ ਇਟਲੀ ਦੇ ਓਪੇਰਾ ਦਾ ਜਾਮਾ ਪੁਆ ਕੇ ਪੇਸ਼ਕਾਰੀਆਂ ਦਿੱੱਤੀਆਂ। ਕਈ ਰੰਗਮੰਚ ਆਲੋਚਕਾਂ ਨੇ ਇਨ੍ਹਾਂ ਪੇਸ਼ਕਾਰੀਆਂ ਨੂੰ ਨਾਟਕ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਉਦੋਂ ਸ਼ੀਲਾ ਦਾ ਜੁਆਬ ਸੀ, “ਤੁਸੀਂ ਇਸ ਸ਼ੈਲੀ ਨੂੰ ਮੰਨੋ ਭਾਵੇਂ ਨਾ, ਪਰ ਇਤਿਹਾਸ ਇਸੇ ਸ਼ੈਲੀ ਨੂੰ ਅਪਨਾਉਣ ਖਾਤਰ ਮੈਨੂੰ ਯਾਦ ਰੱਖੇਗਾ।” ਅੱਜ 70 ਸਾਲਾਂ ਬਾਅਦ ਆਲੋਚਕ ਕਹਿੰਦੇ ਹਨ ਕਿ ਇਹ ਭਾਰਤੀ ਰੰਗਮੰਚ ਲਈ ਸ਼ੀਲਾ ਭਾਟੀਆ ਦੀ ਨਵੀਂ ਖੋਜ ਸੀ।