ਢੋਲਾ ਕਿਓਂ ਰੁੱਸਣੈ

ਨਿੰਦਰ ਘੁਗਿਆਣਵੀ
ਇਹ ਗੱਲ 1997 ਦੀ ਹੋਵੇਗੀ। ਪਹਿਲੀ ਵਾਰੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਅਖਾੜਾ ਸੁਣਿਆ ਭੀਖੀ ਦੀ ਦਾਣਾ ਮੰਡੀ ਵਿਚ। ਦੋਵਾਂ ਭਰਾਵਾਂ ਨੇ ਕਮਾਲ ਕਰ ਦਿੱਤੀ। ਉਥੇ ਇਨ੍ਹਾਂ ਦੀ ਸਰੋਤਿਆਂ ਨਾਲ ਕੁਝ ਤਲਖੀ ਜਿਹੀ ਹੋਈ। ਹੁਣ ਭੁੱਲ ਗਿਆ ਹਾਂ ਕਿ ਹੋਇਆ ਕੀ ਸੀ? ਉਦੋਂ ਮੈਂ ਜਲਧੰਰੋਂ ਛਪਦੇ ਹਰਜਿੰਦਰ ਬੱਲ ਦੇ ਰਸਾਲੇ ‘ਮਿਊਜਿ਼ਕ ਟਾਈਮਜ਼’ ਦਾ ਸਹਾਇਕ ਸੰਪਾਦਕ ਸਾਂ ਤੇ ਉਸ ‘ਚ ਕਾਲਮ ਵੀ ਲਿਖਦਾ ਸਾਂ।

ਭੀਖੀ ਵਿਖੇ ਹੋਈ ਉਸ ਤਲਖੀ ਬਾਰੇ ਮੈਂ ਕਾਲਮ ਵਿਚ ਲਿਖ ਦਿੱਤਾ। ਗਾਉਣ ਵਾਲੇ, ਗੀਤਕਾਰ, ਸੰਗੀਤਕਾਰ ਸਭ ਉਹ ਰਸਾਲਾ ਪੜ੍ਹਦੇ ਸਨ ਤੇ ਹਰਭਜਨ ਮਾਨ ਨੇ ਵੀ ਮੇਰਾ ਲਿਖਿਆ ਪੜ੍ਹ ਲਿਆ ਸੀ। ਇਕ ਦਿਨ ਜਲੰਧਰ ਤੋਂ ਮੇਰਾ ਮਿੱਤਰ ਸੁਪਨਦੀਪ ਸੰਧੂ, ਜੋ ਹਰਭਜਨ ਦੇ ਬਹੁਤ ਨੇੜੇ ਸੀ, ਮੈਨੂੰ ਆਪਣੀ ਮਾਰੂਤੀ ਕਾਰ ‘ਚ ਬਿਠਾਲ ਕੇ ਹਰਭਜਨ ਮਾਨ ਨਾਲ ਮਿਲਾਉਣ ਚਲਾ ਗਿਆ। ਇਹ ਮੇਰੀ ਹਰਭਜਨ ਨਾਲ ਪਹਿਲੀ ਮਿਲਣੀ ਸੀ। ਗੱਲਾਂ ਕਰਦੇ-ਕਰਦੇ ਤੇ ਰੋਟੀ ਖਾਂਦੇ ਉਹਨੇ ਗਿਲਾ ਕਰਿਆ ਕਿ ਭੀਖੀ ਵਾਲੀ ਗੱਲ ਰਸਾਲੇ ਵਿਚ ਲਿਖ ਕੇ ਕੀ ਲੱਭਾ ਤੈਨੂੰ? ਸਰ ਵੀ ਸਕਦਾ ਸੀ…ਜੇ ਨਾ ਲਿਖਦਾ ਤਾਂ। ਮੈਂ ਮਹਿਸੂਸ ਕੀਤਾ, ਬਿਲਕੁਲ ਸਰ ਸਕਦਾ ਸੀ।
ਉਦੋਂ ਕੁ ਜਿਹੇ ਅਵਤਾਰ ਸਿੰਘ ਬਰਾੜ ਦੀ ਸਾਦਿਕ ਚੌਕ ਵਿਚ ਰੈਲੀ ਹੋਈ। ਬੜਾ ਇਕੱਠ ਸੀ। ਹਰਭਜਨ ਤੇ ਗੁਰਸੇਵਕ ਮਿਰਜ਼ਾ ਗਾ ਰਹੇ ਸਨ। ਲੋਕ ਸਾਹ ਰੋਕ ਕੇ ਸੁਣ ਰਹੇ ਸਨ। ਗਾ ਕੇ ਕਾਹਲੀ ਨਾਲ ਉਹ ਨਿਕਲ ਗਏ। ਮੈਂ ਦੂਰੋਂ ਹੀ ਫਤਹਿ ਬੁਲਾ ਸਕਿਆ। ਹਰਭਜਨ ਨੂੰ ਖਿਮਾਂ ਦੀ ਚਿੱਠੀ ਲਿਖੀ। ਉਨ੍ਹੀਂ ਦਿਨੀਂ ਉਹ ਖੁਦ ਚਿੱਠੀਆਂ ਦੇ ਜੁਆਬ ਲਿਖਦਾ ਹੁੰਦਾ ਸੀ। ਉਹਦੀ ਬੜੀ ਪਿਆਰੀ ਚਿੱਠੀ ਆਈ ਕਿ ਸਾਦਿਕ ਰਸ਼ ਬਹੁਤ ਸੀ ਤੇ ਅਗਾਂਹ ਪ੍ਰੋਗਰਾਮ ਉਤੇ ਜਾਣ ਦੀ ਕਾਹਲ ਕਾਰਨ ਮਿਲ ਨਹੀਂ ਸਕੇ, ਹੁਣ ਕਿਸੇ ਦਿਨ ਪਟਿਆਲੇ ਗੇੜਾ ਮਾਰੀਂ। ਮੋਬਾਈਲ ਹਾਲੇ ਨਹੀਂ ਸੀ ਆਇਆ। ਚਿੱਠੀ-ਚਪੱਠੀ ਤੇ ਘਰ ਵਾਲੇ ਫੋਨ ਉਤੇ ਗੱਲਬਾਤ ਹੋਣ ਲੱਗੀ। ਇਕ ਦਿਨ ਉਹ ਆਖਣ ਲੱਗਾ ਕਿ ਮੇਰਾ ਉਸਤਾਦ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਬਾਪੂ ਜੀ, (ਦਾਦਾ ਸਹੁਰਾ) ਟੋਰਾਂਟੋ ਤੋਂ ਪਿੰਡ ਰਾਮੂਵਾਲੇ ਆਏ ਹੋਏ ਨੇ, ਕਿੰਨਾ ਚੰਗਾ ਹੋਵੇ ਕਿ ਹੁਣ ਤੂੰ ਉਸਤਾਦ ਯਮਲਾ ਜੀ ਤੇ ਪੂਰਨ ਸ਼ਾਹਕੋਟੀ ਉਤੇ ਕਿਤਾਬਾਂ ਲਿਖਣ ਬਾਅਦ ਬਾਪੂ ਪਾਰਸ ਜੀ ਬਾਰੇ ਵੀ ਇਕ ਖੂਬਸੂਰਤ ਕਿਤਾਬ ਲਿਖੇਂ। ਹਰਭਜਨ ਨੇ ਬਾਪੂ ਜੀ ਨੂੰ ਫੋਨ ਕਰ ਕੇ ਦੱਸ ਦਿੱਤਾ ਤੇ ਮੇਰੀ ਗੱਲ ਵੀ ਬਾਪੂ ਜੀ ਨਾਲ ਕਰਵਾ ਦਿੱਤੀ ਤੇ ਮੈਂ ਝੋਲਾ ਮੋਢੇ ਪਾ ਰਾਮੂਵਾਲੇ ਨੂੰ ਤੁਰ ਪਿਆ।
***
ਕਿਤਾਬ ਉਤੇ ਦੱਬ ਕੇ ਮਿਹਨਤ ਕੀਤੀ। ਕਿਤਾਬ ਸੁਹਣੀ ਛਪੀ। ਸੰਗਰੂਰ ਮੰਗਵਾਲ ਦੀ ਸਾਹਿਤ ਸਭਾ ਨੇ ਵੱਡਾ ਸਮਾਗਮ ਰੱਖ ਕੇ ਰਿਲੀਜ਼ ਕੀਤੀ, ਹਰਭਜਨ ਵੀ ਆਇਆ ਤੇ ਹੋਰ ਬਹੁਤ ਹਸਤੀਆਂ ਆਈਆਂ। ਸਮਾਗਮ ਬਾਅਦ ਹਰਭਜਨ ਗਲਵੱਕੜੀ ਵਿਚ ਲੈ ਕੇ ਤੇ ਅੱਖਾਂ ਭਰ ਕੇ ਬੋਲਿਆ, ‘ਅੱਜ ਤੋਂ ਤੂੰ ਮੇਰਾ ਛੋਟਾ ਭਰਾ ਐਂ, ਬਸ।’
ਉਸ ਦਿਨ ਤੋਂ ਸਾਡੀ ਪਰਿਵਾਰਕ ਸਾਂਝ ਬੱਝ ਗਈ। ਲਗਭਗ ਪੱਚੀ ਸਾਲ ਦੇ ਬੀਤੇ ਇਸ ਅਰਸੇ ਦੌਰਾਨ ਬੜੇ ਉਤਰਾਅ-ਚੜ੍ਹਾਅ ਆਏ। ਮਨ-ਮੁਟਾਵ ਵੀ ਹੋਏ। ਉਂਗਲ ਬਾਜ਼ ਹਾਵੀ ਹੋ ਗਏ ਸਨ। (ਕੁਛ ਕੁਛ ਦਾ ਜਿ਼ਕਰ ਕਰਾਂਗਾ)। ਪਰ ਮੋਹ ਦੀ ਇਕ ਉਹ ਮਹੀਨ ਤੰਦੀ ਨੂੰ ਕੋਈ ਆਂਚ ਨਾ ਆਈ। ਕਦੇ-ਕਦੇ ਦੋ-ਦੋ ਸਾਲ ਨਾ ਮਿਲੇ। ਸਾਲ-ਸਾਲ ਗੱਲ ਹੀ ਨਾ ਹੋਣੀ। ਜਦ ਮਿਲਣਾ, ਬਹਿ ਕੇ ਰੋ ਲੈਣਾ। ਦਿਲ ਹੌਲੇ ਹੋ ਜਾਣੇ। ਮੋਹ ਨਾਲ ਮਿਲੀਆਂ ਗਾਲਾਂ ਵੀ ਸੁਣ ਲੈਂਦਾ ਵੱਡੇ ਭਰਾ ਤੋਂ। ਗੱਲਾਂ ਕਲੀਅਰ ਹੋ ਜਾਣੀਆਂ। ਮਾੜਾ-ਮੋਟਾ ਕੌੜਾ ਪਾਣੀ ਪੀ ਕੇ ਚਾਂਘਰਾ ਵੀ ਮਾਰਦੇ ਤੇ ਵਿਰੋਧੀਆਂ ਦੀਆਂ ਚੁਗਲੀਆਂ ਵੀ ਕਰਦੇ। ਹਾਸੇ ਆਪਣੇ ਆਪ ਫੁੱਟੀ ਜਾਂਦੇ। ਗਾਈ ਵੀ ਜਾਣਾ ਨਾਲ-ਨਾਲ। ਕਈ-ਕਈ ਦਿਨ ਤੇ ਰਾਤਾਂ ਇਕੱਠੇ ਤੁਰੇ ਫਿਰਨਾ, ਲੰਬੇ-ਲੰਬੇ ਸਫਰਾਂ ਉਤੇ। ਜਦ ਘਰੋਂ-ਘਰੀ ਜਾਣ ਦਾ ਵੇਲਾ ਆਉਣਾ, ਤਾਂ ਦਿਲ ਨਾ ਕਰਨਾ ਜਾਣ ਨੂੰ। ਉਹਦੀਆਂ ਅੱਖਾਂ ਭਰੀਆਂ ਹੁੰਦੀਆਂ ਵਿਛੜਨ ਵੇਲੇ। ਤੋਰਨ ਵੇਲੇ, ਕਦੇ-ਕਦੇ ਆਪਣੀ ਅਲਮਾਰੀ `ਚੋਂ ਕੱਢ ਕੇ ਟੀ-ਸ਼ਰਟ ਮੇਰੇ ਬੈਗ ਵਿਚ ਪਾ ਦਿੰਦਾ। ਕਦੇ ਕੈਨੇਡੀਅਨ ਪਰਫਿਊਮ ਦੀ ਸ਼ੀਸ਼ੀ ਤੇ ਕਦੇ-ਕਦੇ ਜੇਬ ਤੱਤੀ ਵੀ ਕਰ ਦਿੰਦਾ। ਮੈਨੂੰ ਯਾਦ ਹੈ, ਇਕ ਦਿਨ ਆਖਣ ਲੱਗਿਆ, ‘ਆ ਤੈਨੂੰ ਇਕ ਟਿਊਨ ਸੁਣਾਵਾਂ ਉਏ ਨਿੰਦਰਾ।’ ਉਹਨੇ ਹਾਰਮੋਨੀਅਮ ਦੀ ਸੁਰ ਛੇੜੀ ਤੇ ਗਾਇਆ,
ਅੱਖੀਆਂ ਦਾ ਸਾਵਣ ਪਾਉਂਦਾ ਵੈਣ,
ਰੋਂਦੇ ਨੈਣ, ਤੂੰ ਪਰਦੇਸ ਵੇ,
ਕੱਲਿਆਂ ਨਾ ਆਵੇ ਦਿਲ ਨੂੰ ਚੈਨ,
ਤੂੰ ਪ੍ਰਦੇਸ ਵੇ।
ਧੁਨ ਦਰਦੀਲੀ। ਆਵਾਜ਼ ਵੀ ਦਰਦ ਪਰੁੱਚੀ। ਗੀਤ ਦੇ ਬੋਲ ਵੀ ਵਿਯੋਗੀ। ਅੱਖਾਂ ਨਮ। ਕਿਆ ਬਾਤ ਸੀ। ਥੋੜ੍ਹੇ ਦਿਨਾਂ ਬਾਅਦ ਉਸਨੇ ਇਹ ਗੀਤ ਰਿਕਾਰਡ ਕਰਵਾ ਦਿੱਤਾ, ਲੋਕਾਂ ਨੂੰ ਖੂਬ ਪਸੰਦ ਆਇਆ।
ਇਕ ਸਮਾਂ ਆਇਆ, ਸਾਲ ਭਰ ਉਹਨੇ ਵੀ ਨਾ ਫੋਨ ਕੀਤਾ ਤੇ ਮੈਂ ਵੀ ਨਾ ਕੀਤਾ। ਸਾਦਿਕ ਮੈਂ ਆਪਣੇ ਦੋਸਤ ਅਰੋੜਾ ਜੀ ਦੇ ਮੈਡੀਕਲ ਸਟੋਰ ਉਤੇ ਰੋਜ਼ ਵਾਂਗ ਬੈਠਾ ਸਾਂ ਬਾਹਰ ਧੁੱਪੇ। ਹਰਭਜਨ ਬਾਈ ਅਰੋੜੇ ਦੀ ਕਲੀਨਿਕ ਵੱਲ ਦੇਖਦਾ ਮਰਾੜਾਂ ਨੂੰ ਲੰਘ ਗਿਆ। ਪਹਿਲਾਂ ਹਰ ਵਾਰ ਮੈਨੂੰ ਮਿਲ ਕੇ ਜਾਂ ਨਾਲ ਲੈ ਕੇ ਮਰਾੜੀਂ ਬਾਬੂ ਸਿੰਘ ਮਾਨ ਕੋਲ ਜਾਂਦਾ ਸੀ। ਕੋਲੋਂ ਕਿਸੇ ਦੋਸਤ ਨੇ ਕਿਹਾ ਕਿ ਹਰਭਜਨ ਮਾਨ ਤੇਰੇ ਨਾਲ ਗੁੱਸੇ ਆ, ਸਿੱਧਾ ਲੰਘ ਗਿਆ ਐ ਅੱਜ ਤਾਂ। ਮੈਂ ਚੁੱਪ ਕਰਿਆ ਰਿਹਾ ਪਰ ਦਿਲ ਦੁਖਿਆ। ਆਥਣੇ ਮੈਂ ਪਿੰਡ ਆ ਗਿਆ। ਇਕ ਦਿਨ ਮੈਂ ਘਰੋਂ ਵੀ ਕਿਸੇ ਗੱਲੋਂ ਗੁੱਸੇ ਸੀ ਤੇ ਕਲੀਨਿਕ ਦੇ ਬਾਹਰ ਹੀ ਬੈਠਾ ਸਾਂ। ਇਕ ਟਰਾਲੀ ਲੰਘੀ। ਹਰਭਜਨ ਦਾ ਗੀਤ ਵੱਜ ਰਿਹਾ ਸੀ:
ਬਸ ਦੋ ਦਿਨ ਜਿ਼ੰਦਗੀ ਹੋਰ, ਢੋਲਾ ਕਿਓਂ ਰੁੱਸਨਂੈ।
ਵੇ ਮੈਂ ਮਿੰਨਤਾਂ ਕਰਾਂ ਹੱਥ ਜੋੜ, ਢੋਲਾ ਕਿਓਂ ਰੁੱਸਨੈਂ।
ਮੈਂ ਰਹਿ ਨਾ ਸਕਿਆ। ਫੋਨ ਮਿਲਾਇਆ। ਪਹਿਲੀ ਰਿੰਗੇ ਚੱਕ ਲਿਆ ਤੇ ਬੋਲਿਆ, ‘ਤੂੰ ਹੈਗਾ ਐਂ, ਮਰ ਨੀ ਗਿਆ ਸੀ, ਕੱਲ੍ਹ ਨੂੰ ਆਜਾ ਬੰਦਾ ਬਣ ਕੇ, ਨਹੀਂ ਕੁੱਟੂੰ ਬਹੁਤ?’
ਮੈਂ ਉਹਦੇ ਵੱਲ ਚੱਲ ਪਿਆ ਮੋਹਾਲੀ ਨੂੰ।
(ਚਲਦਾ…)