ਭਗਵੰਤ ਮਾਨ ਦਾ ਸਿਆਸੀ ਸਫਰ

ਬਲਜਿੰਦਰ ਸੇਖਾ ਕੈਨੇਡਾ
416-509-6200
ਅੱਜ ਦੁਨੀਆ ਦੇ ਕੋਨੇ-ਕੋਨੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਜਿ਼ਕਰ ਹੈ। ਚੋਣਾਂ ਤਾਂ ਪੰਜਾਬ ਵਿਚ ਪਹਿਲਾਂ ਵੀ ਹੁੰਦੀਆ ਰਹੀਆਂ ਹਨ। ਬੀਤੀਆਂ ਸਦੀਆਂ ਵਿਚ ਜੇ ਦੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਧਰਤੀ ‘ਤੇ ਨਵੇਂ-ਨਵੇਂ ਇਨਕਲਾਬ ਆਉਂਦੇ ਰਹੇ ਹਨ, ਪਰ ਪੰਜਾਬੀ ਆਪਣੇ ਮਿਹਨਤੀ ਤੇ ਜੁਝਾਰੂ ਸੁਭਾਅ ਕਰਕੇ ਬਦਲਾ ਚਾਹੁੰਦੇ ਹਨ। ਇਹੀ ਕਾਰਨ ਹੈ ਦੁਨੀਆ ਦੇ ਹਰ ਖ਼ਿੱਤੇ ਵਿਚ ਇਨ੍ਹਾਂ ਦੀ ਸਰਦਾਰੀ ਹੈ। ਹਿੰਦੁਸਤਾਨ ਦੀ ਜੰਗ-ਏ-ਅਜ਼ਾਦੀ ਵਿਚ ਪੰਜਾਬੀਆਂ ਨੇ ਮੂਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ।

ਕੁਝ ਸਾਲਾਂ ਤੋਂ ਭਾਰਤ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੇ ਲੋਕਤੰਤਰਿਕ ਤਰੀਕੇ ਨਾਲ ਨਵੇਂ ਇਨਕਲਾਬ ਦਾ ਆਗਾਜ਼ ਸ੍ਰੀ ਅੰਨਾ ਹਜ਼ਾਰੇ ਦੀ ਰਹਿਨੁਮਾਈ ਹੇਠ ਕੀਤਾ ਸੀ। ਸਿਰਫ ਚਾਰ ਸਾਲ ਵਿਚ ਦਿੱਲੀ ਵਿਚ ਤਿੰਨ ਵਾਰ ਸਰਕਾਰ, ਪੰਜਾਬ ਵਿਚੋਂ ਚਾਰ ਮੈਂਬਰ ਪਾਰਲੀਮਂੈਟ ਤੇ ਪਹਿਲੀ ਵਾਰ ਵਿਧਾਨ ਸਭਾ ਜਿਤਾ ਕੇ ਭੇਜਣੇ ਦੁਨੀਆ ਦੇ ਇਤਿਹਾਸ ਵਿਚ ਰਿਕਾਰਡ ਹੈ।
ਪੰਜਾਬ ਦੇ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨਾਲ ਮੇਰੀ ਮੁਲਾਕਾਤ ਮੇਰੇ ਮਿੱਤਰ ਸਵ. ਰਾਜ ਬਰਾੜ ਦੇ ਜ਼ਰੀਏ ਸ੍ਰੀ ਜਰਨੈਲ ਘੁਮਾਣ ਸੀ ਐਮ ਸੀ ਕੰਪਨੀ ਦੇ ਦਫਤਰ/ਘਰ ਆਦਰਸ਼ ਕਲੋਨੀ ਵਾੜੇਵਾਲ ਰੋਡ ਲੁਧਿਆਣਾ ਵਿਖੇ 1993 ਦੇ ਸ਼ੁਰੂ ਵਿਚ ਹੋਈ। ਉਸ ਸਮੇਂ ਰਾਜ ਬਰਾੜ ਕਾਮੇਡੀ ਕੈਸਟ ‘ਛਿੱਤਰੋ ਛਿੱਤਰੀ’ ਰਿਕਾਰਡ ਕਰ ਰਿਹਾ ਸੀ। ਮੇਰੇ ਪਿੰਡੋਂ ਦੋਸਤ ਸਤਪਾਲ ਸੇਖਾ ਨੇ ਮੇਰੀ ਦੱਸ ਪਾਈ। ਰਿਕਾਰਡਿੰਗ ਦੌਰਾਨ ਉਸ ਸਮੇਂ ਇਸ ਘਰ ਵਿਚ ਦਾਲ ਫੁਲਕੇ ਦਾ ਲੰਗਰ ਚੱਲਦਾ ਸੀ। ਮੈਨੂੰ ਰਾਜ ਬਰਾੜ ਕੋਲ ਰਹਿਣ ਦਾ ਮੌਕਾ ਮਿਲਦਾ। ਉੁਸ ਸਮੇਂ ਸਤਨਾਮ ਸਿੱਧੂ, ਜੰਟਾ, ਝੰਡੇ, ਬੇਅੰਤ ਰੋਮਾਣੇ ਵਰਗੇ ਦਿਨ ਰਾਤ ਕੰਪਨੀ ਲਈ ਕੰਮ ਕਰਦੇ ਸਨ। ਹਰਭਜਨ ਸ਼ੇਰਾ ਤੇ ਕਰਮਜੀਤ ਅਨਮੋਲ ਵਰਗੇ ਕਲਾਕਾਰ ਕੰਪਨੀ ਨੇ ਦਿੱਤੇ। ਉਸ ਸਮੇਂ ਸੋਚਿਆ ਵੀ ਨਹੀਂ ਸੀ ਕਿ ਸੰਗਰੂਰ ਦੇ ਪਿੰਡ ਸਤੌਜ ਦਾ ਛੋਟੇ ਕੱਦ ਤੇ ਵੱਡੀ ਸੋਚ ਦਾ ਮਾਲਕ ਇਸ ਸਿਖਰ `ਤੇ ਪੁੱਜੇਗਾ। ਜਦ ਭਗਵੰਤ ਮਾਨ ਦੀ ਪਹਿਲੀ ਕੈਸਟ ‘ਗੋਭੀ ਦੀਏ ਕੱਚੀਏ ਵਪਾਰਨੇ’ ਹਿੱਟ ਹੋਈ ਤਾਂ ਰਾਜ ਬਰਾੜ ਨੇ ਦੱਸਿਆ ਕਿ ਮੁਹੰਮਦ ਸਦੀਕ ਨੇ ਉਸਨੂੰ ਕਿਹਾ ਸੀ, ‘ਭੰਤੇ ਜੇ ਜ਼ਿੰਦਗੀ ਵਿਚ ਅੱਗੇ ਵਧਣਾ ਹੈ ਤਾਂ ਗੋਭੀ ਗੰਢਿਆਂ ਤੋਂ ਅੱਗੇ ਲੋਕਾਂ ਦੀ ਗੱਲ ਕਰ।’ ਉਸ ਤੋਂ ਬਾਅਦ ‘ਕੁਲਫ਼ੀ ਗਰਮਾ ਗਰਮ’, ‘ਮਿੱਠੀਆਂ ਮਿਰਚਾਂ’ ਨੇ ਉਸਨੂੰ ਪੂਰਨ ਤੌਰ `ਤੇ ਸਥਾਪਤ ਕਰ ਦਿੱਤਾ। ਉਸ ਸਮੇਂ ਲੋਕ ਜਲੰਧਰ ਟੀ ਵੀ `ਤੇ ਆਉਣ ਨੂੰ ਤਰਸਦੇ ਸੀ ਪਰ ਇਹ ਸਥਾਪਤੀ ਤੋਂ ਤਕਰੀਬਨ ਦੋ ਸਾਲ ਬਾਅਦ 1994 ਦੇ ਨਵੇਂ ਸਾਲ `ਤੇ ਟੀ ਵੀ ਰਾਹੀਂ ਲੋਕਾਂ ਦੇ ਰੂਬਰੂ ਹੋਇਆ ਸੀ, ਇਹ ਉਸ ਸਮੇਂ ਦੂਰਦਰਸ਼ਨ ਦੇ ਭ੍ਰਿਸ਼ਟ ਸਿਸਟਮ ਖ਼ਿਲਾਫ਼ ਨਿਵੇਕਲਾ ਕਦਮ ਸੀ।
1993 ਤੋਂ 2000 ਤਕ ਅਸੀਂ ਰਾਜ ਬਰਾੜ, ਭਗਵੰਤ ਤੇ ਜਗਤਾਰ ਜੱਗੀ ਇਕੱਠੇ ਰਹੇ ਪਰ ਕਦੇ ਵੀ ਮਾਨ ਨੂੰ ਸ਼ਰਾਬ ਦਾ ਸੇਵਨ ਕਰਦੇ ਨਹੀਂ ਦੇਖਿਆ ਸੀ।
ਇੱਕ ਰਾਤ ਮੋਗੇ ਰਾਮ ਲੀਲਾ ਕਮੇਟੀ ਨੇ ਇਨ੍ਹਾਂ ਨੂੰ ਪ੍ਰੋਗਰਾਮ ਦਾ ਸੱਦਾ ਦਿੱਤਾ। ਜਗਤਾਰ ਜੱਗੀ ਮੇਰੇ ਕੋਲ ਮੋਗੇ ਆ ਗਿਆ। ਭਗਵੰਤ ਦੀ ਕਾਰ ਰਸਤੇ ਵਿਚ ਖ਼ਰਾਬ ਹੋ ਗਈ। ਇਨ੍ਹਾਂ ਦਾ ਪ੍ਰੋਗਰਾਮ ਬੁੱਕ ਕਰਾਉਣ ਵਾਲੇ ਉਘੇ ਲੇਖਕ ਕੇ ਐਲ ਗਰਗ ਪ੍ਰੇਸ਼ਾਨ ਹੋਈ ਜਾਣ, ਉਸ ਸਮੇਂ ਸੈਲ ਫ਼ੋਨ ਵੀ ਨਹੀਂ ਸਨ। ਜਦ ਥੋੜ੍ਹੀ ਦੇਰ ਨਾਲ ਭਗਵੰਤ ਮਾਨ ਮੋਗੇ ਦੀ ਦਾਣਾ ਮੰਡੀ ਵਿਚ ਆਇਆ, ਲੋਕਾਂ ਨੇ ਹੱਥਾਂ ‘ਤੇ ਚੱਕ ਲਿਆ। ਪ੍ਰੋਗਰਾਮ ਬਾਅਦ ਮੈਂ ਭਗਵੰਤ ਮਾਨ ਨੂੰ ਦੱਸਿਆ ਕਿ ਗਰਗ ਜੀ ਤੁਹਾਡੇ ਦੇਰੀ ਕਾਰਨ ਨਾਰਾਜ਼ ਹਨ। ਇਸ `ਤੇ ਉਨ੍ਹਾਂ ਨੂੰ ਨਾਲ ਬਿਠਾ ਕੇ ਸ੍ਰੀ ਕੇ ਐਲ ਗਰਗ ਦੇ ਘਰ ਨੌਂ ਨੰਬਰ ਗਲੀ ਵੱਲ ਗੱਡੀ ਮੋੜ ਲਈ। ਉਸ ਰਾਤ ਗਰਗ ਸਾਹਿਬ ਦੇ ਘਰ ਲਾਇਬਰੇਰੀ ਵਿਚ ਇੱਕੋ ਬੈਡ `ਤੇ ਭਗਵੰਤ, ਜੱਗੀ ਤੇ ਮੈਂ ਸਾਰੀ ਰਾਤ ਕੱਟੀ। ਇਸਨੇ ਗੱਲ ਥੱਲੇ ਨਾ ਡਿੱਗਣ ਦਿੱਤੀ ਤੇ ਗਰਗ ਸਾਹਿਬ ਦਾ ਗੁੱਸਾ ਕੋਹਾਂ ਦੂਰ। ਸਵੇਰੇ ਮੇਰੇ ਕਜ਼ਨ ਫਰਮਾਹ ਵਾਲੇ ਮਨਜੀਤ ਦੇ ਘਰ ਬਰੈਕਫਾਸਟ ਕਰਦਾ ਨਵਨੀਤ, ਗੁਰਤੇਜ ਨੂੰ ਹਸਾਉਂਦਾ ਰਿਹਾ। ਸਾਰੇ ਕਹਿਣ ਇਹ ਮਿੱਟੀ ਨਾਲ ਜੁੜਿਆ ਇਨਸਾਨ ਹੈ।
ਇਸਦੇ ਗਲੇ ਦਾ ਅਪਰੇਸ਼ਨ ਹੋਇਆ ਹੋਣ ਕਰਕੇ ਸਾਰੇ ਮਖੌਲ ਕਰਦੇ, ‘ਮਾਨ ਤੇਰੇ ਗਲ ਵਿਚ ਟੇਪ ਰਿਕਾਰਡ ਡਾਕਟਰ ਨੇ ਫਿੱਟ ਕਰ ਦਿੱਤੀ ਤਾਂ ਹੀ ਬੋਲਦਾ ਥੱਕਦਾ ਨਹੀਂ। ਇਸਦੀ ਸਿੱਖਣ ਦੀ ਚਾਹ ਮੁੱਢ ਤੋਂ ਰਹੀ ਹੈ।
ਕਾਮੇਡੀ ਨੂੰ ਸਿਖਰ ਤਕ ਲਿਜਾਣ ਵਾਲੇ ਮਾਨ ਦੇ ਸਿਆਸਤ ਵਿਚ ਵੀ ਨਿਵੇਕਲੀਆਂ ਪੈੜਾਂ ਗੱਡਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ।
ਅਸੀਂ ਵਿਦੇਸ਼ਾਂ ਵਿਚ ਬੈਠੇ ਸਾਰੇ ਭਾਰਤੀ ਹੁਣ ਪੰਜਾਬ ਚੋਣਾਂ ਵਿਚ ਹਰ ਰੋਜ਼ ਉਸ ਨੂੰ ਦਸ ਦਸ ਰੈਲੀਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਦੇਖਦੇ ਹਾਂ। ਭਗਵੰਤ ਹਜ਼ਾਰਾਂ ਲੋਕਾਂ ਨੂੰ ਮਿਲਦਾ ਕਦੇ ਥੱਕਦਾ ਨਹੀਂ। ਵਿਰੋਧੀ ਪਾਰਟੀਆਂ, ਮੀਡੀਆ ਤੇ ਲੋਕ ਵੀ ਮੰਨਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਥਾਪਤੀ ਭਗਵੰਤ ਮਾਨ ਦੀ ਦਿਨ-ਰਾਤ ਮਿਹਨਤ ਦਾ ਨਤੀਜਾ ਹੈ।
ਬਤੌਰ ਕਾਮੇਡੀਅਨ, ਐਕਟਰ, ਮੈਂਬਰ ਪਾਰਲੀਮੈਂਟ, ਵਰਕਰ ਉਸਨੇ ਸਿਖਰਾਂ ਨੂੰ ਛੋਹਿਆ ਹੈ।
ਜੇ ਇਹ ਪੰਜਾਬ ਦੀਆ ਚੋਣਾਂ ਜਿੱਤ ਜਾਂਦਾ ਹੈ ਤਾਂ ਮੈਂ ਸੋਚ ਰਿਹਾਂ, ਇਸ ਦੀ ਅਗਲੀ ਮੰਜਿ਼ਲ ਕੀ ਹੋਵੇਗੀ। ਜਿਸ ਤਰ੍ਹਾਂ ਦੁਨੀਆ ਭਰ ਵਿਚੋਂ ਉਸਨੂੰ ਪਿਆਰ ਮਿਲਿਆ। ਉਸੇ ਤਰ੍ਹਾਂ ਉਸਨੂੰ ਪੰਜਾਬ, ਪਰਿਵਾਰ, ਦੇਸ਼ ਪਿਆਰ ਨਾਲ ਲੈ ਕੇ ਚੱਲਣਾ ਹੋਵੇਗਾ ਕਿੳਂੁਕਿ ਸਭ ਨੇ ਉਸ `ਤੇ ਅਤੇ `ਆਪ` ਉਤੇ ਦਿਲੋਂ ਵਿਸ਼ਵਾਸ ਕੀਤਾ ਹੈ। ਸਾਰਾ ਪੰਜਾਬ ਤੇ `ਆਪ` ਦੇ ਵਾਲੰਟੀਅਰ ਤੇ ਨੇਤਾ ਇਸ ਦੇ ਨਾਲ ਹਨ। ਉਡੀਕ ਹੈ ਸਿਰਫ ਵੀਹ ਫ਼ਰਵਰੀ ਤੇ ਦਸ ਮਾਰਚ ਦੀ!