ਪੰਜ ਰੋਜ਼ਾ ਰੰਧਾਵਾ ਉਤਸਵ ਦੀ ਉੱਤਮਤਾਈ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ, ਸਭਿਆਚਾਰ ਤੇ ਕੋਮਲ ਕਲਾ ਦੇ ਪ੍ਰੇਮੀਆਂ ਲਈ ਚੰਡੀਗੜ੍ਹ ਦੇ ਰੋਜ਼ ਗਾਰਡਨ ਦੀ ਸ਼ਾਨ ਪੰਜਾਬ ਕਲਾ ਪ੍ਰੀਸ਼ਦ ਵਿਚ 2022 ਦਾ ਵਰ੍ਹਾ ਇਸ ਵਾਰ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਵਿਚ ਬਾਜ਼ੀ ਮਾਰ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੀ ਰੂਹ-ਏ-ਰਵਾਂ ਡਾ. ਮਹਿੰਦਰ ਸਿੰਘ ਰੰਧਾਵਾ ਦੇ 114ਵੇਂ ਜਨਮ ਦਿਨ ਨੂੰ ਸਮਰਪਿਤ ਇਹ ਵਿਲੱਖਣ ਉਤਸਵ ਪੂਰੇ ਪੰਜਾਬ ਤੇ ਕਿਸੇ ਹੱਦ ਤਕ ਹਿਮਾਚਲ ਤੇ ਹਰਿਆਣਾ ਦੇ ਕਲਾ ਜਗਤ, ਦਾ ਸ਼ੀਸ਼ਾ ਮੰਨਿਆ ਜਾਂਦਾ ਹੈ।

ਏਸ ਵਰ੍ਹੇ ਦੇ ਉਤਸਵ ਦਾ ਉਦਘਾਟਨ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਾਈਸ ਚਾਂਸਲਰ ਅਰਵਿੰਦ ਜੀ ਨੇ ਕੀਤਾ ਤੇ ਕੰੁਜੀਵਤ ਭਾਸ਼ਨ ਸੇਵਾਮੁਕਤ ਆਈ ਏ ਐਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਪੇਸ਼ ਕੀਤਾ, ਜਿਸ ਨਾਲ ਐਮ ਐਸ ਰੰਧਾਵਾ ਦੀ ਬਹੁਪੱਖੀ ਤੇ ਬਹੁ-ਦਿਸ਼ਾਵੀ ਸੋਚ, ਸਿਮਰਤੀ ਤੇ ਧਾਰਨਾ ਚੇਤੇ ਕਰਨ ਨੂੰ ਮਿਲੀ। ਉਹੀਓ ਸੀ, ਜਿਸਨੇ ਰੋਜ਼ ਗਾਰਡਨ ਦੀ ਬੇਸ਼ਕੀਮਤ ਭੂਮੀ ਵਿਚ ਸਾਹਿਤ, ਸੰਗੀਤ ਤੇ ਕਲਾ ਦੇ ਮਹਾਰਥੀਆਂ ਨੂੰ ਇਕ ਦੂਜੇ ਨਾਲ ਇਕਮਿਕ ਕਰਨ ਦਾ ਸੁਪਨਾ ਲਿਆ ਤੇ ਇਸ ਨੂੰ ਸਾਕਾਰ ਕਰਨ ਵਿਚ ਕੋਈ ਕਸਰ ਨਾ ਛੱਡੀ।
ਪਹਿਲਾਂ ਵਾਂਗ ਹੀ 2022 ਦੇ ਉਤਸਵ ਵਿਚ ਵੀ ਸਾਹਿਤ, ਸੱਭਿਆਚਾਰ ਤੇ ਕਲਾ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਪੰਜ ਹਸਤੀਆਂ ਨੂੰ ਪੰਜਾਬ ਗੌਰਵ ਸਨਮਾਨ ਨਾਲ ਨਿਵਾਜਿਆ ਗਿਆ, ਜਿਸ ਵਿਚ ਫੁਲਕਾਰੀ ਤੇ ਪ੍ਰਮਾਣ ਪੱਤਰ ਤੋਂ ਇਲਾਵਾ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਹਰੇਕ ਪ੍ਰਾਪਤ ਕਰਤਾ ਲਈ ਸ਼ਾਮਲ ਸੀ। ਇਨ੍ਹਾਂ ਹਸਤੀਆਂ ਵਿਚ ਪੰਜਾਬੀ ਪਾਠਕਾਂ ਤਕ ਵਡਮੁੱਲਾ ਵਿਦੇਸ਼ੀ ਸਾਹਿਤ ਪਹੰੁਚਦਾ ਕਰਨ ਵਾਲਾ ਜੰਗ ਬਹਾਦਰ ਗੋਇਲ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਕਲਾਕਾਰ ਪ੍ਰੇਮ ਸਿੰਘ, ਸਿਰੜੀ ਤੇ ਉੱਦਮੀ ਸਾਹਿਤ ਰਸੀਆ ਰਤਨ ਸਿੰਘ ਜੱਗੀ, ਹਰਮਨਪਿਆਰੀ ਥੀਏਟਰ ਆਰਟਿਸਟ ਨੀਲਮ ਮਾਨ ਸਿੰਘ ਤੇ ਲੋਕ ਗਾਇਕੀ ਨੂੰ ਲੋਕ ਮਨਾਂ ਵਿਚ ਵਸਾਉਣ ਵਾਲਾ ਅਮਰਜੀਤ ਸਿੰਘ ਗੁਰਦਾਸਪੁਰੀ ਸ਼ਾਮਲ ਸਨ। ਇਹ ਸਾਰੇ ਮਹਾਰਥੀ ਪੰਜ ਦੇ ਪੰਜ ਦਿਨ ਇਕ ਇਕ ਕਰ ਕੇ ਸਰੋਤਿਆਂ ਦੇ ਰੂਬਰੂ ਵੀ ਹੋਏ ਤੇ ਉਨ੍ਹਾਂ ਨੇ ਦਰਸ਼ਕਾਂ ਤੇ ਸਰੋਤਿਆਂ ਨਾਲ ਆਪੋ-ਆਪਣੀ ਪ੍ਰਾਪਤੀ ਦਾ ਸਫਰ ਸਾਂਝਾ ਕੀਤਾ।
ਚੇਤੇ ਰਹੇ ਕਿ ਇਸ ਉਤਸਵ ਦਾ ਹਰ ਦਿਨ ਕੋਮਲ ਕਲਾ ਤੇ ਸਾਹਿਤ ਸਭਿਆਚਾਰ ਦੀ ਵੱਖਰੀ ਪੇਸ਼ਕਾਰੀ ਲੈ ਕੇ ਆਇਆ। ਜੇ ਇਕ ਦਿਨ ਲੋਕ ਸ਼ਾਜ਼ਾਂ, ਲੋਕ ਨਾਚਾਂ ਤੇ ਸਾਹਿਤਕ ਗੀਤਾਂ ਦੀ ਪੇਸ਼ਕਾਰੀ ਨੇ ਰੰਗ ਬੰਨ੍ਹਿਆ ਤਾਂ ਇਕ ਹੋਰ ਦਿਨ ਕਵੀ ਦਰਬਾਰ ਵਿਚ 32 ਨਵੇਂ ਪੁਰਾਣੇ ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਜੇ ਇਕ ਪਾਸੇ ਸੂਫੀ ਬਲਬੀਰ ਦੀ ਗਾਇਕੀ ਸੀ ਤਾਂ ਨਾਲ ਹੀ ਢਾਡੀ ਮੱਖਣ ਤੇ ਉਸਦੇ ਸਾਥੀਆਂ ਦੀ ਢੱਡ ਸਾਰੰਗੀ ਦੀਆਂ ਧੁਨਾਂ। ਪ੍ਰੀਤਮ ਰੁਪਾਲ ਦੀ ਅਗਵਾਈ ਵਾਲਾ ਮਲਵਈ ਗਿੱਧਾ ਤੇ ਕੇਵਲ ਧਾਲੀਵਾਲ ਦੇ ਨਾਟਕੀ ਰੰਗ ਵਿਚ ਰੰਗੀ ਵਰਿਆਮ ਸੰਧੂ ਦੀ ਕਹਾਣੀ ‘ਮੈਂ ਰੋ ਨਾ ਲਵਾਂ ਇਕਵਾਰ’ ਦਾ ਰੰਗ ਵੀ ਨਿਆਰਾ ਸੀ। ਉਤਸਵ ਵਿਚ ਦਵਿੰਦਰ ਦਮਨ, ਅਨੀਤਾ ਸ਼ਬਦੀਸ਼ ਤੇ ਸ਼ਬਦੀਸ਼ ਦੀ ਹਾਜ਼ਰੀ ਵੀ ਨੋਟ ਕੀਤੀ ਗਈ ਭਾਵੇਂ ਲੋਕ ਨਾਚਾਂ ਦਾ ਮਾਹਿਰ ਭੋਲਾ ਕਲਹਿਰੀ ਅਤੇ ਸਵਰਗਵਾਸੀ ਲਾਲ ਚੰਦ ਯਮਲਾ ਜੱਟ ਦੇ ਪੋਤੇ ਦੀ ਅਗਵਾਈ ਹੇਠ ਸਾਰੰਗੀ, ਤੰੂਬੀ, ਢੋਲ, ਚਿਮਟਾ, ਘੜਾ ਆਦਿ ਸਾਜ਼ ਪੇਸ਼ ਕਰਨ ਵਾਲਿਆਂ ਵਿਚ ਆਦਿਲ ਤੇ ਸਤਿਗੁਰੂ ਸਿੰਘ ਵਰਗੇ ਨਵੇਂ ਨਾਂ ਵੀ ਸੁਣਨ ਨੂੰ ਮਿਲੇ, ਖਾਸ ਕਰਕੇ ਬੈਨੀਵਾਲ ਭੈਣਾਂ ਦੇ। ਅਮਰੀਕਾ ਨਿਵਾਸੀ ਕਵੀਆਂ ਸੁਰਿੰਦਰ ਸਿੰਘ ਸੰੁਨੜ ਤੇ ਕੁਲਵਿੰਦਰ ਦੀ ਸ਼ਿਰਕਤ ਵੀ ਖਿੱਚ ਦਾ ਕੇਂਦਰ ਬਣੀ।
ਸਾਹਿਤ ਤੇ ਕਲਾ ਦੇ ਖੇਤਰ ਵਿਚ ਪਈਆਂ ਨਵੀਆਂ ਤੇ ਪੁਰਾਣੀਆਂ ਪੈੜਾਂ ਨੂੰ ਪਛਾਨਣ ਵਾਲਾ ਇਹ ਉਤਸਵ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸੋਚ ਦੀ ਤਰਜ਼ਮਾਨੀ ਹੋ ਗੁਜ਼ਰਿਆ। ਜੇ ਸੱਚ ਪੁੱਛੋ ਤਾਂ ਇਸਦੀ ਨੀਂਹ ਤਿੰਨ ਹਫਤੇ ਪਹਿਲਾਂ ਪ੍ਰਬੰਧਕਾਂ ਵਲੋਂ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਰਚਾਈ ਸੁਰਮਈ ਸ਼ਾਮ ਨਾਲ ਰੱਖੀ ਜਾ ਚੁੱਕੀ ਸੀ। ਪੰਜਾਬ ਕਲਾ ਪ੍ਰੀਸ਼ਦ ਦੀਆਂ ਇਨ੍ਹਾਂ ਵੰਨ ਸੁਵੰਨੀਆਂ ਤੇ ਰਸਰੰਗ ਵਾਲੀਆਂ ਗਤੀਵਿਧੀਆਂ ਲਈ ਕਲਾ ਦੇ ਚੇਅਰਮੈਨ ਸੁਰਜੀਤ ਪਾਤਰ, ਵਾਈਸ ਚੇਅਰਮੈਨ ਯੋਗ ਰਾਜ, ਜਨਰਲ ਸਕੱਤਰ ਲਖਵਿੰਦਰ ਜੌਹਲ ਤੇ ਮੀਡੀਆ ਕੋਆਰਡੀਨੇਟਰ ਵਧਾਈ ਦੇ ਹੱਕਦਾਰ ਹਨ। ਡਾ. ਰੰਧਾਵਾ ਵਰਗੀ ਹਸਤੀ ਨੂੰ ਚੇਤੇ ਰੱਖਣ ਦੇ ਇਨ੍ਹਾਂ ਢੰਗ ਤਰੀਕਿਆਂ ਦਾ ਸਵਾਗਤ ਕਰਨਾ ਬਣਦਾ ਹੈ।
ਹੱਦਾਂ ਸਰਹੱਦਾਂ ਟੱਪਣ ਵਾਲੀ ਗਾਇਕਾ
‘ਆਜ ਫਿਰ ਜੀਨੇ ਕੀ ਤਮੰਨਾ ਹੈ’, ‘ਆਏਗਾ ਆਨੇ ਵਾਲਾ’, ‘ਪਿਆਰ ਕੀਆ ਤੋਂ ਡਰਨਾ ਕਿਆ’ ਤੇ `ਇਕ ਪਿਆਰ ਕਾ ਨਗਮਾ ਹੈ` ਵਰਗੇ ਗੀਤਾਂ ਨਾਲ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੇਪਾਲ ਤੇ ਸ੍ਰੀਲੰਕਾ ਦੇ ਸਰੋਤਿਆਂ ਨੂੰ ਮੋਹਣ ਵਾਲੇ ਗੀਤਾਂ ਦੀ ਮਲਿਕਾ ਲਤਾ ਮੰਗੇਸ਼ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ ਪਰ ਉਸਦੀ ਆਵਾਜ਼ ਤੇ ਆਤਮਾ ਇਨ੍ਹਾਂ ਸਾਰੇ ਦੇਸ਼ਾਂ ਵਿਚ ਗੰੂਜਦੀ ਰਹੇਗੀ। ਉਸਦੇ ਅਕਾਲ ਚਲਾਣੇ `ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਬੰਗਲਾ ਦੇਸ਼ ਦੀ ਸੇ਼ਖ ਹਸੀਨਾ, ਸ੍ਰੀ ਲੰਕਾ ਦੇ ਮਹਿੰਦਰਾ ਰਾਜਾਪਾਕਸਾ ਤੇ ਨੇਪਾਲ ਦੀ ਵਿਦਿਆ ਦੇਵੀ ਭੰਡਾਰੀ ਵਲੋਂ ਕੀਤਾ ਦੁੱਖ ਦਾ ਪ੍ਰਗਟਾਵਾ ਦੱਸਦਾ ਹੈ ਕਿ ਉਹ ਕਿੰਨੇ ਦੇਸ਼ਾਂ ਦੀ ਰੂਹ-ਏ-ਰਵਾਂ ਸੀ। ਹਿੰਦੂਤਵ ਨੂੰ ਪਰਨਾਏ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਉਸਦੇ ਦਾਹ ਸਸਕਾਰ `ਤੇ ਹਾਜ਼ਰੀ ਭਰਨਾ ਉਸਦੀ ਹਰਮਨ ਪਿਆਰਤਾ ਉੱਤੇ ਮੋਹਰ ਲਾਉਂਦਾ ਹੈ। ਉਸਨੇ ਦਰਜਨਾਂ ਭਾਸ਼ਾਵਾਂ ਵਿਚ ਹਜ਼ਾਰਾਂ ਗੀਤ ਗਾਏ ਅਤੇ ਉਸਦੇ ਬੋਲਾਂ ਦੀ ਮੰਗ ਅੰਤਲੀ ਉਮਰ ਤਕ ਬਣੀ ਰਹੀ।
ਕੁਫਰ ਟੂਟਾ ਖੁ਼ਦਾ ਖੁ਼ਦਾ ਕਰ ਕੇ
ਪਿਛਲੇ ਕੁਝ ਅਰਸੇ ਤੋਂ ਪੰਜਾਬ ਦੀ ਰਾਜਨੀਤੀ ਵਿਚ ਆਏ ਉਤਰਾਅ ਚੜ੍ਹਾਅ ਚਿੰਤਾ ਦਾ ਵਿਸ਼ਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਨਾਲ ਹੱਥ ਮਿਲਾਉਣਾ, `ਆਪ` ਦੇ ਭਗਵੰਤ ਮਾਨ ਦਾ ਮੁਖ ਮੰਤਰੀ ਦੇ ਸੁਪਨੇ ਲੈਣਾ, ਕਿਸਾਨ ਜਥੇਬੰਦੀਆਂ ਦਾ ਖੇਡ ਮੈਦਾਨ ਵਿਚ ਕੁੱਦਣਾ ਤੇ ਖੱਬੀਆਂ ਪਾਰਟੀਆਂ ਦਾ ਸਮੇਂ ਦੇ ਹਾਣੀ ਹੋਣਾ ਇਸਦੇ ਕੁਝ ਲੱਛਣ ਹਨ। ਪਾਸਾ ਕਿਹੜੇ ਪਾਸੇ ਪਰਤਦਾ ਹੈ ਇਹ ਤਾਂ ਸਮੇਂ ਨੇ ਦੱਸਣਾ ਹੈ ਪਰ ਇਸ ਰਾਜਨੀਤਕ ਡਰਾਮੇ ਵਿਚ ਨਵਜੋਤ ਸਿੱਧੂ ਦਾ ਪਾਕਿਸਤਾਨ ਦੇ ਇਮਰਾਨ ਖਾਨ ਦੀ ਬਰਾਬਰੀ ਦਾ ਸੁਪਨਾ ਲੈਣਾ ਸਵਾਲਾਂ ਦਾ ਸਵਾਲ ਬਣਿਆ ਹੋਇਆ ਹੈ। ਏਸ ਵਿਚ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣਾ ਕਿੰਨਾ ਵੀ ਸੰਭਾਵੀ ਰਿਹਾ ਹੋਵੇ ਇਸਨੇ ਸੂਬੇ ਦੀ ਰਾਜਨੀਤੀ ਨੂੰ ਕਈ ਦਿਸ਼ਾਵਾਂ ਵਲ ਤੋਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚ ਦਲਿਤ ਭਾਈਚਾਰੇ ਦੀ ਭਾਵਨਾ ਕੀ ਰੋਲ ਅਦਾ ਕਰਦੀ ਹੈ, ਸਮੇਂ ਨੇ ਦੱਸਣਾ ਹੈ। ਭਾਵੇਂ ਕਾਂਗਰਸ ਹਾਈ ਕਮਾਂਡ ਨੇ ਚੰਨੀ ਦੇ ਹੱਕ ਵਿਚ ਖਲੋਅ ਕੇ ਯੋਗ ਚਾਲ ਚੱਲੀ ਹੈ ਪਰ ਏਧਰੋਂ ਓਧਰੋਂ ਪਰ ਤੋਲ ਰਹੀਆਂ ਪਾਰਟੀਆਂ ਕੀ ਅਸਰ ਰੱਖਦੀਆਂ ਹਨ ਵੇਖਣ ਵਾਲੀ ਗੱਲ ਹੈ। ਹਾਲ ਦੀ ਘੜੀ ਇਸ ਸਿਆਸੀ ਖੇਡ ਵਿਚ ਸੁਨੀਲ ਜਾਖੜ ਦਾ ਪੈਂਤੜਾ ਸ਼ਲਾਘਾ ਦੀ ਮੰਗ ਕਰਦਾ ਹੈ। ਉਸਦਾ ਹਿੰਦੂ ਹੋਣਾ ਉਹਦੇ ਰਸਤੇ ਵਿਚ ਕਿੰਨਾ ਵੀ ਅੜਿੱਕਾ ਬਣੇ ਇਹ ਨਵਜੋਤ ਸਿੱਧੂ ਨੂੰ ਸਹੀ ਰਾਜਨੀਤੀ ਅਪਨਾਉਣ ਵਿਚ ਸਹਾਈ ਹੋ ਸਕਦਾ ਹੈ। ਅੱਜ ਨਹੀਂ ਤਾਂ ਕੱਲ੍ਹ। ਵੇਖੋ ਕੀ ਬਣਦਾ ਹੈ।

ਅੰਤਿਕਾ
ਸਿਮਰਤ ਸੂਮੈਰਾ
ਮੇਰੀ ਆਵਾਜ਼ ਨੂੰ ਕਹਿ ਕੇ
ਬਗਾਵਤ ਕਿਉਂ ਦਬਾਉਂਦੇ ਨੇ,
ਜ਼ਰੂਰੀ ਤਾਂ ਨਹੀਂ ਓਹੀ ਕਹਾਂ
ਹਾਕਮ ਜੋ ਚਾਹੰੁਦੇ ਨੇ।