ਚੋਣਾਂ ਦੇ ਰੰਗ ਸੱਜਣਾ……

ਗੁਰਚਰਨ ਕੌਰ ਥਿੰਦ
ਫੋਨ: 001-403-402-9635
ਇੱਕ ਪੰਜਾਬੀ ਫਿਲਮ ਵਿਚ ਢਾਡੀ ਇੱਕ ਗੀਤ ਗਾਉਂਦੇ ਹਨ, ਜੋ ਉਸ ਫਿਲਮ ਦਾ ਥੀਮ ਸੌਂਗ ਹੋ ਨਿੱਬੜਿਆ ਸੀ……‘ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ……’ ਪੰਜਾਬ ਵਿਚ ਪਿਛਲੇ ਕੁੱਝ ਮਹੀਨਿਆਂ ਦੇ ਤਾਣੇ-ਬਾਣੇ `ਤੇ ਝਾਤੀ ਮਾਰੀਏ ਤਾਂ ਗੱਲ ਕੁਝ ਇੰਜ ਵੀ ਠੀਕ ਬਹਿੰਦੀ ਲੱਗਦੀ ਹੈ ਕਿ ‘ਚੋਣਾਂ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’।

ਚੋਣਾਂ ਤਾਂ ਕੋਈ ਵੀ ਹੋਣ ਸਿਆਸੀ ਲੋਕ ਹਮੇਸ਼ਾ ਗਿਰਗਿਟ ਵਾਂਗ ਰੰਗ ਬਦਲਦੇ ਵੇਖੇ ਜਾਂਦੇ ਹਨ ਪਰ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸ ਪੱਖੋਂ ਹੋਰ ਵੀ ਨਿਵੇਕਲੀਆਂ ਨਜ਼ਰ ਆਉਂਦੀਆਂ ਹਨ। ਇੱਕ ਸਾਲ ਤਕ ਚੱਲੇ ਕਿਸਾਨ ਅੰਦੋਲਨ ਨੇ ਆਮ ਲੋਕਾਂ ਦੇ ਹਰ ਵਰਗ ਨੂੰ ਅਤੇ ਖਾਸ ਕਰ ਪਿੰਡਾਂ ਵਿਚ ਰਹਿਣ ਵਾਲੇ ਕਿਸਾਨ ਭਾਈਚਾਰੇ ਨੂੰ ਪਹਿਲੀ ਵਾਰ ਆਪਣੇ ਹੱਕਾਂ `ਤੇ ਛਾਪਾ ਮਾਰਨ ਵਾਲਿਆਂ ਪ੍ਰਤੀ ਸੁਚੇਤ ਤੇ ਜਾਗਰੂਕ ਕੀਤਾ ਅਤੇ ਕਾਨੂੰਨ ਘਾੜਿਆਂ ਕੋਲੋਂ ਪ੍ਰਸ਼ਨ ਪੁੱਛਣ ਲਈ ਉਤਸ਼ਾਹਤ ਕੀਤਾ ਹੈ। ਸੋ ਐਤਕੀਂ ਚੋਣਾਂ ਵਿਚ ਇਹ ਨਿਵੇਕਲਾ ਰੰਗ ਨਜ਼ਰ ਆਉਣ ਦੇ ਆਸਾਰ ਬਹੁਤ ਪਹਿਲਾਂ ਹੀ ਵਿਖਾਈ ਦੇਣ ਲੱਗ ਪਏ ਸਨ।
ਸਭ ਤੋਂ ਪਹਿਲਾਂ ਤਾਂ ਭਾਰੀ ਬਹੁਮਤ ਨਾਲ ਰਾਜ ਕਰ ਰਹੀ ਪਾਰਟੀ ਨੂੰ ਭਾਜੜਾਂ ਪਈਆਂ ਜਦੋਂ ਪੰਜ ਸਾਲ ਪਹਿਲਾਂ ਕੀਤੇ ਝੂਠੇ ਵਾਅਦਿਆਂ ਦੀ ਚੰਗੇਰ ਵਿਚੋਂ ਇੱਕ ਵੀ ਪੂਣੀ ਕੱਤੀ ਨਜ਼ਰ ਨਾ ਆਈ। ਚੋਣਾਂ ਘੋਸ਼ਿਤ ਹੋਣ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ‘ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗੇ’ ਵਾਲੀਆਂ ਉੱਠੀਆਂ ਬਾਗੀ ਸੁਰਾਂ ਨੇ ਪਾਰਟੀ ਅੰਦਰ ਭੂਚਾਲ ਲੈ ਆਂਦਾ। ਰਾਜ ਭਾਗ ਦੇ ਰਾਜਾ ਜੀ ਨੂੰ ਕਿਨਾਰੇ ਕਰ ਇੱਕ ਆਮ ਜਿਹੇ ਜਾਪਦੇ ਵਿਅਕਤੀ ਨੂੰ ਸੱਤਾ ਸੰਭਾਲਣ ਦਾ ਮੌਕਾ ਦਿੱਤਾ ਗਿਆ। ਰਹਿੰਦੇ ਸਮੇਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਦੌੜ ਲੱਗ ਗਈ। ਵਾਇਦੇ ਤਾਂ ਕੀ ਪੂਰੇ ਹੋਣੇ ਸਨ, ਉਂਜ ਲੋਕਾਂ ਹੱਥ ਛੁਣਛੁਣੇ ਫੜਾਉਣ ਦਾ ਦਾਅਵਾ ਜ਼ਰੂਰ ਕੀਤਾ ਜਾਣ ਲੱਗ ਪਿਆ। ਪਾਰਟੀ ਇੱਕਮੁੱਠ ਹੋਣ ਦੀ ਬਜਾਇ ਹੋਰ ਖੱਖੜੀਆਂ ਕਰੇਲੇ ਹੋਣ ਲੱਗ ਪਈ। ਚਲੋ ਜੀ, ਇਹ ਤਾਂ ਉਸ ਪਾਰਟੀ ਅੰਦਰਲੀ ਚੂਹੇ-ਦੌੜ ਸੀ, ਸਾਨੂੰ ਕੀ? ਆਪਾਂ ਤਾਂ ਚੋਣਾਂ ਦੇ ਦੰਗਲ ਦੀ ਗੱਲ ਕਰਨੀ ਹੈ ਜਿਹਦੇ ਵਿਚ ਹਰ ਪੰਜੀਂ ਸਾਲੀਂ ਸਾਨ੍ਹਾਂ ਦਾ ਭੇੜ ਹੁੰਦਾ ਹੈ।
ਲਓ ਜੀ, ਜੋ ਭੱਜ-ਦੌੜ ਚੋਣਾਂ ਅਨਾਊਂਸ ਹੋਣ ਤੋਂ ਬਾਅਦ ਹੋਈ ਉਹਦੇ ਤਾਂ ਨਿਰਾਲੇ ਰੰਗ ਹੀ ਵੇਖਣ ਨੂੰ ਮਿਲੇ। ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ `ਤੇ ਕਾਬਜ਼ ਰਹੀ ਅਤੇ ਪਿਛਲੀ ਵਾਰ ਦੀ ਗੱਦੀਓਂ ਲੱਥੀ ਪਾਰਟੀ ਤਾਂ ਲੰਗਰ ਲੰਗੋਟੇ ਕੱਸ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਸੀ ਅਤੇ ਅਗਾਊਂ ਹੀ ਚੋਣ ਮੈਦਾਨ ਸੰਭਾਲ ਚੋਣਾਂ ਘੋਸ਼ਿਤ ਹੋਣ ਤਕ ਅੱਧਿਓਂ ਵੱਧ ਕੰਮ ਨਿਬੇੜੀ ਬੈਠੀ ਸੀ। ਥਾਂ-ਥਾਂ ਰੈਲੀਆਂ, ਵੱਡੇ-ਵੱਡੇ ਇਕੱਠ ਅਤੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇਖ ਲੱਗਦਾ ਸੀ ਕਿ ਐਤਕੀਂ ਨੀ ਕਿਸੇ ਨੂੰ ਨੇੜੇ ਲੱਗਣ ਦੇਂਦੀ। ਆਪਾਂ ਆਪਣੀਆਂ ਦਾਦੀਆਂ ਨੂੰ ਕਹਿੰਦੇ ਸੁਣਿਆ, ‘ਰਾਤ ਦਾ ਕਮਾਇਆ, ਪੇਕਿਆਂ ਤੋਂ ਆਇਆ’। ਸੋ ਭਾਈ ਪਾਰਟੀ ਪ੍ਰਧਾਨ ਦੇ ਕੁਸ਼ਲ ਪ੍ਰਬੰਧ ਨੂੰ ਦਾਦ੍ਹ ਦੇਂਦੀਆਂ ਖ਼ਬਰਾਂ ਸੁਰਖ਼ੀਆਂ ਵਿਚ ਬਣੀਆਂ ਰਹੀਆਂ, ਜਿੰਨਾ ਚਿਰ ਤਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਵਿਚ ਬੈਠੀ ਪਾਰਟੀ ਦੇ ਦਿੱਲੀ ਵਾਲੇ ਲੀਡਰ ਮੈਦਾਨ ਵਿਚ ਨਹੀਂ ਆ ਨਿਤਰੇ ਅਤੇ ਰੇਡੀਓ, ਟੀ.ਵੀ. ਅਤੇ ਸੋਸ਼ਲ ਮੀਡੀਆ `ਤੇ ਇਸ ਪਾਰਟੀ ਦੇ ਭੰਡੀ ਪ੍ਰਚਾਰ ਦਾ ਦੌਰ ਸ਼ੁਰੂ ਨਹੀਂ ਹੋ ਗਿਆ। ਸਾਹਾ ਅਜੇ ਸੋਧਿਆ ਜਾਣਾ ਸੀ ਪਰ ਕਹਿੰਦੇ ਹਨ ਕਿ ਵੱਡੇ ਛੋਟੇ ਪੋਸਟਰਾਂ ਤੇ ਹੋਰਡਿੰਗਾਂ ਨੇ ਸ਼ਗਨਾਂ ਦੇ ਗੀਤ ਗਾਣਿਆਂ ਦੀ ਖਿੱਚ ਧੂਹ ਸ਼ੁਰੂ ਵੀ ਕਰ ਦਿੱਤੀ ਸੀ। ਖ਼ਬਰਾਂ, ਵਿਚਾਰ ਵਟਾਂਦਰੇ, ਐਕਸਕਲੂਸਿਵ ਇੰਟਰਵਿਊਜ਼ ਰਾਹੀਂ ਲੁਕਵੇਂ ਸੱਚ ਬਾਹਰ ਲਿਆਉਣ ਦਾ ਪ੍ਰਚਾਰ ਦਿਨੋਂ ਦਿਨ ਜ਼ੋਰ ਫੜਨ ਲੱਗ ਪਿਆ।
ਆਹ ਰੰਗ ਵੀ ਵੇਖਣ ਵਾਲਾ ਜੇ! ਹਾਕਮ ਪਾਰਟੀ ਤੋਂ ਮੁਕਤੀ ਪਾ ਚੁੱਕੇ ਰਾਜਾ ਜੀ ਨੇ ਦਿੱਲੀ ਦੇ ਗੇੜੇ ਲਾ-ਲਾ ਕੇ ਇੱਕ ਨਵਾਂ ਹੀ ਚੰਨ ਚੜ੍ਹਾ ਦਿੱਤਾ। ਦਿੱਲੀ ਦੀ ਵੱਡੀ ਪਾਰਟੀ ਦੀ ਸ਼ਹਿ ਤੇ ਹਮਾਇਤ ਨਾਲ ਨਵੀਂ ਪਾਰਟੀ ਨੂੰ ਜਨਮ ਦੇ ਦਿੱਤਾ ਅਤੇ ਜਿਸ ਪਾਰਟੀ ਨੂੰ ਕੁਝ ਸਮਾਂ ਪਹਿਲਾਂ ਬੁਰਾ ਭਲਾ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਸੀ ਹੁਣ ਪੰਜਾਬ ਵਿਚ ਉਸੇ ਪਾਰਟੀ ਦਾ, ਜਿਹਦੇ ਹਾਲ ਦੀ ਘੜੀ ਉਂਗਲਾਂ `ਤੇ ਗਿਣਨਯੋਗ ਕਾਰਕੁਨ ਸਨ, ਸਹਿਯੋਗੀ ਬਣ ਬੈਠਾ ਅਤੇ ਨਾਲ ਹੀ ਇੱਕ ਟਕਸਾਲੀ ਪੰਥਕ ਪਾਰਟੀ ਦੇ ਇਕੋ ਇਕ ਆਗੂ ਵਾਲੀ ਪਾਰਟੀ ਵੀ ਰਲਾ ਲਈ। ਕੱਦੂ, ਕਰੇਲੇ, ਭਿੰਡੀਆਂ ਸਭ ਇੱਕ ਟੋਕਰੀ ਵਿਚ ਬੈਠ ‘ਉਂਗਲ ਵੱਢਾਂ ਚੀਚੀ ਵੱਢਾਂ, ਮੇਰਾ ਸਾਥੀ ਹੋਰ ਆਏ’ ਉਚਾਰਦੇ ਗਿਣਤੀ ਵਧਾਉਣ ਲਈ ਦੂਜੀਆਂ ਪਾਰਟੀਆਂ ਦੇ ਭਗੌੜਿਆਂ ਦਾ ਇੰਤਜ਼ਾਰ ਕਰਦੇ ਨਜ਼ਰ ਆਉਣ ਲੱਗੇ। ਇਨ੍ਹਾਂ ਚੋਣਾਂ ਦੇ ਬਦਲਦੇ ਰੰਗਾਂ ਵਿਚ ਹੁਣ ਮੁਕਾਬਲਾ ਤਿਕੋਣਾ ਨਹੀਂ ਚੌਰਸ ਹੋ ਚੁੱਕਾ ਸੀ।
ਦੂਜੇ ਪਾਸੇ ਐਤਕੀਂ ਵੋਟਰਾਂ ਵਲੋਂ ਪਿੰਡਾਂ ਵਿਚ ਆਉਣ ਵਾਲੇ ਲੀਡਰਾਂ ਦੀ ਖਾਤਰਦਾਰੀ ਦੀ ਤਿਆਰੀ ਵੀ ਸਿਰੇ ਦੀ ਕੀਤੀ ਜਾ ਚੁੱਕੀ ਹੈ। ਕਿਸਾਨ ਸੰਘਰਸ਼ ਨੇ ਉਨ੍ਹਾਂ ਦੇ ਮੂੰਹ ਵਿਚਲੀ ਜ਼ੁਬਾਨ ਨੂੰ ਬੋਲ ਦੇ ਦਿੱਤੇ ਹਨ ਅਤੇ ਸਿਰ ਨੂੰ ਸਵੈਮਾਣ ਨਾਲ ਉੱਚਾ ਰੱਖਣਾ ਸਿਖਾ ਦਿੱਤਾ ਹੈ। ਹੁਣ ਲੋਕ ਬੈਠਣ ਲਈ ਸੋਫ਼ੇ ਤੇ ਦਰੀਆਂ ਨਹੀਂ ਵਿਛਾਉਂਦੇ ਸਗੋਂ ਅਗਲਵਾਂਢੀ ਹੋ ਆਪਣੇ ਪਿੰਡਾਂ ਤੇ ਇਲਾਕੇ ਦੇ ਮਸਲਿਆਂ ਦੇ ਸੁਆਲਾਂ ਦੀ ਬੁਛਾੜ ਸ਼ੁਰੂ ਕਰ ਦੇਂਦੇ ਹਨ। ਜਿਹੜੇ ਵੀ ਜਦੋਂ ਵੀ ਆਏ ਉਨ੍ਹਾਂ ਨੂੰ ਤੱਥ ਤੇ ਸੱਚ ਦਾ ਸਾਹਮਣਾ ਕਰਨਾ ਪਿਆ ਅਤੇ ਲਗਾਤਾਰ ਜੁਆਬ ਦੇਣੇ ਪੈ ਰਹੇ ਹਨ। ਕਈ ਨੇਤਾ ਤਾਂ ਲੋਕਾਂ ਦਾ ਸਾਹਮਣਾ ਕਰਨ ਤੋਂ ਕਤਰਾਉਣ ਵੀ ਲੱਗ ਪਏ ਹਨ।
ਉਪਰੋਂ ਓਮੀਕਰੋਨ ਨਾਂ ਦਾ ਨਵਾਂ ਵਾਇਰਸ ਮੁੜ ਵਬ੍ਹਾ ਬਣ ਮੈਦਾਨ ਵਿਚ ਆ ਉਤਰਿਆ। ਚੋਣਾਂ ਦੇ ਵਹਾਅ ਨੂੰ ਪਾਬੰਦੀਆਂ ਦਾ ਡੱਕਾ ਲੱਗਣਾ ਸ਼ੁਰੂ ਹੋ ਗਿਆ। ਪਹਿਲਾਂ ਸਰਕਾਰ ਵਲੋਂ ਕੁੱਝ ਸਖ਼ਤ ਹਦਾਇਤਾਂ ਜਾਰੀ ਹੋਈਆਂ ਗਈਆਂ ਅਤੇ ਫਿਰ ਚੋਣਾਂ ਦੀ ਤਾਰੀਖ ਅਨਾਊਂਸ ਹੁੰਦਿਆਂ ਹੀ ਚੋਣ ਕਮਿਸ਼ਨਰ ਵਲੋਂ ਵੱਡੀਆਂ ਰੈਲੀਆਂ ਉਪਰ ਪਾਬੰਦੀਆਂ ਦੇ ਨਾਲ-ਨਾਲ ਛੋਟੇ ਇਕੱਠ ਕਰਨ ਦੀ ਮਨਾਹੀ ਵੀ ਕਰ ਦਿੱਤੀ ਗਈ। ਦੋ-ਦੋ, ਚਾਰ-ਚਾਰ ਜਣੇ ਘਰ ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ। ਚੋਣਾਂ ਤਾਂ ਰੰਗੋਂ ਬੇਰੰਗ ਹੋ ਗਈਆਂ। ਇੱਕ ਵੱਡੇ ਆਖੇ ਜਾਂਦੇ ਨੇਤਾ ਦੇ ਮੂੰਹੋਂ ਤਾਂ ਨਿਕਲ ਹੀ ਗਿਆ ਕਿ ਜੇ ਵੱਡੇ ਇਕੱਠ ਨਾ ਹੋਣ ਤਾਂ ਚੋਣਾਂ ਦਾ ਤਾਂ ਨਜ਼ਾਰਾ ਹੀ ਨਹੀਂ ਆਉਂਦਾ। ਖ਼ੈਰ! ਹੋਣੀ ਨੂੰ ਕੌਣ ਟਾਲ ਸਕਦਾ। ‘ਨਾਤ੍ਹੀ ਧੋਤੀ ਰਹਿ ਗਈ ਨੱਕ `ਤੇ ਮੱਖੀ ਬਹਿ ਗਈ’ ਵਾਲੀ ਗੱਲ ਹੋ ਰਹੀ ਹੈ। ਚੋਣਾਂ ਦਾ ਇਹ ਬਦਰੰਗ ਰੰਗ ਵੀ ਪਹਿਲੀ ਵਾਰ ਵੇਖਣ ਨੂੰ ਆਇਆ ਹੈ। ਚਲੋ, ਵੇਖਦੇ ਆਂ ਬਾਕੀ ਰਹਿੰਦੇ ਦਿਨਾਂ ਵਿਚ ਇਸ ਪੱਖੋਂ ਊਠ ਕਿਸ ਕਰਵਟ ਬੈਠਦਾ ਹੈ।
ਦੂਜੇ ਪਾਸੇ ਬਾਂਦਰ ਟਪੂਸੀਆਂ ਮਾਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਜੇ ਰਹੀ। ਪਾਰਟੀਆਂ ਨਾਲ ਵਫ਼ਾਦਾਰੀ ਵਾਲੀ ਗੱਲ ਤਾਂ ਬਹੁਤ ਪਿੱਛੇ ਰਹਿ ਗਈ ਜਾਪਦੀ ਹੈ। ਉਹ ਵੇਲੇ ਲੱਦ ਗਏ ਜਦੋਂ ਪਾਰਟੀ ਦੇ ਕਾਰਕੁਨ ਪਾਰਟੀ ਖਾਤਰ ਜਾਨ ਵਾਰ ਦੇਣ ਦਾ ਜਿਗਰਾ ਰੱਖਦੇ ਹੋਣਗੇ। ਇਨ੍ਹਾਂ ਚੋਣਾਂ ਵਿਚ ਤਾਂ ਰੰਗ ਹੀ ਵੱਖਰੇ ਬਣੇ ਹੋਏ ਹਨ। ਇੱਕ ਪਾਰਟੀ ਛੱਡ ਦੂਜੀ ਤੇ ਦੂਜੀ ਛੱਡ ਤੀਜੀ ਵਿਚ ਚਲੇ ਜਾਣਾ ਤੇ ਰਾਤੋ-ਰਾਤ ਸਵੀਕਾਰੇ ਜਾਣਾ ਖੇਡ ਬਣ ਗਿਆ ਹੈ। ਜੇ ਆਪਣੀ ਪਾਰਟੀ ਤੋਂ ਟਿਕਟ ਮਿਲਣ ਦੀ ਉਮੀਦ ਨਹੀਂ ਤਾਂ ਝਟਪਟ ਛਾਲ ਮਾਰ ਦੂਜੀ ਵਿਚ ਜੇ ਉੱਥੇ ਵੀ ਖੈਰ ਪੈਂਦੀ ਨਹੀਂ ਲੱਗੀ ਤਾਂ ਫਿਰ ਕਿਸੇ ਹੋਰ ਦੇ ਬੂਹੇ ਜਾ ਬੈਠਣ ਜਾਂ ਪਹਿਲੀ ਪਾਰਟੀ ਵਿਚ ਮੁੜ ਆਉਣ `ਤੇ ਵੀ ਰਤਾ ਮਾਸਾ ਲੱਜ ਸ਼ਰਮ ਨਹੀਂ ਜੇ ਮੰਨੀ ਜਾਂਦੀ। ਟਿਕਟਾਂ ਦੀ ਵੰਡ ਤਕ ਅਜਿਹੀ ਨਿਰਲੱਜ ਖੇਡ ਜਿਸ ਢੰਗ ਨਾਲ ਖੇਡੀ ਗਈ ਇਸ ਵਾਰ ਦੀਆਂ ਚੋਣਾਂ ਦਾ ਇਹ ਰੰਗ ਵੀ ਵੇਖਿਆਂ ਹੀ ਬਣਦਾ ਹੈ।
ਹੁਣ ਨਾਮਜ਼ਦਗੀ ਕਾਗਜ਼ ਭਰੇ ਜਾ ਚੁੱਕੇ ਹਨ ਅਤੇ ਨਾਂ ਵਾਪਸ ਲੈਣ ਦੀ ਤਾਰੀਖ ਵੀ ਲੰਘ ਚੁੱਕੀ ਹੈ। ਸੋ ਇਹ ਬਾਂਦਰ ਟਪੂਸੀਆਂ ਵਾਲਾ ਰੰਗ ਸ਼ਾਇਦ ਹਾਲ ਦੀ ਘੜੀ ਮੱਠਾ ਪੈ ਜਾਵੇ। ਹਾਂ, ਚੋਣ ਨਤੀਜਿਆਂ ਬਾਅਦ ਫਿਰ ਵੇਖਣ ਵਿਚ ਆਉਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਆਪਣੇ ਹਲਕੇ ਦੇ ਵਿਰੋਧੀ ਉਮੀਦਵਾਰਾਂ `ਤੇ ਸ਼ਬਦ-ਬਾਣਾਂ ਦੀ ਵਰਖਾ ਜ਼ੋਰਾਂ-ਸ਼ੋਰਾਂ ਨਾਲ ਕਰਨ ਦਾ ਵੇਲਾ ਹੈ, ਜਿਸ ਨੂੰ ਸਭਿਅਕ ਭਾਸ਼ਾ ਵਿਚ ਚੋਣ-ਪ੍ਰਚਾਰ ਆਖਦੇ ਹਨ। ਇਹ ਰੰਗ ਤਾਂ ਲੋਕ ਹਰ ਵਾਰ ਚੋਣਾਂ ਵਿਚ ਵੇਖਦੇ ਆਏ ਹਨ, ਇਸ ਵਾਰ ਵੀ ਸੋਸ਼ਲ ਮੀਡੀਆ ’ਤੇ ਮਿਹਣੋ-ਮਿਹਣੀ ਹੁੰਦੇ ਵੱਡੇ ਵੱਡੇ ਨੇਤਾ, ਲੋਕਾਂ ਲਈ ਤਮਾਸ਼ੇ ਤੋਂ ਵੱਧ ਹੋਰ ਕੁਝ ਨਹੀਂ ਹਨ। ਐਤਕੀਂ ਵੱਡੀਆਂ ਰੈਲੀਆਂ ਅਤੇ ਇਕੱਠਾਂ ਦੀ ਘਾਟ ਜ਼ਰੂਰ ਰੜਕਦੀ ਹੈ। ਦੋ-ਦੋ ਚਾਰ-ਚਾਰ ਦੇ ਟੋਲਿਆਂ ਵਿਚ ਘਰ-ਘਰ ਜਾਣਾ ਪੈ ਰਿਹਾ ਹੈ, ਜਿੱਥੇ ਸਵਾਗਤ ਵੀ ਠੰਢੇ ਮਿੱਠੇ ਬੱਤਿਆਂ ਦੀ ਥਾਂ ਸੁਆਲਾਂ ਦੀਆਂ ਬੁਛਾੜਾਂ ਨਾਲ ਹੁੰਦਾ ਹੈ। ਉਮੀਦਵਾਰ ਕਚੀਚੀਆਂ ਤਾਂ ਵੱਟਦੇ ਹੋਣੇ ਆਂ ‘ਭਈ ਦੱਸਾਂਗੇ ਤੁਹਾਨੂੰ ਸੁਆਦ ਚੰਗੀ ਤਰ੍ਹਾਂ, ਜ਼ਰਾ ਲਾਲ ਬੱਤੀ ਵਾਲੀ ਕਾਰ ਮਿਲ ਲੈਣ ਦਿਓ!’
ਇਸ ਵਾਰ ਦਿੱਲੀ ਦੀਆਂ ਬਰੂਹਾਂ `ਤੇ ਚੱਲੇ ਸਾਲ ਭਰ ਦੇ ਕਿਸਾਨ ਅੰਦੋਲਨ ਨੇ ਨਵੀਂ ਪਾਰਟੀ ਨੂੰ ਜਨਮ ਦਿੱਤਾ ਹੈ। ਜਿਹਦਾ ਰੰਗ ਬੜੀ ਦੇਰ ਨਾਲ ਵੇਖਣ ਨੂੰ ਮਿਲਿਆ। ਲੇਟ ਤੁਰੀ, ਲੇਟ ਚੋਣ ਮੈਦਾਨ ਵਿਚ ਉਤਰੀ ਇਹ ਪਾਰਟੀ ਵੀ ਲੋਕਾਂ ਲਈ ਇਸ ਵਾਰ ਦੀਆਂ ਚੋਣਾਂ ਦਾ ਇੱਕ ਵਖਰਾ ਰੰਗ ਹੈ। ਵੱਡੇ ਵੱਡੇ ਦਾਅਵਿਆਂ ਨਾਲ ਪੰਜਾਬ ਵਿਚ ਲੋਕ-ਹਿੱਤਾਂ ਵਾਲਾ ਬਦਲਾਅ ਲਿਆਉਣ ਦਾ ਤਹੱਈਆ ਕਰ ਸਾਨ੍ਹਾਂ ਦੇ ਭੇੜ ਦਾ ਹਿੱਸਾ ਬਣੀ ਇਸ ਪਾਰਟੀ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਕੀਤੀ ਜਾਵੇ ਜਾਂ ਨਾ, ਅਜੇ ਤਾਈਂ ਤਾਂ ਸਮਝ ਨਹੀਂ ਲੱਗਦੀ। ਇਨ੍ਹਾਂ ਕੋਲ ਨਾ ਵਿੱਤੀ ਸਾਧਨ, ਨਾ ਕੋਈ ਆਧਾਰ ਜਿਸ ਨੂੰ ਪਾਰਟੀ ਕੇਡਰ ਕਹਿੰਦੇ ਆ। ਇਨ੍ਹਾਂ ਦੇ ਨੇਤਾ ਦਾ ਕਹਿਣਾ ਹੈ, ‘ਨਾ ਸਾਡੇ ਕੋਲ ਪੈਸਾ ਨਾ ਅਸੀਂ ਵੰਡਣਾ। ਅਸੀਂ ਤਾਂ ਹੱਥ ਜੋੜ ਕੇ ਵੋਟਾਂ ਮੰਗਣੀਆਂ।’ ਵੇਖੋ, ਇਨ੍ਹਾਂ ਸ਼ਰਤਾਂ `ਤੇ ਕਿੰਨੇ ਕੁ ਸੁਹਿਰਦ ਵੋਟਰ ਇਨ੍ਹਾਂ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਦੇ ਨੇ!
ਐਤਕੀਂ ਲੱਗਦਾ ਸੀ ਕਿ ਲੰਬਾ ਚਲਿਆ ਕਿਸਾਨੀ-ਘੋਲ ਨੈਤਿਕਤਾ ਦੇ ਆਧਾਰ `ਤੇ ਵੋਟਰਾਂ ਨੂੰ ਭਰਮਾਉਣ ਦੇ ਪ੍ਰਚਲਨ ਨੂੰ ਖ਼ਵਰੇ ਕੁਝ ਠੱਲ੍ਹ ਪਾਵੇਗਾ। ਅਫ਼ਸੋਸ! ਹਾਲ ਦੀ ਘੜੀ ਇਸ ਪਖੋਂ ਠੂਠਾ ਖ਼ਾਲੀ ਹੀ ਲੱਗਦਾ। ਪਰ ਜੇਕਰ ਫ਼ਕਰਾਂ ਦੇ ਲੋਟੇ ਵਿਚ ਖੈਰ ਪੈ ਗਈ ਤਾਂ ਸਮਝੋ ਚੋਣਾਂ ਦੇ ਰੰਗ ਬਦਲਣੇ ਸ਼ੁਰੂ ਹੋਣ ਦਾ ਘੰਟਾ ਖੜਕ ਗਿਆ। ਤੇ ਫਿਰ……‘ਚੋਣਾਂ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਣਾ। ਹੁਣ ਲੋਕਾਂ ਤੈਅ ਕਰਨਾ ਕਿ ਕਿਹੜੇ ਰੰਗਾਂ ਦੀ ਕਿਹੋ ਜਿਹੀ ਰੰਗੋਲੀ ਸਜਾਉਣੀ ਹੈ।……ਉਂਜ ਧੁਰ ਅੰਦਰ ਕਿਤੇ ਯਕੀਨ ਹੈ ਕਿ ਪੰਜਾਬ ਦੇ ਵੋਟਰ ਸਿਆਣੇ ਹਨ ਉਹ ਠੀਕ ਤੇ ਗਲਤ ਵਿਚਲਾ ਅੰਤਰ ਜਾਣਦੇ ਤੇ ਸਮਝਦੇ ਹਨ ਅਤੇ ਇਹ ਵੀ ਪਤਾ ਕਿ ਕੁਝ ਦਿਨਾਂ ਦੀ ਖੇਡ ਦੇ ਨਤੀਜੇ ਅਗਲੇ ਪੰਜ ਸਾਲ ਉਨ੍ਹਾਂ ਨੂੰ ਹੀ ਭੁਗਤਣੇ ਪੈਣੇ ਹਨ। ਵੈਸੇ ਇਤਿਹਾਸ ਗਵਾਹ ਹੈ ਕਿ ਪੰਜਾਬੀ ਜਦੋਂ ਵੀ ਕਰਦੇ ਹਨ ਕਮਾਲ ਹੀ ਕਰਦੇ ਹਨ। ਸੋ ਇਨ੍ਹਾਂ ਵਿਲੱਖਣ ਕਿਸਮ ਦੀਆਂ ਚੋਣਾਂ ਵਿਚ ਕਿਸੇ ਵਖਰੇ ਤਰ੍ਹਾਂ ਦੇ ਰੰਗਾਂ ਦੇ ਉਭਰ ਆਉਣ ਦੀ ਉਮੀਦ ਕਰਨਾ ਸ਼ਾਇਦ ਗਲਤ ਨਾ ਹੋਵੇ। ਸਿਆਣੇ ਕਹਿੰਦੇ ਹਨ, `ਜੀਵੇ ਆਸਾ, ਮਰੇ ਨਿਰਾਸ਼ਾ’।
ਲਉ, ਆਹ ਤਾਂ ਵਿਸਰ ਹੀ ਚੱਲਿਆ ਸੀ! ਚੋਣਾਂ ਦਾ ਇਹ ਰੰਗ ਵੀ ਸਰਕਾਰਾਂ ਨੇ ਵਕਤ ਰਹਿੰਦਿਆਂ ਹੀ ਵਿਖਾ ਦਿੱਤਾ ਸੀ। ਚੰਦ ਮਹੀਨਿਆਂ ਵਿਚ ਵਰ੍ਹਿਆਂ ਦੇ ਅਧੂਰੇ ਰਹਿ ਗਏ ਕੰਮ ਸਿਰੇ ਲਾਉਣ ਲਈ ਹੋਂਦ ਵਿਚ ਲਿਆਂਦੀ ਗਈ ਸੂਬੇ ਦੀ ਨਵੀਂ ਹਾਕਮ ਪਾਰਟੀ ਦੇ ਬੜਬੋਲੇ ਆਖੇ ਜਾਂਦੇ ਇੱਕ ਆਗੂ ਦੇ ਜ਼ੋਰ ਦੇਣ `ਤੇ ਵਿਰੋਧੀ ਪਾਰਟੀ ਦੇ ਕਹਿੰਦੇ ਕਹਾਉਂਦੇ ਆਗੂ ਉਪਰ ਚਿਰਾਂ ਦਾ ਪੈਂਡਿੰਗ ਪਿਆ ਕੇਸ ਖੁੱਲ੍ਹਵਾ ਦਿੱਤਾ ਗਿਆ। ਇਸ ਤੱਥ ਦਾ ਸੱਚ ਤਾਂ ਉਹੋ ਹੀ ਜਾਨਣ ਪਰ ਵਿਰੋਧੀਆਂ ਅਨੁਸਾਰ ਐਨ ਚੋਣਾਂ ਦੇ ਨੇੜੇ ਇਹ ਉਨ੍ਹਾਂ ਸਿਰ ਭਾਜੀ ਚਾੜ੍ਹੀ ਗਈ ਸੀ। ਫਿਰ ਦਿੱਲੀ ਸਰਕਾਰ ਵਲੋਂ ਹਾਕਮ ਪਾਰਟੀ ਦੇ ਮੁਖੀ ਦੇ ਨੇੜਲੇ ਰਿਸ਼ਤੇਦਾਰ ਦੇ ਘਰ ਈ.ਡੀ ਦਾ ਛਾਪਾ ਪਵਾਇਆ ਗਿਆ। ਕੇਸ ਉਹ ਵੀ ਕੋਈ ਪੁਰਾਣਾ ਹੀ ਸੀ। ਬੱਸ ਜੀ ਚੇਤਾ ਹੀ ਐਸ ਮੌਕੇ ਆਇਆ। ਫਿਰ ਉਸ ਕਹਿੰਦੇ ਕਹਾਉਂਦੇ ਰੂਪੋਸ਼ ਹੋਏ ਆਗੂ ਨੇ ਅਗਾਊਂ ਜ਼ਮਾਨਤ ਲੈ ਹਾਕਮ ਪਾਰਟੀ ਦੇ ਉਸ ਆਗੂ ਨੂੰ ਆ ਦਬੋਚਿਆ ਅਤੇ ਆਪਣਾ ਹਲਕਾ ਛੱਡ ਉਸ ਦੇ ਹਲਕੇ ਤੋਂ ਸਿੱਧੀ ਟੱਕਰ ਲਈ ਆ ਕਾਗਜ਼ ਭਰੇ। ਕਹਿਣ ਵਾਲੇ ਤਾਂ ਕਹਿੰਦੇ ਹਨ ਕਿ ਉਸ ਨੇਤਾ ਨੂੰ ਨੇਸਤੋ ਨਾਬੂਦ ਕਰਨ ਦੀ ਕਈ ਪਾਰਟੀਆਂ ਦੀ ਇਹ ਮਿਲੀਭੁਗਤ ਹੈ। ਖ਼ੈਰ, ਇਨ੍ਹਾਂ ਦੇ ਇਹ ਰੰਗ ਦਾਤਾ ਹੀ ਜਾਣੇ, ਸਾਨੂੰ ’ਮਾਤੜ੍ਹਾਂ ਨੂੰ ਵਿਚਲੀਆਂ ਗੱਲਾਂ ਦਾ ਕੀ ਪਤਾ!`…..ਸਾਨੂੰ ਤਾਂ ਆਹ ਹੁਣੇ ਹੁਣੇ ਖਿੜੇ ਨਵੇਂ ਰੰਗ ਦੀ ਖ਼ਬਰ ਸੁਣ ਚੱਕਰ ਜਿਹਾ ਆ ਗਿਆ। ਅਖੇ ਜੀ, ਮਸਾਂ ਮਸਾਂ ਬੜੀ ਜੁਗਤ ਨਾਲ ਫੜ ਕੇ ਅੰਦਰ ਡੱਕੇ ਸੰਤਾਂ ਨੂੰ ਪੈਰੋਲ ਮਿਲ ਗਈ ਹੈ। ਉਹ ਹੁਣ ਤਿੰਨ ਕੁ ਹਫ਼ਤਿਆਂ ਦਾ ਸਮਾਂ ਜੇਲ੍ਹ ਤੋਂ ਬਾਹਰ ਆਪਣੇ ਪਰਿਵਾਰ ਨਾਲ ਬਿਤਾ ਸਕਦੇ ਨੇ। ਹੁਣ ਇਹ ਵੀ ਸੰਯੋਗ ਹੀ ਹੈ ਕਿ ਐਨ ਪੰਜਾਬ ਦੀਆਂ ਚੋਣਾਂ ਮੌਕੇ ਇਹ ਕਾਰਵਾਈ ਪਾਈ ਗਈ ਜਾਂ ਚੋਣਾਂ ਦਾ ਰੰਗ ਬਦਲਣ ਲਈ ਸੋਚੀ ਸਮਝੀ ਕਿਸੇ ਸਕੀਮ ਦਾ ਨਤੀਜਾ ਹੈ? ਭਵਿੱਖ ਦੀ ਹਿੱਕ ਵਿਚ ਲੁਕੇ ਇਸ ਪ੍ਰਸ਼ਨ ਦਾ ਜੁਆਬ ਤਾਂ ਸਮਾਂ ਹੀ ਜਾਣਦਾ ਹੈ।……ਆਪਾਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਵਾਹਿਗੁਰੂ ਪੰਜਾਬੀਆਂ ਦੇ ਸਿਰ `ਤੇ ਮਿਹਰ ਭਰਿਆ ਹੱਥ ਰੱਖੇ!