ਸੰਕੇਤ ਕੀ ਮਿਲਦੇ ਨੇ ਅਸਲੋਂ ਬਦਲੀ ਪੰਜਾਬ ਦੀ ਚੋਣ ਮੁਹਿੰਮ ਦੇ!

-ਜਤਿੰਦਰ ਪਨੂੰ
ਪੰਜਾਬ ਦੀ ਪਹਿਲੀ ਚੋਣ ਮੁਹਿੰਮ ਅਸੀਂ ਉਸ ਵੇਲੇ ਵੇਖੀ ਸੀ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਪੜ੍ਹਾਉਣ ਵਾਲਿਆਂ ਦੀ ਅੱਖ ਬਚਾ ਕੇ ਉਸ ‘ਕੁਰਬਾਨੀ ਵਾਲੇ’ ਸੰਤ ਫਤਹਿ ਸਿੰਘ ਦੇ ‘ਦਰਸ਼ਨ’ ਕਰਨ ਗਏ ਸਾਂ, ਜਿਸ ਬਾਰੇ ਸੁਣਦੇ ਸਾਂ ਕਿ ਉਹ ਸਿੱਖ ਪੰਥ ਲਈ ਤਿੰਨ ਵਾਰੀ ਮਰਨ-ਵਰਤ ਰੱਖ ਚੁੱਕਾ ਹੈ। ਇਹ ਗੱਲ ਚੋਖਾ ਚਿਰ ਬਾਅਦ ਸਾਨੂੰ ਸਮਝ ਪਈ ਕਿ ਮਰਨਾ ਹੋਵੇ ਤਾਂ ‘ਤਿੰਨ ਮਰਨ-ਵਰਤ’ ਨਹੀਂ ਰੱਖਣੇ ਪੈਂਦੇ, ਜਿਹੜਾ ਬੰਦਾ ਇਸ ਤਰ੍ਹਾਂ ਮੁੜ-ਮੁੜ ‘ਮਰਨ-ਵਰਤ’ ਰੱਖਦਾ ਰਹਿੰਦਾ ਹੋਵੇ, ਉਹ ਮਰਦਾ ਨਹੀਂ ਹੁੰਦਾ, ਐਵੇਂ ਫੋਕੇ ਖੇਖਣ ਕਰਦਾ ਹੁੰਦਾ ਹੈ।

ਇਹ ਗੱਲ ਆਪਣੀ ਥਾਂ, ਪਰ ਉਸ ਦੇ ‘ਦਰਸ਼ਨ’ ਦੇ ਬਹਾਨੇ ਉਸ ਪਹਿਲੀ ਚੋਣ ਮੁਹਿੰਮ ਤੋਂ ਬਾਅਦ ਇਸ ਵਕਤ ਅਸੀਂ ਬਾਰ੍ਹਵੀਂ ਚੋਣ ਮੁਹਿੰਮ ਚੱਲਦੀ ਵੇਖ ਰਹੇ ਹਾਂ। ਏਨੇ ਸਮੇਂ ਵਿਚ ਚੋਣਾਂ ਦੀਆਂ ਮੁਹਿੰਮਾਂ ਦਾ ਸਿਆਸੀ ਰੰਗ ਵੀ ਚੋਖਾ ਬਦਲ ਗਿਆ, ਚੋਣ ਮੁਹਿੰਮ ਚਲਾਉਂਦੀਆਂ ਰਾਜਸੀ ਪਾਰਟੀਆਂ ਵੀ ਬਦਲ ਗਈਆਂ ਅਤੇ ਮੁੱਦੇ ਵੀ ਏਨੇ ਬਦਲ ਗਏ ਕਿ ਯਕੀਨ ਕਰਨਾ ਔਖਾ ਜਾਪਦਾ ਹੈ।
ਉਸ ਵਕਤ ਚੋਣ ਲੜਦੀਆਂ ਸਿਆਸੀ ਧਿਰਾਂ ਵਿਚ ਰਿਪਬਲੀਕਨ ਪਾਰਟੀ ਵੀ ਹੁੰਦੀ ਸੀ, ਜਿਹੜੀ ਚੋਣ ਮੈਦਾਨ ਤੋਂ ਛੇਤੀ ਬਾਹਰ ਹੋ ਗਈ ਤੇ ਕਮਿਊਨਿਸਟਾਂ ਦੀਆਂ ਦੋ ਵੱਡੀਆਂ ਧਿਰਾਂ ਵੀ ਚੋਖਾ ਪ੍ਰਭਾਵ ਰੱਖਦੀਆਂ ਸਨ। ਇਕ ਮੌਕੇ ਜਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੀ ਕਮਾਨ ਸਾਂਭੀ ਸੀ, ਓਦੋਂ ਇੱਕ ਕਮਿਊਨਿਸਟ ਪਾਰਟੀ ਦੇ ਦਸ ਵਿਧਾਇਕ ਅਤੇ ਦੂਸਰੀ ਦਾ ਇੱਕ ਭਾਵੇਂ ਵੱਖੋ-ਵੱਖ ਬੈਠਦੇ ਸਨ, ਮਿਲਾ ਕੇ ਗਿਆਰਾਂ ਹੁੰਦੇ ਸਨ। ਜਿਹੜੀ ਧਿਰ ਦੇ ਦਸ ਵਿਧਾਇਕ ਸਨ, ਉਸ ਨੂੰ ਇਹ ਮਿਹਣਾ ਮਾਰਿਆ ਜਾਂਦਾ ਸੀ ਕਿ ਇਹ ਕਾਂਗਰਸ ਦੀ ਮਦਦ ਨਾਲ ਜਿਤਾਏ ਹਨ, ਆਪਣੇ ਸਿਰ ਜਿੱਤਣ ਜੋਗੀ ਨਹੀਂ। ਅਗਲੀ ਵਾਰੀ ਫਿਰ ਕਾਂਗਰਸ ਨਾਲ ਜੁੜ ਕੇ ਉਸ ਪਾਰਟੀ ਦੇ ਸੱਤ ਜਿੱਤ ਗਏ ਤੇ ਦੂਸਰੀ ਦੇ ਅਕਾਲੀਆਂ ਨਾਲ ਮਿਲ ਕੇ ਅੱਠ ਜਿੱਤਣ ਨਾਲ ਪੰਦਰਾਂ ਹੋ ਗਏ, ਪਰ ਮਿਹਣਾ ਉਹੋ ਵੱਜਦਾ ਰਿਹਾ। ਉਸ ਤੋਂ ਅਗਲੀ ਵਾਰੀ ਦੋਵਾਂ ਦੀ ਅਕਾਲੀ ਦਲ ਨਾਲ ਚੋਣ ਸਾਂਝ ਵਿਚ ਪਹਿਲੀ ਧਿਰ ਦੇ ਨੌਂ ਤੇ ਦੂਸਰੀ ਦੇ ਪੰਜ ਜਿੱਤਣ ਵਿਚ ਕਾਮਯਾਬ ਹੋ ਗਏ, ਪਰ ਪੰਜ ਸਾਲ ਪਿੱਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਪਿੱਛੋਂ ਹੋਈਆਂ ਚੋਣਾਂ ਵਿਚ ਪਹਿਲੀ ਪਾਰਟੀ ਦਾ ਇੱਕ ਵਿਧਾਇਕ ਰਹਿ ਗਿਆ ਤੇ ਦੂਸਰੀ ਇੱਕ ਤੋਂ ਵੀ ਵਾਂਝੀ ਹੋ ਗਈ। ਉਸ ਤੋਂ ਬਾਅਦ ਇਨ੍ਹਾਂ ਦੋਵਾਂ ਕਮਿਊਨਿਸਟ ਧਿਰਾਂ ਦੀ ਹਾਲਤ ਵਿਗੜਦੀ ਗਈ ਅਤੇ ਹੌਲੀ-ਹੌਲੀ ਇਹ ਹਾਲ ਹੋ ਗਿਆ ਕਿ ਅੱਜ-ਕੱਲ੍ਹ ਦੋਵਾਂ ਦਾ ਪੰਜਾਬ ਦੀ ਵਿਧਾਨ ਸਭਾ ਵਿਚ ਖਾਤਾ ਖਾਲੀ ਹੈ। ਉਨ੍ਹਾਂ ਦੀ ਥਾਂ ਨਵੀਆਂ ਸਿਆਸੀ ਧਿਰਾਂ ਉੱਠਣ ਲੱਗ ਪਈਆਂ ਹਨ।
ਨਵੀਆਂ ਧਿਰਾਂ ਵਿਚੋਂ ਦਸ ਸਾਲ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਪੀਪਲਜ਼ ਪਾਰਟੀ ਵੀ ਬਣੀ ਸੀ, ਜਿਹੜੀ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਤੋਂ ਤੁਰੀ ਅਤੇ ਨਤੀਜੇ ਵਿਚ ਇੱਕ ਵੀ ਸੀਟ ਜਿੱਤਣ ਜੋਗੀ ਨਹੀਂ ਸੀ ਨਿਕਲੀ। ਉਸ ਪਾਰਟੀ ਦਾ ਮੁਖੀ ਬਾਅਦ ਵਿਚ ਕਾਂਗਰਸ `ਚ ਜਾ ਰਲਿਆ ਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖਜ਼ਾਨਾ ਮੰਤਰੀ ਰਹਿ ਚੁੱਕਾ ਉਹੀ ਆਗੂ ਫਿਰ ਕਾਂਗਰਸ ਦਾ ਖਜ਼ਾਨਾ ਮੰਤਰੀ ਬਣ ਗਿਆ। ਪੰਜ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀ ਪਹਿਲੀ ਚੋਣ ਲੜੀ ਤਾਂ ਉਸ ਦੇ ਆਗੂ ਵੀ ਮਨਪ੍ਰੀਤ ਸਿੰਘ ਬਾਦਲ ਵਾਂਗ ਸੌ ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕਰਦੇ ਸਨ ਤੇ ਉਨ੍ਹਾਂ ਦੇ ਵਿਰੋਧੀ ਆਗੂ ਵੀ ਉਨ੍ਹਾਂ ਦੀ ਸਰਕਾਰ ਬਣ ਜਾਣ ਜਾਂ ਅੱਧੇ ਸੈਂਕੜੇ ਦੇ ਨੇੜੇ ਸੀਟਾਂ ਜਿੱਤ ਜਾਣ ਤੱਕ ਮੰਨੀ ਬੈਠੇ ਸਨ। ਨਤੀਜੇ ਵਜੋਂ ਉਹ ਮਸਾਂ ਵੀਹ ਸੀਟਾਂ ਤੀਕਰ ਸਿਮਟ ਗਈ ਤੇ ਫਿਰ ਪਾਟਕ ਦਾ ਸਿ਼ਕਾਰ ਹੋ ਗਈ ਸੀ। ਕਾਂਗਰਸ ਵਿਚੋਂ ਆਏ ਇੱਕ ਬੰਦੇ ਦਾ ਪਾਇਆ ਪਾਟਕ ਇਸ ਪਾਰਟੀ ਦੀ ਹਾਲਤ ਵਿਗਾੜਨ ਲਈ ਰਾਜਸੀ ਸਦਾਚਾਰ ਦੀ ਨੀਵਾਣ ਦੀਆਂ ਆਖਰੀ ਹੱਦਾਂ ਛੋਹਣ ਤਕ ਗਿਆ, ਪਰ ਕਿਸੇ ਤਰ੍ਹਾਂ ਇਹ ਪਾਰਟੀ ਆਪਣਾ ਭੋਗ ਪੈਣ ਤੋਂ ਬਚਾ ਕੇ ਅੱਜ ਇੱਕ ਵਾਰ ਮੁੜ ਚੋਣ ਮੈਦਾਨ ਵਿਚ ਖੜ੍ਹੀ ਹੈ।
ਏਥੇ ਆ ਕੇ ਅਸੀਂ ਇਸ ਵਕਤ ਹੋ ਰਹੀਆਂ ਚੋਣਾਂ ਦੀ ਚਰਚਾ ਕਰਨਾ ਚਾਹੁੰਦੇ ਹਾਂ। ਅਸੀਂ ਕਦੇ ਵੀ ਸਿਆਸਤ ਦੇ ਜੋਤਸ਼ੀ ਬਣਨ ਦਾ ਭਰਮ ਨਹੀਂ ਰੱਖਿਆ, ਪਰ ਹਾਲਾਤ ਕਈ ਵਾਰੀ ਕੁਝ ਏਦਾਂ ਦੇ ਮੋੜ ਕੱਟਣ ਲੱਗਦੇ ਹਨ ਕਿ ਤਜਰਬੇ ਦੇ ਆਧਾਰ ਉੱਤੇ ਕੁਝ ਸੰਕੇਤ ਸਮਝ ਆਉਣ ਲੱਗਦੇ ਹਨ। ਏਦਾਂ ਦੇ ਸੰਕੇਤ ਇਸ ਵਕਤ ਵੀ ਚੋਣ ਮੁਹਿੰਮ ਦੀ ਗਰਮਾ-ਗਰਮੀ ਦੇ ਵਿਚਾਲਿਉਂ ਉੱਠਦੇ ਮਹਿਸੂਸ ਹੁੰਦੇ ਹਨ। ਇਸ ਵਾਰੀ ਜਦੋਂ ਚੋਣਾਂ ਦੀ ਮੁਹਿੰਮ ਸ਼ੁਰੂ ਹੋਈ ਸੀ ਤਾਂ ਉਸ ਵਕਤ ਜਿਹੜਾ ਰੌਂਅ ਭਾਸ਼ਣਾਂ ਦੀ ਕੁੜੱਤਣ ਦਾ ਨਜ਼ਰ ਪੈਂਦਾ ਸੀ, ਉਸ ਦੀ ਕੁੜੱਤਣ ਤਾਂ ਅਜੇ ਵੀ ਹੈ ਅਤੇ ਪਹਿਲਾਂ ਨਾਲੋਂ ਸਗੋਂ ਵਧ ਗਈ ਹੈ, ਪਰ ਉਸ ਦਾ ਰੁਖ ਬਦਲਿਆ ਜਾਪਣ ਲੱਗ ਪਿਆ ਹੈ। ਕਾਂਗਰਸ ਪਾਰਟੀ ਦੇ ਆਗੂਆਂ ਵਿਚ ‘ਮੈਂ ਵੱਡਾ ਆਗੂ’ ਵਾਲੀ ਜੰਗ ਇਸ ਹੱਦ ਤਕ ਚਲੀ ਗਈ ਹੈ ਕਿ ਉਹ ਆਪਣੇ ਇਸ ਕੁਪੱਤ ਕਾਰਨ ਹੋਰ ਕੁਝ ਵੇਖਣਾ ਹੀ ਨਹੀਂ ਚਾਹੁੰਦੇ। ਹਾਲਤ ਇਹ ਹੈ ਕਿ ਵੱਡੇ ਲੀਡਰਾਂ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਲਈ ਛਿੜੀ ਜੰਗ ਵਿਚ ਉਨ੍ਹਾਂ ਲੀਡਰਾਂ ਦੇ ਪਰਿਵਾਰ ਦੇ ਜੀਅ ਵੀ ਆਪੋ-ਆਪਣਾ ਰਾਗ ਅਲਾਪਣ ਲੱਗੇ ਹਨ ਅਤੇ ਚੋਣਾਂ ਜਿੱਤਣ ਵੱਲ ਧਿਆਨ ਘੱਟ ਤੇ ਆਪਸੀ ਖਹਿਬੜ ਵਿਚ ਵੱਧ ਲੱਗਾ ਪਿਆ ਹੈ। ਇਸ ਦੇ ਲੀਡਰ ਜਿੱਤਣਾ ਹੀਂ ਨਹੀਂ ਚਾਹੁੰਦੇ ਤਾਂ ਲੋਕ ਕਿਉਂ ਜਿਤਾਉਣਗੇ!
ਆਮ ਆਦਮੀ ਪਾਰਟੀ ਸਾਰਾ ਤਾਣ ਲਾਈ ਜਾਂਦੀ ਹੈ, ਉਸ ਦੇ ਹੱਕ ਦੀ ਲਹਿਰ ਚੱਲਣ ਦੇ ਚਰਚੇ ਵੀ ਕਈ ਲੋਕ ਕਰਦੇ ਹਨ ਅਤੇ ਲੋਕਾਂ ਵਿਚ ਇਹ ਪ੍ਰਭਾਵ ਵੀ ਮਿਲਦਾ ਹੈ, ਪਰ ਕਿਰਿਆ ਦੇ ਉਲਟ ਪ੍ਰਤੀਕਿਰਿਆ ਦੀ ਧਾਰਨਾ ਕਿਸੇ ਨੂੰ ਯਾਦ ਨਹੀਂ। ਮੁਹਿੰਮ ਵਿਚ ਰੁੱਝੀ ਹੋਈ ਆਮ ਆਦਮੀ ਪਾਰਟੀ ਆਸੇ-ਪਾਸੇ ਦੇ ਉਨ੍ਹਾਂ ਵਰਤਾਰਿਆਂ ਬਾਰੇ ਸੋਚਣ ਦੀ ਵਿਹਲ ਨਹੀਂ ਕੱਢਦੀ, ਜਾਂ ਉਸ ਨੂੰ ਸਮਝ ਨਹੀਂ ਪੈਂਦੀ, ਜਿਹੜੇ ਅੰਦਰੋ-ਅੰਦਰ ਆਪਣੀ ਛਾਪ ਛੱਡਣ ਲੱਗੇ ਹਨ।
ਪਿਛਲੇ ਹਫਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਬਿਮਾਰ ਪਏ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਤਾ ਸੀ। ਉਸ ਫੋਨ ਤੋਂ ਪਹਿਲੇ ਦਿਨ ਤਕ ਭਾਜਪਾ ਵਿਰੁੱਧ ਅਕਾਲੀ ਲੀਡਰਾਂ ਦੇ ਬੋਲ ਬਹੁਤ ਕੁੜੱਤਣ ਵਾਲੇ ਸਨ, ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਦੀ ਬੋਲੀ ਵਿਚ ਵਾਹਵਾ ਫਰਕ ਕਈ ਲੋਕਾਂ ਨੇ ਨੋਟ ਕੀਤਾ ਹੈ। ਦੂਸਰੀ ਗੱਲ ਕਿ ਪਹਿਲੇ ਸਮੇਂ ਵਿਚ ਭਾਰਤੀ ਜਨ ਸੰਘ ਅਤੇ ਫਿਰ ਉਹੀ ਆਗੂ ਭਾਰਤੀ ਜਨਤਾ ਪਾਰਟੀ ਬਣਨ ਦੇ ਬਾਅਦ ਵੀ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਨੂੰ ਟਾਲਣ ਜਾਂ ਹਿੰਦੂਤਵ ਦੀ ਝੰਡਾ-ਬਰਦਾਰੀ ਕਰਦਿਆਂ ਘੱਟ-ਗਿਣਤੀਆਂ ਵੱਲ ਸੰਭਲ ਕੇ ਨਹੀਂ ਸਨ ਬੋਲਿਆ ਕਰਦੇ, ਉਹੀ ਭਾਜਪਾ ਲੀਡਰ ਇਸ ਵਾਰੀ ਸਾਰਾ ਜ਼ੋਰ ਇਹ ਦੱਸਣ ਉੱਤੇ ਲਾ ਰਹੇ ਹਨ ਕਿ ਉਹ ਸਿੱਖੀ ਅਤੇ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਹਨ। ਭਾਜਪਾ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ ਹਿੱਤਾਂ ਦੇ ਪਹਿਰੇਦਾਰ ਵਜੋਂ ਪੇਸ਼ ਕਰਨ ਲਈ ਉਚੇਚੀ ਲਿਖੀ ਇੱਕ ਕਿਤਾਬ ਵੀ ਉਹ ਵੰਡਦੇ ਹਨ ਅਤੇ ਭਾਸ਼ਣਾਂ ਵਿਚ ਵੀ ਦੱਸਣਾ ਨਹੀਂ ਭੁੱਲਦੇ ਕਿ ਕਾਂਗਰਸ ਰਾਜ ਵਿਚ ਸਿੱਖਾਂ ਨਾਲ ਧੱਕੇ ਹੋਏ ਸਨ, ਨਰਿੰਦਰ ਮੋਦੀ ਨੇ ਇਨਸਾਫ ਦਿਵਾਉਣ ਲਈ ਕਦਮ ਚੁੱਕੇ ਹਨ। ਪਿਛਲੇ ਸਾਲ ਕਈ ਸਿੱਖ ਆਗੂ ਅੱਗੜ-ਪਿੱਛੜ ਜਦੋਂ ਭਾਜਪਾ ਦੇ ਨਾਲ ਜੁੜਨ ਲੱਗੇ ਤਾਂ ਕਈ ਲੋਕਾਂ ਨੂੰ ਇਹ ਹਾਸੋ-ਹੀਣੀ ਜਿਹੀ ਗੱਲ ਜਾਪਦੀ ਸੀ, ਅਸੀਂ ਓਦੋਂ ਵੀ ਕਿਹਾ ਸੀ ਕਿ ਭਾਜਪਾ ਵੱਲ ਸਿੱਖ ਚਿਹਰਿਆਂ ਦੀ ਦੌੜ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਨਕਸ਼ਾ ਬਦਲਣ ਤੱਕ ਜਾ ਸਕਦੀ ਹੈ। ਉਸ ਦਾ ਅਸਰ ਅੱਜ ਦਿਖਾਈ ਦੇਂਦਾ ਹੈ ਅਤੇ ਇਹੋ ਅਸਰ ਚੋਣਾਂ ਪਿੱਛੋਂ ਓਹੋ ਜਿਹੇ ਨਤੀਜੇ ਪੇਸ਼ ਕਰ ਸਕਦਾ ਹੈ, ਜਿਨ੍ਹਾਂ ਦੀ ਇਸ ਵਕਤ ਗੱਲ ਵੀ ਕਰੀਏ ਤਾਂ ਬਹੁਤ ਸਾਰੇ ਸੱਜਣ ਮਜ਼ਾਕ ਉਡਾਉਂਦੇ ਹਨ। ਇਹ ਨਤੀਜੇ ਵੋਟ ਮਸ਼ੀਨਾਂ ਵਿਚੋਂ ਵੀ ਨਿਕਲ ਸਕਦੇ ਹਨ ਅਤੇ ਮਸ਼ੀਨਾਂ ਦੇ ਫਤਵੇ ਤੋਂ ਬਾਅਦ ਸਰਕਾਰ ਬਣਾਉਣ ਦੀ ਪ੍ਰਕਿਰਿਆ ਦੇ ਰੂਪ ਵਿਚ ਵੀ ਸਾਹਮਣੇ ਆ ਸਕਦੇ ਹਨ, ਜਿਸ ਦੇ ਸਾਫ ਸੰਕੇਤ ਦਿਸਣ ਲੱਗੇ ਹਨ।
ਅਸੀਂ ਇਹ ਨਹੀਂ ਕਹਿੰਦੇ ਕਿ ਏਹੀ ਹੋਵੇਗਾ, ਜਿੱਦਾਂ ਸੰਕੇਤ ਅਸੀਂ ਕੀਤਾ ਹੈ, ਪਰ ਪੱਤਰਕਾਰੀ ਜਗਤ ਦੇ ਕਈ ਧਨੰਤਰਾਂ ਨਾਲ ਹੋਈ ਸਾਡੀ ਨਿੱਜੀ ਪੱਧਰ ਦੀ ਗੱਲਬਾਤ ਦਾ ਨਿਚੋੜ ਇਹੋ ਹੈ, ਜੋ ਅਸੀਂ ਪਾਠਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਹੈ। ਇਸ ਸੰਭਾਵਨਾ ਵਿਚ ਵਾਧਾ ਕਰਨ ਵਾਲਾ ਇੱਕ ਹੋਰ ਪੱਖ ਸਿਰਸੇ ਦੇ ਡੇਰੇ ਵਾਲਾ ਵੀ ਹੈ, ਜਿਸ ਦੀ ਚਰਚਾ ਅਸੀਂ ਨਹੀਂ ਕਰ ਰਹੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਸ ਪਾਸੇ ਵਗਣਾ ਹੈ।