ਅਨੋਖਾ ਅੰਦੋਲਨ

ਹਰਜੀਤ ਦਿਉਲ ਬਰੈਂਪਟਨ
ਮੇਰਾ ਮਿੱਤਰ ਜਦ ਮੇਰੇ ਘਰ ਆਇਆ ਤਾਂ ਉਸ ਦੀ ਕਾਰ `ਤੇ ‘ਨੋ ਟਰੱਕ ਨੋ ਫੂਡ’ ਦਾ ਝੰਡਾ ਲੱਗਾ ਦੇਖਿਆ। ਪੁੱਛਣ `ਤੇ ਉਸ ਟਰੱਕ ਵਾਲਿਆਂ ਦੀ ਹਮਾਇਤ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੱਤੀ।

ਟਰੂਡੋ ਲਈ ਬੜਾ ਚੰਗਾ-ਮੰਦਾ ਬੋਲਿਆ, ਇਥੇ ਤੱਕ ਕਿ ਦੇਸੀਆ ਵੱਲੋਂ ਮੋਦੀ ਨੂੰ ਕੱਢੀਆਂ ਗਾਲਾਂ ਨੂੰ ਵੀ ਮਾਤ ਕਰ ਗਿਆ। ਉਸ ਟਰੱਕ ਡਰਾਈਵਰਾਂ ਦੇ ਹੱਕ ਵਿਚ ਰੈਲੀ ਕੱਢਣ ਦੀ ਵੀ ਗੱਲ ਕੀਤੀ। ਅਗਲੇ ਦਿਨ ਗਰੌਸਰੀ ਸਟੋਰ `ਤੇ ਉਸ ਦੀ ਪਤਨੀ ਮਿਲੀ ਜਿਸ ਨੇ ਉਸੇ ਕਾਰ `ਤੇ ‘ਨੋ ਵੈਕਸੀਨ ਨੋ ਲਾਈਫ’ ਦੀ ਝੰਡੀ ਲਾਈ ਹੋਈ ਸੀ। ਮੈਂ ਝੱਟ ਮਿੱਤਰ ਨੂੰ ਫੋਨ ਮਿਲਾਇਆ `ਤੇ ਇਸ ਬਾਬਤ ਪੁੱਛਿਆ ਤਾਂ ਕਹਿੰਦਾ ‘ਕੀ ਕਰਾਂ ਯਾਰ ਘਰਵਾਲੀ ਤਾਂ ਸ਼ੁਰੂ ਤੋਂ ਹੀ ਟਰੂਡੋ ਦੀ ਭਗਤ ਹੈ ਇਸ ਮਸਲੇ `ਤੇ ਸਾਡੀ ਵੱਖਰੀ ਰਾਇ ਹੈ।’ ਕੁਝ ਸੋਚ ਮੈਂ ਪੁੱਛਿਆ ਪਈ ਜਦ ਤੁਸੀਂ ਦੋਵੇਂ ਇਸ ਕਾਰ ਵਿਚ ਇਕੱਠੇ ਜਾਂਦੇ ਹੋ ਤਾਂ ਕਿਹੜੀ ਝੰਡੀ ਲਾਉਂਦੇ ਹੋ?’ ਉਸ ਫੌਰਨ ਜਵਾਬ ਦਿੱਤਾ ‘ਦੋਵੇਂ ਝੰਡੀਆਂ ਪਿਆਰੇ! ਜਿੱਧਰ ਉਸ ਬੈਠਣਾ ਉੱਧਰ ‘ਨੋ ਵੈਕਸੀਨ ਨੋ ਲਾਈਫ’ ਦੀ ਅਤੇ ਜਿੱਧਰ ਮੈਂ ਹੋਵਾਂ ਉੱਧਰ ‘ਨੋ ਟਰੱਕ ਨੋ ਫੂਡ’ ਦੀ ਝੰਡੀ। ਕਿਸਾਨ ਅੰਦੋਲਨ ਵਿਚ ਘਰਵਾਲੀ ਕਿਸਾਨਾਂ ਦੇ ਹੱਕ ਵਿਚ ਸੀ ਅਤੇ ਮੈਂ ਮੋਦੀ ਦੇ। ਉਸ ਤਾਂ ਸਿੰਘੂ ਬਾਰਡਰ `ਤੇ ਅਪੜਨ ਲਈ ਖੱਟੀ ਚੁੰਨੀ ਵੀ ਰੰਗਾ ਲਈ ਸੀ ਪਰ ਬਿਲ ਵਾਪਸੀ ਨੇ ਆਸਾਂ `ਤੇ ਪਾਣੀ ਫੇਰ ਦਿੱਤਾ। ਅਸੀਂ ਬੜੀ ਸਿਆਣਪ ਨਾਲ ਮਿਲੀ-ਜੁਲੀ ਸਰਕਾਰ ਚਲਾਉਂਦੇ ਹਾਂ। ਐਂਵੇ ਮਾੜੀ ਜਿਹੀ ਗੱਲ `ਤੇ ਤਲਾਕ ਥੋੜੇ ਲੈ ਲੈਣਾ’। ਵਾਹ ਇਸ ਅਨੋਖੇ ਅੰਦੋਲਨ `ਤੇ ਮੈਂ ਦਿਲੋਜਾਨ ਤੋਂ ਕੁਰਬਾਨ ਸਾਂ।