2022 ਦੀਆਂ ਚੋਣਾਂ: ਵੋਟਰ ਕੀ ਰੁਖ਼ ਅਪਣਾਵੇ?

ਡਾ. ਗੋਬਿੰਦਰ ਸਿੰਘ ਸਮਰਾ
408-634-2310

ਜਾਤ, ਮਜ੍ਹ਼ਬ, ਖੇਤਰ ਤੇ ਪਾਰਟੀ ਦੇ ਪੱਖਪਾਤਾਂ ਤੋਂ ਉਪਰ ਉਠ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਾਂ ਦੇ ਵੋਟਰ ਆਪਣਾ ਕੀਮਤੀ ਵੋਟ ਕਿਵੇਂ ਪਾਉਣ? ਇਨ੍ਹਾਂ ਗੱਲਾਂ ਨੂੰ ਦਰ-ਕਿਨਾਰ ਕਰ ਕੇ ਵੋਟ ਦਾ ਨਿਰਣਾ ਕਰਨ ਲਈ ਕੁਝ ਕੁ ਮੁੱਖ ਅਸੂਲ ਉਲੀਕਣੇ ਬਣਦੇ ਹਨ। ਦਹਾਕਿਆਂ ਤੋਂ ਨਿੱਘਰਦੇ ਹਾਲਾਤ ਵਿਚ ਇਸ ਵਾਰ ਬਿਨਾਂ ਅਸੂਲਾਂ ਤੋਂ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਰਹਿ ਗਿਆ।

ਮੰਨ ਕੇ ਚਲੋ ਕਿ ਭਾਰਤੀ ਲੋਕਤੰਤਰ ਡੈਮਾਗੌਗੀ ਬਣ ਚੁੱਕਿਆ ਹੈ। ਡੈਮਾਗੌਗੀ ਕੀ ਹੈ? ਯੂਨਾਨੀ ਫਿਲਾਸਫਰ ਅਰਸਤੂ ਅਨੁਸਾਰ ਡੈਮਾਗੌਗੀ ਲੋਕਤੰਤਰ ਦਾ ਸਭ ਤੋਂ ਬਦਸੂਰਤ ਅਕਸ ਹੁੰਦਾ ਹੈ। ਇਸ ਤੋਂ ਅੱਗੇ ਬਸ ਮਤਸੰਗਿਆ ਭਾਵ ਸਮੁੰਦਰ ਵਿਚ ਮੱਛੀ ਨੂੰ ਮੱਛੀ ਖਾਣ ਵਾਲੀ ਅਰਾਜਕਤਾ ਹੀ ਰਹਿ ਜਾਂਦੀ ਹੈ। ਲੋਕਤੰਤਰੀ ਰਾਜ ਵਿਚ ਜਿੱਥੇ ਰੱਜੇ-ਪੁੱਜੇ ਲੋਕ ਜਨ-ਕਲਿਆਣ ਤੇ ਲੋਕ ਕਾਰਜਾਂ ਲਈ ਸਮਾਂ ਕੱਢ ਕੇ ਨਿਰਸਵਾਰਥ ਭਾਵਨਾ ਨਾਲ ਰਾਜਨੀਤੀ ਵਿਚ ਅੱਗੇ ਆਉਂਦੇ ਹਨ, ਉਥੇ ਡੈਮਾਗੌਗੀ ਵਿਚ ਹੁਕਮਰਾਨ ਲੋਕਾਂ ਨੂੰ ਭੁਲੇਖਿਆਂ ਵਿਚ ਰੱਖ ਕੇ ਕੇਵਲ ਆਪਣੇ ਸਵਾਰਥ ਤੇ ਆਪਣੇ ਭਲੇ ਲਈ ਕੰਮ ਕਰਦੇ ਹਨ। ਚੋਣਾਂ ਜਿੱਤਣ ਲਈ ਉਹ ਰੱਜ ਕੇ ਪੈਸਾ, ਝੂਠ ਤੇ ਬੇਈਮਾਨੀ ਵਰਤਦੇ ਹਨ ਅਤੇ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਲੋਕਾਂ ਨੂੰ ਭਰਮਾਉਂਦੇ ਹਨ। ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਇਸ ਕੰਮ ਵਿਚ ਉਹ ਖੂਬ ਮਾਹਿਰ ਹੁੰਦੇ ਹਨ ਤੇ ਇਸ ਸਵਾਰਥੀ ਕਾਰੇ ਵਿਚ ਸਫਲਤਾ ਯਕੀਨੀ ਬਣਾਉਣ ਲਈ ਭਾੜੇ ਦੇ ਮਾਹਿਰਾਂ ਦੀ ਸਹਾਇਤਾ ਵੀ ਲੈਂਦੇ ਹਨ।
ਅਜੋਕੇ ਭਾਰਤ ਵਿਚ ਇਹੀ ਕੁਝ ਚਲ ਰਿਹਾ ਹੈ। ਦੇਸ਼ ਵਿਚ ਇਕ ਪਾਸੇ ਗਰੀਬ, ਬੀਮਾਰ, ਬੇਰੁਜ਼ਗਾਰ, ਅਨਪੜ੍ਹ, ਕੱਚ-ਪੜ੍ਹ, ਲਾਚਾਰ ਤੇ ਝੂਠੇ ਵਾਅਦਿਆਂ `ਤੇ ਪਲਣ ਵਾਲੇ ਮੱਤਦਾਤਾ ਹਨ ਤੇ ਦੂਜੇ ਪਾਸੇ ਸੱਤਾ ਦੇ ਭੁੱਖੇ ਮੱਕਾਰ ਅਤੇ ਲੂੰਬੜਾਂ ਤੇ ਭੇੜੀਆਂ ਵਾਂਗ ਲਾਲਚੀ ਨੇਤਾਗਣ ਹਨ, ਜੋ ਨਿਮਾਣਿਆਂ ਤੇ ਨਿਤਾਣਿਆਂ ਨੂੰ ਸਬਜ਼ਬਾਗ ਦਿਖਾ ਕੇ ਆਪ ਦੌਲਤ ਦੇ ਅੰਬਾਰ ਇਕੱਠੇ ਕਰ ਰਹੇ ਹਨ। ਇਸ ਵਿਚ ਕਸੂਰ ਕਿਸੇ ਦਾ ਵੀ ਹੋਵੇ, ਪਰ ਇਹ ਇਸ ਤਰ੍ਹਾਂ ਦਾ ਬਣ ਗਿਆ ਹੈ। ਪੌਣੇ ਪੰਜ ਸਾਲ ਲੋਕ ਲਤਾੜੇ ਜਾਂਦੇ ਹਨ ਤੇ ਸੁਧਾਰ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ ਪਰ ਪਿਛਲੇ ਤਿੰਨ ਮਹੀਨੇ ਵਿਚ ਹੀ ਅਜਿਹੀ ਤਿਕੜਮਬਾਜ਼ੀ ਚਲਦੀ ਹੈ ਕਿ ਸਭ ਕੁਝ ਉਨ੍ਹਾਂ ਦੇ ਉਲਟ ਹੋਇਆ ਮਿਲਦਾ ਹੈ। ਜੇ ਇੱਦਾਂ ਨਾ ਹੋਇਆ ਹੋਵੇ ਤਾਂ ਲੱਖਣ ਲਾਓ ਕਿ ਪਿਛਲੇ ਤਿਹੱਤਰ ਸਾਲਾਂ ਤੋਂ ਰਾਜ ਲੋਕਾਂ ਦੇ ਨਾਂ `ਤੇ ਚਲਦਾ ਹੋਵੇ ਤੇ ਲੋਕ ਹੀ ਸਭ ਤੋਂ ਵੱਧ ਅਨਪੜ੍ਹ, ਗਰੀਬ ਤੇ ਮਜ਼ਲੂਮ ਹੁੰਦੇ ਜਾਣ!
ਇਸ ਲਈ ਸਮਝ ਹੀ ਲਓ ਕਿ ਪਿਛਲੀਆਂ ਸਭ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਵਿਚ ਵਿਭਿੰਨ ਮੁਖੌਟਿਆਂ ਵਾਲੇ ਰਾਜਸੀ ਦਲ ਮੈਦਾਨ ਵਿਚ ਗੱਜਣਗੇ। ਉਹ ਘਾਗ ਤੋਂ ਘਾਗ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨਗੇ ਤੇ ਵੋਟਰਾਂ ਨੂੰ ਨਵੇਂ-ਨਵੇਂ ਢੰਗਾਂ ਨਾਲ ਭਰਮਾਉਣਗੇ। ਉਹ ਭਾੜੇ ਦੀਆਂ ਭੀੜਾਂ ਇਕੱਠੀਆਂ ਕਰ ਕੇ ਰੈਲੀਆਂ ਕਰਨਗੇ ਤੇ ਬੇਕਾਰ ਮੁੱਦਿਆਂ ਨਾਲ ਲੋਕਾਂ ਦਾ ਧਿਆਨ ਉਲਟਾਉਣਗੇ। ਉਹ ਝੂਠੇ ਵਾਅਦਿਆਂ ਨਾਲ ਭਰੇ ਦਿਲ ਭਰਮਾਊ ਭਾਸ਼ਣ ਦੇਣਗੇ ਤੇ ਸਬਜ਼ਬਾਗ ਦਿਖਾ ਕੇ ਲੋਕਾਂ ਨੂੰ ਆਪਣੇ ਵਲ ਪ੍ਰੇਰਣਗੇ। ਵੋਟਰਾਂ ਦੇ ਰਿਸ਼ਤੇਦਾਰ ਲੱਭ ਕੇ ਸਿਫਾਰਸ਼ਾਂ ਪੁਆਉਣਗੇ ਤੇ ਘਰੋ-ਘਰੀਂ ਜਾ ਕੇ ਹਲੀਮੀ ਤਰਲੇ ਪਾਉਣਗੇ। ਕਈ ਤਾਂ ਨਸ਼ਾ ਤੇ ਨੋਟ ਵੀ ਵੰਡਣਗੇ। ਹਰ ਪਾਰਟੀ ਵਿਚ ਟਿਕਟਾਂ ਤੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਕਲੇਸ਼ ਪੈਣਗੇ। ਰਾਜਸੀ ਦਲ ਇਕ ਦੂਜੇ ਦੇ ਲੀਡਰ ਪੁੱਟਣਗੇ ਕਈ ਆਪ ਹੀ ਆਪਣੀ ਪਾਰਟੀ ਛੱਡ ਕੇ ਦੂਜੀ ਵਿਚ ਸ਼ਾਮਲ ਹੋਣਗੇ। ਗੱਲ ਗੱਲ ਵਿਚ ਮੰਦੀ ਭਾਸ਼ਾ ਵਰਤਣਗੇ ਤੇ ਇਕ ਦੂਜੇ ਦੀਆਂ ਪੱਗਾਂ ਉਛਾਲਣਗੇ। ਆਪ ਜਿੱਤਣ ਲਈ ਇਕ ਦੂਜੇ `ਤੇ ਚਿੱਕੜ ਸੁੱਟਣਗੇ ਤੇ ਹਰ ਤਰ੍ਹਾਂ ਦੇ ਪੁੱਠੇ ਸਿੱਧੇ ਹਰਬੇ ਵਰਤਣਗੇ। ਗੱਲ ਕੀ, ਉਹ ਗਰੀਬ ਵੋਟਰ ਦਾ ਇਕੋ ਇਕ ਮੱਹਤਵਪੂਰਨ ਅਧਿਕਾਰ ‘ਮੱਤਦਾਨ’ ਲੁੱਟਣ ਦੀ ਹਰ ਸੰਭਵ ਤੇ ਅਸੰਭਵ ਕੋਸਿ:ਸ਼ ਕਰਨਗੇ। ਸਵਾਰਥ ਦਾ ਇਹ ਤਾਂਡਵ ਨਾਚ ਉਦੋਂ ਤੀਕਰ ਚਲਾਇਆ ਜਾਵੇਗਾ ਜਦੋਂ ਤਕ ਵੋਟਰ ਆਪਣੇ ਵਿਕਾਸ ਦੀ ਗੱਲ ਛੱਡ ਕੇ ਇਨ੍ਹਾਂ ਝਗੜਦੇ ਲੀਡਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਆਪਣੀ ਪਰਮ ਅਗੇਤ ਨਹੀਂ ਸਮਝ ਲੈਂਦੇ।
ਵੋਟਰ ਇਸ ਕੜਿੱਕੀ ਤੋਂ ਤਦੇ ਹੀ ਬਚ ਸਕਦੇ ਹਨ, ਜੇ ਉਹ ਯਾਦ ਰੱਖ ਸਕਣ ਕਿ ਉਨ੍ਹਾਂ ਦਾ ਕਲਿਆਣ ਕਿਸੇ ਗੈਰ-ਭਾਵਨਾ ਵਾਲੇ ਆਗੂ ਨੇ ਤਰਸ ਖਾ ਕੇ ਨਹੀਂ ਕਰਨਾ, ਸਗੋਂ ਸੋਚ-ਸੰਭਲ ਕੇ ਪਾਏ ਉਨ੍ਹਾਂ ਦੇ ਆਪਣੇ ਵੋਟ ਨੇ ਕਰਨਾ ਹੈ। ਇਸ ਲਈ ਉਨ੍ਹਾਂ ਨੂੰ ਪਰਾਏ ਹਿੱਤ ਵਾਲੇ, ਲਾਲਸੀ ਤੇ ਝੂਠੇ ਵਾਅਦਿਆਂ ਵਾਲੇ ਅਤੇ ਆਪਣੇ ਜਿਹੇ ਹਿੱਤਾਂ ਵਾਲੇ ਲੋਕਾਂ ਦਾ ਫਰਕ ਪਤਾ ਹੋਣਾ ਚਾਹੀਦਾ ਹੈ। ਇਹ ਕੰਮ ਲੋਕਾਂ ਨੇ ਆਪਣੇ ਲਈ ਆਪ ਕਰਨਾ ਹੈ। ਇਹ ਕੰਮ ਉਹ ਬਾਖੂਬੀ ਕਰ ਵੀ ਸਕਦੇ ਹਨ, ਜੇ ਉਹ ਸਮਝਣ ਕਿ ਉਨ੍ਹਾਂ ਨੇ ਆਪਣਾ ਉਮੀਦਵਾਰ ਇਕ ਦੋ ਦਿਨ ਲਈ ਨਹੀਂ, ਸਗੋਂ ਪੂਰੇ ਪੰਜ ਸਾਲ ਲਈ ਚੁਣਨਾ ਹੈ। ਇਸ ਲਈ ਉਹ ਜੋਸ਼ ਦੀ ਥਾਂ ਸੋਚ ਤੋਂ ਕੰਮ ਲੈਣ ਕਿਉਂਕਿ ਉਨ੍ਹਾਂ ਦੇ ਜੀਵਨ ਨਾਲ ਜੁੜੇ ਰੁਜ਼ਗਾਰ, ਸਿੱਖਿਆ, ਸਿਹਤ ਤੇ ਖੁਰਾਕ ਆਦਿ ਦੇ ਸਭ ਅਹਿਮ ਮਸਲੇ ਚੋਣਾਂ ਤੋਂ ਦੂਜੇ ਦਿਨ ਹੀ ਉਨ੍ਹਾਂ ਸਾਹਮਣੇ ਫਿਰ ਆ ਖੜ੍ਹੇ ਹੋਣਗੇ। ਉਹ ਸੋਚਣ ਕਿ ਜੇ ਉਹ ਚੋਣਾਂ ਦੇ ਬੁਖਾਰ ਵਿਚ ਗਲਤ ਫੈਸਲਾ ਲੈ ਬੈਠੇ ਤੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਤੇ ਘੱਟੋ-ਘੱਟ ਪੰਜ ਸਾਲ ਹੋਰ ਪਾਣੀ ਫਿਰ ਜਾਵੇਗਾ। ਪਰ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ “ਹਵਾ” ਦੇ ਵਹਿਣ ਵਿਚ ਵਹਿ ਜਾਂਦੇ ਹਨ।
ਸਭ ਤੋਂ ਚੰਗਾ ਤਾਂ ਇਹ ਹੁੰਦਾ ਕਿ ਸਮਾਜ ਵਿਚ ਕੋਈ ਚੁਣਾਵੀ ਧੋਖਾਧੜੀ ਤੇ ਓਹਲਾ ਹੁੰਦਾ ਹੀ ਨਾ। ਦੂਜੀ ਵੱਡੀ ਗੱਲ ਇਹ ਕਿ ਵਾਹ ਲਗਦੇ ਹਰ ਵਿਅਕਤੀ ਆਪਣਾ ਉਮੀਦਵਾਰ ਆਪ ਹੁੰਦਾ। ਪਰ ਇਹ ਸਭਨਾਂ ਲਈ ਸੰਭਵ ਨਹੀਂ ਹੈ। ਹੁਣ ਜੇ ਉਨ੍ਹਾਂ ਨੂੰ ਇਨ੍ਹਾਂ ਮਸਲਿਆਂ ਨੂੰ ਪੰਜ ਸਾਲ ਦੇ ਲੰਮੇ ਸਮੇਂ ਲਈ ਕਿਸੇ ਹੋਰ ਦੇ ਭਰੋਸੇ ਸੌਂਪਣਾ ਪੈ ਹੀ ਰਿਹਾ ਹੈ ਤਾਂ ਉਹ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਵਿਚ ਮਾਰ ਨਾ ਖਾਣ। ਆਪਣੇ ਹੱਕ ਵਿਚ ਭੁਗਤਣ ਲਈ ਤੇ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਣ ਲਈ ਉਨ੍ਹਾਂ ਨੂੰ ਕੁਝ ਸੇਧ ਵਾਲੇ ਨੁਕਤਿਆਂ `ਤੇ ਗੌਰ ਕਰਨਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਫੌਰੀ ਤੇ ਦੁਰ-ਵਰਤੀ ਮਸਲੇ ਹੱਲ ਹੋਣੇ ਸ਼ੁਰੂ ਹੋ ਸਕਦੇ ਹਨ ਤੇ ਲੋਕਤੰਤਰ ਦੀ ਬਹਾਲੀ ਵਲ ਕਦਮ ਪੁੱਟਿਆ ਜਾ ਸਕਦਾ ਹੈ। ਵੋਟ ਦੇ ਸਹੀ ਇਸਤੇਮਾਲ ਦੇ ਇਹ ਨੁਕਤੇ ਹੇਠ ਲਿਖੇ ਅਨੁਸਾਰ ਹਨ:
1. ਕਿਸੇ ਦੂਜੀ ਵਾਰ ਖੜ੍ਹੇ ਹੋਣ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਓ, ਤੀਜੀ ਵਾਰ ਵਾਲੇ ਨੂੰ ਤਾਂ ਬਿਲਕੁਲ ਹੀ ਨਹੀਂ, ਨਹੀਂ ਤਾਂ ਉਹ ਤੁਹਾਡਾ ਨਾ ਹੋ ਕੇ ਸੱਤਾ ਦਾ ਹੋ ਜਾਵੇਗਾ। ਜੇ ਕਿਸੇ ਨੇਤਾ ਨੇ ਚੰਗਾ ਕੰਮ ਕੀਤਾ ਵੀ ਹੈ ਤਾਂ ਉਸ ਨੂੰ ਵੀ ਹਰ ਦੂਜੇ ਚੁਣਾਓ ਵਿਚ ਸੱਤਾ ਤੋਂ ਬਾਹਰ ਰੱਖ ਕੇ ਨਿਸ਼ਕਾਮ ਸਮਾਜ ਸੇਵਾ ਕਰਨ ਦਾ ਮੌਕਾ ਦਿਓ।
2.ਜੇ ਕਿਸੇ ਵਿਧਾਇਕ ਦੀ ਜਾਇਦਾਦ ਉਸ ਦੇ ਵਿਧਾਇਕ ਕਾਲ ਦੌਰਾਨ ਦਿਨ ਦੂਣੀ ਰਾਤ ਚੌਗੁਣੀ ਚਾਲ ਨਾਲ ਵਧੀ ਹੈ ਤਾਂ ਉਸ ਨੂੰ ਵੋਟ ਨਾ ਦਿਓ। ਮੰਨ ਹੀ ਲਓ ਕਿ ਉਸ ਨੇ ਰਾਜਨੀਤੀ ਨੂੰ ਵਪਾਰ ਸਮਝਿਆ ਹੋਇਆ ਹੈ ਤੇ ਉਹ ਇਸ ਵਿਚ ਤੁਹਾਡੇ ਫਾਇਦੇ ਲਈ ਨਹੀਂ, ਸਗੋਂ ਆਪਣੇ ਫਾਇਦੇ ਲਈ ਆਇਆ ਹੋਇਆ ਹੈ।
3.ਜੇ ਕੋਈ ਉਮੀਦਵਾਰ ਕਿਸੇ ਹਲਕੇ ਤੋਂ ਵਾਰ ਵਾਰ ਜਿੱਤਿਆ ਹੈ ਤੇ ਉਸ ਹਲਕੇ ਨੂੰ ਆਪਣੀ ਜਾਇਦਾਦ ਜਾਂ ਗੜ੍ਹ ਸਮਝਣ ਲਗ ਗਿਆ ਹੈ, ਪਰ ਇਸ ਦੇ ਵਿਕਾਸ ਵਲ ਕਦੇ ਕੋਈ ਧਿਆਨ ਨਹੀਂ ਦਿਤਾ, ਤਾਂ ਉਸ ਨੂੰ ਵੋਟ ਨਾ ਪਾਓ। ਉਹ ਕੰਮ ਨਾਲ ਨਹੀਂ ਅਸਰ ਰਸੂਖ ਨਾਲ ਭਾਵ ਮਿੱਠਾ ਪਿਆਰਾ ਬਣ ਕੇ ਸੱਤਾ ਹਥਿਆਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਉਹ ਕੇਵਲ ਲਾਰੇ-ਲੱਪਿਆਂ ਦਾ ਮਾਹਿਰ ਹੈ ਲੋਕਾਂ ਦਾ ਅਗੋਂ ਵੀ ਕੋਈ ਭਲਾ ਨਹੀਂ ਕਰੇਗਾ।
4. ਜੇ ਕਿਸੇ ਉਮੀਦਵਾਰ ਨੇ ਪਹਿਲਾਂ ਸੱਤਾ ਵਿਚ ਆਉਣ ਤੋਂ ਬਾਅਦ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਉਹ ਹੁਣ ਵੀ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰੇਗਾ। ਉਹ ਵੋਟਰਾਂ ਨੂੰ ਮੂਰਖ ਬਣਾਉਂਦਾ ਹੈ, ਇਸ ਲਈ ਉਨ੍ਹਾਂ ਦੇ ਮੱਤ ਦਾ ਹੱਕਦਾਰ ਨਹੀਂ ਹੈ। ਉਸ ਨੂੰ ਵੋਟ ਬਿਲਕੁਲ ਨਾ ਦਿਓ।
5. ਜੇ ਕਿਸੇ ਉਮੀਦਵਾਰ ਨੇ ਸੱਤਾ ਹੰਢਾਈ ਹੈ ਪਰ ਉਸ `ਤੇ ਭ੍ਰਿਸ਼ਟਾਚਾਰ, ਅੱਤਿਆਚਾਰ, ਕੁਤਾਹੀ, ਪੱਖ-ਪਾਤ ਤੇ ਜਵਾਬਦੇਹੀ ਤੋਂ ਪਾਸਾ ਵੱਟਣ ਦੇ ਦੋਸ਼ ਹਨ ਤਾਂ ਉਸ ਨੂੰ ਕਦੇ ਵੀ ਵੋਟ ਨਾ ਪਾਓ। ਉਹ ਰਾਜਨੀਤੀ ਤੋਂ ਕੋਰਾ ਤੇ ਨੈਤਿਕਤਾ ਤੋਂ ਗਿਰਿਆ ਹੋਇਆ ਵਿਅਕਤੀ ਹੈ।
6. ਜੇ ਕੋਈ ਉਮੀਦਵਾਰ ਆਪਣੀ ਪਾਰਟੀ ਤੋਂ ਟਿਕਟ ਨਾ ਮਿਲਣ ‘ਤੇ ਉਸ ਨੂੰ ਛੱਡ ਦਿੰਦਾ ਹੈ ਤੇ ਕਿਸੇ ਦੂਜੀ ਪਾਰਟੀ ਵਿਚ ਜਾਂਦਾ ਹੈ, ਉਸ ਨੂੰ ਲੋਕਤੰਤਰੀ ਰਾਜਨੀਤੀ ਦਾ ੳ, ਅ ਤੇ ੲ ਵੀ ਨਹੀਂ ਆਉਂਦਾ। ਉਸ ਨੂੰ ਸਮਾਜ ਕਲਿਆਣ ਵਿਚ ਦਿਲਚਸਪੀ ਨਹੀਂ, ਸਗੋਂ ਉਹ ਹਮੇਸ਼ਾ ਤਾਕਤ ਵਿਚ ਬਣੇ ਰਹਿਣ ਦਾ ਭੁੱਖਾ ਹੈ। ਉਸ ਨੂੰ ਕਦੇ ਵੋਟ ਨਾ ਦਿਓ।
7. ਜੇ ਕੋਈ ਉਮੀਦਵਾਰ ਪਾਰਟੀ ਤੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਖੜ੍ਹਾ ਹੋ ਗਿਆ ਹੈ, ਉਸ ਉਤੇ ਸੱਤਾ ਦਾ ਮੁਲੰਮਾ ਫਿਰ ਗਿਆ ਹੈ। ਉਹ ਬਿਨਾਂ ਕੰਮ ਕੀਤੇ ਲੋਕਾਂ ਤੋਂ ਆਪਣੀ ਸੇਵਾ ਦਾ ਮੁੱਲ ਭਾਲਦਾ ਹੈ ਤੇ ਕਿਸੇ ਦੂਜੇ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ। ਉਸ ਨੂੰ ਆਪਣਾ ਵੋਟ ਭੁੱਲ ਕੇ ਨਾ ਪਾਓ।
8. ਜੇ ਕੋਈ ਉਮੀਦਵਾਰ ਟਿਕਟ ਲਈ ਦੂਜੇ ਉਮੀਦਵਾਰਾਂ ਨਾਲ ਲੜਦਾ-ਝਗੜਦਾ ਹੈ ਜਾਂ ਕਿਸੇ ਖਾਸ ਇਲਾਕੇ ਤੋਂ ਟਿਕਟ ਮੰਗਦਾ ਹੈ, ਉਸ ਨੂੰ ਕਦੇ ਵੋਟ ਨਾ ਦਿਓ। ਉਹ ਤੁਹਾਡੇ ਵਿਕਾਸ ਲਈ ਨਹੀਂ ਆਪਣੇ ਵਿਕਾਸ ਲਈ ਜੋ਼ਰ ਮਾਰ ਰਿਹਾ ਹੈ।
9. ਜੇ ਕੋਈ ਉਮੀਦਵਾਰ ਅਸਲ ਮੁੱਦਿਆਂ ਤੋਂ ਹਟ ਕੇ ਗੱਲ ਕਰਦਾ ਹੈ ਜਾਂ ਦੂਜੇ ਉਮੀਦਵਾਰਾਂ ਦੀਆਂ ਬਦਖੋਈਆਂ ਸਹਾਰੇ ਵੋਟ ਭਾਲਦਾ ਹੈ ਤੇ ਆਪਣੇ ਪ੍ਰਤੀਦਵੰਦੀਆਂ ਦੇ ਜਾਤੀ ਤੇ ਪਰਿਵਾਰਕ ਮਸਲੇ ਉਛਾਲਦਾ ਹੈ ਤਾਂ ਨਾ ਪਾਇਓ ਉਸ ਨੂੰ ਵੋਟ। ਉਹ ਘਟੀਆ ਚਾਲ ਚਲ ਰਿਹਾ ਹੈ ਤੇ ਤੁਹਾਨੂੰ ਜਜ਼ਬਾਤੀ ਕਰ ਕੇ ਆਪਣਾ ਉਲੂ ਸਿੱਧਾ ਕਰਨਾ ਚਾਹੁੰਦਾ ਹੈ।
10. ਜੇ ਕਿਸੇ ਪਾਰਟੀ ਨੇ ਕਿਸੇ ਉਮੀਦਵਾਰ ਨੂੰ ਜਾਤ, ਧਰਮ, ਕੁਲ, ਪੂੰਜੀ ਤੇ ਸੰਪਰਦਾਇਕ ਕਾਰਨਾਂ ਕਰਕੇ ਟਿਕਟ ਦਿੱਤੀ ਹੈ ਤਾਂ ਉਸ ਉਮੀਦਵਾਰ ਨੂੰ ਵੋਟ ਨਾ ਦਿਓ। ਪਾਰਟੀ ਨੇ ਤੁਹਾਡਾ ਵੋਟ ਹਥਿਆਉਣ ਲਈ ਹੋਛਾ ਤੇ ਖਤਰਨਾਕ ਹੱਥ-ਕੰਡਾ ਵਰਤਿਆ ਹੈ।
11. ਜੇ ਕੋਈ ਪਹਿਲਾਂ ਵਿਧਾਇਕ ਰਿਹਾ ਉਮੀਦਵਾਰ ਵਿਧਾਨ ਸਭਾ ਦੀਆਂ ਮੀਟਿੰਗਾਂ ਵਿਚ ਹਦੋਂ ਵੱਧ ਗੈਰ ਹਾਜ਼ਰ ਰਿਹਾ ਹੈ, ਉਸ ਨੂੰ ਕਦੇ ਵੀ ਵੋਟ ਨਾ ਦਿਓ। ਉਹ ਰੱਜ ਕੇ ਸਵਾਰਥੀ ਹੈ, ਵੋਟਰਾਂ ਦਾ ਅਪਮਾਨ ਕਰਦਾ ਹੈ ਤੇ ਕਾਨੂੰਨ ਨੂੰ ਟਿੱਚ ਸਮਝਦਾ ਹੈ। ਜੇ ਮੰਨੋ, ਉਹ ਤਾਂ ਵਿਧਾਇਕ ਬਣਨ ਦੇ ਕਾਬਿਲ ਹੀ ਨਹੀਂ ਹੈ।
12. ਜੇ ਕੋਈ ਲੀਡਰ ਆਪਣੇ ਧੀ, ਪੁੱਤਰ ਜਾਂ ਕਿਸੇ ਹੋਰ ਰਿਸ਼ਤੇਦਾਰ ਲਈ ਟਿਕਟ ਮੰਗਦਾ ਹੈ ਤਾਂ ਉਸ ਨੇਤਾ ਤੇ ਉਸ ਦੇ ਉਮੀਦਵਾਰ ਬਣੇ ਰਿਸ਼ਤੇਦਾਰ ਦੋਹਾਂ ਨੂੰ ਵੋਟ ਨਾ ਦਿਓ। ਉਹ ਲੋਕਤੰਤਰ ਵਿਰੋਧੀ ਹੈ ਤੇ ਸੱਤਾ ਦਾ ਪਰਿਵਾਰੀਕਰਨ ਕਰ ਕੇ ਤੁਹਾਨੂੰ ਲੰਮੇ ਸਮੇਂ ਲਈ ਗੁਲਾਮ ਬਣਾਉਣਾ ਚਾਹੁੰਦਾ ਹੈ। ਉਸ ਦਾ ਮੁੱਖ ਉਦੇਸ਼ ਲੋਕ ਭਲਾਈ ਨਹੀਂ ਸਗੋਂ ਰਾਜਨੀਤੀ ਵਿਚ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਸੈਟ ਕਰਨਾ ਹੈ।
13. ਜੇ ਕੋਈ ਜਾਤੀ, ਧਰਮ, ਸੰਪਰਦਾਏ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਧਾਰ ਬਣਾ ਕੇ ਵੋਟ ਮੰਗਦਾ ਹੈ ਤਾਂ ਉਸ ਨੂੰ ਕਦੇ ਵੋਟ ਨਾ ਪਾਓ। ਉਹ ਸਭ ਦਾ ਭਲਾ ਕਰਨ ਦੀ ਥਾਂ ਸੱਤਾ ਦੀ ਕੁਰਸੀ ਨੂੰ ਸਮਾਜ ਵਿਚ ਜ਼ਹਿਰ ਘੋਲਣ ਲਈ ਵਰਤੇਗਾ।
14. ਜੇ ਕੋਈ ਰਾਜਨੀਤਕ ਦਲ ਕਿਸੇ ਕਲਾਕਾਰ, ਗਵੱਈਏ ਜਾਂ ਫਿਲਮੀ ਅਦਾਕਾਰ ਨੂੰ ਖੜ੍ਹਾ ਕਰਦਾ ਹੈ ਉਸ ਨੂੰ ਕਦੇ ਵੋਟ ਨਾ ਦਿਓ। ਉਹ ਰਾਜਸੀ ਦਲ ਉਸ ਦੀ ਕਲਾਤਮਿਕ ਪ੍ਰਸਿੱਧੀ ਨੂੰ ਰਾਜਨੀਤਕ ਪਰਬੀਨਤਾ ਦੱਸ ਕੇ ਤੁਹਾਡੇ ਨਾਲ ਛਲਾਵਾ ਕਰ ਰਿਹਾ ਹੈ। ਅਜਿਹੇ ਲੋਕਾਂ ਲਈ ਚੁਣਾਵੀ ਰਸਤੇ ਦੀ ਥਾਂ ਰਾਜ ਸਭਾ ਵਿਚ ਨਾਮਜ਼ਦਗੀ ਦਾ ਪ੍ਰਾਵਧਾਨ ਹੈ।
15. ਕਿਸੇ ਜ਼ੈੱਡ ਸਕਿਉਰਿਟੀ ਵਾਲੇ ਤੇ ਵੱਡੇ ਕਾਫਲਿਆਂ ਨਾਲ ਤੁਰਨ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਓ। ਉਹ ਤੁਹਾਡੇ ਤੋਂ ਦੂਰ ਹੈ, ਦੂਰ ਰਹੇਗਾ ਅਤੇ ਤੁਹਾਡੀ ਦਿੱਤੀ ਸੱਤਾ ਨੂੰ ਆਪਣੀ ਸ਼ਾਨੋ ਸ਼ੌਕਤ ਲਈ ਵਰਤੇਗਾ। ਜੇ ਤੁਸੀਂ ਉਸ ਨੂੰ ਵੋਟਾਂ ਪਾ ਕੇ ਜਿਤਾ ਦਿਓਗੇ ਤਾਂ ਤੁਸੀਂ ਹਮੇਸ਼ਾ ਉਸ ਦੀ ਥਾਂ ਉਸ ਦੇ ਸੰਤਰੀਆਂ ਨੂੰ ਹੀ ਮਿਲਿਆ ਕਰੋਗੇ।
16. ਜਿਸ ਉਮੀਦਵਾਰ ਨੇ ਪਹਿਲਾਂ ਵਿਧਾਇਕ ਰਹਿੰਦਿਆਂ ਗ੍ਰਾਂਟਾਂ ਦਾ ਹਿਸਾਬ ਨਹੀਂ ਦਿੱਤਾ ਤਾਂ ਉਸ ਨੂੰ ਵੋਟ ਨਾ ਦਿਓ। ਉਹ ਅਹੁਦੇਦਾਰੀਆਂ ਦਾ ਭੁੱਖਾ ਹੈ ਤੇ ਅਮਾਨਤ ਵਿਚ ਖਿਆਨਤ ਕਰਨ ਦਾ ਆਦੀ ਹੈ। ਉਹ ਤੁਹਾਡੀ ਵੋਟ ਦੀਆਂ ਧੱਜੀਆਂ ਉਡਾ ਦੇਵੇਗਾ।
17. ਜੇ ਕਿਸੇ ਪੁਰਾਣੇ ਵਿਧਾਇਕ ਨੇ ਆਪਣੇ ਵਿਧਾਇਕੀ ਕਾਲ ਵਿਚ ਕਿਸੇ ਮਸਲੇ `ਤੇ ਕੋਈ ਆਵਾਜ਼ ਨਹੀਂ ਉਠਾਈ ਤਾਂ ਉਸ ਨੂੰ ਵੋਟ ਦੀ ਗੱਲ ਕਰਨ ਤੋਂ ਪਹਿਲਾਂ ਹੀ ਦੂਰ ਦਾ ਰਾਹ ਦਿਖਾ ਦਿਓ। ਉਸ ਨੂੰ ਜਾਂ ਤਾਂ ਕੁਝ ਆਉਂਦਾ ਹੀ ਨਹੀਂ ਤੇ ਜਾਂ ਚੁੱਪ ਰਹਿ ਕੇ ਤੁਹਾਡੇ ਹੱਕਾਂ ਦਾ ਲਾਭ ਕਿਸੇ ਹੋਰ ਨੂੰ ਦਿੰਦਾ ਰਿਹਾ ਹੈ।
18. ਜਿਸ ਉਮੀਦਵਾਰ ਕੋਲ ਚੰਗੇ ਸਮਾਜ ਦੀ ਕਲਪਨਾ ਤੇ ਉਸ ਦੀ ਮੁੜ-ਉਸਾਰੀ ਦਾ ਚੰਗਾ ਸੰਕਲਪ ਨਹੀਂ ਹੈ ਉਸ ਨੂੰ ਵੋਟ ਨਾ ਪਾਓ। ਉਹ ਅਨਪੜ੍ਹ ਸਮਾਨ ਹੈ ਤੇ ਤੁਹਾਨੂੰ ਵੀ ਅੰਧਕਾਰ ਵਿਚ ਸੁੱਟੇਗਾ।
19. ਜੋ ਵਿਅਕਤੀ ਬਜ਼ੁਰਗ ਹੈ ਜਾਂ ਸਿਹਤ ਪੱਖੋਂ ਬੀਮਾਰ ਤੇ ਲਾਚਾਰ ਹੈ, ਉਸ ਨੂੰ ਕਦੇ ਵੋਟ ਨਾ ਪਾਓ ਭਾਵੇਂ ਉਹ ਕਿੰਨਾ ਵੀ ਤਜ਼ਰਬੇਕਾਰ ਕਿਉਂ ਨਾ ਹੋਵੇ। ਅਜਿਹਾ ਵਿਅਕਤੀ ਰਾਜਸੀ ਕਾਰਜਾਂ ਦਾ ਭਾਰ ਨਹੀਂ ਚੁੱਕ ਸਕੇਗਾ ਤੇ ਆਪਣੇ ਹਲਕੇ ਨੂੰ ਰਾਜਸੀ ਤੌਰ `ਤੇ ਯਤੀਮ ਰੱਖੇਗਾ।
20. ਜੇ ਕੋਈ ਵਿਅਕਤੀ ਪੜ੍ਹਿਆ-ਲਿਖਿਆ ਨਹੀਂ, ਉਸ ਨੂੰ ਵੋਟ ਨਾ ਦਿਓ, ਉਹ ਤੁਹਾਡੇ ਮੁਤਾਬਿਕ ਨਾ ਚਲ ਕੇ ਦਫਤਰਸ਼ਾਹੀ ਪਿੱਛੇ ਚੱਲੇਗਾ।
21. ਜੇ ਕਿਸੇ ਨੇਤਾ ਨੇ ਆਪਣੇ ਪਹਿਲੇ ਕਾਰਜਕਾਲਾਂ ਦੌਰਾਨ ਕਦੇ ਲੋਕ ਹਿੱਤ ਲਈ ਤਾਂ ਮੂੰਹ ਨਹੀਂ ਖੋਲ੍ਹਿਆ ਪਰ ਨਿੱਜ ਹਿਤ ਲਈ ਹਮੇਸ਼ਾ ਬਿਆਨਬਾਜ਼ੀ ਕਰਦਾ ਰਿਹਾ ਹੈ ਅਤੇ ਹਮੇਸ਼ਾ ਗੱਡੀਆਂ, ਕੋਠੀਆਂ ਆਦਿ ਲਈ ਹੀ ਲੜਦਾ ਰਿਹਾ ਹੈ, ਉਹ ਅਤਿ ਦਰਜੇ ਦਾ ਲਾਲਚੀ ਤੇ ਸਵਾਰਥੀ ਇਨਸਾਨ ਹੈ। ਉਸ ਨੂੰ ਵੋਟ ਪਾਉਣਾ ਸਰਾਸਰ ਗਲਤੀ ਹੈ।
22. ਜੇ ਕੋਈ ਉਮੀਦਵਾਰ ਕਿਸੇ ਪਿਛਾਂਹ-ਖਿੱਚੂ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਉਸ ਨੂੰ ਕਦੇ ਵੋਟ ਨਾ ਪਾਓ। ਉਹ ਸਮਾਜ ਨੂੰ ਅੱਗੇ ਲੈ ਜਾਣ ਦੀ ਥਾਂ ਇਸ ਨਾਲ ਖਿਲਵਾੜ ਕਰੇਗਾ।
23. ਜੇ ਕਿਸੇ ਉਮੀਦਵਾਰ ਵਿਰੁੱਧ ਕੋਈ ਅਪਰਾਧਕ ਮਾਮਲਾ ਦਰਜ ਹੈ, ਉਸ ਨੂੰ ਕਦੇ ਵੋਟ ਨਾ ਪਾਓ। ਉਹ ਤੁਹਾਡੀ ਦਿੱਤੀ ਸ਼ਕਤੀ ਨੂੰ ਤੁਹਾਡੇ ਲਈ ਨਹੀਂ ਸਗੋਂ ਆਪਣੇ ਅਪਰਾਧ ਧੋਣ ਲਈ ਵਰਤੇਗਾ।
24. ਵੋਟ ਦੇ ਮਾਮਲੇ ਵਿਚ ਹਮੇਸ਼ਾ ਆਪਣੇ ਭਲੇ ਨਾਲੋਂ ਸਮਾਜ ਦਾ ਭਲਾ ਉਪਰ ਰੱਖ ਕੇ ਕਿਸੇ ਪੜ੍ਹੇ-ਲਿਖੇ, ਚੰਗੇ ਅਕਸ ਵਾਲੇ, ਨਿਰਸਵਾਰਥੀ ਤੇ ਸੇਵਾ ਭਾਵ ਵਾਲੇ ਉਮੀਦਵਾਰ ਨੂੰ ਤਰਜੀਹ ਦਿਓ ਕਿਉਂਕਿ ਸਮਾਜ ਦੇ ਭਲੇ ਵਿਚ ਹੀ ਤੁਹਾਡਾ ਭਲਾ ਹੈ।
25. ਤੁਹਾਡਾ ਵੋਟ ਤੁਹਾਡੇ ਵਿਕਾਸ ਦਾ ਫੁਰਮਾਨ ਹੈ, ਇਸ ਨੂੰ ਪੂਰੀ ਖੁਲ੍ਹ ਤੇ ਖੁਦਮੁਖਤਿਆਰੀ ਨਾਲ ਆਪਣੇ ਭਲੇ ਲਈ ਵਰਤੋ ਤੇ ਕਿਸੇ ਦੂਜੇ ਦੇ ਕਹੇ ਅਨੁਸਾਰ ਜਾਂ ਕਿਸੇ ਦੇ ਦਬਾਅ ਵਿਚ ਆ ਕੇ ਨਾ ਵਰਤੋ। ਤੁਹਾਡਾ ਵੋਟ ਗੁਪਤ ਹੈ, ਇਸ ਦੀ ਗੋਪਨੀਅਤਾ ਦਾ ਪੂਰਾ ਲਾਭ ਉਠਾਓ।
26. ਜੇ ਕੋਈ ਉਮੀਦਵਾਰ ਦੋ ਜਾਂ ਦੋ ਤੋਂ ਵੱਧ ਹਲਕਿਆਂ `ਚੋਂ ਚੋਣ ਲੜ ਰਿਹਾ ਹੈ ਉਸ ਨੂੰ ਬਿਲਕੁਲ ਹੀ ਵੋਟ ਨਾ ਪਾਓ। ਉਹ ਨਾ ਤੁਹਾਡੇ ਲਈ ਵਫਾਦਾਰ ਹੈ ਤੇ ਨਾ ਹੀ ਸਮਾਜ ਲਈ। ਉਹ ਦੂਹਰਾ ਖਰਚਾ ਆਪਣੀ ਤਾਕਤ ਤੇ ਅਹੁਦੇ ਨੂੰ ਯਕੀਨੀ ਬਣਾਉਣ ਲਈ ਕਰ ਰਿਹਾ ਹੈ ਨਾ ਕਿ ਸਮਾਜ ਸੇਵਾ ਲਈ। ਉਸ ਨੂੰ ਬਿਨਾ ਅਹੁਦੇ ਸਮਾਜ ਸੇਵਾ ਕਰਨ ਦਾ ਸਬਕ ਪੜ੍ਹਾਓ।
27. ਆਪਣੇ ਵੋਟ ਨੂੰ ਹਰ ਹਾਲਤ ਸਹੀ ਢੰਗ ਨਾਲ ਵਰਤੋ। ਇਸ ਨੂੰ ਨਾ ਵੇਚੋ, ਨਾ ਦਾਨ ਵਿਚ ਦਿਓ ਤੇ ਨਾ ਅਹਿਸਾਨ ਹੇਠ ਭੁਗਤਾਓ। ਇਸ ਨੂੰ ਘਰ ਰੱਖ ਕੇ ਬਲਕੁਲ ਬਰਬਾਦ ਨਾ ਕਰੋ। ਇਹ ਤੁਹਾਡੀ ਸਭ ਤੋਂ ਮਹਤੱਵਪੂਰਨ ਪੂੰਜੀ ਹੈ, ਇਸ ਨੂੰ ਸਿਆਣੇ ਤੇ ਸੁਚੇਤ ਹੋ ਕੇ ਖਰਚੋ।
28. ਵੋਟ ਨੂੰ ਆਪਣਾ ਔਜ਼ਾਰ ਸਮਝੋ। ਇਹੀ ਤੁਹਾਡੇ ਵਿਕਾਸ ਤੇ ਸਮਾਜ ਦੇ ਮੁੜ-ਨਿਰਮਾਣ ਦਾ ਇਕੋ ਇਕ ਵਸੀਲਾ ਹੈ। ਇਸ ਦੀ ਕੀਮਤ ਸਮਝੋ ਤੇ ਇਸ ਨੂੰ ਸਦਾ ਉਸ ਵਿਅਕਤੀ ਨੂੰ ਦਿਓ ਜੋ ਜਿੱਤਣ ਤੋਂ ਬਾਅਦ ਆਪਣੇ ਆਪ ਨੂੰ ਸਭ ਲੋਕਾਂ ਦਾ ਪ੍ਰਤੀਨਿਧੀ ਸਮਝ ਸਕੇ ਨਾ ਕਿ ਇਕ ਸੰਪਰਦਾਇ ਜਾਂ ਇਕ ਪਾਰਟੀ ਵਿਸ਼ੇਸ਼ ਦਾ ਬਣ ਕੇ ਰਹੇ।
29. ਇਸ ਵੇਲੇ ਭਾਰਤ ਨੂੰ ਕੋਈ ਕਰਾਮਾਤੀ ਮਸੀਹਾ ਨਹੀਂ ਚਾਹੀਦਾ ਸਗੋਂ ਇਕ ਚੰਗਾ ਪ੍ਰਬੰਧਕ ਚਾਹੀਦਾ ਹੈ ਜੋ ਵਿਅਕਤੀ ਪ੍ਰਧਾਨ ਸ਼ਾਸ਼ਨ ਦੀ ਥਾਂ ਲੋਕਤੰਤਰ ਵਾਲਾ ਕਾਨੂੰਨ ਦਾ ਸ਼ਾਸਨ ਬਹਾਲ ਕਰ ਸਕੇ। ਦੇਸ਼ ਦੀ ਇਕੋ ਇਕ ਸਮੱਸਿਆ ਇਹ ਹੈ ਕਿ ਉਥੇ ਕਾਨੂੰਨ ਤਾਂ ਬੜੇ ਪਾਸ ਹੋਏ ਹਨ ਪਰ ਰਾਜ ਵਿਅਕਤੀਆਂ ਦਾ ਹੈ, ਭਾਵ ਵਿਅਕਤੀ ਆਪਣੇ ਆਪ ਨੂੰ ਕਾਨੂੰਨ ਤੋਂ ਉਤੇ ਸਮਝਦੇ ਹਨ। ਉਥੇ ਇਸ ਸਮੱਸਿਆ ਨੂੰ ਹੱਲ ਕਰਨਾ ਹੀ ਸਭ ਮੁਸੀਬਤਾਂ ਦਾ ਹੱਲ ਹੈ। ਇਸ ਲਈ ਜੋ ਉਮੀਦਵਾਰ ਆਪਹੁਦਰਾਪਣ ਛੱਡ ਕੇ ਕਾਨੂੰਨ ਦੀ ਵਿਵਸਥਾ ਬਹਾਲ ਕਰਨ ਦਾ ਦਮ ਭਰਨ, ਵੋਟ ਉਨ੍ਹਾਂ ਨੂੰ ਹੀ ਦਿਓ।
30. ਹਰ ਪੱਖ ਤੋਂ ਸਵੱਛ ਲੋਕਤੰਤਰ ਦੇ ਹੱਕ ਵਿਚ ਨਿੱਤਰੋ ਤੇ ਡੈਮਾਗੌਗੀ ਨੂੰ ਡੈਮੋਕਰੇਸੀ ਵਿਚ ਬਦਲੋ!
ਇਸ ਲਈ ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਲੋਕਤੰਤਰ ਦੀ ਬਹਾਲੀ ਹੀ ਹੋਣਾ ਚਾਹੀਦਾ ਹੈ। ਇਸ ਨਾਅਰੇ ਉਤੇ ਚਲਦਿਆਂ ਹੀ ਰਾਜਨੀਤੀ ਦਾ ਗੰਧਲਾਪਣ ਸਾਫ ਹੋਵੇਗਾ ਤੇ ਇਸ ਅਨੁਸਾਰ ਹੀ ਸਿੱਖਿਆ, ਸਿਹਤ, ਰੁਜ਼ਗਾਰ ਤੇ ਖੁਸ਼ਹਾਲੀ ਦਾ ਪਰਤ ਆਉਣਾ ਸੰਭਵ ਹੋ ਸਕੇਗਾ। ਇਕ ਤਰ੍ਹਾਂ ਨਾਲ ਇਹੀ ਦੇਸ਼ ਦੇ ਵਿਕਾਸ ਦੀ ਪਹਿਲੀ ਪੌੜੀ ਹੈ!