ਸਿੱਖਾਂ ਨੂੰ ਪੰਜਾਬੀ ਨਾਲ ਪਿਆਰ ਕਿਉਂ ਨਹੀਂ?

ਅਮਰਜੀਤ ਸਿੰਘ ਮੁਲਤਾਨੀ
ਜੇ ਐਫ ਕੇ ਏਅਰਪੋਰਟ `ਤੇ ਕੰਮ ਦੌਰਾਨ ਮੇਰਾ ਉੱਥੇ ਬਹੁਤ ਸਾਰੇ ਬੰਗਲਾਦੇਸ਼ੀ ਸਹਿ ਕਰਮੀਆਂ ਨਾਲ ਵਾਸਤਾ ਪਿਆ। ਕਲਕੱਤੇ ਦਾ ਨਿਵਾਸੀ ਹੋਣ ਕਰਕੇ ਮੈਨੂੰ ਬੰਗਲਾ ਬੋਲਣੀ ਵੀ ਆਉਂਦੀ ਹੋਣ ਕਰਕੇ ਸਾਰੇ ਬੰਗਲਾਦੇਸ਼ੀ ਕਰਮੀਆਂ ਨਾਲ ਮੇਰੇ ਰਿਸ਼ਤੇ ਕਾਫ਼ੀ ਵਧੀਆ ਸਨ।

ਜਦੋਂ ਕਦੇ ਵਿਹਲੇ ਸਮੇਂ ਅਸੀਂ ਇਕੱਠੇ ਬੈਠਦੇ ਤਾਂ ਆਪੋ-ਆਪਣੀਆਂ ਫੇਸਬੁੱਕ ਵੇਖਦੇ ਰਹਿੰਦੇ। ਮੈਂ ਨੋਟ ਕੀਤਾ ਕਿ ਉਨ੍ਹਾਂ ਦੀ ਫੇਸਬੁੱਕ `ਤੇ ਵੱਧ ਤੋਂ ਵੱਧ ਪੋਸਟਾਂ ਉਨ੍ਹਾਂ ਦੀ ਆਪਣੀ ਮਾਤ ਭਾਸ਼ਾ ਬੰਗਲਾ ਵਿਚ ਹੀ ਹੁੰਦੀਆਂ ਸਨ ਪਰ ਗੱਲ ਇੱਥੇ ਹੀ ਨਹੀਂ ਮੁੱਕਦੀ। ਉਹ ਤਕਰੀਬਨ ਸੌ ਪ੍ਰਤੀਸ਼ਤ ਪੋਸਟਾਂ ਤੇ ਕੁਮੈਂਟ ਵੀ ਬੰਗਲਾ ਭਾਸ਼ਾ ਵਿਚ ਕਰਦੇ, ਜਦਕਿ ਔਸਤਨ ਉਨ੍ਹਾਂ ਸਾਰਿਆਂ ਨੂੰ ਪੰਜਾਬੀਆਂ ਤੋਂ ਵੱਧ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੈ। ਪਰ ਉਹ ਨਿੱਜੀ ਗੱਲਬਾਤ ਜਾਂ ਆਪਸੀ ਪੱਤਰ ਵਿਹਾਰ ਵਿਚ ਬੰਗਲਾ ਭਾਸ਼ਾ ਦੀ ਵਰਤੋਂ ਨੂੰ ਹੀ ਪਹਿਲ ਦਿੰਦੇ। ਬੋਲਚਾਲ ਵਿਚ ਵੀ ਉਹ ਸ਼ੁੱਧ ਜ਼ੁਬਾਨ ਅਤੇ ਸਹੀ ਸ਼ਬਦਾਂ ਦੀ ਵਰਤੋਂ ਕਰਦੇ। ਉਹ ਗਲਤ ਸ਼ਬਦ ਦੀ ਵਰਤੋਂ ਅਤੇ ਬਣਤਰ ਲਈ ਵੀ ਆਪਣੇ ਸੰਗੀਆਂ ਨੂੰ ਸਹੀ ਕਰਨ ਦਾ ਯਤਨ ਕਰਦੇ। ਉਹ ਭਾਸ਼ਾ ਦੇ ਵਿਆਕਰਣ `ਤੇ ਵੀ ਪੂਰਾ ਧਿਆਨ ਦਿੰਦੇ। ਅਜਿਹਾ ਕਰਦਿਆਂ ਮੈਂ ਕਦੇ ਵੀ ਉਨ੍ਹਾਂ ਨੂੰ ਕੋਈ ਛੋਟੇਪਣ ਦੇ ਅਹਿਸਾਸ ਦਾ ਸਿ਼ਕਾਰ ਹੁੰਦਿਆਂ ਨਹੀਂ ਵੇਖਿਆ। ਮੁੱਕਦੀ ਗੱਲ ਇਹ ਕਿ ਉਨ੍ਹਾਂ ਨੂੰ ਆਪਣੀ ਭਾਸ਼ਾ ਨਾਲ ਪਿਆਰ ਇਸ `ਤੇ ਮਾਣ ਹੈ। ਇੱਥੇ ਨਿਊ ਯਾਰਕ ਵਿਚ ਵੀ ਜਦੋਂ ਮੈਂ ਕਿਸੇ ਬੰਗਾਲੀ ਨਾਲ ਬੰਗਲਾ ਭਾਸ਼ਾ ਵਿਚ ਗੱਲ ਕਰਦਾ ਹਾਂ ਤਾਂ ਉਹ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਜਦੋਂ ਬੰਗਲਾਦੇਸ਼ ਪਾਕਿਸਤਾਨ ਦੇ ਅਧੀਨ ਹੁੰਦਾ ਸੀ, ਪਾਕਿਸਤਾਨ ਸਰਕਾਰ ਨੇ ਪੂਰਾ ਟਿੱਲ ਲਾ ਲਿਆ ਸੀ, ਉਨ੍ਹਾਂ `ਤੇ ਉਰਦੂ ਜ਼ਬਾਨ ਥੋਪਣ ਦਾ ਪਰ ਬਲਿਹਾਰੇ ਜਾਈਏ ਬੰਗਲਾਦੇਸ਼ੀਆਂ ਦੇ ਉਨ੍ਹਾਂ ਦੇ ਆਪਣੀ ਭਾਸ਼ਾ ਪ੍ਰਤੀ ਪਿਆਰ ਦੇ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੇ ਇਸ ਨਾਪਾਕ ਇਰਾਦੇ ਦਾ ਡਟ ਕੇ ‘ਭਾਸ਼ਾ ਅੰਦੋਲਨ’ ਦੇ ਰੂਪ ਵਿਚ ਵਿਰੋਧ ਕੀਤਾ। ਇਹ ਭਾਸ਼ਾ ਅੰਦੋਲਨ 21 ਫ਼ਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਤੋਂ ਅਰੰਭ ਹੋਇਆ। ਇਹ ਅੰਦੋਲਨ ਇੰਨਾ ਵਿਆਪਕ ਤੇ ਜ਼ਬਰਦਸਤ ਸੀ ਕਿ ਹੰਭ ਕੇ 1956 ਵਿਚ ਪਾਕਿਸਤਾਨ ਸਰਕਾਰ ਨੂੰ ‘ਬੰਗਲਾ’ ਭਾਸ਼ਾ ਨੂੰ ਪੂਰਬੀ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣੀ ਪਈ। ਇਸ ਅੰਦੋਲਨ ਦੌਰਾਨ ਕਾਫ਼ੀ ਨੌਜਵਾਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਹੁਣ ਹਰ ਸਾਲ 21 ਫ਼ਰਵਰੀ ਵਾਲੇ ਦਿਨ ਨੂੰ ਬੰਗਲਾਦੇਸ਼ ਅਤੇ ਭਾਰਤੀ ਸੂਬੇ ਪੱਛਮੀ ਬੰਗਾਲ ਦੇ ਬੰਗਲਾ ਭਾਸ਼ਾ ਪ੍ਰੇਮੀ ‘ਭਾਸ਼ਾ ਅੰਦੋਲਨ ਦਿਨ’ ਵਜੋਂ ਮਨਾਉਂਦੇ ਹਨ। 1999 ਸਾਲ ਵਿਚ ਭਾਸ਼ਾ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿਚ ਢਾਕਾ ਮੈਡੀਕਲ ਕਾਲਜ ਦੇ ਨੇੜੇ ‘ਸ਼ਹੀਦ ਮੀਨਾਰ’ ਦੇ ਨਾਮ `ਤੇ ਇਕ ਯਾਦਗਾਰ ਵੀ ਸਥਾਪਿਤ ਕੀਤੀ ਗਈ ਹੈ। 21 ਫ਼ਰਵਰੀ ਨੂੰ ਬੰਗਲਾਦੇਸ਼ ਵਿਚ ਸਰਕਾਰੀ ਛੁੱਟੀ ਹੁੰਦੀ ਹੈ ਅਤੇ ਹਰ ਪੱਧਰ `ਤੇ ਸਰਕਾਰੀ/ਗੈਰ ਸਰਕਾਰੀ ਸਮਾਗਮਾਂ ਦਾ ਆਯੋਜਨ ਹੁੰਦਾ ਹੈ। ਭਾਰਤੀ ਸੂਬੇ ਪੱਛਮੀ ਬੰਗਾਲ ਵਿਚ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੰਗਾਲੀਆਂ ਦੇ ਭਾਸ਼ਾ ਪ੍ਰਤੀ ਪਿਆਰ ਅਤੇ ਉਸ ਲਈ ਕੀਤੇ ਸੰਘਰਸ਼ ਨੂੰ ਮਾਨਤਾ ਦਿੰਦਿਆਂ ਯੂਨੈਸਕੋ ਨੇ ਵੀ ਆਪਣੇ ਅਧਿਕਾਰਕ ਕੈਲੰਡਰ ਵਿਚ 21 ਫ਼ਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਤ ਭਾਸ਼ਾ ਦਿਨ’ ਐਲਾਨਿਆ ਹੈ।
ਨਿਊ ਯਾਰਕ ਵਿਚ ਬੰਗਲਾਦੇਸ਼ੀ ਲੋਕਾਂ ਦਾ ਪ੍ਰਵਾਸ ਪੰਜਾਬੀਆਂ ਤੋਂ ਕਿਤੇ ਬਾਅਦ ਹੋਇਆ। ਬੰਗਲਾ ਦੇਸ਼ੀਆਂ ਨੇ ਇੱਥੇ ਪ੍ਰਵਾਸ ਦੌਰਾਨ ਆਪਣੇ ਆਪ ਨੂੰ ਆਰਥਿਕ ਤੌਰ `ਤੇ ਸਥਾਪਿਤ ਕਰਨ ਦੇ ਯਤਨਾਂ ਦੇ ਸਮਾਨਾਂਤਰ ਆਪਣੇ ਸੱਭਿਆਚਾਰ ਅਤੇ ਭਾਸ਼ਾ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਹੀਂ ਵਿਸਾਰਿਆ ਅਤੇ ਇਹ ਉਨ੍ਹਾਂ ਦੀ ਜਾਗਰੁਕਤਾ ਦੀ ਨਿਸ਼ਾਨੀ ਹੈ ਕਿ ਇੱਥੇ ਸਿਟੀ ਦੇ ਪ੍ਰਬੰਧਕੀ ਸਿਸਟਮਾਂ ਵਿਚ ਆਪਣੀ ਮਾਤ ਭਾਸ਼ਾ ਬੰਗਲਾ ਨੂੰ ਲੋਕ ਵਿਹਾਰ ਦੇ ਹਰ ਪੱਧਰ `ਤੇ ਦਰਜ ਕਰਵਾ ਲਿਆ ਹੈ। ਪੰਜਾਬੀ ਦਾ ਸਿਟੀ ਪ੍ਰਬੰਧਨ ਵਿਚ ਕੀ ਸਥਾਨ ਹੈ, ਇਹ ਹਰ ਪੰਜਾਬੀ ਜਾਣਦਾ ਹੈ, ਪਰ ਇਸ ਬਾਰੇ ਕਦੇ ਕੋਈ ਠੋਸ ਯਤਨ ਨਹੀਂ ਕੀਤੇ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ 90% ਸਿੱਖਾਂ ਨੂੰ ਔਸਤ ਦਰਜੇ ਦੀ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ। ਹਰ ਪੰਜਾਬੀ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਆਉਣੀ ਚਾਹੀਦੀ ਹੈ ,ਸਿੱਖਾਂ ਵਿਚ ਇਸ ਗੱਲ ਦੇ ਅਹਿਸਾਸ ਨੇ ਕਦੇ ਵੀ ਸਿੱਖਾਂ ਨੂੰ ਹਲੂਣਿਆ ਹੀ ਨਹੀਂ ਲੱਗਦਾ। ਸ਼ਾਇਦ ਇਸੇ ਕਰਕੇ ਉਹ ਅਜਿਹੇ ਸੰਵੇਦਨਸ਼ੀਲ ਵਿਸ਼ੇ `ਤੇ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ।
ਬੰਗਲਾ ਦੇਸ਼ੀਆਂ ਨੇ ਆਪਣੇ ਹਰ ਕਿਸਮ ਦੇ ਬਿਜ਼ਨਸਾਂ ਦੇ ਸਾਈਨ ਬੋਰਡ ਵੀ ਬੰਗਲਾ ਜ਼ੁਬਾਨ ਵਿਚ ਲਾਉਣ ਦੀ ਦਲੇਰੀ ਵਿਖਾਈ ਹੈ। ਹਰ ਬੰਗਲਾਦੇਸ਼ੀ ਬਿਜ਼ਨਸ ਦੇ ਬਾਹਰ ਲੱਗੇ ਸਾਈਨ ਬੋਰਡ `ਤੇ ਇਸ ਗੱਲ ਦਾ ਉਚੇਚਾ ਜਿ਼ਕਰ ਕੀਤਾ ਹੁੰਦਾ ਹੈ ਕਿ “ਇਹ ਇਕ ਬੰਗਲਾਦੇਸ਼ੀ ਵਪਾਰਕ ਪ੍ਰਤਿਸ਼ਠਾਨ ਹੈ”। ਕਿੰਨਾ ਪਿਆਰ ਹੈ ਆਪਣੀ ਮਾਂ ਬੋਲੀ ਨਾਲ ਅਤੇ ਕਿੰਨਾ ਸਵੈਮਾਨ ਹੈ ਆਪਣੇ ਦੇਸ਼ ਦੇ ਨਾਗਰਿਕ ਹੋਣ ਦਾ। ਇਸਦੇ ਉਲਟ ਸਿੱਖਾਂ ਵਿਚ ਕੋਈ ਵਿਰਲਾ ਹੀ ਸਿੱਖ ਹੋਵੇਗਾ, ਜਿਸਨੇ ਆਪਣੇ ਬਿਜ਼ਸਨ ਦੇ ਸਾਈਨ ਬੋਰਡ ਪੰਜਾਬੀ ਵਿਚ ਲੁਆਏ ਹੋਣ। ਵਧੇਰੇ ਸਿੱਖ ਬਿਜ਼ਨਸਮੈਨ ਸ਼ਾਇਦ ਇਸ ਹੀਣ ਭਾਵਨਾ ਤੋਂ ਗ੍ਰਸਤ ਲੱਗਦੇ ਹਨ ਕਿ ਜੇ ਉਨ੍ਹਾਂ ਨੇ ਪੰਜਾਬੀ ਵਿਚ ਆਪਣੇ ਬਿਜ਼ਨਸ ਦੇ ਸਾਈਨ ਬੋਰਡ ਲੁਆ ਲਏ ਤਾਂ ਕਿਤੇ ਉਨ੍ਹਾਂ ਦੀ ਗਿਣਤੀ ਗਵਾਰਾਂ ਵਿਚ ਨਾ ਹੋਣ ਲੱਗ ਪਵੇ? ਪੰਜਾਬੀ/ਭਾਰਤੀ ਬਿਜ਼ਨਸ ਹੋਣ ਦਾ ਪਤਾ ਲੱਗਣ `ਤੇ ਸ਼ਾਇਦ ਗ੍ਰਾਹਕਾਂ ਦੀ ਆਮਦ ਨਾ ਘਟ ਜਾਵੇ? ਜਦਕਿ ਹਕੀਕਤ ਵਿਚ ਅਜਿਹਾ ਨਹੀਂ ਹੁੰਦਾ। ਪਰ ਪੰਜਾਬੀ ਡਰਾਕਲਾਂ ਵਾਂਗ ਅਸਥਿਰ ਮਾਨਸਿਕਤਾ ਦਾ ਸਿ਼ਕਾਰ ਬਣੇ ਰਹਿਣਾ ਹੀ ਪਸੰਦ ਕਰਦੇ ਹਨ। ਪੰਜਾਬੀ ਬਿਜ਼ਨਸ ਮਾਲਿਕਾਂ ਨੂੰ ਆਪਣੇ ਭਾਈਚਾਰੇ ਦੇ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਵਿਚ ਵੀ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ। ਮਿਸਾਲ ਦੇ ਤੌਰ `ਤੇ ਪੰਜਾਬੀ ਮਾਲਕੀ ਵਾਲੇ ਗੈਸ ਸਟੇਸ਼ਨਾਂ `ਤੇ ਘੱਟ ਰੇਟ ਦੇ ਕੇ ਦੇਸੀਆਂ ਤੋਂ ਲਗਾਤਾਰ 12 ਘੰਟੇ ਕੰਮ ਲੈਣਾ ਹੁਣ ਆਮ ਹੋ ਗਿਆ ਹੈ। ਮਾਲਕ ਜਾਣਦੇ ਹਨ ਕਿ ਵੱਡੀਆਂ ਰਕਮਾਂ ਖਰਚ ਕੇ ਮੈਕਸੀਕੋ ਬਾਰਡਰ ਟੱਪ ਕੇ ਆਏ ਬਿਨਾਂ ਸਟੇਟਸ ਵਾਲਿਆਂ ਨੇ ਬਚੇ ਰਹਿਣ ਲਈ ਕੰਮ ਤਾਂ ਕਰਨਾ ਹੀ ਹੈ। ਉਹ ਸ਼ੋਸ਼ਣ ਕਰ ਕੇ ਵੀ ਪੰਜਾਬੀ ਕਰਮਚਾਰੀਆਂ ਦੇ ਸਿਰ `ਤੇ ਅਹਿਸਾਨ ਦਾ ਟੋਕਰਾ ਰੱਖ ਦਿੰਦੇ ਹਨ ਕਿ ਅਸੀਂ ਤੁਹਾਨੂੰ ਨੌਕਰੀ ਦਿੱਤੀ ਹੈ ਪਰ ਬੰਗਲਾ ਦੇਸ਼ੀਆਂ ਵਿਚ ਇਸਦੇ ਉਲਟ ਆਪਣੇ ਲੋਕਾਂ ਨੂੰ ਪਿਆਰ ਅਤੇ ਆਪਣੇਪਨ ਨਾਲ ਮਿਲਣਾ ਤੇ ਹਰ ਸੰਭਵ ਸਹਾਇਤਾ ਕਰਨਾ ਆਮ ਜਿਹਾ ਵਿਹਾਰ ਹੈ।
ਮੇਰਾ ਆਪਣਾ ਵਿਚਾਰ ਹੈ ਕਿ ਬੰਗਲਾ ਦੇਸ਼ੀਆਂ ਨੇ ਆਪਣੇ ਆਪ ਅਤੇ ਆਪਣੀ ਭਾਸ਼ਾ `ਤੇ ਮਾਣ ਅਤੇ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ਦੀ ਜਾਚ ਚੀਨੀਆਂ ਤੋਂ ਸਿੱਖੀ ਹੈ। ਬੰਗਲਾਦੇਸ਼ੀ ਵੀ ਚੀਨ ਦੇ ਲੋਕਾਂ ਵਾਂਗ ਖਾਸ ਇਲਾਕਿਆਂ ਵਿਚ ਸਮੂਹਿਕ ਤੌਰ `ਤੇ ਰਹਿੰਦੇ ਹਨ, ਵਪਾਰ ਵੀ ਕਰਦੇ ਹਨ। ਮਿਸਾਲ ਵਜੋਂ ਬੰਗਲਾ ਦੇਸ਼ੀਆਂ ਨੇ ਨਿਊ ਯਾਰਕ ਦੀ ਕਵੀਨਸ ਬੋਰੋ ਦੇ ਇਲਾਕੇ ਜੈਕਸਨ ਹਾਈਟਸ ਵਿਚ ਕੁਝ ਇਸ ਢੰਗ ਨਾਲ ਬਿਜ਼ਨਸ ਸਥਾਪਿਤ ਕੀਤੇ ਹਨ, ਜਿੱਥੇ ਹਰ ਪਾਸੇ ਬੰਗਲਾ ਜ਼ੁਬਾਨ ਤੁਹਾਡੇ ਕੰਨਾਂ ਵਿਚ ਪਵੇਗੀ। ਇੱਥੇ ਬੰਗਲਾ ਜ਼ੁਬਾਨ ਵਿਚ ਲਿਖੇ ਵੱਡੇ ਸਾਈਨ ਬੋਰਡਾਂ ਵਾਲੇ ਬੰਗਲਾਦੇਸ਼ੀ ਬਿਜ਼ਨਸਾਂ ਦੀ ਭਰਮਾਰ ਵਿਚ ਬੰਗਾਲੀ ਭਾਸ਼ਾ ਵਿਚ ਵਾਰਤਾਲਾਪ ਕਰਦੇ ਵੱਡੀ ਗਿਣਤੀ ਬੰਗਲਾਦੇਸ਼ੀ ਮਿਲਣਗੇ। ਕਦੇ ਜੈਕਸਨ ਹਾਈਟ ਪੰਜਾਬੀ ਮਾਲਕੀ ਵਾਲੇ ਬਿਜ਼ਨਸਾਂ ਦਾ ਗੜ੍ਹ ਹੁੰਦਾ ਸੀ। ਹੁਣ ਉੱਥੇ ਗਿਣਤੀ ਦੇ ਪੰਜਾਬੀ ਬਿਜ਼ਨਸ ਰਹਿ ਗਏ ਹਨ। ਚੀਨੇ ਵੀ ਹੋਰਨਾਂ ਏਸ਼ੀਅਨ ਕੌਮੀਅਤਾਂ ਵਾਂਗ ਗੋਰੇ ਅਮਰੀਕਨਾਂ ਦੀ ਗੁੱਡ ਬੁੱਕ ਵਿਚ ਦਰਜ ਨਹੀਂ ਹਨ, ਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਪੂਰੇ ਦਮ-ਖਮ ਨਾਲ ਅਮਰੀਕਨਾਂ ਦੀ ਹਿੱਕ `ਤੇ ਦੀਵਾ ਬਾਲਿਆ ਹੋਇਆ ਹੈ। ਪੰਜਾਬੀ ਠੋਸ ਗੱਲਾਂ ਤਾਂ ਘੱਟ ਵੱਧ ਹੀ ਕਰਦੇ ਹਨ, ਪਰ ਆਪਣੀ ਫੋਕੀ ਸ਼ਾਨ ਦੀਆਂ ਫੜ੍ਹਾਂ ਮਾਰਦੇ ਥੱਕਦੇ ਨਹੀਂ ਹਨ। ਲੱਗਦਾ ਹੈ ਜਿਵੇਂ ਉਨ੍ਹਾਂ ਵਿਚ ਸਮੂਹਿਕ ਸਵੈਮਾਨ ਦੀ ਘਾਟ ਹੈ ਅਤੇ ਸ਼ਾਇਦ ਇਸੇ ਕਰਕੇ ਆਮ ਸਿੱਖ ਵੀ ਸਵੈਮਾਨ ਦੀ ਅਣਹੋਂਦ ਦਾ ਸਿ਼ਕਾਰ ਹੈ।
ਸਿੱਖ ਜਦੋਂ ਭਾਰਤ ਵਿਚ ਹੁੰਦੇ ਹਨ ਤਾਂ ਆਪਣੇ ਪਰਿਵਾਰ ਨਾਲ ਵਾਰਤਾਲਾਪ ਦੌਰਾਨ ਹਿੰਦੀ ਵਿਚ ਗੱਲ ਕਰ ਕੇ ਆਪਣੇ ਆਪ ਨੂੰ ਵਡਿਆਉਂਦੇ ਹਨ। ਵਿਦੇਸ਼ਾਂ ਵਿਚ ਫਿਰ ਇਹੋ ਸਿੱਖ ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰ ਕੇ ਅੰਗਰੇਜ਼ੀ ਜ਼ਬਾਨ ਦੀ ਅਜਿਹੀ ਧੰੂਆਂਧਾਰ ਵਰਤੋਂ ਕਰਦੇ ਹਨ, ਜਿਵੇਂ ਇਹ ਸਿੱਖ ਨਾ ਹੋ ਕੇ ਜਨਮ ਜਾਤ ਗੋਰੇ ਹੋਣ। ਪਤਾ ਨਹੀਂ ਅਜਿਹਾ ਕਰਕੇ ਇਹ ਕੀ ਸਾਬਤ ਕਰਨਾ ਲੋਚਦੇ ਹਨ। ਪੰਜਾਬੀ ਬੋਲਣ ਅਤੇ ਲਿਖਣ ਵਿਚ ਪਤਾ ਨਹੀਂ ਕਿਹੜੀ ਵੱਡੀ ਸ਼ਰਮ ਤੇ ਹਯਾ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਜੋ ਇਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੈ। ਵਿਦੇਸ਼ਾਂ ਵਿਚ ਵੀ ਮੈਂ ਬਹੁਤ ਸਾਰੇ ਪਰਿਵਾਰਾਂ ਨੂੰ ਹਿੰਦੀ ਵਿਚ ਗੱਲਬਾਤ ਕਰਦੇ ਸੁਣਿਆ ਹੈ। ਫੇਸਬੂੱਕ `ਤੇ ਵੀ ਪੰਜਾਬੀ ਦੀ ਥਾਂ ਗਲਤ ਅੰਗਰੇਜ਼ੀ ਦੀ ਵਰਤੋਂ ਧੜੱਲੇ ਨਾਲ ਕਰਦੇ ਹਨ। ਪੰਜਾਬੀ ਵਿਚ ਲਿਖੀਆਂ ਪੋਸਟਾਂ ਵਿਚ ਵੀ ਸ਼ਬਦਾਂ ਦਾ ਜੋੜ ਸਹੀ ਨਹੀਂ ਹੁੰਦਾ। ਹੈਰਾਨੀ ਹੁੰਦੀ ਹੈ ਕਿ ਪੰਜਾਬੀ ਸਰਲ ਤੇ ਸੌਖੀ ਪੰਜਾਬੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਨਹੀਂ ਕਰ ਸਕੇ ਅਤੇ ਜੇ ਪੰਜਾਬੀ ਭਾਸ਼ਾ ਔਖੀ ਹੁੰਦੀ, ਫਿਰ ਤਾਂ ਰੱਬ ਹੀ ਰਾਖਾ ਹੁੰਦਾ ਪੰਜਾਬੀ ਜ਼ੁਬਾਨ ਦਾ। ਪ੍ਰਸਿੱਧ ਬਾਲੀਵੂੱਡ ਅਭਿਨੇਤਾ ਬਲਰਾਜ ਸਾਹਨੀ ਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਪੰਜਾਬੀ ਕਹਾਉਣ ਲਈ ਪੰਜਾਬੀ ਪੜ੍ਹਨੀ ਅਤੇ ਲਿਖਣੀ ਆਉਣੀ ਜ਼ਰੂਰੀ ਹੈ, ਤਾਂ ਉਸ ਨੇ ਸ਼ੈਦਾਈ ਦੀ ਹੱਦ ਤਕ ਜਾ ਕੇ ਪੰਜਾਬੀ ਭਾਸ਼ਾ ਲਿਖਣ ਦਾ ਗਿਆਨ ਪ੍ਰਾਪਤ ਕੀਤਾ ਅਤੇ ਅਣਗਿਣਤ ਕਿਤਾਬਾਂ ਵੀ ਲਿਖੀਆਂ। ਸਾਰੇ ਪੰਜਾਬੀਆਂ ਵਿਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਕਦੋਂ ਜਾਗੇਗਾ, ਇਸ ਸਵਾਲ ਦਾ ਜੁਆਬ ਤਾਂ ਸ਼ਾਇਦ ਗੁਰੂ ਨਾਨਕ, ਉਨ੍ਹਾਂ ਦੇ ਨੌਂ ਅਵਤਾਰਾਂ ਅਤੇ ਵਰਤਮਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ ਵੀ ਨਹੀਂ ਹੋਣਾ? ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ! ਸਿੱਖਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਪਿਆਰ ਕਰਨ ਦਾ ਗ਼ੈਬੀ ਦਾਨ ਬਖਸਿ਼ਸ਼ ਕਰੋ!