ਮਿਲੇ ਸੁਰ ਮੇਰਾ ਤੁਮ੍ਹਾਰਾ…….!

ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 001-408-915-1268
ਸਮਾਂ ਸੀ ਬਚਪਨ ਦਾ ਜਦ ਅਸੀਂ ਬਨੇਰਿਆਂ ’ਤੇ ਵੱਜਦੇ ਲਾਊਡ ਸਪੀਕਰਾਂ ਤੋਂ ਬਹੁਤਾ ਕਰਕੇ ਸੁਰਿੰਦਰ ਕੌਰ-ਪ੍ਰਕਾਸ਼ ਕੌਰ ਦੇ ਗੀਤ ਸੁਣਦਿਆਂ ਇਨ੍ਹਾਂ ਦੋਹਾਂ ਭੈਣਾਂ ਦੇ ਨਾਵਾਂ ਤੋਂ ਚੰਗੇ ਵਾਕਿਫ ਹੋ ਗਏ। ਫਿਰ ਸਾਡੇ ਗੁਆਂਢ ਵਿਚ ਚਾਚੇ ਉਤਮ ਦੇ ਮੁੰਡੇ ਨੇ ਪੁਰਾਣਾ ਰੇਡੀਓ ਸੈੱਟ ਲੈ ਆਂਦਾ। ਅਸੀਂ ਸਕੂਲ ਦਾ ਕੰਮ ਛੇਤੀ-ਛੇਤੀ ਨਿਬੇੜ ਕੇ ‘ਰੇਡੂਆ’ ਸੁਣਨ ਜਾ ਬਹਿੰਦੇ। ਰੇਡੀਓ ਸੁਣਦਿਆਂ ਹੀ ਸਾਨੂੰ ਲਤਾ ਮੰਗੇਸ਼ਕਰ ਗਾਇਕਾ ਦਾ ਪਤਾ ਲੱਗਾ। ਅਸੀਂ ਉਦੋਂ ਸਮਝਦੇ ਸਾਂ ਕਿ ਰੇਡੀਓ ਵਾਲ਼ੇ ਪਤਾ ਨਹੀਂ ਕਿਉਂ ‘ਲਤਾ ਮੰਗੇਸ਼ ਕੌਰ’ ਨੂੰ ਲਤਾ ਮੰਗੇਸ਼ਕਰ ਕਹੀ ਜਾਂਦੇ ਨੇ?

ਆਪਣੇ ਉਹ ਦੁੜੰਗੇ ਮੈਨੂੰ ਹੁਣ ਤੱਕ ਯਾਦ ਨੇ ਜਦ ਕਾਪੀਆਂ ’ਤੇ ਲਿਖਾਈਆਂ ਕਰਨ ਵਿਚ ਰੁੱਝਿਆਂ ਦੇ ਸਾਡੇ ਕੰਨੀਂ ‘ਬਿੰਦੀਆ ਚਮਕੇਗੀ’ ਦੇ ਬੋਲ ਪੈਣੇ ਤਾਂ ਅਸੀਂ ਵਾਹੋ-ਦਾਹੀ ਚਾਚੇ ਦੇ ਘਰ ਭੱਜੇ ਜਾਣਾ। ਜਿਵੇਂ ਕਿਤੇ ਉਥੇ ਲਤਾ ਮੰਗੇਸ਼ਕਰ ਸਟੇਜ ’ਤੇ ਗਾ ਰਹੀ ਦੇਖਣੀ ਹੋਵੇ! ਚਾਚੇ ਦੇ ਮੁੰਡੇ ਨੇ ਰੇਡੀਓ ਦੀ ਆਵਾਜ਼ ਹੋਰ ਚੁੱਕਦਿਆਂ ਕਹਿਣਾ-‘ਦੇਖ ਕਿੱਦਾਂ ਕੋਇਲ ਵਾਂਗ ਬੋਲਦੀ ਐ ਲਤਾ!’
‘ਮਾਰ ਦੀਆ ਜਾਏ ਜਾਂ ਛੋੜ ਦੀਆ ਜਾਏ’ ਗਾਣੇ ਦੇ ਤਾਂ ਅਸੀਂ ਦਿਵਾਨੇ ਹੀ ਹੋ ਗਏ ਸਾਂ। ਚਾਚੇ ਦਾ ਮੁੰਡਾ ਕਦੇ-ਕਦੇ ਲਾਹੌਰ ਰੇਡੀਓ ਸਟੇਸ਼ਨ ਲਾ ਦਿੰਦਾ ਤਾਂ ਅਸੀਂ ਝੂਮ-ਝੂਮ ਕੇ ਪਾਕਿਸਤਾਨੀ ਗਾਇਕਾ ਨੂਰ ਜਹਾਂ ਨੂੰ ਸੁਣਦੇ-‘ਹਾਏ ਹਾਏ ਵੇ ਜਦੋਂ ਹੌਲ਼ੀ ਜਿਹੇ ਲੈਨੈਂ ਮੇਰਾ ਨਾਂ…!’ ਜਦ ਲਾਹੌਰ ਰੇਡੀਓ ਦੇ ਅਨਾਊਂਸਰ ਨੂਰ ਜਹਾਂ ਦਾ ਨਾਮ ਬੋਲਣ ਲੱਗਿਆਂ ਵਿਸ਼ੇਸ਼ਣ ਵਜੋਂ ਮਲਿਕਾ-ਏ-ਤਰੰਨੁਮ ਕਹਿੰਦੇ ਤਾਂ ਅਸੀਂ ਇਸ ਸ਼ਬਦ ਨੂੰ ਵੀ ‘ਧਰਮਨਮ’ ਵਜੋਂ ਵਿਗਾੜ ਕੇ ਹੱਸਦੇ!
ਨੂਰ ਜਹਾਂ ਦੇ ਜ਼ਿਕਰ ਤੋਂ ਫਿਰ ਵਿੱਛੜੀ ਲਤਾ ਮੰਗੇਸ਼ਕਰ ਦੀ ਗੱਲ ਕਰ ਲਈਏ-ਮੈਨੂੰ ਪੱਕਾ ਯਾਦ ਨਹੀਂ ਕਿ ਇਹ ਗੱਲ ਮੈਂ ਕਿਸੇ ਗਾਇਕ ਦੀ ਇੰਟਰਵਿਊ ’ਚੋਂ ਸੁਣੀ ਹੋਵੇਗੀ ਜਾਂ ਸੰਗੀਤ ਬਾਰੇ ਕਿਸੇ ਮੈਗਜ਼ੀਨ ’ਚੋਂ ਪੜ੍ਹੀ ਹੋਵੇਗੀ! ਉਹ ਇਹ ਕਿ ਕਹਿੰਦੇ ਇਕ ਵਾਰ ਲਤਾ ਮੰਗੇਸ਼ਕਰ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਤੇ ਭਾਰਤ ਵਿਚਾਲ਼ੇ ਲੜਾਈ ਦੀ ਜੜ੍ਹ ਸਮਝੇ ਜਾਂਦੇ ਕਸ਼ਮੀਰ ਨੂੰ ਪਾਕਿਸਤਾਨ ਨੂੰ ਸੌਂਪ ਦੇਵੇ ਅਤੇ ਉਸਦੇ ਬਦਲੇ ਵਿਚ ਉਨ੍ਹਾਂ ਤੋਂ ਮਲਿਕਾ-ਏ-ਤਰੰਨੁਮ ਨੂਰ ਜਹਾਂ ਲੈ ਲਵੇ! ਇਕ ਸੁਰੀਲੀ ਨੂੰ ਹੀ ਸੁਰੀਲੀ ਦੀ ਕੀਮਤ ਦਾ ਪਤਾ ਹੋ ਸਕਦੈ!!
ਥੋੜ੍ਹੇ ਦਿਨਾਂ ਤੋਂ ਸਵਰਗੀ ਹੋ ਗਈ ਲਤਾ ਜੀ ਦੀ ਨਜ਼ਰ ਵਿਚ ਏਡੀ ਕੀਮਤੀ ਨੂਰ ਜਹਾਂ ਬਾਰੇ ਵੀ ਇਕ ਗੱਲ ਯਾਦ ਆ ਗਈ! ਲਾਹੌਰ ਰੇਡੀਓ ਤੋਂ ਪ੍ਰਸਾਰਿਤ ਹੋਏ ਇਕ ਇੰਟਰਵਿਊ ਵਿਚ ਨੂਰ ਜਹਾਂ ਤੋਂ ਪੁੱਛਿਆ ਗਿਆ ਕਿ ਸਭ ਤੋਂ ਪਹਿਲਾਂ ਉਸਨੇ ਕਿੱਥੇ ਤੇ ਕਦੋਂ ਗਾਇਆ? ਉਸਨੇ ਬੜੀ ਭਾਵੁਕ ਹੁੰਦਿਆਂ ਦੱਸਿਆ ਸੀ ਕਿ ਵੰਡ ਤੋਂ ਪਹਿਲਾਂ ਇਕ ਸਾਲ ਮੈਂ ਪਿੰਡ ਮਸਾਣੀ ਆਪਣੇ ਨਾਨਕੇ ਗਈ ਹੋਈ ਸਾਂ। ਉਥੇ ਦਰਗਾਹ ਉਤੇ ਕੋਈ ਮੇਲਾ ਲੱਗਿਆ ਹੋਇਆ ਸੀ। ਨਾਨਾ ਜੀ ਆਪਣਾ ਹੱਥ ਫੜਾ ਕੇ ਮੈਨੂੰ ਦਰਗਾਹ ’ਤੇ ਲੈ ਗਏ। ਨਾਨਾ ਜੀ ਦੀ ਹੱਲਾਸ਼ੇਰੀ ਨਾਲ ਮੈਂ ਉਥੇ ਪਹਿਲੀ ਵਾਰ ‘ਨਾਤ’ ਗਾਈ, ਜੋ ਮੇਰੇ ਨਾਨਾ ਜੀ ਨੇ ਹੀ ਮੈਨੂੰ ਸਿਖਾਈ ਸੀ। ਲਉ ਜੀ, ਮਸਾਣੀ ਪਿੰਡ ਦਾ ਨਾਂ ਸੁਣ ਕੇ ਮੇਰੇ ਦਿਲ ਵਿਚ ਉਹ ਦਰਗਾਹ ਦੇਖਣ ਦੀ
ਚਾਹਤ ਜਾਗੀ। ਕਿਉਂਕਿ ਜਿਨ੍ਹਾਂ ਦੇ ਘਰ ਅਸੀਂ ਰੇਡੀਓ ਸੁਣਨ ਜਾਂਦੇ ਹੁੰਦੇ ਸਾਂ, ਉਨ੍ਹਾਂ ਦੀ ਹੀ ਇਕ ਕੁੜੀ ਗੋਰਾਇਆਂ ਲਾਗੇ ਦੇ ਉਕਤ ਪਿੰਡ ਮਸਾਣੀ ਵਿਆਹੀ ਹੋਈ ਸੀ! ਛੇਤੀ ਹੀ ਮੇਰੀ ਰੀਝ ਪੂਰੀ ਹੋ ਗਈ। ਉਸ ਕੁੜੀ ਦੇ ਘਰੇ ਕੋਈ ਕਾਰਜ ਸੀ ਤੇ ਮੈਂ ਮਸਾਣੀ ਜਾ ਪਹੁੰਚਿਆ ਸਾਂ! ਬੜੀ ਖੁੱਲ੍ਹੀ ਡੁੱਲ੍ਹੀ ਜਗਾਹ ਵਿਚ ਕਿਸੇ ਮੁਸਲਿਮ ਪੀਰ ਦੀ ਯਾਦ ਵਿਚ ਬਣੀ ਹੋਈ ਉਸ ਦਰਗਾਹ ਅੰਦਰ ਜਾ ਕੇ ਮੈਂ ਮਨ ਹੀ ਮਨ ਨੂਰ ਜਹਾਂ ਦੇ ਬਚਪਨੇ ਵਾਲ਼ੇ ਚਿਹਨ ਚਕਰ ਬਾਰੇ ਕਿਆਸ ਲਾਏ! ਕਿ ਐਥੇ ਕਿਤੇ ਹੀ ਨਿੱਕੇ ਨਿੱਕੇ ਪੈਰਾਂ ਨਾਲ ਤੁਰਦੀ ਆਈ ਹੋਵੇਗੀ ਉਹ! ਉਸ ਵੇਲੇ ਮਸਾਣੀ ਵਾਲ਼ਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਦੋਹਤੀ ਕਦੇ ‘ਗੀਤਾਂ ਦੀ ਮਲਿਕਾ’ ਦਾ ਲਕਬ ਗ੍ਰਹਿਣ ਕਰ ਲਵੇਗੀ ਅਤੇ ਉਹ ‘ਦੂਜੇ ਦੇਸ਼’ ਦੀ ਨਾਗਰਿਕ ਬਣ ਜਾਏਗੀ, ਜਿਹਨੂੰ ‘ਆਪਣੇ ਦੇਸ ਦੀ ਗਾਇਕਾ’ ਬਣਾਉਣ ਵਾਸਤੇ, ਸਾਡੀ ਗੀਤਾਂ ਦੀ ਮਲਿਕਾ ਲਤਾ ਮੰਗੇਸ਼ਕਰ, ਬਦਲੇ ਵਿਚ ਕਸ਼ਮੀਰ ਦੇ ਦੇਣ ਦਾ ਮਸ਼ਵਰਾ ਦੇਵੇਗੀ ਸਰਕਾਰ ਨੂੰ !
ਹੁਣ ਦੋਏ ਅਵਾਜ਼ਾਂ ਅਗੰਮ ਤੇ ਅਨੰਤ ਵਿਚ ਸਮਾ ਗਈਆਂ!
‘ਜਿ਼ਮੀਂ ਪੁਛੇ ਅਸਮਾਨ ਫਰੀਦਾ ਖੇਵਟ ਕਿਨ ਗਏ !’