ਕਬੱਡੀ ਦਾ ਮਾਹੀ ਸਤਪਾਲ ਖਡਿਆਲ

ਪ੍ਰਿੰ. ਸਰਵਣ ਸਿੰਘ
ਸਤਪਾਲ ਖਡਿਆਲ ਕਬੱਡੀ ਦਾ ਕੁਮੈਂਟੇਟਰ ਹੈ ਤੇ ਅਖ਼ਬਾਰਾਂ ਦਾ ਖੇਡ ਪੱਤਰਕਾਰ। ਉਹਦੀ ਬੋਲ-ਬਾਣੀ ਸੁਣ ਕੇ ਸਰੋਤੇ ਉਸ ਨੂੰ ਮਾਹੀ ਕਹਿਣ ਲੱਗੇ ਤਾਂ ਉਹਦਾ ਤਖ਼ੱਲਸ ਹੀ ‘ਮਾਹੀ’ ਹੋ ਗਿਆ, ਸਤਪਾਲ ਮਾਹੀ। ਉਸ ਨੇ ਮੱਝਾਂ ਵੀ ਚਾਰੀਆਂ, ਮੋੜੇ ਵੀ ਲਾਏ ਤੇ ਢੋਲੇ ਦੀਆਂ ਵੀ ਲਾਈਆਂ। ਉਸ ਨੇ ਦੋ ਸੌ ਤੋਂ ਵੱਧ ਖੇਡ ਮੇਲਿਆਂ `ਚ ਕਬੱਡੀ ਮੈਚਾਂ ਦੀ ਕੁਮੈਂਟਰੀ ਕੀਤੀ ਤੇ ਸੌ ਤੋਂ ਵੱਧ ਖੇਡ ਲੇਖ ਲਿਖੇ ਹਨ।

ਉਹ ਪੰਜਾਬ ਤੇ ਹਰਿਆਣੇ `ਚ ਕੁਮੈਂਟਰੀ ਕਰਦਾ-ਕਰਦਾ ਪਾਕਿਸਤਾਨ, ਦੁਬਈ, ਮਲਾਇਆ, ਥਾਈਲੈਂਡ ਤੇ ਕੈਨੇਡਾ ਤਕ ਕੁਮੈਂਟਰੀ ਕਰ ਆਇਆ ਹੈ। ਉਹਦੀ ਕੁਮੈਂਟਰੀ ਨੂੰ ਫਲ ਵੀ ਚੰਗਾ ਲੱਗਾ। ਕੁਮੈਂਟਰੀ ਕਰਦਾ ਸੰਗਰੂਰ ‘ਤੀ’ ਨੂੰ ‘ਸੀ’ ਬੋਲਣ ਲੱਗ ਪਿਆ। ਪਹਿਲਾਂ ਸਾਈਕਲ ਮਸਾਂ ਜੁੜਦਾ ਸੀ, ਫਿਰ ਮੋਟਰ ਸਾਈਕਲ ਜੁੜ ਗਿਆ ਤੇ ਹੁਣ ਕਾਰ ਦਾ ਸਵਾਰ ਹੈ। ਇਹ ਸਭ ਕਬੱਡੀ ਕੁਮੈਂਟਰੀ ਦੀ ਕਿਰਪਾ ਹੈ, ਜਿਸ ਦਾ ਉਹ ਸ਼ੁਕਰਗੁਜ਼ਾਰ ਹੈ। ਉਸ ਨੇ ਕਬੱਡੀ ਦੇ ਵਡੇਰੇ ਬੁਲਾਰਿਆਂ, ਸੀਨੀਅਰ ਖੇਡ ਲੇਖਕਾਂ ਤੇ ਪੰਜਾਬੀ ਪੁਸਤਕਾਂ, ਖ਼ਾਸ ਕਰਕੇ ਖੇਡ ਪੁਸਤਕਾਂ ਤੋਂ ਬਹੁਤ ਕੁਝ ਸਿੱਖਿਆ ਹੈ। ਉਹੀ ਖੇਡ ਬੁਲਾਰਾ ਵਧੇਰੇ ਕਾਮਯਾਬ ਹੁੰਦੈ, ਜਿਹੜਾ ਖੇਡਾਂ ਤੇ ਖਿਡਾਰੀਆਂ ਬਾਰੇ ਬਹੁਪੱਖੀ ਜਾਣਕਾਰੀ ਰੱਖਦਾ ਹੋਵੇ।
ਕਬੱਡੀ ਦੀ ਕੁਮੈਂਟਰੀ ਵਿਚ ਚੋਖਾ ਪੈਸਾ ਤੇ ਮਾਣ-ਸਨਮਾਨ ਆ ਜਾਣ ਨਾਲ ਹੁਣ ਵੱਡੀ ਗਿਣਤੀ ਨਵੇਂ ਮੁੰਡੇ ਕੁਮੈਂਟਰੀ ਲਈ ਪਰ ਤੋਲ ਰਹੇ ਹਨ। ਉਹ ਕੁਮੈਂਟਰੀ ਕਲਾ ਦੇ ਗੁਰ ਸਿੱਖਣ ਲਈ ਅਕਸਰ ਉਸਤਾਦਾਂ ਤਕ ਪਹੁੰਚ ਕਰਦੇ ਹਨ ਤੇ ਹੋਰਨਾਂ ਕੁਮੈਂਟੇਟਰਾਂ ਦੇ ਬੋਲ ਯਾਦ ਰੱਖਦੇ ਹਨ। ਜਿਵੇਂ ਗਾਇਕਾਂ ਦਾ ਹੜ੍ਹ ਆਇਆ ਹੋਇਐ, ਉਵੇਂ ਹੀ ਹੁਣ ਕੁਮੈਂਟੇਟਰਾਂ ਦਾ ਹਾਲ ਹੈ। ਮੁਕਾਬਲਾ ਸਖ਼ਤ ਹੋ ਗਿਆ ਹੈ ਅਤੇ ਉਹੀ ਕੁਮੈਂਟੇਟਰ ਵਧੇਰੇ ਮਕਬੂਲ ਹੋਵੇਗਾ, ਜਿਸ ਵਿਚ ਵਧੇਰੇ ਕਲਾ ਕੌਸ਼ਲਤਾ ਹੋਵੇਗੀ।
ਕਬੱਡੀ ਦੀ ਕੁਮੈਂਟਰੀ ਲਈ ਗੱਦਰ, ਗੜ੍ਹਕਵੀਂ ਤੇ ਤੇਜ਼-ਤਰਾਰ ਆਵਾਜ਼ ਦਾ ਹੋਣਾ ਜ਼ਰੂਰੀ ਹੈ। ਚੇਤਾ ਸ਼ਕਤੀ ਵੀ ਤਕੜੀ ਹੋਵੇ ਤਾਂ ਜੋ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਪਿੰਡਾਂ, ਖੇਡ ਕੈਰੀਅਰ ਤੇ ਖੇਡੇ ਟੂਰਨਾਮੈਂਟਾਂ ਦੇ ਨਾਂ ਥਾਂ ਚੰਗੀ ਤਰ੍ਹਾਂ ਯਾਦ ਰਹਿਣ। ਇਸ ਮਾਮਲੇ ਵਿਚ ਪ੍ਰੋ. ਮੱਖਣ ਸਿੰਘ ਆਪਣੀ ਮਿਸਾਲ ਆਪ ਹੈ। ਉਹਦੇ ਦਿਮਾਗ ਵਿਚ ਜਿਵੇਂ ਕੰਪਿਊਟਰ ਫਿੱਟ ਹੋਵੇ। ਨਵੇਂ ਮੁੰਡੇ ਉਸ ਦੀ ਕੁਮੈਂਟਰੀ ਦੀਆਂ ਟੇਪਾਂ ਸੁਣ ਕੇ ਕਾਫੀ ਕੁਝ ਸਿੱਖ ਰਹੇ ਹਨ। ਕਈ ਤਾਂ ਉਸ ਦੀ ਹੂਬਹੂ ਨਕਲ ਹੀ ਕਰਦੇ ਜਾਪਦੇ ਹਨ, ਜਿਸ ਕਰਕੇ ਉਨ੍ਹਾਂ ਦੀ ਵੱਖਰੀ ਪਛਾਣ ਨਹੀਂ ਬਣਦੀ। ਨਕਲ ਵੀ ਅਕਲ ਨਾਲ ਕਰਨੀ ਚਾਹੀਦੀ ਹੈ।
ਇਕ ਪਰਵੀਨ ਕੁਮੈਂਟੇਟਰ ਆਪਣੀ ਕੁਮੈਂਟਰੀ ਨਾਲ ਚੱਲ ਰਹੀ ਖੇਡ ਦਾ ਗੇਅਰ ਬਦਲਣ ਦੀ ਸਮਰੱਥਾ ਰੱਖਦਾ ਹੈ ਤੇ ਸਾਧਾਰਨ ਮੈਚ ਨੂੰ ਵੀ ਅਸਾਧਾਰਨ ਬਣਾ ਦਿੰਦਾ ਹੈ। ਸੰਤੁਲਿਤ ਕੁਮੈਂਟਰੀ ਉਹ ਹੁੰਦੀ ਹੈ, ਜੀਹਦੇ ਵਿਚ ਕੁਮੈਂਟੇਟਰ ਕਿਸੇ ਪਾਸੇ ਵੀ ਬਹੁਤਾ ਉਲਾਰ ਨਾ ਹੋਵੇ। ਉਹ ਲੋਕ ਮੁਹਾਵਰੇ ਵਿਚ ਬੋਲੇ, ਖੇਡ ਦੀ ਰਫ਼ਤਾਰ ਨਾਲ ਫਿ਼ਕਰੇ ਛੋਟੇ-ਵੱਡੇ ਕਰੇ ਤੇ ਖਿਡਾਰੀਆਂ ਦੇ ਜ਼ੋਰ ਲੱਗਣ ਵੇਲੇ ਆਪਣੀ ਆਵਾਜ਼ ਵੀ ਸਿਖਰਲੀ ਪਿੱਚ ਉੱਤੇ ਲੈ ਜਾਵੇ। ਇਉਂ ਲੱਗੇ ਜਿਵੇਂ ਕਬੱਡੀ ਖੇਡਦਿਆਂ ਖਿਡਾਰੀ ਨਾਲ ਖ਼ੁਦ ਉਹਦਾ ਵੀ ਜ਼ੋਰ ਲੱਗ ਰਿਹਾ ਹੋਵੇ।
ਕਬੱਡੀ ਦਾ ਕੁਮੈਂਟੇਟਰ ਲੋਕ ਗੀਤਾਂ, ਕਬੱਡੀ ਗੀਤਾਂ, ਹਾਸ-ਵਿਅੰਗ, ਟਿੱਚਰ-ਮਖੌਲ, ਲਤੀਫਿ਼ਆਂ, ਢੁਕਵੀਆਂ ਤੁਲਨਾਵਾਂ, ਹੱਲਾਸ਼ੇਰੀਆਂ ਤੇ ਲਲਕਾਰਿਆਂ ਦਾ ਹਿਸਾਬ-ਕਿਤਾਬ ਨਾਲ ਸਹਾਰਾ ਲਵੇ। ਸਬਜ਼ੀ-ਭਾਜੀ ਵਾਂਗ ਲੂਣ, ਮਿਰਚ ਤੇ ਮਸਾਲਾ ਸਹੀ ਮਿਕਦਾਰ `ਚ ਰੱਖੇ। ਕਿਸੇ ਇਕ ਵਸਤ ਦੇ ਵਾਧੂ ਹੋ ਜਾਣ ਨਾਲ ਸਭ ਕੁਝ ਬੇਸੁਆਦਾ ਹੋ ਜਾਂਦਾ ਹੈ। ਇੱਥੋਂ ਤਕ ਕਿ ਕਿਸੇ ਦੀ ਲੋੜੋਂ ਵੱਧ ਪ੍ਰਸ਼ੰਸਾ ਵੀ ਬਹੁਤੇ ਮਿੱਠੇ ਵਾਂਗ ਬਹੁਤੀ ਚੰਗੀ ਨਹੀਂ ਲੱਗਦੀ। ਹਰ ਕੋਈ ਚਾਹੁੰਦਾ ਹੁੰਦਾ ਹੈ ਕਿ ਕੁਮੈਂਟਰੀ ਕਰਨ ਵਾਲਾ ਉਹਦੀ ਹੀ ਉਸਤਤ ਕਰੇ, ਪਰ ਇਹ ਸੰਭਵ ਨਹੀਂ ਹੁੰਦਾ। ਜਿਥੇ ਜਸ ਕਰਨਾ ਬਣਦਾ ਹੋਵੇ ਉਥੇ ਸਰਫ਼ਾ ਕਰਨਾ ਵੀ ਨਹੀਂ ਸ਼ੋਭਦਾ। ਪ੍ਰਸ਼ੰਸਾ ਤੇ ਖ਼ੁਸ਼ਾਮਦ ਦੇ ਫਰਕ ਨੂੰ ਸਮਝਣਾ ਚਾਹੀਦੈ। ਚਮਚਾਗਿਰੀ ਤੇ ਫੋਕੀ ਵਡਿਆਈ ਦੀ ਕੁਮੈਂਟਰੀ `ਚ ਕੋਈ ਥਾਂ ਨਹੀਂ।
ਕੁਮੈਂਟੇਟਰ ਅਖਾੜੇ ਦਾ ਰੰਗ-ਢੰਗ, ਮੌਸਮ, ਆਲਾ-ਦੁਆਲਾ, ਧੁੱਪ-ਛਾਂ, ਵਗਦੀ `ਵਾ ਤੇ ਆਕਾਸ਼ `ਚ ਉਡਦੇ ਪੰਛੀਆਂ ਦੀ ਬਾਤ ਵੀ ਪਾਉਂਦਾ ਜਾਵੇ। ਉਹ ਹਾਸ-ਰਸ ਦਾ ਛੱਟਾ ਵੀ ਦਿੰਦਾ ਚੱਲੇ। ਦਰਸ਼ਕਾਂ ਦੀ ਉਪਭਾਸ਼ਾ ਦੀਆਂ ਛੋਹਾਂ ਦੇਣੀਆਂ ਨਾ ਭੁੱਲੇ ਤਾਂ ਜੋ ਉਨ੍ਹਾਂ ਦੀ ਸਥਾਨਕ ਹੋਂਦ ਜਤਲਾਈ ਜਾਵੇ। ਖਿਡਾਰੀਆਂ, ਖੇਡ-ਪ੍ਰਬੰਧਕਾਂ, ਖੇਡ ਪ੍ਰਮੋਟਰਾਂ, ਵਿਸ਼ੇਸ਼ ਵਿਅਕਤੀਆਂ ਤੇ ਇਨਾਮ ਦੇਣ ਵਾਲਿਆਂ ਦੀ ਢੁੱਕਵੀਂ ਉਸਤਤ ਕਰੇ ਪਰ ਮਿਰਾਸਪੁਣੇ ਤੋਂ ਬਚੇ। ਚਾਪਲੂਸੀ ਕਰਨੀ ਕੁਮੈਂਟੇਟਰਾਂ ਦਾ ਕੰਮ ਨਹੀਂ। ਅਜਿਹਾ ਕੁਝ ਸਟੇਜ ਸਕੱਤਰਾਂ ਨੂੰ ਕਰਨ ਦੇਵੇ। ਜਦ ਖੇਡ ਰੁਕੇ ਤਾਂ ਉਹ ਖੇਡਾਂ ਦੀਆਂ ਬਾਤਾਂ ਪਾਉਂਦਾ ਦਰਸ਼ਕਾਂ ਨੂੰ ਰੁਝਾਈ ਰੱਖੇ। ਉਹ ਹਸਮੁੱਖ ਤੇ ਮਿਲਾਪੜਾ ਹੋਵੇ ਤੇ ਏਨਾ ਕੁ ਪ੍ਰਭਾਵਸ਼ਾਲੀ ਵੀ ਹੋਵੇ ਕਿ ਕਬੱਡੀ ਮੈਚਾਂ ਸਮੇਂ ਬਾਹਰੀ ਦਖਲ-ਅੰਦਾਜ਼ੀ ਨੂੰ ਰੋਕਣ ਵਿਚ ਮਦਦਗਾਰ ਹੋ ਸਕੇ। ਖੇਡ ਮੈਦਾਨ ਵਿਚ ਉਹ ਸੂਤਰਧਾਰ ਹੁੰਦਾ ਹੈ, ਜਿਹੜਾ ਕਬੱਡੀ ਮੇਲੇ ਨੂੰ ਬੰਨ੍ਹ ਕੇ ਰੱਖਦਾ ਹੈ। ਤਸੱਲੀ ਦੀ ਗੱਲ ਹੈ ਕਿ ਸਾਡੇ ਕਈ ਬੁਲਾਰਿਆਂ ਨੇ ਕਬੱਡੀ ਨੂੰ ਹੋਰ ਮਕਬੂਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਤੇ ਕਬੱਡੀ ਦਾ ਅਨੂਠਾ ਕਾਵਿ ਸੰਸਾਰ ਸਿਰਜਿਆ ਹੈ।
ਸਤਪਾਲ ਮਾਹੀ ਰਵਾਇਤੀ ਸ਼ੋਰ ਸ਼ਰਾਬੇ ਵਾਲੀ ਕੁਮੈਂਟਰੀ ਦੀ ਥਾਂ ਸਹਿਜ ਮਤੇ ਵਾਲੀ ਕੁਮੈਂਟਰੀ ਦਾ ਧਾਰਨੀ ਹੈ। ਮੈਚਾਂ ਦਾ ਅੱਖੀਂ ਡਿੱਠਾ ਹਾਲ ਬਿਆਨਦਾ ਠੇਠ ਮਲਵਈ ਸ਼ਬਦਾਂ ਵਿਚ ਖਿਡਾਰੀਆਂ ਤੇ ਪ੍ਰਮੋਟਰਾਂ ਦੀ ਸਿਫਤ ਤਾਂ ਕਰਦਾ ਹੈ ਪਰ ਕਿਸੇ ਦਾ ਮਿਰਾਸਪੁਣਾ ਨਹੀਂ। ਲਿਖਣਾ ਉਸਦਾ ਸ਼ੌਕ ਹੈ। ਉਸ ਨੇ ‘ਅਖਾੜਾ’ ਮੈਗਜ਼ੀਨ ਤ ੇ‘ਚੱਕ ਦੇ ਕਬੱਡੀ’ ਵਿਚ ਕੰਮ ਕੀਤਾ ਹੈ। ਖੇਡ ਲੇਖਕ ਜਗਰੂਪ ਜਰਖੜ ਅਤੇ ਯਾਦਵਿੰਦਰ ਤੂਰ ਵੱਲੋਂ ਸ਼ੁਰੂ ਕੀਤੇ ਮੈਗਜ਼ੀਨ ‘ਖੇਡ ਮੈਦਾਨ ਬੋਲਦਾ ਹੈ’ ਵਿਚ ਉਹ ਲਗਾਤਾਰ ਲਿਖ ਰਿਹੈ। ਉਸਦੇ ਬੋਲਾਂ ਵਿਚ ਵੀ ਪੰਜਾਬੀ ਖੇਡ ਸਾਹਿਤ ਦੀ ਗੱਲ ਹੁੰਦੀ ਹੈ। ਖਿਡਾਰੀਆਂ, ਖੇਡ ਮੇਲਿਆ ਬਾਰੇ ਉਹ ਨਿਰੰਤਰ ਲਿਖਦਾ ਆ ਰਿਹੈ। ਜਿੰ਼ਦਗੀ ਨੂੰ ਕਰੜਾ ਜੀਵਨ ਸੰਘਰਸ਼ ਮੰਨ ਕੇ ਜਿਉਣ ਵਾਲਾ ਸਤਪਾਲ ਮਾਹੀ ਆਪਣੀ ਸਵੈ-ਜੀਵਨੀ ਲਿਖਣ ਦੀ ਤਿਆਰੀ ਵਿਚ ਹੈ। ਉਹ ਕਬੱਡੀ ਖਿਡਾਰੀਆਂ ਬਾਰੇ ਵੀ ਆਪਣੀ ਪੁਸਤਕ ਛਪਵਾ ਰਿਹੈ। ਕੰਮੀਆਂ ਦੇ ਵਿਹੜੇ ਜੰਮਿਆ ਸਤਪਾਲ ਸੁਰਤ ਸੰਭਾਲਣ ਤੋਂ ਜਿੰ਼ਦਗੀ ਨਾਲ ਦੋ ਹੱਥ ਕਰਦਾ ਆ ਰਿਹੈ। ਉਹਦਾ ਪਿੰਡ ਵੀ ਪੰਜਾਬ ਦੇ ਹੋਰਨਾਂ ਪਿੰਡਾਂ ਵਾਂਗ ਜਾਤੀਵਾਦ ਦੇ ਵਿਤਕਰੇ ਅਤੇ ਰਾਜਨੀਤਕ ਪਾਰਟੀਬਾਜ਼ੀ ਦਾ ਸ਼ਿਕਾਰ ਹੁੰਦਾ ਰਿਹਾ ਹੈ। ਸਿਆਸੀ ਖੇਡਾਂ ਖੇਡਣ ਵਾਲੇ ਜਾਤੀਵਾਦ `ਚ ਉਲਝੇ ਆਗੂ ਉਹਦੀ ਭਾਸ਼ਣ ਕਲਾ ਨੂੰ ਪਛਾਣਨ ਦੀ ਬਜਾਏ ਉਸਨੂੰ ਆਪਣੀ ਸਿਆਸੀ ਨਫਰਤ ਦਾ ਪਾਤਰ ਬਣਾਉਂਦੇ ਰਹੇ ਹਨ। ਪਰ ਉਹ ਨਿਰੰਤਰ ਆਪਣੀ ਮੰਜਿ਼ਲ ਵੱਲ ਵਧਦਾ ਜਾ ਰਿਹੈ। ਉਹ ਅਕਸਰ ਆਖਦਾ ਹੈ: ਦੁੱਖ ਤਾਂ ਬਥੇਰੇ ਝੱਲੇ ਦੱਸਣੇ ਨਹੀਂ ਯਾਰ ਨੂੰ, ਆਪੇ ਕਦੇ ਸੋਝੀ ਹੋ ਜੂ ਮੇਰੀ ਸਰਕਾਰ ਨੂੰ…
ਪਰ ਸਮੇਂ ਦੇ ਹਾਕਮਾਂ ਨੇ ਇਹੋ ਜਿਹੇ ਬਥੇਰੇ ਹੁਨਰਮੰਦ ਬੰਦਿਆਂ ਦਾ ਕੋਈ ਮੁੱਲ ਨਹੀਂ ਪਾਇਆ। ਸੈਂਕੜੇ ਨਾਮਵਰ ਖਿਡਾਰੀਆਂ, ਲੇਖਕਾਂ ਤੇ ਕਲਾਕਾਰਾਂ ਵਾਂਗ ਉਹ ਵੀ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸਦਾ ਰਿਹਾ ਹੈ। ਜਦਕਿ ਚਾਹੀਦਾ ਸੀ ਕਿ ਹਾਕਮ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਪ੍ਰਬੰਧ ਕਰਦੀ। ਉਹ ਸ਼ੁਕਰ ਕਰਦਾ ਹੈ ਕਿ ਕਬੱਡੀ ਬੁਲਾਰਿਆਂ ਵਿਚ ਉਹਦਾ ਵਿਲੱਖਣ ਸਥਾਨ ਹੈ। ਉਹ ਬੇਬਾਕ ਬੁਲਾਰਾ, ਹਾਸ ਵਿਅੰਗ ਦਾ ਧਨੀ ਤੇ ਨਿਡਰ ਇਨਸਾਨ ਹੈ। ਉਹਦੀ ਕੁਮੈਂਟਰੀ ਆਪਣੇ ਜੋੜੇ ਬੰਦਾਂ ਨਾਲ ਸ਼ੁਰੂ ਹੁੰਦੀ ਹੈ:
ਬਾਬੇ ਨਾਨਕ ਦੇ ਦਰ ਤੋਂ ਲੈ ਸ਼ਕਤੀ
ਬਾਬੇ ਦੀਪ ਸਿੰਘ ਜੋਸ਼ ਧਾਰ ਆਏ
ਪੀਰ ਫਕੀਰਾਂ ਦੀ ਧਰਤੀ ਦੇ ਜਾਏ ਗੱਭਰੂ
ਕਬੱਡੀ ਖੇਡਣ ਲਈ ਹੋ ਕੇ ਤਿਆਰ ਆਏ
ਮਾਣ ਜਿਨ੍ਹਾਂ ਨੂੰ ਪੰਜਾਂ ਪਾਣੀਆਂ ਦਾ
ਉਹ ਬਾਣੀਆਂ ਪੰਜ ਉਚਾਰ ਆਏ
ਨਿੱਤ ਹੋਣ ਕਬੱਡੀ ਦੇ ਕੱਪ ਸੋਹਣੇ
ਖਡਿਆਲ ਆਖਦਾ ਰੋਜ਼ ਬਹਾਰ ਆਏ।
ਮੈਚ ਸ਼ੁਰੂ ਹੁੰਦਿਆਂ ਹੀ ਕਬੱਡੀ ਖਿਡਾਰੀਆਂ ਦੀ ਸਿਫ਼ਤ ਕਰਦਿਆਂ ਉਚਾਰਦਾ ਹੈ:
ਲੋਕੀਂ ਸੁਣੇ ਮੈਂ ਕਹਿੰਦੇ
ਸੋਮਾ ਮਿੱਟੀ ਨਹੀਂ ਸੀ ਲਵਾਉਂਦਾ
ਰਾਜੀ ਬਿਰਧਨੋ ਪਿੰਡ ਦਾ
ਰੇਡਾਂ ਚੜ੍ਹ-ਚੜ੍ਹ ਕੇ ਸੀ ਪਾਉਂਦਾ
ਦਿਲਬਰ ਗੋਲੂ ਫੁਰਤੀਲੇ ਸੀ
ਮੀਤਾ ਜੋ਼ਰੀਂ ਨੰਬਰ ਲਿਆਉਂਦਾ
ਇਹ ਰੁਸਤਮ ਕੌਡੀ ਦੇ
ਜਿਨ੍ਹਾਂ ਨੂੰ ਯਾਦ ਰੱਖੂ ਜੱਗ ਜਿਉਂਦਾ।
ਢਾਉਂਦੇ ਆ ਢੇਰੀਆਂ ਤੇ
ਜੰਜੂਆ, ਸੁੱਖਾ, ਮੰਗੀ, ਕੁੰਡੀ
ਮੱਥਾ ਲਾਉਣ ਪਹਾੜਾਂ ਨਾਲ
ਜੀਤਾ ਠੇਕੇਦਾਰ ਤੇ ਜੁੰਡੀ
ਛੱਡ ਆਏ ਕੁਸ਼ਤੀ ਨੂੰ
ਪੰਮਾ, ਗੋਪੀ ਅਤੇ ਰਸਾਲਾ
ਪਾਸਾ ਪਲਟਣ ਮੈਚਾਂ ਦਾ
ਗੋਗੋ, ਮੀਕ, ਬਿੱਟੂ ਤੇ ਪਾਲਾ।
ਕਬੱਡੀ ਮੇਲਿਆਂ `ਤੇ ਜਾਂਦੇ ਆਉਂਦਿਆਂ ਉਸ ਨੇ ਲੰਮਾ ਪੈਂਡਾ ਤੈਅ ਕੀਤਾ ਹੈ। ਅਨੇਕਾਂ ਮੁਸ਼ਕਲਾਂ ਨਾਲ ਜੂਝਦਿਆਂ ਬੁਲੰਦੀਆਂ ਛੂਹੀਆਂ ਹਨ। ਜਦੋਂ 1982 ਵਿਚ ਸਤਪਾਲ ਦਾ ਜਨਮ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਪਿੰਡ ਖਨਾਲ ਕਲਾਂ ਵਿਚ ਹੋਇਆ, ਉਦੋਂ ਉਸਦਾ ਪਿਤਾ ਪਿਆਰਾ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ। ਇਹ ਪਿੰਡ ਵੀ ਸੁਨਾਮ ਨੇੜੇ ਪੈਂਦਾ ਹੈ। ਸਤਪਾਲ ਹੋਰੀਂ ਛੇ ਭੈਣ ਭਰਾ ਸਨ। ਉਨ੍ਹਾਂ ਦੇ ਪੜਦਾਦੇ ਹਰੀ ਸਿੰਘ ਨੇ ਮਸਤੂਆਣਾ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ ਸੀ। ਪਿੰਡ `ਚ ਉਨ੍ਹਾਂ ਦਾ ਲਾਣਾ ‘ਸਿੱਖ ਕੇ’ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਜਿ਼ਲ੍ਹੇ ਸੰਗਰੂਰ ਵਿਚ ਪੱਲੇਦਾਰ ਯੂਨੀਅਨਾਂ ਬਣਾਉਣ ਵਾਲੇ ਉਨ੍ਹਾਂ ਦੇ ਪਿਤਾ ਮੂਹਰਲੀ ਕਤਾਰ ਦੇ ਆਗੂ ਸਨ। ਬਚਪਨ `ਚ ਨਾਨਕੇ-ਦਾਦਕੇ ਸਭ ਸਤਪਾਲ ਨੂੰ ਸਤਨਾਮ ਕਹਿ ਕੇ ਬੁਲਾਉਂਦੇ ਸਨ। ਦਾਦੀ ਚੰਦ ਕੌਰ ਸਕੂਲ `ਚ ਦਾਖਿਲ ਕਰਾਉਣ ਗਈ ਤਾਂ ਪੋਤੇ ਦਾ ਨਾਂ ਸਤਪਾਲ ਸਿੰਘ ਦਰਜ ਕਰਾ ਆਈ। ਘਰਾਚੋਂ ਰਹਿੰਦਿਆਂ ਮਿੱਤਰਾਂ ਨੇ ਮਾਹੀ ਕਹਿਣਾ ਸ਼ੁਰੂ ਕਰ ਦਿੱਤਾ ਜੋ ਕਬੱਡੀ ਜਗਤ ਵਿਚ ਸਤਪਾਲ ਮਾਹੀ ਕਰਕੇ ਪ੍ਰਵਾਨ ਚੜ੍ਹ ਗਿਆ।
ਉਸ ਦੇ ਬਚਪਨ `ਚ ਇੱਕ ਦੌਰ ਐਸਾ ਆਇਆ ਜਦੋਂ ਘਰ ਦੀ ਹਾਲਤ ਬਹੁਤ ਪਤਲੀ ਪੈ ਗਈ। ਕਮਾਈ ਘਟ ਗਈ, ਖਰਚੇ ਵਧ ਗਏ। ਕਬੀਲਦਾਰੀ ਵੱਡੀ ਹੋਣ ਕਾਰਨ ਦਸਵੀਂ `ਚ ਪੜ੍ਹਦਿਆਂ ਉਹ ਤੂੜੀ ਢੋਣ ਵਾਲਿਆਂ ਨਾਲ ਮਜ਼ਦੂਰੀ ਕਰਦਾ ਰਿਹਾ। ਹਰਿਆਣਾ, ਦਿੱਲੀ, ਰਾਜਸਥਾਨ ਤਕ ਤੂੜੀ ਢੋਣ ਦਾ ਕੰਮ ਕੀਤਾ। ਖੇਤਾਂ ਵਿਚ ਦਿਹਾੜੀਆਂ ਕੀਤੀਆਂ। ਵਿਦਿਆਰਥੀ ਹੁੰਦਿਆਂ ਛੁੱਟੀਆਂ `ਚ ਮਿਹਨਤ ਮਜ਼ਦੂਰੀ ਕਰਦਾ ਰਿਹਾ। ਖੇਤਾਂ ਨੂੰ ਨਹਿਰੀ ਪਾਣੀ ਲਾਉਣ ਲਈ ਪਿਓਪੁੱਤ ਤਿੰਨ ਕਿਲੋਮੀਟਰ ਤੋਂ ਕੱਸੀ ਦਾ ਖਾਲਾ ਖੁਰਚ ਕੇ ਲਿਆਉਂਦੇ। `ਕੱਲਾ ਜਣਾ ਖੇਤਾਂ `ਚ ਨਰਮੇ ਕਪਾਹ ਦੀ ਗੋਡਾਈ ਤੇ ਕਣਕ ਦੀ ਵਢਾਈ ਕਰਦਾ ਰਿਹਾ। ਉਸ ਨੇ ਦਸਵੀਂ ਤਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ। ਬਾਰ੍ਹਵੀਂ ਮਹਿਲਾਂ ਚੌਕ ਤੋਂ ਕਰ ਕੇ ਕੁਮੈਂਟਰੀ ਕਰਨੀ ਸ਼ੁਰੂ ਕਰ ਦਿੱਤੀ। ਰੰਗਕਰਮੀ ਮਾਸਟਰ ਰਾਮ ਸਰੂਪ ਢੈਪਈ ਨੇ ਉਸਨੂੰ ਮਾਈਕ ਫੜਾ ਕੇ ਸਕੂਲ ਦੀ ਸਟੇਜ ਤੋਂ ਬੋਲਣਾ ਸਿਖਾ ਦਿੱਤਾ। 1992 ਤੋਂ ਅਖ਼ਬਾਰ ਪੜ੍ਹਨੇ ਸ਼ੁਰੂ ਕਰ ਲਏ। ਪਹਿਲਾਂ ਨਾਵਲ ਪੜ੍ਹਨ ਦਾ ਸ਼ੌਕੀਨ ਸੀ। ਫੇਰ ਕੁਮੈਂਟਰੀ ਕਰਦਿਆਂ ਖੇਡ ਸਾਹਿਤ ਪੜ੍ਹਨ ਦੀ ਜਾਗ ਲੱਗ ਗਈ।
ਟੂਰਨਾਮੈਂਟਾਂ `ਤੇ ਜਾਣ ਲਈ ਉਸ ਦੇ ਪਿਤਾ ਨੇ ਉਸਨੂੰ ਸਾਈਕਲ ਲੈ ਕੇ ਦਿੱਤਾ। ਫੇਰ ਉਸ ਦੇ ਦੋਸਤ ਰਾਜ ਖਨਾਲ ਨੇ ਉਸਨੂੰ ਕੋਚ ਗੁਰਮੇਲ ਸਿੰਘ ਦਿੜ੍ਹਬਾ ਨਾਲ ਮਿਲਾਇਆ, ਜਿੱਥੇ ਉਸਨੂੰ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ `ਤੇ ਬੋਲਣ ਦਾ ਮੌਕਾ ਮਿਲਿਆ। ਦਿੜ੍ਹਬਾ ਕੱਪ `ਤੇ ਉਸਨੇ ਲਗਾਤਾਰ ਵੀਹ ਸਾਲ ਕੁਮੈਂਟਰੀ ਕਲਾ ਦਾ ਲੋਹਾ ਮਨਵਾਇਆ। 2001 ਵਿਚ ਉਸ ਨੇ ਕਬੱਡੀ ਖਿਡਾਰੀ ਦਰਸ਼ਨ ਘਰਾਚੋਂ ਬਾਰੇ ਪਹਿਲਾ ਖੇਡ ਲੇਖ ਲਿਖਿਆ ‘ਛੁਪਿਆ ਰੁਸਤਮ’। ਹੁਣ ਤੱਕ ਉਸ ਦੇ ਦਰਜਨਾਂ ਆਰਟੀਕਲ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ। 2006 ਵਿਚ ਉਸਦਾ ਵਿਆਹ ਬੀਬੀ ਕਿਰਨਪਾਲ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਹਰਕਮਲ ਸਿੰਘ ਤੇ ਸਾਹਿਬਪ੍ਰੀਤ ਸਿੰਘ ਹਨ।
2010 ਵਿਚ ਖੋਜੀ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਸਤਪਾਲ ਖਡਿਆਲ ਮੇਰੇ ਸੰਪਰਕ ਵਿਚ ਆਏ। ਮੈਂ ਉਨ੍ਹਾਂ ਨੂੰ ਪਹਿਲੇ ਪੰਜਾਬ ਵਿਸ਼ਵ ਕਬੱਡੀ ਕੱਪ ਨਾਲ ਜੋੜ ਦਿੱਤਾ। ਫੇਰ ਉਸ ਨੂੰ 2011,14, 16 ਅਤੇ 2019 ਦੇ ਵਿਸ਼ਵ ਕਬੱਡੀ ਕੱਪਾਂ ਅਤੇ 2014, 16 ਦੀ ਵਿਸ਼ਵ ਕਬੱਡੀ ਲੀਗ ਦੀ ਕੁਮੈਂਟਰੀ ਕਰਨ ਦੇ ਮੌਕੇ ਮਿਲੇ। ਫਿਰ ਟੋਰਾਂਟੋ ਕਬੱਡੀ ਫੈਡਰੇਸ਼ਨ ਦੀ ਚਿੱਠੀ ਨਾਲ ਕੈਨੇਡਾ ਦਾ ਵੀਜ਼ਾ ਲੱਗ ਗਿਆ ਪਰ ਟਿਕਟ ਲੈਣ ਜੋਗੇ ਪੈਸੇ ਨਹੀਂ ਸਨ। ਉਸਨੇ ਇਕ ਮਿੱਤਰ ਤੋਂ 50 ਹਜ਼ਾਰ ਰੁਪਏ ਉਧਾਰ ਫੜੇ। ਘਰੋਂ ਭੈਣ ਨੇ ਔਖ ਸੌਖ ਲਈ ਜੋੜੀ ਪੂੰਜੀ ਪੰਜ ਹਜ਼ਾਰ ਰੁਪਏ ਦਿੰਦਿਆਂ ਭਰਾ ਨੂੰ ਵਿਦਾ ਕੀਤਾ। 2011 ਵਿਚ ਦੁਬਾਰਾ ਕੈਨੇਡਾ ਜਾਣ ਸਮੇਂ ਵੈਨਕੂਵਰ ਕਲੱਬ ਨੇ ਟਿਕਟ ਭੇਜ ਦਿੱਤੀ। ਉਨ੍ਹਾਂ ਦੋ ਗੇੜਿਆਂ ਨਾਲ ਉਸ ਨੇ ਘਰ ਦੀ ਆਰਥਿਕ ਹਾਲਤ ਕੁਝ ਠੀਕ ਕੀਤੀ ਅਤੇ ਦੋ ਭੈਣਾਂ ਦੇ ਹੱਥ ਪੀਲੇ ਕੀਤੇ। ਪਰ ਆਪ ਪ੍ਰਸਿੱਧੀ ਪਾ ਕੇ ਵੀ ਨੰਗੇ ਪੈਰਾਂ ਦੇ ਸਫਰ ਨਾਲ ਜੂਝਦਾ ਰਿਹਾ। 2013 ਵਿਚ ਦੁਬਈ ਕਬੱਡੀ ਕੱਪ `ਤੇ ਗਿਆ ਤੇ 2017 ਵਿਚ ਮਨੀਲਾ ਅਤੇ 2018 ਵਿਚ ਮਲੇਸ਼ੀਆ ਜਾਣ ਦਾ ਮੌਕਾ ਮਿਲਿਆ। 2020 ਵਿਚ ਪਾਕਿਸਤਾਨ ਵਿਸ਼ਵ ਕਬੱਡੀ ਕੱਪ ਵਿਚ ਹਾਜ਼ਰੀ ਭਰੀ, ਜਿਅਥੇ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ। ਪੇਸ਼ ਹਨ ਉਹਦੀਆਂ ਖੇਡ ਲਿਖਤਾਂ ਦੇ ਅੰਸ਼:
ਕਬੱਡੀ ਨੂੰ ਡਰੱਗ ਮੁਕਤ ਕਰਨ ਦੀ ਲੋੜ
ਪੰਜਾਬ ਵਿਚ ਚਾਰ-ਪੰਜ ਜਥੇਬੰਦੀਆਂ ਕਬੱਡੀ ਫੈਡਰੇਸ਼ਨਾਂ ਦੇ ਰੂਪ ਵਿਚ ਕੰਮ ਕਰ ਰਹੀਆਂ ਹਨ। ਡਰੱਗ `ਤੇ ਕਾਬੂ ਪਾਉਣਾ ਸਭਨਾਂ ਲਈ ਸਿਰਦਰਦੀ ਦਾ ਸਵਾਲ ਬਣਿਆ ਹੋਇਆ ਹੈ। ਪਿੱਛੇ ਜਿਹੇ ਵੱਖ-ਵੱਖ ਦੇਸ਼ਾਂ ਦੇ ਖੇਡ ਪ੍ਰਬੰਧਕਾਂ ਨੇ ਇੱਕ ਵਿਸ਼ਵ ਪੱਧਰੀ ਡੋਪਿੰਗ ਕਮੇਟੀ ਦਾ ਗਠਨ ਕੀਤਾ ਸੀ। ਉਸ ਨੇ 2019-20 ਦੇ ਕਬੱਡੀ ਸੀਜ਼ਨ ਦੌਰਾਨ ਇਸ ਕੋਹੜ ਨੂੰ ਦੂਰ ਕਰਨ ਲਈ ਪੰਜਾਬ ਦੇ ਖੇਡ ਸੀਜ਼ਨ ਅਤੇ ਵਿਦੇਸ਼ਾਂ `ਚ ਹੁੰਦੇ ਮੈਚਾਂ ਦੌਰਾਨ ਖਿਡਾਰੀਆਂ ਦੇ ਡੋਪ ਟੈਸਟ ਕਰਾਏ ਸਨ। ਉਸ ਨਾਲ ਆਸ ਬੱਝੀ ਸੀ ਕਿ ਕਬੱਡੀ ਵਿਚ ਨਸ਼ਾਵਰ ਡਰੱਗਾਂ ਵਰਗੀਆਂ ਅਲਾਮਤਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪਰ ਪੇਸ਼ੇਵਰ ਕਬੱਡੀ ਖਿਡਾਉਣ ਵਾਲੀਆਂ ਫੈਡਰੇਸ਼ਨਾਂ ਨੇ ਆਪੋ ਆਪਣੇ ਤਰੀਕੇ ਨਾਲ ਅਲੱਗ ਅਲੱਗ ਲੈਬਾਂ ਤੋਂ ਟੈਸਟ ਕਰਾ ਲਏ। ਪੰਜਾਬ ਦੀ ਇੱਕ ਖੇਡ ਜਥੇਬੰਦੀ ਦੇ ਜਿੰ਼ਮੇਵਾਰ ਸੱਜਣ ਦੇ ਦੱਸਣ ਅਨੁਸਾਰ ਹਾਲੇ ਇਸ ਕੋਹੜ ਨੂੰ ਦੂਰ ਕਰਨ ਲਈ ਹੋਰ ਡਟ ਕੇ ਕੰਮ ਕਰਨ ਦੀ ਲੋੜ ਹੈ। ਇੰਨੀ ਜਲਦੀ ਕਬੱਡੀ ਨੂੰ ਡੋਪ ਮੁਕਤ ਹੋਈ ਕਹਿਣਾ ਸੱਚਾਈ ਨਹੀਂ। ਅਮਰੀਕਾ ਵਾਸੀ ਖੇਡ ਪ੍ਰਮੋਟਰਾਂ ਨੇ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੀ ਮਦਦ ਕਰਦਿਆਂ ਲੱਖਾਂ ਰੁਪਏ ਇਸ ਕਾਰਜ ਲਈ ਖਰਚ ਕੀਤੇ ਸਨ ਪਰ ਕਰੋਨਾ ਕਾਲ ਦੇ ਚੱਲਦਿਆਂ ਕਬੱਡੀ ਮੈਚ ਬੰਦ ਹੋ ਗਏ। ਦੇਸ਼ ਵਿਦੇਸ਼ ਵਿਚ ਮੈਚ ਨਾ ਹੋਣ ਕਾਰਨ ਪਿਛਲੇ ਦੋ ਸਾਲ ਤੋਂ ਸਰਗਰਮ ਕਬੱਡੀ ਨਾ ਹੋ ਸਕੀ ਤੇ ਡਰੱਗ ਤੋਂ ਮੁਕਤ ਕਰਾਉਣ ਦਾ ਕਾਰਜ ਪੂਰਾ ਨਾ ਹੋ ਸਕਿਆ।
ਫੈਡਰੇਸ਼ਨਾਂ ਦੇ ਮੈਚ ਬੰਦ ਹੋਣ ਕਾਰਨ ਅੱਜ-ਕੱਲ੍ਹ ਪਿੰਡਾਂ ਵਿਚ ਖੁੱਲ੍ਹੀਆਂ ਕਲੱਬਾਂ ਦੇ ਮੈਚ ਹੋ ਰਹੇ ਹਨ, ਜਿੱਥੇ ਕੋਈ ਡੋਪ ਟੈਸਟ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਸਮਾਂ ਸਾਰਣੀ ਹੈ। ਮੈਚ ਵੀ ਅਨੁਸ਼ਾਸਨੀ ਢੰਗ ਨਾਲ ਨਹੀਂ ਹੋ ਰਹੇ। ਅੱਧੀ ਰਾਤ ਤਕ ਹੁੰਦੀ ਕਬੱਡੀ ਨੇ ਖੇਡ ਸਭਿਆਚਾਰ ਵਿਗਾੜ ਦਿੱਤਾ ਹੈ। ਜਿੱਥੇ ਅੱਧੀ ਰਾਤ ਨੂੰ ਖੇਡਣ ਵਾਲਿਆਂ `ਤੇ ਡੋਪ ਦੇ ਦੋਸ਼ ਲੱਗਦੇ ਹਨ ਉੱਥੇ ਕਈ ਖੇਡ ਪ੍ਰਬੰਧਕ ਵੀ ਨਸ਼ੇ ਦੀ ਹਾਲਤ `ਚ ਹੁੰਦੇ ਹਨ। ਰੈਫਰੀਆਂ ਤੇ ਕੁਮੈਂਟਰੀ ਕਰਨ ਵਾਲਿਆਂ ਦਾ ਪੱਧਰ ਇਸ ਕਦਰ ਡਿੱਗ ਗਿਆ ਹੈ ਕਿ ਵਧੇਰੇ ਟੂਰਨਾਮੈਂਟ ਰੈਫਰੀਆਂ ਦੀ ਗ਼ਲਤ ਜੱਜਮੈਂਟ ਕਾਰਨ ਰੌਲੇ ਰੱਪੇ `ਚ ਹੀ ਮੁੱਕਦੇ ਹਨ। ਕੁਮੈਂਟਰੀ ਕਰਨ ਵਾਲੇ ਖਿਡਾਰੀਆਂ ਬਾਰੇ ਬੋਲਣ ਦੀ ਥਾਂ ਅਸ਼ਲੀਲ ਗੀਤਾਂ ਨੂੰ ਪ੍ਰਮੋਟ ਕਰਦੇ ਹਨ। ਪੰਜਾਬੀ ਦੇ ਅਦਬੀ ਸ਼ਬਦ ਬੋਲਣ ਵਾਲਿਆਂ ਕੋਲੋਂ ਖੇਡ ਖੇਤਰ ਖੁੱਸ ਗਿਆ ਜਾਪਦੈ।
ਕਬੱਡੀ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਨਾ ਹੀ ਪੇਂਡੂ ਖੇਡ ਮੇਲਿਆਂ ਦੇ ਪ੍ਰਬੰਧਕ ਸੁਹਿਰਦ ਹਨ ਤੇ ਨਾ ਹੀ ਮੌਜੂਦਾ ਸਰਕਾਰ ਕੋਈ ਉਸਾਰੂ ਰੋਲ ਨਿਭਾਅ ਰਹੀ ਹੈ। ਪੰਜਾਬ ਸਰਕਾਰ ਦੀ ਠੋਸ ਖੇਡ ਨੀਤੀ ਨਾ ਹੋਣ ਕਾਰਨ ਕਬੱਡੀ ਸਕੂਲਾਂ, ਕਾਲਜਾਂ `ਚੋਂ ਵਿਸਰ ਗਈ ਹੈ। ਕਬੱਡੀ ਵਿਚ ਵਾਪਰ ਰਹੀਆਂ ਮਾਰੂ ਘਟਨਾਵਾਂ ਤੇ ਮਾਰੂ ਡਰੱਗਾਂ ਦਾ ਇਸਤੇਮਾਲ ਕਰਨ ਕਰਕੇ ਨੌਜਵਾਨ ਖਿਡਾਰੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਚੁੱਪ ਹੈ। ਪੰਜਾਬ ਦੇ ਭਵਿੱਖ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਕਬੱਡੀ ਦੀ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਸਿਰਫ ਕੁੱਝ ਕੁ ਮੌਕਿਆਂ `ਤੇ ਦਿਖਾਈ ਦਿੰਦੀ ਹੈ। ਪੰਜਾਬ ਵਿਚ ਹੋਏ ਵਿਸ਼ਵ ਕਬੱਡੀ ਕੱਪ ਵੀ ਸਰਕਲ ਸਟਾਈਲ ਕਬੱਡੀ ਦਾ ਰਾਹ ਰੁਸ਼ਨਾ ਸਕੇ। ਜੇਕਰ ਕਬੱਡੀ `ਤੇ ਕੋਈ ਥੋੜੀ ਬਹੁਤੀ ਨਕੇਲ ਕੱਸ ਸਕਦਾ ਹੈ ਤਾਂ ਉਹ ਪ੍ਰਵਾਸੀ ਪੰਜਾਬੀ ਹਨ, ਜੋ ਵਿਦੇਸ਼ਾਂ ਵਿਚ ਵੀ ਕਬੱਡੀ ਕਲੱਬ ਬਣਾਉਂਦੇ ਹਨ। ਜੇਕਰ ਉਹ ਭਾਰਤ ਅੰਦਰ ਕੰਮ ਕਰਦੀਆਂ ਫੈਡਰੇਸ਼ਨਾਂ ਪ੍ਰਤੀ ਸੁਹਿਰਦ ਤੇ ਸਖ਼ਤ ਹੋਣ ਤਾਂ ਡਰੱਗ ਡੋਪਿੰਗ `ਤੇ ਪਾਬੰਦੀ ਲੱਗ ਸਕਦੀ ਹੈ। ਯੂਕੇ ਕਬੱਡੀ ਫੈਡਰੇਸ਼ਨ ਨੇ ਕਿਹਾ ਹੈ ਕਿ ਸਾਡੀ ਫੈਡਰੇਸ਼ਨ ਭਾਰਤ ਵਿਚ ਡੋਪ ਟੈਸਟ ਪਾਸ ਕਰਨ ਵਾਲੇ ਖਿਡਾਰੀਆਂ ਨੂੰ ਹੀ ਆਪਣੇ ਦੇਸ਼ ਵਿਚ ਖੇਡਣ ਦਾ ਸੱਦਾ ਦੇਵੇਗੀ।
ਕਬੱਡੀ ਵਿਚ ਡਰੱਗ ਦੀ ਅਲਾਮਤ ਨੂੰ ਰੋਕਣ ਲਈ ਦੇਸ਼ ਵਿਦੇਸ਼ ਦੀਆਂ ਖੇਡ ਫੈਡਰੇਸ਼ਨਾਂ `ਚ ਇੱਕਮੁੱਠਤਾ, ਭਾਰਤ ਅੰਦਰ ਕਬੱਡੀ ਦੀਆਂ ਫੈਡਰੇਸ਼ਨਾਂ ਦਾ ਅੰਦਰੂਨੀ ਮਾਮਲਿਆ `ਚ ਇੱਕਮੱਤ ਹੋਣਾ, ਖਿਡਾਰੀਆਂ ਦਾ ਸੁਹਿਰਦ ਹੋਣਾ ਅਤੇ ਪ੍ਰਬੰਧਕਾਂ ਦੇ ਸਾਥ ਦੇਣ ਦੀ ਖ਼ਾਸ ਲੋੜ ਹੈ। ਕਬੱਡੀ ਜਾਨਦਾਰ ਜੁਆਨਾਂ ਦੀ ਸ਼ਾਨਦਾਰ ਸਰੀਰਕ ਤਾਕਤ ਦਾ ਪ੍ਰਗਟਾਵਾ ਹੈ, ਜੋ ਸਾਡੇ ਦੇਸ਼ ਦੇ ਨੌਜਵਾਨਾਂ ਦੀ ਜਿਸਮਾਨੀ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਪਰ ਕੁੱਝ ਅਖੌਤੀ ਕਬੱਡੀ ਪ੍ਰਮੋਟਰਾਂ, ਕੋਚਾਂ, ਪ੍ਰਬੰਧਕਾਂ ਅਤੇ ਪੈਸੇ ਦੀ ਅੰਨੀ ਚਮਕ-ਦਮਕ ਵਾਲਿਆਂ ਨੇ ਕਬੱਡੀ ਡਰੱਗਾਂ ਦੀ ਭੇਟ ਚੜ੍ਹਾ ਦਿੱਤੀ ਹੈ। ਚੰਗੇ ਸੁਡੌਲ ਸਰੀਰਾਂ ਵਾਲੇ ਤਕੜੇ ਗੱਭਰੂ ਰਾਤੋ-ਰਾਤ ਸਟਾਰ ਬਣਨ ਦੀ ਲਾਲਸਾ `ਚ ਮੌਤ ਦੀ ਭੇਟ ਚੜ੍ਹ ਰਹੇ ਹਨ। ਇਸ ਸਮੱਸਿਆ ਨੂੰ ਸਲਝਾਉਣ ਦੀ ਲੋੜ ਹੈ। ਸਾਨੂੰ ਸਭ ਨੂੰ ਆਪਣੀ ਨੌਜਵਾਨ ਪੀੜ੍ਹੀ ਦਾ ਸੁਨਹਿਰਾ ਭਵਿੱਖ ਸਿਰਜਣ ਲਈ ਇਮਾਨਦਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ।
ਪਿੰਡਾਂ ਵਿਚ ਦਮ ਤੋੜ ਰਹੀ ਕਬੱਡੀ
ਪੰਜਾਬ ਦੇ ਪਿੰਡਾਂ `ਚ ਜਨਮੀ ਕਬੱਡੀ ਨੂੰ ਅੱਜ ਅਸੀਂ ਪਿੰਡਾਂ ਵਿਚ ਹੀ ਦਮ ਤੋੜਦੀ ਦੇਖ ਰਹੇ ਹਾਂ। ਖੇਡ ਪ੍ਰਬੰਧਕਾਂ ਤੇ ਖਿਡਾਰੀਆਂ ਵਿਚ ਤਾਲਮੇਲ ਤੇ ਆਪਸੀ ਸਹਿਯੋਗ ਦੀ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਤੇ ਖਿਡਾਰੀਆਂ ਵਿਚਕਾਰ ਪੈਸਾ ਕੰਧ ਕੱਢ ਕੇ ਖੜ੍ਹ ਗਿਆ ਹੈ। ਕਬੱਡੀ ਮੈਚਾਂ ਦੀ ਕੋਈ ਸਮਾ ਸਾਰਣੀ ਨਹੀਂ ਹੁੰਦੀ। ਸ਼ਾਮ ਪੰਜ ਵਜੇ ਕਬੱਡੀ ਓਪਨ ਦੇ ਮੈਚ ਸ਼ੁਰੂ ਹੁੰਦੇ ਹਨ ਤੇ ਅੱਧੀ ਰਾਤ ਤੱਕ ਚੱਲਦੇ ਹਨ। ਇਸ ਨਾਲ ਦਰਸ਼ਕਾਂ `ਤੇ ਮਾੜਾ ਪ੍ਰਭਾਵ ਪੈਂਦਾ ਹੈ। ਵਧੇਰੇ ਖੇਡ ਪ੍ਰਬੰਧਕ ਆਪ ਨਸ਼ੇ `ਚ ਟੱਲੀ ਹੋ ਜਾਂਦੇ ਹਨ। ਖਿਡਾਰੀਆ ਦੇ ਖਾਣ-ਪੀਣ ਦਾ ਸਹੀ ਸਿਸਟਮ ਨਹੀਂ ਰਹਿੰਦਾ। ਕਬੱਡੀ ਦੇਖਣ ਵਾਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਰਹੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਬੱਡੀ ਮੰਚ `ਤੇ ਕਬੱਡੀ ਦੀ ਤਰੱਕੀ ਲਈ ਕਬੱਡੀ ਪ੍ਰੇਮੀਆਂ ਸਾਹਮਣੇ ਵੱਡੀ ਚੁਣੌਤੀ ਹੈ ਕਿ ਪਿੰਡਾਂ ਵਿਚ ਹੁੰਦੀ ਕਬੱਡੀ ਦੇ ਪੱਧਰ ਨੂੰ ਕਿਵੇਂ ਸੁਧਾਰਿਆ ਜਾਵੇ?
ਕਬੱਡੀ ਸਰਕਲ ਸਟਾਈਲ ਨੂੰ ਪ੍ਰਫੁੱਲਿਤ ਕਰਨ ਲਈ ਪਿਛਲੇ ਦੋ ਦਹਾਕਿਆ ਤੋਂ ਯਤਨਸ਼ੀਲ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦਾ ਮੰਨਣਾ ਹੈ ਕਿ ਕਬੱਡੀ ਪਿੰਡਾਂ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਇਸ ਲਈ ਪਿੰਡਾਂ ਦੇ ਲੋਕ ਫੈਡਰੇਸ਼ਨਾਂ ਨਾਲ ਸਹਿਯੋਗ ਕਰਨ। ਜਿੱਥੇ ਪਾਬੰਦੀਸ਼ੁਦਾ ਡਰੱਗਾਂ ਦੇ ਦੋਸ਼ੀ ਖਿਡਾਰੀਆਂ ਨੂੰ ਦੇਸ਼ ਵਿਦੇਸ਼ ਦੀਆਂ ਫੈਡਰੇਸ਼ਨਾਂ ਬੈਨ ਕਰ ਰਹੀਆਂ ਹਨ, ਉੱਥੇ ਪੇਂਡੂ ਟੂਰਨਾਮੈਂਟ ਕਰਾਉਣ ਵਾਲੇ ਕਈ ਚੌਧਰੀ ਉਨ੍ਹਾਂ ਹੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕਰ ਕੇ ਇਸ ਲਹਿਰ ਦਾ ਲੱਕ ਤੋੜ ਰਹੇ ਹਨ। ਪੇਂਡੂ ਟੂਰਨਾਮੈਂਟਾਂ ਦਾ ਸਿਸਟਮ ਹੋਰ ਗਿਰਾਵਟ ਵੱਲ ਜਾ ਰਿਹਾ ਹੈ।
ਪੇਂਡੂ ਟੂਰਨਾਮੈਂਟ ਲਈ ਕਬੱਡੀ ਟੀਮਾਂ ਦੀ ਕੋਈ ਗਿਣਤੀ ਨਹੀਂ ਮਿਥੀ ਹੁੰਦੀ। ਇਕ ਦਿਨ `ਚ ਕਿੰਨੇ ਮੁਕਾਬਲੇ ਕਰਾਉਣੇ ਹਨ, ਇਹਦੇ ਬਾਰੇ ਕੋਈ ਰੂਪ ਰੇਖਾ ਤਿਆਰ ਨਹੀਂ ਹੁੰਦੀ। ਗਿਣਤੀ ਤੋਂ ਜਿ਼ਆਦਾ ਟੀਮਾਂ ਦੀ ਸ਼ਮੂਲੀਅਤ ਨਾਲ ਅੱਧੀ-ਅੱਧੀ ਰਾਤ ਤਕ ਮੈਚ ਹੋਣੇ, ਖਿਡਾਰੀਆਂ ਦਾ ਕਬੱਡੀ ਮੈਦਾਨ ਤੋਂ ਦੂਰ ਲੋਕਾਂ ਦੀਆਂ ਮੋਟਰਾਂ `ਤੇ ਬੈਠਣਾ ਸਾਡੇ ਮਾੜੇ ਖੇਡ ਪ੍ਰਬੰਧਾਂ `ਤੇ ਸਵਾਲ ਖੜੇ੍ਹ ਕਰਦਾ ਹੈ। ਇੱਕ ਟੂਰਨਾਮੈਂਟ ਨੂੰ ਇੱਕ ਦਿਨ ਲਈ ਛੇ ਰੈਫਰੀ ਤੇ ਦੋ ਕੁਮੈਂਟੇਟਰ ਨੇਪਰੇ ਚਾੜ੍ਹ ਸਕਦੇ ਹਨ। ਪ੍ਰੰਤੂ ਅਸੀਂ ਦੇਖਦੇ ਹਾਂ ਕਿ ਉਥੇ ਦਸ ਕੁਮੈਂਟੇਟਰ ਤੇ ਦਰਜਨਾਂ ਰੈਫਰੀ ਹੁੰਦੇ ਹਨ ਜੋ ਕਲੱਬ ਦੇ ਬਜਟ ਦਾ ਲੱਕ ਤੋੜ ਦਿੰਦੇ ਹਨ। ਇਨ੍ਹਾਂ `ਚੋਂ ਬਹੁਤੇ ਲੋਕ ਆਪਣੇ ਫਰਜ਼ਾਂ ਤੋਂ ਵੀ ਅਣਜਾਣ ਹੁੰਦੇ ਹਨ। ਰਾਤਾਂ ਨੂੰ ਲਾਈਟਾਂ ਲਾ ਕੇ ਮੈਚ ਕਰਾਉਣ ਨਾਲ ਜਿੱਥੇ ਪ੍ਰਬੰਧਕ ਆਪਣੇ ਖਰਚੇ ਵਧਾ ਰਹੇ ਹਨ, ਉੱਥੇ ਖਿਡਾਰੀਆਂ ਨੂੰ ਵੀ ਬੇਅਰਾਮੀ ਝੱਲਣੀ ਪੈਂਦੀ ਹੈ। ਉਹ ਦੂਜੇ ਦਿਨ ਖੇਡਣ ਦੇ ਸਮਰੱਥ ਨਹੀਂ ਹੁੰਦੇ।
ਲੜਕੀਆਂ ਦੀ ਕਬੱਡੀ ਨੂੰ ਬਰਾਬਰ ਮਾਨਤਾ ਦੇਣ ਲਈ ਵੱਖਰੇ ਮੈਚ ਹੋਣੇ ਚਾਹੀਦੇ ਹਨ। ਬਹੁਤੇ ਟੂਰਨਾਮੈਂਟਾਂ `ਤੇ ਮੋਟਰਸਾਈਕਲ, ਸਕੂਟਰ, ਫੋਨ ਤੇ ਖਿਡਾਰੀਆਂ ਦੇ ਕੱਪੜੇ ਤਕ ਚੋਰੀ ਹੋ ਜਾਂਦੇ ਹਨ ਜੋ ਮਾੜੀ ਕਰਤੂਤ ਹੈ। ਕੱਪ ਜਿੱਤਣ ਵਾਲੀਆਂ ਟੀਮਾਂ ਤੇ ਬੈਸਟ ਖਿਡਾਰੀਆਂ ਨੂੰ ਇਨਾਮ ਦੇਣ ਦੇ ਨਾਲ ਡੋਪ ਟੈਸਟ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਜੇ ਤੋਪੀ ਨਿਕਲਣ ਤਾਂ ਇਨਾਮ ਮੁੜਵਾਏ ਜਾਣ। ਪਿੰਡਾਂ ਵਾਲੇ ਟੂਰਨਾਮੈਂਟ ਕਰਾਉਣ ਦੇ ਨਾਲ ਨਵੀਂ ਪਨੀਰੀ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੈਦਾਨ, ਖੇਡ ਸਾਮਾਨ, ਕੋਚ ਤੇ ਜਿਮਨੇਜੀਅਮ ਦਾ ਪ੍ਰਬੰਧ ਵੀ ਜ਼ਰੂਰ ਕਰਨ। ਕਬੱਡੀ ਨੂੰ ਮਿਆਰੀ ਖੇਡ ਬਣਾਉਣ ਲਈ ਹੋਰ ਹੰਭਲੇ ਮਾਰਨ ਦੀ ਜ਼ਰੂਰਤ ਹੈ।