ਬਹੁਤ ਕੁਝ ਰਹਿ ਗਿਆ ਬਾਕੀ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਬੱਚਾ ਪਹਿਲੇ ਦਿਨ ਸਕੂਲ ਜਾਣ ਲਈ ਤਿਆਰ ਹੋ ਰਿਹਾ ਹੈ। ਮਾਂ ਹਰ ਚੀਜ਼ ਅਤੇ ਖਾਣੇ ਲਈ ਹਰ ਵਸਤ ਉਸਦੇ ਬੈਗ ਵਿਚ ਪਾਉਂਦੀ ਹੈ, ਲਾਡ ਲਡਾਉਂਦੀ ਹੈ। ਪਹਿਲੇ ਦਿਨ ਲਈ ਬਹੁਤ ਸਾਰੀਆਂ ਦੁਆਵਾਂ, ਇਛਾਵਾਂ ਅਤੇ ਮਨੋ-ਕਾਮਨਾਵਾਂ ਨੂੰ ਆਪਣੇ ਬੱਚੇ ਦੇ ਸਿਰ ਤੋਂ ਵਾਰਦੀ ਹੈ। ਪਤੀ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਕੁਝ ਰਹਿ ਤਾਂ ਨਹੀਂ ਗਿਆ। ਮਾਂ ਅਣਮੰਨੇ ਜਿਹੇ ਮਨ ਨਾਲ ਕਹਿੰਦੀ ਹੈ ਕਿ ਕੁਝ ਵੀ ਨਹੀਂ ਰਹਿ ਗਿਆ।

ਪਰ ਉਹ ਜਾਣਦੀ ਹੈ ਕਿ ਉਹ ਸਾਰਾ ਦਿਨ ਆਪਣੇ ਬੱਚੇ ਦੇ ਆਹਰ ਵਿਚ ਰੁੱਝੀ ਹੋਈ ਹੁਣ ਬੱਚੇ ਨੂੰ ਉਡੀਕਣ ਲੱਗੇਗੀ। ਜ਼ਰਾ ਕੁ ਦਰ ਖੜਕਣ `ਤੇ ਬੂਹਾ ਖੋਲ੍ਹ ਕੇ ਦੇਖੇਗੀ। ਬੱਚੇ ਦੀਆਂ ਤੋਤਲੀਆਂ ਗੱਲਾਂ, ਉਸਦੀਆਂ ਸ਼ਰਾਰਤਾਂ, ਆਲੀਆਂ-ਭੋਲੀਆਂ ਆਦਤਾਂ, ਨਿੱਕੇ ਨਿੱਕੇ ਪ੍ਰਸ਼ਨ ਅਤੇ ਉਨ੍ਹਾਂ ਦੇ ਜਵਾਬਾਂ ਵਿਚ ਉਲਝਣ ਨਾਲ ਮਿਲਦੀ ਖੁਸ਼ੀ ਤੋਂ ਵਿਰਵੀ ਹੋ ਜਾਵੇਗੀ। ਬੱਚਾ ਸਕੂਲ ਵਿਚ ਜਾ ਕੇ ਵੀ ਘਰ ਵਿਚ ਹੀ ਰਹੇਗਾ ਅਤੇ ਬਹੁਤ ਕੁਝ ਬੱਚਾ ਆਪਣੇ ਨਾਲ ਲਿਜਾ ਕੇ ਵੀ ਘਰ ਵਿਚ ਛੱਡ ਜਾਂਦਾ ਹੈ। ਉਸਦੇ ਖਿਡੌਣੇ, ਗੁੱਡੀਆਂ-ਪਟੋਲੇ, ਕੰਧਾਂ `ਤੇ ਮਾਰੀਆਂ ਲੀਕਾਂ, ਪਾਏ ਪੂਰਨੇ ਅਤੇ ਹਰ ਸਾਫ਼ ਥਾਂ `ਤੇ ਕੀਤੀ ਹੋਈ ਚਿੱਤਰਕਾਰੀ ਦੇ ਰੰਗ। ਉਹ ਸਭ ਕੁਝ ਤਾਂ ਘਰ ਵਿਚ ਰਹਿ ਗਿਆ ਏ।
ਇਕ ਵਿਦਿਆਰਥੀ ਆਪਣੀ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰ ਕੇ, ਅਖੀਰਲੇ ਦਿਨ ਜਦ ਕੈਂਪਸ ਤੋਂ ਬਾਹਰ ਨਿਕਲਣ ਲੱਗਦਾ ਤਾਂ ਫਿਰ ਪਿਛਾਂਹ ਨੂੰ ਪਰਤਦਾ ਏ ਅਤੇ ਆਪਣੇ ਕਮਰੇ ਵਿਚ ਜਾਂਦਾ ਹੈ। ਉਸਦਾ ਜੂਨੀਅਰ ਪੁੱਛਦਾ ਹੈ ਕਿ ਕੀ ਕੁਝ ਰਹਿ ਗਿਆ ਏ ਤੇਰਾ ਕਮਰੇ ਵਿਚ? ਉਹ ਓਪਰਾ ਜਿਹਾ ਜਵਾਬ ਦਿੰਦਾ ਏ ਕਿ ਨਹੀਂ, ਕੁਝ ਵੀ ਨਹੀਂ ਰਹਿ ਗਿਆ ਪਰ ਉਸਦਾ ਮਨ ਉਦਾਸੀ ਦੀ ਪਰਤ ਵਿਚ ਗਵਾਚ ਜਾਂਦਾ ਏ ਜਦ ਉਸਨੂੰ ਲੱਗਦਾ ਏ ਕਿ ਇਸ ਕਮਰੇ ਵਿਚ ਉਹ ਬਹੁਤ ਕੁਝ ਛੱਡ ਕੇ ਜਾ ਰਿਹਾ ਏ। ਆਪਣੇ ਸਾਥੀਆਂ ਨਾਲ ਬੇਫਿ਼ਕਰੀ ਦੇ ਆਲਮ ਵਿਚ ਜਿ਼ੰਦਗੀ ਨੂੰ ਜਿਊਣਾ। ਨੈਣਾਂ ਵਿਚ ਸਜਾਏ ਹੋਏ ਸੁਪਨਿਆਂ ਦੀ ਪੂਰਤੀ ਦਾ ਜਨੂੰਨ, ਜਜ਼ਬਾ ਤੇ ਜਸ਼ਨ। ਜਵਾਨੀ ਦਾ ਬੇਪਨਾਹ ਆਵੇਗ ਅਤੇ ਇਸ ਆਵੇਗ ਵਿਚ ਮੁਸ਼ਕਲਾਂ ਅਤੇ ਅਲਾਮਤਾਂ ਨੂੰ ਤੁੱਛ ਸਮਝਣਾ ਅਤੇ ਜੀਵਨ ਦੀਆਂ ਮੁਹਾਰਾਂ ਨੂੰ ਉਚੇ ਦਿਸਹੱਦਿਆਂ ਵੰਨੀਂ ਮੋੜੀ ਰੱਖਣਾ। ਕੇਹੇ ਉਹ ਦਿਨ ਸਨ ਜਦ ਇਸ ਕਮਰੇ ਦੇ ਸਾਥ ਵਿਚ ਹਰ ਦਿਨ ਤੀਆਂ ਵਰਗਾ, ਰਾਤਾਂ ਸਰਘੀ ਵਰਗੀਆਂ ਅਤੇ ਮੱਸਿਆਂ ਦੇ ਦਿਨੀਂ ਪੁੰਨਿਆ ਦਾ ਚੰਦ ਚਾਨਣੀ ਬਿਖੇਰਦਾ ਸੀ। ਇਸ ਕਮਰੇ ਵਿਚ ਬੈਠ ਕੇ ਹੀ ਅੱਖਰਾਂ ਦੀ ਤਪੱਸਿਆ ਵਿਚੋਂ ਰੁਜ਼ਗਾਰ ਦੀ ਲੋਅ ਫੁੱਟੀ ਸੀ। ਅਰਥਾਂ ਵਿਚੋਂ ਰਿਸ਼ਮਾਂ ਦੀਆਂ ਕਰੁੰਬਲਾਂ ਫੁੱਟੀਆਂ ਅਤੇ ਇਨ੍ਹਾਂ ਹਰਫ਼ਾਂ ਦੀ ਇਨਾਇਤ ਨੇ ਜੀਵਨ ਦਾ ਸੁਰਖ ਸਾਥ ਝੋਲੀ ਪਾਇਆ ਸੀ। ਰਾਂਗਲੇ ਤੇ ਰੌਣਕਮਈ ਦਿਨਾਂ ਵਿਚ ਕੀਤੀ ਹੋਈ ਮਿਹਨਤ ਦਾ ਇਹ ਕੇਹਾ ਅਨੂਠਾ ਮਿਲਗੋਭਾ ਅਤੇ ਰਹੱਸਮਈ ਹਾਸਲ ਸੀ ਕਿ ਜਿ਼ੰਦਗੀ ਦੀਆਂ ਸੱਤੇ ਬਹਾਰਾਂ, ਜੀਵਨੀ ਰਾਹਾਂ ਨੂੰ ਖੁਸ਼ਆਮਦੀਦ ਕਹਿੰਦੀਆਂ ਸਨ। ਸਭ ਕੁਝ ਲਿਜਾ ਕੇ ਵੀ ਬਹੁਤ ਕੁਝ ਇਸ ਕਮਰੇ ਵਿਚ ਛੱਡ ਕੇ ਜਾ ਰਿਹਾ ਹੈ ਅਤੇ ਇਸਦੀ ਵਿਰਾਸਤ ਨੂੰ ਨਤਮਸਤਕ ਹੋਣ ਲਈ ਅਕਸਰ ਹੀ ਕਦੇ ਕਦਾਈਂ ਇਸ ਕਮਰੇ ਵਿਚ ਪਰਤਦਾ ਰਹੇਗਾ।
ਬਾਬਲ ਦੇ ਘਰ ਤੋਂ ਵਿਦਾ ਹੋਣ ਵੇਲੇ ਘਰ ਦੀਆਂ ਮੁਹਾਠਾਂ ਤੇ ਮਾਂ ਦੇ ਗਲ ਲੱਗ ਧੀ ਰੋਂਦੀ ਹੈ। ਮਾਂ ਧੀ ਨੂੰ ਧੀਰਜ ਬੰਨ੍ਹਾਉਂਦੀ ਤੇ ਵਰਾਉਂਦੀ ਹੈ। ਧੀ ਅੱਖਾਂ ਭਰ ਕੇ ਘਰ ਵੱਲ ਦੇਖਦੀ ਹੈ। ਮਾਂ ਹੌਲੀ ਜਿਹੀ ਪੁੱਛਦੀ ਹੈ ਕਿ ਧੀਏ ਕੁਝ ਰਹਿ ਤਾਂ ਨਹੀਂ ਗਿਆ? ਗੁੰਮਸੁੰਮ ਹੋਈ ਧੀ ਸਿਰ ਫੇਰਦੀ ਹੈ ਪਰ ਉਸਦੇ ਦਿਲ ਨੂੰ ਕੋਈ ਪੁੱਛ ਕੇ ਦੇਖੇ ਤਾਂ ਪਤਾ ਲੱਗੇਗਾ ਕਿ ਉਹ ਕਿੰਨਾ ਕੁਝ ਇਸ ਘਰ ਵਿਚ ਛੱਡ ਕੇ ਜਾ ਰਹੀ ਹੈ। ਉਹ ਆਪਣੀਆਂ ਗੁੱਡੀਆਂ-ਪਟੋਲੇ, ਕਿਤਾਬਾਂ-ਕਾਪੀਆਂ ਅਤੇ ਬਹੁਤ ਪਿਆਰੀਆਂ ਯਾਦਾਂ ਛੱਡ ਕੇ ਜਾ ਰਹੀ ਹੈ। ਮਾਪਿਆਂ ਦਾ ਦਾਈਆ, ਭਰਾਵਾਂ ਦਾ ਮਾਣ ਅਤੇ ਭੈਣਾਂ ਦਾ ਮੋਹ ਸਭ ਕੁਝ ਇਸ ਘਰ ਦੇ ਹਵਾਲੇ ਕਰਕੇ ਜਾ ਰਹੀ ਹੈ। 25 ਸਾਲ ਤੀਕ ਇਸ ਦੀਆਂ ਕੰਧਾਂ/ਕਮਰਿਆਂ ਨੂੰ ਘਰ ਸਮਝਣ ਵਾਲੀ, ਦਰਾਂ `ਤੇ ਪਾਣੀ ਡੋਲਣ ਵਾਲੀ ਅਤੇ ਇਸਦੀਆਂ ਖ਼ੈਰਾਂ ਮੰਗਣ ਵਾਲੀ, ਇਕ ਘਰ ਨੂੰ ਅਲਵਿਦਾ ਕਹਿ ਕੇ ਨਵਾਂ ਘਰ ਵਸਾਉਣ ਲਈ ਜਦ ਘਰੋਂ ਤੁਰਦੀ ਹੈ ਤਾਂ ਉਹ ਬਹੁਤ ਕੁਝ ਆਪਣੇ ਨਾਲ ਲਿਜਾ ਕੇ ਵੀ ਬਹੁਤ ਕੁਝ ਘਰ ਵਿਚ ਸਦਾ ਲਈ ਛੱਡ ਜਾਂਦੀ ਹੈ। ਘਰ ਜਿਸਨੇ ਉਸਨੂੰ ਸੁਪਨੇ ਦਿਤੇ, ਉਸਦੀ ਪ੍ਰਵਾਜ਼ ਨੂੰ ਨਵਾਂ ਅੰਦਾਜ਼ ਦਿਤਾ, ਉਸਦੀਆਂ ਆਸ਼ਾਵਾਂ ਦੀ ਪੂਰਤੀ ਲਈ ਆਪਣਾ ਹੱਥ ਕਦੇ ਨਾ ਘੁੱਟਿਆ, ਜਿਸਦੀ ਮਹਿਫੂਜ਼ੀ ਵਿਚ ਉਸਨੂੰ ਬਹਿਸ਼ਤੀ ਅਪਣੱਤ ਮਿਲੀ। ਇਸਦੀ ਆਗੋਸ਼ ਵਿਚ ਉਹ ਸੁਸਤਾਅ ਸਕਦੀ ਸੀ, ਮੰਗਾਂ ਮਨਾ ਸਕਦੀ ਸੀ ਅਤੇ ਜਿੱ਼ਦ ਪੁਗਾ ਸਕਦੀ ਸੀ, ਕਿਉਂਕਿ ਉਸਦੀ ਜਿ਼ੱਦ ਸਾਹਵੇਂ ਇਸ ਘਰ ਦਾ ਸਮੁੱਚ ਤਰਲ ਹੋ ਜਾਂਦਾ ਸੀ। ਅਜਿਹੇ ਮੌਕੇ ਜਦ ਕੋਈ ਬਾਪ ਨੂੰ ਪੁੱਛਦਾ ਕਿ ਜਾਣ ਵੇਲੇ ਧੀ ਸਭ ਕੁਝ ਲੈ ਗਈ ਏ ਤਾਂ ਬਾਪ ਭਾਵੇਂ ਕਹਿ ਦਿੰਦਾ ਕਿ ਸਭ ਕੁਝ ਲੈ ਗਈ। ਪਰ ਇਹ ਬਾਪ ਨੂੰ ਹੀ ਪਤਾ ਹੁੰਦਾ ਕਿ ਉਸਦੀ ਧੀ ਦਾ ਬਹੁਤ ਕੁਝ ਹੈ ਜੋ ਚਾਹ ਕੇ ਵੀ ਨਹੀਂ ਲਿਜਾ ਸਕਦੀ। ਉਸਦੇ ਬਚਪਨੀ ਰੋਸੇ, ਮੰਨਤਾਂ, ਨਿੱਕੀਆਂ ਰਿਆੜਾਂ, ਕੁਲਫ਼ੀ ਖਾਣ ਦੀ ਜਿ਼ੱਦ ਅਤੇ ਕਦੇ ਸਕੂਟਰ `ਤੇ ਝੂਟਾ ਲੈਣ ਦੀ ਤਮੰਨਾ। ਇਨ੍ਹਾਂ ਨਿੱਕੀਆਂ ਖੁਸ਼ੀਆਂ ਦੇ ਬਹੁਤ ਵੱਡੇ ਅਰਥ ਜੋ ਮਨ ਦੀ ਜੂਹ `ਚ ਸਦਾ ਸੁਰੱਖਿਅਤ ਨੇ ਜੋ ਧੀ ਕਿਵੇਂ ਲਿਜਾ ਸਕਦੀ ਏ? ਧੀਆਂ ਮਾਪਿਆਂ ਦੇ ਘਰੋਂ ਬਹੁਤ ਕੁਝ ਲਿਜਾ ਕੇ ਬਹੁਤ ਕੁਝ ਅਜਿਹਾ ਘਰ ਦੇ ਨਾਮ ਲਾ ਜਾਂਦੀਆਂ ਨੇ, ਜਿਨ੍ਹਾਂ `ਤੇ ਮਾਪਿਆਂ ਨੂੰ ਨਾਜ਼ ਹੁੰਦਾ, ਜਿਨ੍ਹਾਂ ਦੀ ਫ਼ਖਰਤਾ `ਚ ਉਨ੍ਹਾਂ ਦਾ ਸਿਰ ਉਚਾ ਹੁੰਦਾ। ਬਾਪ ਇਹ ਸੋਚਦਾ-ਸੋਚਦਾ ਫਿਰ ਅੰਦਰ ਆ ਜਾਂਦਾ, ਕਿਉਂਕਿ ਧੀ ਦੀ ਵਿਦਾਈ ਤੋਂ ਬਾਅਦ ਘਰ ਦੀ ਸੱਖਣਤਾ ਨੇ ਹੀ ਉਸਨੂੰ ਨਿੱਤ ਮਿਲਿਆ ਕਰਨਾ ਪਰ ਘਰ ਦੀ ਫਿ਼ਜ਼ਾ ਵਿਚ ਧੀ ਦੀ ਖੁਸ਼ਬੋਈ ਨੇ ਇਸ ਘਰ ਨੂੰ ਸਦਾ ਭਰਦੇ ਰਹਿਣਾ।
ਪੁੱਤ ਪ੍ਰਦੇਸ ਨੂੰ ਜਾਣ ਲਈ ਤਿਆਰ ਹੋ ਰਿਹਾ ਏ। ਹਰ ਚੀਜ਼ ਪੈਕ ਕਰਦਾ ਹੈ ਅਤੇ ਘਰੋਂ ਬਾਹਰ ਪੈਰ ਪੁੱਟਣ ਤੋਂ ਪਹਿਲਾਂ ਪੁੱਤ ਫਿਰ ਅੰਦਰ ਵੱਲ ਨੂੰ ਅਹੁਲਦਾ ਹੈ। ਸਭ ਲੈ ਲਿਆ ਏ। ਪਰ ਪੁੱਤ ਮਨ ਹੀ ਮਨ ਸੋਚਦਾ ਹੈ ਕਿ ਮੱਥੇ ਵਿਚ ਸੁਪਨੇ ਲੈ ਕੇ ਜਾ ਰਿਹਾ ਹਾਂ ਪਰ ਸਭ ਕੁਝ ਲੈਣ ਦੇ ਬਾਵਜੂਦ ਵੀ ਬਹੁਤ ਕੁਝ ਰਹਿ ਗਿਆ ਏ ਘਰ `ਚ। ਮੇਰੇ ਜੀਵਨ ਦੀਆਂ ਨਿੱਘੀਆਂ ਯਾਦਾਂ। ਮਾਂ ਬਾਪ ਦਾ ਲਾਡ। ਉਨ੍ਹਾਂ ਦੀਆਂ ਅੱਖਾਂ ਵਿਚ ਆਪਣੀ ਔਲਾਦ ਲਈ ਕੀਤੀ ਹੋਈ ਮਿਹਨਤ, ਵਹਾਇਆ ਪਸੀਨਾ ਤੇ ਰਾਤਾਂ ਦਾ ਹੰਘਾਲਣਾ। ਸਾਰੀ-ਸਾਰੀ ਰਾਤ ਖੇਤਾਂ ਨੂੰ ਪਾਣੀ ਲਾਉਣਾ ਅਤੇ ਮਿਹਨਤ ਦੇ ਮੁੜ੍ਹਕੇ ਨਾਲ ਆਪਣੇ ਲਾਡਲੇ ਲਈ ਜੀਵਨੀ ਪਹਿਲਕਦਮੀਆਂ ਲਈ ਦੁਆ ਕਰਨਾ। ਬੱਚਿਆਂ ਦੇ ਜੀਵਨ ਨੂੰ ਨਵੀਂ ਬੁਲੰਦੀਆਂ ਦਾ ਮਾਣ ਬਣਦੇ ਦੇਖਣਾ। ਮਾਂ ਦੀਆਂ ਦੁਆਵਾਂ ਅਤੇ ਬਾਪ ਦੀ ਛਾਂ ਵਿਦੇਸ਼ ਵਿਚ ਨਹੀਂ ਮਿਲਣੀ। ਇਹ ਸਭ ਕੁਝ ਤਾਂ ਛੱਡ ਕੇ ਜਾ ਰਿਹਾ ਹਾਂ। ਘਰ ਦੀਆਂ ਕੱਚੀਆਂ ਕੰਧਾਂ `ਤੇ ਉਕਰੀਆਂ ਯਾਦਾਂ ਦਾ ਜੰਮਘਟਾ ਮੇਰੀ ਉਡੀਕ ਜ਼ਰੂਰ ਕਰੇਗਾ ਅਤੇ ਮੈਂ ਇਨ੍ਹਾਂ ਨੂੰ ਮਿਲਣ ਲਈ ਵਾਰ-ਵਾਰ ਪਰਤਦਾ ਰਹਾਂਗਾ।
ਮਾਂ ਆਪਣੇ ਦਫ਼ਤਰ ਜਾਣ ਲਈ ਤਿਆਰ ਹੋ ਰਹੀ ਏ। ਨਿੱਕਾ ਬੱਚਾ ਰਿਆੜ ਕਰ ਰਿਹਾ ਏ ਅਤੇ ਆਪਣੀ ਮਾਂ ਨਾਲ ਜਾਣ ਦੀ ਜਿ਼ੱਦ ਕਰਦਾ ਏ। ਬੱਚੇ ਨੂੰ ਸੰਭਾਲਣ ਵਾਲੀ ਮਾਈ ਬੱਚੇ ਨੂੰ ਮਾਂ ਨਾਲੋਂ ਝੰਜੋੜ ਕੇ ਵੱਖ ਕਰਦੀ ਹੈ ਅਤੇ ਮਾਂ ਦਰਾਂ ਤੋਂ ਬਾਹਰ ਨਿਕਲ ਜਾਂਦੀ ਹੈ। ਮਾਂ ਆਪਣੇ ਪਰਸ ਵਿਚ ਦੇਖਦੀ ਹੈ ਕਿ ਉਹ ਘਰ ਵਿਚ ਕੁਝ ਛੱਡ ਕੇ ਤਾਂ ਨਹੀਂ ਜਾ ਰਹੀ। ਵਸਤਾਂ ਤਾਂ ਪੂਰੀਆਂ ਨੇ ਪਰ ਉਸਦਾ ਦਿਲ ਕਹਿੰਦਾ ਹੈ ਕਿ ਉਹ ਉਸ ਬੱਚੇ ਨੂੰ ਹੀ ਘਰ ਛੱਡ ਆਈ ਹੈ, ਆਇਆ ਦੀ ਸਪੁਰਦਗੀ `ਚ ਜਿਸ ਲਈ ਉਹ ਇਹ ਸਭ ਕੁਝ ਕਰ ਰਹੀ ਏ। ਜਿ਼ੰਦਗੀ ਦੀ ਸਭ ਤੋਂ ਵੱਡੀ ਨਿਆਮਤ ਨੂੰ ਵਿਸਾਰ ਕੇ ਕੰਮ `ਤੇ ਜਾ ਰਹੀ ਏ ਅਤੇ ਕਹਿੰਦੀ ਹੈ ਕਿ ਇਹ ਸਭ ਕੁਝ ਬੱਚੇ ਲਈ ਹੀ ਕੀਤਾ ਜਾ ਰਿਹਾ ਹੈ। ਇਹ ਮਨ ਦੀ ਤੱਕੜੀ ਵਿਚ ਸਦਾ ਆਸਾਵਾਂ ਹੀ ਤੁਲੇਗਾ। ਮਾਂ ਦਫ਼ਤਰ ਵਿਚ ਹੁੰਦਿਆਂ ਵੀ ਸਦਾ ਘਰ ਵਿਚ ਹੀ ਹੁੰਦੀ ਹੈ। ਉਸਦੀਆਂ ਸੋਚਾਂ ਵਿਚ ਬੱਚਾ ਅਤੇ ਇਸ ਨਾਲ ਜੁੜੀਆਂ ਉਹ ਸਾਰੀਆਂ ਕਿਰਿਆਵਾਂ ਵਾਰ ਵਾਰ ਮਨ `ਤੇ ਦਸਤਕ ਦਿੰਦੀਆਂ ਰਹਿਣਗੀਆਂ ਕਿ ਬੱਚਾ ਆਹ ਨਾ ਕਰ ਲਵੇ, ਬੱਚਾ ਭੁੱਖਾ ਤਾਂ ਨਹੀਂ ਆਦਿ। ਹਰ ਰੋਜ਼ ਨੌਕਰੀ ਦੇ ਲਾਲਚ ਵਿਚ ਮਾਂ ਸਭ ਕੁਝ ਘਰੋਂ ਲੈ ਕੇ ਜਾਂਦੀ ਵੀ ਬਹੁਤ ਕੁਝ ਘਰ ਦੀ ਚਾਰ-ਦੀਵਾਰੀ ਵਿਚ ਛੱਡ ਜਾਂਦੀ ਹੈ, ਜੋ ਉਸਦੇ ਮਨ ਦੀ ਭਟਕਣਾ ਵਧਾਉਂਦਾ ਹੈ। ਉਸਨੂੰ ਸੂਲੀ `ਤੇ ਚਾੜ੍ਹੀ ਰੱਖਦਾ ਏ। ਮਨ ਦੀ ਅਵਾਰਗੀ ਵਿਚ ਕਿਵੇਂ ਕੇਂਦਰਤ ਹੋਵੇਗਾ ਧਿਆਨ ਆਪਣੇ ਕੰਮ ਵਿਚ?
ਮਾਪੇ ਵਿਦੇਸ਼ ਵਿਚ ਵੱਸਦੇ ਆਪਣੇ ਪੁੱਤਰ ਨੂੰ ਮਿਲਣ ਜਾਂਦੇ ਨੇ ਤੇ ਕੁਝ ਮਹੀਨੇ ਉਥੇ ਰਹਿਣ ਤੋਂ ਬਾਅਦ ਵਾਪਸ ਪਰਤਦੇ ਨੇ ਤਾਂ ਪੁੱਤ ਪੁੱਛਦਾ ਹੈ ਕਿ ਸਭ ਕੁਝ ਲੈ ਲਿਆ। ਕੁਝ ਰਹਿ ਤਾਂ ਨਹੀਂ ਗਿਆ? ਮਾਪੇ ਆਪਣੇ ਪੁੱਤ ਦੇ ਘਰ ਨੂੰ ਨਿਹਾਰਦਿਆਂ ਕਹਿੰਦੇ ਨੇ ਕਿ ਨਹੀਂ। ਕੁਝ ਨਹੀਂ ਰਹਿ ਗਿਆ ਪਰ ਉਨ੍ਹਾਂ ਦਾ ਮਨ ਕਹਿੰਦਾ ਹੈ ਕਿ ਸਭ ਕੁਝ ਤਾਂ ਇਥੇ ਰਹਿ ਗਿਆ ਏ ਤੇ ਕੁਝ ਵੀ ਨਹੀਂ ਲਿਜਾ ਰਹੇ। ਉਹ ਤਾਂ ਆਪਣੇ ਸੁਪਨੇ ਦਾ ਸੱਚ ਵੀ ਛੱਡ ਕੇ ਜਾ ਰਹੇ ਨੇ। ਆਪਣੀ ਡੰਗੋਰੀ ਨੂੰ ਛੱਡ ਕੇ ਬੁਢਾਪੇ ਦੇ ਦਿਨਾਂ ਨੂੰ ਕਿਵੇਂ ਜਿਊਣਗੇ? ਉਹ ਖੰਭ ਤਾਂ ਇਥੇ ਹੀ ਰਹਿ ਜਾਣਗੇ, ਜਿਨ੍ਹਾਂ ਆਸਰੇ ਉਡਣਾ ਸੀ, ਮਾਣਮੱਤਾ ਮਹਿਸੂਸ ਕਰਨਾ ਸੀ, ਜੱਗ `ਤੇ ਸ਼ਾਨ ਹੋਣੀ ਸੀ। ਆਪਣੇ ਪੁੱਤ ਦੇ ਰੁਤਬੇ ਅਤੇ ਸ਼ਾਨੋ-ਸ਼ੌਕਤ ਨੇ ਸ਼ਾਨ ਵਧਾਉਣੀ ਸੀ। ਵਾਰਸਾਂ ਤੋਂ ਬਗੈਰ ਕੀ ਏ ਮਾਪਿਆਂ ਦਾ ਜਿਊਣਾ? ਉਨ੍ਹਾਂ ਦੀ ਬੁੱਢ-ਵਰੇਸ ਵਿਚ ਪੁੱਤ ਤੋਂ ਬਗੈਰ ਕੌਣ ਕਰਾਵੇਗਾ ਚੇਤਾ ਕਿ ਦਵਾਈ ਕਦੋਂ ਖਾਣੀ ਹੈ, ਕਿਹੜੀ ਖਾਣੀ ਏ ਅਤੇ ਕੀ ਖਾਣਾ ਤੇ ਕੀ ਨਹੀਂ ਖਾਣਾ? ਕੌਣ ਜਿ਼ੰਮੇਵਾਰੀਆਂ ਦਾ ਬੋਝ ਢੋਵੇਗਾ ਅਤੇ ਕੌਣ ਢਾਰਸ ਬਣ ਕੇ ਔਖੇ ਵਕਤਾਂ ਵਿਚ ਨਾਲ ਹੋਵੇਗਾ? ਮਾਪੇ ਆਪਣੇ ਪੁੱਤ ਨੂੰ ਪੁੱਛਦੇ ਨੇ ਕਿ ਦੇਖ ਸਾਡੇ ਬੈਗ ਵਿਚ ਕੋਈ ਤੇਰੀ ਚੀਜ਼ ਨਾ ਆ ਗਈ ਹੋਵੇ? ਪੁੱਤ ਕਹਿੰਦਾ ਹੈ ਕਿ ਨਹੀਂ। ਪਰ ਉਹ ਜਾਣਦਾ ਹੈ ਕਿ ਮਾਪੇ ਚੱਲੇ ਨੇ ਪਰ ਘਰ ਵਿਚ ਰਹਿ ਜਾਵੇਗੀ ਉਨ੍ਹਾਂ ਦੀ ਪੈੜਚਾਲ ਦੀ ਯਾਦ, ਉਨ੍ਹਾਂ ਦਾ ਹੁੰਗਾਰਾ, ਹਾਕ ਅਤੇ ਹੌਂਸਲਾ। ਉਨ੍ਹਾਂ ਦੀਆਂ ਦਿਤੀਆਂ ਮੱਤਾਂ ਤੇ ਸਿਆਣਪਾਂ। ਉਨ੍ਹਾਂ ਵੱਲੋਂ ਬਾਹਰਲੀ ਕਿਆਰੀ ਵਿਚ ਲਾਈਆਂ ਸਬਜ਼ੀਆਂ ਅਤੇ ਅਗਲੇ ਸਾਲ ਵੀ ਸਬਜ਼ੀਆਂ ਲਾਉਣ ਲਈ ਹਦਾਇਤਾਂ। ਆਪਣੇ ਪੋਤਰੇ/ਪੋਤਰੀ ਨਾਲ ਪਾਲਿਆ ਹੋਇਆ ਮੋਹ। ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਉਦਮ। ਉਨ੍ਹਾਂ ਨਾਲ ਲਡਾਏ ਲਾਡ। ਸੁਣਾਈਆਂ ਕਹਾਣੀਆਂ ਅਤੇ ਜੀਵਨ ਦੀਆਂ ਯਾਦਾਂ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਘੱਟ ਹੀ ਦੱਸਦੇ ਸਨ। ਬੱਚਿਆਂ ਨਾਲ ਪੰਜਾਬੀ ਵਿਚ ਗੱਲਾਂ ਕਰਨਾ ਅਤੇ ਉਨ੍ਹਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਨਾ। ਬੱਚਿਆਂ ਵਲੋਂ ਦਾਦਾ/ਦਾਦੀ ਦੇ ਬੈਡ `ਤੇ ਹਰ ਰੋਜ਼ ਪਾਇਆ ਖਲਾਰਾ। ਉਨ੍ਹਾਂ ਨੂੰ ਕੰਪਿਊਟਰੀ ਖੇਡਾਂ ਵਿਚ ਉਲਝਾਈ ਅਤੇ ਰੁਝਾਈ ਰੱਖਣ ਦਾ ਵਿਸਮਾਦ। ਉਨ੍ਹਾਂ ਦੀ ਹਾਜ਼ਰੀ ਵਿਚ ਰੱਸਦਾ-ਵੱਸਦਾ ਆਰ-ਪਰਿਵਾਰ ਜਿਸ ਨਾਲ ਹੁੰਦਾ ਸੀ ਘਰ ਦਾ ਵਿਸਥਾਰ। ਇਹ ਸਭ ਕੁਝ ਤਾਂ ਉਹ ਇਥੇ ਹੀ ਛੱਡ ਕੇ ਜਾ ਰਹੇ ਨੇ ਭਾਵੇਂ ਕਿ ਉਹ ਕਹਿੰਦੇ ਨੇ ਉਨ੍ਹਾਂ ਨੇ ਸਭ ਕੁਝ ਲੈ ਲਿਆ ਹੈ।
ਜਦ ਕੋਈ ਆਪਣੇ ਮਿੱਤਰ ਪਿਆਰੇ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਨੂੰ ਪਰਤਣ ਲੱਗਦਾ ਤਾਂ ਮਿੱਤਰ ਪੁੱਛਦਾ ਹੈ ਕਿ ਸਭ ਕੁਝ ਲੈ ਲਿਆ। ਕੁਝ ਰਹਿ ਤਾਂ ਨਹੀਂ ਗਿਆ। ਉਹ ਹੱਸਦਾ ਹੈ ਅਤੇ ਕਹਿੰਦਾ ਹੈ ਕਿ ਸਭ ਕੁਝ ਲੈ ਲਿਆ ਏ। ਪਰ ਨਾਲ ਲੈ ਕੇ ਵੀ ਬਹੁਤ ਕੁਝ ਨਹੀਂ ਲਿਜਾ ਸਕਦਾ। ਉਹ ਸੋਚਦਾ ਹੈ ਕਿ ਕਿਵੇਂ ਲੈ ਕੇ ਜਾਵਾਂ ਯਾਰ ਦੀ ਦਿਲਦਾਰੀ। ਉਸਦਾ ਖਿੜਖਿੜਾ ਕੇ ਹੱਸਣਾ। ਉਸ ਨਾਲ ਪਾਈਆਂ ਦਿਲ ਦੀਆਂ ਬਾਤਾਂ, ਪੁਰਾਣੀਆਂ ਯਾਦਾਂ ਦੀ ਫਰੋਲਾ-ਫਰੋਲੀ। ਬਚਪਨੀ ਯਾਰੀਆਂ ਦੀਆਂ ਉਹ ਮਾਸੂਮ ਜਿਹੀਆਂ ਸ਼ਰਾਰਤਾਂ। ਚੋਰੀ ਬੇਰ, ਅੰਬ ਜਾਂ ਜਾਮਨਾਂ ਤੋੜਣ ਵਾਲੀਆਂ ਘਤਿੱਤਾਂ। ਰਾਹ ਜਾਂਦਿਆਂ ਖੇਤ ਵਿਚੋਂ ਗੰਨੇ ਭੰਨ ਲੈਣਾ। ਸਾਈਕਲ ਦੀ ਟੱਲੀ ਖੋਲ੍ਹ ਕੇ ਪਾਣੀ ਪੀਣਾ ਅਤੇ ਮੱਡਗਾਰਡ `ਤੇ ਕੀਤੀ ਹੋਈ ਸਵਾਰੀ ਦੇ ਅਨਾਦੀ ਪਲ। ਮਿੱਤਰ-ਮੋਢੇ `ਤੇ ਸਿਰ ਰੱਖ ਕੇ ਮਨ ਦੀਆਂ ਬਾਤਾਂ ਪਾਉਣ ਦੀ ਅਦਾਅ। ਮਿੱਤਰਾਂ ਦੀ ਸੁਹੰਢਣੀ ਸਲਾਹ ਅਤੇ ਜਿਸ ਵਿਚੋਂ ਉਗੀ ਸੀ ਸੁਪਨਿਆਂ ਦੀ ਸੰਦਲੀ ਭਾਅ। ਇਹ ਸਭ ਕੁਝ ਅਤੇ ਇਨ੍ਹਾਂ ਨਾਲ ਜੁੜੀਆਂ ਯਾਦਾਂ ਦਾ ਪਟਾਰਾ ਤਾਂ ਮਿੱਤਰ ਦੇ ਚੁਬਾਰੇ ਵਿਚ ਹੀ ਛੱਡ ਕੇ ਜਾ ਰਿਹਾ ਏ ਜਾਣ ਵਾਲਾ ਸਖ਼ਸ਼।
ਬੰਦਾ ਜੀਵਨ ਭਰ ਆਪਣੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਕੇ ਆਖਰੀ ਦਿਨ ਦਫ਼ਤਰ ਤੋਂ ਬਾਹਰ ਨਿਕਲਦਾ ਹੈ। ਫਿਰ ਇਕ ਦਮ ਵਾਪਸ ਅੰਦਰ ਜਾਂਦਾ ਹੈ। ਜਦ ਉਹ ਮੁੜਦਾ ਹੈ ਤਾਂ ਉਸਦੇ ਸਾਥੀ ਪੁੱਛਦੇ ਹਨ ਕੀ ਸਰ ਕੁਝ ਰਹਿ ਗਿਆ ਲਿਜਾਣ ਵਾਲਾ। ਉਹ ਮੂੰਹੋਂ ਤਾਂ ਕਹਿੰਦਾ ਹੈ ਕਿ ਕੁਝ ਨਹੀਂ। ਪਰ ਉਹ ਜਾਣਦਾ ਹੈ ਕਿ ਬਹੁਤ ਕੁਝ ਰਹਿ ਗਿਆ ਏ ਇਸ ਅਦਾਰੇ ਵਿਚ, ਇਸ ਦਫਤਰ ਵਿਚ, ਇਨ੍ਹਾਂ ਸੰਗੀਆਂ ਸਾਥੀਆਂ ਵਿਚ ਅਤੇ ਇਸ ਚੌਗਿਰਦੇ ਵਿਚ ਜਿਥੇ ਜਿ਼ੰਦਗੀ ਦੀਆਂ ਤੀਹ ਬਹਾਰਾਂ ਬਿਤਾਈਆਂ ਨੇ। ਅਲਮਾਰੀ ਵਿਚ ਬੰਦ ਉਸਦੀ ਸਰਵਿਸ ਬੁੱਕ, ਉਸਦੀਆਂ ਕੀਰਤੀਆਂ ਤੇ ਕਰਨੀਆਂ ਦਾ ਲੇਖਾ-ਜੋਖ਼ਾ ਆਪਣੇ ਵਿਚ ਸਮਾਈ ਕਦੇ ਕਦਾਈਂ ਜ਼ਰੂਰ ਉਡੀਕਿਆ ਕਰੇਗੀ ਕਿ ਕਦੇ ਤਾਂ ਇਸ ਸਰਵਿਸ ਬੁੱਕ ਦਾ ਮਾਲਕ ਆਵੇ। ਇਸ ਵਿਚ ਲਿਖੀ ਹੋਈ ਇਬਾਰਤ ਪੜ੍ਹੇ ਅਤੇ ਆਪਣੇ ਆਪ ਨੂੰ ਪਰਖੇ। ਜੀਵਨ ਵਿਚਲੀ ਸੇਧ ਅਤੇ ਸਿਰਨਾਵੇਂ ਨੂੰ ਸੁਪਨਿਆਂ ਦੀ ਪੂਰਤੀ ਦੇ ਨਾਵੇਂ ਲਾਉਣ ਵਾਲਾ ਨਜ਼ਰੀਆ ਪਰਤ ਆਵੇ। ਸੇਵਾਮੁਕਤ ਹੋਣ ਤੋਂ ਬਾਅਦ ਵੀ ਬਹੁਤ ਕੁਝ ਰਹਿ ਜਾਂਦਾ ਹੈ ਵਿਅਕਤੀ ਦਾ ਜਿਸ ਵਿਚ ਹੁੰਦੀ ਏ ਵਕਤ ਦੀ ਤਵਾਰੀਖ਼। ਬੀਤੇ ਸਮੇਂ ਦੀਆਂ ਧੁੰਧਲੀਆਂ ਯਾਦਾਂ ਜਿਨ੍ਹਾਂ `ਚ ਜਿ਼ੰਦਗੀ ਨੂੰ ਹੋਰ ਖੂਬਸੂਰਤ ਅਤੇ ਖੂਬਸੀਰਤ ਬਣਾਉਣ ਲਈ ਆਪਣੇ ਰਾਹਾਂ ਦੀ ਭਾਲ ਕੀਤੀ ਹੋਵੇ।
ਬਾਪ ਦੀ ਚਿਖਾ ਨੂੰ ਅਗਨੀ ਦੇ ਦਿਤੀ ਗਈ ਏ। ਸਿਵਾ ਬਲ ਰਿਹਾ ਏ। ਲੋਕ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਨੇ। ਅੱਗ ਦੀਆਂ ਲਪਟਾਂ ਉਚੀਆਂ ਹੋ ਰਹੀਆਂ ਨੇ। ਪੁੱਤ ਲੋਕਾਂ ਦੇ ਨਾਲ ਹੀ ਘਰ ਨੂੰ ਤੁਰ ਪੈਂਦਾ ਏ ਅਤੇ ਫਿਰ ਇਕ ਦਮ ਪਰਤਦਾ ਹੈ ਅਤੇ ਸਿਵੇ ਦੇ ਕੋਲ ਜਾ ਕੇ ਕੁਝ ਦੇਖਦਾ ਹੈ। ਉਸਦਾ ਸਿਆਣੂ ਪੁੱਛਦਾ ਹੈ ਕੀ ਕੁਝ ਰਹਿ ਗਿਆ ਹੈ। ਮਸੋਸੇ ਜਿਹੇ ਬੋਲ ਨਾਲ ਕਹਿੰਦਾ ਹੈ ਕੁਝ ਵੀ ਨਹੀਂ। ਪਰ ਉਸਦਾ ਅੰਦਰ ਉਚੀ ਕੂਕਣਾ ਚਾਹੁੰਦਾ ਏ ਕਿ ਹਾਂ ਬਹੁਤ ਕੁਝ ਰਹਿ ਗਿਆ ਏ ਇਸ ਬਲਦੇ ਸਿਵੇ ਵਿਚ। ਮੇਰੇ ਬਾਪ ਦਾ ਨਿਗਰ ਸਰੀਰ ਜੋ ਰਾਖ਼ ਬਣ ਜਾਵੇਗਾ। ਬਾਪ ਦੀਆਂ ਉਂਗਲਾਂ ਜਿਨ੍ਹਾਂ ਨੂੰ ਫੜ ਕੇ ਮੈਂ ਤੁਰਨਾ ਸਿਖਿਆ ਅਤੇ ਜੋ ਮੈਨੂੰ ਪਹਿਲੇ ਦਿਨ ਸਕੂਲ ਛੱਡ ਕੇ ਆਈਆਂ ਸਨ। ਮੇਰੇ ਬਾਪ ਦਾ ਉਹ ਮੁਹਾਂਦਰਾ ਜਿਸਦੇ ਚਿਹਰੇ `ਤੇ ਪੁੱਤ ਦੀਆਂ ਪ੍ਰਾਪਤੀਆਂ ਦਾ ਮਾਣ, ਮਿਹਨਤ ਤੇ ਮੁਸ਼ੱਕਤ ਦਾ ਨੂਰ ਤੇ ਸਾਫ਼ਗੋਈ ਦਾ ਸੰਦੇਸ਼। ਕੂੜ-ਕਪਟ ਤੋਂ ਬੇਲਾਗਤਾ। ਸੋਚ ਦੀ ਪਾਕੀਜ਼ਗੀ ਦਾ ਅਲਹਾਮ। ਉਹ ਤਾਂ ਕਿਸੇ ਦੇ ਪੱਠੇ ਚੋਰੀ ਵੱਢਣ ਨੂੰ ਪਾਪ ਸਮਝਦਾ ਸੀ। ਇਸ ਸਿਵੇ ਵਿਚ ਮੱਚ ਰਹੀ ਹੈ ਬਾਪ ਦੀ ਫਕੀਰੀ ਅਲਮਸਤਾ, ਨਿਰ-ਉਚੇਚ ਕਿਸੇ ਦੇ ਕੰਮ ਆਉਣਾ ਦੀ ਤਮੰਨਾ। ਬੱਚਿਆਂ ਨੂੰ ਸਾਦਗੀ, ਸਮਰਪਣ, ਸਹਿਜਤਾ ਅਤੇ ਸੁਖਨ ਦਾ ਪਾਠ ਪੜ੍ਹਾਉਣ ਦੀ ਤਲਬ। ਸਿਵੇ ਵਿਚ ਸੜ ਕੇ ਵੀ ਬਾਪ ਕਿਧਰੇ ਨਹੀਂ ਜਾਂਦਾ। ਉਹ ਰਾਖ਼ ਹੋ ਕੇ ਸਾਡੀ ਸੋਚ ਦੇ ਪੱਲੇ ਵਿਚ ਉਹ ਕੁਝ ਪਾ ਜਾਂਦਾ ਜੋ ਸਾਨੂੰ ਜੀਵਨ ਭਰ ਕਿਧਰੇ ਵੀ ਨਹੀਂ ਥਿਆਉਣਾ। ਦਰਅਸਲ ਬਾਪ ਜਾ ਕੇ ਵੀ ਕਿਧਰੇ ਨਹੀਂ ਜਾਂਦਾ। ਉਹ ਹਰਦਮ, ਹਰ ਪਲ ਅਤੇ ਹਰ ਮੋੜ `ਤੇ ਤੁਹਾਡੀ ਰਹਿਨੁਮਾਈ ਕਰਦਾ, ਤੁਹਾਡੀਆਂ ਬਲਾਵਾਂ ਉਤਾਰਦਾ, ਅਦਿੱਖ ਰੂਪ ਵਿਚ ਤੁਹਾਡੇ ਸਮੁੱਚ ਵਿਚ ਸਦਾ ਹਾਜ਼ਰ ਨਾਜ਼ਰ ਰਹਿੰਦਾ।
ਜਿ਼ੰਦਗੀ ਵਿਚ ਕੁਝ ਵੀ ਸਮੇਟਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਕੁਝ ਅਜਿਹਾ ਛੱਡ ਕੇ ਜਾਈਏ, ਜੋ ਅਸੀਂ ਨਾਲ ਨਹੀਂ ਲਿਜਾ ਸਕਦੇ। ਜੋ ਸਾਡੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਦੇ ਨਾਮ ਕਰੇਗਾ। ਦਰਅਸਲ ਅਸੀਂ ਕੁਝ ਵੀ ਨਾਲ ਨਹੀਂ ਲਿਜਾਂਦੇ ਸਿਰਫ਼ ਛੱਡ ਕੇ ਹੀ ਜਾਂਦੇ ਹਾਂ। ਅਛੋਪਲੇ ਜਿਹੇ ਅਣਦਿਸਦੀਆਂ ਛੱਡਣ ਵਾਲੀਆਂ ਵਸਤਾਂ ਵਿਚ ਸਭ ਤੋਂ ਅਹਿਮ ਹੁੰਦੀਆਂ ਨੇ ਨੇਕਨੀਤੀ, ਨੇਕੀ, ਬੰਦਿਆਈ, ਭਲਿਆਈ ਅਤੇ ਸੱਜਣਤਾਈ, ਜਿਸਨੇ ਕਰਨੀ ਹੁੰਦੀ ਹੈ ਮਾਨਵਤਾ ਦੀ ਰਹਿਨੁਮਾਈ। ਕੁਝ ਲੋਕ ਸਿਰਫ਼ ਵਰਤਮਾਨ ਵਿਚ ਹੀ ਜਿਉਂਦੇ ਨੇ ਪਰ ਭਾਗਸ਼ਾਲੀ ਹੁੰਦੇ ਨੇ। ਉਹ ਲੋਕ ਜੋ ਵਰਤਮਾਨ ਦੇ ਨਾਲ ਨਾਲ ਭਵਿੱਖ ਵਿਚ ਵੀ ਜਿਉਂਦੇ ਨੇ। ਲੋਕ ਉਨ੍ਹਾਂ ਦੀਆਂ ਅਮਾਨਤਾਂ ਨੂੰ ਆਪਣੀ ਜਿ਼ੰਦਗੀ ਦੀ ਅਧਾਰਸਿ਼ਲਾ ਬਣਾ ਕੇ, ਆਪਣੀਆਂ ਪ੍ਰਾਪਤੀਆਂ ਦੇ ਸਿਲਾਲੇਖ਼ਾਂ ਦਾ ਰੂਪ ਦਿੰਦੇ। ਕਦੇ ਅਧਾਰਸਿ਼ਲਾ ਤੋਂ ਸਿ਼ਲਾਲੇਖ਼ ਬਣਨ ਦੇ ਰਾਹੀ ਬਣਨ ਦਾ ਸੁਪਨਾ ਜ਼ਰੂਰ ਲੈਣਾ ਕਿਉਂਕਿ ਸੁਪਨੇ ਲੈਣ `ਤੇ ਹੀ ਪੂਰੇ ਹੁੰਦੇ ਨੇ।
ਅਸੀਂ ਸਾਰੇ ਹੀ ਬਹੁਤ ਕੁਝ ਛੱਡ ਆਉਂਦੇ ਹਾਂ ਜਦ ਵੀ ਅਸੀਂ ਇਕ ਥਾਂ ਤੋਂ ਦੂਸਰੇ ਥਾਂ ਦੀ ਯਾਤਰਾ `ਤੇ ਤੁਰਦੇ ਹਾਂ। ਬਹੁਤ ਕੁਝ ਨੂੰ ਛੱਡ ਕੇ ਆਏ ਨੂੰ ਕਦੇ ਭਾਲਣ ਦੀ ਕੋਸਿ਼ਸ਼ ਜ਼ਰੂਰ ਕਰਨਾ।