ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ
ਚੋਣਾਂ ਦੇ ਡੰਕੇ ਨਾਲ ਹੀ ਪਿਆਕੜਾਂ ਦੀ ਮੌਜ ਲੱਗ ਗਈ, ਚਾਂਦੀ-ਚਾਂਦੀ ਹੋ ਗਈ ਸਭਨਾਂ ਦੀ। ਹਰ ਪਾਸੇ ਹਰ ਗਲੀ ਨੁੱਕਰੇ ਵੱਖ-ਵੱਖ ਉਮੀਦਵਾਰਾਂ ਦੇ ਏਜੰਟ ਬੋਤਲਾਂ, ਕੈਨੀਆਂ ਤੇ ਭੁੱਕੀ, ਸਮੈਕ ਦੀਆਂ ਥੈਲੀਆਂ ਫੜੀ ਘਰ-ਘਰ ਜਾ ਕੇ ਪੁੜੀਆਂ ਵੰਡਦੇ, ਪਰਚੀਆਂ ਵੰਡਦੇ, ਜਾਮ ਵੰਡਦੇ ਨਜ਼ਰ ਆਏ। ਕਿਸੇ ਨੂੰ ਪੈੱਗ, ਕਿਸੇ ਨੂੰ ਬੋਤਲ ਤੇ ਕਿਸੇ ਨੂੰ ਪੇਟੀ ਦੇ ਕੇ ਬੋਤਲ `ਤੇ ਹੱਥ ਧਰਾ ਕੇ ਵੋਟ ਪਾਉਣ ਦਾ ਇਕਰਾਰ ਲੈਂਦੇ ਸਹੁੰ ਖੁਆਉਂਦੇ। ਵੋਟਰ ਸਭ ਨੂੰ ਹਾਂ ਕਰਦੇ ਸਭ ਦੀ ਝੋਲੀ ਮੁੰਡੇ ਪਾਈ ਜਾਂਦੇ, ਨਹਿਲੇ `ਤੇ ਦਹਿਲਾ ਹੋ ਕੇ ਟੱਕਰਦੇ!–more–>
‘ਰੱਬ ਕਰੇ ਇਹ ਚੋਣਾਂ ਹਰ ਮਹੀਨੇ ਆਉਂਦੀਆਂ ਰਹਿਣ। ਇਹ ਸਾਡੇ ਲੀਡਰ ਵੀ ਤਾਂ ਸਾਉਣ, ਭਾਦੋਂ ਦੇ ਡੱਡੂਆਂ ਵਾਂਗ ਚੋਣਾਂ ਦੇ ਦਿਨਾਂ ਵਿਚ ਹੀ ਦਿਖਾਈ ਦਿੰਦੇ ਨੇ। ਵੋਟਾਂ ਬਟੋਰਨ ਪਿੱਛੋਂ ਅਲੋਪ ਹੋ ਜਾਂਦੇ ਨੇ ਤੇ ਦਿੱਲੀ ਜਾ ਬੈਠਦੇ ਨੇ ਸੋਨੇ ਦੇ ਆਲ੍ਹਣਿਆਂ ਵਿਚ, ਸੋਨੇ ਦੇ ਅੰਡਿਆਂ ਉੱਤੇ। ਫਿਰ ਇਨ੍ਹਾਂ ਦਾ ਮਨੋਰਥ ਜੋਕਾਂ ਵਾਂਗ ਸਮਾਜ ਦੇ ਲੋਕਾਂ ਦਾ ਖੂਨ ਪੀ ਕੇ ਗੋਗੜਾਂ ਵਧਾਉਣੀਆਂ ਤੇ ਚਿੱਚੜ ਵਾਂਗ ਕੁਰਸੀ ਨੂੰ ਚੰਬੜੇ ਰਹਿਣਾ ਹੀ ਰਹਿ ਜਾਂਦਾ ਹੈ।
ਤਖ਼ਤਪੋਸ਼ ‘ਤੇ ਗੁਫ਼ਤਗੂ ਚੱਲ ਰਹੀ ਸੀ। ਧੂਤੂਆਂ ਅਤੇ ਝੰਡੀਆਂ ਵਾਲੀਆਂ ਕਾਰਾਂ ਦਾ ਕਾਫ਼ਲਾ ਗਲੀ ਦੇ ਚੌਕ ਵਿਚ ਆ ਕੇ ਰੁਕਿਆ। ਦੋ ਜਣਿਆਂ ਨੇ ਮੋਢੇ ਤੋਂ ਫੜ ਕੇ ਕਾਰ ‘ਚੋਂ ਬਾਹਰ ਕੱਢਿਆ ਉਮੀਦਵਾਰ ਕੁਰਸੀ `ਤੇ ਬਿਠਾ ਦਿੱਤਾ। ‘ਇਹਦੀਆਂ ਤਾਂ ਲੱਤਾਂ ਕਬਰ ਵਿਚ ਨੇ, ਇਹ ਕੀ ਕਰੂ?’ ਕੁਝ ਚਾਕ੍ਹੜ-ਹੱਥੇ ਮੁੰਡਿਆਂ ਨੇ ਫੁਸ ਫੁਸ ਕੀਤੀ। ਅਮਲੀ ਸਮੇਤ ਸਾਰਿਆਂ ਨੇ ਸਰਸਰੀ ਸੁਆਗਤ ਨਾਲ ਹੱਥ ਜੋੜ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਸੱਤ-ਸਲਾਮ ਤੋਂ ਬਾਅਦ ਗੱਲ ਇਕਦਮ ਨੁਕਤੇ ‘ਤੇ ਆਨੇ ਵਾਲੀ ਥਾਂ ਪਹੁੰਚ ਗਈ। ਉਮੀਦਵਾਰ ਕੁਝ ਕਾਹਲ ਵਿਚ ਸੀ, ਉਸ ਨੇ ਕਈ ਥਾਈਂ ਹੋਰ ਜਲਸਿਆਂ ਨੂੰ ਵੀ ਸੰਬੋਧਨ ਕਰਨਾ ਸੀ। ਉਸ ਦੀ ਸੈਨਤ ਨਾਲ ਉਸ ਦੇ ਇਕ ਸਾਥੀ ਨੇ ਲਿਖਿਆ ਹੋਇਆ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ।
‘ਪਰਮ ਪਿਆਰੇ ਭਰਾਉ! ਰੱਬ ਵਰਗੇ ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਤਾ-ਪੁਰਖੀ ਤੁਹਾਡੇ ਖ਼ਾਨਦਾਨੀ ਸੇਵਾਦਾਰ ਹਾਂ ਤੇ ਜੱਦੀ ਪੁਸ਼ਤੀ ਸਿਆਸਤ ਸਾਡੇ ਪੁਰਖਿਆਂ ਕੋਲੋਂ ਸਾਡੇ ਹੱਥੀਂ ਪਹੁੰਚੀ ਹੈ। ਅਸੀਂ ਭਾਰਤ ਦੇ ਹਰ ਨਾਗਰਿਕ ਨੂੰ ਅਮਰੀਕਾ ਜਿਹੇ ਉੱਨਤ ਦੇਸ਼ ਵਾਂਗ ਹਰ ਕਿਸਮ ਦੀ ਲੋੜੀਂਦੀ ਸਹੂਲਤ ਦੇਣ ਦੇ ਪਾਬੰਦ ਹਾਂ। ਕੁੱਲੀ, ਗੁੱਲੀ, ਜੁੱਲੀ ਹਰ ਇਕ ਦਾ ਮੌਲਿਕ ਅਧਿਕਾਰ ਰਹੇਗਾ। ਖਪਤਕਾਰਾਂ ਨੂੰ ਬਿਜਲੀ, ਪਾਣੀ ਮੁਫ਼ਤ ਹੀ ਨਹੀਂ ਸਗੋਂ ਸਾਡੀ ਪਾਰਟੀ ਨੇ ਮੋਟਰਾਂ ਤੇ ਹੋਰ ਹਰ ਕਿਸਮ ਦੀ ਫਿਟਿੰਗ ਵੀ ਫ਼ਰੀ ਕਰਾਉਣ ਦਾ ਤਹੱਈਆ ਕੀਤਾ ਹੋਇਆ ਹੈ। ਹਰ ਨਵਜੰਮੀ ਬੱਚੀ ਦੇ ਨਾਮ ਦਸ ਹਜ਼ਾਰ ਰੁਪੇ ਜਮ੍ਹਾਂ, ਹਰ ਲੜਕੀ ਦੇ ਵਿਆਹ ‘ਤੇ ਦਸ ਹਜ਼ਾਰ ਸ਼ਗਨ, ਹਰ ਬਜ਼ੁਰਗ ਦੇ ਸਹਾਰੇ-ਗੁਜ਼ਾਰੇ ਵਾਸਤੇ ਪੰਜ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਉਣ ਦਾ ਸਾਡਾ ਏਜੰਡਾ ਹੈ। ਅਸੀਂ ਤੁਹਾਡੇ ਪਿੰਡ ਦੀ ਹੀ ਨਹੀਂ, ਸਾਰੇ ਦੇਸ਼ ਦੀ ਕਾਇਆ-ਕਲਪ ਕਰ ਦਿਆਂਗੇ। ਕੋਈ ਕੁਆਰਾ, ਛੜਾ ਨਹੀਂ ਰਹੇਗਾ। ਕੋਈ ਅੰਗੂਠਾ-ਸ਼ਾਪ ਅਨਪੜ੍ਹ ਨਹੀਂ ਰਹੇਗਾ। ਕੋਈ ਭੁੱਖਾ ਨਹੀਂ ਮਰੇਗਾ, ਕੋਈ ਪਗਡੰਡੀਆਂ ਉੱਤੇ ਨਹੀਂ ਸੌਂਏਂਗਾ, ਕੋਈ ਬੇਕਾਰ ਗਲੀਆਂ ਵਿਚ ਨਹੀਂ ਭਟਕੇਗਾ।`
‘ਜੇਲ੍ਹਾਂ `ਚ ਬੰਦ ਕਰ ਦਿਓਗੇ ਉਨ੍ਹਾਂ ਨੂੰ! ਜਾਂ ਗੋਲੀ ਮਾਰ ਦਿਓਗੇ?’ ਸਰੋਤਿਆਂ ਵਲੋਂ ਢੇਮ ਵਾਂਗ ਟਕੋਰ ਆਈ।
‘ਨਹੀਂ! ਨਹੀਂ ਜੇਲ੍ਹਾਂ ‘ਚ ਨਹੀਂ, ਉਨ੍ਹਾਂ ਨੂੰ ਨੌਕਰੀ ਦਿਆਂਗੇ, ਕੰਮ ਦਿਆਂਗੇ, ਸਵੈ-ਰੁਜ਼ਗਾਰ ਪੈਦਾ ਕਰ ਕੇ ਦਿਆਂਗੇ। ਸਾਨੂੰ ਵੋਟਾਂ ਪਾ ਕੇ ਇਕੇਰਾਂ ਜਿਤਾਓ ਤੇ ਪਰਖੋ! ਅਸੀਂ ਤੁਹਾਡੀ ਹਰ ਮਦਦ ਕਰਾਂਗੇ। ‘ ਉਮੀਦਵਾਰ ਨੇ ਗੱਲ ਪੂਰੀ ਕੀਤੀ। ਪੀ ਏ ਹੱਥ ਜੋੜਦਾ ਪਰਚੀ ਜੇਬ ‘ਚ ਪਾ ਕੇ ਥੱਲੇ ਬੈਠ ਗਿਆ।
‘ਤੇ ਸਾਹਿਬ ਜੀ, ਐਹ ਜੋ ਰੱਬ ਦੇ ਮਾਰੇ ਕਿਸਾਨ ਵਿਚਾਰੇ! ਕੁਰਕੀਆਂ ਤੋਂ ਡਰਦੇ ਸਲਫਾਸ ਖਾ ਰਹੇ ਨੇ, ਗਲ ਰੱਸੇ ਪਾ ਰਹੇ ਨੇ, ਆਪਣੀ ਜੀਵਨ ਲੀਲ੍ਹਾ ਖ਼ਤਮ ਕਰੀ ਜਾ ਰਹੇ ਨੇ, ਉਨ੍ਹਾਂ ਦਾ ਕੀ ਬੰਦੋਬਸਤ ਕਰੋਗੇ? ਕਿਹੜੀ ਸੰਜੀਵਨੀ-ਬੂਟੀ ਸੁੰਘਾਓਗੇ ਉਨ੍ਹਾਂ ਨੂੰ? ਉਨ੍ਹਾਂ ਬਾਰੇ ਤੁਹਾਡੀ ਪਰਚੀ ਚੁੱਪ ਹੈ?’
‘ਬੜਾ ਔਖਾ ਸਵਾਲ ਪਾ ਦਿੱਤਾ ਤੂੰ ਅਮਲੀਆ! ਜਿਹੜੇ ਲੋਗ ਅਣਚਾਹਿਆ ਬੇਲੋੜਾ ਕਰਜ਼ਾ ਲੈ ਕੇ ਕਲਗ਼ੀ ਉੱਚੀ ਕਰਨ ਲਈ ਵਿਆਹਾਂ ਸ਼ਾਦੀਆਂ `ਤੇ ਗਲਤ ਇਸਤੇਮਾਲ ਕਰਦੇ ਹਨ ਤੇ ਫਿਰ ਸਰਕਾਰ ਦੇ ਸਿਰ ਚੜ੍ਹ ਕੇ ਆਪ ਮਰਨਾ ਚਾਹੁੰਦੇ ਨੇ ਉਨ੍ਹਾਂ ਦਾ ਰੱਬ ਹੀ ਰਾਖਾ! ਪਰ ਯਾਦ ਰੱਖੋ ਕਿ ਕੋਈ ਵੀ ਕਿਸਾਨ ਗੰਨਾ, ਕਣਕ, ਝੋਨਾ ਜਾਂ ਕੋਈ ਹੋਰ ਫ਼ਸਲ ਵੇਚਣ ਲਈ ਉਸ ਨੂੰ ਚਾਰ ਘੰਟੇ ਤੋਂ ਵੱਧ ਮੰਡੀ ਵਿਚ ਉਡੀਕ ਨਹੀਂ ਕਰਨੀ ਪਵੇਗੀ, ਇਹ ਮੇਰਾ ਹਿੱਕ ਠੋਕ ਕੇ ਵਾਅਦਾ ਰਿਹਾ ਭਾਵੇਂ ਚੋਣ ਮਨੋਰਥ-ਪੱਤਰ ਵਿਚ ਅਸੀਂ ਅਜਿਹੀ ਕਿਸੇ ਧਾਰਾ ਦੀ ਵਿਵਸਥਾ ਨਹੀਂ ਕਰ ਸਕਦੇ। ਚੋਣ ਜ਼ਾਬਤਾ ਸ਼ੁਰੂ ਹੋ ਚੁੱਕਾ ਹੈ। ਚੋਣ ਕਮਿਸ਼ਨ ਦਾ ਡੰਡਾ ਬੜਾ ਸਖ਼ਤ ਹੈ।’ ਸਾਹਿਬ ਨੇ ਸਿਆਸਤ ਤੋਂ ਉੱਪਰ ਨਸੀਹਤ ਵਰਗੀ ਫਲਾਉਣੀ ਨਾਲ ਆਪਣੀ ਮਜਬੂਰੀ ਦੱਸ ਦਿੱਤੀ।
‘ਬਾਬੂ ਜੀ! ਪੁੱਤ ਕਿੱਥੇ ਖੜ੍ਹਾਇਆ ਜੇ? ਨੂੰਹ ਕਿੱਥੇ? ਘਰ ਵਾਲੀ ਕਿੱਥੇ? ਧੀ ਜਵਾਈ ਕਿੱਥੇ? ਅਸੀਂ ਉਨ੍ਹਾਂ ਨੂੰ ਵੀ ਸ਼ਾਨਦਾਰ ਜਿੱਤ ਦਿਵਾਵਾਂਗੇ। ‘ ਅਮਲੀ ਚਾਰ ਕਦਮ ਅੱਗੇ ਹੋ ਤੁਰਿਆ।
‘ਨਹੀਂ ਕਿਤੇ ਨਹੀਂ! ਮੈਂ ਇਕੱਲਾ ਹੀ ਖੜ੍ਹਿਆ ਹਾਂ ਇਸ ਵਾਰੀਂ।’ ਉਮੀਦਵਾਰ ਨੇ ਸਪੱਸ਼ਟੀਕਰਨ ਦਿੱਤਾ।
‘ਤੁਸੀਂ ਕਿਹੜੇ ਸਿਆਸਤਦਾਨ ਹੋਏ ਫਿਰ! ਤੁਸੀਂ ਤਾਂ ਅੱਜ ਵੀ ਗਏ ਤੇ ਕੱਲ੍ਹ ਵੀ ਗਏ, ਤੁਹਾਡੀ ਯਾਰੀ ਕਾਹਦੀ? ਜੇ ਆਪਣੀ ਇਹ ਰਾਮ-ਤੋਰੀ ਜਾਰੀ ਰੱਖਣੀ ਜੇ ਤਾਂ ਮੇਰੇ ਵਰਗਾ ਡਰਾਉਣਾ ਨਜ਼ਰਵੱਟੂ ਹੀ ਖੜ੍ਹਾ ਕਰ ਛੱਡੋ। ਚੰਗੇ ਰਹੋਗੇ … ਤੁਹਾਡਾ ਬੂਟਾ ਲੱਗਾ ਰਹੇਗਾ…ਵਧਦਾ ਫੁੱਲਦਾ ਰਹੇਗਾ। ਸਿਆਸਤ ਵਿਚ ਹੁਣ ਸਿਧਾਂਤ ਦੀ ਨਹੀਂ, ਲੋਕ ਭਲਾਈ ਦੀ ਵੀ ਨਹੀਂ, ਲਾਹੇ ਦੀ ਨੀਤੀ ਚਲਦੀ ਹੈ, ਲੂੰਬੜੀ ਵਾਲੀ। ਲੋਕਾਂ ਦਾ ਕੀ ਹੈ, ਉਹ ਤਾਂ ਵਿਚਾਰੇ ਛੇਤੀ ਭੁੱਲ ਜਾਂਦੇ ਨੇ ਮੇਰੇ ਵਰਗੇ। ਉਨ੍ਹਾਂ ਦੀ ਯਾਦ ਸ਼ਕਤੀ ਬੜੀ ਕਮਜ਼ੋਰ ਹੈ।’ ਅਮਲੀ ਦੇ ਮੂੰਹੋਂ ਅਫ਼ੀਮ ਦੀ ਗੋਲੀ ਵਰਗੀ ਅਵੱਲੀ ਕਾਟ ਉਨ੍ਹਾਂ ਨੂੰ ਪੈਰਾਂ ਤੋਂ ਹਿਲਾ ਗਈ।
‘ਕੁਛੜ ਚੜ੍ਹ ਕੇ ਦਾੜ੍ਹੀ ਪੁੱਟਣ ਲੱਗੇਂ! ਤੂੰ ਕਰ ਲੈ ਮਸ਼ਕਰੀਆਂ ਅਮਲੀਆ… ਆਪਣੇ ਹੀ ਤਾਂ ਕਰਦੇ ਨੇ।’ ਕੋਟੀ ਧਾਰੀ ਨੇ ਹੱਸ ਕੇ ਅਪਣੱਤ ਦਿਖਾਈ।
‘ਹਾਈ ਸ਼ਾਵਾ ਸ਼ੇ, ਭਾਈ ਜੀ ਮੈਂ ਤਾਂ ਤੁਹਾਨੂੰ ਪਛਾਣਿਆ ਈ ਨਹੀਂ ਸੀ। ਤੁਸੀਂ ਪਿਛਲੀ ਵੇਰਾਂ ਮੈਨੂੰ ਵੀ ਆਪਣੇ ਵਰਗਾ ਨਕਲੀ ਜਬਾੜਾ ਲਗਾ ਕੇ ਦੇਣ ਦਾ ਲਾਰਾ ਲਾਇਆ ਸੀ? ਤੁਸੀਂ ਪਿਛਲੀ ਚੋਣ ਸਮੇਂ ਕਾਲੀਆਂ ਦੀਆਂ ਝੰਡੀਆਂ ਲਗਾ ਕੇ ਆਏ ਸੀ, ਕਾਲੀਆਂ ਵਲੋਂ ਖੜ੍ਹੇ ਸੀ! ਨਾ ਭੁੱਲ ਗਿਆ ਉਹੋ ਹੀ ਹੋ ਨਾਂ? ਤੁਹਾਡਾ ਹੂਰਾ ਵੀ ਬੜਾ ਤਕੜਾ ਹੈ, ਉਹ ਵਿਚਾਰਾ ਚਿੱਬੜ ਸਿਹੁੰ! ਐਵੇਂ ਬੋਲ ਬੈਠਾ ਬੜਬੋਲਾ ਜਿਹਾ। ਅਜੇ ਤਕ ਡਾਕਟਰਾਂ ਪਿੱਛੇ ਤੁਰਿਆ ਫਿਰਦਾ।’
‘ਹਾਂ ਜੀ ਹਾਂ… ਪਛਾਣ ਲਿਆ ਤੂੰ ਅਮਲੀਆ।’ ਉਮੀਦਵਾਰ ਦੇ ਅੰਗ-ਰੱਖਿਅਕ ਨੇ ਅਮਲੀ ਦਾ ਘਰ ਪੂਰਾ ਕਰ ਦਿੱਤਾ।
‘ਐਤਕੀਂ ਉਨ੍ਹਾਂ ਨੇ ਟਿਕਟ ਨਹੀਂ ਦਿੱਤੀ, ਅਖੇ ਕਿਸੇ ਉੱਪਰਲੇ ਬਾਹਰਲੇ ਵਜ਼ੀਰ ਦੇ ਮੁੰਡੇ ਨੂੰ ਖੜ੍ਹਾਉਣਾ ਇੱਥੇ। ਬੜੀ ਬੇਇਨਸਾਫ਼ੀ ਕੀਤੀ ਉਨ੍ਹਾਂ ਤੁਹਾਡੇ ਨਾਲ। ਮੈਂ `ਖਬਾਰ ਪੜ੍ਹੀ ਸੀ… ਏਨੀ ਤਾਂ ਸੋਝੀ ਰੱਖੀਦੀ ਐ ਜਥੇਦਾਰ ਸਾਹਿਬ। ਚੰਗਾ ਕੀਤਾ ਤੁਸਾਂ… ਬੜਾ ਚੰਗਾ ਕੀਤਾ। ਪਾਰਟੀ ਬਦਲ ਲਈ। ਭੇਸ ਦਾ ਕੀ ਏ, ਜੇਹਾ ਦੇਸ ਤੇਹਾ ਭੇਸ, ਮਖੌਟੇ ਬਦਲੀ ਜਾਓ। ਕਿੰਨਾ ਸਸਤਾ ਸੌਦਾ! ਸਾਨੂੰ ਤਾਂ ਸਵਾਰੀ ਚਾਹੀਦੀ ਹੈ, ਕਾਰ ਨਹੀਂ ਤਾਂ ਬੱਸ, ਬੱਸ ਨਹੀਂ ਤਾਂ ਗੱਡਾ ਸੈਕਲ ਹੀ ਸਹੀ।’ ਅਮਲੀ ਟਿਚਕਰ-ਬਾਜ਼ੀ ‘ਤੇ ਉਤਰ ਆਇਆ।
‘ਜੀਂਦਾ ਰਹੁ ਅਮਲੀਆ! ਰੱਬ ਤੈਨੂੰ ਦੋ ਦੋ ਵਹੁਟੀਆਂ ਦੇਵੇ।’
‘ਸਾਨੂੰ ਵਹੁਟੀ ਮਿਲੇ ਜਾਂ ਨਾ ਮਿਲੇ… ਤੈਨੂੰ ਵੋਟ ਜ਼ਰੂਰ ਮਿਲੂ, ਧਰਵਾਸ ਰੱਖੋ। ਮੈਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ। ਤੂੰ ਮੇਰਾ ਭਤੀਜਾ ਮਾਰਕਫੈੱਡ ਵਿਚ ਲਵਾਇਆ ਸੀ… ਪੈਸਿਆਂ ਦਾ ਕੀ ਐ! ਉਹ ਤਾਂ ਪੰਦਰਾਂ ਹਜ਼ਾਰ ਜੋ ਤੂੰ ਲਏ ਉਸ ਨੇ ਪਹਿਲੇ ਮਹੀਨਿਆਂ ਵਿਚ ਹੀ ਮਾਠ ਕੇ ਪੂਰੇ ਕਰ ਲਏ ਸਨ। ਪਾਰਟੀ ਨੂੰ ਨਹੀਂ, ਅਸੀਂ ਤਾਂ ਤੈਨੂੰ ਵੋਟ ਪਾਉਣੀ ਐ, ਸਿਰਫ਼ ਤੈਨੂੰ। ਹੁਣ ਅਸੀਂ ਕਿਹੜੇ ਮੁੰਡੇ ਨਹੀਂ ਰਖਾਉਣੇ।’
‘ਪਾਓ ਭਈ ਪੈੱਗ ਦਿਓ ਲੰਬੜਦਾਰ ਨੂੰ।’ ਕੋਟੀ ਧਾਰੀ ਦੀ ਆਵਾਜ਼ ਸੁਣ ਕੇ ਅਮਲੀ ਮੁੱਛਾਂ ਨੂੰ ਵਟਣਾ ਚਾੜ੍ਹ ਕੇ ਤਿਆਰ ਬਰ ਤਿਆਰ ਹੋ ਗਿਆ।
‘ਅਸੀਂ ਤਾਂ ਐਤਕੀਂ ਆਪਣੀਆਂ ਗਲੀਆਂ ਪੱਕੀਆਂ ਕਰਾਉਣੀਆਂ ਨੇ। ਜੋ ਕਰਵਾਏਗਾ… ਉਸ ਨੂੰ ਵੋਟ ਪਾਵਾਂਗੇ। ਐਹ ਇਕੱਲੀ ਦਾਰੂ ਜਿਹੀ ਨਾਲ ਕੰਮ ਨਹੀਂ ਬਣਨਾ ਐਕਰਾਂ ਜਥੇਦਾਰਾ।’
ਬੂਝਾ ਅਮਲੀ ਹੈਗਾ ਤਾਂ ਭਾਵੇਂ ਬੂਝੜ ਜਿਹਾ ਹੀ ਸੀ ਪਰ ਸਿੱਖਿਆ ਸਿਖਾਇਆ ਉਸ ਨੇ ਗੱਲ ਪਤੇ ਦੀ ਕਹਿ ਮਾਰੀ। ਸਰਪੰਚ ਕਈ ਅਜਿਹੇ ਬੇ-ਸ਼ੁਕਰੇ ਕੰਮ ਮੂੰਹ-ਫੱਟ ਅਮਲੀ ਦੇ ਮੂੰਹ ਪਾ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਸੀ।
‘ਲੈ ਬਈ ਅਮਲੀਆ… ਤੇਰੇ ਮੂੰਹ ਦੀ ਕੱਢੀ ਅਸਾਂ ਪੂਰੀ ਕਰ ਦੇਣੀ ਆ। ਐਹ ਲੈ ਬੋਤਲ! ਤੇ ਖਾਹ ਸਹੁੰ।’ ਸੇਵਾਦਾਰ ਅਮਲੀ ਦੇ ਨੇੜੇ ਹੋ ਗਿਆ।
‘ਨਾਲੇ ਕੋਈ ਉਰੀ-ਪੁਰੀ ਕਰਦਾ ਟੰਗ ਅੜਾਉਣ ਵਾਲਾ ਭੜਵਾ ਹੈ ਤਾਂ ਉਹ ਵੀ ਦੱਸ ਦੇਹ, ਅਸੀਂ ਗੱਡੀ ਚੜ੍ਹਾ ਦਿਆਂਗੇ ਉਹਨੂੰ ਰਾਤੋ ਰਾਤ!’ ਡੱਬ ਨੂੰ ਹੱਥ ਮਾਰਦਾ ਕੰਨ ਵਿਚ ਫੁਸ-ਫੁਸਾਇਆ।
ਤਿਕੋਣੀ ਜਿਹੀ ਇੱਲ ਦੇ ਕਲਬੂਤ ਵਰਗੀ ਬੋਤਲ ਵੇਖ ਕੇ ਸਾਰੀ ਮੰਢੀਰ ਚਾਂਬਲ ਉੱਠੀ। ਸਾਰੇ ਲਾਰਾਂ ਸੁੱਟਣ ਲੱਗੇ।
‘ਮੈਂ ਇਸ ਦਾਰੂ ਦੀ ਬੋਤਲ ਦੀ ਸਹੁੰ ਖਾਂਦਾ ਹਾਂ। ਮੇਰੀਆਂ ਸਾਰੀਆਂ ਵੋਟਾਂ ਤੇਰੀਆਂ, ਅਸੀਂ ਸਾਰੇ ਤੇਰੀ ਪਾਰਟੀ ਨੂੰ ਵੋਟਾਂ ਪਾਵਾਂਗੇ।’
‘ਜੀਂਦਾ ਰਹੁ ਅਮਲੀਆ… ਆਪਾਂ ਫੇਰ ਵੀ ਕੰਮ ਆਉਣ ਵਾਲੇ ਬੰਦੇ ਹਾਂ। ਜਦ ਮਰਜ਼ੀ ਅਜ਼ਮਾ ਲਈਂ ਰਾਤ ਬਰਾਤੇ। ‘ਜਥੇਦਾਰ ਨਛੱਤਰ ਸਿੰਘ ਦੀ ਤਸੱਲੀ ਹੋ ਗਈ। ਉਸ ਨੇ ਅਮਲੀ ਦਾ ਮੋਢਾ ਨੱਪਿਆ। ਇਕ ਸੇਵਾਦਾਰ ਨੇ ਲਾਲ ਗੁੱਥੀ ਵਿਚੋਂ ਮੁੱਠਾਂ ਭਰੀਆਂ ਤੇ ਵਿਆਹ ਦੀ ਸ੍ਹੋਟ ਵਾਂਗ ਦੋ-ਚਾਰ ਸਰੋਤਿਆਂ ਵੱਲ ਮਾਰਦੇ ‘ਰੱਬ ਰਾਖਾ’ ਕਹਿੰਦੇ ਅਗਲੇ ਰਸਤੇ ਪੈ ਗਏ।
ਅਗਲੇ ਦਿਨ ਇੱਟਾਂ ਦੀਆਂ ਲੱਦੀਆਂ ਟਰਾਲੀਆਂ ਆ ਗਈਆਂ, ਸੀਮਿੰਟ ਆ ਗਿਆ… ਮਿਸਤਰੀ ਆ ਗਏ ਤੇ ਗਲੀਆਂ ਪੱਕੀਆਂ ਹੋਣ ਲੱਗੀਆਂ। ਸੜਕ ਵਲੋਂ ਢੋਲ-ਢਮੱਕੇ ਦੀ ਆਵਾਜ਼ ਉੱਠੀ ਤੇ ਪਿੰਡ ਵੱਲ ਵਧੀ। ਜੰਜ ਵਾਂਗ ਤੁਰ੍ਹਲੇ ਵਾਲੀਆਂ ਪੱਗਾਂ ਤੇ ਸਤਰੰਗੀ ਪੀਂਘ ਵਰਗੇ ਲਿਬਾਸ! ਇਕ ਭੰਗੜਾ ਪਾਰਟੀ, ਤੇ ਪਿੱਛੇ ਪਿੱਛੇ ਪਹਿਲਵਾਨਾਂ ਵਾਂਗ ਲੱਤਾਂ ਚੌੜੀਆਂ ਕਰ ਕਰ ਤੁਰਦਾ ਬਿੱਛੂ ਰਾਮ ਵਕੀਲ ਗਲ ਵਿਚ ਨੋਟਾਂ ਦੇ ਹਾਰ ਪਾਈ ਗਭਲੇ ਚੌਕ ਵਿਚ ਆ ਪਹੁੰਚਿਆ। ਆਜ਼ਾਦ ਉਮੀਦਵਾਰ ਨੇ ਆਉਂਦੇ ਹੀ ਆਪਣਾ ਹਾਰ ਲਾਹ ਕੇ ਸਰਪੰਚ ਦੇ ਗਲ ਪਾ ਦਿੱਤਾ। ਗਾਉਣ ਵਾਲੀ ਨੇ ਅਖਾੜਾ ਬੰਨ੍ਹ ਦਿੱਤਾ। ਵੇਖਦੇ-ਵੇਖਦੇ ਤਕੜਾ ਹਜੂ਼ਮ ਇਕੱਠਾ ਹੋ ਗਿਆ। ਬਿੱਛੂ ਰਾਮ ਨੇ ਸਾਰੀਆਂ ਪਾਰਟੀਆਂ ਨੂੰ ਨਕਾਰਦੇ ਆਪਣੇ ਆਪ ਨੂੰ ਦੁੱਧ-ਧੋਤਾ ਦਰਸਾ ਕੇ ਵੋਟ ਮੰਗਿਆ। ਉਸ ਨੇ ਹਲਕੇ ਵਿਚ ਵੱਡੇ ਕਾਰਖ਼ਾਨੇ ਲਗਵਾਉਣ ਦਾ ਇਕਰਾਰ ਕੀਤਾ ਤੇ ਦਾਅਵਾ ਕੀਤਾ ਕਿ ਉਹ ਅਜਿਹੇ ਵੱਡੇ ਪ੍ਰੋਜੈਕਟਾਂ ਵਿਚੋਂ ਕੋਈ ਗ਼ਬਨ ਨਹੀਂ ਕਰੇਗਾ ਨਾ ਹੋਣ ਦੇਵੇਗਾ। ਲੋਕਾਂ ਦੇ ਕੰਮ ਕਰਾਉਣ ਦੇ ਇਵਜ਼ ਵਿਚ ਕੋਈ ਬਖ਼ਸ਼ੀਸ਼, ਇਨਾਮ ਜਾਂ ਰਿਸ਼ਵਤ ਨਹੀਂ ਵਸੂਲੇਗਾ। ਜ਼ਿੰਦਗੀ ਦੀ ਥਕਾਉਣ ਤੇ ਉਦਰੇਵਾਂ ਲਾਹੁਣ ਲਈ ਹਰ ਮਹੀਨੇ ਹਰ ਪਿੰਡ ਵਿਚ ਲੋਕਾਂ ਦੇ ਮਨੋਰੰਜਨ ਲਈ ਇਕ ਅਜਿਹਾ ਮਜਮਾ ਲਾਇਆ ਕਰੇਗਾ। ਇਕ ਵੱਡਾ ਟੀ ਵੀ ਸੈੱਟ ਭੇਟ ਕਰਦਿਆਂ ਕਿਹਾ ਕਿ ਇਹ ਪੁਰਜਾ ਇਸ ਚੌਕ ਵਿਚ ਰੱਖੋ। ਜਦ ਟੀ ਵੀ ਚੈਨਲ `ਤੇ ਚੱਲ ਰਹੀ ਬਹਿਸ ਵਿਚ ਉਮੀਦਵਾਰਾਂ ਦੇ ਮੁਕਾਬਲੇ ਹੋਣਗੇ, ਉਹ ਘਸੁੰਨ-ਮੁੱਕੀ ਕਰਨਗੇ, ਇਕ ਦੂਸਰੇ ਦੀ ਪੱਗ ਰੋਲਣਗੇ, ਦਾੜ੍ਹੀ ਫੜ੍ਹ ਹੂਰੋ ਹੂਰੀ ਕਰਨਗੇ, ਦੰਗਲ ਕਰਨਗੇ, ਤੁਸੀਂ ਠੀਕ ਤਰ੍ਹਾਂ ਵੇਖ ਕੇ ਤਕੜੇ ਮਾੜੇ ਦੀ ਪਛਾਣ ਕਰ ਸਕੋਗੇ। ਉਸ ਦੇ ਵਿਖਿਆਨ ਤੇ ਪੇਸ਼ਕਸ਼ ਨੂੰ ਭੀੜ ਨੇ ਤਾੜੀਆਂ ਨਾਲ ਖੂਬ ਸਲਾਹਿਆ।
ਏਸੇ ਤਰ੍ਹਾਂ ਕਾਰਲੀ ਪਾਰਟੀ ਨੇ ਧਰਮਸ਼ਾਲਾ ਲਈ ਇੱਟਾਂ ਸੁਟਵਾ ਕੇ ਕੰਮ ਜਲਦੀ ਸ਼ੁਰੂ ਕਰ ਦੇਣ ਦਾ ਇਕਰਾਰ ਕੀਤਾ ਤੇ ਨੀਂਹ ਪੱਥਰ ਵੀ ਅਮਲੀ ਦੇ ਹੱਥੋਂ ਲੁਆ ਕੇ ਅਮਲੀ ਦਾ ਤੁਰ੍ਹਲਾ ਉੱਚਾ ਕਰ ਦਿੱਤਾ।
ਅਗਲੀ ਰਾਤ ਨੂੰ ਤੀਸਰੀ ਪਾਰਟੀ ਆ ਧਮਕੀ… ਲਾਲਟੈਣਾਂ ਸਨ, ਉਨ੍ਹਾਂ ਦੇ ਕਾਫ਼ਲੇ ਵਿਚ। ਵਿਰੋਧੀ ਧਿਰ ਵਲੋਂ ਹੁੰਦੇ ਹੋਏ ਉਹ ਅਮਲੀ ਦਾ ਵੀ ਮੂੰਹ ਸੁੰਘਣ ਲੱਗੇ।
ਅਮਲੀ ਵੱਖੀਆਂ ਵਿਚ ਹੱਸਿਆ।
‘ਆਉ ਜੀ ਜਨਾਬ! ਲਾਲਟੈਣ ਸਾਹਿਬ! ਜੀ ਆਇਆਂ ਨੂੰ! ਆਉ ਬੈਠੋ।’ ਉਸ ਨੇ ਇਕ ਲੀਡਰ ਲਗਦੇ ਭੱਦਰ ਪੁਰਸ਼ ਨੂੰ ਮੰਜੇ `ਥੈ ਬੈਠਣ ਦਾ ਇਸ਼ਾਰਾ ਕੀਤਾ।
‘ਲੰਬੜਦਾਰਾ! ਤੇਰੀ ਸ਼ਰਨ ਆਏ ਹਾਂ, ਤੂੰ ਪਿੰਡ ਦਾ ਮੁਹਤਬਰ ਆਦਮੀ ਹੈਂ, ਸਾਨੂੰ ਵੋਟਾਂ ਪੁਆ। ਮੇਰਾ ਚੋਣ ਨਿਸ਼ਾਨ ਲਾਲਟੈਣ ਹੈ। ਅਸੀਂ ਇਸ ਲਾਲਟੈਣ ਨਾਲ ਤੁਹਾਡੀ ਹਰ ਗਲੀ, ਹਰ ਕੋਨਾ ਇਥੋਂ ਤਕ ਕਿ ਤੁਹਾਡੇ ਦਿਲਾਂ ਦੇ ਅੰਦਰ ਦੇ ਸਾਰੀਆਂ ਕੁੰਦਰਾ ਕੋਨੇ ਤਕ ਰੁਸ਼ਨਾ ਦਿਆਂਗੇ। ਤੁਹਾਡਾ ਸਕੂਲ ਵੱਡਾ ਕਰਾ ਦਿਆਂਗੇ। ਹਸਪਤਾਲ ਖੋਲ੍ਹ ਦਿਆਂਗੇ। ਐਹ ਲਓ ਲਾਲਟੈਣਾਂ ਤੇ ਰੱਖ ਦਿਓ ਖੋਲਿਆਂ ਤੇ ਹਨੇਰੀਆਂ ਗੁਫਾਵਾਂ ਵਿਚ। ਹੁਣ ਕੋਈ ਤੁਹਾਡੇ ਬੱਚੇ ਉਧਾਲ਼ ਕੇ ਮਾਰ ਕੇ ਹਨੇਰੇ ਦਾ ਫ਼ਾਇਦਾ ਨਹੀਂ ਉਠਾਏਗਾ।’ ਬੜੀ ਨਿਮਰਤਾ ਤੇ ਅਧੀਨਗੀ ਭਰੇ ਬੋਲਾਂ ਨਾਲ ਉਸ ਨੇ ਇਕ ਲਾਲਟੈਣ ਅਮਲੀ ਦੇ ਹੱਥ ਫੜਾ ਦਿੱਤੀ ਤੇ ਪੰਜ ਦਸ ਹੋਰ ਖੜ੍ਹੇ ਲੋਕਾਂ ਵੱਲ ਵਧਾ ਦਿੱਤੀਆਂ।
‘ਧੰਨਭਾਗ ਭਾਊ ਜੀ! ਲਾਲਟੈਣਾਂ ਸਾਡੇ ਸਿਰ ਮੱਥੇ! ਪਰ ਸੱਚੀ ਗੱਲ ਦੱਸਾਂ? ਸਾਡੇ ਪਿੱਛੇ ਤਾਂ ਵੱਡੀਆਂ ਵੱਡੀਆਂ ਹਾਕਮ ਪਾਰਟੀਆਂ ਫਿਰਦੀਆਂ ਨੇ, ਉਹ ਪਹਿਲਾਂ ਹੀ ਕਰਾਰਨਾਮਾ ਲੈ ਗਏ ਨੇ। ਕੋਈ ਉਮੀਦਵਾਰ ਗਲੀਆਂ ਬਣਾ ਰਿਹਾ… ਕੋਈ ਧਰਮਸ਼ਾਲਾ ਬਣਾ ਰਿਹਾ ਤੇ ਤੁਸੀਂ ਆਏ ਹੋ ਧੰਨਭਾਗ ਜੀ ਸਦਕੇ। ਤੁਸੀਂ ਪਛੜਗੇ ਥੋੜ੍ਹਾ ਜਿਹਾ, ਸਾਨੂੰ ਚਾਨਣ ਵੀ ਵੰਡੋ ਤੇ ਨਾਲ ਪਾਣੀ ਵੀ। ਸਕੂਲ ਵੱਡਾ ਕਰੋ ਜੰਮ ਜਮ ਪਰ ਮਾਸਟਰ ਜ਼ਰੂਰ ਭੇਜ ਦਿਓ ਇੱਥੇ ਬੱਚਿਆਂ ਨੂੰ ਸਾਂਭਣ ਪੜ੍ਹਾਉਣ ਵਾਸਤੇ। ਹਸਪਤਾਲ ਬਣਾਓ ਪਰ ਡਾਕਟਰ ਨਰਸਾਂ ਦਾ ਜ਼ਰੂਰ ਇੰਤਜ਼ਾਮ ਕਰ ਜਾਇਓ। ਹਾਲ ਦੀ ਘੜੀ ਇਕ ਐਸ ਚੌਕ ਵਿਚ ਤੇ ਇਕ ਧਰਮਸ਼ਾਲਾ ਵਾਲੇ ਚੌਕ ਵਿਚ ਨਲਕੇ ਲੁਆ ਦਿਓ। ਬੜਾ ਸਸਤਾ ਕੰਮ ਜੇ। ਲੋਕ ਪਾਣੀ ਪੀਣਗੇ… ਤੇਰੇ ਗੁਣ ਗਾਉਣਗੇ, ਤੈਨੂੰ ਸੀਸਾਂ ਦੇਣਗੇ। ਬਾਕੀ ਵੋਟਾਂ ਤਾਂ ਪਹਿਲਾਂ ਹੀ ਤੇਰੀਆਂ… ਅਸੀਂ ਵੀ ਤੇਰੇ ਤੇ ਵੋਟਾਂ ਵੀ ਤੇਰੀਆਂ। ਜਿਸ ਖੂਹ ਖਾਤੇ ਮਰਜ਼ੀ ਪੁਆ ਲੈ।’ ਅਮਲੀ ਨੇ ਸਿੱਧ-ਪੱਧਰੀ ਭਾਸ਼ਾ ਵਿਚ ਉਸ ਨੂੰ ਨਿਹਾਲ ਕਰ ਦਿੱਤਾ।
‘ਠੀਕ ਆ, ਜਿੱਦਾਂ ਕਹੋ ਕਰ ਦਿਆਂਗੇ। ਨਲਕੇ ਤਾਂ ਕੀ ਅਸੀਂ ਕੂਲਰ ਵੀ ਲਵਾ ਦਿਆਂਗੇ ਪਰ ਵੋਟਾਂ ਦੀ ਪੱਕੀ ਕਰੋ, ਕੋਈ ਵੋਟ ਬਾਹਰ ਨਾ ਜਾਏ।’
‘ਹੈ ਕਮਲਾ! ਅਸਾਂ ਤਾਂ ਪਹਿਲਾਂ ਹੀ ਸੋਚਿਆ ਸੀ ਪਈ ਅਸੀਂ ਤੈਨੂੰ ਹੀ ਜਿਤਾਵਾਂਗੇ…ਪੱਥਰ 1ਤੇ ਲੀਕ।’ ਅਮਲੀ ਨੇ ਧਰਤੀ ‘ਤੇ ਲਕੀਰ ਖਿੱਚਦੇ ਲਾਲਟੈਣ ਸਾਹਿਬ ਨੂੰ ਬਾਗੋ-ਬਾਗ ਕਰ ਦਿੱਤਾ।
‘ਅਮਲੀਆ! ਤੇਰੇ ਮੂੰਹ ਘਿਉ ਸ਼ੱਕਰ! ਨਲਕੇ ਇਕ-ਦੋ ਦਿਨਾਂ ‘ਚ ਲੱਗ ਜਾਣਗੇ। ਪਰ ਦਾਰੂ ਦੀ ਮੁਸ਼ਕਲ ਬਣੇਗੀ। ਮੈਂ ਸੋਚਿਆ ਸੀ ਪਈ ਇਕ ਦੋ ਪੇਟੀਆਂ ਤੇਰੇ ਕੋਲ ਸੁੱਟ ਜਾਂਦੇ, ਆਪਣੇ ਵੋਟਰਾਂ ਦੀ ਪਾਰਟੀ-ਪੂਰਟੀ ਕਰ ਦਿੰਦਾ ਪਰ ਠੇਕੇ ਬੰਦ ਹੋ ਗਏ ਨੇ। ਸਰਕਾਰ ਨੇ ਬੜੀ ਸਖ਼ਤੀ ਕਰ ਦਿੱਤੀ ਹੈ। ਪਹਿਲਾਂ ਤਾਂ ਏਨੀ ਕੁ ਬੁੱਤੀ ਥਾਣੇ ਅੰਦਰੋਂ ਪੂਰੀ ਹੋ ਜਾਂਦੀ ਸੀ ਪਰ ਹੁਣ ਚੌਕਸੀ ਵਾਲਿਆਂ ਨੇ ਇਨ੍ਹਾਂ ਦੀਆਂ ਲਗਾਮਾਂ ਕੱਸ ਦਿੱਤੀਆਂ ਨੇ। ਚੋਣ ਕਮਿਸ਼ਨ ਨੇ ਨਿਗਰਾਨ ਨੁਮਾਇੰਦੇ ਭੇਜ ਕੇ ਨਿਰਪੱਖ ਚੋਣਾਂ ਕਰਾਉਣ ਦਾ ਪੱਕਾ ਫ਼ੈਸਲਾ ਕਰ ਰੱਖਿਆ ਹੈ। ਐਤਕੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਾ ਹੋਣਾ ਹੈ। ਇਹ ਚੋਰ-ਮੋਰੀਆਂ ਬੰਦ ਕਰ ਦਿੱਤੀਆਂ ਹਨ।’ ਲਾਲਟੈਣ ਸਾਹਿਬ ਨੇ ਆਪਣੀ ਬੇਬਸੀ ਤੇ ਅਸਮਰੱਥਾ ਪ੍ਰਗਟਾਈ।
‘ਤੂੰ ਵੀ ਕਮਲਾਂ! ਦਾਰੂ ਦੀ ਕਿੱਲਤ! ਆ ਮੇਰੇ ਨਾਲ! ਕਹੇਂ ਤਾਂ ਨਹਿਰਾਂ ਵਗਾ ਦਿਆਂ, ਨਹਾ ਲੈ ਭਾਵੇਂ ਚੁੱਭੀਆਂ ਮਾਰ ਕੇ।’ ਅਮਲੀ ਨੇ ਚਾਦਰ ਟੰਗ ਕੇ ਉੱਪਰ ਨੂੰ ਕੀਤੀ, ਪਰਨਾ ਮੋਢੇ `ਤੇ ਧਰਿਆ ਤੇ ਇਕ ਛਕੜਾਨੁਮਾ ਜੀਪ ਵਿਚ ਉਨ੍ਹਾਂ ਨਾਲ ਜਾ ਚੜ੍ਹਿਆ।
ਠੇਕੇ ਲਾਗੇ ਪਹੁੰਚ ਕੇ ਵੇਖਿਆ… ਸਚਮੁਚ ਹੀ ਬੰਦ ਸੀ। ਤਾਲਾ ਹੀ ਬੰਦ ਨਹੀਂ ਸਗੋਂ ਉਸ ਉੱਪਰ ਲਾਖ ਦੀਆਂ ਮੁਹਰਾਂ ਵੀ ਲੱਗੀਆਂ ਹੋਈਆਂ ਸਨ ਤੇ ਲਾਗੇ ਖੜ੍ਹੇ ਦੋ ਸਿਪਾਹੀ ਇਨ੍ਹਾਂ ਸੀਲਾਂ ਦੀ ਨਿਗਰਾਨੀ ਕਰ ਰਹੇ ਸਨ।
ਵੋਟਾਂ ਵਾਲੀ ਗੱਡੀ ਵੇਖ ਕੇ ਸਿਪਾਹੀ ਉੱਠ ਕੇ ਸਾਵਧਾਨ ਹੋ ਗਏ। ਉਨ੍ਹਾਂ ਦੂਰੋਂ ਹੀ ਸਲੂਟ ਮਾਰਿਆ। ਬੂਝਾ ਅਮਲੀ ਮਾੜਾ ਜਿਹਾ ਲੰਗ ਮਾਰਦਾ ਉਨ੍ਹਾਂ ਕੋਲ ਪਹੁੰਚਿਆ।
‘ਕਿਉਂ ਭਾਈ ਸਾਂਢੂਆ। ਦਾਰੂ ਦਾ ਕੀ ਬਣੂੰ ਹੁਣ?’
‘ਦੱਸ ਸਾਂਢੂਆ? ਕੀ ਹੁਕਮ ਐ? ਠੇਕੇ ਤਾਂ ਬੰਦ ਨੇ।’
‘ਠੇਕੇ ਬੰਦ ਤਾਂ ਸਾਨੂੰ ਪਤਾ, ਦਿਸਦਾ! ਪਰ ਤੇਰਾ ਕੀ ਫ਼ਾਇਦਾ…? ਕਰ ਦੇ ਕੁਝ ਜੁਗਾੜ। ਇਹ ਪਾਰਟੀ ਵੀ ਆਪਣੀ ਤੇ ਖਰਚਾ ਵੀ ਆਪਣਾ… ਤੁਹਾਨੂੰ ਵੀ ਨਿਹਾਲ ਕਰ ਦਿਆਂਗੇ।’ ਅਮਲੀ ਨੇ ਦਾਣਾ ਸੁੱਟਿਆ।
‘ਕਿੰਨੀ ਚਾਹੀਦੀ?’ ਇਕ ਸਿਪਾਹੀ ਨੇ ਰਮਜ਼ ਜਿਹੀ ਮਾਰੀ।
‘ਦੇ ਦੇ ਯਾਰ! ਕਰ ਦੇ ਅਮਲੀ ਦਾ ਚਿੱਤ ਖ਼ੁਸ਼… ਰੱਬ ਵਰਗੇ ਹੁੰਦੇ ਨੇ ਅਮਲੀ ਨਿਰਛਲ।’ ਦੂਜੇ ਸਿਪਾਹੀ ਨੇ ਹੱਲਾਸ਼ੇਰੀ ਦੇ ਕੇ ਹਾਂ ਵਿਚ ਸਿਰ ਹਿਲਾਇਆ।
ਤੂੜੀ ਦੇ ਕੁੱਪ ਵੱਲ ਨੂੰ ਤੁਰਦਾ ਸਿਪਾਹੀ ਪਿੱਛੇ ਅਮਲੀ ਨੂੰ ਲਾ ਕੇ ਨੋਟਾਂ ਦੀ ਥੱਦੀ ਗਿਣਦਾ ਕਮਾਦ ਦੀ ਇਕ ਨੁਕਰੇ ਜਾ ਖੜ੍ਹਾ ਹੋਇਆ।
‘ਇਕੋ ਵੇਰਾਂ ਲੈ ਲਾ ਜਿੰਨੀਆਂ ਚਾਹੀਦੀਆਂ, ਸਾਨੂੰ ਤਾਂ ਇਕ ਸੌ ਰੁਪਏ ਪੇਟੀ ਦਾ ਖਰਚਾ ਚਾਹੀਦਾ।’ ਸਿਪਾਹੀ ਨੇ ਆਪਣਾ ਲਾਗ ਦੱਸ ਦਿੱਤਾ।
‘ਬੱਸ ਦਸ ਹੀ ਕਾਫ਼ੀ ਨੇ ਅਸੀਂ ਕਿਹੜੀ ਛਬੀਲ ਲਗਾਉਣੀ! ਭਲਾ ਹੋਵੇ ਤੇਰਾ, ਤੇਰੇ ਬੱਚੇ ਜਿਊਣ।’ ਅਮਲੀ ਨੇ ਉਸ ਦੀ ਪਿੱਠ `ਤੇ ਥਾਪੀ ਦਿੱਤੀ। ਜੀਪ ਵਿਚੋਂ ਡਰਾਈਵਰ ਨੇ ਬੰਦ ਮੁੱਠੀ ਬਾਹਰ ਕੱਢ ਕੇ ਹੌਲਦਾਰ ਨਾਲ ਦਸਤ-ਪੰਜਾ ਕਰ ਕੇ ਧੰਨਵਾਦ ਕੀਤਾ।
ਪੇਟੀਆਂ ਗੱਡੀ ਵਿਚ ਸਵਾਰ ਹੋ ਕੇ ਅਮਲੀ ਦੇ ਮੁਹੱਲੇ ਪਹੁੰਚ ਗਈਆਂ। ਲੋਕ ਉਮੀਦਵਾਰਾਂ ਦਾ ਘੱਟ ਤੇ ਅਮਲੀ ਦੇ ਗੁਣ ਜ਼ਿਆਦਾ ਗਾ ਰਹੇ ਸਨ।
ਸਵੇਰੇ ਚੌਕਾਂ ਵਿਚ ਨਲਕਿਆਂ ਦਾ ਸਾਮਾਨ ਤੇ ਪੰਚਾਇਤ ਘਰ ਵਿਚ ਵੱਡਾ ਸਾਰਾ ਪਾਣੀ ਠੰਢਾ ਕਰਨ ਵਾਲਾ ਕੂਲਰ ਪਿਆ ਵੇਖ ਕੇ ਲੋਕ ਅਮਲੀ ਦੀ ਚਤੁਰਾਈ `ਤੇ ਹੈਰਾਨ ਰਹਿ ਗਏ।
‘ਵੇਖਿਆ ਏਦਾਂ ਕੰਮ ਹੁੰਦੇ.. ਇਹ ਹਫ਼ਤਾ ਦਸ ਦਿਨ ਇਨ੍ਹਾਂ ਤੋਂ ਜੋ ਮਰਜ਼ੀ ਕਰਵਾ ਲਓ। ਫਿਰ ਚਿੜੀ ਖੰਭ ਛੁਡਾ ਗਈ ਧੇਲੇ ਦਾ ਗੁੜ ਖਾ ਗਈ।’
ਅਮਲੀ ਦੇ ਛੱਡੇ ਤੀਰ ਟਿਕਾਣੇ ਡਿੱਗੇ ਵੇਖ ਕੇ ਉਸ ਦੇ ਗਰਾਂਈਂ ਉਸ ਦਾ ਧੰਨਵਾਦ ਕਰਨ ਲੱਗੇ।
ਵਿਆਹ ਦੇ ਜਸ਼ਨਾਂ ਵਾਂਗ ਇਹ ਦਿਨ ਲੰਘ ਗਏ। ਗਲੀਆਂ ਵਿਚ ਰੋਡੇ ਸ਼ਾਹ ਦੇ ਮੇਲੇ ਵਾਂਗ ਅਮਲੀ ਦੇ ਚਹੇਤੇ ਲੋਟਣੀਆਂ ਲੈਂਦੇ ਰਹੇ। ਕੁੱਤੇ ਬਿੱਲੀਆਂ ਸ਼ਰਾਬੀਆਂ ਦੇ ਮੂੰਹ ਸੁੰਘਦੇ ਚੱਟਦੇ ਆਨੰਦ ਮਾਣਦੇ ਰਹੇ। ਵੋਟਾਂ ਦਾ ਦਿਨ ਆ ਗਿਆ, ਪਰਚੀਆਂ ਪਈਆਂ। ਹੋਰਾਂ ਬੂਥਾਂ ਤੋਂ ਜ਼ਿਆਦਾ ਵੋਟਰਾਂ ਦੀ ਰੌਣਕ ਅਮਲੀ ਦੇ ਤੰਬੂ ਥੱਲੇ ਵੇਖ ਕੇ ਦੂਸਰੀਆਂ ਧਿਰਾਂ ਕੰਨੀਂ ਖਿਸਕਾ ਗਈਆਂ। ਅਮਲੀ ਦੇ ਕਹੇ ਅਨੁਸਾਰ ਸਭ ਨੇ ਸਾਰੇ ਖਿਲਾੜੀਆਂ ਨੂੰ ਮਾਲਾ-ਮਾਲ ਕਰ ਦਿੱਤਾ। ਉਮੀਦਵਾਰਾਂ ਦੇ ਦਲਾਲਾਂ ਨੇ ਚੋਣ ਅਮਲੇ ਨੂੰ ਮੁੰਦੀਆਂ, ਛੱਲੇ ਤੇ ਨਵੇਂ ਨੋਟਾਂ ਦੀਆਂ ਥੱਦੀਆਂ ਦਿਖਾ ਕੇ ਚਾਟ ਖਿਲਾਰ ਦਿੱਤੀ। ਚੋਣ ਅਧਿਕਾਰੀ ਅਮਲੀ ਦੀ ਭੂਰੀ ਖੰਡ, ਭੰਗ ਤੇ ਨਾਗਣੀ ਡੁੰਗ ਕੇ ਲੋਟਣੀਆਂ ਲੈਂਦੇ ਬਾਗੋ-ਬਾਗ ਹੋ ਗਏ।
ਵੋਟਾਂ ਦੀ ਗਿਣਤੀ ਵੇਲੇ ਚੋਣ ਕਰਮਚਾਰੀ ਬੜੇ ਚਿੰਤਤ ਅਤੇ ਅਚੰਭਿਤ ਹੋ ਰਹੇ ਸਨ। ਬਹੁਤੇ ਵੋਟਰਾਂ ਨੇ ਤਿੰਨਾਂ ਹੀ ਉਮੀਦਵਾਰਾਂ ਦੇ ਨਾਵਾਂ ‘ਤੇ ਠੱਪੇ ਲਗਾ ਕੇ ਆਪਣੇ ਹਲਫ਼/ ਇਕਰਾਰ ਦੀ ਪੁਸ਼ਟੀ ਕਰ ਦਿੱਤੀ ਸੀ। ਡੱਬਿਆਂ ਵਿਚੋਂ ਸਾਰੇ ਪਿੰਡ ਦੀਆਂ ਕੁਲ ਵੋਟਾਂ ਨਾਲੋਂ ਡੇਢ ਸੌ ਵੋਟ ਵੱਧ ਨਿਕਲੀ। ਉਮੀਦਵਾਰਾਂ ਦੇ ਦਲਾਲ ਕੰਨ ਲਪੇਟ ਕੇ ਆਪਣੀ ਕਾਰਗੁਜ਼ਾਰੀ ਦਾ ਖੇਖਣ ਢੂੰਡਦੇ ਬਾਕੀ ਬਚੀ ਲਾਲ ਪਰੀ ਦੇ ਪਿਆਲਿਆਂ ਵਿਚ ਡੁੱਬ ਗਏ।
ਚੋਣ ਅਧਿਕਾਰੀ ਦਾ ਰੁਤਬਾ ਅਤੇ ਨੌਕਰੀ ਖ਼ਤਰੇ ਵਿਚ ਭਾਂਪ ਕੇ ਅਮਲੀ ਤੇ ਉਸ ਦੇ ਸਾਥੀ ਹਮਦਰਦੀ ਪ੍ਰਗਟਾ ਰਹੇ ਸਨ।
ਅਗਲੇ ਦਿਨ ਸਵੇਰੇ ਲੋਕ ਹੈਰਾਨ ਰਹਿ ਗਏ। ਨਲਕਿਆਂ ਦਾ ਸਾਮਾਨ ਗ਼ਾਇਬ ਸੀ, ਚੌਕਾਂ ਵਿਚੋਂ ਤੇ ਧਰਮਸ਼ਾਲਾ ਵਿਚੋਂ ਇੱਟਾਂ ਤੇ ਸੀਮਿੰਟ ਗ਼ਾਇਬ ਸੀ। ਇਹ ਸਾਰਾ ਪਾਰਟੀ ਦੇ ਨਿਸ਼ਕਾਮ ਸਿਰ-ਕੱਢ ਵਰਕਰਾਂ ਤੇ ਸੇਵਕਾਂ ਦੀਆਂ ਹਵੇਲੀਆਂ ਵਿਚ ਪਹੁੰਚ ਚੁੱਕਾ ਸੀ।
‘ਚਲੋ ਕੋਈ ਨਾ, ਇਹ ਵੀ ਮਾੜਾ ਸੌਦਾ ਨਹੀਂ, ਸਾਡੀ ਗਲੀ ਤਾਂ ਬਣ ਗਈ ਇਸ ਵੇਰਾਂ। ਬਾਕੀ ਅਗਲੇ ਮਹੀਨੇ ਫਿਰ ਵੋਟਾਂ ਆਈਆਂ ਖੜ੍ਹੀਆਂ, ਫਿਰ ਪੂਰੀਆਂ ਕਰਵਾ ਲਵਾਂਗੇ ਪਤੰਦਰਾਂ ਕੋਲੋਂ। ਸਾਨੂੰ ਝਕਾਨੀ ਦੇਣ ਵਾਲੇ ਤਲਬਗਾਰ ਅਸੈਂਬਲੀ ਵਿਚ ਕਦੇ ਵੀ ਬਹੁਮਤ ਸਿੱਧ ਨਹੀਂ ਕਰ ਸਕਣਗੇ। ਇਹ ਵੀ ਕੀ ਯਾਦ ਕਰਨਗੇ ਛੜੇ ਅਮਲੀ ਦਾ ਸਰਾਫ਼!’ ਅਮਲੀ ਹੱਥਾਂ ‘ਤੇ ਹੱਥ ਮਾਰਦਾ ਦੂਹਰਾ ਚੌਹਰਾ ਹੋਈ ਜਾ ਰਿਹਾ ਸੀ।