ਚੰਡੀਗੜ੍ਹ: ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਰੇਤ ਮਾਫੀਆ ਦਾ ਮੁੱਦਾ ਸੱਤਾਧਾਰੀ ਕਾਂਗਰਸ ਲਈ ਵੱਡੀ ਚੁਣੌਤੀ ਖੜ੍ਹੀ ਕਰਦਾ ਜਾਪ ਰਿਹਾ ਹੈ। ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੀ ਇਸ ਮਾਫੀਆ ਵਿਚ ਸ਼ਮੂਲੀਅਤ ਦੇ ਦੋਸ਼ਾਂ ਪਿੱਛੋਂ ਪੰਜਾਬ ਦੀ ਸਿਆਸਤ ਭਖੀ ਹੋਈ ਹੈ।
ਵਿਰੋਧੀ ਧਿਰਾਂ ਵੱਲੋਂ ਕਾਂਗਰਸ ਉਤੇ ਮਾਫੀਆ ਅੱਗੇ ਝੁਕ ਕੇ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਣਨ ਦੇ ਦੋਸ਼ ਲਾਏ ਜਾ ਰਹੇ ਹਨ। ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਨਸ਼ੇ, ਬੇਅਦਬੀ ਤੇ ਮਾਫੀਆ ਰਾਜ ਵਰਗੇ ਮੁੱਦੇ ਹੀ ਅਕਾਲੀ ਦਲ ਬਾਦਲ ਦੀਆਂ ਜੜ੍ਹਾਂ ਵਿਚ ਬੈਠੇ ਸਨ ਤੇ ਸੱਤਾ ਕਾਂਗਰਸ ਦੇ ਹੱਥ ਆਈ ਸੀ। ਕਾਂਗਰਸ ਨੇ ਵਾਅਦਾ ਕੀਤਾ ਸੀ ਮਾਫੀਆ ਨੂੰ ਲਗਾਮ ਪਾ ਕੇ ਸਾਹ ਲਵੇਗੀ ਪਰ ਇਸ ਦੇ ਉਲਟ 5 ਸਾਲਾਂ ਵਿਚ ਇਸ ਬਾਰੇ ਭੋਰਾ ਵੀ ਗੌਰ ਨਹੀਂ ਕੀਤੀ ਗਈ।
ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਕੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੋਂ ਰੇਤ ਮਾਫਿਆ ਖਿਲਾਫ ਕਾਰਵਾਈ ਦੇ ਦਾਅਵੇ ਕੀਤੇ ਹੀ ਜਾ ਰਹੇ ਸਨ ਕਿ ਚੰਨੀ ਦਾ ਭਾਣਜੇ ਦੀ ਇਸੇ ਧੰਦੇ ਵਿਚ ਸ਼ਮੂਲੀਅਤ ਦਾ ਖੁਲਾਸਾ ਹੋ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਜਾਇਜ਼ ਖਣਨ ਮਾਮਲੇ ਵਿਚ ਮਾਰੇ ਛਾਪਿਆਂ ਦੌਰਾਨ 10 ਕਰੋੜ ਰੁਪਏ ਦੀ ਨਗਦੀ, ਗਹਿਣੇ ਤੇ ਹੋਰ ਸਾਮਾਨ ਜ਼ਬਤ ਕੀਤੇ ਜਾਣ ਨਾਲ ਸਬੰਧਤ ਕੇਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੀ ਗ੍ਰਿਫਤਾਰੀ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਚੰਨੀ ਕਾਂਗਰਸ ਤੇ ਖਾਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਹਨੀ ਨੂੰ ਸਾਲ 2018 ਵਿਚ ਦਰਜ ਕੀਤੀ ਗਈ ਐੱਫ.ਆਈ.ਆਰ. ਸਬੰਧੀ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ। ਈ.ਡੀ. ਨੇ ਪਿਛਲੇ ਮਹੀਨੇ 18 ਜਨਵਰੀ ਨੂੰ ਗੈਰਕਾਨੂੰਨੀ ਰੇਤ ਖਣਨ ਮਾਮਲੇ ਵਿਚ ਛਾਪੇਮਾਰੀ ਕੀਤੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ 8 ਕਰੋੜ ਰੁਪਏ ਦੀ ਨਗਦੀ ਅਤੇ ਉਸ ਦੇ ਇਕ ਦੋਸਤ ਸੰਦੀਪ ਕੋਲੋਂ 2 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਇਸ ਦੇ ਨਾਲ ਹੀ 21 ਲੱਖ ਰੁਪਏ ਦਾ ਸੋਨਾ ਤੇ 12 ਲੱਖ ਦੀ ਮਹਿੰਗੀ ਰੋਲੈਕਸ ਘੜੀ ਵੀ ਬਰਾਮਦ ਹੋਈ ਸੀ।
ਉਧਰ, ਸਤਲੁਜ ਦੇ ਕੰਢੇ ‘ਤੇ ਆਉਣ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਰੇਤ ਮਾਫੀਆ ਬਾਰੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲੌਰ ਵਿਧਾਨ ਸਭਾ ਹਲਕਾ ਜਿੱਥੋਂ ਕਾਂਗਰਸ ਲਗਾਤਾਰ ਤਿੰਨ ਵਾਰ ਹਾਰ ਚੁੱਕੀ ਹੈ, ਇਸ ਹਲਕੇ ਵਿਚ ਵੀ ਲੋਕ ਕਾਂਗਰਸੀਆਂ ਨੂੰ ਹੀ ਮਾਈਨਿੰਗ ਬਾਰੇ ਸਵਾਲ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਇਥੋਂ ਯੂਥ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ ਨੂੰ ਮੁੜ ਉਮੀਦਵਾਰ ਐਲਾਨਿਆ ਹੈ, ਜਿਹੜੇ ਕਿ 2017 ਵਿਚ ਚੋਣ ਹਾਰ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਚੌਧਰੀ ਸੰਤੋਖ ਸਿੰਘ ਫਿਲੌਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਚੋਣ ਹਾਰੇ ਸਨ।
ਪਿੰਡ ਸੇਲਕੀਆਣਾ ਤੇ ਕਡਿਆਣਾ ਵਿਚ ਔਰਤਾਂ ਨੇ ਥੋੜ੍ਹੇ ਦਿਨ ਪਹਿਲਾਂ ਰੋਸ ਮੁਜ਼ਾਹਰਾ ਕੀਤਾ ਸੀ ਤੇ ਉਨ੍ਹਾਂ ਉਦੋਂ ‘ਰੇਤ ਮਾਫੀਏ ਨੂੰ ਭਜਾਓ-ਵਾਤਾਵਰਨ ਤੇ ਕਿਸਾਨੀ ਨੂੰ ਬਚਾਓ` ਦਾ ਨਾਅਰਾ ਦਿੱਤਾ ਸੀ। ਦਰਿਆ ਕੰਢੇ ਵੱਸਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਅਗਸਤ 2019 ਵਿਚ ਫਿਲੌਰ ਤੇ ਲੋਹੀਆਂ ਇਲਾਕੇ ਵਿਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਿਆ ਸੀ। ਇਸ ਨਾਲ ਭਿਆਨਕ ਹੜ੍ਹ ਆਏ ਸਨ ਤੇ ਵੱਡੀ ਪੱਧਰ `ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ। ਦਰਿਆ ਦੇ ਧੁੱਸੀ ਬੰਨ੍ਹ ਟੁੱਟਣ ਦਾ ਕਾਰਨ ਨਾਜਾਇਜ਼ ਮਾਈਨਿੰਗ ਨੂੰ ਦੱਸਿਆ ਜਾ ਰਿਹਾ ਸੀ। ਮਹਿਸਮਪੁਰ ਪਿੰਡ ਦੇ ਸਾਬਕਾ ਸਰਪੰਚ ਨੇ ਸੋਸ਼ਲ ਮੀਡੀਆ `ਤੇ ਇਕ ਵੀਡੀਓ ਪਾ ਕੇ ਕਾਂਗਰਸੀ ਆਗੂਆਂ `ਤੇ ਦੋਸ਼ ਲਾਏ ਸਨ ਕਿ ਕਿਵੇਂ ਉਹ ਰੇਤਾ ਅਤੇ ਇੰਟਰਲਾਕ ਟਾਈਲਾਂ `ਚੋਂ ਕਥਿਤ ਕਮਿਸ਼ਨ ਖਾ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਦਰਿਆ ਕੰਢੇ ਬਹੁਤ ਸਾਰੇ ਗਰੀਬ ਲੋਕ ਰਹਿੰਦੇ ਹਨ ਤੇ ਜਦੋਂ ਹੜ੍ਹ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਉਜਾੜਾ ਹੁੰਦਾ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਮਾਈਨਿੰਗ ਕਰਨ ਵਿਚ ਸੱਤਾਧਾਰੀ ਧਿਰ ਦੇ ਜਿੱਤੇ ਤੇ ਹਾਰੇ ਹੋਏ ਆਗੂ ਮੋਹਰੀ ਭੂਮਿਕਾ ਨਿਭਾਅ ਕੇ ਕਰੋੜਾਂ ਰੁਪਏ ਕਮਾਉਂਦੇ ਰਹੇ ਹਨ।
ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜ ਸਾਲ ਦੇ ਰਾਜਕਾਲ ਦੌਰਾਨ ਘਰ-ਘਰ ਨੌਕਰੀ ਦੇਣ ਦਾ ਵਾਅਦਾ ਤਾਂ ਪੂਰਾ ਨਹੀਂ ਕਰ ਸਕੀ ਪਰ ਘਰ-ਘਰ ਨਸ਼ਾ ਜਰੂਰ ਪਹੁੰਚਾ ਦਿੱਤਾ। ਕਾਂਗਰਸ ਦੇ ਰਾਜ ਵਿਚ ਪੰਜਾਬ ਦਾ ਘੱਟ ਅਤੇ ਕਾਂਗਰਸੀ ਆਗੂਆਂ ਦਾ ਵਿਕਾਸ ਜ਼ਿਆਦਾ ਹੋਇਆ ਹੈ। ਇਸ ਦੀ ਮਿਸਾਲ ਆਪਣੇ ਆਪ ਨੂੰ ਗਰੀਬ ਦੱਸਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰੋਂ ਕਰੋੜਾਂ ਰੁਪਏ ਬਰਾਮਦ ਹੋਣ ਤੋਂ ਮਿਲਦੀ ਹੈ।
ਕਾਨੂੰਨ ਆਪਣਾ ਕੰਮ ਕਰ ਰਿਹਾ ਹੈ: ਚਰਨਜੀਤ ਚੰਨੀ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਈਡੀ ਵੱਲੋਂ ਗੈਰਕਾਨੂੰਨੀ ਖਣਨ ਮਾਮਲੇ ਵਿਚ ਕੀਤੀ ਕਾਰਵਾਈ ਨੂੰ ਉਨ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘’ਜੇ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਵੇ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਇਸ `ਤੇ ਕੋਈ ਇਤਰਾਜ਼ ਨਹੀਂ ਹੈ। ਲੋਕਾਂ ਵਿਚ ਹਰਮਨਪਿਆਰਤਾ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੇਜਰੀਵਾਲ ਨੇ ਚਰਨਜੀਤ ਚੰਨੀ `ਤੇ ਚੁਟਕੀ ਲਈ
ਨਵੀਂ ਦਿੱਲੀ: ‘ਆਪ` ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਹਮਰੁਤਬਾ ਚਰਨਜੀਤ ਸਿੰਘ ਚੰਨੀ ‘ਤੇ ਤਿੱਖਾ ਸ਼ਬਦੀ ਹੱਲਾ ਬੋਲਿਆ ਹੈ। ਈ.ਡੀ. ਵੱਲੋਂ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਗ੍ਰਿਫਤਾਰੀ `ਤੇ ਸ੍ਰੀ ਕੇਜਰੀਵਾਲ ਨੇ ਕਿਹਾ, “ਉਨ੍ਹਾਂ (ਚੰਨੀ) ਨੇ 111 ਦਿਨਾਂ ਵਿਚ ਕਮਾਲ ਕਰ ਕੇ ਦਿਖਾ ਦਿੱਤਾ ਹੈ। ਲੋਕਾਂ ਨੂੰ ਚਾਰ-ਚਾਰ, ਪੰਜ-ਪੰਜ ਸਾਲ ਲੱਗਦੇ ਹਨ ਐਨਾ ਭ੍ਰਿਸ਼ਟਾਚਾਰ ਕਰਨ ਲਈ, ਉਨ੍ਹਾਂ 111 ਦਿਨਾਂ ਵਿਚ ਕਮਾਲ ਕਰਕੇ ਐਨਾ ਭ੍ਰਿਸ਼ਟਾਚਾਰ ਕੀਤਾ ਹੈ।”
ਕਾਂਗਰਸ ਦੇ ਰਾਜ `ਚ ਨਸ਼ਾ ਤਸਕਰ ਵਧੇ: ਸੁਖਬੀਰ
ਭੁੱਚੋ ਮੰਡੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਨਸ਼ੇ ਅਤੇ ਗੈਂਗਸਟਰ ਵਧੇ ਹਨ ਜਦੋਂਕਿ ਪੰਜਾਬ ਵਿਚ ਸਭ ਤੋਂ ਵੱਧ ਵਿਕਾਸ ਸ਼੍ਰੋਮਣੀ ਅਕਾਲੀ ਦਲ ਸਮੇਂ ਹੀ ਹੋਇਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਵਾਅਦੇ ਕੀਤੇ ਜੋ ਪੂਰੇ ਨਹੀਂ ਹੋਏ। ਕਾਂਗਰਸ ਨੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਇਸ ਸਮੇਂ ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ ਦਾ ਬੋਲਬਾਲਾ ਹੈ। ਉਨ੍ਹਾਂ ਕਾਂਗਰਸੀ ਵਿਧਾਇਕ ‘ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਹਲਕੇ ਵਿੱਚ ਵੱਡੇ ਪੱਧਰ ‘ਤੇ ਨਸ਼ੇ ਵਿਕਵਾਏ ਹਨ।