ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਚੋਣ ਪ੍ਰਚਾਰ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ ਪਰ ਆਮ ਆਦਮੀ ਪਾਰਟੀ (ਆਪ) ਬਿਨਾਂ ਸਟਾਰ ਪ੍ਰਚਾਰਕਾਂ ਤੋਂ ਸੂਬੇ ‘ਚ ਚੋਣ ਪ੍ਰਚਾਰ ਕਰ ਰਹੀ ਹੈ।
ਪੰਜਾਬ ਦੀਆਂ ਚੋਣਾਂ ਲੜ ਰਹੀ ਸਿਆਸੀ ਪਾਰਟੀਆਂ ਕੋਲ ਸਥਾਨਕ ਸਟਾਰ ਪ੍ਰਚਾਰਕ ਹਨ ਪਰ ‘ਆਪ` ਕੋਲ ਇਕੋ-ਇਕ ਸਥਾਨਕ ਸਟਾਰ ਪ੍ਰਚਾਰਕ ਭਗਵੰਤ ਮਾਨ ਹੀ ਹੈ। ਇਸ ਤੋਂ ਇਲਾਵਾ ਪੰਜਾਬੀ ਬੋਲੀ ਬੋਲਣ ਵਾਲਾ ਕੋਈ ਵੱਡੇ ਚਿਹਰਾ ਨਹੀਂ ਹੈ। ਇਸ ਲਈ ਭਗਵੰਤ ਮਾਨ ਦੇ ਜ਼ਿੰਮੇ ਆਪਣੇ ਹਲਕੇ ਧੂਰੀ ਤੋਂ ਇਲਾਵਾ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੈ। ਮਾਨ ਕਦੇ ਮਾਲਵਾ ਅਤੇ ਕਦੇ ਦੁਆਬਾ `ਚ ਪਹੁੰਚ ਰਹੇ ਹਨ। ਮਾਝੇ ਦੀ ਵਾਰੀ ਹਾਲੇ ਬਾਕੀ ਹੈ। ‘ਆਪ` ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਵੇਂ ਸਮੇਂ-ਸਮੇਂ `ਤੇ ਪੰਜਾਬ ਪਹੁੰਚ ਕੇ ਚੋਣ ਪ੍ਰਚਾਰ ਕਰ ਰਹੇ ਹਨ ਪਰ ਚੋਣ ਪ੍ਰਚਾਰ ਦਾ ਸਾਰਾ ਬੋਝ ਭਗਵੰਤ ਮਾਨ ਦੇ ਮੋਢਿਆਂ `ਤੇ ਦਿਖਾਈ ਦੇ ਰਿਹਾ ਹੈ। ਇਸੇ ਦੇ ਚੱਲਦਿਆਂ ਭਗਵੰਤ ਮਾਨ ਰੋਜ਼ਾਨਾ ਤਿੰਨ ਤੋਂ ਚਾਰ ਹਲਕਿਆਂ ਵਿਚ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਆਪਣੇ ਹਲਕੇ ਧੂਰੀ ਤੋਂ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਉਹ ਤਿੰਨ ਦਿਨਾਂ ਵਿਚ 11 ਵਿਧਾਨ ਸਭਾ ਹਲਕਿਆਂ ਵਿਚ ਪਹੁੰਚ ਚੁੱਕੇ ਹਨ। ਇਨ੍ਹਾਂ ‘ਚੋਂ ਅੱਠ ਹਲਕੇ ਮਾਲਵਾ ਖੇਤਰ ਨਾਲ ਸਬੰਧਤ ਹਨ ਅਤੇ ਤਿੰਨ ਦੁਆਬਾ ਖੇਤਰ ਦੇ ਹਨ। ਆਉਣ ਵਾਲੇ ਦਿਨਾਂ ਵਿਚ ਭਗਵੰਤ ਮਾਨ ਸੂਬੇ ਦੇ ਹੋਰ ਹਲਕਿਆਂ ਵਿਚ ਪਹੁੰਚ ਕਰਨਗੇ। ਪਰ 12-13 ਦਿਨਾਂ ਵਿਚ 100 ਤੋਂ ਵੱਧ ਵਿਧਾਨ ਸਭਾ ਹਲਕਿਆਂ ‘ਚ ਪਹੁੰਚ ਕਰਨਾ ਆਸਾਨ ਨਹੀਂ।
ਸਰਕਾਰ ਬਣਨ `ਤੇ ਮਾਫੀਆ ਦਾ ਅੰਤ ਹੋਵੇਗਾ: ਭਗਵੰਤ
ਪਟਿਆਲਾ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰ ਕਿਸਮ ਦੇ ਮਾਫੀਆ ਦਾ ਅੰਤ ਹੋ ਜਾਵੇਗਾ। ਮਾਫੀਆ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਕਾਂਗਰਸ ਨੇ ਆਪਣਾ ਦੀਵਾਲਾ ਕੱਢ ਲਿਆ ਹੈ ਕਿਉਂਕਿ ਜਿਸ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਮਿਲੇ ਹੋਣ, ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਉਂਜ ਹੀ ਸਿਧਾਂਤਾਂ ਤੋਂ ਉਲਟ ਹੈ।